ਸੈਣੀਆਂ ਨੇ ਬੰਨਿ੍ਹਆ ਸੀ ਪਿੰਡ ਰੁੜਕੀ ਖਾਸ

ਆਮ-ਖਾਸ ਗੂੰਜਦਾ ਮੈਦਾਨ

ਪਿੰਡ ਵਸਿਆ-15
ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ ਜਿਹਾ ਵਰਨਣ ਜਾਂ ਕਨਸੋਅ ਮਿਲਦੀ ਸੀ/ਹੈ, ਜਿਹੜਾ ਸਥਾਨਕ ਇਤਿਹਾਸ ਦੀ ਮਹੱਤਤਾ ਨਾ ਬੁੱਝਣ ਕਾਰਨ ਸਾਂਭਿਆ ਨਹੀਂ ਗਿਆ। ਪੇਸ਼ ਹੈ, ਦੋ ਨਾਵਾਂ `ਤੇ ਵੱਸੇ ਪਿੰਡ ਰੁੜਕੀ ਖਾਸ/ਰੁੜਕੀ ਸੈਣੀਆਂ ਦਾ ਸੰਖੇਪ ਵੇਰਵਾ…

ਵਿਜੈ ਬੰਬੇਲੀ
ਫੋਨ: +91-9463439075

ਰੁੜਕੀ ਸੈਣੀਆਂ ਅਤੇ ਰੁੜਕੀ ਖਾਸ ਇੱਕੋ ਪਿੰਡ ਦੇ ਦੋ ਨਾਂ ਹਨ। ਰੁੜਕੀ ਖਾਸ ‘ਸਰਕਾਰੀ ਕਾਗਜ਼ਾਂ’ ਵਿੱਚ ਅਤੇ ਰੁੜਕੀ ਸੈਣੀਆਂ ‘ਲੋਕ ਜ਼ੁਬਾਂ’ ਵਿੱਚ। ਬਹੁਤ ਸਾਰੀਆਂ ਹੋਰ ਰੁੜਕੀਆਂ ਹੋਣ ਕਾਰਨ ਅੰਗਰੇਜ਼ਾਂ ਨੇ ਇਸ ਦੇ ਨਾਂ ਨਾਲ ‘ਖਾਸ’ ਸ਼ਬਦ ਲਾ ਕੇ ਇਸ ਪਿੰਡ ਨੂੰ ਅੱਡ ਪਛਾਣ ਦਿੱਤੀ। ਇਸ ਕਰਕੇ ਵੀ ਕਿ ਦੂਸਰੀਆਂ ਦੀ ਬਜਾਏ ਇਹ ਪਿੰਡ ਬਾਗੀ-ਫਿਜ਼ਾ ਦਾ ਹੋਣ ਕਾਰਨ ਗੋਰਿਆ ਦੀ ਅੱਖ ‘ਚ ‘ਖਾਸਮ-ਓ-ਖਾਸ’ ਸੀ। ‘ਰੁੜਕੀ ਸੈਣੀਆਂ’ ਨਾਂ ਇਧਰਲੀ ਲੋਕ-ਧਾਰਾ ਕਾਰਨ ਵੀ ਹੈ, ਕਿਉਂਕਿ ਇੱਥੇ ਸੈਣੀਆਂ ਦੀ ਬਹੁਤਾਤ ਸੀ/ਹੈ। ਪੀੜ੍ਹੀ-ਦਰ-ਪੀੜ੍ਹੀ ਤੁਰੀ ਆੳਂੁਦੀ ਗਾਥਾ ਅਨੁਸਾਰ ਇਸ ਨੂੰ ਬੰਨਿ੍ਹਆ ਹੀ ਸੈਣੀਆਂ ਨੇ ਸੀ, ਉਹ ਵੀ ਇੱਕ ਉਚੀ ਰੋੜ੍ਹੀ, ਮਿੱਟੀ ਦੇ ਵੱਡ ਅਕਾਰੀ ਢੇਰ/ਥੇਹ ‘ਤੇ, ਜਿਸ ਦੁਆਲੇ ਕਦੇ ਦਰਿਆ ਸਤਲੁਜ ਦੀਆਂ ਸ਼ਾਖਾਵਾਂ ਅਠਖੇਲੀਆਂ ਕਰਦੀਆਂ ਸਨ। ਇਸੇ ਰੋੜ੍ਹੀ ਤੋਂ ਇਸਦਾ ਨਾਂ ਵਿਗੜਦਾ-ਸੰਵਰਦਾ ਰੁੜਕੀ ਪੈ ਗਿਆ ਅਤੇ ਮੋੜ੍ਹੀ ਸੈਣੀ ਕੁਨਬੇ ਵੱਲੋਂ ਗੱਡੀ ਹੋਣ ਕਾਰਨ ਅੱਲ ‘ਸੈਣੀਆਂ’ ਅਰਥਾਤ ਸੰਯੁਕਤ ਨਾਂ ਪੈ ਗਿਆ, ‘ਰੁੜਕੀ ਸੈਣੀਆਂ’। ਕਿਉਂਕਿ ਆਲੇ-ਦੁਆਲੇ ਚਾਰ ਹੋਰ ਰੁੜਕੀਆਂ ਵਸਦੀਆਂ ਸਨ, ਚਾਂਦਪੁਰ ਰੁੜਕੀ, ਹਿਆਤਪੁਰ ਰੁੜਕੀ, ਰੁੜਕੀ ਖੁਰਦ ਅਤੇ ਰੁੜਕੀ ਮੁਗਲਾਂ; ਸੋ, ਦਸਤਾਵੇਜ਼ਾਂ ਵਿੱਚ ਇਸ ਦਾ ਨਾਂ ‘ਰੁੜਕੀ ਖਾਸ’ ਸ਼ੁਮਾਰ ਕੀਤਾ ਗਿਆ।
ਇਹ ਪਿੰਡ ਗੜ੍ਹਸ਼ੰਕਰ ਤੋਂ ਤਿੰਨ ਮੀਲ ਪਰ੍ਹੇ ਉੱਤਰੀ-ਪੂਰਬੀ ਪਾਸੇ, ਅਲਾਚੌਰ ਰੇਲਵੇ ‘ਟੇਸ਼ਨ ਕੋਲ, ਹੱਦ ਨਵਾਂ ਸ਼ਹਿਰ ਦੀ ਗੁੱਠ ਵਿੱਚ ਵਸਦਾ ਹੈ, ਜਿਸਨੂੰ ਦਿਲ-ਧੂਹਵੀਂ ਪ੍ਰਸਿੱਧੀ ਦੁਆਈ ਨੰਬਰਦਾਰ ਭਗਤ ਸਿੰਘ ਸੈਣੀ ਦੀ 1925 ਵਾਲੀ ਮਾਰਮਿਕ ਸ਼ਹੀਦੀ ਨੇ ਅਤੇ ਇਸ ਨਗਰ ਦੀ ਅੰਬਰੀ ਗਾਥਾ ਤੁਰੀ ‘ਕੱਲੇ-ਕਾਹਰੇ ਬੱਬਰ ਅਕਾਲੀ ਸੂਰਮੇ ਰਤਨ ਸਿੰਘ ਰੱਕੜ ਦੇ 1932 ‘ਚ ਸਰਕਾਰੀ ਧਾੜਾਂ ਨਾਲ ਹੋਏ ਗਹਿਗੱਚ ਮੁਕਾਬਲੇ ਉਪਰੰਤ। ਇਸ ਖੈੜੇ ‘ਚ ਹੋਰ ਵੀ ਦੇਸ਼ ਭਗਤ ਹੋਏ, ਪਰ ਮਿਸਤਰੀ ਗੋਂਦਾ ਸਿੰਘ ਅਤੇ ਉਸਦੀ ਸੰਗਰਾਮਣ ਬੀਵੀ ਪ੍ਰੀਤਮ ਕੌਰ ਦੀ ਕੁਰਬਾਨੀ ਲਾਸਾਨੀ ਹੈ, ਭਾਵੇਂ ਕਿ ਬੀਬੀ ਧਰਮ ਕੌਰ, ਸੰਤ ਕੌਰ, ਆਸ ਕੌਰ, ਕਰਮ ਕੌਰ ਆਦਿ ਦੀ ਦੇਣ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ, ਸਣੇ ਦੇਸ਼ ਭਗਤ ਸੰਤ ਮੋਤੀ ਰਾਮ-ਮੁਣਸ਼ੀ ਰਾਮ ਅਤੇ ਗੰਗਾ ਰਾਮ ਕੈਪਟਨ ਦੇ। ਹਾਂ! ਗਿਆਨੀ ਗੁਰਚਰਨ ਸਿੰਘ ਵੈਦ ਦੀਆਂ ਘਾਲਣਾਵਾਂ ਵੀ ਬੇਅੰਤ ਹਨ, ਸਮੇਤ ਇਸ ਪਿੰਡ ਦੇ ਸੈਂਕੜੇ ਤੋਂ ਵੱਧ ਹੋਰ ਪੁਰਾਤਨ ਕਰਮਯੋਗੀਆਂ ਅਤੇ ਪਿੰਡ ਦੀਆਂ ਸੁਤੰਤਰਤਾ ਸੰਗਰਾਮ ਵਿੱਚ ਲਾਸਾਨੀ ਸਰਗਰਮੀਆਂ ਦੇ।
ਸ਼ਾਇਦ ਪੰਜਾਬ ਦਾ ਇਹੋ ਇੱਕੋ-ਇੱਕ ਨਗਰ ਹੈ, ਜਿਹੜਾ ਪਹਿਲ-ਪਲੱਕੜਿਆਂ ਵਿੱਚ ਨਿਰੋਲ ਸੈਣੀਆਂ ਨੇ ਆਬਾਦ ਕੀਤਾ, ਮਗਰੋਂ ਸੈਣੀ ਕੁਨਬਿਆਂ ਦੇ ਕਈ ਹੋਰ ਪਿੰਡ ਉੱਗਮੇ-ਵਿਗਸੇ, ਖਾਸ ਕਰ ਦੋਆਬੇ ਵਿੱਚ। ਸੈਣੀ ਯਾਦਵਾਂ (ਯਾਦੂ ਬੰਸ਼) ਵਿੱਚੋਂ ਹਨ, ਜਿਸਦੀ 43ਵੀਂ ਵੰਸ਼ ਵਿੱਚ ਸੂਰ ਨਾਂ ਦਾ ਧੜਵੈਲ ਯੋਧਾ ਹੋਇਆ, ਜਿਸਦਾ ਪੁੱਤ ਸੀ ਸੈਣੀ ਯਾਦੂ। ਸੈਣੀ ਆਪਣੇ ਬਾਪ ਵਾਂਗ ਸੂਰਮਾ ਤਾਂ ਸੀ ਹੀ, ਪਰ ਕਰਮਯੋਗੀ (ਕਾਰਿੰਦਾ) ਵੀ ਆਹਲਾ ਸੀ। ਦੋਹਾਂ ਪਿਓ-ਪੁੱਤਰਾਂ ਦੇ ਕਾਰਜ ਇੱਕ-ਦੂਜੇ ਦੇ ਪੂਰਕ ਹੋਣ ਕਾਰਨ ਇਨ੍ਹਾਂ ਨੂੰ ਸੂਰ-ਸੈਣੀ ਕਿਹਾ ਜਾਣ ਲੱਗਾ, ਜਿੱਥੋਂ ਸੈਣੀ ਕਬੀਲੇ ਦਾ ਉਥਾਨ ਹੋਇਆ। ਮਥਰਾ ਤੋਂ 50 ਮੀਲ ਪਰ੍ਹੇ, ਜਿਸਦੀ ਰਾਜਧਾਨੀ ਦਰਿਆ ਜਮੁਨਾ ਦੀ ਲਹਿੰਦੀ ਬਾਹੀ ਕਾਲਿਵਪੁਰਾ (ਸੁਰ ਪੁਰਾ) ਸੀ, ਸਥਾਪਿਤ ਹੋਇਆ, ਜਿਸਦੇ ਖੰਡਰਾਤ ਅੱਜ ਵੀ ਮਿਲਦੇ ਹਨ। ਇਹ ਗੱਲਾਂ ਮਹਾਂਭਾਰਤ ਵਾਪਰਨ ਤੋਂ ਕੁਝ ਪਹਿਲਾਂ ਦੀਆਂ ਹਨ। ‘ਮਨੂ ਸਿਰਤੀ’ ਤਾਂ ਇਨ੍ਹਾਂ ਬਾਰੇ ਬੋਲਦੀ ਹੀ ਹੈ, ਸਗੋਂ ਇੱਕ ਗੁੰਮਨਾਮ ਆਰੀਅਨ ਨੇ ਆਪਣੇ ‘ਘੁੰਮੱਕੜੀ ਰੋਜ਼ਨਾਮਾ’ ‘ਚ ਲਿਖਿਆ, ‘ਉਦੋਂ ਜ਼ਮਨਾ ਦਰਿਆ ਦੇ ਲਾਗੇ-ਬੰਨੇ ਓਬਰਸ ਨਾਮੀ ਜ਼ਹਾਜਰਾਨੀ ਨਦੀ ਵਗਦੀ ਸੀ ਅਤੇ ਇਹ ਖਿੱਤਾ ਸੂਰ-ਸੈਣੀਆਂ ਦਾ ਮੁੱਖ ਕਰਮ-ਖੇਤਰ ਸੀ। ‘ਰਾਜਾਓਸ ਅਤੇ ਘਰਾਣੇ’ ਦੇ ਪ੍ਰਸਿੱਧ ਖੋਜੀ ਕਰਨਲ ਟਾਡ ਪੁਸਤਕ ‘ਰਾਜਸਥਾਨ’ ਵਿੱਚ ਲਿਖਦਾ ਹੈ, ‘1200 ਬੀ.ਸੀ. ਵਿੱਚ ਸੂਰ-ਸੈਣੀਆਂ ਦਾ ਰਾਜ, ਸੂਰ-ਪੁਰਾ, ਬ੍ਰਿਜ ਭੂਮੀ ਵਿੱਚ ਸੀ, ਜਿਸਦਾ ਘੇਰਾ ਮਥਰਾ ਦੁਆਲੇ 80 ਮੀਲ ਬਣਦਾ ਹੈ।’ ਉਸ ਸਿਕੰਦਰ ਦੀਆਂ ਲਿਖਤਾਂ ਨੂੰ ਆਧਾਰ ਬਣਾ ਕੇ ਲਿਖਿਆ, ‘ਇਨ੍ਹਾਂ ਦੇ ਪੁਰਖੇ ਯਾਦਵ ਸਨ, ਜਿਨ੍ਹਾਂ ਵਿੱਚੋਂ ਹੀ ਸਿਰੀ ਕ੍ਰਿਸ਼ਨ ਜੀ ਸਨ, ਜਿਹੜੇ ਬ੍ਰਿਜ਼ ਭੂਮੀ ਦੇ ਸੁਆਮੀ ਹੋਏ।’
