ਧਰਤੀ ਦੇ ਸਮੂਹ ਜੀਵਾਂ ਲਈ ਬੇਹੱਦ ਅਹਿਮ ਹਨ ‘ਮਹਾਂਸਾਗਰ’

ਵਿਚਾਰ-ਵਟਾਂਦਰਾ

ਅਸ਼ਵਨੀ ਚਤਰਥ
ਫੋਨ:+91-6284220595
ਪੁਲਾੜ ਤੋਂ ਵੇਖਣ `ਤੇ ਧਰਤੀ ਨੀਲੇ ਰੰਗ ਦੇ ਗੋਲੇ ਦੀ ਤਰ੍ਹਾਂ ਦਿਸਦੀ ਹੈ, ਜਿਸ ਉਤੇ ਭੂਰੇ, ਚਿੱਟੇ, ਹਰੇ ਅਤੇ ਪੀਲੇ ਰੰਗ ਦੇ ਧੱਬੇ ਬਣੇ ਹੋਏ ਨਜ਼ਰ ਆਉਂਦੇ ਹਨ। ਹਰਾ ਰੰਗ ਜੰਗਲਾਂ ਕਾਰਨ, ਚਿੱਟਾ ਰੰਗ ਬਰਫ਼ ਦੇ ਪਹਾੜਾਂ ਕਾਰਨ, ਪੀਲਾ ਅਤੇ ਭੂਰਾ ਰੰਗ ਜ਼ਮੀਨ ਤੇ ਪਹਾੜਾਂ ਕਾਰਨ ਅਤੇ ਨੀਲਾ ਰੰਗ ਧਰਤੀ ਦੇ ਵੱਖ–ਵੱਖ ਮਹਾਂਸਾਗਰਾਂ (ੌਚੲਅਨਸ) ਕਰਕੇ ਨਜ਼ਰ ਆਉਂਦਾ ਹੈ। ਧਰਤੀ ਦੇ ਕੁੱਲ ਰਕਬੇ ਦੇ ਦੋ–ਤਿਹਾਈ (71 ਫ਼ੀਸਦ) ਹਿੱਸੇ ਉਾਂੱਤੇ ਮਹਾਂਸਾਗਰ ਹੀ ਹਨ।

ਧਰਤੀ ਦੇ ਕੁੱਲ ਪਾਣੀ ਦਾ 97 ਫ਼ੀਸਦ ਹਿੱਸਾ ਮਹਾਂਸਾਗਰਾਂ ਵਿੱਚ ਹੀ ਹੈ। ਖਣਿਜ ਪਦਾਰਥ ਘੁਲੇ ਹੋਣ ਕਰਕੇ ਇਹ ਪਾਣੀ ਖਾਰਾ ਭਾਵ ਲੂਣਾ ਹੈ ਅਤੇ ਮਨੁੱਖੀ ਆਬਾਦੀ ਦੇ ਪੀਣ ਯੋਗ ਨਹੀਂ ਹੈ। ਮਹਾਂਸਾਗਰਾਂ ਦੀ ਹੇਠਲੀ ਤਹਿ ਉੱਤੇ ਪਏ ਰੇਤ, ਚਿੱਕੜ ਅਤੇ ਪਥਰੀਲੇ ਕਣ ਧਰਤੀ ਦੀਆਂ ਵੱਖ–ਵੱਖ ਕੁਦਰਤੀ ਗਤੀਵਿਧੀਆਂ ਜਿਵੇਂ ਜਵਾਲਾਮੁਖੀਆਂ ਦੇ ਫੁੱਟਣ, ਜ਼ਮੀਨੀ ਮਿੱਟੀ ਦੀ ਹੁੰਦੀ ਭੌਂ–ਖੋਰ ਅਤੇ ਪਹਾੜਾਂ ਦੇ ਟੁੱਟਣ ਕਾਰਨ ਪੈਦਾ ਹੋਏ ਕਣਾਂ ਦੇ ਦਰਿਆਈ ਪਾਣੀਆਂ ਨਾਲ ਵਹਿ ਕੇ ਸਮੁੰਦਰਾਂ ਵਿੱਚ ਆ ਕੇ ਮਿਲਣ ਨਾਲ ਬਣਦੇ ਹਨ। ਮਹਾਂਸਾਗਰਾਂ ਦਾ ਕੁੱਲ ਖੇਤਰਫਲ 36 ਕਰੋੜ ਵਰਗ ਕਿਲੋਮੀਟਰ ਦੇ ਕਰੀਬ ਹੈ, ਜੋ ਆਪਣੇ ਅੰਦਰ 1.35 ਅਰਬ ਘਣ ਕਿਲੋਮੀਟਰ ਆਇਤਨ ਦੇ ਬਰਾਬਰ ਪਾਣੀ ਨੂੰ ਸਮੋਈ ਬੈਠੇ ਹਨ। ਮਹਾਂਸਾਗਰਾਂ ਦੀ ਔਸਤ ਗਹਿਰਾਈ 3688 ਮੀਟਰ ਹੈ, ਜਦਕਿ ਮਾਰੀਆਨਾ ਟਾਪੂ ਨੇੜੇ ਮਾਰੀਆਨਾ ਖੱਡ ਸਮੁੰਦਰ ਦੀ ਸਭ ਤੋਂ ਡੂੰਘੀ ਜਗ੍ਹਾ ਹੈ, ਜਿਸ ਦੀ ਡੂੰਘਾਈ 10,994 ਮੀਟਰ ਹੈ।
ਮਹਾਂਸਾਗਰਾਂ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜੋ ਕਿ ਖੇਤਰਫਲ ਦੇ ਘੱਟਦੀ ਤਰਤੀਬ ਵਿੱਚ ਇੰਝ ਹਨ: ਪ੍ਰਸ਼ਾਂਤ ਮਹਾਂਸਾਗਰ (ਸਭ ਤੋਂ ਵੱਡਾ), ਅਟਲਾਂਟਿਕ (ਅੰਧ ਮਹਾਂਸਾਗਰ), ਭਾਰਤੀ ਮਹਾਂਸਾਗਰ, ਅੰਟਾਰਕਟਿਕ (ਦੱਖਣੀ) ਮਹਾਂਸਾਗਰ ਅਤੇ ਆਰਕਟਿਕ ਮਹਾਂਸਾਗਰ (ਸਭ ਤੋਂ ਛੋਟਾ)। ਵਿਗਿਆਨੀਆਂ ਦਾ ਖ਼ਿਆਲ ਹੈ ਕਿ ਮਹਾਂਸਾਗਰਾਂ ਵਿੱਚ ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਤਕਰੀਬਨ ਦਸ ਲੱਖ ਪ੍ਰਜਾਤੀਆਂ ਮੌਜੂਦ ਹਨ। ਸਮੁੰਦਰ ਇਨ੍ਹਾਂ ਜੀਵ-ਜੰਤੂਆਂ ਦੇ ਕੁਦਰਤੀ ਘਰ ਹਨ, ਜਿੱਥੇ ਇਹ ਜੀਵ ਆਪਣੇ ਜੀਵਨ ਦੀਆਂ ਸਾਰੀਆਂ ਕੁਦਰਤੀ ਗਤੀਵਿਧੀਆਂ ਨੁੰੂ ਨੇਪਰੇ ਚੜ੍ਹਾਉਂਦੇ ਹਨ। ਵਿਗਿਆਨੀ ਅੱਗੇ ਦੱਸਦੇ ਹਨ ਕਿ ਉਹ ਹੁਣ ਤੱਕ ਇਸ ਸਮੁੰਦਰੀ ਖ਼ਜ਼ਾਨੇ ਦਾ ਸਿਰਫ਼ ਪੰਜਵਾਂ ਹਿੱਸਾ ਹੀ ਲੱਭ ਸਕੇ ਹਨ। ਸਮੁੰਦਰਾਂ ਵਿੱਚ ਮਿਲਦੀ ਬਨਸਪਤੀ ਵਿੱਚ ਅਨੇਕਾਂ ਤਰ੍ਹਾਂ ਦੀਆਂ ਕਾਈਆਂ (ੳਲਗਅੲ) ਜਿਵੇਂ ਲਾਲ, ਭੂਰੀ, ਪੀਲੀ ਅਤੇ ਹਰੀ ਕਾਈਆਂ ਤੋਂ ਇਲਾਵਾ ਸਮੁੰਦਰੀ ਉਲੀ, ਸਮੁੰਦਰੀ ਘਾਹ ਅਤੇ ਨੀਲੇ ਹਰੇ ਰੰਗ ਦੇ ਸਾਈਨੋ ਬੈਕਟੀਰੀਆ ਆਦਿ ਮੌਜੂਦ ਹਨ। ਇਹ ਸਾਰੀ ਬਨਸਪਤੀਆਂ ਸਮੁੰਦਰ ਦੇ ਉਪਰਲੇ ਤਲ ਤੋਂ ਸਿਰਫ਼ 200 ਮੀਟਰ ਦੀ ਡੂੰਘਾਈ ਤੱਕ ਹੀ ਮਿਲਦੀਆਂ ਹਨ। ਇਨ੍ਹਾਂ ਬਨਸਪਤੀਆਂ ਦੁਆਰਾ ਤਿਆਰ ਕੀਤਾ ਗਿਆ ਭੋਜਨ ਹੀ ਸਮੁੱਚੇ ਸਮੁੰਦਰਾਂ ਦੇ ਸਾਰੇ ਜੀਵਾਂ ਲਈ ਖ਼ੁਰਾਕ ਦਾ ਕੰਮ ਕਰਦਾ ਹੈ। ਮਹਾਂਸਾਗਰਾਂ ਵਿੱਚ ਮਿਲਦੇ ਜੰਤੂਆਂ ਵਿੱਚ ਡੌਲਫ਼ਿਨ, ਵੇਲ੍ਹ, ਸ਼ਾਰਕ, ਜੈਲੀ ਮੱਛੀ, ਸਮੁੰਦਰੀ ਸ਼ੇਰ, ਕੈੱਲਪ, ਕੱਛੂਕੁੰਮੇ, ਮੂੰਗੇ, ਧਰੂਵੀ ਰਿੱਛ, ਨੀਲੀ ਵੇਲ੍ਹ ਆਦਿ ਸ਼ਾਮਿਲ ਹਨ। ਅਣਗਿਣਤ ਬਨਸਪਤੀਆਂ ਅਤੇ ਜੰਤੂਆਂ ਨੂੰ ਆਪਣੇ ਅੰਦਰ ਧਾਰਨ ਕਰੀ ਬੈਠੇ ਸਮੁੰਦਰ ਧਰਤੀ ਉਪਰ ਵੱਸਦੇ ਜੀਵਾਂ ਲਈ ਫੇਫੜਿਆਂ ਦੀ ਨਿਆਈਂ ਹਨ, ਕਿਉਂਕਿ ਵਾਯੂਮੰਡਲ ਵਿਚਲੀ ਕੁੱਲ ਆਕਸੀਜਨ ਦਾ ਤਕਰੀਬਨ ਅੱਧਾ ਹਿੱਸਾ ਸਮੁੰਦਰਾਂ ਤੋਂ ਹੀ ਆਉਂਦਾ ਹੈ। ਇਸ ਆਕਸੀਜਨ ਨਾਲ ਹੀ ਅਸੀਂ ਸਾਰੇ ਸਾਹ ਲੈਂਦੇ ਹਾਂ। ਇਸ ਲਈ ਸਮੂਹ ਜੀਵਾਂ ਦੀਆਂ ਸਾਹ ਕ੍ਰਿਆਵਾਂ ਜਾਰੀ ਰੱਖਣ ਲਈ ਸਮੁੰਦਰਾਂ ਨੂੰ ਸੁਰੱਖਿਅਤ ਬਚਾਅ ਕੇ ਰੱਖਣਾ ਬੇਹੱਦ ਲਾਜ਼ਮੀ ਹੈ।
