ਬਾਬਾ ਨਾਨਕ ਜੀ ਦਾ ਖਾਨਦਾਨੀ ਪਿਛੋਕੜ

ਅਦਬੀ ਸ਼ਖਸੀਅਤਾਂ

(‘ਬਾਬੇ ਤਾਰੇ ਚਾਰਿ ਚਕਿ’ ਪੁਸਤਕ ਦੇ ਆਧਾਰ ਉਤੇ)
ਦਿਲਜੀਤ ਸਿੰਘ ਬੇਦੀ
ਫੋਨ: +91-9814898570
‘ਬਾਬੇ ਤਾਰੇ ਚਾਰਿ ਚਕਿ’ ਪੁਸਤਕ ਸ. ਜਗਦੀਸ਼ ਸਿੰਘ ਢਿੱਲੋਂ ਦੀ ਕਈ ਦਹਾਕਿਆਂ ਦੀ ਘਾਲਣਾ ਹੈ। ਉਹ ਗੁਰੂ ਨਾਨਕ ਜੀ ਦੇ ਜੀਵਨ, ਪਿਛੋਕੜ ਤੇ ਰਾਜਨੀਤਕ, ਧਾਰਮਿਕ, ਸਮਾਜਿਕ ਹਲਾਤਾਂ ਦਾ ਜਿੱਥੇ ਮੁਲੰਕਣ ਕਰਦਾ ਹੈ, ਉਥੇ ਉਨ੍ਹਾਂ ਦੇ ਜੀਵਨ ਸਬੰਧੀ ਨਵੇਂ ਤੱਥ ਵੀ ਪੇਸ਼ ਕਰਦਾ ਹੈ। ਬਾਬਾ ਨਾਨਕ ਦੇ ਪੜਦਾਦਾ ‘ਰਾਮ ਨਾਰਾਇਣ ਬੇਦੀ` ਖੱਤਰੀ ਦੇ ਘਰ ਬਾਬਾ ਨਾਨਕ ਦੇ ਦਾਦਾ ‘ਸ਼ਿਵ ਨਾਰਾਇਣ` ਜੀ ਦਾ ਜਨਮ 1418 ਈ. ਨੂੰ ਪਿੰਡ ਪਠੇਵਿੰਡ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ।

ਬਾਬਾ ਰਾਮ ਨਾਰਾਇਣ ਦੇ ਘਰ ਬਾਬਾ ਸ਼ਿਵ ਨਾਰਾਇਣ ਤੋਂ ਬਿਨਾ ਇੱਕ ਹੋਰ ਪੁੱਤਰ ਬਾਬਾ ‘ਸੰਪਤ` ਜੀ ਵੀ ਸੀ। ਬਾਬਾ ਸ਼ਿਵ ਨਾਰਾਇਣ ਦੇ ਜੁਆਨ ਹੋਣ ਉਤੇ ਬਾਬਾ ਸ਼ਿਵ ਨਾਰਾਇਣ ਜੀ ਦਾ ਵਿਆਹ 1431 ਈ. ਨੂੰ ਮਾਤਾ ਬਨਾਰਸੀ ਦੇਵੀ ਨਾਲ ਹੋਇਆ। ਬਾਬਾ ਸ਼ਿਵ ਨਾਰਾਇਣ ਦੇ ਘਰ ਮਾਤਾ ਬਨਾਰਸੀ ਦੇਵੀ ਦੇ ਉਦਰ ਤੋਂ ਬਾਬਾ ਨਾਨਕ ਦੇ ਪਿਤਾ ਕਲਿਆਣ ਰਾਏ ਉਰਫ ਕਾਲੂ ਜੀ ਦਾ ਜਨਮ 1440 ਈ. ਨੂੰ ਅਤੇ ਬਾਬਾ ਨਾਨਕ ਦੇ ਚਾਚਾ ਲਾਲ ਚੰਦ ਉਰਫ ਲਾਲੂ ਜੀ ਦਾ ਜਨਮ 1443 ਈ. ਨੂੰ ਹੋਇਆ।
ਬਾਬਾ ਕਾਲੂ ਜੀ ਦਾ ਵਿਆਹ 1461 ਈ. ਨੂੰ ਪਿੰਡ ਚਾਹਲ (ਜ਼ਿਲ੍ਹਾ ਲਾਹੌਰ) ਵਾਸੀ ਬਾਬਾ ਰਾਮ ਦੇਵ ਝੰਗੜ ਅਤੇ ਮਾਤਾ ਸਭਰਾਈ ਜੀ ਦੀ ਪੁੱਤਰੀ ਮਾਤਾ ਤ੍ਰਿਪਤਾ ਜੀ ਨਾਲ ਹੋਇਆ। ਬਾਬਾ ਰਾਮ ਦੇਵ ਦੇ ਇੱਕ ਪੁੱਤਰ ਕ੍ਰਿਸ਼ਨ ਚੰਦ ਜੀ ਵੀ ਸੀ। ਬਾਬਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਨੇ 1464 ਈ. ਨੂੰ ਆਪਣੀ ਪਹਿਲੀ ਸੰਤਾਨ ਬੀਬੀ ਨਾਨਕੀ ਨੂੰ ਆਪਣੇ ਪੇਕੇ ਪਿੰਡ ਚਾਹਲ ਵਿਖੇ ਜਨਮ ਦਿੱਤਾ ਅਤੇ 1469 ਈ. ਨੂੰ ਗੁਰੂ ਨਾਨਕ ਦੇਵ ਜੀ ਨੇ ਤਲਵੰਡੀ ਰਾਏ ਭੋਏ ਵਿਖੇ ਅਵਤਾਰ ਧਾਰਿਆ। ਬਾਬਾ ਨਾਨਕ ਦਾ ਜਨਮ ਦਿਨ ਪੁਰਾਣੇ ਸਮੇਂ ਤੋਂ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।
ਬਾਬਾ ਨਾਨਕ ਜੀ ਦਾ ਵਿਆਹ ਬਟਾਲਾ ਨਿਵਾਸੀ ਭਾਈ ਮੂਲ ਚੰਦ ਚੋਣੇ ਖੱਤਰੀ ਦੀ ਪੁੱਤਰੀ ਮਾਤਾ ਸੁਲੱਖਣੀ ਜੀ ਨਾਲ 24 ਜੇਠ 1544 ਬਿ. (1487) ਨੂੰ ਬਟਾਲਾ ਵਿਖੇ ਹੋਇਆ। ਬਾਬਾ ਨਾਨਕ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਬਾਬਾ ਨਾਨਕ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਦਾ ਜਨਮ 1493 ਈ. ਅਤੇ ਛੋਟੇ ਪੁੱਤਰ ਬਾਬਾ ਲੱਛਮੀ ਦਾਸ ਦਾ ਜਨਮ 1496 ਈ. ਨੂੰ ਸੁਲਤਾਨਪੁਰ ਲੋਧੀ ਵਿਖੇ ਹੋਇਆ। 