ਪੰਜਾਬੀਆਂ ਬਾਰੇ ਇਹ ਅਕਸਰ ਹੀ ਕਿਹਾ ਜਾਂਦਾ ਹੈ ਕਿ ‘ਪੰਜਾਬੀਆਂ ਦੀ ਸ਼ਾਨ ਵੱਖਰੀ।’ ਇਹ ਨਿੱਕਾ ਜਿਹਾ ਵਾਕ ਵੱਡੀ ਗੱਲ ਬਿਆਨਣ ਦੇ ਸਮਰੱਥ ਹੈ। ਇਹ ਸੌ ਫ਼ੀਸਦੀ ਸੱਚ ਹੈ ਕਿ ਪੰਜਾਬੀਆਂ ਦੀ ਸ਼ਾਨ ਸਾਰੇ ਜਗ ਤੋਂ ਨਿਰਾਲੀ ਹੈ ਤੇ ਇਹ ਲੱਖਾਂ ਮੁਸ਼ਕਿਲਾਂ ਤੇ ਮੁਸੀਬਤਾਂ ਦੇ ਰੂਬਰੂ ਹੁੰਦਿਆਂ ਹੋਇਆਂ ਵੀ ਸਦਾ ‘ਚੜ੍ਹਦੀ ਕਲਾ’ ਵਿੱਚ ਹੀ ਰਹਿੰਦੇ ਹਨ। ਪੰਜਾਬੀਆਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਮੱਲਾਂ ਮਾਰ ਕੇ ਆਪਣੀ ਪੰਜਾਬੀਅਤ ਦਾ ਲੋਹਾ ਸੰਸਾਰ ਭਰ ਤੋਂ ਮੰਨਵਾਇਆ ਹੈ।
ਅਮਰੀਕਾ, ਕੈਨੇਡਾ, ਇਟਲੀ, ਜਰਮਨੀ ਅਤੇ ਫ਼ਰਾਂਸ ਜਿਹੇ ਵਿਕਸਿਤ ਮੁਲਕਾਂ ਦੇ ਮੁਕਾਬਲਤਨ ਪੂਰਬੀ ਅਫ਼ਰੀਕਾ ਜਿਹੇ ਪਿਛੜੇ ਅਤੇ ਗ਼ਰੀਬ ਸਮਝੇ ਜਾਂਦੇ ਮੁਲਕਾਂ ਵਿੱਚ ਵੀ ਜਾ ਕੇ ਪੰਜਾਬੀਆਂ ਨੇ ਆਪਣੀ ਕਾਮਯਾਬੀ ਦਾ ਪਰਚਮ ਲਹਿਰਾਇਆ ਹੈ। ਆਓ, ਜਾਣੀਏ ਕਿ ਅਫ਼ਰੀਕੀ ਮੁਲਕ ਯੂਗਾਂਡਾ ਨਾਲ ਪੰਜਾਬੀਆਂ ਦੀ ਕਿਹੋ ਜਿਹੀ ਸਾਂਝ ਹੈ…
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਬਾਕੀ ਬਚਿਆ ਹੋਵੇ, ਜਿੱਥੇ ਪੰਜਾਬੀ ਨਹੀਂ ਪੁੱਜੇ ਹਨ। ਪੰਜਾਬੀਆਂ ਨੂੰ ਦੁਨੀਆਂ ਦੇ ਅਮੀਰ ਤੋਂ ਅਮੀਰ ਮੁਲਕ ਤੋਂ ਲੈ ਕੇ ਗ਼ਰੀਬ ਤੋਂ ਗ਼ਰੀਬ ਮੁਲਕ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਤੇ ਇਨ੍ਹਾਂ ਨੇ ਹਰ ਤਰ੍ਹਾਂ ਦੇ ਹਾਲਾਤ ਨੂੰ ਖਿੱੜੇ ਮੱਥੇ ਕਬੂਲਦਿਆਂ ਆਪਣੀ ਹੱਡ-ਭੰਨ੍ਹਵੀਂ ਮਿਹਨਤ ਤੇ ਅਣਥੱਕ ਸਿਰੜ ਨਾਲ ਬੰਜਰ ਜ਼ਮੀਨਾਂ ਨੂੰ ਉਪਜਾਊ ਅਤੇ ਘਾਟੇ ਵਾਲੇ ਕਾਰੋਬਾਰਾਂ ਨੂੰ ਫ਼ਾਇਦੇ ਵਾਲੇ ਕਾਰੋਬਾਰਾਂ ਵਿੱਚ ਬਦਲਿਆ ਹੈ। ਪੰਜਾਬੀ ਲੋਕ ਜਿਸ ਵੀ ਮੁਲਕ ਵਿੱਚ ਗਏ ਹਨ, ਉੱਥੋਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਜੀਅ-ਜਾਨ ਲਗਾਈ ਹੈ।
