ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਪ੍ਰਸੰਗਕਤਾ ਤੇ ਅੰਤਰ-ਸਬੰਧਤਾ

ਖਬਰਾਂ ਵਿਚਾਰ-ਵਟਾਂਦਰਾ

ਉਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਹਾਲ ਹੀ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਲੀਡਰਸ਼ਿਪ ਨੂੰ ਲਾਈ ਤਨਖਾਹ ਦੇ ਸੰਦਰਭ ਵਿੱਚ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਪ੍ਰਸੰਗਕਤਾ ਤੇ ਅੰਤਰ-ਸਬੰਧਤਾ ਬਾਰੇ ਹਥਲਾ ਲੇਖ ‘ਪੰਜਾਬੀ ਪਰਵਾਜ਼’ ਨੂੰ ਭੇਜਿਆ ਹੈ। ਅਕਾਲ ਤਖਤ ਦੀ ਸਰਵਉਚਤਾ ਦੇ ਪਰਿਪੇਖ ਵਿੱਚ ਉਨ੍ਹਾਂ ਸਪਸ਼ਟ ਟਿੱਪਣੀ ਕੀਤੀ ਹੈ, “ਅਕਾਲ ਤਖਤ ਸਾਹਿਬ ਤੋਂ ਤਾਂ ਤਨਖਾਹ ਲਾ ਕੇ ਆਪਣਾ ਏਜੰਡਾ ਅਪਣਾ ਕੇ ਅਤੇ ਬੇਗਾਨਾ ਏਜੰਡਾ ਛੱਡ ਕੇ ਤੁਰਨ ਦੀ ਨਸੀਹਤ ਦਿੱਤੀ ਗਈ ਹੈ।

ਸੁਝਾਏ ਗਏ ਰਾਹ `ਤੇ ਤੁਰਾਂਗੇ ਤਾਂ ਪੰਜਾਬ, ਪੰਜਾਬੀਅਤ ਅਤੇ ਅਕਾਲੀਅਤ ਦੀ ਅੰਤਰ-ਸਬੰਧਤਾ `ਤੇ ਆਧਾਰਤ ਰਾਜਨੀਤੀ ਉਸਾਰ ਸਕਾਂਗੇ ਅਤੇ ਗੁਰੂ ਦੇ ਨਾਮ `ਤੇ ਜਿਊਣ ਵਾਲਾ ਪੰਜਾਬ ਆਪਣੇ ਆਪ ਉਸਰਨਾ ਸ਼ੁਰੂ ਹੋ ਜਾਵੇਗਾ।” ਉਨ੍ਹਾਂ ਲਿਖਿਆ ਹੈ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਪੰਥਕ ਸਿਆਸਤ ਵੱਲ ਮੋੜੇ ਦੀ ਥਾਂ ਸਿੱਖ-ਲੋਕਤੰਤਰਿਕਤਾ ਵੱਲ ਮੋੜੇ ਵਾਂਗ ਵੇਖੇ ਜਾਣ ਦੀ ਲੋੜ ਹੈ। ਇਹ ਲਿਖਤ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ ਆਪਣੀ ਜੰਮਣ ਭੋਇੰ ਪੰਜਾਬ ਦਾ ਦਿਲੋਂ ਫਿਕਰ ਕਰਨ ਵਾਲੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। –ਪ੍ਰਬੰਧਕੀ ਸੰਪਾਦਕ