1489 ਈ. ਨੂੰ ਦਿੱਲੀ ਦੇ ਬਾਦਸ਼ਾਹ ਬਹਿਲੋਲ ਲੋਧੀ ਦੀ ਮੌਤ ਹੋ ਗਈ। ਉਸ ਦਾ ਪੁੱਤਰ ਨਿਜ਼ਾਮ ਖਾਂ ਆਪਣਾ ਨਾਂ ਸਿਕੰਦਰ ਲੋਧੀ ਰੱਖ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਸੋਲ੍ਹਵੀਂ ਸਦੀ ਦੇ ਸ਼ੁਰੂ ਵਿੱਚ ਸਿਕੰਦਰ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਲਾਹੌਰ ਦਾ ਨਵਾਬ ਲਾ ਦਿੱਤਾ ਅਤੇ ਜਲੰਧਰ ਦੋਆਬ ਵੀ ਉਸ ਦੇ ਕੋਲ ਹੀ ਰਹਿਣ ਦਿੱਤਾ।
ਰਾਏ ਭੋਏ ਭੱਟੀ ਵਡੇਰੀ ਉਮਰ ਦਾ ਹੋ ਗਿਆ ਸੀ। ਉਸ ਦੀ ਜਾਗੀਰ ਦੀ ਦੇਖਭਾਲ ਉਸ ਦਾ ਪੁੱਤਰ ‘ਰਾਏ ਬੁਲਾਰ ਭੱਟੀ’ (1447-1515) ਕਰਦਾ ਸੀ। ਰਾਏ ਬੁਲਾਰ ਭੱਟੀ ਦੇ ਕੋਈ ਉਲਾਦ ਪੈਦਾ ਨਾ ਹੋਈ। ਰਾਏ ਬੁਲਾਰ ਭੱਟੀ ਬਾਬਾ ਨਾਨਕ ਨੂੰ ਨਬੀ ਪੈਗੰਬਰ ਮੰਨਦਾ ਸੀ। ਰਾਏ ਬੁਲਾਰ ਭੱਟੀ ਨੇ ਬਾਬਾ ਨਾਨਕ ਅੱਗੇ ਪੁੱਤਰ ਦੀ ਦਾਤ ਲਈ ਅਰਜੋਈ ਕੀਤੀ। ਬਾਬਾ ਨਾਨਕ ਨੇ ਅੱਲਾ ਪਾਕ ਅੱਗੇ ਇਸ ਦੀ ਫਰਿਆਦ ਕੀਤੀ। ਅਗਲੇ ਹੀ ਸਾਲ ਰਾਏ ਬੁਲਾਰ ਭੱਟੀ ਦੇ ਘਰ ਅੱਲਾ ਪਾਕ ਨੇ ਪੁੱਤਰ ਦੀ ਦਾਤ ਬਖਸ਼ੀ। ਫਿਰ ਰਾਏ ਬੁਲਾਰ ਭੱਟੀ ਵੱਲੋਂ ਪੁੱਤਰ ਪ੍ਰਾਪਤੀ ਦੀ ਖੁਸ਼ੀ ਵਿੱਚ ਆਪਣੇ ਸਕੇ ਸੰਬੰਧੀਆਂ ਨੂੰ ਇੱਕ ਵੱਡੀ ਵੈਸ਼ਨੋ ਦਾਅਵਤ ਦਿੱਤੀ ਗਈ। ਇਸ ਦਾਅਵਤ ਵਿੱਚ ਸੁਲਤਾਨਪੁਰ ਲੋਧੀ ਤੋਂ ਰਾਏ ਬੁਲਾਰ ਭੱਟੀ ਦਾ ਭਣੋਈਆ ਦੌਲਤ ਖਾਂ ਲੋਧੀ ਉਚੇਚੇ ਤੌਰ `ਤੇ ਸ਼ਾਮਲ ਹੋਣ ਲਈ ਆਇਆ। ਰਾਏ ਬੁਲਾਰ ਭੱਟੀ ਵੱਲੋਂ ਇਸ ਖੁਸ਼ੀ ਭਰੇ ਮੌਕੇ ਉਤੇ ਬਾਬਾ ਨਾਨਕ ਦਾ ਸ਼ੁਕਰਗੁਜ਼ਾਰ ਹੁੰਦਿਆਂ ਆਪਣੀ ਜਾਗੀਰ ਦੀ 1500 ਮੁਰੱਬੇ ਜ਼ਮੀਨ ਵਿੱਚੋਂ ਅੱਧੀ ਜਾਗੀਰ 750 ਮੁਰੱਬੇ ਭਾਵ 18,750 ਏਕੜ ਜ਼ਮੀਨ ‘ਹਜ਼ਰਤ ਬਾਬਾ ਨਾਨਕ ਅਲਹਿ ਸਲਾਮ` ਦੇ ਨਾਂ ਕਰ ਦਿੱਤੀ ਗਈ ਅਤੇ ਇੰਤਕਾਲ ਤਬਦੀਲ ਕਰ ਦਿੱਤਾ ਗਿਆ।
ਅੱਜ ਵੀ ਨਨਕਾਣਾ ਸਾਹਿਬ ਦੇ ਮਾਲ ਵਿਭਾਗ ਦੇ ਰਿਕਾਰਡ ਵਿੱਚ 750 ਮੁਰੱਬੇ ਜ਼ਮੀਨ ਦਾ ਮਾਲਕ, ਕਾਬਜ਼ ਅਤੇ ਕਾਸ਼ਤਕਾਰ ‘ਹਜਰਤ ਬਾਬਾ ਨਾਨਕ ਅਲਹਿ ਸਲਾਮ` ਹੈ। ਇਸ 750 ਮੁਰੱਬੇ ਜ਼ਮੀਨ ਵਿੱਚ 24 ਪਿੰਡ ਵਸਦੇ ਹਨ, ਪਰ ਜ਼ਮੀਨ ਬਾਬਾ ਨਾਨਕ ਦੇ ਨਾਂ ਬੋਲਦੀ ਹੈ। ਜਿਵੇਂ ਕੋਟ ਦਰਬਾਰ ਸਾਹਿਬ, ਰੱਤੂ ਆਣਾ, ਧੂਰ ਕੋਟ, ਕੋਟ ਸਾਧੂ ਰਾਮ, ਕੋਟ ਦਿਆਲ ਦਾਸ, ਲਲਾਰ ਗੰਗਾ ਰਾਮ, ਕੋਟ ਲਾਭ ਦਾਸ, ਝੁਗੀਆਂ ਨੌਲਾਂ, ਵਾੜਾ ਗਾਬਿਆਂ, ਵਾੜਾ ਅੰਨਿ੍ਹਆਂ, ਭਾਗੋ ਵਾਲੀ, ਰਾਮ ਪੁਰ, ਧੁਪ ਸੜੀ, ਨਾਲੀ ਵਾਲਾ, ਦਰੀਆ, ਟੇਲ ਮਾਨ ਜੀ, ਕੋਟ ਲਹਿਣਾ ਦਾਸ, ਕੋਟ ਸੰਤ ਰਾਮ, ਕੋਟ ਨਰੈਣ ਸਿੰਘ, ਸ਼ਹੀਦੀ ਕੋਟ, ਵਾੜਾ ਨਰੈਣ ਸਿੰਘ, ਖਿਪ ਵਾਲਾ, ਵਾੜਾ ਭੰਬਿਆਂ, ਵਾੜਾ ਤਰਖਾਣਾ ਆਦਿ।
ਬਾਬਾ ਨਾਨਕ ਦੀ ਜਗੀਰ 750 ਮੁਰੱਬੇ ਜ਼ਮੀਨ ਵਿੱਚੋਂ ਇਨ੍ਹਾਂ ਪਿੰਡਾਂ ਦੀ 15,928 ਏਕੜ ਜ਼ਮੀਨ ਵਾਹੀਯੋਗ ਹੈ। ਲੇਖਕ ‘ਬਾਬੇ ਤਾਰੇ ਚੱਕ’ ਵਿੱਚ ਬਾਬਾ ਜੀ ਦੀਆਂ ਯਾਤਰਾਵਾਂ ਦਾ ਵੇਰਵਾ ਵੀ ਦਿੰਦਾ ਹੈ। ਗੁਰੂ ਨਾਨਕ ਬਾਬਾ ਨੇ 78 ਦੇਸ਼ਾਂ ਦੀ ਯਾਤਰਾ ਕੀਤੀ। ਬਾਬਾ ਨਾਨਕ ਦੀਆਂ ਉਦਾਸੀਆਂ ਅਨੁਸਾਰ ਅੱਜ ਦੇ ਦੇਸ਼, ਬਾਬਾ ਨਾਨਕ ਦੇ ਸਮੇਂ ਭਾਰਤ ਦੀ ਰਾਜਨੈਤਿਕ ਦਸ਼ਾ, ਆਰਥਿਕ ਦਸ਼ਾ, ਸਮਾਜਿਕ ਦਸ਼ਾ, ਧਾਰਮਿਕ ਦਸ਼ਾ, ਬਾਬਾ ਨਾਨਕ ਦਾ ਖਾਨਦਾਨੀ ਪਿਛੋਕੜ, ਨਨਕਾਣਾ ਸਾਹਿਬ ਦਾ ਪਿਛੋਕੜ ਅਤੇ ਪੰਜਾਬ ਦੀਆਂ ਬਾਰਾਂ ਦਾ ਜ਼ਿਕਰ ਹੈ। ਬਾਬਾ ਨਾਨਕ ਦੀਆਂ ਚਾਰ ਉਦਾਸੀਆਂ ਤੋਂ ਇਲਾਵਾ ਹੋਰ ਯਾਤਰਾਵਾਂ ਦਾ ਵਰਨਣ ਬਾਖੂਬੀ ਦਿੱਤਾ ਗਿਆ ਹੈ।
ਬਾਬਾ ਨਾਨਕ ਦੀਆਂ ਯਾਤਰਾਵਾਂ ਪਾਠਕ ਮਨ ਨੂੰ ਅਗਾਂਹ ਵੱਲ ਰੁਚਿਤ ਕਰਦੀਆਂ ਹਨ, ਉਹ ਕਿਤਾਬ ਹੰਗਾਲਣ ਲਈ ਉਤਾਵਲਾ ਹੋ ਜਾਂਦਾ ਹੈ, ਜਿਵੇਂ ਪਹਿਲੀ ਉਦਾਸੀ-ਪਾਕਿਸਤਾਨ, ਭਾਰਤ, ਬੰਗਲਾ ਦੇਸ਼, ਬਰਮਾ, ਚੀਨ, ਲਾਉਸ, ਵਿਅਤਨਾਮ, ਕੰਬੋਡੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਟੀਮੋਰਦੀਪ। ਦੂਜੀ ਉਦਾਸੀ-ਸ੍ਰੀ ਲੰਕਾ। ਤੀਜੀ ਉਦਾਸੀ-ਨੇਪਾਲ, ਭੂਟਾਨ, ਫਿਲੀਪਾਇਨ, ਤਾਇਵਾਨ, ਜਪਾਨ, ਮੰਗੋਲੀਆ (ਚੀਨ ਹੋ ਕੇ ਵਾਪਸ)। ਚੌਥੀ ਉਦਾਸੀ-ਉਮਾਨ, ਯਮਨ, ਅਰਬ, ਇਰਾਕ, ਜੋਰਡਨ, ਇਜ਼ਰਾਇਲ, ਮਿਸਰ, ਸੁਡਾਨ, ਇਥੋਪੀਆ, ਸੋਮਾਲੀਆ, ਕੇਨੀਆ, ਤਨਜ਼ਾਨੀਆ, ਬਰੂੰਡੀ, ਰਵਾਂਡਾ ਕਾਂਗੋ (ਜਇਰੇ), ਯੂਗਾਂਡਾ, ਸਾਊਥ ਸੁਡਾਨ, ਫਲਿਸਤੀਨ, ਲੈਬਨਾਨ, ਸੀਰੀਆ, ਤੁਰਕੀ, ਯੂਨਾਨ, ਅਲਬਾਨੀਆ, ਇਟਲੀ, ਵੈਟੀਕਨ, ਸਵਿਟਜ਼ਰਲੈਂਡ, ਜਰਮਨੀ, ਡੈਨਮਾਰਕ, ਸਵੀਡਨ, ਨਾਰਵੇ (ਵਾਪਸੀ) ਸਕਾਟਲੈਂਡ, ਇੰਗਲੈਂਡ, ਹਾਲੈਂਡ, ਬੈਲਜੀਅਮ, ਫਰਾਂਸ, ਸਪੇਨ, ਟ੍ਰਿਨੀਡਾਡ ਐਂਡ ਟੋਬੈਗੋ, ਕਿਊਬਾ ਦੀਪ, ਬਹਾਂਮਾਜ਼ ਦੀਪ, ਅਮਰੀਕਾ (ਵਾਪਸੀ), ਪੁਰਤਗਾਲ, ਜਿਬਰਾਲਟਰ, ਮਕਦੂਨੀਆਂ, ਖੋਸੋਵੋ, ਸਰਬੀਆ, ਹੰਗਰੀ, ਰੋਮਾਨੀਆ, ਬੁਲਗਾਰੀਆ, ਜਾਰਜੀਆ, ਰੂਸ, ਅਜ਼ਰਬਾਇਜਾਨ, ਅਰਮੀਨੀਆ, ਈਰਾਨ, ਤੁਰਕਮੇਨਿਸਤਾਨ, ਉਜਬੇਕਿਸਤਾਨ, ਕਿਰਗੀਜਸਤਾਨ, ਕਜਾਕਿਸਤਾਨ ਅਤੇ ਅਫਗਾਨਿਸਤਾਨ (ਵਾਪਸੀ)।
ਇਸ ਵੱਡਅਕਾਰੀ ਗ੍ਰੰਥ ਵਿੱਚ ਜ਼ਿਕਰ ਕੀਤਾ ਹੈ ਕਿ ਬ੍ਰਹਿਮੰਡ ਬਾਰੇ ਬਾਬਾ ਨਾਨਕ ਵੱਲੋਂ ਦਿੱਤੇ ਵਿਚਾਰ ਅਤੇ ਸਿਧਾਂਤ ਪੱਥਰ ਉਤੇ ਲਕੀਰ ਦੀ ਤਰ੍ਹਾਂ ਹਮੇਸ਼ਾ ਸੱਚ ਸਾਬਤ ਹੋਏ ਹਨ। ਬਾਬਾ ਨਾਨਕ ਦੁਨੀਆਂ ਵਿੱਚ ਅਜਿਹੇ ਇੱਕੋ ਇੱਕ ਨਬੀ ਪੈਗੰਬਰ ਹੋਏ ਹਨ, ਜਿਨ੍ਹਾਂ ਨੇ ਦੁਨੀਆਂ ਵਿੱਚ ਗੁਲਾਮੀ ਦੀ ਪ੍ਰਥਾ ਵਿਰੁਧ ਆਵਾਜ਼ ਬੁਲੰਦ ਕਰਕੇ ਹੋਕਾ ਦਿੱਤਾ। ਗੁਲਾਮੀ ਦੀ ਪ੍ਰਥਾ ਨੂੰ ਖ਼ਤਮ ਕੀਤਾ। ਬਾਬਾ ਨਾਨਕ ਵੱਲੋਂ ਪ੍ਰਗਟ ਕੀਤੇ ਚਸ਼ਮੇ ਅੱਜ ਵੀ ਵਗਦੇ ਹਨ। ਲਾਈਆਂ ਬਾਉਲੀਆਂ ਅੱਜ ਵੀ ਪਾਣੀ ਦੀਆਂ ਭਰੀਆਂ ਹਨ। ਲਾਏ ਰੁਖ ਅੱਜ ਵੀ ਹਰੇ ਖੜੇ।
ਮੈਂ ਬਾਬਾ ਨਾਨਕ ਨੂੰ ਬਾਬਾ ਨਾਨਕ ਲਿਖ ਕੇ ਆਪਣੇ ਆਪਨੂੰ ਬਾਬਾ ਨਾਨਕ ਦਾ ਅੰਸ਼ ਹੋਣ ਦੀ ਕੋਸ਼ਿਸ਼ ਕੀਤੀ ਹੈ। ਮੁਸਲਿਮ ਜਗਤ ਦੇ ਖਲੀਫਾ ਸੁਲਤਾਨ ਸਲੀਮ ਪਹਿਲੇ ਦੇ ਦਿਲ ਉਤੇ ਬਾਬਾ ਨਾਨਕ ਦੇ ਵਿਯੋਗ ਦਾ ਅਜਿਹਾ ਅਸਰ ਹੋਇਆ ਕਿ ਖਲੀਫਾ ਬਾਬਾ ਨਾਨਕ ਦਾ ਵਿਯੋਗ ਨਾ ਸਹਾਰਦਾ ਹੋਇਆ 1520 ਈ. ਨੂੰ ਇਸ ਜਹਾਨ ਤੋਂ ਵਫਾਤ ਪਾ ਗਿਆ। ਕਦੇ ਕੋਈ ਨਬੀ ਪੈਗੰਬਰ ਵੈਟੀਕਨ ਸਥਿਤ ਪੌਪ ਨਾਲ ਵਿਚਾਰ ਗੋਸਟੀ ਕਰਨ ਲਈ ਆਪ ਚਲ ਕੇ ਨਹੀਂ ਗਿਆ, ਪਰ ਬਾਬਾ ਨਾਨਕ ਨੇ ਆਪ ਵੈਟੀਕਨ ਜਾ ਕੇ ਪੋਪ ਨੂੰ ਗੁਲਾਮੀ ਦੀ ਪ੍ਰਥਾ ਸਬੰਧੀ ਖਰੀਆਂ-ਖਰੀਆਂ ਗੱਲਾਂ ਕਹੀਆਂ। ਬਾਬੇ ਨਾਨਕ ਦੀਆਂ ਖਰੀਆਂ-ਖਰੀਆਂ ਗੱਲਾਂ ਦਾ ਪੋਪ ਦੇ ਦਿਲ ਉਤੇ ਅਜਿਹਾ ਅਸਰ ਹੋਇਆ ਕਿ ਪੋਪ ਦੀ ਰੂਹ ਕੰਬ ਉਠੀ ਅਤੇ ਪੋਪ ਛੇਤੀ ਹੀ ਦਿਲ ਦੀ ਨਮੋਸ਼ੀ ਵਿੱਚ 1521 ਈ. ਨੂੰ ਇਸ ਜਹਾਨ ਨੂੰ ਛੱਡ ਗਿਆ। ਗੁਰੂ ਜੀ ਨੇ ਮਨੁੱਖ ਅੰਦਰੋਂ ਕੂੜ ਦੀ ਕੰਧ ਢਾਹ ਕੇ ਸੱਚ ਦਾ ਸੰਚਾਰ ਕਰਨ ਲਈ ਵਡਮੁੱਲੇ ਸਿਧਾਂਤ ਪੇਸ਼ ਕੀਤੇ। ਸਤਿਗੁਰ ਜੀ ਦੀਆਂ ਸਿੱਖਿਆਵਾਂ `ਤੇ ਚੱਲ ਕੇ ਸੁਖਦ ਤੇ ਅਨੰਦਮਈ ਜੀਵਨ ਜਿਉਣ ਦੀ ਸੇਧ ਮਿਲਦੀ ਹੈ। ਉਨ੍ਹਾਂ ਕਿਹਾ ‘ਜਗਤੁ ਗੁਰੂ ਬਾਬਾ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਮਨੁੱਖਤਾ ਨੂੰ ਆਪਣੇ ਅੰਦਰੋਂ ਝੂਠ, ਬੇਈਮਾਨੀ, ਕੂੜ-ਕੁਸੱਤ ਜਿਹੀਆਂ ਬੁਰਾਈਆਂ ਦਾ ਤਿਆਗ ਕਰਕੇ ਸੱਚ-ਆਚਾਰ ਦੇ ਧਾਰਨੀ ਬਣਨਾ ਚਾਹੀਦਾ ਹੈ।

Leave a Reply

Your email address will not be published. Required fields are marked *