ਪਾਕਿਸਤਾਨ ਕ੍ਰਿਕਟ ਦਾ ਧੱਕੜ ਬੱਲੇਬਾਜ਼ ਇੰਜ਼ਮਾਮ ਉਲ ਹੱਕ

ਗੂੰਜਦਾ ਮੈਦਾਨ

ਖਿਡਾਰੀ ਪੰਜ-ਆਬ ਦੇ (32)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵਿਸ਼ਵ ਦੇ ਚੋਟੀ ਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਵਿੱਚ ਸ਼ੁਮਾਰ ਪਾਕਿਸਤਾਨੀ ਕ੍ਰਿਕਟਰ ਇੰਜ਼ਮਾਮ ਉਲ ਹੱਕ ਦਾ ਖੇਡ ਵੇਰਵਾ ਹੈ।

ਆਪਣੀ ਵਿਸਫੋਟਕ ਅਤੇ ਧੱਕੜ ਖੇਡ ਲਈ ਜਾਣੇ ਜਾਂਦੇ ਇੰਜ਼ਮਾਮ ਨੂੰ ਪਾਕਿਸਤਾਨ ਕ੍ਰਿਕਟ ਦਾ ਸਭ ਤੋਂ ਭਰੋਸੇਮੰਦ ਬੱਲੇਬਾਜ਼ ਵੀ ਆਖਿਆ ਜਾ ਸਕਦਾ ਹੈ। ਵਿਸ਼ਵ ਕ੍ਰਿਕਟ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਉਹ ਸੱਤਵੇਂ ਨੰਬਰ ਉਤੇ ਹੈ। ਉਸ ਨੇ 2001 ਤੋਂ 2006 ਤੱਕ ਇੰਗਲੈਂਡ ਖਿਲਾਫ 9 ਪਾਰੀਆਂ ਵਿੱਚ 9 ਅਰਧ ਸੈਂਕੜੇ ਲਗਾਏ, ਜੋ ਕਿ ਵਿਸ਼ਵ ਰਿਕਾਰਡ ਹੈ…।

*ਇੰਜ਼ਮਾਮ ਖੱਬੂ ਆਰਥੋਡੌਕਸ ਗੇਂਦਬਾਜ਼ ਸੀ, ਪਰ ਉਸ ਨੇ ਕੌਮਾਂਤਰੀ ਕ੍ਰਿਕਟ ਵਿੱਚ ਸਾਰਾ ਧਿਆਨ ਬੱਲੇਬਾਜ਼ੀ ਉਪਰ ਕੇਂਦਰਿਤ ਕਰਨ ਕਰਕੇ ਗੇਂਦਬਾਜ਼ੀ ਨੂੰ ਛੱਡ ਦਿੱਤਾ ਸੀ।
*ਕਰੀਅਰ ਵਿੱਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਉਹ ਪਾਕਿਸਤਾਨ ਦਾ ਇਕਲੌਤਾ ਬੱਲੇਬਾਜ਼ ਹੈ।
*ਉਸ ਦਾ ਸਰਵਉੱਚ ਸਕੋਰ 329 ਹੈ, ਜੋ ਕਿ ਕਿਸੇ ਵੀ ਪਾਕਿਸਤਾਨ ਬੱਲੇਬਾਜ਼ ਵੱਲੋਂ ਖੇਡੀ ਸਰਵਉੱਚ ਪਾਰੀਆਂ ਵਿੱਚੋਂ ਦੂਜੇ ਨੰਬਰ ਉਤੇ ਹੈ।
*ਪਾਕਿਸਤਾਨ ਸਰਕਾਰ ਵੱਲੋਂ 2005 ਵਿੱਚ ਉਸ ਨੂੰ ‘ਸਿਤਾਰਾ-ਏ-ਇਮਤਿਆਜ਼’ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
*ਇੰਜ਼ਮਾਮ ਨੂੰ ਆਪਣੇ ਖੇਡ ਜੀਵਨ ਵਿੱਚ 24 ਵਾਰ ਮੈਨ ਆਫ਼ ਦਾ ਮੈਚ ਅਤੇ ਛੇ ਵਾਰ ਮੈਨ ਆਫ਼ ਦਾ ਸੀਰੀਜ਼ ਦਾ ਪੁਰਸਕਾਰ ਵੀ ਮਿਲਿਆ ਹੈ।

-ਨਵਦੀਪ ਸਿੰਘ ਗਿੱਲ
ਫੋਨ: +91-9780036216

ਪਾਕਿਸਤਾਨ ਕ੍ਰਿਕਟ ਨੇ ਵਿਸ਼ਵ ਨੂੰ ਵੱਡੇ ਗੇਂਦਬਾਜ਼ ਅਤੇ ਆਲ ਰਾਊਂਡਰ ਦਿੱਤੇ ਹਨ, ਖਾਸ ਕਰਕੇ ਕਈ ਤੇਜ਼ ਗੇਂਦਬਾਜ਼ ਦਿੱਤੇ ਹਨ। ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਇੰਜ਼ਮਾਮ ਉਲ ਹੱਕ ਦਾ ਨਾਂ ਪਹਿਲੇ ਨੰਬਰ ਉਤੇ ਆਉਂਦਾ ਹੈ। ਇੰਜ਼ਮਾਮ ਦੀ ਗਿਣਤੀ ਵਿਸ਼ਵ ਦੇ ਚੋਟੀ ਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਵਿੱਚ ਆਉਂਦੀ ਹੈ। ਆਪਣੀ ਵਿਸਫੋਟਕ ਅਤੇ ਧੱਕੜ ਖੇਡ ਲਈ ਜਾਣੇ ਜਾਂਦੇ ਇੰਜ਼ਮਾਮ ਨੂੰ ਪਾਕਿਸਤਾਨ ਕ੍ਰਿਕਟ ਦਾ ਸਭ ਤੋਂ ਭਰੋਸੇਮੰਦ ਬੱਲੇਬਾਜ਼ ਵੀ ਆਖਿਆ ਜਾ ਸਕਦਾ ਹੈ। ਵਿਸ਼ਵ ਕ੍ਰਿਕਟ ਦੇ ਖਤਰਨਾਕ ਬੱਲੇਬਾਜ਼ਾਂ ਵਿੱਚ ਸ਼ਾਮਲ ਇੰਜ਼ਮਾਮ ਮੱਧਕ੍ਰਮ ਵਿੱਚ ਵਿਰੋਧੀ ਗੇਂਦਬਾਜ਼ਾਂ ਅੱਗੇ ਚੱਟਾਨ ਵਾਂਗ ਡਟ ਜਾਂਦਾ ਸੀ, ਜਿਸ ਕਾਰਨ ਉਸ ਨੇ ਡੇਢ ਦਹਾਕਾ ਪਾਕਿਸਤਾਨੀ ਕ੍ਰਿਕਟ ਦੀ ਰੀੜ੍ਹ ਦੀ ਹੱਡੀ ਬਣ ਕੇ ਟੀਮ ਨੂੰ ਸੰਭਾਲਿਆ। ਟੀਮ ਦੇ ਔਖੇ ਸਮੇਂ ਅਤੇ ਵੱਡੇ ਮੈਚਾਂ ਵਿੱਚ ਇੰਜ਼ਮਾਮ ਦੀ ਖੇਡ ਹੋਰ ਵੀ ਨਿੱਖਰ ਕੇ ਸਾਹਮਣੇ ਆਉਂਦੀ ਸੀ। ਇਸੇ ਲਈ ਉਸ ਨੂੰ ਵੱਡੇ ਮੰਚ ਦਾ ਖਿਡਾਰੀ ਕਿਹਾ ਜਾਂਦਾ ਹੈ, ਜਿਸ ਨੇ ਆਪਣੇ ਪਹਿਲੇ ਕ੍ਰਿਕਟ ਸਾਲ 1992 ਵਿੱਚ ਪਾਕਿਸਤਾਨ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀ।
