ਡਾ. ਗੁਰਪ੍ਰੀਤ ਸਿੰਘ ਢਿੱਲੋਂ
ਕੈਲਗਰੀ, ਕੈਨੇਡਾ
ਲੰਗਰ ਦੀ ਸ਼ੁਰੂਆਤ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਤਾਂ ਕੇ ਲੋੜਵੰਦ ਸ਼ਰਧਾਲੂਆਂ ਨੂੰ ਬਿਨਾ ਕਿਸੇ ਭੇਦਭਾਵ ਦੇ ਪ੍ਰਸ਼ਾਦਾ ਛਕਾਇਆ ਜਾਵੇ। ਇਸ ਦਾ ਮੁੱਖ ਮੰਤਵ ਧਰਮ ਦੇ ਸਿਧਾਂਤ ਨੂੰ ਕਾਇਮ ਰੱਖਦੇ ਹੋਏ ਅਤੇ ਲੋਕਾਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨਾ ਸੀ; ਇਹ ਸੁਨਿਸ਼ਚਿਤ ਕਰਨਾ ਸੀ ਕਿ ਕੋਈ ਗਰੀਬ ਭੁੱਖਾ ਨਾ ਰਹੇ ਤੇ ਕੁਪੋਸ਼ਣ ਦਾ ਸ਼ਿਕਾਰ ਨਾ ਬਣੇ। ਲੰਗਰ ਦਾ ਇਹ ਵਿਲੱਖਣ ਸੰਕਲਪ ਉੱਤਰੀ ਭਾਰਤੀ ਰਾਜ ਪੰਜਾਬ ਵਿੱਚ ਲਗਭਗ 1500 ਈ. ਦੌਰਾਨ ਸਿੱਖ ਧਰਮ ਵਿੱਚ ਪੇਸ਼ ਕੀਤਾ ਗਿਆ ਸੀ, ਜੋ ਕਿ ਧਰਮ, ਜਾਤ, ਰੰਗ, ਨਸਲ, ਉਮਰ, ਲਿੰਗ ਜਾਂ ਸਮਾਜਿਕ ਰੁਤਬੇ ਦੀ ਪਰਵਾਹ ਕੀਤੇ ਬਿਨਾ ਸਾਰੇ ਲੋਕਾਂ ਵਿੱਚ ਬਰਾਬਰੀ ਬਰਕਰਾਰ ਰੱਖਣ ਲਈ ਤਿਆਰ ਕੀਤਾ ਗਿਆ ਸੀ। ਬਾਬੇ ਨਾਨਕ ਦੁਆਰਾ ਸ਼ੁਰੂ ਕੀਤਾ ਗਿਆ ਲੰਗਰ ਅੱਜ ਵੀ ਬਿਨਾ ਕਿਸੇ ਰੋਕ-ਟੋਕ ਦੇ ਨਿਰੰਤਰ ਚੱਲ ਰਿਹਾ ਹੈ ਤੇ ਸਿੱਖ ਧਰਮ ਦੀ ਸ਼ਾਨ ਤੇ ਵਿਲੱਖਣਤਾ ਪੇਸ਼ ਕਰਦਾ ਹੈ।
ਪਹਿਲੇ ਸਿੱਖ ਗੁਰੂ ਦੁਆਰਾ ਸ਼ੁਰੂ ਕੀਤੀ ਗਈ ‘ਲੰਗਰ’ ਦੀ ਪਰੰਪਰਾ ਨੂੰ ਅੱਗੇ ਜਾ ਕੇ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਦੁਆਰਾ ਗੋਇੰਦਵਾਲ ਵਿਖੇ ਇਸ ਸਾਂਝੇਦਾਰੀ ਅਤੇ ਬਰਾਬਰੀ ਦੇ ਸੰਕਲਪ ਨੂੰ ਸੰਸਥਾਗਤ ਰੂਪ ਦਿੱਤਾ ਗਿਆ। ਇੱਕ ਵਾਰ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਮੁਗਲ ਬਾਦਸ਼ਾਹ ਅਕਬਰ ਵੀ ਲੰਗਰ ਦੀ ਰਵਾਇਤ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਬਾਕੀ ਸੰਗਤ ਨਾਲ ਪੰਗਤ ਵਿੱਚ ਭੁੰਝੇ ਬੈਠ ਕੇ ਲੰਗਰ ਛਕਿਆ। ਇਹ ਇੱਕ ਅਜਿਹੀ ਪ੍ਰਕਿਰਿਆ ਹੈ, ਜਿੱਥੇ ਸਿੱਖ ਆਪਣੀ ਸ਼ਰਧਾ ਨਾਲ ਲੋੜਵੰਦ ਲੋਕਾਂ ਲਈ ਭੋਜਨ ਮੁਹੱਈਆ ਕਰਨ ਲਈ ਆਪਣੀ ਇਮਾਨਦਾਰ ਕਮਾਈ ਨੂੰ ਸਾਂਝਾ ਕਰਦੇ ਹਨ। ਆਪਣੀ ਨੇਕ ਕਮਾਈ ਵਿੱਚੋਂ ਦਸਵੰਦ ਕੱਢਣ ਦੀ ਪਰੰਪਰਾ ਦੀ ਸ਼ੁਰੂਆਤ ਹੋਈ। ਇਹ ਇੱਕ ਕ੍ਰਾਂਤੀਕਾਰੀ ਸੰਕਲਪ ਹੈ। 16ਵੀਂ ਸਦੀ ਦੇ ਭਾਰਤ ਦਾ ਜਾਤੀ-ਕ੍ਰਮਬੱਧ ਸਮਾਜ ਜਿੱਥੇ ਸਿੱਖ ਧਰਮ ਦੀ ਸ਼ੁਰੂਆਤ ਹੋਈ, ਸਮਾਨਤਾ ਦੇ ਆਦਰਸ਼ਾਂ ਤੋਂ ਇਲਾਵਾ ਲੰਗਰ ਦੀ ਪਰੰਪਰਾ ਸਮੁੱਚੀ ਮਨੁੱਖਤਾ ਦੀ ਸਾਂਝੀਵਾਲਤਾ, ਭਾਈਚਾਰੇ, ਸਮਾਵੇਸ਼ ਅਤੇ ਏਕਤਾ ਦੀ ਨੈਤਿਕਤਾ ਨੂੰ ਦਰਸਾਉਂਦੀ ਹੈ। ਇਹ ਕਈ ਸਦੀਆਂ ਤੋਂ ਨਿਰੰਤਰ ਵਰਤਦਾ ਵਰਤਾਰਾ ਸਿੱਖ ਧਰਮ ਨੂੰ ਦੂਜੇ ਧਰਮਾਂ ਨਾਲ ਅਲਹਿਦਾ ਕਰਦਾ ਹੈ। ਲੰਗਰ ਗੁਰਦੁਆਰਿਆਂ ਦਾ ਇੱਕ ਮਹੱਤਵਪੂਰਨ ਅਤੇ ਅਨਿੱਖੜਵਾਂ ਅੰਗ ਹੈ। ਸਿੱਖ ਜਿੱਥੇ ਵੀ ਹਨ, ਉਨ੍ਹਾਂ ਨੇ ਸਾਰਿਆਂ ਲਈ ਲੰਗਰ ਸਥਾਪਿਤ ਕੀਤੇ ਹਨ। ਆਪਣੀ ਅਰਦਾਸ ਵਿੱਚ ਸਿੱਖ ਵਾਹਿਗੁਰੂ ਤੋਂ ਬੱਸ ਇਹ ਮੰਗਦੇ ਹਨ ਕਿ “ਲੋਹ ਲੰਗਰ ਤਪਦੇ ਰਹਿਣ।”
ਹਰਿਮੰਦਰ ਸਾਹਿਬ ਦਾ ਲੰਗਰ ਸਿੱਖ ਧਰਮ ਵੱਲੋਂ ਜਾਤ-ਪਾਤ ਦੀ ਧਾਰਨਾ ਨੂੰ ਰੱਦ ਕਰਨ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇੱਥੇ ਆਮ ਤੌਰ `ਤੇ ਪ੍ਰਤੀ ਦਿਨ ਲਗਭਗ 50,000 ਲੋਕ ਤੇ ਧਾਰਮਿਕ ਦਿਹਾੜਿਆਂ ਅਤੇ ਹਫਤੇ ਦੇ ਅੰਤ ਵਿੱਚ, ਲੰਗਰ ਵਿੱਚੋਂ ਇੱਕ ਦਿਨ ਵਿੱਚ 100,000 ਤੋਂ ਵੱਧ ਲੋਕ ਭੋਜਨ ਛਕਦੇ ਹਨ। ਇਹ ਸ਼ਾਨਦਾਰ ਵਰਤਾਰਾ ਸੰਗਤ ਵੱਲੋਂ ਕੀਤੇ ਜਾਂਦੇ ਦਾਨ ਅਤੇ ਵਾਲੰਟੀਅਰਾਂ ਦੁਆਰਾ ਸੰਭਵ ਹੁੰਦਾ ਹੈ। ਲੰਗਰ ਕਦੇ ਨਹੀਂ ਰੁਕਦਾ ਅਤੇ ਰੋਜ਼ਾਨਾ ਔਸਤਨ 7000 ਕਿੱਲੋ ਕਣਕ ਦਾ ਆਟਾ, 1300 ਕਿੱਲੋ ਚੌਲ, 2000 