-ਅਮਰੀਕ ਸਿੰਘ ਮੁਕਤਸਰ
ਇਹ ਸੱਚ ਹੈ ਕਿ ਸਿਆਸੀ ਰਿਸ਼ਤਿਆਂ ਨੂੰ ਸਭ ਤੋਂ ਤਾਕਤਵਾਰ ਮੰਨਿਆ ਜਾਂਦਾ ਹੈ। ਸਿਆਸੀ ਮੁਹਾਜ ਉੱਪਰ ਹੀ ਕਿਸੇ ਸਮਾਜ/ਕੌਮ ਦੀ ਤਕਦੀਰ ਘੜੀ ਜਾਂਦੀ ਹੈ। ਸਿਆਸੀ ਪਿੜ ਵਿੱਚ ਸਟੇਟ ਨੂੰ ਸਭ ਤੋਂ ਤਾਕਤਵਰ ਜਮਾਤ ਮੰਨਿਆ ਗਿਆ ਹੈ। ਹੁਣ ਇੱਥੇ ਇਸ ਸੁਆਲ ਨੂੰ ਸੰਬੋਧਨ ਹੋਇਆ ਜਾਵੇ ਕਿ ਅਸਲ ਵਿੱਚ ਸਟੇਟ ਕੀ ਹੈ? ਮਨੁੱਖ ਆਰੰਭ ਵਿੱਚ ਦੂਜੇ ਜੀਵਾਂ ਵਰਗਾ ਇੱਕ ਪ੍ਰਾਣੀ ਹੀ ਸੀ ਅਤੇ ਉਹ ਆਪਣੀਆਂ ਬਾਇਲੌਜੀਕਲ ਰੁਚੀਆਂ ਦਾ ਚਲਾਇਆ ਜੀਵਨ ਬਸਰ ਕਰਦਾ ਸੀ। ਮੌਜੂਦਾ ਸਮੇਂ ਦੀ ਸੋਝੀ ਤੱਕ ਪੁੱਜਣ ਲਈ ਮਨੁੱਖ ਨੂੰ ਆਪਣੇ ਆਲੇ-ਦੁਆਲੇ ਨਾਲ ਲੱਖਾਂ ਸਾਲ ਸੰਘਰਸ਼ ਵਿੱਚੋਂ ਲੰਘਣਾ ਪਿਆ।
ਉਸਦੇ ਇਸ ਮਨੁੱਖੀ ਸੰਘਰਸ਼ ਦੀ ਗਾਥਾ ਹੀ ਮਨੁੱਖ ਦੀ ਸਮਾਜਿਕ ਉਸਾਰੀ ਦਾ ਅਮਲ ਆਖੀ ਜਾਂਦੀ ਹੈ। ਇਸੇ ਸਮਾਜਿਕ ਉਸਾਰੀ ਦੇ ਅਮਲ ਦੇ ਚਲਦਿਆਂ ਇੱਕ ਸਟੇਜ ਉੱਪਰ ਆ ਕੇ ਸਟੇਟ ਦੀ ਪੈਦਾਇਸ਼ ਹੋਈ ਅਤੇ ਸਮੇਂ ਸਮੇਂ ਮਨੁੱਖ ਨੇ ਆਪਣੀ ਸਮਾਜਿਕ ਸੋਝੀ ਨੂੰ ਵਰਤਦਿਆਂ ਸਟੇਟ ਦੇ ਨਕਸ਼ਾਂ ਤੇ ਮੁਹਾਂਦਰਿਆਂ ਨੂੰ ਵਾਰ ਵਾਰ ਬਦਲਿਆ।
ਸਟੇਟ ਦਾ ਮੌਜੂਦਾ ਰੂਪ ਵੀ ਸਦੀਵੀ ਨਹੀਂ ਹੈ ਅਤੇ ਇੱਥੋਂ ਤੱਕ ਵੀ ਸੋਚਿਆ ਜਾ ਸਕਦਾ, ਮਨੁੱਖ ਦੀ ਸਮਾਜਿਕ ਉਸਾਰੀ ਦੇ ਇਸ ਅਮਲ ਦੌਰਾਨ ਇੱਕ ਸਮਾਂ ਅਜਿਹਾ ਵੀ ਆਏ ਕਿ ਸਟੇਟ ਪੂਰੀ ਤਰ੍ਹਾਂ ਅਲੋਪ ਹੋ ਜਾਵੇ। ਮਨੁੱਖ ਦੀ ਸਮਾਜਿਕ ਉਸਾਰੀ ਦੀ ਇਹ ਇਤਿਹਾਸਕ ਪ੍ਰਕਿਰਿਆ ਇਹ ਦਰਸਾਉਂਦੀ ਹੈ ਕਿ ਮਨੁੱਖ ਆਪਣੇ ਅਮਲਾਂ ਤੋ ਸਿੱਖਦਾ ਹੋਇਆ ਨਵੇਂ ਸਿਧਾਂਤ ਘੜਦਾ ਅਤੇ ਘੜੇ ਹੋਏ ਸਿਧਾਂਤਾਂ ਦੀ ਦਿਸ਼ਾ ਵਿੱਚ ਬਦਲਵੇ ਅਮਲ ਦਾ ਸਿਲਸਿਲਾ ਆਰੰਭ ਕਰ ਦਿੰਦਾ ਹੈ। ਮਨੁੱਖੀ ਇਤਿਹਾਸ ਦਰਸਾਉਂਦਾ ਹੈ ਕਿ ਜਦੋਂ ਵੀ ਕਿਸੇ ਸਮਾਜ ਜਾਂ ਕੌਮ ਨੇ ਆਪਣੇ ਅਮਲਾਂ ਤੋ ਨਿਕਲਣ ਵਾਲੇ ਨਤੀਜਿਆਂ ਤੋਂ ਸਬਕ ਸਿੱਖ ਕੇ ਬਦਲਵੇ ਅਤੇ ਢੁਕਵੇਂ ਤਰੀਕਿਆਂ ਨੂੰ ਮੰਨਣ ਤੋਂ ਆਨਾ-ਕਾਨੀ ਕੀਤੀ, ਉਨ੍ਹਾਂ ਦਾ ਅਜਿਹਾ ਰਵੱਈਆ ਉਸ ਸਮਾਜ ਦੀ ਬਰਬਾਦੀ ਦਾ ਕਾਰਨ ਸਾਬਤ ਹੋਇਆ ਹੈ।
ਮਨੁੱਖ ਦੀ ਕਿਸਮਤ ਦੀ ਘਾੜਤ ਉਸਦੇ ਆਚਾਰ (ਅਮਲ) ਨੇ ਤੈਅ ਕਰਨੀ ਹੁੰਦੀ ਹੈ, ਨਾ ਕਿ ਉਸ ਵੱਲੋਂ ਬੋਲੇ ਜਾ ਰਹੇ ਸ਼ਬਦਾਂ (ਸੱਚ) ਨੇ ਇਹ ਨਿਰਣਾ ਕਰਨਾ ਹੁੰਦਾ ਹੈ। ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਸੱਚ ਅਤੇ ਸੱਚ ਦੇ ਰਾਹ ਦੀ ਵਿਆਖਿਆ ਦਰਸਾਉਂਦੇ ਸੱਚ ਆਚਾਰ ਨੂੰ ਸਭ ਤੋਂ ਉੱਤਮ ਦਰਸਾਇਆ ਹੈ। ਸੱਚ ਆਚਾਰ ਦੇ ਪੱਖੋਂ ਕਿਸੇ ਸਮਾਜ ਬਾਰੇ ਕੋਈ ਨਿਰਣਾ ਬਣਾਉਣ ਲਈ ਮਨੁੱਖ ਦਾ ਧਿਆਨ ਸਭ ਤੋਂ ਪਹਿਲਾਂ ਉਸ ਸਮਾਜ ਦੇ ਆਗੂਆਂ ਅਤੇ ਸੰਸਥਾਵਾਂ ਦੇ ਅਮਲ ਵੱਲ ਜਾਂਦਾ ਹੈ। ਇਸ ਮੱਤ ਪਿੱਛੇ ਇਹ ਸੋਝੀ ਕੰਮ ਕਰਦੀ ਹੈ ਕਿ ਆਗੂ ਅਤੇ ਸੰਸਥਾਵਾਂ ਕਿਸੇ ਸਮਾਜ ਦੀ ਹੀ ਪਰਛਾਈ (ਰੲਾਲੲਚਟiੋਨ) ਹੁੰਦੇ ਹਨ। ਇਸ ਨਜ਼ਰੀਏ ਤੋਂ ਤੱਕਿਆਂ ਜਦੋਂ ਅਸੀਂ ਸਿੱਖ ਕੌਮ ਦੇ ਵੱਖ-ਵੱਖ ਖੇਤਰਾਂ ਵਿੱਚ ਵਿਚਰ ਰਹੀ ਲੀਡਰਸ਼ਿਪ ਅਤੇ ਸੰਸਥਾਵਾਂ ਦੇ ਕਿਰਦਾਰ (ਆਚਾਰ) ਉੱਤੇ ਨਜ਼ਰ ਮਾਰੀਏ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ।
ਸਿੱਖਾਂ ਦੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਨਜ਼ਰ ਆਉਂਦੀਆਂ ਬੁਰਾਈਆਂ ਨੇ ਵਿਨਾਸ਼ ਦਾ ਰੂਪ ਧਾਰ ਲਿਆ ਹੈ। ਸਾਡੇ ਧਾਰਮਿਕ ਅਤੇ ਰਾਜਸੀ ਆਗੂ ਇਸ ਹੋ ਰਹੇ ਵਿਨਾਸ਼ ਪ੍ਰਤੀ ਗੰਭੀਰ ਹੋਣ ਦੀ ਬਜਾਏ ਆਪਣੇ ਅਮਲਾਂ ਰਾਹੀਂ ਇਸ ਵਿਨਾਸ਼ ਵਿੱਚ ਵਾਧੇ ਦਾ ਕਾਰਨ ਸਾਬਤ ਹੋ ਰਹੇ ਹਨ। ਸਾਡੇ ਕਿਸੇ ਵੀ ਖੇਤਰ ਵਿੱਚ ਅਜਿਹੀ ਕਿਸੇ ਸ਼ਖਸੀਅਤ ਦਾ ਉਭਾਰ ਨਜ਼ਰ ਨਹੀਂ ਆਉਂਦਾ, ਜਿਸ ਨੂੰ ਮਾਡਲ ਮੰਨ ਕੇ ਸਿੱਖ ਜਵਾਨੀ ਆਪਣੀ ਜ਼ਿੰਦਗੀ ਦੀ ਉਸਾਰੀ ਕਰ ਸਕੇ। ਧਾਰਮਿਕ ਅਤੇ ਸੱਭਿਆਚਾਰਕ ਉਸਾਰੀ ਤੋਂ ਬਿਨਾ ਕਿਸੇ ਕੌਮ ਜਾਂ ਭਾਈਚਾਰੇ ਦੇ ਰਾਜਸੀ ਚਰਿੱਤਰ ਦੇ ਨਿਰਮਾਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਅਕਸਰ ਇਹੀ ਮੰਨਿਆ ਜਾਂਦਾ ਹੈ ਕਿ ਕੋਈ ਵੀ ਸਿਧਾਂਤ ਕਿਸੇ ਦੂਸਰੇ ਇਖਲਾਕ (ਆਚਾਰ) ਜਾਂ ਸਾਧਨ (ਰਾਜਸੀ ਵਿਧੀ) ਰਾਹੀਂ ਆਪਣੇ ਮਿੱਥੇ ਕੌਮੀ ਨਿਸ਼ਾਨਿਆਂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸੇ ਕਰਕੇ ਗੁਰੂ ਸਾਹਿਬਾਨ ਨੇ ਖ਼ਾਲਸੇ ਦੀ ਘਾੜਤ ਘੜਦੇ ਹੋਏ ਪੰਥਕ ਪ੍ਰਭੂਸੱਤਾ ਦੇ ਸੰਕਲਪ ਨੂੰ ਉਸਦੀ ਮਾਨਸਿਕਤਾ ਵਿੱਚ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਸੀ। ਸਿੱਖ ਦੀ ਸ਼ਖਸੀ ਰਹਿਣੀ ਨੂੰ ਸੰਤ-ਸਿਪਾਹੀ ਵਜੋਂ ਉਸਾਰਿਆ ਗਿਆ ਭਾਵ ਕਿ ਧਾਰਮਿਕ ਅਤੇ ਰਾਜਸੀ ਖੇਤਰਾਂ ਵਿੱਚ ਦੋਹਰੀ ਪ੍ਰਭੂਸੱਤਾ ਦਾ ਸੁਆਮੀ ਬਣਾ ਦਿੱਤਾ। ਇਸ ਸ਼ਖਸੀ ਗੁਣ ਸਦਕਾ ਅਠਾਰਵੀਂ ਸਦੀ ਦੌਰਾਨ ਖ਼ਾਲਸਾ ਸਟੇਟ ਦੇ ਅੰਦਰ ਇੱਕ ਸਟੇਟ ਬਣ ਕੇ ਆਪਣੇ ਇਖਲਾਕ ਦੇ ਝੰਡੇ ਬੁਲੰਦ ਕੀਤੇ ਸਨ।
ਅੱਜ ਹਾਲਾਤ ਇਹ ਹੋ ਗਏ ਹਨ ਕਿ ਸਿੱਖਾਂ ਨੇ ਆਪਣੇ ਸੰਤ ਗੁਣ ਨੂੰ ਗੱਦੀਧਾਰੀ ਸਾਧਾਂ ਅੱਗੇ ਅਤੇ ਆਪਣੇ ਸਿਪਾਹੀ ਗੁਣ ਨੂੰ ਟੋਡੀਪੁਣੇ ਤੇ ਬੁਰਛਾਗਰਦੀ ਦੀ ਝੋਲੀ ਪਾ ਦਿੱਤਾ ਹੈ। ਅਜਿਹੀ ਹਾਲਤ ਵਿੱਚ ਖਾਲਸਾਈ ਪ੍ਰਭੂਸੱਤਾ (ਰਾਜਸੀ ਸਟੇਟ) ਸਿਰਜਣ ਦੇ ਦਾਅਵੇ ਕੇਵਲ ਨਾਅਰਿਆਂ ਦੀ ਮੌਕਾਪ੍ਰਸਤ ਸਿਆਸਤ ਤੋਂ ਵੱਧ ਕੋਈ ਅਰਥ ਨਹੀਂ ਰੱਖਦੇ। ਸਿੱਖ ਬਿਪਰਨ ਕੀ ਰੀਤ ਦੇ ਰਾਹੇ ਪੈ ਚੁੱਕੇ ਹਨ, ਗੁਰੂ ਸਾਹਿਬ ਦਾ ਸਾਡੇ ਨਾਲ ਵਚਨ ਹੈ ਕਿ ਜਦੋਂ ਤੱਕ ਖ਼ਾਲਸਾ ਆਪਣੇ ਨਿਆਰੇਪਣ (ਸੰਤ-ਸਿਪਾਹੀ ਗੁਣ) ਨੂੰ ਕਾਇਮ ਰੱਖੇਗਾ, ਉਦੋਂ ਤੱਕ ਮੈਂ ਉਸ ਨੂੰ ਹਰ ਤਾਕਤ ਦਾ ਸੁਆਮੀ ਬਣਾ ਕੇ ਰੱਖਾਂਗਾ, ਪਰ ਜਦੋਂ ਖ਼ਾਲਸਾ ਬਿਪਰਨ ਕੀ ਰੀਤ ਦੇ ਰਾਹੇ ਪੈ ਗਿਆ ਤਾਂ ਮੇਰੀਆਂ ਦਿੱਤੀਆਂ ਸਾਰੀਆਂ ਬਖ਼ਸ਼ਿਸ਼ਾਂ ਤੋਂ ਰਹਿਤ ਹੋ ਜਾਵੇਗਾ। ਇਤਿਹਾਸ ਦੇ ਇਸ ਸੰਕਟਮਈ ਮੋੜ ਉੱਤੇ ਖੜ੍ਹ ਕੇ ਸਾਨੂੰ ਸਾਰਿਆਂ ਨੂੰ ਆਪੋਧਾਪੀ-ਆਪਣੇ ਦਾਅਵਿਆਂ ਨੂੰ ਇਸ ਪ੍ਰਸੰਗ ਵਿੱਚ ਪੜਚੋਲਣ ਦੀ ਲੋੜ ਹੈ। ਗੁਰੂ ਸਭ ਦੇ ਅੰਗ-ਸੰਗ ਸਹਾਈ ਹੋਵੇ!