*ਅਕਾਲੀ ਦਲ ਦਾ ਸੰਕਟ ਗਹਿਰਾ ਹੋਇਆ *ਦੁਫੇੜ ਜਾਰੀ ਰਹਿਣ ਦੇ ਆਸਾਰ
*ਸੁਖਬੀਰ ਵੱਲੋਂ ਦਿੱਤਾ ਗਿਆ ਅਸਤੀਫਾ ਵਰਕਿੰਗ ਕਮੇਟੀ ਵੱਲੋਂ ਨਾਮਨਜ਼ੂਰ
ਜਸਵੀਰ ਸਿੰਘ ਮਾਂਗਟ
ਪੰਜਾਬ ਦੀ ਅਕਾਲੀ ਸਿਆਸਤ ਵਿਚਲਾ ਸੰਕਟ ਜਾਰੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੀ 16 ਨਵੰਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਬਾਅਦ ਵਿੱਚ ਅਪ੍ਰਵਾਨ ਕਰ ਦਿੱਤਾ। ਇੱਕ ਨਾਟਕੀ ਘਟਨਾਕ੍ਰਮ ਤਹਿਤ ਲੰਘੀ 18 ਨਵੰਬਰ ਨੂੰ ਚੰਡੀਗੜ੍ਹ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ।
ਮੀਟਿੰਗ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਕਿਹਾ ਗਿਆ ਕਿ ਅਸਤੀਫੇ ਸਬੰਧੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਅਸਲ ਵਿੱਚ ਵਰਕਿੰਗ ਕਮੇਟੀ ਵੱਲੋਂ ਅਸਤੀਫਾ ਪਾਰਟੀ ਸਫਾਂ ਨਾਲ ਵਿਚਾਰ ਕਰਨ ਲਈ ਪੈਂਡਿੰਗ ਰੱਖ ਲਿਆ ਗਿਆ ਸੀ, ਪਰ ਇਸੇ ਦਿਨ ਸ਼ਾਮ ਨੂੰ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਕਹਿ ਦਿੱਤਾ ਗਿਆ ਕਿ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਪ੍ਰਵਾਨ ਕਰ ਦਿੱਤਾ ਹੈ। ਇਸ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਅਕਾਲੀ ਦਲ ਦੇ ਵਿਰੋਧੀ (ਕੌਮੀ ਪਾਰਟੀਆਂ/ਕੇਂਦਰੀ ਏਜੰਸੀਆਂ) ਪਾਰਟੀ ਨੂੰ ਆਗੂ ਵਿਹੂਣਾ ਕਰਨਾ ਚਾਹੁੰਦੇ ਹਨ। ਸੁਖਬੀਰ ਵੱਲੋਂ ਅਸਤੀਫਾ ਦੇਣ ਦੀ ਸੂਰਤ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਸਮੂਹ ਮੈਂਬਰਾਂ ਨੇ ਵੀ ਅਸਤੀਫਾ ਦੇਣ ਦੇ ਪੇਸ਼ਕਸ਼ ਕੀਤੀ ਹੈ।
ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਇਸ ਅਸਤੀਫੇ ਤੋਂ ਬਾਅਦ ਮੀਡੀਆ, ਸਿੱਖ ਵਿਦਵਾਨਾਂ ਅਤੇ ਖੁਦ ਅਕਾਲੀ ਦਲ ਦੀਆਂ ਸਫਾਂ ਵਿੱਚ ਇਹ ਚਰਚਾ ਛਿੜੀ ਰਹੀ ਕਿ ਇਹ ਡਰਾਮਾ ਜਿਹਾ ਹੀ ਕੀਤਾ ਗਿਆ ਹੈ ਜਾਂ ਗੰਭੀਰਤਾ ਨਾਲ ਸੁਖਬੀਰ ਨੇ ਇਹ ਅਹੁਦਾ ਤਿਆਗਣ ਦਾ ਫੈਸਲਾ ਕੀਤਾ ਹੈ। ਜਦੋਂ ਵਰਕਿੰਗ ਕਮੇਟੀ ਵੱਲੋਂ ਅਸਤੀਫਾ ਵਾਪਸ ਲੈਣ ਵਾਲਾ ਬਿਆਨ ਸਾਹਮਣੇ ਆ ਗਿਆ ਤਾਂ ‘ਡਰਾਮੇ’ ਵਾਲੀਆਂ ਅਟਕਲਾਂ ‘ਤੇ ਮੋਹਰ ਲੱਗਣ ਲੱਗੀ। ਉਂਝ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਵੀ ਅਤੇ ਬਾਹਰ ਵੀ, ਨਵਾਂ ਪ੍ਰਧਾਨ ਬਣਨ ਦੀਆਂ ਖਾਹਿਸ਼ਾਂ ਅੰਗੜਾਈਆਂ ਲੈਣ ਲੱਗੀਆਂ ਸਨ। ਕਿਹਾ ਜਾ ਰਿਹਾ ਹੈ ਕਿ ਵਰਕਿੰਗ ਕਮੇਟੀ ਵਿੱਚ ਵੀ ਕੁਝ ਆਗੂ ਅਸਤੀਫਾ ਪ੍ਰਵਾਨ ਕਰਨ ਦੇ ਹੱਕ ਵਿੱਚ ਸਨ। ਇਹ ਸ਼ਾਇਦ ਇਸੇ ਕਰਕੇ ਹੋਵੇ ਕਿ ਕੁਝ ਘੰਟੇ ਬਾਅਦ ਹੀ ਅਸਤੀਫਾ ਨਾਮਨਜ਼ੂਰ ਕਰਨ ਦਾ ਫੈਸਲਾ ਕਰ ਲਿਆ ਗਿਆ।
ਵਰਕਿੰਗ ਕਮੇਟੀ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਕੁਝ ਯੂਥ ਅਕਾਲੀ ਦਲ ਦੇ ਆਗੂਆਂ ਦੇ ਵੀ ਸ਼ਾਮਲ ਹੋਣ ਦੀਆਂ ਖਬਰਾਂ ਹਨ, ਭਾਵੇਂ ਕਿ ਉਹ ਵਰਕਿੰਗ ਕਮੇਟੀ ਦੇ ਮੈਂਬਰ ਨਹੀਂ ਹਨ। ਇਨ੍ਹਾਂ ਨੌਜਵਾਨ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਨਾਹਰੇਬਾਜ਼ੀ ਕਰਨ ਦੀਆਂ ਵੀ ਰਿਪੋਰਟਾਂ ਮਿਲੀਆਂ ਹਨ। ਅਕਾਲੀ ਦਲ ਦੇ ਆਈ.ਟੀ. ਸੈਲ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਸੁਖਬੀਰ ਬਾਦਲ ਦੇ ਹੱਕ ਵਿੱਚ ਇੱਕ ਵੱਡੀ ਮੁਹਿੰਮ ਚਲਾਈ ਗਈ। ਉਪਰੋਕਤ ਨੌਜਵਾਨ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਪ੍ਰਵਾਨ ਕਰਨ ਲਈ ਜ਼ੋਰ ਪਾਇਆ। ਇਨ੍ਹਾਂ ਦਾ ਆਖਣਾ ਸੀ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਉਹ ਵੀ ਨਾਲ ਹੀ ਅਸਤੀਫੇ ਦੇ ਦੇਣਗੇ।