ਯੂਗਾਂਡਾ, ਪੂਰਬੀ ਅਫ਼ਰੀਕਾ ਦਾ ਇੱਕ ਥਲੀ ਖਿੱਤਾ ਹੈ। ਇਸਦਾ ਕੁੱਲ ਰਕਬਾ 2,41,038 ਵਰਗ ਕਿਲੋਮੀਟਰ ਅਤੇ ਵੱਸੋਂ ਦੀ ਘਣਤਾ 157.1 ਪ੍ਰਤੀ ਵਰਗ ਕਿਲੋਮੀਟਰ ਹੈ। ਇਸਦੀ ਕੁੱਲ ਆਬਾਦੀ 49 ਮਿਲੀਅਨ ਭਾਵ ਪੰਜ ਕਰੋੜ ਦੇ ਆਸ-ਪਾਸ ਹੈ। ਇਸਦੀ ਰਾਜਧਾਨੀ ਕੰਪਾਲਾ ਹੈ ਤੇ ਕੰਪਾਲਾ ਹੀ ਯੁਗਾਂਡਾ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸਦੀ ਕੁੱਲ ਆਬਾਦੀ 85 ਲੱਖ ਦੇ ਕਰੀਬ ਹੈ। ਇਸ ਦੇਸ਼ ਦੇ ਪੂਰਬ ਵਿੱਚ ਕੀਨੀਆ, ਉੱਤਰ ਵਿੱਚ ਸੂਡਾਨ, ਪੱਛਮ ਵਿੱਚ ਕਾਂਗੋ ਅਤੇ ਦੱਖਣ ਵਿੱਚ ਤਨਜ਼ਾਨੀਆ ਦੀਆਂ ਸਰਹੱਦਾਂ ਮੌਜੂਦ ਹਨ। ਇੱਥੇ 35,000 ਤੋਂ ਵੱਧ ਭਾਰਤੀ ਲੋਕ ਵੱਸਦੇ ਹਨ, ਜਿਨ੍ਹਾਂ ਵਿੱਚੋਂ ਪੰਜਾਬੀਆਂ ਦੀ ਸੰਖਿਆ 2400 ਦੇ ਆਸ-ਪਾਸ ਹੈ। ਇੱਥੇ ਕਿਸੇ ਵਕਤ ‘ਬੁਗਾਂਡਾ’ ਵੰਸ਼ ਦਾ ਰਾਜ ਚੱਲਦਾ ਸੀ, ਜਿਸਦੇ ਨਾਂ ਦੀ ਧੁਨੀ ਅਨੁਸਾਰ ਇਸ ਖਿੱਤੇ ਦਾ ਨਾਂ ਯੁਗਾਂਡਾ ਰੱਖ ਦਿੱਤਾ ਗਿਆ। ਇੱਥੇ ਉਸ ਵਕਤ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਦਾ ਨਾਂ ‘ਲੁਗਾਂਡਾ’ ਸੀ।
ਯੂਗਾਂਡਾ ਦੇ ਪੰਜਾਬੀਆਂ ਨਾਲ ਸਬੰਧਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਸਬੰਧ ਸਦੀਆਂ ਪੁਰਾਣੇ ਜਾਪਦੇ ਹਨ। ਪ੍ਰਸਿੱਧ ਪੰਜਾਬੀ ਸਾਹਿਤਕਾਰ ਅਮਰਜੀਤ ਚੰਦਨ ਦੀ ਇੱਕ ਲਿਖ਼ਤ ਅਨੁਸਾਰ ਸੰਨ 1849 ਵਿੱਚ ਈਸਟ ਇੰਡੀਆ ਕੰਪਨੀ ਦੀ ਫ਼ੌਜ ਨੇ ਪੰਜਾਬ ਦੀ ਸੱਤਾ ’ਤੇ ਕਬਜ਼ਾ ਕੀਤਾ ਸੀ ਤੇ ਉਪਰੰਤ ਸੰਨ 1858 ਵਿੱਚ ਪੰਜਾਬ ਉੱਤੇ ਬਰਤਾਨਵੀ ਤਖ਼ਤ ਕਾਬਜ਼ ਹੋ ਗਿਆ ਸੀ। ਬਰਤਾਨਵੀ ਫ਼ੌਜ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਹੀ ਸਭ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਜਾਣ ਦੇ ਮੌਕੇ ਮਿਲੇ ਸਨ ਤੇ ਸੰਨ 1880 ਤੋਂ ਬਾਅਦ ਪੰਜਾਬੀ ਫ਼ੌਜੀਆਂ ਦੀ ਨਿਯੁਕਤੀ ਦੱਖਣ-ਪੂਰਬੀ ਏਸ਼ੀਆ ਅਤੇ ਦੂਰ ਪੂਰਬ ਵਿੱਚ ਹੋਣੀ ਅਰੰਭ ਹੋ ਗਈ ਸੀ। ਉੱਥੇ ਜਾ ਕੇ ਪੰਜਾਬੀਆਂ ਨੇ ਸਥਾਨਕ ਪੁਲਿਸ ਜਾਂ ਫ਼ੌਜ ਵਿੱਚ ਭਰਤੀ ਹੋਣ ਨੂੰ ਹੀ ਪਹਿਲ ਦਿੱਤੀ ਸੀ। ਸੰਨ 1900 ਦੇ ਨੇੜੇ-ਤੇੜੇ ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਦਾ ਰੁਖ਼ ਕੀਤਾ ਸੀ ਅਤੇ ਰੇਲਵੇ ਲਾਈਨ ਵਿਛਾਉਣ ਦਾ ਕੰਮ ਕਰਨ ਦੇ ਨਾਲ-ਨਾਲ ਬਤੌਰ ਕਿਸਾਨ ਤੇ ਖੇਤ ਮਜ਼ਦੂਰ ਉੱਥੋਂ ਦੇ ਖੇਤੀ ਖੇਤਰ ਵਿੱਚ ਵੀ ਹੱਥ ਅਜ਼ਮਾਇਆ ਸੀ। ਪਹਿਲੀ ਸੰਸਾਰ ਜੰਗ ਵੇਲੇ ਬਰਤਾਨਵੀ ਹਾਕਮਾਂ ਨੇ ਰਾਵਲਪਿੰਡੀ ਡਿਵੀਜ਼ਨ ਦੇ ਸਵਾ ਲੱਖ ਦੇ ਕਰੀਬ ਮੁਸਲਮਾਨਾਂ ਅਤੇ ਸਿੱਖਾਂ ਦੀ ਭਰਤੀ ਕੀਤੀ ਸੀ। ਬਸਰਾ, ਗਲੀਪੋਲੀ ਅਤੇ ਫ਼ਰਾਂਸ ਦੀਆਂ ਸਰਹੱਦਾਂ ’ਤੇ ਹਜ਼ਾਰਾਂ ਮੁਸਲਮਾਨ ਤੇ ਸਿੱਖ ਸੈਨਿਕਾਂ ਨੇ ਸ਼ਹਾਦਤਾਂ ਦਿੱਤੀਆਂ ਸਨ। ਕਿਹਾ ਜਾਂਦਾ ਹੈ ਕਿ ਉਸ ਵਕਤ 47 ਹਜ਼ਾਰ ਦੇ ਕਰੀਬ ਪੰਜਾਬੀ ਸੈਨਿਕਾਂ ਨੂੰ ਪੂਰਬੀ ਅਫ਼ਰੀਕਾ ਵਿੱਚ ਤਾਇਨਾਤ ਕੀਤਾ ਗਿਆ ਸੀ।