ਇਸ ਤੋਂ ਇਲਾਵਾ ਮਨੁੱਖ ਦੁਆਰਾ ਵੱਖ-ਵੱਖ ਕ੍ਰਿਆਵਾਂ ਰਾਹੀਂ ਛੱਡੀ ਗਈ ਕਾਰਬਨ ਡਾਈਆਕਸਾਈਡ ਦਾ ਤੀਜਾ ਹਿੱਸਾ ਸਮੁੰਦਰ ਹੀ ਸੋਖ ਲੈਂਦੇ ਹਨ। ਅਜਿਹਾ ਕਰਦਿਆਂ ਸਮੁੰਦਰ ਹਵਾ ਨੂੰ ਸ਼ੁੱਧ ਵੀ ਕਰਦੇ ਹਨ ਅਤੇ ਹਵਾ ਵਿਚਲੀ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਦਾ ਸੰਤੁਲਨ ਬਣਾਈ ਰੱਖਦੇ ਹਨ। ਸਮੁੰਦਰਾਂ ਦਾ ਪਾਣੀ ਸੂਰਜ ਦੀ ਗਰਮੀ ਆਪਣੇ ਅੰਦਰ ਸੋਖ ਕੇ ਆਲਮੀ ਤਪਸ਼ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਸਮੁੰਦਰ ਗਰਮੀਆਂ ਵਿੱਚ ਧਰਤੀ ਦੀ ਗਰਮੀ ਸੋਖ ਕੇ ਠੰਡਕ ਪੈਦਾ ਕਰਦੇ ਹਨ ਅਤੇ ਸਰਦੀਆਂ ਵਿੱਚ ਧਰਤੀ ਨੂੰ ਗਰਮਾਹਟ ਦੇ ਕੇ ਉਸਦੇ ਵਾਤਾਵਰਨ ਨੂੰ ਨਿੱਘਾ ਕਰਦੇ ਹਨ। ਇਸ ਤਰ੍ਹਾਂ ਇਹ ਗਰਮੀਆਂ ਵਿੱਚ ਕੂਲਰ ਅਤੇ ਸਰਦੀਆਂ ਵਿੱਚ ਹੀਟਰ ਦਾ ਕੰਮ ਕਰਦੇ ਹਨ। ਮਹਾਂਸਾਗਰਾਂ ਤੋਂ ਚੱਲਦੀਆਂ ਪਾਣੀ ਨਾਲ ਭਰੀਆਂ ਹਵਾਵਾਂ ਵਿਸ਼ਵ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਵਰਸਾਉਣ ਦਾ ਕੰਮ ਕਰਦੀਆਂ ਹਨ, ਜਿਸ ਨਾਲ ਫਸਲਾਂ ਦੀ ਸਿੰਚਾਈ ਕਰਨ ਦੇ ਨਾਲ-ਨਾਲ ਧਰਤੀ ਹੇਠਲੇ ਬੇਸ਼ਕੀਮਤੀ ਜ਼ਮੀਨੀ ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ। ਇਹ ਪਾਣੀ ਧਰਤੀ ਦੇ ਜੀਵਾਂ ਲਈ ਪੀਣ ਦੇ ਕੰਮ ਆਉਂਦਾ ਹੈ ਅਤੇ ਪ੍ਰਿਥਵੀ ਉੱਤੇ ਜੀਵਨ ਦਾ ਆਧਾਰ ਵੀ ਹੈ। ਮੌਨਸੂਨ ਪੌਣਾਂ ਭਾਰਤ ਸਮੇਤ ਏਸ਼ੀਆ ਦੇ ਵੱਡੇ ਖਿੱਤੇ ਵਿੱਚ ਮੀਂਹ ਵਰਸਾ ਕੇ ਇਨ੍ਹਾਂ ਇਲਾਕਿਆਂ ਵਿੱਚ ਖੇਤੀ ਪ੍ਰਫੁਲਿਤ ਕਰਦੀਆਂ ਹਨ, ਜਿਸ ਨਾਲ ਇਨ੍ਹਾਂ ਮੁਲਕਾਂ ਦੀ ਭੋਜਨ ਦੀ ਸਮੱਸਿਆ ਵੀ ਹੱਲ ਹੁੰਦੀ ਹੈ ਅਤੇ ਅਰਥਚਾਰੇ ਨੂੰ ਵੀ ਬਲ ਮਿਲਦਾ ਹੈ। ਇਹ ਪੌਣਾਂ ਏਸ਼ੀਆਈ ਖਿੱਤੇ ਤੇ ਰਹਿੰਦੇ ਲੋਕਾਂ ਲਈ ਬਹੁਪੱਖੀ ਫ਼ਾਇਦੇਮੰਦ ਹਨ।
ਸਮੁੰਦਰ ਕੰਢੇ ਵੱਸਦੇ ਲੋਕਾਂ ਦੇ ਤਕਰੀਬਨ ਤੀਜੇ ਹਿੱਸਾ ਦਾ ਜੀਵਨ ਨਿਰਬਾਹ ਇਨ੍ਹਾਂ ਉੱਤੇ ਹੀ ਨਿਰਭਰ ਕਰਦਾ ਹੈ। ਇਨ੍ਹਾਂ ਲੋਕਾਂ ਲਈ ਸਮੁੰਦਰ ਜਿੱਥੇ ਭੋਜਨ ਪਦਾਰਥਾਂ ਦਾ ਸਰੋਤ ਹਨ, ਉੱਥੇ ਹੀ ਨਮਕ, ਖਣਿਜ, ਰੇਤ, ਬਜਰੀ, ਮੱਛੀ, ਮੋਤੀ, ਮੂੰਗੇ, ਦਵਾਈਆਂ ਅਤੇ ਸਮੁੰਦਰੀ ਘਾਹ ਆਦਿ ਵਸਤਾਂ ਉਨ੍ਹਾਂ ਲਈ ਰੁਜ਼ਗਾਰ ਦਾ ਸਾਧਨ ਵੀ ਬਣਦੀਆਂ ਹਨ। ਉਕਤ ਤੋਂ ਇਲਾਵਾ ਸੈਰ ਸਪਾਟਾ ਅਤੇ ਊਰਜਾ ਦੇ ਸਾਧਨ ਪ੍ਰਾਪਤ ਕਰਕੇ ਇਨ੍ਹਾਂ ਲੋਕਾਂ ਦੁਆਰਾ ਹਰ ਸਾਲ ਤੀਹ ਖਰਬ ਡਾਲਰ ਦੇ ਕਰੀਬ ਆਮਦਨ ਵੀ ਕਮਾਈ ਜਾਂਦੀ ਹੈ।
ਮਹਾਂਸਾਗਰਾਂ ਸਬੰਧੀ ਕੁਝ ਦਿਲਚਸਪ ਗੱਲਾਂ ਜਾਣਨਾ ਜ਼ਰੂਰੀ ਹੈ, ਜਿਵੇਂ ਧਰਤੀ ਦੇ 90 ਫ਼ੀਸਦ ਜਵਾਲਾਮੁਖੀ ਸਮੁੰਦਰ ਵਿੱਚ ਹੀ ਆਉਂਦੇ ਹਨ। ਸਮੁੰਦਰ ਵਿੱਚ ਉੱਪਰੀ ਤਲ ਤੋਂ 330 ਫੁੱਟ ਡੂੰਘੇ ਪਾਣੀ ਤੱਕ ਹੀ ਰੋਸ਼ਨੀ ਹੈ ਅਤੇ ਇਸ ਤੋਂ ਥੱਲੇ ਹਨੇਰਾ ਹੀ ਹੈ। ਸਮੁੰਦਰ ਵਿੱਚ ਤਕਰੀਬਨ 20 ਮਿਲੀਅਨ ਟਨ ਸੋਨਾ ਪਾਣੀ ਵਿੱਚ ਘੁਲਿਆ ਹੋਇਆ ਪਿਆ ਹੈ। ਅਮਰੀਕਾ ਦੀ ਇੱਕ ਖੋਜ ਏਜੰਸੀ ਅਨੁਸਾਰ ਧਰਤੀ ਗ੍ਰਹਿ ਦੇ ਜੀਵਾਂ ਦੀ ਕੁੱਲ ਆਬਾਦੀ ਦਾ 94 ਫ਼ੀਸਦ ਹਿੱਸਾ ਮਹਾਂਸਾਗਰਾਂ ਵਿੱਚ ਹੀ ਹੈ। ਵਿਗਿਆਨੀਆਂ ਦੀ 2002 ਦੀ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਕੈਲੀਫੋਰਨੀਆ ਨੇੜੇ ਪ੍ਰਸ਼ਾਂਤ ਮਹਾਂਸਾਗਰ ਵਿੱਚ ‘ਵਾਈਟ ਸ਼ਾਰਕ ਕੈਫੇ’ ਨਾਂ ਦੀ ਜਗ੍ਹਾ ਉੱਤੇ ਚਿੱਟੇ ਰੰਗ ਦੀਆਂ ਸ਼ਾਰਕਾਂ ਸਰਦ ਰੁੱਤ ਦੀਆਂ ਛੁੱਟੀਆਂ ਮਨਾਉਣ ਚਲੀਆਂ ਜਾਂਦੀਆਂ ਹਨ। ਸਮੁੰਦਰ ਵਿੱਚ ‘ਮਿੱਡ ਓਸ਼ਨਿਕ ਰਿਜ’ ਨਾਂ ਦੀ ਪਹਾੜੀ ਦੀ ਲੰਬਾਈ 40,390 ਮੀਲ ਹੈ, ਜੋ ਕਿ ਧਰਤੀ ਦੀ ਸਭ ਤੋਂ ਵੱਡੀ ਪਹਾੜੀ ਤੋਂ ਕਿਤੇ ਜ਼ਿਆਦਾ ਲੰਮੀ ਹੈ।
17 ਜਨਵਰੀ 1966 ਵਾਲੇ ਦਿਨ ਇੱਕ ਦੁਰਘਟਨਾ ਕਾਰਨ ਅਮਰੀਕਾ ਦਾ ਹਾਈਡ੍ਰੋਜਨ ਬੰਬ ਭੂ-ਮੱਧ ਸਾਗਰ ਵਿੱਚ ਡਿੱਗ ਪਿਆ, ਜੋ ਕਿ ਗੋਤਾ ਖੋਰਾਂ ਦੀ ਢਾਈ ਮਹੀਨਿਆਂ ਦੀ ਮਿਹਨਤ ਨਾਲ ਲੱਭਿਆ ਜਾ ਸਕਿਆ ਸੀ। ਸਮੁੰਦਰ ਦੇ ਹੇਠਲੇ ਤਲ ਉੱਤੇ ਵੰਨ-ਸੁਵੰਨੀ ਕਲਾ ਦੀਆਂ ਮੂਰਤੀਆਂ ਹੀ ਵੇਖੀਆਂ ਗਈਆਂ ਹਨ। ਮਹਾਂਸਾਗਰਾਂ ਨਾਲ ਸਬੰਧਿਤ ਕੁਝ ਮੁੱਦੇ ਵੀ ਹਨ, ਜਿਨ੍ਹਾਂ ਵੱਲ ਫੌਰੀ ਤੌਰ `ਤੇ ਧਿਆਨ ਦੇਣ ਦੀ ਲੋੜ ਹੈ। ਵਾਯੂ–ਮੰਡਲ ਦੀ ਓਜ਼ੋਨ ਪਰਤ ਵਿੱਚ ਪੈਦਾ ਹੋਏ ਓਜ਼ੋਨ ਛੇਕ ਕਾਰਨ ਧਰਤੀ `ਤੇ ਪਹੁੰਚ ਰਹੀਆਂ ਸੂਰਜ ਦੀਆਂ ਪਰਾ–ਬੈਂਗਣੀ ਕਿਰਨਾਂ ਕਰਕੇ ਸਮੁੰਦਰਾਂ ਵਿਚਲੇ ਅਣਗਿਣਤ ਜੀਵ ਮਰ ਚੁੱਕੇ ਹਨ, ਜਿਸ ਕਰਕੇ ਮਹਾਂਸਾਗਰਾਂ ਤੋਂ ਪ੍ਰਾਪਤ ਹੁੰਦੇ ਸਮੁੰਦਰੀ ਭੋਜਨ ਦਾ 15 ਫ਼ੀਸਦ ਹਿੱਸਾ ਘਟ ਚੁਕਾ ਹੈ। ਕਈ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਦਾ ਤਾਂ ਹੁਣ ਤੱਕ ਵੰਸ਼ ਨਾਸ ਹੀ ਕਰ ਛੱਡਿਆ ਹੈ। ਇੱਕ ਅਨੁਮਾਨ ਅਨੁਸਾਰ ਸਮੁੰਦਰਾਂ ’ਚੋਂ ਜਿੰਨੀਆਂ ਮੱਛੀਆਂ ਫੜਨ ਦੀ ਇਜਾਜ਼ਤ ਹੈ, ਉਸ ਤੋਂ ਪੰਜ ਗੁਣਾ ਮੱਛੀਆਂ ਗ਼ੈਰ–ਮਨਜ਼ੂਰਸ਼ੁਦਾ ਤਰੀਕੇ ਨਾਲ ਫੜ ਲਈਆਂ ਜਾਦੀਆਂ ਹਨ। ਅਜਿਹਾ ਕਰਨ ਨਾਲ ਸਮੁੰਦਰੀ ਜਲ–ਜੀਵਨ ਦਾ ਭਵਿੱਖ ਖ਼ਤਰੇ ਵਿੱਚ ਪੈ ਰਿਹਾ ਹੈ। ਸਮਝਣ ਦੀ ਲੋੜ ਹੈ ਕਿ ਰੋਜ਼ਾਨਾ ਹੀ ਲੱਖਾਂ–ਕਰੋੜਾਂ ਪੰਛੀ–ਪੰਖੇਰੂ ਸਮੁੰਦਰੀ ਜੀਵਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ। ਇਸ ਤਰ੍ਹਾਂ ਸਮੁੰਦਰੀ ਜੀਵਾਂ ਦੇ ਘਟਣ ਨਾਲ ਕੁਦਰਤੀ ਭੋਜਨ–ਜਾਲ ਅਤੇ ਕੁਦਰਤੀ ਸੰਤੁਲਨ ਖ਼ਤਰੇ ਵਿੱਚ ਪੈ ਜਾਂਦੇ ਹਨ। ਇਸ ਲਈ ਲੋੜ ਹੈ, ਸਮਾਂ ਰਹਿੰਦੇ ਗ਼ੈਰ–ਕਾਨੂੰਨੀ ਢੰਗ ਨਾਲ ਮੱਛੀ ਫੜਨ ਨੁੰੂ ਠੱਲ੍ਹ ਪਾਉਣ ਦੀ।

Leave a Reply

Your email address will not be published. Required fields are marked *