ਇਸ ਤੋਂ ਇਲਾਵਾ ਅਕਾਲੀ ਦਲ ਦੇ ਇੱਕ ਗੈਰ-ਸਿੱਖ ਆਗੂ ਐਨ.ਕੇ. ਸ਼ਰਮਾ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵਰਕਿੰਗ ਕਮੇਟੀ ਵੱਲੋਂ ਪ੍ਰਵਾਨ ਕੀਤਾ ਗਿਆ ਤਾਂ ਉਹ ਵੀ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਵਿਚਾਰਧਾਰਾ ਕਾਰਨ ਹੀ ਪਾਰਟੀ ਵਿੱਚ ਹਨ। ਸੁਖਬੀਰ ਦੀ ਛੁੱਟੀ ਦੇ ਨਾਲ ਹੀ ਉਹ ਵੀ ਛੁੱਟੀ ਕਰ ਲੈਣਗੇ। ਐਨ.ਕੇ. ਸ਼ਰਮਾ ਨੇ ਜਥੇਦਾਰਾਂ ਦੀ ਕਾਰਜ ਸ਼ੈਲੀ ‘ਤੇ ਵੀ ਸੁਆਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੇ ਆਪਣੇ ਦੋਸ਼ ਖੁਦ ਆਪ ਸਵੀਕਾਰ ਕੀਤੇ ਹਨ, ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਹੋਰ ਕਿਹਾ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਦਾ ਕਿਰਦਾਰ ਕਿਸੇ ਤੋਂ ਲੁਕਿਆ ਹੋਇਆ ਨਹੀਂ।
ਅਕਾਲੀ ਸੁਧਾਰ ਲਹਿਰ ਵਾਲੇ ਕਈ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਦਾ ਸੁਆਗਤ ਕੀਤਾ ਹੈ। ਸੁਖਬੀਰ ਧੜੇ ਤੋਂ ਵੱਖ ਹੋਏ ਸੀਨੀਅਰ ਅਕਾਲੀ ਆਗੂਆਂ ਦੇ ਗੁੱਟ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ, ਭਾਈ ਮਨਜੀਤ ਸਿੰਘ, ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਲੋਕ ਭਲਾਈ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਆਦਿ ਵੱਲੋਂ ਵਰਕਿੰਗ ਕਮੇਟੀ ਨੂੰ ਸੁਖਬੀਰ ਦਾ ਅਸਤੀਫਾ ਪ੍ਰਵਾਨ ਕਰਨ ਤੇ ਨਵਾਂ ਪ੍ਰਧਾਨ ਚੁਣਨ ਦੀ ਅਪੀਲ ਕੀਤੀ ਗਈ। ਇਨ੍ਹਾਂ ਆਗੂਆਂ ਦਾ ਆਖਣਾ ਹੈ ਕਿ ਅਜਿਹੀ ਸਥਿਤੀ ਵਿੱਚ ਅਕਾਲੀ ਦਲ ਦੇ ਦੋਹਾਂ ਧੜਿਆਂ ਵਿਚਕਾਰ ਏਕਤਾ ਹੋ ਸਕਦੀ ਹੈ।
