ਬੜੂ ਸਾਹਿਬ ਦਾ ਹੋਕਾ: ‘ਬੱਚੇ ਪੜ੍ਹਾਓ, ਪੰਜਾਬ ਬਚਾਓ’

ਖਬਰਾਂ ਵਿਚਾਰ-ਵਟਾਂਦਰਾ

*ਕਿਸੇ ਵੀ ਕੌਮ ਦਾ ਸਭ ਤੋਂ ਵਧੀਆ ਨਿਵੇਸ਼ ਸਕੂਲੀ ਸਿੱਖਿਆ ਵਿੱਚ ਕੀਤਾ ਨਿਵੇਸ਼ ਹੈ- ਡਾ. ਦਵਿੰਦਰ ਸਿੰਘ
*ਭਾਈਚਾਰਕ ਸ਼ਖਸੀਅਤ ਮੇਜਰ ਗੁਰਚਰਨ ਸਿੰਘ ਝੱਜ ਵੱਲੋਂ ਅਕਾਲ ਅਕੈਡਮੀ ਦਾ ਸਾਥ ਦੇਣ ਦੀ ਅਪੀਲ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਕਲਗੀਧਰ ਟਰੱਸਟ ਬੜੂ ਸਾਹਿਬ ਦੀ ਟੀਮ ਨੇ ਪਿਛਲੇ ਦਿਨੀਂ ਮੁਕੰਮਲ ਕੀਤੀ ਅਮਰੀਕਾ ਫੇਰੀ ਦੌਰਾਨ ਅਕਾਲ ਅਕੈਡਮੀ ਦਾ ਸਾਥ ਦੇਣ ਦੀ ਪੁਰਜ਼ੋਰ ਅਪੀਲ ਕਰਦਿਆਂ ਪੰਜਾਬ ਵਿੱਚ ਵਿਦਿਆ ਦੇ ਸੰਦਰਭ `ਚ ਪਰਵਾਸੀ ਭਾਈਚਾਰੇ ਨੂੰ ਇਹ ਹੋਕਾ ਦਿੱਤਾ: ‘ਬੱਚੇ ਪੜ੍ਹਾਓ, ਪੰਜਾਬ ਬਚਾਓ।’ ਉਨ੍ਹਾਂ ਦੀ ਇਸ ਫੇਰੀ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਪਹਿਲਾਂ ਜੁੜੀਆਂ ਭਾਈਚਾਰਕ ਸ਼ਖਸੀਅਤਾਂ ਤੋਂ ਇਲਾਵਾ ਕੁਝ ਹੋਰ ਸੱਜਣਾਂ ਨੇ ਪੰਜਾਬ ਵਿੱਚ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਬੜੂ ਸਾਹਿਬ ਨੂੰ ਵਿੱਤੀ ਸਹਿਯੋਗ ਦਿੱਤਾ।

ਇਸ ਸਬੰਧੀ ਵੱਖ-ਵੱਖ ਪ੍ਰੋਗਰਾਮ ਸ਼ਿਕਾਗੋ ਅਤੇ ਹੋਰਨਾਂ ਸਟੇਟਾਂ ਵਿੱਚ ਕੀਤੇ ਗਏ, ਜਿੱਥੇ ਪਰਵਾਸੀ ਪੰਜਾਬੀਆਂ ਨੂੰ ਵਿੱਦਿਆ ਦੇ ਖੇਤਰ ਵਿੱਚ ਅਕਾਲ ਅਕੈਡਮੀ ਦੇ ਉਪਰਾਲਿਆਂ ਅਤੇ ਭਵਿੱਖੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ‘ਜੱਸ ਪੰਜਾਬੀ’ ਉਤੇ ਲਾਈਵ ਸ਼ੋਅ ਕੀਤੇ ਗਏ, ਜਿਸ ਦੌਰਾਨ ਬੜੂ ਸਾਹਿਬ ਦੇ ਮਿਸ਼ਨ ਅਤੇ ਉਸ ਅਧੀਨ ਆਉਂਦੀਆਂ ਸੰਸਥਾਵਾਂ ਦੇ ਕਾਰਜਾਂ ਦਾ ਸੰਖੇਪ ਵੇਰਵਾ ਸਾਂਝਾ ਕੀਤਾ ਗਿਆ।
ਚੇਤੇ ਰਹੇ, ਅਕਾਲ ਅਕੈਡਮੀ ਉੱਤਰੀ ਭਾਰਤ ਦੇ ਪੇਂਡੂ ਖੇਤਰਾਂ ਵਿੱਚ 70 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦਾ ਪ੍ਰਬੰਧ ਚਲਾਉਂਦੀ ਹੈ। ਬਾਬਾ ਅਤਰ ਸਿੰਘ ਤੋਂ ਲੈ ਕੇ ਬਾਬਾ ਇਕਬਾਲ ਸਿੰਘ ਨੇ ਸੇਵਾ ਨਿਭਾਈ ਅਤੇ ਹੁਣ ਡਾ. ਦਵਿੰਦਰ ਸਿੰਘ ਸੇਵਾ ਨਿਭਾਅ ਰਹੇ ਹਨ। ਡਾ. ਦਵਿੰਦਰ ਸਿੰਘ ਇਹ ਟੀਚਾ ਲੈ ਕੇ ਚੱਲੇ ਹਨ ਕਿ ਪੰਜਾਬ ਦਾ ਕੋਈ ਵੀ ਬੱਚਾ ਅਨਪੜ੍ਹ ਨਾ ਰਹੇ ਅਤੇ ਇਸੇ ਮਕਸਦ ਤਹਿਤ ਅਕਾਲ ਅਕੈਡਮੀ ਬੜੂ ਸਾਹਿਬ ਦੇਸ-ਵਿਦੇਸ਼ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਪੰਜਾਬ `ਚ ਸਿੱਖਿਆ ਦਾ ਲੰਗਰ ਲਾਉਣ ਪ੍ਰਤੀ ਉਤਸ਼ਾਹਿਤ ਕਰਨ ਦਾ ਹੋਕਾ ਦੇ ਰਹੀ ਹੈ।
ਸ਼ਿਕਾਗੋ ਵਿੱਚ ਹੋਏ ਸਮਾਗਮ ਦੌਰਾਨ ਅਕਾਲ ਅਕੈਡਮੀ ਲਈ ਫੰਡ ਇੱਕਤਰ ਕਰਨ ਲਈ ਅਮਰੀਕਾ ਫੇਰੀ ਦਾ ਜ਼ਿਕਰ ਕਰਦਿਆਂ ਡਾ. ਦਵਿੰਦਰ ਸਿੰਘ ਨੇ ਸਭ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਹੋਰ ਵੀ ਲੋਕਾਂ ਨੂੰ ਪ੍ਰੇਰਿਆ ਕਿ ਉਹ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਜ਼ਰੂਰ ਸਪਾਂਸਰ ਕਰਨ। ਉਨ੍ਹਾਂ ਕਿਹਾ ਕਿ ਜੇ ਕੋਈ ਫੀਸ ਨਹੀਂ ਦੇ ਸਕਦਾ ਤਾਂ ਵਿਦੇਸ਼ਾਂ ਵਿੱਚ ਬੈਠੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਲੋਕਾਂ ਨੇ ਅਕਾਲ ਅਕੈਡਮੀ ਵਿੱਚ ਭਰੋਸਾ ਪ੍ਰਗਟਾਉਂਦਿਆਂ ਉਮੀਦ ਤੋਂ ਜ਼ਿਆਦਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਸੰਸਾਰ ਪੱਧਰ `ਤੇ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਕਿਸੇ ਵੀ ਕੌਮ ਦਾ ਸਭ ਤੋਂ ਵਧੀਆ ਨਿਵੇਸ਼ ਸਕੂਲੀ ਸਿੱਖਿਆ ਵਿੱਚ ਕੀਤਾ ਨਿਵੇਸ਼ ਹੈ।
ਡਾ. ਦਵਿੰਦਰ ਸਿੰਘ ਨੇ ਬੜੂ ਸਾਹਿਬ ਦੇ ਮਿਸ਼ਨ ਬਾਰੇ ਗੱਲ ਕਰਦਿਆਂ ਕਿਹਾ ਕਿ ਸੰਤ ਤੇਜਾ ਸਿੰਘ ਨੇ 1954 ਵਿੱਚ ਸੰਤ ਅਤਰ ਸਿੰਘ ਦੇ ਬਚਨਾਂ ਨੂੰ ਮੁੜ ਪੇਸ਼ ਕੀਤਾ ਕਿ ਵਿਸ਼ਵ ਸ਼ਾਂਤੀ ਸਥਾਪਤ ਕਿਵੇਂ ਹੋਵੇਗੀ? ਬੱਚਿਆਂ ਨੂੰ ਮੁੱਲਵਾਨ ਅਧਿਆਤਮਕ ਸਿੱਖਿਆ ਦੇ ਕੇ। ਇਸ ਲਈ ਬਾਬਾ ਇਕਬਾਲ ਸਿੰਘ ਨੇ ਸਾਲ 1986 ਵਿੱਚ 5 ਵਿਦਿਆਰਥੀਆਂ ਨਾਲ ਅਕਾਲ ਅਕੈਡਮੀ ਸ਼ੁਰੂ ਕੀਤੀ ਅਤੇ ਇਸ ਵੇਲੇ ਅਕੈਡਮੀ ਦੀਆਂ 130 ਸ਼ਾਖਾਵਾਂ ਬਣ ਗਈਆਂ ਹਨ, ਜੋ ਸਾਰੀਆਂ ਹੀ ਪਿੰਡਾਂ ਵਿੱਚ ਹਨ (ਇੱਕ ਮੁਕਤਸਰ ਸ਼ਹਿਰ ਵਿੱਚ ਹੈ)। ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਕਈ ਵਾਰ ਲੋਕ ਬਾਬਾ ਇਕਬਾਲ ਸਿੰਘ ਨੂੰ ਪੁੱਛਦੇ ਸਨ ਕਿ ਸ਼ਹਿਰ ਵਿੱਚ ਵੀ ਬੱਚੇ ਰਹਿੰਦੇ ਹਨ, ਉਥੇ ਅਕੈਡਮੀ ਕਿਉਂ ਨਹੀਂ ਬਣਾਉਂਦੇ? ਬਾਬਾ ਜੀ ਦਾ ਇਹ ਕਹਿਣਾ ਹੁੰਦਾ ਸੀ ਕਿ 70% ਬੱਚੇ ਪਿੰਡਾਂ ਵਿੱਚ ਰਹਿੰਦੇ ਹਨ। ਸ਼ਹਿਰੀ ਬੱਚਿਆਂ ਕੋਲ ਵਿੱਤੀ ਸਰੋਤ ਹਨ ਅਤੇ ਮੌਕੇ ਵੀ ਹਨ। ਇਸ ਵਾਸਤੇ ਪਿੰਡਾਂ ਵਿੱਚ ਅਕੈਡਮੀਆਂ ਬਣਾ ਰਹੇ ਹਾਂ। ਇਸ ਤੋਂ ਇਲਾਵਾ ਪੰਜਾਬ ਦੀਆਂ ਜੋ ਵੀ ਹੋਰ ਸਮੱਸਿਆਵਾਂ ਹਨ, ਜਿਵੇਂ ਨਸ਼ਿਆਂ ਜਾਂ ਬੱਚੀਆਂ ਲਈ ਰੁਜ਼ਗਾਰ ਵਗੈਰਾ, ਉਨ੍ਹਾਂ `ਤੇ ਵੀ ਨਾਲੋ ਨਾਲ ਵਿਚਾਰ ਕਰ ਰਹੇ ਹਾਂ।
ਇਸ ਮੌਕੇ ਸਵਾਲ-ਜਵਾਬ ਦਾ ਇੱਕ ਸੈਸ਼ਨ ਵੀ ਚੱਲਿਆ ਅਤੇ ਸਰਦੀਆਂ ਦੀ ਰੁੱਤੇ (ਛੁੱਟੀਆਂ ਦੇ ਸਮੇਂ) ਅਕੈਡਮੀ ਦੀ ਫੇਰੀ ਦੀ ਗੱਲ ਹੋਈ। ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਸਾਨੂੰ ਕੁਝ ਸੁਝਾਅ ਮਿਲੇ ਹਨ ਅਤੇ ਉਨ੍ਹਾਂ ਦੇ ਮੱਦੇਨਜ਼ਰ ਤਬਦੀਲੀ ਯਕੀਨੀ ਬਣਾਵਾਂਗੇ ਤੇ ਅਗਲੀ ਵਾਰ ਥੈਕਸਗਿਵਿੰਗ ਦੇ ਨੇੜੇ-ਤੇੜੇ ਪ੍ਰੋਗਰਾਮ ਉਲੀਕਾਂਗੇ। ਲੋਕਾਂ ਵਿੱਚ ਪੈਦਾ ਹੋਏ ਕੁਝ ਉਨ੍ਹਾਂ ਖਦਸ਼ਿਆਂ ਨੂੰ ਵੀ ਦਰਕਿਨਾਰ ਕੀਤਾ, ਜਿਨ੍ਹਾਂ ਰਾਹੀਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਬੜੂ ਸਾਹਿਬ ਵਿੱਚ ਸਿਫਰ ਸਿੱਖਾਂ ਦੇ ਬੱਚੇ ਹੀ ਪੜ੍ਹਦੇ ਹਨ। ਇਸ ਸਬੰਧੀ ਡਾ. ਦਵਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਸਿੱਖ ਧਰਮ ਸਾਂਝੀਵਾਲਤਾ ਨੂੰ ਪ੍ਰਚਾਰਦਾ ਹੈ ਅਤੇ ਅਕਾਲ ਅਕੈਡਮੀਆਂ ਵਿੱਚ ਹਰ ਧਰਮ ਦਾ ਬੱਚਾ ਪੜ੍ਹ ਸਕਦਾ ਹੈ, ਤੇ ਪੜ੍ਹ ਵੀ ਰਹੇ ਹਨ। ਕਿਸੇ ਕਿਸਮ ਦਾ ਵਿਤਕਰਾ ਨਹੀਂ ਹੈ।
ਪ੍ਰੋਗਰਾਮ ਦੇ ਅਖੀਰ ਵਿੱਚ ਡਾ. ਦਵਿੰਦਰ ਸਿੰਘ ਨੇ ਪਰਵਾਸੀ ਪੰਜਾਬੀਆਂ ਨਾਲ ਹੋਈਆਂ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਅਤੇ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਦੇ ਦਾਨੀ ਸੱਜਣਾਂ ਬਾਰੇ ਵੀ ਦੱਸਿਆ, ਜਿਨ੍ਹਾਂ ਨੇ ਅਕਾਲ ਅਕੈਡਮੀ ਵਿੱਚ ਪੜ੍ਹਾਉਣ ਲਈ ਬੱਚੇ ਸਪਾਂਸਰ ਕੀਤੇ ਹਨ ਤੇ ਸਕੂਲ ਖੋਲ੍ਹਣ ਲਈ ਜ਼ਮੀਨ ਦਾਨ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਪਰਉਪਰਕਾਰ ਦੀਆਂ ਅਜਿਹੀਆਂ ਭਾਵਨਾਵਾਂ ਸਾਡੇ `ਚ ਆ ਜਾਣਗੀਆਂ ਤਾਂ ਵਿਦਿਆ ਸਬੰਧੀ ਪੰਜਾਬ ਦੀ ਸਮੱਸਿਆ ਆਪਣੇ ਆਪ ਹੀ ਖਤਮ ਹੋ ਜਾਵੇਗੀ।
ਇਸ ਮੌਕੇ ਮੇਜਰ ਗੁਰਚਰਨ ਸਿੰਘ ਝੱਜ ਨੇ ਬੜੂ ਸਾਹਿਬ ਨਾਲ ਜੁੜਨ ਦੇ ਸਬੱਬ `ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਤੀਹ ਕੁ ਸਾਲ ਪਹਿਲਾਂ ਡਾ. ਖੇਮ ਸਿੰਘ ਗਿੱਲ ਇੱਥੇ ਪਹਿਲੀ ਵਾਰ ਅਕੈਡਮੀ ਲਈ ਵੰਡ ਇਕੱਤਰ ਕਰ ਲਈ ਆਏ ਸਨ। ਉਦੋਂ ਤੋਂ ਹੀ ਬੜੂ ਸਾਹਿਬ ਨਾਲ ਸਬੰਧ ਬਣਿਆ। ਬਾਅਦ ਵਿੱਚ ਬਾਬਾ ਇਕਬਾਲ ਸਿੰਘ ਵੀ ਆਉਂਦੇ ਰਹੇ ਅਤੇ ਉਹ ਇੱਥੇ ਸਾਡੇ ਘਰੇ ਹੀ ਠਹਿਰਦੇ ਸਨ। ਉਨ੍ਹਾਂ ਦੇ ਮਿਸ਼ਨ ਤੋਂ ਅਸੀਂ ਬਹੁਤ ਪ੍ਰਭਾਵਿਤ ਹੋਏ ਅਤੇ ਸਾਨੂੰ ਇਸ ਸੇਵਾ ਵਿੱਚ ਯੋਗਦਾਨ ਪਾ ਕੇ ਖੁਸ਼ੀ ਹੁੰਦੀ ਸੀ।
ਪਿੰਡ ਮਨਾਲ ਵਿੱਚ ਕਰੀਬ 13 ਸਾਲ ਪਹਿਲਾਂ ਅਕੈਡਮੀ ਲਈ ਜ਼ਮੀਨ ਦਾਨ ਕਰਨ ਦਾ ਕਿੱਸਾ ਸਾਂਝਾ ਕਰਦਿਆਂ ਮੇਜਰ ਝੱਜ ਨੇ ਕਿਹਾ ਕਿ ਇਹ ਪਿੰਡ ਜ਼ਿਲ੍ਹਾ ਬਰਨਾਲਾ ਵਿੱਚ ਪੈਂਦਾ ਹੈ। ਅਸਲ ਵਿੱਚ ਮਨਾਲ ਪਿੰਡ ਵਿੱਚ ਮੇਜਰ ਝੱਜ ਦੇ ਵੱਡੇ ਭੈਣ ਜੀ ਦੇ ਸਹੁਰਾ ਪਰਿਵਾਰ ਨੂੰ ਜ਼ਮੀਨ ਅਲਾਟ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਬਾਬਾ ਇਕਬਾਲ ਸਿੰਘ ਆਏ ਸਨ ਤਾਂ ਸਾਡੇ ਪਰਿਵਾਰ ਨੇ ਇੱਕ ਅਕਾਲ ਅਕੈਡਮੀ (ਸ਼ਾਖਾ) ਬਣਾਉਣ ਦਾ ਤਹੱਈਆ ਕੀਤਾ ਸੀ। ਮੇਜਰ ਝੱਜ ਨੇ ਕਿਹਾ ਕਿ ਉਨ੍ਹਾਂ ਦੀ ਵੱਡੀ ਭੈਣ ਬੀਬੀ ਕਰਤਾਰ ਕੌਰ ਨੇ ਹੀ ਉਨ੍ਹਾਂ (ਸ. ਝੱਜ) ਨੂੰ ਪਾਲਿਆ। ਇਹ ਦੱਸਦਿਆਂ ਉਹ ਭਾਵੁਕ ਵੀ ਹੋ ਗਏ ਸਨ। ਸੋ, ਇੱਕ ਅਕੈਡਮੀ ਬੀਬੀ ਕਰਤਾਰ ਕੌਰ ਦੀ ਯਾਦ ਵਿੱਚ ਮਨਾਲ ਪਿੰਡ ਵਿੱਚ ਬਣਾਈ ਗਈ, ਜਿਸ ਲਈ ਝੱਜ ਪਰਿਵਾਰ ਵੱਲੋਂ ਅੱਠ ਏਕੜ ਜ਼ਮੀਨ ਖਰੀਦ ਕੇ ਅਕਾਲ ਅਕੈਡਮੀ ਨੂੰ ਦਿੱਤੀ ਗਈ।