ਸੰਨ 1888 ਵਿੱਚ ‘ਬ੍ਰਿਟਿਸ਼ ਈਸਟ ਅਫ਼ਰੀਕਨ ਕੰਪਨੀ’ ਦੀ ਸਥਾਪਨਾ ਹੋਈ ਸੀ ਤੇ ਸੰਨ 1895 ਵਿੱਚ ਇਸਨੂੰ ਬੰਬਈ ਤੋਂ ਆਏ ਹੁਕਮਾਂ ਅਨੁਸਾਰ ਚਲਾਇਆ ਜਾਂਦਾ ਸੀ। ਸੰਨ 1895 ਵਿੱਚ ਹੀ ਕਰਾਚੀ ਦੇ ਵਸਨੀਕ ਏ.ਐਮ. ਜੀਵਾਨਜੀ ਨੂੰ ਕੀਨੀਆ-ਯੁਗਾਂਡਾ ਰੇਲਵੇ ਦੇ ਨਿਰਮਾਣ ਦਾ ਠੇਕਾ ਹਾਸਿਲ ਹੋਇਆ ਸੀ। ਉਸਨੇ ਇਸ ਪ੍ਰਾਜੈਕਟ ਲਈ ਉਸ ਵੇਲੇ ਦੇ ਪੰਜਾਬ ਤੋਂ ਮਜ਼ਦੂਰ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਸੀ ਤੇ 350 ਮਜ਼ਦੂਰਾਂ ਦਾ ਪਹਿਲਾ ਜਥਾ ਮੋਂਬਾਸਾ ਵੱਲ ਤੋਰ ਦਿੱਤਾ ਗਿਆ ਸੀ। ਅਗਲੇ ਛੇ ਸਾਲਾਂ ਵਿੱਚ 32,000 ਦੇ ਕਰੀਬ ਸਿੱਖ, ਹਿੰਦੂ ਤੇ ਮੁਸਲਮਾਨ ਕਾਰੀਗਰ-ਮਜ਼ਦੂਰ ਕੀਨੀਆ ਤੇ ਯੁਗਾਂਡਾ ਵਿਖੇ ਪਹੁੰਚਾ ਦਿੱਤੇ ਗਏ ਸਨ। ਇਨ੍ਹਾਂ ਨੂੰ ਕੀਨੀਆ ਦੇ ਮੋਂਬਾਸਾ ਖਿੱਤੇ ਨੂੰ ਯੁਗਾਂਡਾ ਦੇ ਸ਼ਹਿਰ ਕੰਪਾਲਾ ਨਾਲ ਜੋੜਨ ਵਾਲੀ ਰੇਲਵੇ ਲਾਈਨ ਵਿਛਾਉਣ ਹਿਤ ਕੰਮ ’ਤੇ ਲਗਾਇਆ ਗਿਆ ਸੀ। ਸੰਨ 1905 ਵਿੱਚ ਉਕਤ ਰੇਲਵੇ ਲਾਈਨ ਦੇ ਕੰਮ ਦੇ ਖ਼ਤਮ ਹੋ ਜਾਣ ਪਿੱਛੋਂ ਬਹੁਤ ਸਾਰੇ ਪੰਜਾਬੀ ਅਤੇ ਹੋਰ ਭਾਰਤੀ ਰਾਜਾਂ ਦੇ ਵਸਨੀਕ ਯੁਗਾਂਡਾ ਅਤੇ ਕੀਨੀਆ ਵਿਖੇ ਹੀ ਵੱਸ ਗਏ ਸਨ।
ਦੱਸਿਆ ਜਾਂਦਾ ਹੈ ਕਿ ਵੀਹਵੀਂ ਸਦੀ ਦੇ ਅੱਧ ਤੱਕ ਪੰਜਾਬੀ ਸਿੱਖ ਜ਼ਿਆਦਾਤਰ ਗੁਰਦੁਆਰਿਆਂ ਦੇ ਆਸ-ਪਾਸ ਅਤੇ ਹਿੰਦੂ ਸਮਾਜ ਮੰਦਰਾਂ ਦੇ ਇਰਦ-ਗਿਰਦ ਹੀ ਆਪਣੇ ਰੈਣ-ਬਸੇਰੇ ਬਣਾਉਂਦੇ ਰਹੇ ਸਨ। ਜਦੋਂ ਇੱਥੇ ਵੱਸਦੇ ਭਾਰਤੀ ਮਜ਼ਦੂਰਾਂ ਦੀ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਦੀ ਗੱਲ ਆਉਂਦੀ ਹੈ ਤਾਂ ਸ. ਸੁੱਧ ਸਿੰਘ ਦਾ ਨਾਂ ਸਾਹਮਣੇ ਆਉਂਦਾ ਹੈ। ਸੁੱਧ ਸਿੰਘ ਉਹ ਪਹਿਲਾ ਜਾਗਰੂਕ ਤੇ ਸੂਝਵਾਨ ਪੰਜਾਬੀ ਸ਼ਖ਼ਸ ਸੀ, ਜਿਸਨੇ ਸੰਨ 1922 ਵਿੱਚ ਏਸ਼ਿਆਈ ਅਤੇ ਅਫ਼ਰੀਕੀ ਮਜ਼ਦੂਰਾਂ ਨੂੰ ਇਕੱਠੇ ਕਰਕੇ ਰੇਲਵੇ ਮਜ਼ਦੂਰ ਯੂਨੀਅਨ ਦਾ ਗਠਨ ਕੀਤਾ ਸੀ। ਸੁੱਧ ਸਿੰਘ ਦੇ ਪੁੱਤਰ ਮੱਖਣ ਸਿੰਘ ਨੇ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਮਜ਼ਦੂਰ ਵਰਗ ਦੇ ਹੱਕਾਂ ਲਈ ਬਹੁਤ ਕੰਮ ਕੀਤਾ ਸੀ। ਉਸਦੇ ਅਣਥੱਕ ਯਤਨਾਂ ਸਦਕਾ ਹੀ ਸੰਨ 1935 ਦੀ 15 ਅਪ੍ਰੈਲ ਨੂੰ ‘ਲੇਬਰ ਟਰੇਡ ਯੂਨੀਅਨ ਆਫ਼ ਕੀਨੀਆ’ ਹੋਂਦ ਵਿੱਚ ਆਈ ਸੀ, ਜਿਸਦਾ ਨਾਂ ਸੰਨ 1937 ਵਿੱਚ ਬਦਲ ਕੇ ‘ਲੇਬਰ ਟਰੇਡ ਯੂਨੀਅਨ ਆਫ਼ ਈਸਟ ਅਫ਼ਰੀਕਾ’ ਕਰ ਦਿੱਤਾ ਗਿਆ ਸੀ। ਸੰਨ 1950 ਵਿੱਚ ਬਰਤਾਨਵੀ ਅਧਿਕਾਰੀਆਂ ਨੇ ਮੱਖਣ ਸਿੰਘ ਅਤੇ ਉਸ ਵਕਤ ਦੇ ਉਕਤ ਯੂਨੀਅਨ ਦੇ ਮੁਖੀ ਫ਼ਰੈੱਡ ਕੁਬਾਈ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ। ਇਨ੍ਹਾਂ ਦੋਹਾਂ ਉੱਤੇ ‘ਗ਼ੈਰ-ਰਜਿਸਟਰਡ’ ਟਰੇਡ ਯੂਨੀਅਨ ਚਲਾਉਣ ਦਾ ਦੋਸ਼ ਲਗਾਇਆ ਸੀ। ਸੰਨ 1961 ਵਿੱਚ ਉਸਨੂੰ ਰਿਹਾਅ ਕੀਤਾ ਗਿਆ ਸੀ, ਪਰ ਉਸ ਵੇਲੇ ਕੀਨੀਆ ਦੀ ਸਰਕਾਰ ਨੇ ਤਾਜ਼ਾ-ਤਾਜ਼ਾ ਆਜ਼ਾਦ ਹੋਏ ਮੱਖਣ ਸਿੰਘ ਨੂੰ ਕੀਨੀਆ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਅਖ਼ੀਰ ਸੰਨ 1973 ਵਿੱਚ ਸੱਠ ਸਾਲਾਂ ਦੇ ਮੱਖਣ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ।
