ਮਲਕੀਤ ਸਿੰਘ
ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਜਨਮ 22 ਮਾਰਚ 1893 ਨੂੰ ਪਿੰਡ ਰੱਕੜਾਂ ਬੇਟ, ਥਾਣਾ ਬਲਾਚੌਰ, ਜਿਲ੍ਹਾ ਨਵਾਂਸ਼ਹਿਰ (ਪਹਿਲਾਂ ਹੁਸ਼ਿਆਰਪੁਰ) ਵਿਖੇ ਹੋਇਆ। 12ਵੀਂ ਪਾਸ ਕਰਨ ਉਪਰੰਤ ਉਹ ਸੰਨ 1912 ਵਿੱਚ ਰਸਾਲਾ ਨੰਬਰ 4 ਹਡਸਨ ਹੌਰਸ ਵਿੱਚ ਬਤੌਰ ਕਲਰਕ ਭਰਤੀ ਹੋ ਗਏ। ਉਦੋਂ ਹੀ ਉਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ। ਇਕ ਸਾਲ ਬਾਅਦ ਉਨ੍ਹਾਂ ਨੂੰ ਰਸਾਲੇ ਦਾ ਦਫ਼ੇਦਾਰ ਨਿਯੁਕਤ ਕਰ ਦਿੱਤਾ ਗਿਆ। ਉਥੋਂ ਇੱਕ ਪਸਤੌਲ, ਕੁਝ ਬੰਬ, ਹੈਂਡਗ੍ਰਨੇਡ ਅਤੇ ਇੱਕ ਰਾਇਫ਼ਲ ਪ੍ਰਾਪਤ ਕਰ ਕੇ ਉਨ੍ਹਾਂ ਨੇ ਆਪਣੇ ਘਰ ਵਿੱਚ ਦੱਬ ਲਏ ਅਤੇ ਕੁਝ ਸਮੇਂ ਬਾਅਦ ਨੌਕਰੀ ਛੱਡ ਦਿੱਤੀ। ਫਿਰ ਕੁਝ ਸਮਾਂ ਖੇਤੀ ਕੀਤੀ ਫਿਰ 2/22 ਪੰਜਾਬੀ ਰੈਜਮੈਂਟ ਵਿੱਚ ਭਰਤੀ ਹੋਏ, ਪਰ ਛੇਤੀ ਹੀ ਉਹ ਨੌਕਰੀ ਵੀ ਛੱਡ ਦਿੱਤੀ।
ਗਦਰ ਲਹਿਰ, ਜਲਿ੍ਹਆਂ ਵਾਲਾ ਬਾਗ਼, ਨਨਕਾਣਾ ਸਾਹਿਬ, ਪੰਜਾ ਸਾਹਿਬ, ਸ੍ਰੀ ਤਰਨਤਾਰਨ, ਜੈਤੋਂ ਦਾ ਮੋਰਚਾ ਅਤੇ ਗੁਰੂ ਕੇ ਬਾਗ ਦੇ ਮੋਰਚੇ ਦਾ ਉਨ੍ਹਾਂ ਦੀ ਸ਼ਖਸੀਅਤ ਉੱਤੇ ਅਸਰ ਹੋਣਾ ਸੁਭਾਵਿਕ ਹੀ ਸੀ। ਉਹ ਬੰਬਾਂ ਦੀ ਤਕਨੀਕ ਦੇ ਵੀ ਮਾਹਿਰ ਸਨ। ਫਿਰ ਉਨ੍ਹਾਂ ਨੇ ਬੱਬਰ ਅਕਾਲੀਆਂ ਅਤੇ ਅਕਾਲੀਆਂ ਨਾਲ ਮਿਲ ਕੇ ਪ੍ਰੋਗਰਾਮ ਉਲੀਕਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੀ ਮੁਖਬਰੀ ਹੋਣ ਕਾਰਨ ਘਰ ਤੋਂ ਅਸਲਾ ਫੜ੍ਹਿਆ ਗਿਆ ਅਤੇ ਗ੍ਰਿਫਤਾਰੀ ਵੀ ਹੋਈ। ਪਿਤਾ ਸ. ਜਵਾਹਰ ਸਿੰਘ ਨੂੰ ਲੰਬਰਦਾਰੀ ਤੋਂ ਹਟਾ ਦਿੱਤਾ ਗਿਆ। ਸ. ਰਤਨ ਸਿੰਘ 5 ਸਾਲ ਦੀ ਕੈਦ ਕੱਟ ਕੇ 1927 ਵਿੱਚ ਰਿਹਾਅ ਹੋਏ।