ਇੰਜ਼ਮਾਮ ਵੀ ਵਸੀਮ ਅਕਰਮ ਤੇ ਵੱਕਾਰ ਯੂਨਿਸ ਵਾਂਗ ਆਪਣੇ ਕਪਤਾਨ ਇਮਰਾਨ ਖਾਨ ਦੀ ਉਮੀਦਾਂ ਉਤੇ ਪੂਰਾ ਖਰਾ ਉਤਰਿਆ, ਜਿਸ ਨੇ ਕਪਤਾਨ ਦੀ ਚੋਣ ਨੂੰ ਸਹੀ ਸਾਬਤ ਕੀਤਾ। ਪਾਕਿਸਤਾਨ ਕ੍ਰਿਕਟ ਵਿੱਚ ਉਕਤ ਤਿੰਨੇ ਮਹਾਨ ਖਿਡਾਰੀਆਂ ਨੂੰ ਤਰਾਸ਼ਣ ਵਾਲਾ ਇਮਰਾਨ ਖਾਨ ਹੀ ਸੀ, ਜਿਸ ਨੇ ਮੁੱਢਲੇ ਦੌਰ ਵਿੱਚ ਇਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕਰਕੇ ਆਪਣੇ ਫਨ ਦਾ ਮੁਜ਼ਾਹਰਾ ਕਰਨ ਦਾ ਮੌਕਾ ਦਿੱਤਾ। ਬੱਲੇਬਾਜ਼ ਵਜੋਂ ਸਫਲਤਾ ਹਾਸਲ ਕਰਨ ਵਾਲੇ ਹੱਕ ਨੇ ਬਤੌਰ ਕਪਤਾਨ ਅਤੇ ਮੁੱਖ ਚੋਣਕਾਰ ਵੀ ਡੂੰਘੀ ਛਾਪ ਛੱਡੀ ਹੈ। ਵਿਸ਼ਵ ਅਤੇ ਏਸ਼ੀਆ ਦੇ ਮਹਾਨਤਮ ਬੱਲੇਬਾਜ਼ਾਂ ਵਿੱਚ ਸ਼ੁਮਾਰ ਇੰਜ਼ਮਾਮ ਏਸ਼ੀਆ ਤੇ ਵਿਸ਼ਵ ਇਲੈਵਨ ਟੀਮਾਂ ਵੱਲੋਂ ਵੀ ਖੇਡਿਆ ਹੈ। ਨੱਬੇ ਦੇ ਦਹਾਕੇ ਵਿੱਚ ਸਚਿਨ, ਲਾਰਾ ਤੇ ਇੰਜ਼ਮਾਮ ਦੀ ਤਿੱਕੜੀ ਨੂੰ ਵਿਸ਼ਵ ਕ੍ਰਿਕਟ ਤੋਂ ਸਭ ਤੋਂ ਵੱਡੇ ਬੱਲੇਬਾਜ਼ ਸਮਝਿਆ ਜਾਂਦਾ ਸੀ। ਇੰਜ਼ਮਾਮ ਨੂੰ ਕ੍ਰਿਕਟ ਪ੍ਰੇਮੀ ਇੰਜ਼ੀ ਆਖਦੇ ਹਨ। ਸਹਿਵਾਗ ਤੋਂ ਪਹਿਲਾਂ ਮੁਲਤਾਨ ਦੇ ਸੁਲਤਾਨ ਦਾ ਖਿਤਾਬ ਵੀ ਇੰਜ਼ਮਾਮ ਕੋਲ ਹੀ ਸੀ।
ਲਹਿੰਦੇ ਪੰਜਾਬ ਦੇ ਸ਼ਹਿਰ ਮੁਲਤਾਨ ਵਿੱਚ 3 ਮਾਰਚ 1970 ਨੂੰ ਜਨਮਿਆ ਇੰਜ਼ਮਾਮ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਦੇ ਪਰਿਵਾਰ ਦਾ ਪਿਛੋਕੜ ਸਾਂਝੇ ਪੰਜਾਬ ਦੇ ਹਾਂਸੀ ਸ਼ਹਿਰ ਦਾ ਹੈ, ਜੋ ਕਿ ਅੱਜ-ਕੱਲ੍ਹ ਭਾਰਤ ਦੇ ਹਰਿਆਣਾ ਸੂਬੇ ਵਿੱਚ ਸਥਿਤ ਹੈ। ਦੇਸ਼ ਦੀ ਵੰਡ ਤੋਂ ਬਾਅਦ ਉਸ ਦਾ ਪਰਿਵਾਰ ਹਾਂਸੀ ਤੋਂ ਮੁਲਤਾਨ ਚਲਾ ਗਿਆ। ਇੰਜ਼ਮਾਮ, ਸੱਈਅਦ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਵੱਡੇ ਵਡੇਰੇ ਸੂਫੀਇਜ਼ਮ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਸਨ। ਆਪਣੇ ਖੇਡ ਜੀਵਨ ਦੌਰਾਨ ਇੰਜ਼ਮਾਮ ਖੇਡ ਦੇ ਨਾਲ ਧਾਰਮਿਕ ਰਸਮਾਂ ਬਾਖੂਬੀ ਨਿਭਾਉਂਦਾ ਰਿਹਾ। ਉਹ ਇਸਲਾਮਿਕ ਮਸ਼ੀਨਰੀ ਸੰਸਥਾ ਤਬਲੀਗੀ ਜਮਾਤ ਦਾ ਮੈਂਬਰ ਵੀ ਹੈ, ਜਿਸ ਨਾਲ ਇੱਕ ਹੋਰ ਪਾਕਿਸਤਾਨੀ ਬੱਲੇਬਾਜ਼ ਸੱਈਅਦ ਅਨਵਰ ਵੀ ਜੁੜਿਆ ਹੈ। ਇੰਜ਼ਮਾਮ ਦੇ ਦਾਦਾ ਦਾ ਨਾਮ ਪੀਰ ਜ਼ਿਆ ਉਲ ਹੱਕ ਸੀ। ਇੰਜ਼ਮਾਮ ਦੀ ਪਤਨੀ ਦਾ ਨਾਮ ਕਾਸਿਫਾ ਉਲ ਹੱਕ ਹੈ ਅਤੇ ਉਸ ਦੇ ਇੱਕ ਬੇਟਾ ਇਬਤਸਮ ਤੇ ਬੇਟੀ ਅਮੀਨਾ ਉਲ ਹੱਕ ਹੈ। ਇੰਜ਼ਮਾਮ ਦੇ ਪਰਿਵਾਰ ਵਿੱਚ ਤਿੰਨ ਪੀੜ੍ਹੀਆਂ ਨੇ ਪਾਕਿਸਤਾਨ ਕ੍ਰਿਕਟ ਦੀ ਸੇਵਾ ਕੀਤੀ ਹੈ। ਉਸ ਦਾ ਚਾਚਾ ਜਾਵੇਦ ਇਲਿਹਾਸ ਕੌਮੀ ਪੱਧਰ ਉਤੇ ਫਸਟ ਕਲਾਸ ਕ੍ਰਿਕਟ ਖੇਡਿਆ। ਇੰਜ਼ਮਾਮ ਦਾ ਬੇਟਾ ਇਬਤਸਮ ਉਲ ਹੱਕ ਲਿਸਟ ‘ਏ’ ਪੱਧਰ ਉਤੇ ਕ੍ਰਿਕਟ ਖੇਡਿਆ ਹੈ। ਉਸ ਦਾ ਭਤੀਜਾ ਇਮਾਮ ਉਲ ਹੱਕ ਪਾਕਿਸਤਾਨ ਦਾ ਸਲਾਮੀ ਬੱਲੇਬਾਜ਼ ਰਿਹਾ ਹੈ, ਜਿਸ ਨੇ ਪਾਕਿਸਤਾਨ ਤਰਫੋਂ 24 ਟੈਸਟ ਅਤੇ 72 ਇੱਕ ਰੋਜ਼ਾ ਮੈਚ ਖੇਡੇ ਹਨ।