ਬਲਕਾਰ ਸਿੰਘ ਪ੍ਰੋਫੈਸਰ (ਪਟਿਆਲਾ)

ਫੈਸਲਿਆਂ ਨੂੰ ਸਮਕਾਲ ਦੇ ਪ੍ਰਸੰਗ ਵਿੱਚ ਹੀ ਵੇਖਿਆ ਜਾਣਾ ਚਾਹੀਦਾ ਹੈ, ਪਰ ਫੈਸਲਿਆਂ ਨੂੰ ਪਰੰਪਰਕ ਅਤੇ ਸਿਧਾਂਤਕ ਨਿਰੰਤਰਤਾ ਵਿੱਚ ਵੇਖਾਂਗੇ ਤਾਂ ਫੈਸਲਿਆਂ ਦੀ ਪ੍ਰਸੰਗਕਤਾ ਅਤੇ ਅੰਤਰ-ਸਬੰਧਤਾ ਨੂੰ ਸਮਝਣਾ ਤੇ ਸਮਝਾਉਣਾ ਸੌਖਾ ਹੋ ਜਾਵੇਗਾ। ਤਾਂ ਤੇ ਗੱਲ ਇੱਥੋਂ ਸ਼ੁਰੂ ਕਰਨੀ ਚਾਹੀਦੀ ਹੈ ਕਿ ਅਕਾਲ ਤਖਤ ਸਾਹਿਬ ਦੀ ਸਥਾਪਨਾ ਸਿਆਸੀ ਕੇਂਦਰ ਵਜੋਂ ਨਹੀਂ ਹੋਈ ਸੀ, ਕਿਉਂਕਿ ਬਾਕੀ ਗੁਰੂ ਕਿਰਤਾਂ ਵਾਂਗ ਅਕਾਲ ਤਖਤ ਸਾਹਿਬ ਵੀ ਕਿਸੇ ਕਿਸਮ ਦੀ ਸਿਆਸਤ ਤੋਂ ਮੁਕਤ ਸੀ/ਹੈ। ਇਸੇ ਕਰਕੇ ਇਸ ਸੰਸਥਾ ਦੀ ਸਥਾਪਨਾ ਨੂੰ ਅਚਾਨਕ ਵਾਪਰੀ ਘਟਨਾ ਜਾਂ ਲੋੜ ਵਿੱਚੋਂ ਪੈਦਾ ਹੋਈ ਵਕਤੀ ਲੋੜ ਵੀ ਨਹੀਂ ਸਮਝਿਆ ਜਾਣਾ ਚਾਹੀਦਾ। ਅਕਾਲ ਤਖਤ ਸਾਹਿਬ ਦੀ ਸਥਾਪਨਾ ਨੂੰ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਦੇ ਹਵਾਲੇ ਨਾਲ ਜਿਸ ਤਰ੍ਹਾਂ ਅਕਾਲੀ ਸਿਆਸਤ ਨੇ ਸਮਝਣਾ ਅਤੇ ਵਰਤਣਾ ਸ਼ੁਰੂ ਕੀਤਾ ਹੋਇਆ ਹੈ, ਉਸ ਨੂੰ ਭਗਤੀ ਤੇ ਸ਼ਕਤੀ ਦੀ ਸਿੱਖ ਸਿਧਾਂਤਕਤਾ ਦੀ ਨਿਰੰਤਰਤਾ ਵਿੱਚ ਨਾ ਹੀ ਸਮਝਿਆ ਜਾ ਸਕਦਾ ਹੈ ਅਤੇ ਨਾ ਹੀ ਸਮਝਣਾ ਚਾਹੀਦਾ ਹੈ। ਇਸ ਦਾ ਮੁਢਲਾ ਨਾਮ ਅਕਾਲ ਬੁੰਗਾ ਸੀ ਅਤੇ ਛੇਵੇਂ ਪਾਤਿਸ਼ਾਹ ਹਜ਼ੂਰ ਇੱਥੋਂ ਦੀਵਾਨ ਲਾ ਕੇ ਸੰਗਤਾਂ ਨੂੰ ਸੰਬੋਧਨ ਕਰਿਆ ਕਰਦੇ ਸਨ। ਇਸੇ ਗਤੀ ਵਿਧੀ ਕਾਰਨ ਸੰਗਤੀ ਮਾਨਸਿਕਤਾ ਵਿੱਚ ਅਕਾਲ ਬੁੰਗਾ, ਅਕਾਲ ਤਖਤ ਸਾਹਿਬ ਵਜੋਂ ਪਰਵੇਸ਼ ਕਰ ਗਿਆ ਸੀ। ਇਸ ਦਾ ਪ੍ਰਗਟਾਵਾ ਨੁਮਾਇਆ ਰੂਪ ਵਿੱਚ ਮਿਸਲ ਕਾਲ ਵਿੱਚ ਸਾਹਮਣੇ ਆਇਆ ਸੀ।