ਰਿਹਾਈ ਤੋਂ ਬਾਅਦ ਇਲਾਕੇ ਦੇ ਅਕਾਲੀਆਂ ਨੇ ਸਰਬ-ਸੰਮਤੀ ਨਾਲ ਸ. ਰਤਨ ਸਿੰਘ ਨੂੰ ਤਹਿਸੀਲ ਗੜ੍ਹਸ਼ੰਕਰ ਦੇ ਅਕਾਲੀ ਜਥੇ ਦਾ ਜਥੇਦਾਰ ਨਿਯੁਕਤ ਕਰ ਦਿੱਤਾ। 1930 ਵਿੱਚ ਇਨ੍ਹਾਂ ਨੇ ਇੱਕ ਇਸ਼ਤਿਹਾਰ ਕੱਢਿਆ ਕਿ ਅਸੀਂ ਇੱਕੋ ਵੇਲੇ ਥਾਣਾ ਬਲਾਚੌਰ, ਗੜ੍ਹਸ਼ੰਕਰ, ਮਾਹਿਲਪੁਰ, ਰਾਹੋਂ ਵਿੱਚ ਬੰਬ ਧਮਾਕੇ ਕਰਾਂਗੇ ਜੋ ਮਾਰੂ ਨਹੀਂ ਹੋਣਗੇ, ਕੇਵਲ ਧਮਾਕੇ ਹੀ ਹੋਣਗੇ। ਦਿੱਤੇ ਪ੍ਰੋਗਰਾਮ ਅਨੁਸਾਰ ਤਿੰਨ ਪੁਲਿਸ ਸਟੇਸ਼ਨਾਂ- ਮਾਹਿਲਪੁਰ, ਗੜ੍ਹਸ਼ੰਕਰ ਅਤੇ ਬਲਾਚੌਰ ਵਿੱਚ ਧਮਾਕੇ ਕੀਤੇ ਗਏ, ਜਿਸ ਕਰ ਕੇ ਸ. ਰਤਨ ਸਿੰਘ ਦਾ ਘਰ-ਬਾਰ, ਮਾਲ-ਡੰਗਰ, ਜਾਇਦਾਦ ਅਤੇ ਖਲੋਤੀ ਫਸਲ ਆਦਿ ਸਭ ਕੁਝ ਹੀ ਕੁਰਕ ਕਰ ਕੇ ਨੀਲਾਮ ਕਰ ਦਿੱਤਾ ਗਿਆ। ਅੰਗਰੇਜ਼ ਸਰਕਾਰ ਨੇ ਰਤਨ ਸਿੰਘ ਨੂੰ ਫੜਾਉਣ ਵਾਲੇ ਨੂੰ 4000 ਰੁਪਏ ਨਕਦ ਅਤੇ ਇਕ ਮੁਰੱਬਾ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ, ਜਿਸ ਕਰ ਕੇ ਰਤਨ ਸਿੰਘ ਨੂੰ ਪ੍ਰਸਾਦਾ ਛਕਾਉਣ ਵਾਲੇ ਦੇ ਮਨ ਵਿੱਚ ਲਾਲਚ ਆ ਗਿਆ ਅਤੇ ਬੇਈਮਾਨੀ ਤਹਿਤ ਉਸ ਨੇ ਮੁਖਬਰੀ ਕਰ ਕੇ ਰਤਨ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ। ਰਤਨ ਸਿੰਘ ਨੂੰ 20 ਸਾਲ ਦੀ ਕੈਦ ਹੋਈ ਅਤੇ ਸੈਂਟਰਲ ਜੇਲ੍ਹ ਲਾਹੌਰ ਭੇਜ ਦਿੱਤਾ ਗਿਆ। ਪੁਲਿਸ ਦੀ ਗ੍ਰਿਫਤ ਵਿੱਚੋਂ ਭੱਜਣ ਦਾ ਯਤਨ ਕੀਤਾ ਪਰ ਸਫਲ ਨਾ ਹੋਏ। 1931 ਵਿੱਚ ਉਨ੍ਹਾਂ ਨੂੰ ਉਮਰ ਕੈਦ ਹੋਈ ਅਤੇ ਕਾਲੇ ਪਾਣੀ ਭੇਜਣ ਦਾ ਹੁਕਮ ਦਿੱਤਾ ਗਿਆ।
ਕਾਲੇ ਪਾਣੀ ਜਾਂਦੇ ਵਕਤ ਦੋ ਵਾਰ ਭੱਜਣ ਦਾ ਯਤਨ ਕੀਤਾ ਪਰ ਸਫਲਤਾ ਨਹੀਂ ਮਿਲੀ ਅਤੇ ਸਜ਼ਾ ਵਧ ਕੇ 42 ਸਾਲ ਹੋ ਗਈ। 20 ਅਪ੍ਰੈਲ 1932 ਨੂੰ ਸ. ਰਤਨ ਸਿੰਘ ਰੱਕੜ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜਣ ਦਾ ਆਰਡਰ ਆਇਆ। ਲਾਹੌਰ ਜਾਂਦਿਆਂ ਸਿੱਖ ਸਿਪਾਹੀ ਦੇ ਸਹਿਯੋਗ ਸਦਕਾ ਕੁਝ ਹੋਰ ਕੈਦੀਆਂ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਏ। ਇਨ੍ਹਾਂ ਨੂੰ ਫੜਾਉਣ ਵਾਲੇ ਨੂੰ 5000 ਰੁਪਏ ਨਕਦੀ ਇਨਾਮ ਐਲਾਨਿਆ ਗਿਆ। 4 ਕੈਦੀ ਭੱਜਦਿਆਂ ਗ੍ਰਿਫਤਾਰ ਕਰ ਲਏ ਗਏ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸ. ਰਤਨ ਸਿੰਘ, ਜਿਨ੍ਹਾਂ ਨਾਲ 4 ਕੈਦੀ ਹੋਰ ਸਨ, ਨੂੰ ਕਾਂਜਲੇ ਦੇ ਜੰਗਲ ਵਿੱਚ ਪੁਲਿਸ ਨੇ ਘੇਰਾ ਪਾ ਲਿਆ ਅਤੇ ਮੁਕਾਬਲਾ ਹੋਇਆ। ਸ. ਰਤਨ ਸਿੰਘ ਦੇ ਜਥੇ ਨੂੰ ਪਾਤਿਸਾਹ ਦੀ ਮਿਹਰ ਸਦਕਾ ਫਤਹਿ ਨਸੀਬ ਹੋਈ। ਉਸ ਤੋਂ ਬਾਅਦ ਆਪਸੀ ਤਕਰਾਰ ਕਾਰਨ ਬਾਕੀ ਚਾਰ ਕੈਦੀਆਂ ਨੇ ਸ. ਰਤਨ ਸਿੰਘ ਨੂੰ ਮਾਰਨ ਦੀ ਸਲਾਹ ਬਣਾਈ, ਪਰ ਕਾਮਯਾਬ ਨਾ ਹੋ ਸਕੇ। ਇਹ ਚਾਰ ਕੈਦੀ ਵੀ ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਏ ਅਤੇ ਇਨ੍ਹਾਂ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਗਈ।
ਨਿਰਵਾਣੇ ਤੋਂ ਮਾਛੀਵਾੜੇ ਤੱਕ ਪੈਦਲ ਜਾਂਦੇ ਹੋਏ ਸ. ਰਤਨ ਸਿੰਘ ਰੱਕੜ ਦਾ ਕਈ ਦਫ਼ਾ ਪੁਲਿਸ ਨਾਲ ਮੁਕਾਬਲਾ ਹੋਇਆ, ਪਰ ਗੁਰੂ ਦੀ ਮਿਹਰ ਸਦਕਾ ਸਵਾ-ਲੱਖ ਸਿੰਘ ਹੀ ਭਾਰੂ ਪੈਂਦਾ ਰਿਹਾ। ਇਕ ਦਫ਼ਾ ਪੁਲਿਸ ਦੇ ਸਖਤ ਘੇਰੇ ‘ਚੋਂ ਜੁਰਅਤ ਨਾਲ ਨਿਕਲਣ ਵਿੱਚ ਵੀ ਗੁਰੂ ਨੇ ਕਾਮਯਾਬੀ ਬਖਸ਼ੀ। ਕਿਸੇ ਨੇ ਸ. ਰਤਨ ਸਿੰਘ ਨੂੰ ਕੇਸ ਦਾੜ੍ਹਾ ਕਟਵਾ ਕੇ ਭੇਸ ਬਦਲਣ ਦੀ ਸਲਾਹ ਦਿੱਤੀ, ਜਿਸ ਦੇ ਜਵਾਬ ਵਿੱਚ ਰਤਨ ਸਿੰਘ ਨੇ ਕਿਹਾ ਕਿ ਮੇਰੀ ਅਰਦਾਸ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦੀ ਹੈ। ਕੇਸਾਂ ਤੋਂ ਬਿਨਾ ਮੈਂ ਕਮਜ਼ੋਰ ਹੋ ਜਾਵਾਂਗਾ, ਗੁਰੂ ਦੀ ਬਰਕਤ ਜਾਂਦੀ ਰਹੇਗੀ ਅਤੇ ਮੈਂ ਇਕੱਲਾ ਰਹਿ ਜਾਵਾਂਗਾ।
ਮੀਹਾਂ ਸਿੰਘ ਪਿੰਡ ਗੜ੍ਹੀ ਕਾਨੂੰਨਗੋਆਂ, ਜਿਸ ਨੇ ਇਕ ਵਾਰ ਸ. ਰਤਨ ਸਿੰਘ ਰੱਕੜ ਦੀ ਜ਼ਮਾਨਤ ਕਰਵਾਈ ਸੀ, ਪਰ ਰਤਨ ਸਿੰਘ ਦੇ ਫਰਾਰ ਹੋਣ ਕਰਕੇ ਉਹ ਜ਼ਮਾਨਤ ਜਬਤ ਹੋ ਗਈ ਸੀ, ਨੇ ਆਪਣੀ ਮਾਇਆ ਵਾਪਸ ਲੈਣ ਦੇ ਚੱਕਰ ਵਿੱਚ (ਸ. ਰਤਨ ਸਿੰਘ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ ਨਕਦੀ ਇਨਾਮ) ਸ. ਰਤਨ ਸਿੰਘ ਦੀ ਮੁਖਬਰੀ ਕਰ ਦਿੱਤੀ। ਇਸ ਮੁਖਬਰੀ ਕਰ ਕੇ 15 ਜੁਲਾਈ 1932 (ਸੰਗਰਾਂਦ, 1 ਸਾਵਣ) ਨੂੰ ਪਿੰਡ ਰੁੜਕੀ ਖਾਸ ਨੂੰ ਬਹੁਤ ਭਾਰੀ ਗਿਣਤੀ ਵਿੱਚ ਪੁਲਿਸ ਨੇ ਘੇਰਾ ਪਾ ਲਿਆ। ਦਿਨ ਦੇ ਡੇਢ ਵਜੇ ਤੋਂ ਸ਼ਾਮ ਦੇ ਸਾਢੇ ਸੱਤ ਵਜੇ ਤੱਕ ਮੁਕਾਬਲਾ ਚੱਲਦਾ ਰਿਹਾ, ਪਰ ਗੁਰੂ ਦੇ ਸਿੰਘ ਉੱਤੇ ਇੰਨੀ ਵੱਡੀ ਗਿਣਤੀ ਦੀ ਪੁਲਿਸ ਭਾਰੂ ਨਾ ਪੈ ਸਕੀ। ਸੱਚ ਦੀ ਗਵਾਹੀ ਲਈ ਸ. ਰਤਨ ਸਿੰਘ ਨੂੰ ਗੁਰੂ ਪਾਤਿਸ਼ਾਹ ਬਲ ਬਕਸ਼ ਰਹੇ ਸਨ, ਜਿਸ ਸਦਕਾ ਮਕਾਨ ਨੂੰ ਅੱਗ ਲਾਉਣ ਦੇ ਬਾਵਜੂਦ ਵੀ ਸ. ਰਤਨ ਸਿੰਘ ਰੱਕੜ ਜੈਕਾਰੇ ਛੱਡਦੇ ਰਹੇ। ਬਹੁਤ ਸਖ਼ਤ ਘੇਰਾ ਹੋਣ ਦੇ ਬਾਵਜੂਦ ਸ. ਰਤਨ ਸਿੰਘ ਰੱਕੜ ਨੇ ਇਹ ਘੇਰਾ ਵੀ ਤੋੜ ਦਿੱਤਾ। ਪੁਲਿਸ ਦੇ ਕਿਸੇ ਸਿਪਾਹੀ ਵਿੱਚ ਜੁਰਅਤ ਨਹੀਂ ਸੀ ਕਿ ਰਤਨ ਸਿੰਘ ਉੱਤੇ ਕੋਈ ਗੋਲੀ ਚਲਾ ਸਕੇ। ਜਦੋਂ ਫਰਜ਼ ਪੂਰਾ ਹੋ ਗਿਆ ਤਾਂ ਅੰਤ ਸ. ਰਤਨ ਸਿੰਘ ਰੱਕੜ ਨੇ ਆਪਣੇ ਆਪ ਨੂੰ ਗੋਲੀ ਮਾਰ ਸ਼ਹਾਦਤ ਪਾਈ। ਅੰਤ ਵੇਲੇ ਉਨ੍ਹਾਂ ਆਖਿਆ ਕਿ “ਮੈਂ ਕਲਗੀਧਰ ਦਾ ਪੁੱਤਰ ਹਾਂ, ਇਹ ਹਕੂਮਤ ਨਾ ਹੀ ਮੈਨੂੰ ਫੜ੍ਹ ਸਕੇਗੀ ਅਤੇ ਨਾ ਹੀ ਮੈਨੂੰ ਮਾਰ ਸਕੇਗੀ।” ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਵੀ ਪੁਲਿਸ ਦੀ ਉਨ੍ਹਾਂ ਕੋਲ ਜਾਣ ਦੀ ਜੁਰਅਤ ਨਹੀਂ ਸੀ ਪੈ ਰਹੀ।
ਅੰਗਰੇਜ਼ ਸਰਕਾਰ ਨੇ ਪਿੰਡ ਰੁੜਕੀ ਖਾਸ ਨੂੰ ਆਪਣੀ ਕਾਲੀ ਸੂਚੀ ਵਿੱਚ ਦਰਜ ਕਰ ਲਿਆ ਅਤੇ ਹੋਰ ਵੀ ਕਈ ਸਖ਼ਤ ਸਜ਼ਾਵਾਂ ਦਿੱਤੀਆਂ। ਮੁਖਬਰਾਂ ਨੂੰ ਇਨਾਮ ਦਿੱਤੇ ਗਏ। ਸ਼ਹੀਦ ਦੇ ਜਾਂਦੇ ਹੋਏ ਦੇ ਬੋਲ ਸਨ ਕਿ “ਇਹ ਨਗਰ ਵੱਸਦਾ ਰਹੇ…। ਸਾਰੇ ਸਿੰਘਾਂ ਨੂੰ ਮੇਰੀ ਆਖਰੀ ਫਤਹਿ ਬੁਲਾ ਦੇਣੀ…।”