ਯਾਦ ਰਹੇ, ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਚਲ ਰਹੇ ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ ਸਜ਼ਾ ਬਾਰੇ ਫੈਸਲਾ ਜਲਦੀ ਕਰਨ ਲਈ ਅਰਜ਼ੀ ਵੀ ਦੇ ਚੁੱਕੇ ਹਨ ਅਤੇ ਇਸ ਮਾਮਲੇ ਨੂੰ ਲੈ ਕੇ ਵਿਦਵਾਨਾਂ ਦੀ ਇੱਕ ਮੀਟਿੰਗ ਵੀ ਜਥੇਦਾਰ ਸਾਹਿਬ ਵੱਲੋਂ ਬੁਲਾਈ ਜਾ ਚੁੱਕੀ ਹੈ। ਇਸ ਮੀਟਿੰਗ ਵਿੱਚ ਵਿਦਵਾਨਾਂ ਵੱਲੋਂ ਆਪੋ ਆਪਣੀ ਰਾਏ ਜਥੇਦਾਰ ਸਾਹਿਬ ਨੂੰ ਦਿੱਤੀ ਗਈ ਸੀ। ਵਿਦਵਾਨਾਂ ਦੀ ਇਸ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸਨ। ਕੁਝ ਧਿਰਾਂ ਸਿਆਸੀ ਸਜ਼ਾ ਲਗਾਉਣ ਦੇ ਹੱਕ ਵਿੱਚ ਸਨ ਅਤੇ ਕੁਝ ਵਿਦਵਾਨ ਸਿਰਫ ਧਾਰਮਿਕ ਸਜ਼ਾ ਲਾਉਣ ਦੀ ਵਕਾਲਤ ਕਰ ਰਹੇ ਸਨ। ਸ. ਧਾਮੀ ਵੀ ਇਸੇ ਪੱਖ ਵਿੱਚ ਸਨ।
ਇਸ ਤੋਂ ਇਲਾਵਾ ਕੁਝ ਸਿੱਖ ਵਿਦਵਾਨ ਜਿਨ੍ਹਾਂ ਨੂੰ ਬੁਲਾਇਆ ਨਹੀਂ ਸੀ ਗਿਆ ਜਾਂ ਜੋ ਬੁਲਾਉਣ ਦੇ ਬਾਵਜੂਦ ਮੀਟਿੰਗ ਵਿੱਚ ਨਹੀਂ ਸਨ ਗਏ, ਉਨ੍ਹਾਂ ਨੇ ਆਪੋ ਆਪਣਾ ਪੱਖ ਲਿਖਤੀ ਰੂਪ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ। ਵੱਖ-ਵੱਖ ਟੀ.ਵੀ. ਚੈਨਲਾਂ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ, ਲੇਖਕਾਂ ਅਤੇ ਪੱਤਰਕਾਰਾਂ ਵੱਲੋਂ ਆਪੋ ਆਪਣੇ ਵਿਚਾਰ ਇਸ ਮੁੱਦੇ ‘ਤੇ ਪ੍ਰਗਟ ਕੀਤੇ ਜਾਂਦੇ ਰਹੇ ਹਨ। ਇਹ ਚਰਚਾ ਜਾਰੀ ਹੈ। ਕੁਝ ਵਿਦਵਾਨਾਂ ਦਾ ਆਖਣਾ ਹੈ ਕਿ ਹਰ ਨਵੇਂ ਐਕਸ਼ਨ ਨਾਲ ਸੁਖਬੀਰ ਸਿੰਘ ਬਾਦਲ ਖੁਦ ਹੀ ਕਸੂਤੇ ਗਧੀਗੇੜ ਵਿੱਚ ਫਸਦੇ ਜਾ ਰਹੇ ਹਨ। ਇਸ ਨਾਲ ਅਕਾਲ ਤਖਤ ਸਾਹਿਬ ਅਤੇ ਅਕਾਲੀ ਦਲ ਇੱਕ ਦੂਜੇ ਦੇ ਆਹਮੋ ਸਾਹਮਣੇ ਆ ਗਏ ਹਨ।
ਬਾਦਲ ਧੜੇ ਵੱਲੋਂ ਆਪਣੇ ਆਗੂ ਦੇ ਹੱਕ ਵਿੱਚ ਸੋਸ਼ਲ ਮੀਡੀਆ ‘ਤੇ ਚਲਾਈ ਜਾ ਰਹੀ ਮੁਹਿੰਮ ਅਤੇ ਵਰਕਿੰਗ ਕਮੇਟੀ ‘ਤੇ ਅਸਤੀਫਾ ਵਾਪਸ ਕਰਨ ਲਈ ਪਾਏ ਗਏ ਦਬਾਅ ਤੋਂ ਲਗਦਾ ਹੈ ਕਿ ਅਕਾਲੀ ਦਲ ਦੇ ਮੁੱਖ ਧੜੇ ਦੇ ਆਗੂ ਜਥੇਦਾਰ ਸਾਹਿਬਾਨ ‘ਤੇ ਦਬਾਅ ਪਾ ਕੇ ਸਜ਼ਾ ਬਾਰੇ ਫੈਸਲਾ ਨਰਮ ਕਰਵਾਉਣ ਦਾ ਯਤਨ ਕਰ ਰਹੇ ਹਨ। ਇਸ ਕਿਸਮ ਦਾ ਦਬਾਅ ਪਹਿਲਾਂ ਮਾਝੇ ਦੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਵੀ ਪਾਉਣ ਦਾ ਯਤਨ ਕੀਤਾ ਗਿਆ ਸੀ। ਉਸ ਨੂੰ ਜਥੇਦਾਰ ਸਾਹਿਬਾਨ ਨੇ ਅਕਾਲੀ ਦਲ ਵਿੱਚੋਂ ਦਸ ਸਾਲ ਲਈ ਬਾਹਰ ਕਰਨ ਦਾ ਫੈਸਲਾ ਸੁਣਾ ਦਿੱਤਾ ਸੀ। ਕੁਝ ਸਿੱਖ ਵਿਦਵਾਨਾਂ ਵੱਲੋਂ ਇਹ ਰਾਏ ਵੀ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਪਾਸੇ ਕਰਕੇ ਜਥੇਦਾਰ ਸਾਹਿਬਾਨ ਆਪਣੀ ਨਿਗਰਾਨੀ ਵਿੱਚ ਅਕਾਲੀ ਦਲ ਦੀਆਂ ਪੁਰਾਣੀਆਂ ਰਵਾਇਤਾਂ ਅਨੁਸਾਰ ਨਵੇਂ ਸਿਰਿਓਂ ਭਰਤੀ ਕਰਵਾਉਣ। ਇਸ ਤਰ੍ਹਾਂ ਨਵੇਂ ਡੈਲੀਗੇਟਾਂ ਰਾਹੀਂ ਨਵੀਂ ਲੀਡਰਸ਼ਿਪ ਦੀ ਸੰਗਤੀ ਢੰਗ ਨਾਲ ਚੋਣ ਕੀਤੀ ਜਾਵੇ। ਇਸੇ ਤਰ੍ਹਾਂ ਹੀ ਅਕਾਲੀ ਦਲ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਜਦਕਿ ਅਕਾਲੀ ਦਲ ਬਾਦਲ ਪੱਖੀ ਧੜਾ 1996 ਤੋਂ ਬਾਅਦ ਅਪਣਾਈ ਗਈ ਆਪਣੀ ਮੌਜੂਦਾ ‘ਲਿਬਰਲ’ ਸਿਆਸੀ ਦ੍ਰਿਸ਼ਟੀ ਨੂੰ ਹੀ ਅੱਗੇ ਵਧਾਉਣਾ ਚਾਹੁੰਦਾ ਹੈ।
ਅਕਾਲੀ ਦਲ ਦੇ ਇਸ ਸੰਕਟ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿੱਖ ਵਿਦਵਾਨ ਪ੍ਰੋ. ਬਲਕਾਰ ਸਿੰਘ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਕਿ “ਸਿੰਘ ਸਾਹਿਬਾਨ ਦਰਪੇਸ਼ ਮੁੱਦਾ ਇਹ ਹੈ ਕਿ ਅਕਾਲੀ ਦਲ ਨੂੰ ਬਚਾਉਣਾ ਹੈ ਜਾਂ ਅਕਾਲੀਆਂ ਨੂੰ? ਅਕਾਲੀਆਂ ਨੂੰ ਸਿਆਸੀ ਸੁਰ ਵਿੱਚ ਬਚਾਇਆ ਜਾ ਸਕਦਾ ਹੈ ਅਤੇ ਅਕਾਲੀ ਦਲ ਨੂੰ ਇੱਕ ਪੰਥਕ ਸੰਸਥਾ ਵਜੋਂ ਸਿੱਖ ਸੁਰ ਵਿੱਚ ਰਾਹ ਕੱਢਣਾ ਪੈਣਾ ਹੈ।” ਉਨ੍ਹਾਂ ਅੱਗੇ ਲਿਖਿਆ ਹੈ ਕਿ ਅਕਾਲੀ ਸੰਕਟ ਦੀਆਂ ਤਿੰਨ ਪਰਤਾਂ ਹਨ- 1. ਅਕਾਲੀ ਸਿਆਸਤਦਾਨ ਕਿਸੇ ਵੀ ਰੰਗ ਦਾ, 2. ਸਿੱਖ ਸੰਗਤ ਅਤੇ 3. ਸਿੱਖ ਪੰਥ। ਇਸੇ ਪੱਧਰ ‘ਤੇ ਜਾ ਕੇ ਇਹ ਮਸਲਾ ਹੱਲ ਹੋਣਾ ਹੈ।