ਇੱਥੇ ਵਿਸ਼ੇਸ਼ ਤੌਰ ’ਤੇ ਕਾਬਿਲੇ-ਜ਼ਿਕਰ ਹੈ ਕਿ ਸੰਨ 1972 ਵੇਲੇ ਇੱਥੋਂ ਦੀ ਸੱਤਾ ’ਤੇ ਕਾਬਜ਼ ਮਿਲਟਰੀ ਸ਼ਾਸ਼ਕ ਈਦੀ ਆਮੀਨ ਨੇ ਅਨੇਕਾਂ ਪੰਜਾਬੀਆਂ ਸਮੇਤ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਯੁਗਾਂਡਾ ਛੱਡ ਕੇ ਚਲੇ ਜਾਣ ਦਾ ਹੁਕਮ ਦਿੱਤਾ ਸੀ। ਉਸਨੇ ਇਨ੍ਹਾਂ ਸਾਰਿਆਂ ’ਤੇ ਯੁਗਾਂਡਾ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਦੋਸ਼ ਲਗਾਏ ਸਨ। ਸੰਨ 1980-1990 ਦਰਮਿਆਨ ਬਹੁਤ ਸਾਰੇ ਭਾਰਤੀ ਅਤੇ ਪੰਜਾਬੀ ਪਰਿਵਾਰ ਯੁਗਾਂਡਾ ਵਾਪਿਸ ਪਰਤ ਆਏ ਸਨ ਤੇ ਮੁਲਕ ਦੀ ਅਰਥ ਵਿਵਸਥਾ ਦੇ ਮਹੱਤਵਪੂਰਨ ਥੰਮ ਸਾਬਿਤ ਹੋਏ ਸਨ। ਦਿਲਚਸਪ ਗੱਲ ਹੈ ਕਿ ਈਦੀ ਆਮੀਨ ਦੇ ਰਾਜਕਾਲ ਦੌਰਾਨ ਵੀ ਉਸਦੇ ਮਿੱਤਰ ਸਮਝੇ ਜਾਂਦੇ ਪਹਿਲੇ ਅਫ਼ਰੀਕੀ ਸਿੱਖ ਸੰਸਦ ਮੈਂਬਰ ਅਤੇ ਕਾਰੋਬਾਰੀ ਸ. ਪਰਮਿੰਦਰ ਸਿੰਘ ਮਰਵਾਹਾ ਨੇ ਯੁਗਾਂਡਾ ਨਹੀਂ ਛੱਡਿਆ ਸੀ ਅਤੇ ਉਸਨੇ ਹੀ ਬਾਅਦ ਵਿੱਚ ਪੰਜਾਬੀ ਕਿਸਾਨਾਂ ਨੂੰ ਪੂਰਬੀ ਅਫ਼ਰੀਕਾ ਵਿਖੇ ਆਉਣ ਅਤੇ ਖੇਤੀਬਾੜੀ ਦੀ ਜ਼ਿੰਮੇਵਾਰੀ ਸਾਂਭਣ ਦਾ ਸੱਦਾ ਦਿੱਤਾ ਸੀ। ਯੁਗਾਂਡਾ ਵਿੱਚ ਵੱਸਦੀ ਪੰਜਾਬੀ ਸਿੱਖਾਂ ਦੀ ਤੀਜੀ ਪੀੜ੍ਹੀ ਨਾਲ ਜੁੜੇ ਸ. ਪਰਮਿੰਦਰ ਸਿੰਘ ਮਰਵਾਹਾ ਨੇ ਯੁਗਾਂਡਾ ਵਿੱਚ ਵਧੀਆ ਵਪਾਰਕ ਹਾਲਾਤ ਦਾ ਜ਼ਿਕਰ ਕਰਦਿਆਂ ਪੰਜਾਬੀਆਂ ਨੂੰ ਇਥੇ ਆ ਕੇ ਕਾਰੋਬਾਰ ਸਥਾਪਿਤ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ। ਚੇਤੇ ਰਹੇ, ਸ. ਮਰਵਾਹਾ ਦੇ ਦਾਦਾ ਜੀ ਨੇ ਸੰਨ 1934 ਵਿੱਚ ਕੰਪਾਲਾ ਰੇਲਵੇ ਸਟੇਸ਼ਨ ਦੇ ਨਿਰਮਾਣ ਸਮੇਂ ਬਤੌਰ ਮਜ਼ਦੂਰ ਆਪਣੀ ਸੇਵਾ ਦਿੱਤੀ ਸੀ। ਸ. ਮਰਵਾਹਾ ਦੋ ਵਾਰ ਸੰਸਦ ਮੈਂਬਰ ਬਣਨ ਦਾ ਸ਼ਰਫ਼ ਹਾਸਿਲ ਕਰ ਚੁੱਕੇ ਹਨ। ਯੁਗਾਂਡਾ ਵਿਖੇ ਭਾਰਤ ਦੀ ਟਾਟਾ ਕੰਪਨੀ ਵੱਲੋਂ ‘ਕੌਫ਼ੀ ਪਲਾਂਟ’ ਸਥਾਪਿਤ ਕੀਤਾ ਗਿਆ ਹੈ ਤੇ ਭਾਰਤ ਦੀ ਮਸ਼ਹੂਰ ਨਿਵੇਸ਼ਕ ਕੰਪਨੀ ‘ਜੈਪੁਰੀਆ ਗਰੁੱਪ’ ਨੇ ਵੀ ਇੱਥੇ ਵੱਖ-ਵੱਖ ਕਾਰੋਬਾਰੀ ਅਦਾਰਿਆਂ ਵਿੱਚ ਭਾਰੀ ਨਿਵੇਸ਼ ਕੀਤਾ ਹੋਇਆ ਹੈ। ਭਾਰਤ ਦੀ ਪ੍ਰਸਿੱਧ ਵਿਦਿਅਕ ਸੰਸਥਾ ‘ਦਿੱਲੀ ਪਬਲਿਕ ਸਕੂਲ’ ਵੱਲੋਂ ਵੀ ਇੱਥੇ ਆਪਣੀਆਂ ਸ਼ਾਖ਼ਾਵਾਂ ਖੋਲ੍ਹ ਕੇ ਇੱਥੋਂ ਦੇ ਵਸਨੀਕ ਬੱਚਿਆਂ ਨੂੰ ਉੱਚਕੋਟੀ ਦੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇੱਕ ਹੋਰ ਦਿਲਚਸਪ ਤੱਥ ਇਹ ਵੀ ਹੈ ਕਿ ਭਾਰਤੀ ਪੰਜਾਬ ਵਿੱਚ ਜਾਤ ਆਧਾਰਿਤ ਗੁਰਦੁਆਰੇ ਉਸਾਰਨ ਵਾਲੇ ਪੰਜਾਬੀਆਂ ਨੇ ਯੁਗਾਂਡਾ ਵਿਖੇ ਜਾ ਕੇ ਵੀ ਆਪੋ-ਆਪਣੀ ‘ਪ੍ਰਧਾਨਗੀ’ ਕਾਇਮ ਰੱਖਣ ਲਈ ਜਾਤ ਆਧਾਰਿਤ ਗੁਰਦੁਆਰੇ ਉਸਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ।
8 ਨਵੰਬਰ 2019 ਨੂੰ ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਵਿੱਚ ਨਵੀਂ ਦਿੱਲੀ ਤੋਂ ਖ਼ਬਰ ਏਜੰਸੀ ਆਈ.ਏ.ਐਨ.ਐਸ. ਦੇ ਹਵਾਲੇ ਤੋਂ ਛਪੀ ਇੱਕ ਖ਼ਬਰ ਅਨੁਸਾਰ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਯੁਗਾਂਡਾ ਅਤੇ ਪੂਰਬੀ ਅਫ਼ਰੀਕਾ ਦੇ ਵੱਖ-ਵੱਖ ਇਲਾਕਿਆਂ ਵਿੱਚ ‘ਬਾਮੂ ਨਾਨਿਕਾ’ ਨਾਮਕ ਇੱਕ ਫ਼ਕੀਰ ਯਾਤਰਾ ਕਰਦਾ ਹੋਇਆ ਆਇਆ ਸੀ ਤੇ ਪ੍ਰਮਾਣ ਵਜੋਂ ਸ਼ਹਿਰ ਕੰਪਾਲਾ ਤੋਂ 100 ਕੁ ਮੀਲ ਦੀ ਵਿੱਥ ’ਤੇ ‘ਬਾਮੂ ਨਾਨਿਕਾ’ ਨਾਮਕ ਇੱਕ ਬਸਤੀ ਵੀ ਮੌਜੂਦ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੁਆਰਾ ਬਿਰਾਜਮਾਨ ਹੋ ਕੇ ਭਗਤੀ ਕਰਨ ਦੀਆਂ ਗੱਲਾਂ ਇੱਥੇ ਖ਼ੂਬ ਪ੍ਰਚਲਿਤ ਹਨ। ਇੱਥੇ ਪਹਾੜੀ ਇਲਾਕੇ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਵੀ ਬਣਿਆ ਹੋਇਆ ਹੈ। ਇੱਥੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਕਈ ਮੀਲ ਦੂਰ ਤੱਕ ਤਾਜ਼ਾ ਪਾਣੀ ਨਹੀਂ ਮਿਲਦਾ ਹੈ, ਪਰ ਗੁਰੂ ਸਾਹਿਬ ਦੀ ਭਗਤੀ ਦਾ ਸਕਦਾ ਇੱਥੇ ਗੁਰਦੁਆਰਾ ਸਾਹਿਬ ਤੋਂ ਕੁਝ ਕੁ ਮੀਟਰ ਦੀ ਵਿੱਥ ’ਤੇ ਤਾਜ਼ੇ ਪਾਣੀ ਦਾ ਇੱਕ ਝਰਨਾ ਉਪਲਬਧ ਹੋ ਗਿਆ ਸੀ, ਜਿਸਦਾ ਜਲ ਸ਼ਰਧਾਲੂਆਂ ਵੱਲੋਂ ਹੁਣ ਅੰਮ੍ਰਿਤ ਮੰਨ ਕੇ ਇਸਤੇਮਾਲ ਕੀਤਾ ਜਾਂਦਾ ਹੈ।
ਕੰਪਾਲਾ ਸ਼ਹਿਰ ਦੀ ਵਸਨੀਕ ਐਨੀ ਕੌਰ ਅਨੁਸਾਰ ‘ਬਾਮੂ’ ਸ਼ਬਦ ਦਾ ਵਿਸਥਾਰ ‘ਬਾਬਾ ਮੂੰਗੂ’ ਹੈ, ਜਿਸਦਾ ਯੁਗਾਂਡਾ ਦੀ ਭਾਸ਼ਾ ਵਿੱਚ ਅਰਥ ‘ਭਗਵਾਨ’ ਬਣਦਾ ਹੈ। ਯੁਗਾਂਡਾ ਦੇ ਵਸਨੀਕ ਇਸ ਤੱਥ ਦੀ ਗਵਾਹੀ ਭਰਦੇ ਹਨ ਕਿ ਇੱਥੇ ਆਇਆ ‘ਨਾਨਿਕਾ’ ਨਾਮਕ ਫ਼ਕੀਰ ਇਸ ਮੁਲਕ ਦਾ ਵਸਨੀਕ ਨਹੀਂ ਸੀ ਤੇ ਕਿਧਰੇ ਹੋਰ ਮੁਲਕ ਤੋਂ ਆਇਆ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਸ. ਜਤਿੰਦਰ ਸਿੰਘ ਸ਼ੰਟੀ ਨੇ ਤਾਂ ਪੁਰਾਤਨ ਜਨਮ ਸਾਖੀ ਦਾ ਹਵਾਲਾ ਦਿੰਦਿਆਂ ਕਹਿ ਦਿੱਤਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਚਾਰ ਨਹੀਂ ਸਗੋਂ ਪੰਜ ਉਦਾਸੀਆਂ ਕੀਤੀਆਂ ਸਨ ਅਤੇ ਸੰਭਾਵਨਾ ਹੋ ਸਕਦੀ ਹੈ ਕਿ ਇਸੇ ਪੰਜਵੀਂ ਉਦਾਸੀ ਦੌਰਾਨ ਹੀ ਉਨ੍ਹਾਂ ਨੇ ਯੁਗਾਂਡਾ ਵਿਖੇ ਚਰਨ ਪਾਏ ਹੋਣ।