ਮਹਾਨ ਸਿਕੰਦਰ ਆਪਣੀਆਂ ਯਾਦਾਂ ਵਿੱਚ ਦਰਜ ਕਰਦਾ ਹੈ, ‘ਰਾਜ ਭਾਵੇਂ ਸੈਣੀ ਕੌਮ ਦਾ ਚੰਬਲ ਵੱਲ ਸੁਣੀਂਦਾ ਹੈ, ਪ੍ਰੰਤੂ ਇਹ ਰਾਵੀ-ਸਿੰਧ ਖਿੱਤੇ ‘ਚ ਵੀ ਕਿਤੇ-ਕਿਤੇ ਹਨ, ਜਿਨ੍ਹਾਂ ਦੀਆਂ ਜੰਗੀ-ਟੁਕੜੀਆਂ ਨੇ ਮੇਰਾ ਵੀਰ-ਗਤ ਮੁਕਾਬਲਾ ਕੀਤਾ।’ ਜਿੱਥੇ ਮਹਾਂਭਾਰਤ ਵਿੱਚ ਸੂਰ-ਸੈਣੀਆਂ ਨੂੰ ਦਫਾ-ਅੱਵਲ ਲਿਖਿਆ ਗਿਆ ਹੈ, ਉੱਥੇ ‘ਭਾਰਤ ਵੰਸ਼ ਦਾ ਇਤਿਹਾਸ’ ਦੇ ‘ਸੱਜਰਾ ਹਿੰਦੂ ਭਾਰਤ’ ਵਿੱਚ ਵੀ ਇਨ੍ਹਾਂ ਦਾ ਜ਼ਿਕਰ ‘ਆਹਲਾ ਕਾਰਿੰਦੇ ਖੇਤੀਹਾਰ’ ਦਰਜ ਹੈ। ਜਾਤਾਂ ਅਤੇ ਕਬੀਲਿਆਂ ਬਾਰੇ ਹਵਾਲਾ ਪੁਸਤਕ ‘ਏ ਗਲੋਸਰੀ ਆਫ ਟਰਾਇਬਜ਼ ਐਂਡ ਕਾਸਟਸ’ ਅਨੁਸਾਰ ‘ਸੈਣੀ ਅਤੇ ਅਰਾਂਈ ਦਰਅਸਲ ਮਾਲੀ ਕੌਮ ਦੀਆਂ ਹੀ ਸ਼ਾਖਾਵਾਂ ਹਨ। ਮਾਲੀ ਦਿੱਲੀ ਅਤੇ ਮੱਧ ਭਾਰਤ ਵੱਲ ਹੀ ਰਹੇ, ਸੈਣੀ ਸ਼ਾਖ ਪੰਜਾਬ ਵੱਲ ਆ ਗਈ। ਉਹ ਸੈਣੀ ਜਿਹੜੇ ਸਥਿਤੀਆਂ-ਪ੍ਰਸਥਿਤੀਆਂ ਵੱਸ ਮੁਸਲਿਮ ਬਣੇ, ਉਹ ਅਰਾਂਈ ਕਹਾਏ, ਪਰ ਇਨ੍ਹਾਂ ਤਿੰਨਾਂ: ਮਾਲੀ-ਸੈਣੀ-ਅਰਾਂਈ, ਦਾ ਮੁੱਖ ਕਿੱਤਾ ਖੇਤੀ ਹੀ ਰਿਹਾ, ਬਹੁਤੇ ਵਪਾਰ ਆਧਾਰਤ ਖੇਤੀ ਕਰਦੇ ਹਨ।’ ਪੁਰਾਣੇ ਵੇਲੀਂ ਇਹ ਵੀ ਨਵੀਆਂ ਠਾਹਰਾਂ ਦੀ ਭਾਲ ਵਿੱਚ ਹਿਜ਼ਰਤ-ਦਰ-ਹਿਜ਼ਰਤ ਕਰਦੇ ਰਹਿੰਦੇ ਸਨ। ਕਦੇ ਇਨ੍ਹਾਂ ਹਿਜ਼ਰਤੀਆਂ ਦੇ ਇੱਕ ਪੂਰ ਨੇ ਹੀ ਵਸਾਇਆ ਸੀ, ‘ਰੁੜਕੀ ਸੈਣੀਆਂ।’

Leave a Reply

Your email address will not be published. Required fields are marked *