ਸਵਾ ਛੇ ਫੁੱਟ ਲੰਬੇ ਇੰਜ਼ਮਾਮ ਨੇ ਮੁਲਤਾਨ ਤੋਂ ਹੀ ਆਪਣਾ ਖੇਡ ਜੀਵਨ ਸ਼ੁਰੂ ਕੀਤਾ ਸੀ। ਇੰਜ਼ਮਾਮ ਨੂੰ ਸ਼ੁਰੂਆਤੀ ਦੌਰ ਵਿੱਚ ਇਮਰਾਨ ਖਾਨ ਨੇ ਟੀਮ ਵਿੱਚ ਲਿਆ, ਜਦੋਂ ਪਾਕਿਸਤਾਨ ਕ੍ਰਿਕਟ ਵਿੱਚ ਚੰਗੇ ਗੇਂਦਬਾਜ਼ਾਂ ਦਾ ਬੋਲਬਾਲਾ ਸੀ ਅਤੇ ਟੀਮ ਨੂੰ ਇੱਕ ਟਿਕਾਊ ਤੇ ਭਰੋਸੇਮੰਦ ਬੱਲੇਬਾਜ਼ ਦੀ ਲੋੜ ਸੀ, ਜੋ ਟੀਮ ਨੂੰ ਮੱਧਕ੍ਰਮ ਵਿੱਚ ਹੁਲਾਰਾ ਦੇ ਸਕੇ। ਇੰਜ਼ਮਾਮ ਸ਼ੁਰੂਆਤੀ ਦੌਰ ਵਿੱਚ ਗੇਂਦਬਾਜ਼ੀ ਵੀ ਕਰਦਾ ਸੀ। ਉਹ ਖੱਬੂ ਆਰਥੋਡੌਕਸ ਗੇਂਦਬਾਜ਼ ਸੀ, ਪਰ ਉਸ ਨੇ ਕੌਮਾਂਤਰੀ ਕ੍ਰਿਕਟ ਵਿੱਚ ਸਾਰਾ ਧਿਆਨ ਬੱਲੇਬਾਜ਼ੀ ਉਪਰ ਕੇਂਦਰਿਤ ਕਰਨ ਕਰਕੇ ਗੇਂਦਬਾਜ਼ੀ ਨੂੰ ਛੱਡ ਦਿੱਤਾ ਸੀ। ਉਸ ਨੇ ਆਪਣੇ ਇੱਕ ਰੋਜ਼ਾ ਕਰੀਅਰ ਵਿੱਚ ਤਿੰਨ ਵਿਕਟਾਂ ਵੀ ਲਈਆਂ ਹਨ ਅਤੇ ਵੈਸਟ ਇੰਡੀਜ਼ ਖਿਲਾਫ਼ ਆਪਣੀ ਪਹਿਲੀ ਹੀ ਗੇਂਦ ਉਪਰ ਬਰਾਇਨ ਲਾਰਾ ਦੀ ਵਿਕਟ ਲੈਣ ਦਾ ਰਿਕਾਰਡ ਵੀ ਉਸ ਦੇ ਨਾਮ ਦਰਜ ਹੈ।
ਇੰਜ਼ਮਾਮ ਨੇ ਆਪਣੇ ਖੇਡ ਜੀਵਨ ਵਿੱਚ 120 ਟੈਸਟ ਮੈਚ ਖੇਡਦਿਆਂ 49.60 ਦੀ ਔਸਤ ਨਾਲ ਕੁੱਲ 8830 ਦੌੜਾਂ ਬਣਾਈਆਂ। ਉਸ ਨੇ 25 ਸੈਂਕੜੇ ਤੇ 46 ਅਰਧ ਸੈਂਕੜੇ ਜੜੇ, ਜਿਨ੍ਹਾਂ ਵਿੱਚ ਇੱਕ ਤੀਹਰਾ ਤੇ ਦੋ ਦੋਹਰੇ ਸੈਂਕੜੇ ਵੀ ਸ਼ਾਮਲ ਹਨ। ਉਸ ਦਾ ਸਰਵਉੱਚ ਸਕੋਰ 329 ਹੈ, ਜੋ ਕਿ ਕਿਸੇ ਵੀ ਪਾਕਿਸਤਾਨ ਬੱਲੇਬਾਜ਼ ਵੱਲੋਂ ਖੇਡੀ ਸਰਵਉੱਚ ਪਾਰੀਆਂ ਵਿੱਚੋਂ ਦੂਜੇ ਨੰਬਰ ਉਤੇ ਹੈ। ਟੈਸਟ ਕ੍ਰਿਕਟ ਵਿੱਚ ਉਸ ਦਾ ਸਟਰਾਈਕ ਰੇਟ 54.03 ਸੀ, ਜਿੱਥੋਂ ਪਤਾ ਲੱਗਦਾ ਕਿ ਉਸ ਨੇ ਮੱਧਕ੍ਰਮ ਵਿੱਚ ਤੇਜ਼ੀ ਨਾਲ ਦੌੜਾਂ ਬਟੋਰੀਆਂ ਹਨ।
ਇੰਜ਼ਮਾਮ ਨੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ 378 ਮੈਚ ਖੇਡੇ। ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਗਿਣਤੀ ਵਿੱਚ ਉਹ ਛੇਵੇਂ ਨੰਬਰ ਉਤੇ ਹੈ, ਜਦੋਂ ਕਿ ਪਾਕਿਸਤਾਨ ਦਾ ਦੂਜਾ ਕ੍ਰਿਕਟਰ ਹੈ। ਪਾਕਿਸਤਾਨ ਵਿੱਚ ਉਸ ਤੋਂ ਵੱਧ ਸ਼ਾਹਿਦ ਅਫ਼ਰੀਦੀ ਨੇ 398 ਮੈਚ ਖੇਡੇ ਹਨ। ਸਭ ਤੋਂ ਵੱਧ ਭਾਰਤ ਦੇ ਸਚਿਨ ਤੇਂਦੁਲਕਰ ਨੇ 463 ਮੈਚ ਖੇਡੇ ਹਨ। ਇੱਕ ਰੋਜ਼ਾ ਕ੍ਰਿਕਟ ਵਿੱਚ ਉਹ ਪਾਕਿਸਤਾਨ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ ਅਤੇ ਕਰੀਅਰ ਵਿੱਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਉਹ ਪਾਕਿਸਤਾਨ ਦਾ ਇਕਲੌਤਾ ਬੱਲੇਬਾਜ਼ ਹੈ। ਹੱਕ ਨੇ 39.52 ਦੀ ਔਸਤ ਨਾਲ 11739 ਦੌੜਾਂ ਬਣਾਈਆਂ। ਵਿਸ਼ਵ ਕ੍ਰਿਕਟ ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਉਹ ਸੱਤਵੇਂ ਨੰਬਰ ਉਤੇ ਹੈ। ਉਸ ਤੋਂ ਅੱਗੇ ਦੋ ਭਾਰਤੀ- ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ; ਤਿੰਨ ਸ੍ਰੀਲੰਕਾਈ- ਸੰਗਾਕਾਰਾ, ਸਨਥ ਜੈਸੂਰੀਆ ਤੇ ਮਹੇਲਾ ਜੈਅਵਰਧਨੇ ਅਤੇ ਇੱਕ ਆਸਟ੍ਰੇਲਿਆਈ ਰਿੱਕੀ ਪੌਂਟਿੰਗ ਹੈ। ਇੰਜ਼ਮਾਮ ਨੇ 10 ਸੈਂਕੜੇ ਤੇ 83 ਅਰਧ ਸੈਂਕੜੇ ਜੜੇ ਅਤੇ ਨਾਬਾਦ 137 ਦੌੜਾਂ ਦੀ ਪਾਰੀ ਸਰਵਉੱਚ ਸਕੋਰ ਹੈ। ਇੱਕ ਰੋਜ਼ਾ ਕ੍ਰਿਕਟ ਵਿੱਚ ਉਸ ਦਾ ਸਟਰਾਈਕ ਰੇਟ 72.24 ਸੀ, ਜੋ ਕਿ 90 ਦੇ ਦਹਾਕੇ ਦੇ ਲਿਹਾਜ਼ ਨਾਲ ਬਹੁਤ ਬਿਹਤਰ ਸੀ।
ਇੰਜ਼ਮਾਮ ਦੇ ਭਾਰੇ ਸਰੀਰ ਕਾਰਨ ਉਸ ਦੀ ਫਿਟਨੈਸ ਹਮੇਸ਼ਾ ਹੀ ਸੁਰਖੀਆਂ ਵਿੱਚ ਰਹੀ ਹੈ। ਕ੍ਰਿਕਟ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਛਾਂਟਵੇ ਸਰੀਰ ਦਾ ਪਤਲਾ ਜਿਹਾ ਕ੍ਰਿਕਟਰ ਸੀ, ਜੋ ਕਿ ਬਾਅਦ ਵਿੱਚ ਆਪਣੇ ਭਾਰੇ ਸਰੀਰ ਨਾਲ ਮਕਬੂਲ ਹੋਇਆ। ਮਰਵਿਨ ਅੱਟਾਪੱਟੂ ਤੋਂ ਬਾਅਦ ਇੰਜ਼ਮਾਮ ਸਭ ਤੋਂ ਵੱਧ ਰਨ ਆਊਟ ਹੋਣ ਵਾਲਾ ਬੱਲੇਬਾਜ਼ ਹੈ। ਅੱਟਾਪੱਟੂ 41 ਵਾਰ ਤੇ ਹੱਕ 40 ਵਾਰ ਰਨ ਆਊਟ ਹੋਇਆ ਹੈ। ਉਹ ਫੀਲਡ ਉਤੇ ਹੌਲੀ ਭੱਜਣ ਲਈ ਜਾਣਿਆ ਜਾਂਦਾ ਸੀ। ਉਸ ਦੇ ਰਨ ਆਊਟ ਦੇ ਕਈ ਕਿੱਸੇ ਬਹੁਤ ਮਸ਼ਹੂਰ ਹੋਏ ਹਨ। ਇੱਕ ਵਾਰ ਵੈਸਟ ਇੰਡੀਜ਼ ਖਿਲਾਫ ਮੈਚ ਵਿੱਚ ਕਰਟਲੀ ਐਂਬਰੋਜ਼ ਦੀ ਯਾਰਕਰ ਗੇਂਦ ਪੈਰਾਂ ਉਤੇ ਲੱਗਣ ਕਾਰਨ ਇੰਜ਼ਮਾਮ ਲੜਖੜਾ ਕੇ ਡਿੱਗ ਗਿਆ, ਜਦੋਂ ਕਿ ਦੂਜੇ ਪਾਸੇ ’ਤੇ ਖੜ੍ਹਾ ਵਸੀਮ ਅਕਰਮ ਦੌੜ ਪੂਰੀ ਕਰਕੇ ਇੰਜ਼ਮਾਮ ਵਾਲੀ ਸਾਈਡ ਆ ਗਿਆ, ਪਰ ਇੰਜ਼ਮਾਮ ਹਾਲੇ ਤੱਕ ਪੈਰ ਦੀ ਸੱਟ ਨਾਲ ਤੜਫ ਰਿਹਾ ਸੀ। ਇੰਜ਼ਮਾਮ ਨੇ ਜਦੋਂ ਆਪਣਾ ਸਿਰ ਚੁੱਕਿਆ ਤਾਂ ਵਸੀਮ ਅਕਰਮ ਨੂੰ ਦੇਖ ਕੇ ਬੋਲਿਆ, “ਵਸੀਮ ਭਾਈ ਆਪ ਕਾਹਾਂ?” ਉਹ ਕ੍ਰਿਕਟ ਵਿੱਚ ਕਈ ਮੌਕਿਆਂ ਉਤੇ ਅਜੀਬੋ-ਗਰੀਬ ਤਰੀਕੇ ਨਾਲ ਵੀ ਆਊਟ ਹੋਇਆ ਹੈ। ਇਸੇ ਤਰ੍ਹਾਂ ਇੱਕ ਵਾਰ ਸਪਿੰਨ ਗੇਂਦਬਾਜ਼ ਨੂੰ ਪੁੱਲ ਸ਼ਾਟ ਖੇਡਣ ਲਈ ਜਦੋਂ ਉਸ ਨੇ ਬੱਲਾ ਘੁੰਮਾਇਆ ਤਾਂ ਗੇਂਦ ਮਿੱਸ ਹੋ ਕੇ ਉਸ ਦੇ ਸਰੀਰ ਉਪਰ ਵੱਜੀ, ਜਿਸ ਕਾਰਨ ਉਹ ਵਿਕਟ ਤੋਂ ਪਾਰ ਵਿਕਟ ਕੀਪਰ ਵਾਲੇ ਪਾਸੇ ਡਿੱਗ ਗਿਆ। ਹਾਲਾਂਕਿ ਉਸ ਨੇ ਵਿਕਟ ਉਪਰੋਂ ਡਿੱਗਦਿਆਂ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਹਿੱਟ ਵਿਕਟ ਹੋਣ ਤੋਂ ਬਚਾਅ ਨਾ ਸਕਿਆ। 2006 ਵਿੱਚ ਭਾਰਤ ਖਿਲਾਫ ਮੈਚ ਖੇਡਦਿਆਂ ਇੰਜ਼ਮਾਮ ਨੇ ਭਾਰਤੀ ਫੀਲਡਰ ਵੱਲੋਂ ਵਿਕਟਾਂ ਵੱਲ ਸੁੱਟੀ ਥਰੋਅ ਨੂੰ ਆਪਣੇ ਬੱਲੇ ਨਾਲ ਰੋਕ ਲਿਆ, ਜਿਸ ਕਾਰਨ ਉਸ ਨੂੰ ਫੀਲਡਿੰਗ ਵਿੱਚ ਵਿਘਨ ਪਾਉਣ ਕਰਕੇ ਆਊਟ ਕਰਾਰ ਦੇ ਦਿੱਤਾ।
ਇੰਜ਼ਮਾਮ ਦੌੜਨ ਵਿੱਚ ਸੁਸਤ ਹੋਣ ਦੇ ਬਾਵਜੂਦ ਫੀਲਡਰ ਬਹੁਤ ਕਮਾਲ ਦਾ ਸੀ। ਆਪਣੇ ਕੌਮਾਂਤਰੀ ਕਰੀਅਰ ਵਿੱਚ ਇੰਜ਼ਮਾਮ ਨੇ ਟੈਸਟ ਮੈਚਾਂ ਵਿੱਚ 81 ਅਤੇ ਇੱਕ ਰੋਜ਼ਾ ਕ੍ਰਿਕਟ ਵਿੱਚ 113 ਕੈਚ ਪਕੜੇ ਹਨ। ਇੰਜ਼ਮਾਮ ਨੇ 2007 ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖਿਆ, ਜਿਸ ਸਾਲ ਟਵੰਟੀ-20 ਕ੍ਰਿਕਟ ਦਾ ਆਗਾਜ਼ ਹੋਇਆ ਸੀ। ਉਸ ਨੇ ਇਕਮਾਤਰ ਟਵੰਟੀ-20 ਮੈਚ ਖੇਡਿਆ ਹੈ, ਜਿਸ ਵਿੱਚ ਨਾਬਾਦ 11 ਦੌੜਾਂ ਬਣਾਈਆਂ ਸਨ। ਇੰਜ਼ਮਾਮ ਨੂੰ ਆਪਣੇ ਖੇਡ ਜੀਵਨ ਵਿੱਚ 24 ਵਾਰ ਮੈਨ ਆਫ਼ ਦਾ ਮੈਚ ਅਤੇ ਛੇ ਵਾਰ ਮੈਨ ਆਫ਼ ਦਾ ਸੀਰੀਜ਼ ਦਾ ਪੁਰਸਕਾਰ ਵੀ ਮਿਲਿਆ ਹੈ।
ਫਸਟ ਕਲਾਸ ਕ੍ਰਿਕਟ ਵਿੱਚ ਇੰਜ਼ਮਾਮ ਨੇ 245 ਮੈਚਾਂ ਵਿੱਚ 50.10 ਦੀ ਔਸਤ ਨਾਲ 16785 ਦੌੜਾਂ ਬਣਾਈਆਂ ਹਨ, ਜਿਸ ਵਿੱਚ 45 ਸੈਂਕੜੇ ਤੇ 87 ਅਰਧ ਸੈਂਕੜੇ ਸ਼ਾਮਲ ਹਨ। ਲਿਸਟ ‘ਏ’ ਕ੍ਰਿਕਟ ਵਿੱਚ ਹੱਕ ਨੇ 458 ਮੈਚਾਂ ਵਿੱਚ 12 ਸੈਂਕੜਿਆਂ ਤੇ 97 ਅਰਧ ਸੈਂਕੜਿਆਂ ਦੀ ਮੱਦਦ ਨਾਲ 13746 ਦੌੜਾਂ ਬਣਾਈਆਂ ਹਨ। ਬੱਲੇਬਾਜ਼ੀ ਕਰਦਿਆਂ ਇੰਜ਼ਮਾਮ ਜਿੱਥੇ ਇੱਕ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜੇ ਲਗਾਉਣ ਵਾਲਾ ਹੈ, ਉਥੇ ਉਸ ਦੀ ਗਿਣਤੀ ਆਪਣੇ 100ਵੇਂ ਟੈਸਟ ਵਿੱਚ ਸੈਂਕੜਾ ਮਾਰਨ ਵਾਲੇ ਗਿਣੇ-ਚੁਣਵੇਂ ਬੱਲੇਬਾਜ਼ਾਂ ਵਿੱਚ ਵੀ ਆਉਂਦੀ ਹੈ। ਇੰਜ਼ਮਾਮ ਨੇ ਭਾਰਤ ਖਿਲਾਫ ਆਪਣੇ 100ਵੇਂ ਟੈਸਟ ਵਿੱਚ 184 ਦੌੜਾਂ ਦੀ ਯਾਦਗਾਰੀ ਪਾਰੀ ਖੇਡੀ ਸੀ।
ਘਰੇਲੂ ਕ੍ਰਿਕਟ ਵਿੱਚ ਉਸ ਨੇ ਮੁਲਤਾਨ, ਲਾਹੌਰ ਬਾਦਸ਼ਾਹ, ਰਾਵਲਪਿੰਡੀ, ਫੈਸਲਾਬਾਦ, ਯੂਨਾਈਟਿਡ ਬੈਂਕ ਵੱਲੋਂ ਵੀ ਕ੍ਰਿਕਟ ਖੇਡੀ ਹੈ। ਆਪਣੇ ਕ੍ਰਿਕਟ ਕਰੀਅਰ ਦੇ ਆਖਰੀ ਸਮੇਂ ਵਿੱਚ ਉਹ ਇੰਗਲਿਸ਼ ਕਾਊਂਟੀ ਯੌਰਕਸ਼ਾਇਰ ਵੱਲੋਂ ਵੀ ਕ੍ਰਿਕਟ ਖੇਡਿਆ ਹੈ, ਪਰ ਉਥੇ ਉਹ ਜ਼ਿਆਦਾ ਸਫਲ ਨਹੀਂ ਰਿਹਾ। ਇੰਜ਼ਮਾਮ ਨੇ ਭਾਰਤ ਵਿੱਚ ਆਈ.ਪੀ.ਐਲ. ਤੋਂ ਪਹਿਲਾਂ ਸ਼ੁਰੂ ਹੋਈ ਆਈ.ਸੀ.ਐਲ., ਜਿਸ ਨੂੰ ਵਿਵਾਦਤ ਲੀਗ ਵੀ ਆਖਿਆ ਗਿਆ, ਵਿੱਚ ਵੀ ਖੇਡਿਆ ਸੀ, ਜਿਸ ਕਾਰਨ ਇੱਕ ਵਾਰ ਤਾਂ ਉਸ ਉਪਰ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਪਾਬੰਦੀ ਲਗਾ ਦਿੱਤੀ ਸੀ ਪਰ ਫੇਰ ਉਸ ਨੇ ਲੀਗ ਛੱਡ ਦਿੱਤੀ ਸੀ।
ਇੰਜ਼ਮਾਮ ਆਪਣੇ ਖੇਡ ਕਰੀਅਰ ਵਿੱਚ ਕਈ ਵਿਵਾਦਾਂ ਨਾਲ ਵੀ ਚਰਚਿਤ ਰਿਹਾ। 1997 ਵਿੱਚ ਟੋਰਾਂਟੋ ਵਿਖੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਹਾਰਾ ਕੱਪ ਦੇ ਖੇਡੇ ਜਾ ਰਹੇ ਮੈਚ ਦੌਰਾਨ ਜਦੋਂ ਕਿਸੇ ਭਾਰਤੀ ਮੂਲ ਦੇ ਕੈਨੇਡਾ ਦੇ ਦਰਸ਼ਕ ਨੇ ਬਾਊਂਡਰੀ ਉਤੇ ਫੀਲਡਿੰਗ ਕਰ ਰਹੇ ਇੰਜ਼ਮਾਮ ਨੂੰ ਆਲੂ ਕਹਿ ਕੇ ਚਿੜਾਇਆ, ਤਾਂ ਇਸ ਉਤੇ ਖਿੱਝਦਿਆਂ ਇੰਜ਼ਮਾਮ ਨੇ ਆਪਣੇ ਟੀਮ ਦੇ 12ਵੇਂ ਖਿਡਾਰੀ ਮੁਹੰਮਦ ਹੁਸੈਨ ਤੋਂ ਬੱਲਾ ਮੰਗਾ ਕੇ ਉਸ ਦਰਸ਼ਕ ਦੇ ਪਿੱਛੇ ਪੈ ਗਿਆ। ਦੇਖਣ ਵਾਲੇ ਦੱਸਦੇ ਹਨ ਕਿ ਜੇਕਰ ਸੁਰੱਖਿਆ ਕਰਮੀ ਇੰਜ਼ਮਾਮ ਨੂੰ ਨਾ ਰੋਕਦੇ ਤਾਂ ਉਸ ਦਰਸ਼ਕ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਇਕੇਰਾਂ ਇੰਗਲੈਂਡ ਦੇ ਓਵਲ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਦੌਰਾਨ ਇੰਜ਼ਮਾਮ ਪਾਕਿਸਤਾਨ ਟੀਮ ਦੀ ਕਪਤਾਨੀ ਕਰ ਰਿਹਾ ਸੀ ਤਾਂ ਅੰਪਾਇਰ ਵੱਲੋਂ ਪਾਕਿਸਤਾਨੀ ਗੇਂਦਬਾਜ਼ਾਂ ਉਪਰ ਬਾਲ ਨਾਲ ਛੇੜਛਾੜ ਦੇ ਦੋਸ਼ ਲਾਏ। ਉਦੋਂ ਇੰਜ਼ਮਾਮ ਨੇ ਰੋਸ ਵਜੋਂ ਟੀਮ ਨੂੰ ਫੀਲਡ ਵਿੱਚ ਉਤਾਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਦੇ ਚੱਲਦਿਆਂ ਇੰਜ਼ਮਾਮ ਉਪਰ ਚਾਰ ਮੈਚਾਂ ਦੀ ਪਾਬੰਦੀ ਵੀ ਲੱਗੀ।
ਇੰਜ਼ਮਾਮ ਦੇ ਭਾਰਤੀ ਕ੍ਰਿਕਟਰਾਂ ਵਿੱਚੋਂ ਸਚਿਨ ਤੇਂਦੁਲਕਰ ਤੇ ਵਿਰੇਂਦਰ ਸਹਿਵਾਗ ਨਾਲ ਬਹੁਤ ਚੰਗੇ ਸਬੰਧ ਰਹੇ ਹਨ। ਇੱਕ ਵਾਰ ਉਹ ਆਪਣੇ ਬੇਟੇ ਨੂੰ ਸਚਿਨ ਨਾਲ ਮਿਲਾਉਣ ਲੈ ਕੇ ਗਿਆ, ਜਿੱਥੇ ਜਾ ਕੇ ਸਚਿਨ ਨੂੰ ਆਖਿਆ ਕਿ ਉਸ ਦਾ ਬੇਟਾ ਤੁਹਾਡਾ ਵੱਡਾ ਪ੍ਰਸ਼ੰਸਕ ਹੈ। ਸਚਿਨ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ। ਵਿਰੇਂਦਰ ਸਹਿਵਾਗ ਖੁਦ ਜਿੱਥੇ ਤਾਬੜਤੋੜ ਬੱਲੇਬਾਜ਼ ਰਿਹਾ ਹੈ, ਉਥੇ ਉਹ ਇੰਜ਼ਮਾਮ ਨੂੰ ਬਹੁਤ ਪਾਵਰਫੁੱਲ ਹਿਟਿੰਗ ਵਾਲ ਖਤਰਨਾਕ ਬੱਲੇਬਾਜ਼ ਮੰਨਦਾ ਸੀ। ਪਾਕਿਸਤਾਨੀ ਆਲ ਰਾਊਂਡਰ ਅਬਦੁਲ ਰਜ਼ਾਕ ਵੀ ਇੰਜ਼ਮਾਮ ਨੂੰ ਬਹੁਤ ਖਤਰਨਾਕ ਬੱਲੇਬਾਜ਼ ਮੰਨਦਾ ਸੀ, ਜਦੋਂ ਕਿ ਇੰਜ਼ਮਾਮ ਨੂੰ ਮਹਾਨ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਦੁਨੀਆਂ ਦਾ ਬਿਹਤਰੀਨ ਬੱਲੇਬਾਜ਼ ਆਖਦਾ ਸੀ, ਜੋ ਤੇਜ਼ ਗੇਂਦਬਾਜ਼ੀ ਖਿਲਾਫ ਖੇਡਣ ਵਾਲਾ ਦੁਨੀਆਂ ਦਾ ਇੱਕ ਨੰਬਰ ਦਾ ਕ੍ਰਿਕਟਰ ਹੈ।
ਇੰਜ਼ਮਾਮ ਤਿੰਨ ਵਾਰ ਆਈ.ਸੀ.ਸੀ. ਰੈਂਕਿੰਗ ਵਿੱਚ ਵਿਸ਼ਵ ਦਾ ਨੰਬਰ ਇੱਕ ਬੱਲੇਬਾਜ਼ ਰਿਹਾ ਹੈ। ਪਹਿਲੀ ਵਾਰ ਉਹ 1995 ਵਿੱਚ ਬਣਿਆ ਸੀ। ਉਸ ਤੋਂ ਬਾਅਦ 1997 ਵਿੱਚ ਫੇਰ ਵਿਸ਼ਵ ਦਾ ਚੋਟੀ ਦਾ ਬੱਲੇਬਾਜ਼ ਬਣਿਆ। 2004 ਤੋਂ 2006 ਤੱਕ ਵੀ ਵਿਸ਼ਵ ਦਾ ਨੰਬਰ ਇੱਕ ਬੱਲੇਬਾਜ਼ ਰਿਹਾ। ਉਹ ਆਪਣੇ ਪੂਰੇ ਖੇਡ ਜੀਵਨ ਵਿੱਚ ਰੈਂਕਿੰਗ ਵਿੱਚ ਵਿਸ਼ਵ ਦੇ ਸਿਖਰਲੇ 20 ਬੱਲੇਬਾਜ਼ਾਂ ਵਿੱਚ ਹੀ ਸ਼ੁਮਾਰ ਰਿਹਾ। 1992 ਵਿਸ਼ਵ ਕੱਪ ਦੀ ਜਿੱਤ ਵਿੱਚ ਉਸ ਦਾ ਵੱਡਾ ਯੋਗਦਾਨ ਸੀ, ਜਦੋਂ ਸੈਮੀ ਫ਼ਾਈਨਲ ਵਿੱਚ ਨਿਊ ਜ਼ੀਲੈਂਡ ਖਿਲਾਫ 37 ਗੇਂਦਾਂ ਉਤੇ 60 ਦੌੜਾਂ ਦੀ ਪਾਰੀ ਅਤੇ ਘੱਟ ਸਕੋਰ ਵਾਲੇ ਫ਼ਾਈਨਲ ਵਿੱਚ ਇੰਗਲੈਂਡ ਖਿਲਾਫ 35 ਗੇਂਦਾਂ ਉਤੇ 42 ਦੌੜਾਂ ਦੀ ਪਾਰੀ ਖੇਡੀ। ਸੈਮੀ ਫ਼ਾਈਨਲ ਵਿੱਚ ਉਸ ਵੱਲੋਂ ਲਗਾਇਆ ਛੱਕਾ ਵਿਸ਼ਵ ਕੱਪ ਦਾ ਸਰਵੋਤਮ ਸ਼ਾਟ ਸਮਝਿਆ ਜਾਂਦਾ ਹੈ। ਇੰਜ਼ਮਾਮ ਉਦੋਂ 21 ਵਰਿ੍ਹਆਂ ਦਾ ਸੀ, ਜਦੋਂ 1991 ਵਿੱਚ ਟੀਮ ਵਿੱਚ ਚੁਣਿਆ ਗਿਆ। ਵੈਸਟ ਇੰਡੀਜ਼ ਖਿਲਾਫ 20 ਤੇ 60 ਦੌੜਾਂ ਦੀਆਂ ਦੋ ਪਾਰੀਆਂ ਖੇਡੀਆਂ। 1992 ਦੇ ਸ਼ੁਰੂ ਵਿੱਚ ਸ੍ਰੀਲੰਕਾ ਖਿਲਾਫ ਲੜੀ ਵਿੱਚ ਇੰਜ਼ਮਾਮ ਨੇ 48, 60, 101 ਤੇ 117 ਦੌੜਾਂ ਦੀਆਂ ਪਾਰੀਆਂ ਖੇਡੀਆਂ, ਜਿਸ ਕਾਰਨ ਇਮਰਾਨ ਨੇ ਉਸ ਨੂੰ ਵਿਸ਼ਵ ਕੱਪ ਟੀਮ ਵਿੱਚ ਟਰੰਪ ਕਾਰਡ ਵਜੋਂ ਖਿਡਾਇਆ। ਵਿਸ਼ਵ ਕੱਪ ਵਿੱਚ ਉਹ ਕਪਤਾਨ ਦੀਆਂ ਉਮੀਦਾਂ ਉਤੇ ਖਰਾ ਉਤਰਿਆ। ਸੈਮੀ ਫ਼ਾਈਨਲ ਮੈਚ ਤੋਂ ਪਹਿਲਾਂ ਉਹ ਬਿਮਾਰ ਸੀ, ਪਰ ਇਮਰਾਨ ਨੇ ਧੱਕੇ ਨਾਲ ਖਿਡਾਇਆ ਅਤੇ ਉਥੇ ਹੀ ਉਸ ਨੇ ਯਾਦਗਾਰੀ ਮੈਚ ਜਿਤਾਊ ਪਾਰੀ ਖੇਡੀ।
ਇੰਜ਼ਮਾਮ ਨੇ ਆਪਣੇ ਖੇਡ ਜੀਵਨ ਵਿੱਚ ਬਹੁਤ ਯਾਦਗਾਰੀ ਪਾਰੀਆਂ ਖੇਡੀਆਂ ਹਨ, ਜਿਨ੍ਹਾਂ ਵਿੱਚ ਲਾਹੌਰ ਵਿਖੇ ਗਰਮ ਮੌਸਮ ਵਿੱਚ ਨਿਊ ਜ਼ੀਲੈਂਡ ਖਿਲਾਫ ਖੇਡੀ ਸਰਵਉੱਚ 329 ਦੌੜਾਂ ਦੀ ਪਾਰੀ ਇੱਕ ਹੈ। 1993 ਵਿੱਚ ਵੈਸਟ ਇੰਡੀਜ਼ ਦੌਰੇ ਉਤੇ ਇੱਕ ਰੋਜ਼ਾ ਮੈਚ ਵਿੱਚ ਟੀਮ ਦੀ ਜਿੱਤ ਵਿੱਚ ਨਾਬਾਦ 90 ਦੌੜਾਂ ਦੀ ਪਾਰੀ ਖੇਡੀ। 1997 ਵਿੱਚ ਵੈਸਟ ਇੰਡੀਜ਼ ਦੀ ਤੇਜ਼ ਗੇਂਦਬਾਜ਼ਾਂ ਦੀ ਤਿੱਕੜੀ- ਐਂਬਰੋਜ਼, ਵਾਲਸ਼ ਤੇ ਬਿਸ਼ਪ ਅੱਗੇ ਇੰਜ਼ਮਾਮ ਵੱਲੋਂ ਖੇਡੀ 177 ਦੌੜਾਂ ਦੀ ਪਾਰੀ ਖੇਡ ਪ੍ਰੇਮੀਆਂ ਦੇ ਸਦਾ ਚੇਤੇ ਵਸੀ ਹੋਈ ਹੈ। 1994 ਵਿੱਚ ਕਰਾਚੀ ਵਿਖੇ ਆਸਟ੍ਰੇਲੀਆ ਖਿਲਾਫ ਖੇਡਣ ਸਮੇਂ ਉਸ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨਾਲ ਖੇਡਦਿਆਂ ਨਾਬਾਦ 58 ਦੌੜਾਂ ਦੀ ਪਾਰੀ ਖੇਡ ਕੇ ਪਾਕਿਸਤਾਨ ਨੂੰ ਇੱਕ ਵਿਕਟ ਦੀ ਜਿੱਤ ਦਿਵਾਈ। 2005 ਵਿੱਚ ਇੰਗਲੈਂਡ ਖਿਲਾਫ਼ ਦੋ ਸੈਂਕੜੇ ਤੇ ਦੋ ਅਰਧ ਸੈਂਕੜੇ ਲਗਾਏ, ਜਿਨ੍ਹਾਂ ਵਿੱਚ ਨਾਬਾਦ 138 ਦੌੜਾਂ ਦੀ ਪਾਰੀ ਨੇ ਪਾਕਿਸਤਾਨ ਨੂੰ ਵੱਡੇ ਸੰਕਟ ਵਿੱਚੋਂ ਉਭਾਰਿਆ। ਮੁਲਤਾਨ ਵਿਖੇ ਬੰਗਲਾਦੇਸ਼ ਖਿਲਾਫ਼ 164 ਦੇ ਸਕੋਰ ਉਤੇ ਸੱਤ ਵਿਕਟਾਂ ਡਿੱਗਣ ਤੋਂ ਬਾਅਦ ਇੰਜ਼ਮਾਮ ਨੇ ਪਾਰੀ ਸੰਭਾਲਦਿਆਂ ਸਕੋਰ 262 ਤੱਕ ਪਹੁੰਚਾਇਆ।
ਦੱਖਣੀ ਅਫਰੀਕਾ ਖਿਲਾਫ ਵੀ ਉਸ ਨੇ ਔਖੇ ਸਮੇਂ ਨਾਬਾਦ 92 ਦੌੜਾਂ ਦੀ ਪਾਰੀ ਖੇਡੀ। ਹੋਬਾਰਟ ਵਿੱਚ ਆਸਟ੍ਰੇਲੀਆ ਖਿਲਾਫ 118 ਦੌੜਾਂ ਦੀ ਪਾਰੀ ਵੀ ਮਹਾਨ ਪਾਰੀਆਂ ਵਿੱਚੋਂ ਇੱਕ ਹੈ। ਮੈਚ ਜਿੱਤਣ ਵਿੱਚ ਬੱਲੇਬਾਜ਼ੀ ਦੀ ਔਸਤ ਵਿੱਚ ਉਹ ਬਰੈਡਮੈਨ ਤੇ ਸੰਗਾਕਾਰਾ ਤੋਂ ਬਾਅਦ ਤੀਜੇ ਨੰਬਰ ਉਤੇ ਆਉਂਦਾ ਹੈ। 2006 ਵਿੱਚ ਭਾਰਤ ਖਿਲਾਫ 25ਵਾਂ ਸੈਂਕੜਾ ਜੜ ਕੇ ਉਹ ਇੱਕ ਮੌਕੇ ਪਾਕਿਸਤਾਨ ਵੱਲੋਂ ਸਭ ਤੋਂ ਵੱਧ ਟੈਸਟ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਬਣਿਆ ਸੀ। ਇੰਗਲੈਂਡ ਖਿਲਾਫ ਇੰਜ਼ਮਾਮ ਦਾ ਰਿਕਾਰਡ ਬਹੁਤ ਕਮਾਲ ਦਾ ਰਿਹਾ ਹੈ। ਉਸ ਨੇ 2001 ਤੋਂ 2006 ਤੱਕ ਇੰਗਲੈਂਡ ਖਿਲਾਫ 9 ਪਾਰੀਆਂ ਵਿੱਚ 9 ਅਰਧ ਸੈਂਕੜੇ ਲਗਾਏ, ਜੋ ਕਿ ਵਿਸ਼ਵ ਰਿਕਾਰਡ ਹੈ। 1996 ਦੇ ਇੰਗਲੈਂਡ ਟੂਰ ਉਪਰ ਉਸ ਨੇ 64 ਦੀ ਔਸਤ ਨਾਲ ਦੌੜਾਂ ਬਣਾਈਆਂ। ਇੰਜ਼ਮਾਮ ਪੁਲ ਸ਼ਾਟ, ਤੇਜ਼ ਤਰਾਰ ਸ਼ਾਟਾਂ ਲਈ ਜਾਣਿਆ ਜਾਂਦਾ ਹੈ, ਜੋ ਕਿ ਗੇਂਦਬਾਜ਼ ਦੀ ਬਾਲ ਸੁੱਟਣ ਤੋਂ ਬਾਅਦ ਹੀ ਉਸ ਦੀ ਲੈਂਥ ਫੜ ਲੈਂਦਾ ਸੀ। ਉਹ ਮੈਚ ਜਿਤਾਊ ਬੱਲੇਬਾਜ਼ ਰਿਹਾ, ਜਿਸ ਦੀ ਜੇਤੂ ਮੈਚਾਂ ਵਿੱਚ ਔਸਤ 78.17 ਰਹੀ ਹੈ, ਜੋ ਕਿ ਪਾਕਿਸਤਾਨ ਵਿੱਚ ਸਭ ਤੋਂ ਵੱਧ ਰਹੀ ਹੈ।
ਪੰਜ ਵਿਸ਼ਵ ਕੱਪ ਖੇਡਣ ਵਾਲੇ ਇੰਜ਼ਮਾਮ ਨੇ ਆਪਣਾ ਆਖਰੀ ਮੈਚ 2007 ਦੇ ਵਿਸ਼ਵ ਕੱਪ ਵਿੱਚ ਖੇਡਿਆ। ਜ਼ਿੰਬਾਬਵੇ ਖਿਲਾਫ ਆਪਣੇ ਆਖਰੀ ਮੈਚ ਵਿੱਚ ਉਸ ਨੇ ਫੀਲਡਿੰਗ ਕਰਦਿਆਂ ਤਿੰਨ ਯਾਦਗਾਰੀ ਕੈਚ ਵੀ ਪਕੜੇ ਸਨ। ਵਿਸ਼ਵ ਕੱਪ ਵਿੱਚ ਆਇਰਲੈਂਡ ਤੋਂ ਹਾਰਨ ਕਰਕੇ ਇੰਜ਼ਮਾਮ ਦੀ ਕਪਤਾਨੀ ਹੇਠ ਪਾਕਿਸਤਾਨ ਦੇ ਪਹਿਲੇ ਦੌਰ ਵਿੱਚ ਬਾਹਰ ਹੋਣ ਕਰਕੇ ਉਸ ਨੇ ਖੇਡ ਤੋਂ ਸੰਨਿਆਸ ਲੈ ਲਿਆ ਸੀ। ਇਹ ਵਿਸ਼ਵ ਕੱਪ ਪਾਕਿਸਤਾਨ ਕ੍ਰਿਕਟ ਲਈ ਬੁਰੇ ਸੁਫਨੇ ਵਾਂਗ ਸੀ। ਇਸੇ ਵਿਸ਼ਵ ਕੱਪ ਵਿੱਚ ਆਇਰਲੈਂਡ ਖਿਲਾਫ ਮੈਚ ਦੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਕੋਚ ਬੌਬ ਵੂਲਮਰ ਦੀ ਰਹੱਸਮਈ ਤਰੀਕੇ ਨਾਲ ਮੌਤ ਹੋਣ ਕਾਰਨ ਵੀ ਖੇਡ ਪ੍ਰੇਮੀ ਦੰਗ ਰਹਿ ਗਏ। ਇੰਜ਼ਮਾਮ ਦੀ ਬੌਬ ਨਾਲ ਬਹੁਤ ਗੂੜ੍ਹੀ ਸਾਂਝ ਸੀ, ਜਿਸ ਕਾਰਨ ਉਸ ਨੇ ਅਗਲਾ ਮੈਚ ਆਪਣੇ ਮਰਹੂਮ ਕੋਚ ਨੂੰ ਸਮਰਪਿਤ ਕੀਤਾ ਸੀ।
ਕਪਤਾਨ ਵਜੋਂ ਵੀ ਇੰਜ਼ਮਾਮ ਉਲ ਹੱਕ ਦਾ ਬੱਲੇਬਾਜ਼ੀ ਰਿਕਾਰਡ ਬਾਕਮਾਲ ਹੈ। ਉਸ ਨੇ 31 ਟੈਸਟ ਮੈਚਾਂ ਵਿੱਚ ਕਪਤਾਨੀ ਕੀਤੀ, ਜਿਸ ਵਿੱਚ 11 ਮੈਚ ਜਿੱਤੇ ਅਤੇ 9 ਡਰਾਅ ਖੇਡੇ। ਇੱਕ ਰੋਜ਼ਾ ਮੁਕਾਬਲਿਆਂ ਵਿੱਚ 87 ਵਿੱਚ ਕਪਤਾਨੀ ਕਰਦਿਆਂ 51 ਮੈਚਾਂ ਵਿੱਚ ਜਿੱਤ ਦਿਵਾਈ। ਬਤੌਰ ਕਪਤਾਨ ਬੱਲੇਬਾਜ਼ੀ ਉਸ ਦੀ ਔਸਤ 50 ਤੋਂ ਉਪਰ ਸੀ। ਕਪਤਾਨ ਵਜੋਂ ਬਿਹਤਰ ਬੱਲੇਬਾਜ਼ੀ ਔਸਤ ਵਾਲੇ ਕਪਤਾਨਾਂ ਵਿੱਚ ਰਿੱਕੀ ਪੌਂਟਿੰਗ ਤੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਹੱਕ ਤੀਜੇ ਨੰਬਰ ਉਪਰ ਹੈ। 83 ਇੱਕ ਰੋਜ਼ਾ ਅਰਧ ਸੈਂਕੜਿਆਂ ਦੇ ਨਾਲ ਉਹ ਸਚਿਨ ਤੋਂ ਬਾਅਦ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਹੈ। ਉਸ ਤੋਂ ਵੱਧ ਸਿਰਫ ਸਚਿਨ ਨੇ 96 ਅਰਧ ਸੈਂਕੜੇ ਲਗਾਏ ਹਨ। ਉਸ ਨੇ ਕੌਮਾਂਤਰੀ ਕ੍ਰਿਕਟ ਵਿੱਚ ਕੁੱਲ 20541 ਦੌੜਾਂ ਬਣਾਈਆਂ ਹਨ, ਜੋ ਕਿ ਪਾਕਿਸਤਾਨ ਵੱਲੋਂ ਦੌੜਾਂ ਬਣਾਉਣ ਵਿੱਚ ਪਹਿਲੇ ਨੰਬਰ ਉਤੇ ਹੈ।
ਬਤੌਰ ਖਿਡਾਰੀ ਸੰਨਿਆਸ ਲੈਣ ਤੋਂ ਬਾਅਦ ਇੰਜ਼ਮਾਮ ਪਾਕਿਸਤਾਨ ਟੀਮ ਦਾ ਕੰਸਲਟੈਂਟ ਵੀ ਰਿਹਾ। ਅਫਗਾਨਸਿਤਾਨ ਦੇ ਕੋਚ ਵਜੋਂ ਵੀ ਸੇਵਾਵਾਂ ਨਿਭਾਈਆਂ। ਉਸ ਦੀ ਕੋਚਿੰਗ ਹੇਠ ਅਫਗਾਨਿਸਤਾਨ ਨੇ 2016 ਦੇ ਟਵੰਟੀ-20 ਵਿਸ਼ਵ ਕੱਪ ਵਿੱਚ ਜ਼ਿੰਬਾਬਵੇ ਨੂੰ ਹਰਾਇਆ ਸੀ। ਉਹ ਪਾਕਿਸਤਾਨ ਟੀਮ ਦਾ ਮੁੱਖ ਚੋਣਕਾਰ ਵੀ ਰਿਹਾ। ਇੰਜ਼ਮਾਮ ਨੇ ਦੋ ਕਾਰੋਬਾਰ ਵੀ ਸ਼ੁਰੂ ਕੀਤੇ। ਇੱਕ ਮੀਟ ਸ਼ਾਪ ਅਤੇ ਇੱਕ ਕੱਪੜਿਆਂ ਦੇ ਸਟੋਰ ਦਾ, ਜਿਸ ਦਾ ਨਾਮ ‘ਲੀਜੈਂਡ ਆਫ਼ ਹੱਕ’ ਰੱਖਿਆ।
ਆਈ.ਸੀ.ਸੀ. ਵੱਲੋਂ ਕਰਵਾਏ ਮੈਚਾਂ ਵਿੱਚ ਇੰਜ਼ਮਾਮ ਏਸ਼ੀਆ ਇਲੈਵਨ ਅਤੇ ਵਿਸ਼ਵ ਇਲੈਵਨ ਵੱਲੋਂ ਵੀ ਖੇਡਿਆ ਹੈ। ਪਾਕਿਸਤਾਨ ਸਰਕਾਰ ਵੱਲੋਂ 2005 ਵਿੱਚ ਉਸ ਨੂੰ ‘ਸਿਤਾਰਾ-ਏ-ਇਮਤਿਆਜ਼’ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇੰਜ਼ਮਾਮ ਦੀ ਗਿਣਤੀ ਹਮੇਸ਼ਾ ਪਾਕਿਸਤਾਨ ਕ੍ਰਿਕਟ ਦੇ ਬਿਹਤਰੀਨ ਬੱਲੇਬਾਜ਼ਾਂ ਵਿੱਚ ਹੁੰਦੀ ਰਹੇਗੀ, ਜਿਸ ਨੂੰ ਮਿਡਲ ਆਰਡਰ ਵਿੱਚ ਵਿਸ਼ਵ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।

Leave a Reply

Your email address will not be published. Required fields are marked *