ਇਸ ਤੋਂ ਪਹਿਲਾਂ ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਭੂਮਿਕਾ ਰੋਲ-ਮਾਡਲ ਰੂਪ ਵਿੱਚ ਸਾਹਮਣੇ ਆਉਂਦੀ ਰਹੀ ਸੀ। ਇਹ ਧਿਆਨ ਵਿੱਚ ਰਹਿਣਾ ਚਾਹੀਦਾ ਹੈ ਕਿ ਸਮਕਾਲੀ ਸਿਆਸਤ ਤਾਂ ਗੁਰੂ-ਕਾਲ ਵੇਲੇ ਵੀ ਸੀ ਅਤੇ ਗੁਰੂ-ਸਿੱਖਿਆ ਵਿੱਚ ਸਿਆਸਤ ਤੋਂ ਭੱਜਣ ਦੀ ਥਾਂ ਸਿਆਸਤ ਨਾਲ ਨਿਭਣ ਦੀ ਜਾਚ ਸਿਖਾਈ ਜਾਂਦੀ ਰਹੀ ਸੀ। ਸਿਆਸਤ ਤੋਂ ਨਿਰਭੈਅ ਹੋ ਕੇ ਤੁਰਾਂਗੇ ਤਾਂ ਨਿੱਤ ਜੀਵਨ ਦੀ ਚੂਲ ਨੈਤਿਕਤਾ ਦੇ ਬਿਰਦ ਦੀ ਪਾਲਣਾ ਕਰ ਸਕਾਂਗੇ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਪੈਦਾ ਹੋਏ ਸਿਆਸੀ ਸੰਘਰਸ਼ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਮਨੀ ਸਿੰਘ ਸਨ ਅਤੇ ਉਹ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਭੂਮਿਕਾ ਵੀ ਨਿਭਾਅ ਰਹੇ ਸਨ। ਉਨ੍ਹਾਂ ਨੇ ਇੱਕ ਦੂਜੇ ਵਿਰੁੱਧ ਵਿਚਰਦੇ ਸਿਆਸੀ ਧੜਿਆਂ ਨੂੰ ਇਕੱਠਿਆਂ ਵੀ ਕੀਤਾ ਸੀ ਅਤੇ ਸਿੱਖ ਸੰਸਥਾਵਾਂ `ਤੇ ਕਬਜਿਆਂ ਨੂੰ ਵੀ ਤੋੜਿਆ ਸੀ। ਇਸੇ ਦੀ ਨਿਰੰਤਰਤਾ ਵਿੱਚ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨ ਦੀ ਭੂਮਿਕਾ ਨੂੰ ਵੇਖਾਂਗੇ ਤਾਂ ਸਮਝ ਸਕਾਂਗੇ ਕਿ ਠੀਕ ਸੇਧ ਵਿੱਚ ਲਏ ਹੋਏ ਫੈਸਲੇ ਠੀਕ ਲੀਡਰਸ਼ਿਪ ਲਈ ਲੋੜੀਂਦਾ ਮਾਹੌਲ ਪੈਦਾ ਕਰਦੇ ਹਨ।
ਜਥੇਦਾਰੀ ਸੰਸਥਾ ਦਾ ਰਾਹ ਜਿਸ ਤਰ੍ਹਾਂ ਅਕਾਲੀ ਸਿਆਸਤ ਰੋਕਦੀ ਆਈ ਹੈ, ਉਸ ਤਰ੍ਹਾਂ ਸਿੱਖ ਵਿਰੋਧੀ ਸਿਆਸਤ ਨੇ ਕਦੇ ਨਹੀਂ ਰੋਕਿਆ। ਜਥੇਦਾਰ ਕਿਰਪਾਲ ਸਿੰਘ ਦਾ ਰਾਹ ਵੀ ਸਿੱਖ ਸਿਆਸਤ ਹੀ ਰੋਕਦੀ ਰਹੀ ਸੀ। ਜਥੇਦਾਰ ਦਰਸ਼ਨ ਸਿੰਘ ਨੂੰ ਸਿੱਖ ਸਿਆਸਤ ਕਰਕੇ ਹੀ ਜਾਣਾ ਪਿਆ ਸੀ। ਉਸ ਦੀ ਥਾਂ ਜਥੇਦਾਰ ਮਨਜੀਤ ਸਿੰਘ ਨੇ ਲਈ ਸੀ ਅਤੇ ਉਨ੍ਹਾਂ ਵੱਲੋਂ ਅਕਾਲੀਆਂ ਨੂੰ ਇਕੱਠਿਆਂ ਕਰਨ ਦੀ ਕੀਮਤ ਦੇਣੀ ਪਈ ਸੀ। ਜਥੇਦਾਰ ਰਣਜੀਤ ਸਿੰਘ ਵੀ ਅਕਾਲੀ ਸਿਆਸਤ ਦਾ ਸ਼ਿਕਾਰ ਹੋਏ ਸਨ। ਸਮਾਨੰਤਰ ਜਥੇਦਾਰਾਂ ਦੀ ਨਿਯੁਕਤੀ ਵੀ ਸਿਆਸਤਦਾਨਾਂ ਵੱਲੋਂ ਹੀ ਹੁੰਦੀ ਰਹੀ ਸੀ। ਕਾਰਜਕਾਰੀ ਜਥੇਦਾਰਾਂ ਦੀ ਅਦਲਾ-ਬਦਲੀ ਵਿੱਚ 25 ਸਾਲਾਂ ਬਾਅਦ ਜਥੇਦਾਰ ਰਘਬੀਰ ਸਿੰਘ ਨੂੰ ਪੱਕਾ ਜਥੇਦਾਰ ਲਾਇਆ ਗਿਆ ਸੀ। ਉਨ੍ਹਾਂ ਦੀ ਅਗਵਾਈ ਵਿੱਚ 2 ਦਸੰਬਰ 2024 ਨੂੰ ਕੀਤੇ ਗਏ ਫੈਸਲੇ ਨੂੰ ਵੇਖੀਏ ਤਾਂ ਕਹਿਣਾ ਪਵੇਗਾ ਕਿ ਫੈਸਲਾ ਲੈਣ ਵਾਸਤੇ ਸੁਤੰਤਰ ਸਪੇਸ ਜਿਵੇਂ ਉਨ੍ਹਾਂ ਨੂੰ ਮਿਲੀ ਹੈ, ਉਹ ਪਿਛਲੇ 30 ਸਾਲਾਂ ਵਿੱਚ ਕਿਸੇ ਹੋਰ ਜਥੇਦਾਰ ਨੂੰ ਨਹੀਂ ਮਿਲੀ ਸੀ। ਉਨ੍ਹਾਂ ਵੱਲੋਂ ਸੁਣਾਏ ਗਏ ਫੈਸਲੇ ਵਿੱਚੋਂ ਜਿਵੇਂ ਮੀਡੀਆ ਨੂੰ ਸਿਆਸਤ ਦਿਸਦੀ ਹੈ, ਉਹ ਬਿਲਕੁਲ ਠੀਕ ਨਹੀਂ ਹੈ, ਕਿਉਂਕਿ ਇਸ ਫੈਸਲੇ ਰਾਹੀਂ ਅਕਾਲੀ ਰਾਜਨੀਤੀ ਦੀ ਮੁੜ ਉਸਾਰੀ ਦਾ ਰਾਹ ਅਕਾਲੀ ਦਲ ਦੇ ਵਿਧਾਨ ਮੁਤਾਬਿਕ ਪਰੰਪਰਕ ਸੁਰ ਵਿੱਚ ਖੋਲਿ੍ਹਆ ਗਿਆ ਹੈ। ਸੁਝਾਈ ਗਈ ਕਮੇਟੀ ਨਵੇਂ ਸਿਰਿਓਂ ਭਰਤੀ ਕਰਨ ਵਾਸਤੇ ਅਕਾਲੀਆਂ ਵਿੱਚੋਂ ਹੀ ਬਣਾਈ ਗਈ ਹੈ। ਅਹੁਦੇਦਾਰੀਆਂ ਵੀ ਉਨ੍ਹਾਂ ਤੋਂ ਹੀ ਲਈਆਂ ਗਈਆਂ ਹਨ, ਜਿਨ੍ਹਾਂ ਨੇ ਅਸਤੀਫੇ ਦਿੱਤੇ ਹੋਏ ਹਨ।
ਪ੍ਰਿੰਟ ਅਤੇ ਸੋਸ਼ਲ ਮੀਡੀਆ ਵਿੱਚ ਇੱਕ ਪਾਸੇ ਇਸ ਨੂੰ ਪੰਜਾਬ ਦੀ ਲੋੜੀਂਦੀ ਖੇਤਰੀ ਪਾਰਟੀ ਵਾਸਤੇ ਨਿਕਲੇ ਰਾਹ ਵਜੋਂ ਸਲਾਹਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਸ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਧਾਰਮਿਕ ਲੀਡਰਸ਼ਿਪ, ਸਿਆਸੀ ਲੀਡਰਸ਼ਿਪ `ਤੇ ਭਾਰੂ ਤਾਂ ਨਹੀਂ ਹੋ ਜਾਵੇਗੀ? ਇਹ ਸ਼ੰਕੇ ਸਿੱਖ ਧਰਮ ਦੀ ਤਾਸੀਰ ਲੋਕਤੰਤਰਿਕਤਾ ਨੂੰ ਅੱਖੋਂ ਓਹਲੇ ਕਰਕੇ ਕੀਤੇ ਜਾ ਰਹੇ ਹਨ। ਜਿਹੜੇ ਲੋਕਤੰਤਰਿਕ ਪ੍ਰਬੰਧ ਵਿੱਚੋਂ ਭਾਰਤ ਲੰਘ ਰਿਹਾ ਹੈ, ਇਹ ਨੈਤਿਕ ਕਦਰਾਂ ਨਾਲੋਂ ਟੁੱਟਿਆ ਹੋਇਆ ਸਿਆਸੀ ਪ੍ਰਬੰਧ ਹੁੰਦਾ ਜਾ ਰਿਹਾ ਹੈ। ਰਾਜ ਕਰਦੀਆਂ ਪਾਰਟੀਆਂ ਵੋਟ-ਬੈਂਕ ਦੀ ਸਿਆਸਤ ਕਰ ਰਹੀਆਂ ਹਨ, ਜਦੋਂਕਿ ਲੋਕਤੰਤਰ ਨੂੰ ਆਮ ਬੰਦੇ ਦਾ ਸ਼ਸ਼ਕਤੀਕਰਣ (ਪੋੱੲਰ ੋਾ ਮਿਪੲਰਾੲਚਟ & ੋਰਦਨਿਅਰੇ) ਹੋਣਾ ਚਾਹੀਦਾ ਹੈ। ਇਸ ਪੱਖ ਨੂੰ ਦੁਨੀਆ ਦੇ ਦਾਨਸ਼ਵਰ, ਨੈਤਿਕ-ਸੁਰ ਵਿੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸ ਨਾਲ ਅੰਦਰੂਨੀ ਅਤੇ ਬਹਿਰੂਨੀ ਲੋਕਤੰਤਰ ਦੀਆਂ ਪਰਤਾਂ ਸਾਹਮਣੇ ਵੀ ਆਉਂਦੀਆਂ ਰਹੀਆਂ ਹਨ। ਇਸ ਦਾ ਜੀਵਨ ਅਤੇ ਸਾਧਨਾ ਨਾਲ ਸਿੱਧਾ ਸਬੰਧ ਹੈ। ਭਾਰਤੀ ਵਿਧਾਨ ਦੇ ਸਿਆਸੀਕਰਣ ਨਾਲ ਨੈਤਿਕਤਾ ਗੁੰਮ ਹੁੰਦੀ ਨਜ਼ਰ ਆ ਰਹੀ ਹੈ। ਗੁਰਮਤਿ ਮੁਤਾਬਿਕ ਆਤਮ-ਪ੍ਰਬੰਧ ਨਹੀਂ ਰਹੇਗਾ ਤਾਂ ਰਾਜ ਕਰਨ ਦੇ ਅਵਸਰ ਵਿੱਚੋਂ ਰਾਜ ਕਰਨ ਦੀ ਨੈਤਿਕਤਾ ਕਿਰਦੀ ਤੁਰੀ ਰਹੇਗੀ। ਇਸ ਪ੍ਰਸੰਗ ਵਿੱਚ ਸਿੱਖ ਲੋਕਤੰਤਰ, ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ ਅਤੇ ਓਸੇ ਨੂੰ ਬੰਦੇ ਦੀ ਥਾਂ ਸ਼ਬਦ-ਗੁਰੂ ਰਾਹੀਂ ਪ੍ਰਾਪਤ ਹੁੰਦੀ ਸਾਂਝੀ-ਸਮਝ ਦੇ ਸਪੁਰਦ ਦਸਮ ਪਾਤਿਸ਼ਾਹ ਹਜ਼ੂਰ ਨੇ ਕੀਤਾ ਸੀ। ਇਸ ਨੂੰ ਲੋਕਤੰਤਰਿਕ ਸਿਧਾਂਤਕੀ ਵਜੋਂ ਸਾਹਮਣੇ ਲਿਆਂਦੇ ਜਾਣ ਦੀ ਲੋੜ ਹੈ। ਇਸ ਦਾ ਆਧਾਰ ‘ਨੀਂਚਾਂ ਅੰਦਰ ਨੀਚ…’ ਨੂੰ ਰੱਖਿਆ ਗਿਆ ਹੈ ਅਤੇ ਵਿਅਕਤੀ ਤੇ ਬਹੁਸੰਮਤੀ ਦੀ ਚੌਧਰ ਨੂੰ ਖਤਮ ਕੀਤਾ ਗਿਆ ਹੈ। ਇਸ ਨੂੰ ਨਹੀਂ ਸਾਂਭਾਂਗੇ ਤਾਂ ਫਾਸਿਜ਼ਮ ਵੱਲ ਵਧੀ ਧਰੂਵੀਕਰਣ ਅਤੇ ਬਹੁਸੰਮਤੀ-ਡਿਕਟੇਟਰਸ਼ਿਪ ਵਾਲੀ ਰਾਜਨੀਤੀ ਹਾਵੀ ਹੋ ਜਾਵੇਗੀ। ਇਸੇ ਵਹਿਣ ਵਿੱਚ ਵਹਿ ਗਏ ਅਕਾਲੀਆਂ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਾਈ ਗਈ ਹੈ।
ਇਸ ਨੂੰ ਪੰਥਕ ਸਿਆਸਤ ਵੱਲ ਮੋੜੇ ਦੀ ਥਾਂ ਸਿੱਖ-ਲੋਕਤੰਤਰਿਕਤਾ ਵੱਲ ਮੋੜੇ ਵਾਂਗ ਵੇਖੇ ਜਾਣ ਦੀ ਲੋੜ ਹੈ। ਇਹ ਰਾਹ ਕੀਤੀਆਂ ਭੁੱਲਾਂ ਨੂੰ ਪ੍ਰਵਾਨ ਕਰਕੇ ਅੱਗੇ ਤੁਰਨ ਦਾ ਹੈ। ਇਹ ਫੈਸਲੇ ਨਾਲੋਂ ਵੱਧ ਰਾਹ ਹੈ ਅਤੇ ਇਸ ਰਾਹ ਨੂੰ ਅੱਗ ਬਾਲ ਕੇ ਰੋਕਣ ਵਾਲਿਆਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾਣਾ ਚਾਹੀਦਾ। ਸਿਆਸੀ ਚੁੱਲ੍ਹੇ ਬੰਦ ਕਰਨ ਦੀ ਊਰਜਿਤ ਚੇਤਾਵਨੀ ਸਿਆਸੀ ਦੁਕਾਨਦਾਰੀਆਂ ਨੂੰ ਵਿਚਲਿਤ ਵੀ ਕਰ ਰਹੀ ਹੈ ਅਤੇ ਉਕਸਾ ਵੀ ਰਹੀ ਹੈ। ਇਸ ਰਾਹ ਨੂੰ ਸੰਕਟ ਵਿੱਚੋਂ ਨਿਕਲਣ ਦੇ ਅਵਸਰ ਵਾਂਗ ਲਏ ਜਾਣ ਦੀ ਲੋੜ ਹੈ। ਇਸ ਰਾਹ `ਤੇ ਤੁਰਨ ਵਾਸਤੇ ਪ੍ਰਾਪਤੀਆਂ ਨੂੰ ਬਖਸ਼ਿਸ਼ ਵਾਂਗ ਲੈਣ ਦੀ ਮਾਨਸਿਕਤਾ ਪੈਦਾ ਕਰਨੀ ਪਵੇਗੀ। ਪਿਛਲੇ 30 ਸਾਲਾਂ ਤੋਂ ਕਿਸੇ ਵੀ ਰੰਗ ਦੇ ਅਕਾਲੀਆਂ ਵਿੱਚੋਂ ਵਿਰੋਧ ਜਾਂ ਮਗਰ ਲੱਗਣ ਦੀ ਰਾਜਨੀਤੀ ਕਰਦੇ ਕਰਦੇ ਦਾਗੀਆਂ ਵਿੱਚ ਬਾਗੀ ਅਤੇ ਬਾਗੀਆਂ ਵਿੱਚ ਦਾਗੀ ਵਾਂਗ ਫੜੇ ਗਏ ਹਨ। ਅਕਾਲ ਤਖਤ ਸਾਹਿਬ ਤੋਂ ਤਾਂ ਤਨਖਾਹ ਲਾ ਕੇ ਆਪਣਾ ਏਜੰਡਾ ਅਪਣਾ ਕੇ ਅਤੇ ਬੇਗਾਨਾ ਏਜੰਡਾ ਛੱਡ ਕੇ ਤੁਰਨ ਦੀ ਨਸੀਹਤ ਦਿੱਤੀ ਗਈ ਹੈ। ਸੁਝਾਏ ਗਏ ਰਾਹ `ਤੇ ਤੁਰਾਂਗੇ ਤਾਂ ਪੰਜਾਬ, ਪੰਜਾਬੀਅਤ ਅਤੇ ਅਕਾਲੀਅਤ ਦੀ ਅੰਤਰ-ਸਬੰਧਤਾ `ਤੇ ਆਧਾਰਤ ਰਾਜਨੀਤੀ ਉਸਾਰ ਸਕਾਂਗੇ ਅਤੇ ਗੁਰੂ ਦੇ ਨਾਮ `ਤੇ ਜਿਊਣ ਵਾਲਾ ਪੰਜਾਬ ਆਪਣੇ ਆਪ ਉਸਰਨਾ ਸ਼ੁਰੂ ਹੋ ਜਾਵੇਗਾ। ਅਕਾਲੀ-ਰਾਜਨੀਤੀ ਨੂੰ ‘ਚਤੁਰ-ਚਲਾਕੀ ਦੀ ਚੰਚਲ ਖੇਡ’ ਵਾਂਗ ਲੈ ਕੇ ਜਿੱਥੇ ਪਹੁੰਚ ਗਏ ਹਾਂ, ਉਸ ਵਿੱਚੋਂ ਗੁਰਮਤਿ ਦੀ ਅਗਵਾਈ ਵਿੱਚ ਰਾਜ ਕਰਨ ਦੀ ਰਾਜਨੀਤੀ ਦੁਆਰਾ ਹੀ ਨਿਕਲਿਆ ਜਾ ਸਕਦਾ ਹੈ। ਇਸੇ ਭਾਵਨਾ ਵਿੱਚ ਗੁਰਮਤਿ ਦੀ ਰੌਸ਼ਨੀ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਸੁਝਾਏ ਗਏ ਰਾਹ `ਤੇ ਸੰਵਾਦ ਹੁੰਦਾ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *