ਪੰਜਾਬੀਆਂ ਬਾਰੇ ਇਹ ਅਕਸਰ ਹੀ ਕਿਹਾ ਜਾਂਦਾ ਹੈ ਕਿ ‘ਪੰਜਾਬੀਆਂ ਦੀ ਸ਼ਾਨ ਵੱਖਰੀ।’ ਇਹ ਨਿੱਕਾ ਜਿਹਾ ਵਾਕ ਵੱਡੀ ਗੱਲ ਬਿਆਨਣ ਦੇ ਸਮਰੱਥ ਹੈ। ਇਹ ਸੌ ਫ਼ੀਸਦੀ ਸੱਚ ਹੈ ਕਿ ਪੰਜਾਬੀਆਂ ਦੀ ਸ਼ਾਨ ਸਾਰੇ ਜਗ ਤੋਂ ਨਿਰਾਲੀ ਹੈ ਤੇ ਇਹ ਲੱਖਾਂ ਮੁਸ਼ਕਿਲਾਂ ਤੇ ਮੁਸੀਬਤਾਂ ਦੇ ਰੂਬਰੂ ਹੁੰਦਿਆਂ ਹੋਇਆਂ ਵੀ ਸਦਾ ‘ਚੜ੍ਹਦੀ ਕਲਾ’ ਵਿੱਚ ਹੀ ਰਹਿੰਦੇ ਹਨ। ਇਨ੍ਹਾਂ ਦੇ ਲਹੂ ਵਿੱਚ ਮਿਹਨਤ ਅਤੇ ਸਿਰੜ ਦੀ ਗੁੜ੍ਹਤੀ ਦੌੜ੍ਹਦੀ ਹੈ।
ਇਹ ਮਿਹਨਤਕਸ਼ਾਂ, ਬਹਾਦਰਾਂ ਤੇ ਸੂਰਬੀਰਾਂ ਦੀ ਕੌਮ ਹੈ, ਜੋ ਸਮੁੱਚੀ ਕਾਇਨਾਤ ਦਾ ਤੇ ਸਮੁੱਚੀ ਮਨੁੱਖਤਾ ਦਾ ਭਲਾ ਮੰਗਦੀ ਹੋਈ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦਾ ਨਾਅਰਾ ਸਦਾ ਹੀ ਬੁਲੰਦ ਕਰਦੀ ਆਈ ਹੈ। ਪੰਜਾਬੀਆਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਮੱਲਾਂ ਮਾਰ ਕੇ ਆਪਣੀ ਪੰਜਾਬੀਅਤ ਦਾ ਲੋਹਾ ਸੰਸਾਰ ਭਰ ਤੋਂ ਮੰਨਵਾਇਆ ਹੈ। ਆਓ, ਅੱਜ ਸਕਾਟਲੈਂਡ ਦੀ ਧਰਤੀ ਅਤੇ ਸਕਾਟਲੈਂਡ ਦੇ ਵਾਸੀਆਂ ਨਾਲ ਪੰਜਾਬੀਆਂ ਦੀ ਸਾਂਝ ਅਤੇ ਉੱਥੇ ਜਾ ਕੇ ਵੱਸੇ ਪੰਜਾਬੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ’ਤੇ ਝਾਤ ਮਾਰੀਏ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ: +91-9781646008
ਸਕਾਟਲੈਂਡ, ਦਰਅਸਲ ਯੂ.ਕੇ. ਭਾਵ ‘ਯੂਨਾਈਟਿਡ ਕਿੰਗਡਮ’ ਦਾ ਹੀ ਇੱਕ ਹਿੱਸਾ ਮੰਨਿਆ ਜਾਂਦਾ ਇੱਕ ਮੁਲਕ ਹੈ, ਜੋ ਯੂ.ਕੇ. ਦੇ ਕੁੱਲ ਜ਼ਮੀਨੀ ਖੇਤਰ ਦੇ ਲਗਪਗ ਇੱਕ ਤਿਹਾਈ ਹਿੱਸੇ ਨੂੰ ਆਪਣੇ ਕਲਾਵੇ ਵਿੱਚ ਲਈ ਬੈਠਾ ਹੈ। ਇਸ ਮੁਲਕ ਦੀਆਂ ਹੱਦਾਂ ਅੰਦਰ ਗ੍ਰੇਟ ਬ੍ਰਿਟੇਨ ਭਾਵ ਬਰਤਾਨੀਆ ਦਾ ਉੱਤਰੀ ਹਿੱਸਾ ਅਤੇ ਉਸਦੇ ਨਾਲ ਜੁੜਦੇ 790 ਟਾਪੂ ਸ਼ਾਮਿਲ ਹਨ। ਇਹ ਮੁਲਕ ਉੱਤਰ ਅਤੇ ਪੱਛਮ ਵਾਲੇ ਪਾਸਿਉਂ ਅਟਲਾਂਟਿਕ ਸਾਗਰ, ਉੱਤਰ-ਪੂਰਬ ਵਾਲੇ ਪਾਸਿਉਂ ਉੱਤਰ ਸਾਗਰ ਅਤੇ ਦੱਖਣ ਦੀ ਤਰਫ਼ੋਂ ਆਈਰਿਸ਼ ਸਾਗਰ ਨਾਲ ਘਿਰਿਆ ਹੋਇਆ ਹੈ। ਸਾਲ 2022 ਵਿੱਚ ਇੱਥੋਂ ਦੀ ਜਨਸੰਖਿਆ 54,39,842 ਦੇ ਕਰੀਬ ਸੀ। ਇਸਦੀ ਰਾਜਧਾਨੀ ਬੇਸ਼ੱਕ ਐਡਿਨਬਰਗ ਹੈ, ਪਰ ਇਸਦਾ ਸਭ ਤੋਂ ਵੱਡਾ ਸ਼ਹਿਰ ਗਲਾਸਗੋ ਹੈ। ਸਕਾਟਲੈਂਡ ਵਿਖੇ ਵੱਸਣ ਵਾਲੇ ਭਾਰਤੀਆਂ ਦੀ ਸੰਖਿਆ 52,951 ਹੈ, ਜੋ ਸਕਾਟਲੈਂਡ ਦੀ ਕੁੱਲ ਆਬਾਦੀ ਦਾ ਲਗਪਗ ਇੱਕ ਫ਼ੀਸਦੀ ਬਣਦਾ ਹੈ। ਇੱਥੇ ਇਹ ਗੱਲ ਦਰਜ ਕਰਨ ਯੋਗ ਹੈ ਕਿ ਭਾਰਤੀਆਂ ਦੇ ਸਕਾਟਲੈਂਡ ਵੱਲ ਜਾਣ ਦੀ ਸੰਖਿਆ ਵਿੱਚ ਸੰਨ 2001 ਤੋਂ ਲੈ ਕੇ ਸੰਨ 2014 ਤੱਕ 117 ਫ਼ੀਸਦੀ ਵਾਧਾ ਵੇਖਿਆ ਗਿਆ ਸੀ।
ਪੰਜਾਬੀਆਂ ਨਾਲ ਸਕਾਟਲੈਂਡ ਦੀ ਸਾਂਝ ਕੋਈ ਅੱਜ ਤੋਂ ਸਵਾ ਤਿੰਨ ਸੌ ਸਾਲ ਪੁਰਾਣੀ ਹੈ। ਸੰਨ 1707 ਵਿੱਚ ਸਕਾਟਲੈਂਡ ਦਾ ਰਲ੍ਹੇਵਾਂ ਇੰਗਲੈਂਡ ਵਿੱਚ ਹੋਇਆ ਸੀ, ਜਿਸ ਸਦਕਾ ਯੂ.ਕੇ. ਹੋਂਦ ਵਿੱਚ ਆਇਆ ਸੀ। ਸਕਾਟਲੈਂਡ ਦੀਆਂ ਕੁਝ ਉੱਘੀਆਂ ਹਸਤੀਆਂ ਦੀ ਉਸ ਵੇਲੇ ਈਸਟ ਇੰਡੀਆ ਕੰਪਨੀ ਤੱਕ ਪਹੁੰਚ ਸੀ ਤੇ ਇਸ ਕੰਪਨੀ ਨਾਲ ਸਬੰਧਾਂ ਦੇ ਚਲਦਿਆਂ ਉਹ ਹਸਤੀਆਂ ਭਾਰਤ ਆਣ ਪੁੱਜੀਆਂ ਸਨ। ਜ਼ਿਕਰਯੋਗ ਹੈ ਕਿ ਸਕਾਟਲੈਂਡ ਵਾਸੀ ਉਹ ਲੋਕ ਬਤੌਰ ਵਪਾਰੀ, ਇੰਜੀਨੀਅਰ, ਅਧਿਆਪਕ, ਮਿਸ਼ਨਰੀ ਅਤੇ ਚਾਹਪੱਤੀ ਦੇ ਉਤਪਾਦਕ ਵਜੋਂ ਭਾਰਤ ਆਏ ਸਨ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਸੰਨ 1771 ਤੱਕ ਈਸਟ ਇੰਡੀਆ ਕੰਪਨੀ ਦੇ ਜ਼ਿਆਦਾਤਰ ਕਰਮਚਾਰੀ ਸਕਾਟਲੈਂਡ ਵਾਸੀ ਹੀ ਸਨ। ਬੜਾ ਹੀ ਦਿਲਚਸਪ ਤੱਥ ਇਹ ਵੀ ਹੈ ਕਿ ਭਾਰਤ ਦੇ ਪਹਿਲੇ ਤਿੰਨ ਗਵਰਨਰ ਜਨਰਲ ਵੀ ਸਕਾਟਲੈਂਡ ਦੇ ਨਾਗਰਿਕ ਹੀ ਸਨ।
ਸੰਨ 1784 ਵਿੱਚ ਜਦੋਂ ਹੈਨਰੀ ਡਿਊਨਾ ਨੇ ਈਸਟ ਇੰਡੀਆ ਕੰਪਨੀ ਦੇ ਕੰਟਰੋਲ ਬੋਰਡ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਤਾਂ ਉਸਨੇ ਭਾਰਤ ਵਿੱਚ ਸਕਾਟਲੈਂਡੀਅਨਾਂ ਦੀ ਸੰਖਿਆ ਇਸ ਕਦਰ ਵਧਾ ਦਿੱਤੀ ਕਿ ਉਸ ਵਕਤ ਈਸਟ ਇੰਡੀਆ ਕੰਪਨੀ ਨਾਲ ਸਬੰਧਿਤ ਹਰੇਕ ਨੌਂ ਸਿਵਲ ਅਫ਼ਸਰਾਂ ਵਿੱਚੋਂ ਇੱਕ, ਹਰੇਕ 10 ਸੈਨਿਕਾਂ ਵਿੱਚੋਂ 6 ਅਤੇ ਹਰੇਕ 3 ਅਫ਼ਸਰਾਂ ਵਿੱਚੋਂ 1 ਅਫ਼ਸਰ ਸਕਾਟਲੈਂਡ ਨਾਲ ਸਬੰਧਿਤ ਸੀ। ਸੰਨ 1830 ਤੱਕ ਆਉਂਦਿਆਂ-ਆਉਂਦਿਆਂ ਭਾਰਤ ਵਿੱਚ ਵੱਸਦੇ ਸਕਾਟਲੈਂਡ ਵਾਸੀ ਵਪਾਰੀਆਂ ਨੇ ਇੱਥੋਂ ਪਟਸਨ, ਚਾਹਪੱਤੀ, ਲੱਕੜੀ, ਕੋਲਾ, ਖੰਡ ਅਤੇ ਕਪਾਹ ਦਾ ਨਿਰਯਾਤ ਅਰੰਭ ਕਰ ਦਿੱਤਾ ਸੀ ਤੇ ਉਨ੍ਹਾਂ ਦੀ ਬਦੌਲਤ ਸੰਨ 1880 ਤੱਕ ਭਾਰਤ ਆਪਣੇ ਗੁਆਂਢੀ ਮੁਲਕ ਚੀਨ ਦੀ ਚਾਹਪੱਤੀ ਦੇ ਖੇਤਰ ਵਿੱਚ ਸਰਦਾਰੀ ਨੂੰ ਪਛਾੜ ਕੇ ਪਹਿਲੇ ਸਥਾਨ ’ਤੇ ਪੁੱਜ ਗਿਆ ਸੀ। ਹਿੰਦੁਸਤਾਨ ਵਿੱਚ, ਤੇ ਖ਼ਾਸ ਕਰਕੇ ਬੰਗਾਲ ਅਤੇ ਮਹਾਂਰਾਸ਼ਟਰ ਵਿੱਚ ਆਧੁਨਿਕ ਸਿੱਖਿਆ ਵਾਲੇ ਵਿਦਿਅਕ ਅਦਾਰਿਆਂ ਦੀ ਸਥਾਪਨਾ ਸਕਾਟਿਸ਼ ਲੋਕਾਂ ਨੇ ਹੀ ਕੀਤੀ ਸੀ। ਬੰਬਈ ਦੇ ਮਾਹਿਮ ਅਤੇ ਪੋਵਈ ਇਲਾਕਿਆਂ ਵਿੱਚ ‘ਬੰਬੇ-ਸਕਾਟਿਸ਼ ਸਕੂਲ’ ਦੀ ਸਥਾਪਨਾ ਕ੍ਰਮਵਾਰ ਸੰਨ 1847 ਅਤੇ ਸੰਨ 1897 ਵਿੱਚ ਕੀਤੀ ਗਈ ਸੀ ਤੇ ਸੰਨ 1830 ਵਿੱਚ ‘ਸਕਾਟਿਸ਼ ਚਰਚ ਕਾਲਜ’ ਵੀ ਸਥਾਪਿਤ ਕਰ ਦਿੱਤਾ ਗਿਆ ਸੀ। ਸੰਨ 1914 ਵਿੱਚ ਤਾਂ ਕਲਕੱਤਾ-ਸਕਾਟਿਸ਼ ਰੈਜੀਮੈਂਟ ਨਾਮਕ ਫ਼ੌਜੀ ਟੁਕੜੀ ਦੀ ਸਥਾਪਨਾ ਵੀ ਕੀਤੀ ਗਈ ਸੀ ਤੇ ਹੈਰਾਨੀ ਦੀ ਗੱਲ ਹੈ ਕਿ ਕਲਕੱਤਾ ਵਿਖੇ ਸਥਿਤ ‘ਸਕਾਟਿਸ਼ ਕਬਰਸਤਾਨ’ ਵਿਖੇ ਮੌਜੂਦ ਕਬਰਾਂ ਵਿੱਚੋਂ 90 ਫ਼ੀਸਦੀ ਕਬਰਾਂ ਸਕਾਟਿਸ਼ ਲੋਕਾਂ ਦੀਆਂ ਸਨ, ਜਦੋਂ ਕਿ ਭਾਰਤੀਆਂ ਦੀ ਕਬਰਾਂ ਕੇਵਲ 10 ਫ਼ੀਸਦੀ ਹੀ ਸਨ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹੇ ਜਾਰਜ ਯੂਲੇ, ਭਾਰਤੀ ਪੁਰਾਤਤਵ ਵਿਭਾਗ ਦੇ ਸੰਸਥਾਪਕ ਤੇ ਇਤਿਹਾਸਕਾਰ ਐਲਗਜ਼ੈਂਡਰ ਕਨਿੰਘਮ, ਮੈਜਿਸਟ੍ਰੇਟ ਨਾਰਮਲ ਮਾਰਜਰਬੈਂਕਸ, ਇਤਿਹਾਸਕਾਰ ਵਿਲੀਅਮ ਡਲਰਿੰਪੇ ਅਤੇ ਹਿੰਦੀ ਫ਼ਿਲਮਾਂ ਦੀ ਸਟੰਟ ਅਦਾਕਾਰਾ ਫ਼ੀਅਰਲੈੱਸ ਨਾਦੀਆ ਆਦਿ ਹਸਤੀਆਂ ਸਕਾਟਲੈਂਡ ਤੋਂ ਹੀ ਭਾਰਤ ਆਈਆਂ ਸਨ।
ਸਕਾਟਲੈਂਡ ਦੀ ਧਰਤੀ ’ਤੇ ਪੁੱਜੇ ਪਹਿਲੇ ਪੰਜਾਬੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਾਪਤ ਇਤਿਹਾਸਕ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਪੁੱਜਣ ਵਾਲਾ ਪਹਿਲਾ ਪੰਜਾਬੀ ਸ਼ਖ਼ਸ ਅਸਲ ਵਿੱਚ ਮਹਾਰਾਜਾ ਦਲੀਪ ਸਿੰਘ ਸੀ, ਜੋ ਸੰਨ 1855 ਵਿੱਚ ਇੱਥੋਂ ਦੇ ਪਾਰਥਸ਼ਾਇਰ ਨਾਮਕ ਸ਼ਹਿਰ ’ਚ ਪੁੱਜਾ ਸੀ। ਉਹ ਐਬਰਫੈਲਡੇ ਵਿਖੇ ਸਥਿਤ ਮੈਨਜ਼ੀ ਕਿਲੇ ਵਿੱਚ ਠਹਿਰਿਆ ਸੀ ਅਤੇ ਇੱਥੇ ਹੀ ਉਸਦੇ ਪਹਿਲੇ ਪੁੱਤਰ ਦਾ ਜਨਮ ਹੋਇਆ ਸੀ; ਤੇ ਇੱਥੇ ਨੇੜੇ ਹੀ ਕੇਨਮੋਰ ਕਿਰਕ ਨਾਮਕ ਇਲਾਕੇ ਵਿੱਚ ਉਸਦੇ ਪੁੱਤਰ ਦੀ ਕਬਰ ਵੀ ਮੌਜੂਦ ਹੈ। ਉਸਦੇ ਇੱਥੇ ਆਉਣ ਤੋਂ ਲਗਪਗ ਸੱਠ ਸਾਲ ਬਾਅਦ ਸੰਨ 1920 ਦੇ ਆਸ-ਪਾਸ ਪੰਜਾਬੀਆਂ ਦੀ ਇੱਕ ਵੱਡੀ ਗਿਣਤੀ ਦਾ ਸਕਾਟਲੈਂਡ ਦੀ ਧਰਤੀ ’ਤੇ ਆਗਮਨ ਅਰੰਭ ਹੋਇਆ ਸੀ ਤੇ ਉਹ ਇੱਥੇ ਆ ਕੇ ਗਲਾਸਗੋ ਅਤੇ ਐਡਿਨਬਰਗ ਆਦਿ ਇਲਾਕਿਆਂ ਵਿੱਚ ਵੱਸ ਗਏ ਸਨ। ਵੀਹਵੀਂ ਸਦੀ ਦੇ ਅਖ਼ੀਰ ਵਿੱਚ ਸਕਾਟਲੈਂਡ ਆਉਣ ਵਾਲੇ ਪੰਜਾਬੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਸੀ ਤੇ ਸਾਲ 2022 ਦੀ ਜਨਗਣਨਾ ਅਨੁਸਾਰ ਇੱਥੇ ਵੱਸਣ ਵਾਲੇ ਪੰਜਾਬੀਆਂ ਦੀ ਸੰਖਿਆ 10,988 ਸੀ, ਜੋ ਕਿ ਸਕਾਟਲੈਂਡ ਦੀ ਕੁੱਲ ਆਬਾਦੀ ਦਾ 0.2 ਫ਼ੀਸਦੀ ਬਣਦਾ ਸੀ। ਉਂਜ ਇਹ ਦਿਲਚਸਪ ਤੱਥ ਹੈ ਕਿ ਇੱਥੇ ਪੰਜਾਬੀਆਂ ਦੀ ਆਬਾਦੀ ਸੰਨ 2001 ਵਿੱਚ 6572 ਅਤੇ ਸੰਨ 2011 ਵਿੱਚ 9055 ਸੀ।
ਸਕਾਟਲੈਂਡ ਵਿਖੇ ਮੌਜੂਦ ‘ਸਕਾਟਿਸ਼ ਸਿੱਖ ਐਸੋਸੀਏਸ਼ਨ’ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਆਸ-ਪਾਸ ਇਥੇ ਪੁੱਜਣ ਵਾਲੇ ਜ਼ਿਆਦਾਤਰ ਪੰਜਾਬੀ ਗਲਾਸਗੋ ਵਿਖੇ ਹੀ ਵੱਸ ਗਏ ਸਨ ਤੇ ਪੰਜਾਬੀਆਂ ਵੱਲੋਂ ਦੱਖਣੀ ਪੋਰਟਲੈਂਡ ਸਟਰੀਟ ਨਾਮਕ ਇਲਾਕੇ ਵਿੱਚ ਆਪਣਾ ਪਹਿਲਾ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸੰਨ 2011 ਵਿੱਚ ਗਲਾਸਗੋ ਵਿਖੇ 3150 ਦੇ ਕਰੀਬ ਪੰਜਾਬੀ ਵੱਸਦੇ ਸਨ, ਜਦੋਂ ਕਿ ਸਾਲ 2022 ਵਿੱਚ ਇਹ ਅੰਕੜਾ 3450 ਤੱਕ ਪੁੱਜ ਗਿਆ ਸੀ ਤੇ ਇਸੇ ਸਮੇਂ ਦੌਰਾਨ ਪੈਸੀਫ਼ਰਿਊਸ਼ਾਇਰ ਵਿਖੇ ਪੰਜਾਬੀਆਂ ਦੀ ਆਬਾਦੀ 573 ਤੋਂ ਵਧ ਕੇ 835 ਤੱਕ ਹੋ ਗਈ ਸੀ। ਇਸੇ ਤਰ੍ਹਾਂ ਨੌਰਥ-ਲੰਕਾਸ਼ਾਇਰ ਵਿਖੇ ਵੱਸਦੇ ਪੰਜਾਬੀਆਂ ਦਾ ਅੰਕੜਾ 371 ਦੀ ਥਾਂ 672 ਹੋ ਗਿਆ ਸੀ ਤੇ ਕੁਝ ਇੱਕ ਹੋਰ ਸ਼ਹਿਰਾਂ ਵਿੱਚ ਪੰਜਾਬੀਆਂ ਦੀ ਆਬਾਦੀ ਦੋ ਅੰਕਾਂ ਦੀ ਥਾਂ ਤਿੰਨ ਅੰਕਾਂ ਵਿੱਚ ਆ ਗਈ ਸੀ। ਸਾਲ 2022 ਤੱਕ ਸਕਾਟਲੈਂਡ ਵਿਖੇ ਸਥਿਤ ਗੁਰਦੁਆਰਾ ਸਾਹਿਬਾਨ ਦੀ ਸੰਖਿਆ ਸੱਤ ਹੋ ਚੁੱਕੀ ਸੀ, ਜਿਨ੍ਹਾਂ ਵਿੱਚ ਗਲਾਸਗੋ ਵਿਖੇ 4, ਐਡਿਨਬਰਗ ਵਿਖੇ 1, ਇਰਵੀਨਾ ਵਿਖੇ 1 ਅਤੇ ਡੰਡੀ ਵਿਖੇ 1 ਗੁਰਦੁਆਰਾ ਸਾਹਿਬ ਸੁਸ਼ੋਭਿਤ ਸਨ। ਸਕਾਟਲੈਂਡ ਦੀ ਵੇਸ਼ਭੂਸ਼ਾ ਦਾ ਇੱਕ ਅਹਿਮ ਹਿੱਸਾ ਮੰਨੇ ਜਾਂਦੇ ‘ਟਾਰਟਨ’ ਨਾਮਕ ਕੱਪੜੇ ਦੀ ਤਾਂ ਪੰਜਾਬੀਆਂ ਨੇ ਇੱਕ ਆਪਣੀ ਹੀ ਵੱਖਰੀ ਕਿਸਮ ਦੀ ਈਜਾਦ ਕੀਤੀ ਹੋਈ ਹੈ, ਜਿਸਦੀ ਵਰਤੋਂ ਉਹ ਵਿਸ਼ੇਸ਼ ਮੌਕਿਆਂ ’ਤੇ ਕਰਦੇ ਹਨ। ਪੰਜਾਬੀ ਸਮਾਜ ਦੇ ਲੋਕਾਂ ਨੇ ਸੰਨ 1992 ਵਿੱਚ ਵਿਸਾਖੀ ਅਤੇ ਖ਼ਾਲਸਾ ਸਿਰਜਣਾ ਦਿਵਸ ਮੌਕੇ ਇਥੇ ਪਹਿਲਾ ਨਗਰ ਕੀਰਤਨ ਸਜਾਇਆ ਸੀ।
ਸਕਾਟਲੈਂਡ ਵਿਖੇ ਆ ਕੇ ਨਾਮਣਾ ਖੱਟਣ ਵਾਲੀਆਂ ਹਸਤੀਆਂ ਦੀ ਜੇ ਗੱਲ ਕਰੀਏ ਤਾਂ ਪੈਮ ਗੌਸਲ ਇੱਥੇ ਪੱਛਮੀ ਸਕਾਟਲੈਂਡ ਖਿੱਤੇ ਤੋਂ ਸੰਸਦ ਮੈਂਬਰ ਚੁਣੇ ਜਾਣ ਦਾ ਸੁਭਾਗ ਹਾਸਿਲ ਕਰ ਚੁੱਕੀ ਹੈ, ਜਦੋਂ ਕਿ ਹਰਦੀਪ ਸਿੰਘ ਕੋਹਲੀ ਅਤੇ ਸੰਜੀਵ ਕੋਹਲੀ ਨਾਮੀ ਕਾਮੇਡੀ ਅਦਾਕਾਰ ਹਨ ਤੇ ਟੋਨੀ ਸਿੰਘ ਇੱਕ ਮਸ਼ਹੂਰ ਸ਼ੈੱਫ਼ ਹਨ। ਸੰਗੀਤਕਾਰ ਭਰਾ ਰਾਜ ਸਿੰਘ ਅਤੇ ਪਾਬਲੋ ਸਿੰਘ ਆਪਣੇ ਸੰਗੀਤਕ ਬੈਂਡ ‘ਟਾਈਗਰ ਸਟਾਈਲ’ ਕਰਕੇ ਚੰਗਾ ਨਾਮਣਾ ਖੱਟ ਚੁੱਕੇ ਹਨ। ਜਗਤਾਰ ਸਿੰਘ ਸੋਹਲ ਜਿੱਥੇ ਇੱਕ ਚਰਚਿਤ ਸਿੱਖ ਬੁੱਧੀਜੀਵੀ ਹਨ, ਉਥੇ ਹੀ ਚਰਨ ਸਿੰਘ ਗਿੱਲ ਭੋਜਨ ਦੇ ਖੇਤਰ ਵਿੱਚ ‘ਕੜ੍ਹੀ ਕਿੰਗ’ ਵਜੋਂ ਪਛਾਣ ਰੱਖਦੇ ਹਨ ਅਤੇ ਅਨੇਕਾਂ ਰੈਸਟੋਰੈਂਟਾਂ ਦੇ ਮਾਲਕ ਆਖੇ ਜਾਂਦੇ ਸੱਤੀ ਸਿੰਘ ਵੀ ਸਕਾਟਲੈਂਡ ਦੇ ਮੁੱਖ ਸ਼ਹਿਰ ਗਲਾਸਗੋ ਦੀ ਇੱਕ ਸਤਿਕਾਰਤ ਹਸਤੀ ਹਨ। ਇਨ੍ਹਾਂ ਤੋਂ ਪਹਿਲਾਂ ਸ. ਗਿਆਨ ਸਿੰਘ ਉਹ ਸ਼ਖ਼ਸੀਅਤ ਸਨ, ਜੋ ਸੰਨ 1940 ਦੇ ਆਸ-ਪਾਸ ਸਕਾਟਲੈਂਡ ਵਿਖੇ ਪੁੱਜੇ ਸਨ ਤੇ ਉਨ੍ਹਾਂ ਨੇ ਘਰ-ਘਰ ਤੇ ਗਲੀ-ਗਲੀ ਫੇਰੀ ਲਾ ਕੇ ਚੀਜ਼ਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਫਿਰ ਆਪਣੀ ਸਖ਼ਤ ਤੇ ਅਣਥੱਕ ਮਿਹਨਤ ਸਦਕਾ ਇੱਕ ਵੱਡੇ ਕਾਰੋਬਾਰੀ ਵਜੋਂ ਨਾਮ ਕਮਾਉਣ ਵਿੱਚ ਸਫ਼ਲ ਰਹੇ ਸਨ। ਸ. ਸੇਵਾ ਸਿੰਘ ਕੋਹਲੀ ਭਾਰਤੀ ਰੇਲਵੇ ਦੇ ਇੱਕ ਅਫ਼ਸਰ ਸਨ, ਜੋ ਸੰਨ 1962 ਵਿੱਚ ਸਕਾਟਲੈਂਡ ਪੁੱਜੇ ਸਨ ਤੇ ਬਤੌਰ ਕਾਰੋਬਾਰੀ ਉਨ੍ਹਾਂ ਨੇ ‘ਬੇਦੀ ਐਂਡ ਕੋਹਲੀ ਟ੍ਰੇਡਰਜ਼’ ਨਾਂ ਦੀ ਇੱਕ ਕੰਪਨੀ ਚਲਾਈ ਸੀ ਤੇ ਫਿਰ ‘ਕੋਹਲੀ ਟਰੈਵਲਜ਼’ ਦੀ ਸਫ਼ਲਤਾ ਨੇ ਉਨ੍ਹਾਂ ਦਾ ਨਾਂ ਸਿਖਰ ’ਤੇ ਪਹੁੰਚਾ ਦਿੱਤਾ ਸੀ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਨੂੰ ‘ਮੈਡਲ ਆੱਫ਼ ਬ੍ਰਿਟਿਸ਼ ਐਂਪਾਇਰ’ ਜਿਹੇ ਵੱਕਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।
ਸੰਨ 1970 ਵਿੱਚ ਸਕਾਟਲੈਂਡ ਪੁਲਿਸ ਵਿੱਚ ਬਤੌਰ ਪਹਿਲੇ ਦੱਖਣ ਏਸ਼ੀਆਈ ਪੁਲਿਸ ਅਫ਼ਸਰ ਭਰਤੀ ਹੋਣ ਵਾਲੇ ਸਿੱਖ ਅਫ਼ਸਰ ਹੋਣ ਦਾ ਸ਼ਰਫ਼ ਸ. ਦਿਲਾਵਰ ਸਿੰਘ ਦੇ ਹਿੱਸੇ ਆਇਆ ਸੀ, ਜਦੋਂ ਕਿ ਸੰਨ 1974 ਵਿੱਚ ਸਵਰਨਜੀਤ ਸੰਧੂ ਨੂੰ ਪਹਿਲੀ ਦੱਖਣ ਏਸ਼ੀਆਈ ਮਹਿਲਾ ਪੁਲਿਸ ਅਫ਼ਸਰ ਹੋਣ ਦਾ ਮਾਣ ਹਾਸਿਲ ਹੋਇਆ ਸੀ। ‘ਸਿੱਖ ਸੰਜੋਗ’ ਨਾਮੀ ਸਮਾਜ ਸੇਵੀ ਸੰਗਠਨ ਦੀ ਸੰਸਥਾਪਕ ਤ੍ਰਿਸ਼ਨਾ ਸਿੰਘ, ‘ਰਿਲੀਜਨ ਫ਼ਾਰ ਪੀਸ’ ਨਾਮੀ ਸੰਸਥਾ ਦੀ ਚੇਅਰਪਰਸਨ ਰਵਿੰਦਰ ਕੌਰ ਨਿੱਝਰ, ਰੇਡੀਓ ਹੋਸਟ ਵਜੋਂ ਮਸ਼ਹੂਰ ਰੂਪਾ ਮੂੱਕਰ ਅਤੇ ਸਕਾਟਿਸ਼ ਚੈਂਬਰ ਆੱਫ਼ ਕਾਮਰਸ ਦੇ ਡਿਪਟੀ ਚੇਅਰਮੈਨ ਚਰਨਦੀਪ ਸਿੰਘ ਆਦਿ ਤਾਂ ਸਕਾਟਲੈਂਡ ਵਿੱਚ ਪੰਜਾਬੀਆਂ ਦੀ ਵੱਖਬੀ ਪਛਾਣ ਕਾਇਮ ਕਰਨ ਵਿੱਚ ਸਫ਼ਲ ਰਹਿਣ ਵਾਲੀਆਂ ਸ਼ਖ਼ਸੀਅਤਾਂ ਹਨ। ਸਕਾਟਲੈਂਡ ਵਿੱਚ ਜਾ ਵੱਸੇ ਸ. ਗਿਆਨ ਸਿੰਘ, ਦੂਜੀ ਸੰਸਾਰ ਜੰਗ ਵਿੱਚ ਭਾਗ ਲੈਣ ਕਰਕੇ ਬਰਤਾਨੀਆਂ ਦੇ ਮਾਣਮੱਤੇ ਸਨਮਾਨ ‘ਵਿਕਟੋਰੀਆ ਕ੍ਰਾਸ’ ਦੇ ਵਿਜੇਤਾ ਸਨ ਅਤੇ ਦਰਬਾਰਾ ਸਿੰਘ ਭੁੱਲਰ ਵੀ ਇੱਥੇ ਆਣ ਵੱਸੇ ਉਹ ਸੈਨਿਕ ਅਧਿਕਾਰੀ ਸਨ, ਜਿਨ੍ਹਾ ਨੇ ਦੂਜੀ ਸੰਸਾਰ ਜੰਗ ਵਿੱਚ ਸਿਰਧੜ ਦੀ ਬਾਜ਼ੀ ਲਾ ਕੇ ਜੰਗ ਲੜੀ ਸੀ। ਲਾਰਡ ਇਕਬਾਲ ਸਿੰਘ ਉਹ ਅਜ਼ੀਮ ਪੰਜਾਬੀ ਹਨ, ਜਿਨ੍ਹਾਂ ਨੇ ਭਿਆਨਕ ਹੜ੍ਹ ਆਉਣ ਕਰਕੇ ਬੇਘਰ ਹੋਏ ਬਜ਼ੁਰਗਾਂ ਦੇ ਵਸੇਬੇ ਲਈ ਆਪਣੇ 20 ਬੈੱਡਰੂਮਾਂ ਵਾਲੇ ‘ਵਿਕਟੋਰੀਆ ਹਾਊਸ’ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ।