ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਮੁੜ ਸਥਾਪਤ

ਖਬਰਾਂ ਵਿਚਾਰ-ਵਟਾਂਦਰਾ

*ਰੂਹਾਨੀ ਤੇ ਨੈਤਿਕ ਸ਼ਕਤੀ ਦਾ ਇੱਕ ਰਹੱਸਮਈ ਪ੍ਰਭਾਵ ਹਰ ਪਾਸੇ ਵਰਤਦਾ ਰਿਹਾ
ਜਸਵੀਰ ਸਿੰਘ ਸ਼ੀਰੀ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ 2 ਦਸੰਬਰ 2024 ਦਾ ਦਿਨ ਸਿੱਖ ਧਰਮ/ਕੌਮ ਦੇ ਇਤਿਹਾਸ ਵਿੱਚ ਮਹੱਤਵਪੂਰਨ ਹੋ ਗਿਆ ਹੈ। ਸਿਰਫ ਇਸ ਲਈ ਨਹੀਂ ਕਿ ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਨੇ ਅਕਾਲੀ ਲੀਡਰਸ਼ਿਪ ਨੂੰ ਇਤਿਹਾਸਕ ਗਲਤੀਆਂ ਕਾਰਨ ਸਜ਼ਾ ਲਾਈ; ਸਗੋਂ ਇਸ ਲਈ ਵੀ ਕਿ ਇਸ ਦਿਨ 1984 ਤੋਂ ਬਾਅਦ ਸਿੱਖ ਲੀਡਰਸ਼ਿਪ ਦੇ ਪਿੱਠ ਵਿੱਚ ਪਿਆ ਕੁੱਬ ਸਿੱਧਾ ਕਰ ਦਿੱਤਾ ਗਿਆ ਹੈ।

ਸਿੱਖ ਇਤਿਹਾਸ ਵਿੱਚ ਇਹ ਸੱਚਮੁੱਚ ਇੱਕ ਵੱਡਾ ਦਿਨ ਸੀ। ਇਸ ਦਿਨ ਦੀ ਕਹਾਣੀ ਨੂੰ ਆਉਣ ਵਾਲੇ ਸਮੇਂ ਵਿੱਚ ਇੰਜ ਹੀ ਵੇਖਿਆ ਜਾਵੇਗਾ। ਘੱਟੋ-ਘੱਟ ਸਿੱਖਾਂ ਵਿੱਚ, ਭਾਵੇਂ ਰੈਡੀਕਲ ਧਿਰਾਂ ਵੱਲੋਂ ਆਉਣ ਵਾਲੀ ਆਲੋਚਨਾ ਦੀ ਸੰਭਾਵਨਾ ਬਣੀ ਰਹੇਗੀ। ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ ਗੈਰ-ਸਿੱਖਾਂ ਦੇ ਵਿਚਾਰ ਇਸ ਤੋਂ ਅਲੱਗ ਹੋ ਸਕਦੇ ਹਨ, ਇੱਥੋਂ ਤੱਕ ਕਿ ਇਸ ਦੇ ਵਿਰੁਧ ਵੀ ਹੋ ਸਕਦੇ ਹਨ। ਅਕਾਲੀ ਆਗੂਆਂ ਕੋਲੋਂ ਕੀਤੀਆਂ ਗਈਆਂ ਆਪਣੀਆਂ ਗਲਤੀਆਂ ਦੇ ਬਾਰੇ ਇਕਬਾਲ ਕਰਵਾਉਣ ਤੋਂ ਪਹਿਲਾਂ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਖੇਪ ਵਿੱਚ 1978 ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ‘ਤੇ ਸੰਖੇਪ ਵਿੱਚ ਝਾਤ ਪੁਆਈ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਮਾਣ ਮਰਿਯਾਦਾ ਅਤੇ ਸਿੱਖ ਰਹੁ ਰੀਤਾਂ ਦੇ ਮਹੱਤਵ ‘ਤੇ ਚਾਨਣਾ ਪਾਉਂਦਿਆਂ ਸਜ਼ਾ ਲਾਉਣ ਦੇ ਅਮਲ ਦੀ ਭੂਮਿਕਾ ਬੰਨ੍ਹੀ। ਫਿਰ ਉਨ੍ਹਾਂ ਇੱਕ-ਇੱਕ ਕਰਕੇ ਅਕਾਲੀ ਆਗੂਆਂ ‘ਤੇ ਲੱਗੇ ਦੋਸ਼ ਅਤੇ ਗੁਨਾਹ ਪੜ੍ਹ ਕੇ ਸੁਣਾਏ।
ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਇੱਕ-ਇੱਕ ਕਰਕੇ ਦੋਸ਼ ਲਾਏ ਗਏ। ਇਨ੍ਹਾਂ ਵਿੱਚ ਸੌਦਾ ਸਾਧ ਨੂੰ ਮੁਆਫੀ ਦੇਣ, ਸਿੱਖ ਨੌਜੁਆਨਾਂ ‘ਤੇ ਪੁਲਿਸ ਤਸ਼ੱਦਦ ਕਰਵਾਉਣ ਅਤੇ ਸਿੱਖਾਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਦੋਸ਼ੀ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣਾ ਆਦਿ ਸ਼ਾਮਲ ਸਨ। ਥੋੜ੍ਹੀ ਜਿਹੀ ਹਿਚਕਚਾਹਟ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹ ਸਾਰੇ ਦੋਸ਼ ਸਵੀਕਾਰ ਕਰ ਲਏ। ਸਿੰਘ ਸਾਹਿਬ ਨੇ ਦੋਸ਼ੀ ਅਕਾਲੀ ਲੀਡਰਾਂ ਦੇ ਉੱਤਰਾਂ ਨੂੰ ਗੋਲਮੋਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਆਪਣੇ ਨੈਤਿਕ ਬਲ ਅਤੇ ਡੂੰਘੀ ਧਾਰਮਿਕ ਸੋਝੀ ਨਾਲ ਨਕਾਮ ਕਰ ਦਿੱਤਾ। ਇਸੇ ਤਰ੍ਹਾਂ ਇੱਕ-ਇੱਕ ਕਰਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਕੀ ਸਿੱਖ ਲੀਡਰਾਂ ਦੇ ਗੁਨਾਹ ਵੀ ਪੜ੍ਹ ਕੇ ਸੁਣਾਏ ਅਤੇ ਉਨ੍ਹਾਂ ਨੂੰ ਆਪਣੇ ਗੁਨਾਹ ਸਵੀਕਾਰ ਕਰਨ ਲਈ ਇੱਕ ਰੂਹਾਨੀ ਬਲ ਵੀ ਪ੍ਰਦਾਨ ਕੀਤਾ। ਮਿਸਾਲ ਵਜੋਂ ਸੁਖਬੀਰ ਸਿੰਘ ਬਾਦਲ ਨੇ ਤਕਰੀਬਨ ਹਰ ਗੁਨਾਹ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ‘ਸਾਡੀ ਸਰਕਾਰ ਵੇਲੇ ਬਹੁਤ ਸਾਰੀਆਂ ਭੁੱਲਾਂ ਹੋਈਆਂ ਹਨ।’ ਇਹ ਸਤਰਾਂ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਆਪਣੇ ਆਪ ਸੇਵਾ ਕਰਕੇ ਗਏ ਸਨ, ਉਦੋਂ ਵੀ ਆਖੀਆਂ ਸਨ। ਇਹੋ ਉਨ੍ਹਾਂ ਨੇ ਹਰ ਸਵਾਲ ਦੇ ਉੱਤਰ ਵਿੱਚ ਆਖਣ ਦਾ ਯਤਨ ਕੀਤਾ; ਪਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਨੂੰ ਹਰ ਵਾਰ ਪ੍ਰੇਰਿਆ ਕਿ “ਇਥੇ ਸੱਚ ਬੋਲੋ, ਤੁਸੀਂ ਭਾਰ ਮੁਕਤ ਹੋ ਜਾਉਗੇ।” “ਇੱਥੇ ਜਿੰਨੇ ਨੀਵੇਂ ਹੋ ਜਾੳਗੇ, ਬਾਹਰ ਉਨੇ ਵੱਡੇ ਹੋ ਜਾਉਗੇ।”
ਇਸ ਤਰ੍ਹਾਂ ਉਨ੍ਹਾਂ ਨੇ ਕੁਝ ਹੋਰ ਲੀਡਰਾਂ ਨਾਲ ਵੀ ਕੀਤਾ। ਇਸ ਨਾਲ ਸਿੱਖ ਆਗੂਆਂ ਦੇ ਆਪਣੇ ਗੁਨਾਹ ਸਵੀਕਾਰਨ ਦੇ ਰਾਹ ਵਿੱਚ ਆ ਰਹੀ ਹਉਮੈ ਦੀ ਕੱਚੀ ਦੀਵਾਰ ਗਿਰਦੀ ਗਈ। ਸਿਰਫ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਨ, ਜਿਨ੍ਹਾਂ ਨੇ ਆਪਣੇ ਗੁਨਾਹ ਸਵੀਕਾਰਨ ਤੋਂ ਪਹਿਲਾਂ ਜਥੇਦਾਰ ਸਾਹਿਬ ਨਾਲ ਲੰਮੀ ਦਲੀਲਬਾਜ਼ੀ ਕੀਤੀ। ਉਨ੍ਹਾਂ ਉਤੇ ਦੋਸ਼ ਸੀ ਕਿ ਉਨ੍ਹਾਂ ਨੇ ਸੌਦਾ ਸਾਧ ਦੀ ਸਜ਼ਾ ਮੁਆਫੀ ਦੀ ਜਨਤਕ ਤੌਰ ‘ਤੇ ਹਮਾਇਤ ਕੀਤੀ। ਉਨ੍ਹਾਂ ਵੱਲੋਂ ਉਸ ਮੌਕੇ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਜਥੇਦਾਰ ਸਾਹਿਬਨ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੜ੍ਹ ਕੇ ਸੁਣਾਈਆਂ, ਤਦ ਵੀ ਚੰਦੂਮਾਜਰਾ ਨੇ ਕਿਹਾ ਕਿ ਇਹ ਖ਼ਬਰਾਂ ਅਖ਼ਬਾਰ ਵਿੱਚ ਉਨ੍ਹਾਂ ਨੂੰ ਪੁੱਛੇ ਬਗੈਰ ਦਿੱਤੀਆਂ ਗਈਆਂ ਸਨ। ਜਥੇਦਾਰ ਰਘਬੀਰ ਸਿੰਘ ਨੇ ਅਗਲਾ ਸਵਾਲ ਕੀਤਾ ਕਿ “ਤੁਸੀਂ ਇਸ ਦਾ ਖੰਡਨ ਕਿਉਂ ਨਹੀਂ ਕੀਤਾ, ਤੁਸੀਂ ਅਨਪੜ੍ਹ ਤਾਂ ਹੈ ਨਹੀਂ ਸੀ!” “ਇਹ ਖੰਡਨ ਨਾ ਕਰਨਾ ਤੁਹਾਡੀ ਗਲਤੀ ਹੈ ਜਾਂ ਨਹੀਂ?” ਪ੍ਰੋ. ਚੰਦੂਮਾਜਰਾ ਦਾ ਸੰਖੇਪ ਜੁਆਬ ਸੀ, “ਹਾਂ ਜੀ ਗਲਤੀ ਹੈ।” ਇਸ ‘ਤੇ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ ਸੰਗਤ ਵੱਲ ਨੂੰ ਮੂੰਹ ਕਰਕੇ ਕਹੋ, ਜੋ ਕਹਿਣਾ ਚਾਹੁੰਦੇ ਹੋ ਅਤੇ ਸਾਰੇ ਪਾਸੇ ਇੱਕ ਗੇੜਾ ਦਿਉ। ਪ੍ਰੋ. ਚੰਦੂਮਾਜਰਾ ਨੇ ਇੰਜ ਕੀਤਾ ਵੀ।
ਵਿੱਚੋਂ ਹੀ ਬੋਲਦਿਆਂ ਸੁੱਚਾ ਸਿੰਘ ਲੰਗਾਹ ਨੇ ਆਵਾਜ਼ ਚੁੱਕੀ ਕਿ ‘ਸਿੰਘ ਸਾਹਿਬ ਜੀ, ਅਸੀਂ ਇਨ੍ਹਾਂ ਗੁਨਾਹਾਂ ਲਈ ਸਾਰੇ ਹੀ ਦੋਸ਼ੀ ਹਾਂ, ਸਾਨੂੰ ਸਾਰਿਆਂ ਨੂੰ ਹੀ ਸਜ਼ਾ ਦੇਵੋ।’ ਇਸ ‘ਤੇ ਸਿੰਘ ਸਾਹਿਬ ਦਾ ਸੰਖੇਪ ਹੁਕਮ ਸੀ, “ਜੋ ਪੁੱਛਿਆ ਜਾ ਰਿਹਾ ਉਸ ਦਾ ‘ਹਾਂ’ ਜਾਂ ‘ਨਾਂਹ’ ਵਿੱਚ ਜੁਆਬ ਦਿਓ।” ਫਿਰ ਸੁੱਚਾ ਸਿੰਘ ਲੰਗਾਹ ਚੁੱਪ ਕਰ ਗਏ। ਕੁਝ ਹੋਰ ਆਗੂਆਂ ਨੇ ਵੀ ਇਹੋ ਜਿਹੀਆਂ ਆਵਾਜ਼ਾਂ ਚੁੱਕੀਆਂ, ਪਰ ਸਿੰਘ ਸਾਹਿਬ ਨੇ ਕੋਈ ਧਿਆਨ ਨਹੀਂ ਦਿੱਤਾ। ਮੁੱਖ ਤੌਰ ‘ਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਰਘਬੀਰ ਸਿੰਘ ਮਾਨਸਿਕ ਤੌਰ ‘ਤੇ ਬੇਹੱਦ ਸਥਿਰ (ਨਾਰਮਲ) ਦਿਸ ਰਹੇ ਸਨ। ਲਗਦਾ ਨਹੀਂ ਸੀ ਕਿ ਉਨ੍ਹਾਂ ‘ਤੇ ਕਿਸੇ ਕਿਸਮ ਦਾ ਕੋਈ ਦਬਾਅ ਹੈ; ਜਾਂ ਕਿਸੇ ਦਬਾਅ ਦਾ ਉਨ੍ਹਾਂ ਉਪਰ ਪ੍ਰਭਾਵ ਹੈ। ਸਮਕਾਲੀ ਪਰਿਪੇਖ ਵਿੱਚ ਕੋਈ ਵੀ ਫੈਸਲਾ ਹੋਵੇ, ਕਿਸੇ ਸਿਆਸਤ ਦੇ ਹੱਕ ਵਿੱਚ ਭੁਗਤਦਾ ਹੁੰਦਾ ਹੈ ਅਤੇ ਕਿਸੇ ਦੇ ਵਿਰੋਧ ਵਿੱਚ। ਮੌਜੂਦਾ ਫੈਸਲਿਆਂ ਦੀਆਂ ਵੀ ਕਈ ਸਿਆਸੀ ਅਰਥ-ਸੰਭਾਵਨਾਵਾਂ (ਇੰਪਲੀਕੇਸ਼ਨਜ਼) ਹੋ ਸਕਦੀਆਂ ਹਨ; ਪਰ ਸਿੰਘ ਸਾਹਿਬਾਨ ਦੀ ਇਨ੍ਹਾਂ ਫੈਸਲਿਆਂ ਨੂੰ ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਭੁਗਗਤਾਉਣ ਦੀ ਕੋਈ ਜ਼ਾਹਰਾ ਮਾਨਸਿਕਤਾ ਨਹੀਂ ਸੀ ਦਿਸਦੀ।
ਸਾਰੇ ਸਿੱਖ ਆਗੂਆਂ ਵੱਲੋਂ ਆਪਣੇ ਗੁਨਾਹ ਸਵੀਕਾਰ ਕਰਨ ਤੋਂ ਬਾਅਦ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਪੰਜ ਸਿੰਘ ਸਹਿਬਾਨ ਨੇ ਇੱਕ ਲੰਮੀ ਮੀਟਿੰਗ ਕੀਤੀ। ਤਕਰੀਬਨ ਡੇੜ ਘੰਟਾ ਉਹ ਇਸ ਮੀਟਿੰਗ ਵਿੱਚ ਅਤੇ ਸਟੇਜ ਤੋਂ ਗੈਰ-ਹਾਜ਼ਰ ਰਹੇ। ਉਪਰੰਤ ਉਨ੍ਹਾਂ ਨੇ ਵੱਖ-ਵੱਖ ਆਗੂਆਂ ਨੂੰ ਉਨ੍ਹਾਂ ਦੇ ਗੁਨਾਹਾਂ ਮੁਤਾਬਕ ਸਜ਼ਾ ਸੁਣਾਈ। ਸੰਗਤ ਸੁਖਬੀਰ ਸਿੰਘ ਬਾਦਲ ਨੂੰ ਕੋਈ ਸਖ਼ਤ ਸਜ਼ਾ ਸੁਣਾਉਣ ਦੀ ਉਡੀਕ ਵਿੱਚ ਸੀ। ਜਦੋਂ ਸਿੰਘ ਸਾਹਿਬ ਨੇ ਉਨ੍ਹਾਂ ਨੂੰ ‘ਇੱਕ ਘੰਟੇ ਲਈ ਦਰਬਾਰ ਸਾਹਿਬ ਕੈਂਪਸ ਤੋਂ ਬਾਹਰ ਸੰਗਤ ਲਈ ਬਣੀਆਂ ਟੋਇਲਟਾਂ ਸਾਫ ਕਰਨ ਦੀ ਸਜ਼ਾ ਸੁਣਾਈ ਤਾਂ ਇਸ ਅਣਕਿਆਸੀ ਅਤੇ ਅਣਚਿਤਵੀ ਸਜ਼ਾ ਲੱਗਣ ‘ਤੇ ਇੱਕ ਤਰ੍ਹਾਂ ਨਾਲ ਖਾਮੋਸ਼ੀ ਛਾ ਗਈ। ਸਿਰਫ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਮਾਈਕ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਸਹਿਜ ਅਤੇ ਟਿਕਵੀਂ ਆਵਾਜ਼ ਗੂੰਜ ਰਹੀ ਸੀ। ਮੇਰੇ ਲਾਗੇ ਖੜੇ੍ਹ ਇੱਕ ਮਲਵਈ ਨੌਜੁਆਨ ਦੀ ਆਵਾਜ਼ ਆਈ, “ਸੁਆਦ ਲਿਆ`ਤਾ ਬਈ ਐਂਤਕੀ ਤਾਂ, ਵੱਟ ਕੱਢ ‘ਤੇ।” ਇਹ ਨੌਜਵਾਨ ਸੁਖਬੀਰ ਦੀ ਹਮਾਇਤ ਵਿੱਚ ਆਇਆ ਸੀ।
ਮੈਂ ਸਾਰੇ ਇਰਦ-ਗਿਰਦ ਨਿਗਾਹ ਘੁਮਾਈ। ਸੰਗਤ ਦੇ ਚਿਹਰਿਆਂ ‘ਤੇ ਅਸਚਰਜਤਾ, ਸੰਤੁਸ਼ਟੀ ਦੇ ਰਲੇ-ਮਿਲੇ ਪ੍ਰਭਾਵ ਸਨ। ਫਿਰ ਕਟਹਿਰੇ ਵਿੱਚ ਖੜੇ੍ਹ ਲੀਡਰਾਂ ਵੱਲ ਨਿਗਾਹ ਗਈ। ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਵ੍ਹੀਲ ਚੇਅਰਾਂ ‘ਤੇ ਬੈਠੇ ਸਨ ਅਤੇ ਬਾਕੀ ਸਾਰੇ ਆਗੂ ਜ਼ਮੀਨ ‘ਤੇ ਚੱਪ ਮਾਰ ਕੇ ਬਿਰਾਜਮਾਨ ਸਨ। ਸੁਖਬੀਰ ਸਿੰਘ ਬਾਦਲ ਨੇ ਤਾਂ ਜਥੇਦਾਰ ਸਹਿਬਾਨ ਦੇ ਸੁਆਲਾਂ ਦੇ ਜੁਆਬ ਦੇਣ ਮੌਕੇ ਹੀ ਮੂੰਹ ਉਪਰ ਚੁੱਕਿਆ। ਬਾਕੀ ਸਮਾਂ ਆਪਣੀ ਠੋਡੀ ਦੇ ਐਨ ਸਾਹਮਣੇ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਬੈਠੇ ਰਹੇ। ਸੁਖਦੇਵ ਸਿੰਘ ਢੀਂਡਸਾ ਦਾ ਮੂੰਹ ਉਪਰ ਸੀ। ਕਦੀ-ਕਦੀ ਏਧਰ ਓਧਰ ਵੀ ਵੇਖ ਰਹੇ ਸਨ ਅਤੇ ਆਪਣੀ ਖੁੱਲ੍ਹੀ ਦਾਹੜੀ ਦੇ ਵਾਲਾਂ ਦੇ ਸਿਰਿਆਂ ਨੂੰ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਅਤੇ ਅੰਗੂਠੇ ਦੇ ਪੋਟਿਆਂ ਵਿੱਚ ਲੈ ਕੇ ਰਗੜ ਰਹੇ ਸਨ। ਉਨ੍ਹਾਂ ਦਾ ਮੂੰਹ ਤੇ ਅੱਖਾਂ ਖੁੱਲ੍ਹੀਆਂ ਸਨ ਅਤੇ ਚਿਹਰਾ ਇਉਂ ਸੀ ਜਿਵੇਂ ਕੋਈ ਅਣਕਿਆਸਿਆ, ਅਦਭੁੱਤ ਸੁਪਨਾ ਵੇਖ ਰਹੇ ਹੋਣ। ਅਕਾਲ ਤਖਤ ਸਾਹਿਬ ਦੀ ਨਿਰਲੇਪਤਾ ਅਤੇ ਸਿਆਸੀ ਗੁਨਾਹਗਾਰਾਂ ‘ਤੇ ਕਮਾਂਡ ਬੇਮਿਸਾਲ ਅਤੇ ਮੁਕੰਮਲ ਸੀ। ਨੈਤਿਕ ਸ਼ਕਤੀ ਦੀ ਇੱਕ ਰਹੱਸਮਈ ਦਇਆ ਵਰਤ ਰਹੀ ਸੀ। ਜਥੇਦਾਰ ਸਾਹਿਬਾਨ ਦਾ ਜਲੌਅ ਵੀ ਅੱਜ ਵੇਖਣ ਵਾਲਾ ਸੀ। ਸਾਰਿਆਂ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਗੁਨਾਹਗਾਰਾਂ ਦੇ ਗਲ਼ਾਂ ਵਿੱਚ ਤਖਤੀਆਂ ਪਾਉਣ ਦਾ ਹੁਕਮ ਵੀ ਗਿਆਨੀ ਰਘਬੀਰ ਸਿੰਘ ਵੱਲੋਂ ਆਇਆ।
ਪਰਮਜੀਤ ਸਰਨਾ ਦਾ ਰੰਗ ਢੰਗ:
ਦਿੱਲੀ ਦੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸੱਜੇ ਹੱਥ, ਆਮ ਸੰਗਤ ਨੂੰ ਰੋਕਣ ਲਈ ਲੱਗੀ ਹੋਈ ਵਾੜ ਨੂੰ ਫੜੀਂ ਇੱਕ ਕੋਨੇ ‘ਤੇ ਖੜ੍ਹੇ ਸਨ। ਜਦੋਂ ਅਕਾਲੀ ਆਗੂਆਂ ਦੇ ਦੋਸ਼ ਸੁਣਾਏ ਜਾ ਰਹੇ ਸਨ ਤਾਂ ਉਨ੍ਹਾਂ ਕਈ ਵਾਰ ਮੁੜ ਕੇ ਸੰਗਤ ਵੱਲ ਵੇਖਿਆ। ਉਨ੍ਹਾਂ ਦਾ ਚਿਹਰਾ ਕਿਸੇ ਗੁਝੀ ਖੁਸ਼ੀ ਨਾਲ ਦਮਕ ਰਿਹਾ ਸੀ, ਭਲਾਂ ਕਿਉਂ? ਮੈਨੂੰ ਤੇ ਪਤਾ ਨਹੀਂ। ਪਰ ਜਦੋਂ ਉਨ੍ਹਾਂ ਦੇ ਭਰਾ ਹਰਵਿੰਦਰ ਸਿੰਘ ਸਰਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਿਰੁਧ ਯੂਨੀਅਨਬਾਜ਼ੀ ਕਰਨ ਵਰਗੀਆਂ ਟਿੱਪਣੀਆਂ ਕਰਨ ਲਈ ਤਨਖਾਹੀਆ ਕਰਾਰ ਦਿੱਤਾ ਗਿਆ ਤਾਂ ਉਹ ਉਥੋਂ ਖਿਸਕ ਚੁੱਕੇ ਸਨ।

Leave a Reply

Your email address will not be published. Required fields are marked *