ਕਿੱਲੋ ਦਾਲ, 500 ਕਿਲੋ ਘਿਓ ਦੀ ਵਰਤੋਂ ਹਰ ਰੋਜ਼ ਭੋਜਨ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ। ਰਸੋਈ ਨੂੰ 450 ਸਟਾਫ ਦੁਆਰਾ ਚਲਾਇਆ ਜਾਂਦਾ ਹੈ, ਸੈਂਕੜੇ ਹੋਰ ਵਾਲੰਟੀਅਰਾਂ ਦੁਆਰਾ ਮਦਦ ਕੀਤੀ ਜਾਂਦੀ ਹੈ। ਰਸੋਈ ਵਿੱਚ ਆਟੋਮੈਟਿਕ ਰੋਟੀ ਮਸ਼ੀਨ ਦੀ ਵਰਤੋਂ ਹੁੰਦੀ ਹੈ, ਜੋ 25,000 ਰੋਟੀਆਂ ਇੱਕ ਘੰਟੇ ਵਿੱਚ ਤਿਆਰ ਕਰ ਸਕਦੀ ਹੈ। ਲੰਗਰ ਸੱਤੇ ਦਿਨ ਨਿਰੰਤਰ ਚਲਦਾ ਹੈ।
ਸਾਡੇ ਗੁਰੂਆਂ ਦੁਆਰਾ ਸ਼ੁਰੂ ਕੀਤੀ ਗਈ ਲੰਗਰ ਦੀ ਪ੍ਰਥਾ ਅੱਜ ਕਿੱਧਰ ਨੂੰ ਚੱਲ ਪਈ ਹੈ! ਅੱਜ ਸਾਦੇ ਤੇ ਸਿਹਤ ਲਈ ਫਾਇਦੇਮੰਦ ਲੰਗਰ ਵੱਲੋਂ ਮੂੰਹ ਮੋੜ ਕੇ ਅਸੀਂ ਜੰਕ ਭੋਜਨ (ਪੀਜ਼ੇ ਤੇ ਹੋਰ ਤਰਲ ਪਦਾਰਥ) ਵੱਲ ਹੋ ਤੁਰੇ ਹਾਂ, ਜੋ ਕਿ ਲੰਗਰ ਦੀ ਮਰਿਆਦਾ ਦੇ ਬਿਲਕੁਲ ਉਲਟ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਹੈ। ਮੇਲਿਆਂ ਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਲੱਗਦੇ ਸਟਾਲਾਂ `ਤੇ ਤੁਹਾਨੂੰ ਕਈ ਕਿਸਮ ਦੇ ਪ੍ਰੋਸੈਸਡ ਭੋਜਨ ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਹਨ, ਵਰਤਾਏ ਜਾਂਦੇ ਹਨ। ਸਟਾਲ ਲਾਉਣ ਵਾਲੇ ਕਾਰੋਬਾਰੀ ਨੇ ਸਿਰਫ ਆਪਣੇ ਕਾਰੋਬਾਰ ਦੀ ਮਸ਼ਹੂਰੀ ਕਰਨੀ ਹੈ। ਪੰਜਾਬ ਤੇ ਦੇਸ਼-ਵਿਦੇਸ਼ ਵਿੱਚ ਇਹ ਆਮ ਵਰਤਾਰਾ ਬਣ ਗਿਆ ਹੈ। ਤਰ੍ਹਾਂ ਤਰ੍ਹਾਂ ਦੇ ਭੋਜਨ ਤੇ ਤਰਲ ਪਦਾਰਥ ਸੰਗਤ ਨੂੰ ਵਰਤਾਏ ਜਾਂਦੇ ਹਨ। ਭੋਜਨ ਦੀ ਬੇਕਦਰੀ ਤੇ ਬਰਬਾਦੀ ਅਲੱਗ ਹੁੰਦੀ ਹੈ। ਇਨ੍ਹਾਂ ਸਮਾਗਮਾਂ ਵਿੱਚ ਸਟਾਲ ਜਾਂ ਤਾਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀਆਂ ਖੁਦ ਲਾਉਣ ਜਾਂ ਦੇਖ-ਰੇਖ ਕਰਨ। ਜੇ ਕੋਈ ਕਾਰੋਬਾਰੀ ਲੰਗਰ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਹਿੱਸਾ ਪਾਉਣਾ ਚਾਹੇ ਤਾਂ ਕਮੇਟੀਆਂ ਨੂੰ ਦਸਵੰਦ ਜਾਂ ਆਪਣੀ ਲੋੜ ਮੁਤਾਬਕ ਲੰਗਰ ਵਿੱਚ ਦਾਨ ਕਰ ਸਕਦਾ ਹੈ, ਲੰਗਰ ਵਿੱਚ ਸੇਵਾ ਕਰ ਸਕਦਾ ਹੈ। ਲੋਕਾਂ ਦੀ ਸੇਵਾ ਕਰਨ ਦੇ ਹੋਰ ਵੀ ਕਈ ਜਾਇਜ਼ ਰਸਤੇ ਹਨ।
ਲੰਗਰ ਨੂੰ ਨਿੱਜੀ ਮੁਫਾਦ ਲਈ ਵਰਤਣਾ ਗ਼ਲਤ ਹੈ। ਗੁਰਦਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਨ੍ਹਾਂ ਸਟਾਲਾਂ ਨੂੰ ਮਨਜ਼ੂਰੀ ਸੋਚ ਸਮਝ ਕੇ ਦੇਣੀ ਚਾਹੀਦੀ ਹੈ, ਸਿਰਫ ਫੀਸ ਲੈ ਕੇ ਹਰ ਇੱਕ ਨੂੰ ਮਨਜ਼ੂਰੀ ਨਹੀਂ ਦੇ ਦੇਣੀ ਚਾਹੀਦੀ। ਗੁਰੂ ਦੇ ਲੰਗਰ ਦੀ ਸੇਵਾ ਮਰਿਆਦਾ ਵਿਚ ਰਹਿ ਕੇ ਕਰਨੀ ਚਾਹੀਦੀ ਹੈ, ਨਾ ਕਿ ਸਿਰਫ ਆਰਥਿਕ ਪੱਖ ਵੇਖ ਕੇ। ਕੋਈ ਢਿੱਡੋਂ ਭੁੱਖਾ ਬੰਦਾ ਬੜੀ ਸ਼ਰਧਾ ਤੇ ਉਮੀਦ ਨਾਲ ਗੁਰੂ ਘਰ ਆ ਕੇ ਲੰਗਰ ਛੱਕ ਕੇ ਆਪਣੀ ਭੁੱਖ ਤ੍ਰਿਪਤ ਕਰਦਾ ਹੈ। ਜੇ ਪ੍ਰੋਸੈਸਡ ਭੋਜਨ ਖਾ ਕੇ ਕਿਸੇ ਦੀ ਸਿਹਤ ਦਾ ਨੁਕਸਾਨ ਹੋਵੇ, ਫਿਰ ਇਹੋ ਜਿਹੇ ਲੰਗਰ ਦਾ ਕੀ ਫਾਇਦਾ? ਵਿਦੇਸ਼ਾਂ ਦੇ ਕਈ ਗੁਰੂਘਰਾਂ ਵਿੱਚ ਲੰਗਰ ਦੀ ਸਹੀ ਮਰਿਆਦਾ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਤੇ ਲੰਗਰ ਰੈਸਟੋਰੈਂਟ ਵਾਂਗ ਪੇਸ਼ ਕੀਤਾ ਜਾਂਦਾ ਹੈ! ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਨੂੰ ਵੀ ਇਸ ਪਾਸੇ ਖਾਸ ਤਵੱਜੋਂ ਦੇਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਸਹੀ ਸੇਧ ਦਿੱਤੀ ਜਾਵੇ ਤੇ ਗੁਰੂ ਦੇ ਲੰਗਰ ਦੀ ਅਸਲ ਮਰਿਆਦਾ ਬਹਾਲ ਕੀਤੀ ਜਾ ਸਕੇ। ਲੋਕਲ ਗੁਰਦੁਆਰਾ ਕਮੇਟੀਆਂ ਨੂੰ ਵੀ ਕਦਮ ਚੁੱਕਣੇ ਚਾਹੀਦੇ ਹਨ ਤੇ ਸਖਤੀ ਨਾਲ ਲਾਗੂ ਕਰਨੇ ਚਾਹੀਦੇ ਹਨ।