ਇਸ ਮੌਕੇ ਮੇਜਰ ਝੱਜ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਗੋ ਆਏ ਨੂੰ 50 ਸਾਲ ਦਾ ਸਮਾਂ ਹੋ ਗਿਆ ਹੈ। ਉਹ ਆਰਮੀ ਛੱਡ ਕੇ ਇੱਥੇ ਆਏ ਸਨ। ਉਨ੍ਹਾਂ ਬੀ.ਐਸਸੀ. ਇੰਜੀਨੀਅਰਿੰਗ ਕੀਤੀ। ਕੋਈ ਜੌਬ ਮਿਲਦੀ ਨਹੀਂ ਸੀ ਅਤੇ ਟੈਕਸੀ ਚਲਾਈ ਤੇ ਦੱਬ ਕੇ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਹਮੇਸ਼ਾ ਮਨ ਵਿੱਚ ਇਹ ਆਇਆ ਕਿ ਦਸਵੰਧ ਜ਼ਰੂਰ ਕੱਢਿਆ ਜਾਵੇ, ਪਰ ਇਹ ਦਸਵੰਧ ਕਿਸੇ ਚੰਗੇ ਕੰਮ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਬਾਬਾ ਇਕਬਾਲ ਸਿੰਘ ਨਾਲ ਸਾਂਝ ਪਈ, ਉਦੋਂ ਤੋਂ ਅਕੈਡਮੀ ਲਈ ਦਸਵੰਧ ਕੱਢ ਕੇ ਦੇਣਾ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਜੰਮੇ ਸੀ, ਉਥੇ ਪਿੰਡਾਂ ਦਾ ਹਲਾ ਦੇਖੋ ਕੀ ਹੈ! ਅਸੀਂ ਇੱਥੇ ਵੈਲਸੈਟਲਡ ਹਾਂ ਤਾਂ ਸਾਡਾ ਆਪਣੇ ਪਿੰਡਾਂ ਪ੍ਰਤੀ ਵੀ ਫਰਜ਼ ਬਣਦਾ ਹੈ। ਬੱਚੇ ਬੇਰੁਜ਼ਗਾਰ ਹਨ, ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਪੜ੍ਹਾਈ ਦਾ ਹਾਲ ਵੀ ਚੰਗਾ ਨਹੀਂ। ਬੜੂ ਸਾਹਿਬ ਅਕੈਡਮੀ ਵਿਦਿਆ ਦੇ ਖੇਤਰ ਵਿੱਚ ਜੋ ਸੇਵਾ ਨਿਭਾਅ ਰਹੀ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਇਸ ਨੂੰ ਵਿੱਤੀ ਤੌਰ `ਤੇ ਮਜਬੂਤ ਕਰਨਾ ਚਾਹੀਦਾ ਹੈ, ਕਿਉਂਕਿ ਬੜੂ ਸਾਹਿਬ ਦੀਆਂ 129 ਅਕੈਡਮੀਆਂ ਪਿੰਡਾਂ ਵਿੱਚ ਹਨ। ਉਨ੍ਹਾਂ ਬੜੂ ਸਾਹਿਬ ਦੇ ਉਪਰਾਲਿਆਂ `ਚ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਸੰਗਤ ਦੇ ਦਾਨ ਦਾ ਪੈਸਾ ਚੰਗੇ ਕੰਮ ਲਈ ਲੱਗ ਰਿਹਾ ਹੈ। ਪਹਿਲਾਂ ਬਥੇਰੇ ਲੋਕ ਹੋਰ ਮਕਸਦ ਲਈ ਪੈਸਾ ਇਕੱਠਾ ਕਰਨ ਆਉਂਦੇ ਰਹੇ, ਪਰ ਉਹ ਪੈਸੇ ਸਹੀ ਥਾਂ ਪਹੁੰਚਦੇ ਨਹੀਂ ਸਨ। ਉਨ੍ਹਾਂ ਕਿਹਾ ਕਿ ਅਕਾਲ ਅਕੈਡਮੀ ਅਤੇ ਪਿੰਗਲਵਾੜਾ ਦੋ ਅਜਿਹੀਆਂ ਸੰਸਥਾਵਾਂ ਹਨ, ਜਿੱਥੇ ਤੁਹਾਡੇ ਦਿੱਤੇ ਦਾਨ ਦਾ ਇੱਕ ਇੱਕ ਪੈਸਾ ਲੇਖੇ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਅਕੈਡਮੀਆਂ ਬਣੇ ਨੂੰ ਵੀਹ-ਵੀਹ ਸਾਲ ਹੋ ਗਏ ਹਨ, ਹੁਣ ਉਨ੍ਹਾਂ ਦੀ ਅਤੇ ਗੱਡੀਆਂ ਦੀ ਰਿਪੇਅਰ ਵੀ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਇੱਕ-ਇੱਕ ਅਕੈਡਮੀ ਦੀ ਮੁਰੰਮਤ ਲਈ ਤਕਰੀਬਨ 35-35 ਲੱਖ ਰੁਪਿਆ ਚਾਹੀਦਾ ਹੈ।
ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਨੂੰ ਇਹ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਹਰ ਸਾਲ ਦਸਵੰਧ ਕੱਢ ਕੇ ਬੜੂ ਸਾਹਿਬ ਨੂੰ ਦੇਈਏ, ਤਾਂ ਜੋ ਇਹ ਪਿੰਡਾਂ ਦੇ ਗਰੀਬ ਬੱਚਿਆਂ ਨੂੰ ਉਚੇਰੀ ਵਿਦਿਆ ਦੇ ਸਕਣ ਅਤੇ ਬੱਚੇ ਪੜ੍ਹ-ਲਿਖ ਕੇ ਵੱਡੇ ਅਹੁਦਿਆਂ `ਤੇ ਜਾਣ ਤੇ ਸਿੱਖਾਂ ਦਾ ਨਾਂ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਆਪਣੀ ਕਮਿਉਨਿਟੀ, ਆਪਣੇ ਗੁਰਦੁਆਰਾ ਸਾਹਿਬ ਨੂੰ ਵੀ ਦੇਣ ਲਈ ਪੈਸੇ ਚਾਹੀਦੇ ਹਨ, ਪਰ ਗੁਰਦੁਆਰਾ ਸਾਹਿਬ ਵਿੱਚ ਸੰਗਤ ਕਾਫੀ ਹੈ। ਮੇਜਰ ਝੱਜ ਨੇ ਗੁਰਦੁਆਰਾ ਪੈਲਾਟਾਈਨ ਦੇ ਹਵਾਲੇ ਨਾਲ ਕਿਹਾ ਕਿ ਗੁਰੂਘਰ ਦੇ ਖਾਤੇ ਵਿੱਚ ਇੱਕ ਮਿਲੀਅਨ ਡਾਲਰ ਰਿਜ਼ਰਵ ਹੈ।
ਮੇਜਰ ਝੱਜ ਨੇ ਦੱਸਿਆ ਕਿ ਬੜੂ ਸਾਹਿਬ ਅਕੈਡਮੀ ਨੇ 10 ਮਿਲੀਅਨ ਡਾਲਰ ਲੋਨ ਲੈ ਕੇ ਕੰਮ ਸ਼ੁਰੂ ਕੀਤਾ ਸੀ। ਹੁਣ ਵੀ ਪੰਜ ਮਿਲੀਅਨ ਡਾਲਰ ਲੋਨ ਬਕਾਇਆ ਹੈ। ਉਨ੍ਹਾਂ ਕਿਹਾ ਕਿ ਜੇ ਆਪਾਂ ਸਾਰੇ ਰਲ ਕੇ ਲੋਨ ਅਦਾ ਕਰ ਦਈਏ ਤਾਂ ਵਿਆਜ ਦੇ ਰੂਪ ਵਿੱਚ ਜਾਂਦੇ ਪੈਸੇ ਬਚਣਗੇ ਅਤੇ ਉਨ੍ਹਾਂ ਨਾਲ ਹੋਰ ਅਕੈਡਮੀਆਂ ਖੁੱਲ੍ਹ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕ ਜ਼ਮੀਨ ਦੇਣ ਨੂੰ ਤਿਆਰ ਹਨ, ਪਰ ਵਿੱਤੀ ਤੌਰ `ਤੇ ਇੰਨਾ ਬੋਝ ਹੈ ਕਿ ਹਾਲੇ ਹੋਰ ਅਕੈਡਮੀਆਂ ਖੋਲ੍ਹ ਨਹੀਂ ਸਕਦੇ। ਬੜੂ ਸਾਹਿਬ ਦੀਆਂ 250 ਅਕੈਡਮੀਆਂ ਬਣਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਕਹਾਉਂਦੇ ਹਾਂ ਤਾਂ ਸਾਨੂੰ ਸਿੱਖਿਆ ਲਈ ਬੜੂ ਸਾਹਿਬ ਨੂੰ ਜ਼ਰੂਰ ਵਿੱਤੀ ਸਹਿਯੋਗ ਦੇਣਾ ਚਾਹੀਦਾ ਹੈ।
ਮੇਜਰ ਝੱਜ ਨੇ ਹਿਮਾਚਲ ਦੀਆਂ ਰਮਣੀਕ ਪਹਾੜੀਆਂ ਵਿੱਚ ਅਕਾਲ ਅਕੈਡਮੀ ਵੱਲੋਂ ਜੰਗਲ ਵਿੱਚ ਮੰਗਲ ਲਾਏ ਹੋਣ ਦਾ ਵਿਖਿਆਨ ਕੀਤਾ। ਡਾ. ਦਵਿੰਦਰ ਸਿੰਘ ਨੇ ਵੀ ਬੜੂ ਸਾਹਿਬ ਨਾਲ ਜੁੜਿਆ ਇਤਿਹਾਸ ਸਾਂਝਾ ਕੀਤਾ। ਉਨ੍ਹਾਂ ਬੜੂ ਸਾਹਿਬ ਦੀ ਥਾਂ ਨਾਲ ਜੁੜੀਆਂ ਕੁਝ ਅਧਿਆਤਮਕ ਗੱਲਾਂ ਦਾ ਜ਼ਿਕਰ ਵੀ ਛੋਹਿਆ। ਉਨ੍ਹਾਂ ਕਿਹਾ ਕਿ ਤਪੱਸਿਆ ਵਾਲੀ ਇਸ ਧਰਤੀ ਉਤੇ ਤੁਸੀਂ ਜਾ ਕੇ ਦੇਖੋਗੋ ਕਿ ਹੁਣ ਵੀ ਰੋਜ਼ਾਨਾ 12-13 ਅਖੰਡ ਪਾਠ ਚੱਲ ਰਹੇ ਹੁੰਦੇ ਹਨ।
ਇਸ ਮੌਕੇ ਲਵਪ੍ਰੀਤ ਕੌਰ ਪੰਨੂ, ਜੋ ਬੜੂ ਸਾਹਿਬ ਤੋਂ ਪੜ੍ਹੀ ਹੋਈ ਹੈ, ਨੇ ਵੀ ਆਪਣੇ ਤਜਰਬੇ ਸੰਗਤ ਨਾਲ ਸਾਂਝੇ ਕੀਤੇ। ਉਸ ਨੇ ਦੱਸਿਆ, ਉਹ ਉਥੇ 1999 ਵਿੱਚ ਪੜ੍ਹਨ ਗਈ ਸੀ ਤੇ ਉਥੇ ਜਾ ਕੇ ਜੋ ਕੁਝ ਪਾਇਆ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਦੱਸਿਆ ਕਿ ਛੋਟੇ ਹੁੰਦਿਆਂ ਮੇਰੇ ਪਾਪਾ ਦੀ ਡੈਥ ਹੋ ਗਈ ਸੀ। ਬਾਬਾ ਇਕਬਾਲ ਸਿੰਘ ਨੇ ਸਾਨੂੰ ਭੈਣ-ਭਰਾਵਾਂ ਨੂੰ ਇੱਕ ਤਰ੍ਹਾਂ ਪਾਲਿLਆ ਅਤੇ ਪੜ੍ਹਇਆ। ਬਾਅਦ ਵਿੱਚ ਬਾਬਾ ਜੀ ਨੇ ਮੈਨੂੰ ਇੱਥੇ ਡਿਟਰਾਇਟ (ਮਿਸ਼ੀਗਨ) ਪੜ੍ਹਨ ਲਈ ਵੀ ਭੇਜਿਆ। ਉਸ ਦੱਸਿਆ ਕਿ ਉਹ ਇੱਥੋਂ ਪੜ੍ਹਾਈ ਮੁਕੰਮਲ ਕਰ ਕੇ ਇੱਥੇ ਹੀ ਜੌਬ ਕਰ ਰਹੀ ਹੈ। ਉਸ ਕਿਹਾ ਕਿ ਬੜੂ ਸਾਹਿਬ ਅਕੈਡਮੀ ਦੀ ਮੈਂ ਬਹੁਤ ਰਿਣੀ ਹਾਂ, ਜਿਸ ਦੀ ਬਦੌਲਤ ਪੜ੍ਹ-ਲਿਖ ਕੇ ਵਧੀਆ ਜ਼ਿੰਦਗੀ ਗੁਜ਼ਾਰ ਰਹੀ ਹਾਂ। ਉਸ ਦੱਸਿਆ ਕਿ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਬੱਚੇ ਹਨ, ਜਿਨ੍ਹਾਂ ਨੂੰ ਅਕਾਲ ਅਕੈਡਮੀ ਨੇ ਪੜ੍ਹਾਇਆ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਦਿੱਤਾ। ਉਹ ਪਟਿਆਲਾ ਲਾਗੇ ਪਿੰਡ ਮਿੱਠੂ ਮਾਜਰਾ ਤੋਂ ਹੈ। ਉਸ ਦੱਸਿਆ ਕਿ ਅਸੀਂ ਪਿੰਡ ਦੀਆਂ ਕੁੜੀਆਂ ਅਕਾਲ ਅਕੈਡਮੀ ਵਿੱਚ ਪੜ੍ਹੀਆਂ ਹੋਣ ਕਾਰਨ ਸਾਡਾ ਸਵੈ-ਭਰੋਸਾ ਕਾਨਵੈਂਟ ਸਕੂਲਾਂ ਵਿੱਚ ਪੜ੍ਹੇ ਹੋਰਨਾਂ ਬੱਚਿਆਂ ਦੇ ਮੁਕਾਬਲੇ ਬਿਹਤਰ ਰਿਹਾ, ਕਿਉਂਕਿ ਅਕਾਲ ਅਕੈਡਮੀ ਵਿੱਚ ਪੜ੍ਹਾਈ ਪੱਖੋਂ ਬੱਚਿਆਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਉਸ ਕਿਹਾ ਕਿ ਜਦੋਂ ਮੈਂ ਇੱਥੇ ਅਮਰੀਕਾ ਆਈ ਤਾਂ ਜੋ ਕੁਝ ਇੱਥੇ ਪੜ੍ਹਾਇਆ ਜਾਣ ਲੱਗਾ, ਉਹ ਮੈਂ ਕਾਫੀ ਕੁਝ ਪਹਿਲਾਂ ਹੀ ਪੜ੍ਹ ਚੁਕੀ ਸਾਂ।
ਲਵਪ੍ਰੀਤ ਕੌਰ ਪੰਨੂ ਨੇ ਕਿਹਾ ਕਿ ਅਕਾਲ ਅਕੈਡਮੀ ਵਿੱਚ ਜੋ ਗੁਰਸਿੱਖੀ ਜੀਵਨ ਮਿਲਦਾ ਹੈ, ਉਹਦੀ ਤਾਂ ਗੱਲ ਹੀ ਨਹੀਂ ਕੀਤੀ ਜਾ ਸਕਦੀ। ਉਸ ਦੱਸਿਆ ਕਿ ਉਥੇ ਨਿੱਤਨੇਮ ਤੋਂ ਬਿਨਾ ਦਿਨ ਨਹੀਂ ਸ਼ੁਰੂ ਹੁੰਦਾ। ਉਥੋਂ ਦੀ ਪੜ੍ਹਾਈ ਦਾ ਇੱਕ ਵਧੀਆ ਪਹਿਲੂ ਇਹ ਸੀ ਕਿ ਬੱਚੇ ਬੇਫਿਕਰ ਤੇ ਖੁਸ਼ ਹੋ ਕੇ ਪੜ੍ਹਦੇ ਸਨ, ਕਿਉਂਕਿ ਕਿਸੇ ਨਾ ਕਿਸੇ ਦੇ ਘਰ ਵਿੱਚ ਸਮੱਸਿਆਵਾਂ ਦੇ ਚੱਲਦਿਆਂ ਬੱਚਿਆਂ ਦਾ ਧਿਆਨ ਪੜ੍ਹਾਈ ਵੱਲ ਕੇਂਦਰਿਤ ਕੀਤਾ ਜਾਂਦਾ ਸੀ; ਜਿਸ ਕਾਰਨ ਨਤੀਜੇ ਬਹੁਤ ਵਧੀਆ ਆਉਂਦੇ ਸਨ। ਉਸ ਕਿਹਾ ਕਿ ਅਜਿਹਾ ਮਾਹੌਲ ਸ਼ਾਇਦ ਹੀ ਹੋਰ ਸਕੂਲਾਂ ਵਿੱਚ ਸਹਿਜ-ਸੁਭਾਅ ਮਿਲਦਾ ਹੋਵੇ! ਵਿਦਿਅਕ ਜਾਂ ਅਧਿਆਤਮਕ ਤੌਰ `ਤੇ ਜੋ ਉਥੇ ਪਾਇਆ, ਉਹ ਬਿਆਨ ਤੋਂ ਬਾਹਰਾ ਹੈ। ਉਸ ਕਿਹਾ ਕਿ ਸੰਸਾਰ ਵਿੱਚ ਵਿਚਰਦਿਆਂ ਬੱਚੇ ਅੰਦਰ ਤਬਦੀਲੀ ਆਉਣੀ ਸੁਭਾਵਿਕ ਹੈ, ਪਰ ਜੋ ਬੀਜ ਛੋਟੇ ਹੁੰਦਿਆਂ ਉਹਦੇ ਅੰਦਰ ਬੀਜਿਆ ਜਾਂਦਾ ਹੈ, ਉਹ ਪੁੰਗਰਦਾ ਜ਼ਰੂਰ ਹੈ।
ਭਾਈਚਾਰੇ ਦੇ ਪਤਵੰਤੇ ਸੱਜਣ ਸ. ਹਰਦਿਆਲ ਸਿੰਘ ਦਿਓਲ ਨੇ ਡਾ. ਦਵਿੰਦਰ ਸਿੰਘ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦੇ ਉਦਮਾਂ ਨੂੰ ਸ਼ਲਾਘਾਯੋਗ ਦੱਸਿਆ। ਸ. ਦਿਓਲ ਨੇ ਮੇਜਰ ਝੱਜ ਅਤੇ ਭੱਠਲ ਤੇ ਤੱਖਰ ਪਰਿਵਾਰ ਦਾ ਧੰਨਵਾਦ ਕੀਤਾ, ਜੋ ਸ਼ਿਕਾਗੋ `ਚ ਬੜੂ ਸਾਹਿਬ ਦੇ ਵਿਦਿਅਕ ਉਪਰਾਲੇ ਲਈ ਯੋਗਦਾਨ ਪਾਉਣ ਤੇ ਪੁਆਉਣ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ, ਤੇ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕੁੜੀਆਂ ਨੂੰ ਪੜ੍ਹਾਉਣਾ। ਉਨ੍ਹਾਂ ਆਪਣੇ ਵੱਡੇ ਪਰਿਵਾਰ ਦੇ ਹਵਾਲੇ ਨਾਲ ਦੱਸਿਆ ਕਿ ਸਾਡੀਆਂ ਚਾਚੀਆਂ-ਤਾਈਆਂ ਅਨਪੜ੍ਹ ਸਨ, ਜਦਕਿ ਉਨ੍ਹਾਂ ਦੇ ਮੁਕਾਬਲੇ ਸਾਡੀ ਪੀੜ੍ਹੀ ਦੇ ਘਰੋਂ ਸਭ ਵਧੀਆ ਪੜ੍ਹੀਆਂ-ਲਿਖੀਆਂ ਹਨ। ਵਿਦਿਅਕ ਬਦਲਾਅ ਦੇ ਨਜ਼ਰੀਏ ਤੋਂ ਉਨ੍ਹਾਂ ਕਿਹਾ ਕਿ ਘਰ ਵਿੱਚ ਜੋ ਮਾਹੌਲ ਇੱਕ ਪੜ੍ਹੀ-ਲਿਖੀ ਔਰਤ ਨੇ ਬਣਾਉਣਾ ਹੈ, ਉਹ ਓਨਾ ਪੜ੍ਹਿਆ-ਲਿਖਿਆ ਬੰਦਾ ਨਹੀਂ ਬਣਾ ਸਕਦਾ।
ਸ. ਦਿਓਲ ਨੇ ਕਿਹਾ ਕਿ ਉਹ ਵੀ ਬੜੂ ਸਾਹਿਬ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਹਨ ਅਤੇ ਸਮਰੱਥਾ ਮੁਤਾਬਕ ਦਾਨ ਕਰਦੇ ਹਨ। ਸ. ਦਿਓਲ ਨੇ ਸਵਾਲ ਕੀਤਾ ਕਿ ਅਕੈਡਮੀਆਂ ਤੋਂ ਪੜ੍ਹ ਕੇ ਗਏ ਬੱਚੇ ਕੀ ਬੜੂ ਸਾਹਿਬ ਦੀ ਸੁਪੋਰਟ ਕਰਦੇ ਹਨ? ਇਸ ਦੇ ਜਵਾਬ ਵਿੱਚ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਬੱਚੇ ਪਿਛਲੇ 3-4 ਸਾਲਾਂ ਦੌਰਾਨ ਕੈਨੇਡਾ ਵਗੈਰਾ ਦੇਸ਼ਾਂ `ਚ ਆਏ ਹਨ, ਉਹ ਹਾਲੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਹੈ ਬੱਚਿਆਂ ਨੂੰ ਸਿੱਖਿਅਤ ਕਰਨਾ; ਪਰ ਸਾਡਾ ਭਰੋਸਾ ਹੈ, ਅਸੀਂ ਬੱਚਿਆਂ ਵਿੱਚ ਉਹ ਕਦਰਾਂ-ਕੀਮਤਾਂ ਪਾਈਆਂ ਹਨ ਕਿ ਉਹ ਬੜੂ ਸਾਹਿਬ ਦੀ ਸੁਪੋਰਟ ਕਰਨਗੇ, ਤੇ ਕੁਝ ਕਿਸੇ ਨਾ ਕਿਸੇ ਰੂਪ ਵਿੱਚ ਕਰ ਵੀ ਰਹੇ ਹਨ।
ਸਿੱਖ ਰਿਲੀਜੀਅਸ ਸੁਸਾਇਟੀ-ਸ਼ਿਕਾਗੋ ਦੇ ਗੁਰਮਤਿ ਸਕੂਲ ਦੇ ਸਾਬਕਾ ਪ੍ਰਿੰਸੀਪਲ ਅਤੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਿਕਾਗੋ (ਮਿਡਵੈਸਟ) ਦੇ ਸਾਬਕਾ ਪ੍ਰਧਾਨ ਸ. ਅਮਰਦੇਵ ਸਿੰਘ ਬੰਦੇਸ਼ਾ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਜਦੋਂ ਉਹ ਗੁਰਦੁਆਰਾ ਪੈਲਾਟਾਈਨ ਪ੍ਰਬੰਧ ਨਾਲ ਜੁੜੇ, ਉਦੋਂ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਘੱਟ ਸੀ ਅਤੇ ਜਦੋਂ ਉਨ੍ਹਾਂ ਆਪਣੀਆਂ ਸੇਵਾਵਾਂ ਦਿੱਤੀਆਂ ਤਾਂ ਬੱਚਿਆਂ ਦੀ ਗਿਣਤੀ 165 ਹੋ ਗਈ ਸੀ। ਪੰਜਾਬੀ ਹੋਣ ਦੇ ਨਾਅਤੇ ਇਹੋ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਨੂੰ ਪ੍ਰਫੁਲਿਤ ਕਰੀਏ ਅਤੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਕਰੀਏ।
ਬੜੂ ਸਾਹਿਬ ਦੇ ਵਿਦਿਆ ਦੇ ਖੇਤਰ ਵਿਚ ਯੋਗਦਾਨ ਬਾਰੇ ਉਨ੍ਹਾਂ ਕਿਹਾ ਕਿ ਇਹ ਬਹੁਤ ਚੰਗਾ ਉਪਰਾਲਾ ਹੈ। ਲੋਕਾਂ ਨੂੰ ਹੁੰਦਾ ਹੈ ਕਿ ਕੰਪੈਕਟਿਵ ਸਟੱਡੀ ਬੱਚਿਆਂ ਨੂੰ ਮਿਲੇ। ਜਿਵੇਂ ਪੰਜਾਬ ਵਿੱਚ ਕ੍ਰਿਸ਼ਚਨ ਜਾਂ ਕਾਨਵੈਂਟ ਸਕੂਲ ਬਣੇ ਹੋਏ ਹਨ, ਉਸ ਦੇ ਬਰਾਬਰ ਸਾਨੂੰ ਆਪਣੇ ਧਰਮ ਦੇ ਨਾਂ `ਤੇ ਪੰਜਾਬੀ ਬੋਲੀ ਨੂੰ ਅੱਗੇ ਲਿਜਾਣਾ ਬਹੁਤ ਜ਼ਰੂਰੀ ਹੈ। ਜਿਵੇਂ ਅਸੀਂ ਪੰਜਾਂ ਮਹਾਦੀਪਾਂ ਵਿੱਚ ਪੰਜਾਬੀ ਬੈਠੇ ਹਾਂ, ਜੇ ਅਸੀਂ ਹੀ ਆਪਣੀ ਬੋਲੀ ਨੂੰ ਅੱਗੇ ਨਹੀਂ ਲਿਜਾਵਾਂਗੇ ਤੇ ਬੱਚਿਆਂ ਦਾ ਆਪਣੀ ਬੋਲੀ ਵੱਲ ਧਿਆਨ ਨਹੀਂ ਦਿਵਾਵਾਂਗੇ ਤਾਂ ਹੋਰ ਕਿਸ ਨੇ ਦਿਵਾਉਣਾ! ਉਨ੍ਹਾਂ ਦੱਸਿਆ ਕਿ ਅੱਜ ਪੰਜਾਬੀ ਦੁਨੀਆਂ ਭਰ ਦੀਆਂ ਬੋਲੀਆਂ ਵਿੱਚ ਦਸਵੇਂ ਨੰਬਰ `ਤੇ ਹੈ। ਕੁਝ ਮੁਲਕ ਐਸੇ ਹਨ, ਜਿੱਥੇ ਪੰਜਾਬੀ ਦੂਜੇ ਜਾਂ ਤੀਜੇ ਨੰਬਰ `ਤੇ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਦ ਪਿੰਡਾਂ ਦੇ ਪੰਜਾਬੀ ਸਕੂਲਾਂ ਵਿੱਚੋਂ ਪੜ੍ਹ ਕੇ ਆਏ ਹਾਂ ਤੇ ਸਾਡਾ ਫਰਜ਼ ਹੈ ਕਿ ਪੰਜਾਬੀ ਨੂੰ ਪ੍ਰਫੁਲਿਤ ਕਰੀਏ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਅੱਜ ਕੱਲ੍ਹ ਸਕੂਲੀ ਪੜ੍ਹਾਈ ਅਲੋਚਨਾ ਦਾ ਸ਼ਿਕਾਰ ਹੋ ਗਈ ਹੈ, ਜਿਸ ਕਰਕੇ ਘੱਟਗਿਣਤੀਆਂ ਦੀ ਭਾਸ਼ਾ `ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਵਿਦਿਆ ਦੇ ਖੇਤਰ ਵਿੱਚ ਬੜੂ ਸਾਹਿਬ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸ. ਬੰਦੇਸ਼ਾ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
ਸੈਕਰਾਮੈਂਟੋ ਤੋਂ ਆਏ ਸ. ਜਸਪਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਉਹ ਪੇਸ਼ੇ ਵਜੋਂ ਇੰਜੀਨੀਅਰ ਹਨ ਅਤੇ ਹੋਟਲ ਵਗੈਰਾ ਬਣਾਉਂਦੇ ਹਨ ਤੇ ਉਨ੍ਹਾਂ ਨੇ ਜਿੰਨੇ ਵੀ ਗੁਰੂ ਘਰ ਉਸਾਰੇ ਹਨ, ਉਨ੍ਹਾਂ ਦਾ ਲਾਭ, ਕਰੀਬ ਇੱਕ ਲੱਖ ਡਾਲਰ ਬੜੂ ਸਾਹਿਬ ਨੂੰ ਭੇਟ ਕੀਤਾ ਹੈ। ਉਹ ਬੜੂ ਸਾਹਿਬ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਡਾ. ਦਵਿੰਦਰ ਸਿੰਘ ਨਾਲ ਬੜੂ ਸਾਹਿਬ ਦੇ ਕਾਰਜਾਂ ਬਾਰੇ ਗੱਲ ਕਰਦਾ ਹਾਂ ਤਾਂ ਇਹੋ ਲੱਗਦਾ ਹੈ ਕਿ ਅਸੀਂ ਤਾਂ ਕੁਝ ਕਰ ਹੀ ਨਹੀਂ ਰਹੇ; ਕਿਉਂਕਿ ਡਾ. ਦਵਿੰਦਰ ਸਿੰਘ ਨੇ ਆਪਣਾ ਜੀਵਨ ਅਕਾਲ ਅਕੈਡਮੀ ਦੀ ਚੜ੍ਹਦੀ ਕਲਾ ਲਈ ਸਮਰਪਿਤ ਕੀਤਾ ਹੋਇਆ ਹੈ, ਤੇ ਉਹ ਪੰਜਾਬ ਦੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਫਿਕਰਮੰਦ ਹਨ।
ਸ. ਜਸਪਾਲ ਸਿੰਘ ਨੇ ਕਿਹਾ ਕਿ ਉਥੇ ਬੱਚਿਆਂ ਨੂੰ ਪੜ੍ਹਾਉਣ ਲਈ ਲੋੜਵੰਦ ਬੁਨਿਆਦੀ ਢਾਂਚਾ ਹੈ, ਪ੍ਰਬੰਧ ਚਲਾਉਣ ਤੇ ਕੰਮ ਕਰਨ ਲਈ ਬੰਦੇ ਹਨ। ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿੰਨਾ ਬੜੂ ਸਾਹਿਬ ਨੂੰ ਵਿੱਤੀ ਸਹਿਯੋਗ ਦੇ ਸਕਦੇ ਹਾਂ, ਜ਼ਰੂਰੀ ਦੇਈਏ; ਕਿਉਂਕਿ ਉਨਾ ਹੀ ਸਾਡਾ ਪੰਜਾਬ ਪ੍ਰਫੁਲਿਤ ਹੋ ਸਕਦਾ ਹੈ।
ਗੁਰਲਾਲ ਸਿੰਘ ਭੱਠਲ ਤੇ ਪੂਨਮ ਭੱਠਲ ਨੇ ਬੜੂ ਸਾਹਿਬ ਨਾਲ ਆਪਣੇ ਪਰਿਵਾਰ ਦੇ ਜੁੜੇ ਹੋਣ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਗੁਰਲਾਲ ਤੇ ਪੂਨਮ ਵੱਲੋਂ ਹਰ ਸਾਲ ਇੱਕ ਬੱਚੇ ਦੀ ਪੜ੍ਹਾਈ ਦਾ ਖਰਚਾ ਓਟਿਆ ਜਾਂਦਾ ਹੈ। ਉਹ ਇਹ ਸੇਵਾ ਪਿਛਲੇ ਦੋ ਸਾਲਾਂ ਤੋਂ ਕਰ ਰਹੇ ਹਨ। ਫਾਇਨਾਂਸ ਖੇਤਰ ਵਿੱਚ ਨੌਕਰੀਪੇਸ਼ਾ ਗੁਰਲਾਲ ਸਿੰਘ ਭੱਠਲ ਨੇ ਕਿਹਾ ਕਿ ਅਸੀਂ ਅਕਾਲ ਅਕੈਡਮੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹਾਂ ਅਤੇ ਉਥੋਂ ਦੀ ਪਾਰਦਰਸ਼ਤਾ ਤੋਂ ਪ੍ਰਭਾਵਿਤ ਹਾਂ। ਅਸੀਂ ਦੇਖਿਆ ਹੈ ਕਿ ਜੋ ਬੱਚੇ ਸਪਾਂਸਰ ਕੀਤੇ ਹਨ, ਉਨ੍ਹਾਂ ਦੀ ਪ੍ਰੋਗਰੈਸਿਵ ਰਿਪੋਰਟ ਤਸੱਲੀਬਖ਼ਸ਼ ਹੈ।
ਪੂਨਮ ਭੱਠਲ ਨੇ ਕਿਹਾ ਕਿ ਇਹ ਤਜਰਬਾ ਬਹੁਤ ਵਧੀਆ ਰਿਹਾ ਕਿ ਅਸੀਂ ਬੱਚਿਆਂ ਨੂੰ ਸਪਾਂਸਰ ਕਰ ਸਕੇ ਹਾਂ। ਉਥੇ ਦੇ ਬੱਚਿਆਂ ਦਾ ਕਾਨਫੀਡੈਂਸ ਮਾਇਨੇ ਰੱਖਦਾ ਹੈ। ਉਸ ਦੱਸਿਆ ਕਿ ਸਪਾਂਸਰ ਕੀਤੇ ਬੱਚਿਆਂ ਦੀਆਂ ਤਸਵੀਰਾਂ ਤੇ ਰਿਪੋਰਟ ਕਾਰਡ ਦੇਖੇ ਹਨ ਅਤੇ ਉਹ ਭਵਿੱਖ ਵਿੱਚ ਅਕਾਲ ਅਕੈਡਮੀ ਦੇਖਣ ਜ਼ਰੂਰ ਜਾਣਗੇ। ਭੱਠਲ ਜੋੜੇ ਨੇ ਕਿਹਾ, ਸਾਨੂੰ ਨਵੇਂ ਸਾਲ ਵਿੱਚ ਇਹ ਮਤਾ ਪਕਾ ਲੈਣਾ ਚਾਹੀਦਾ ਹੈ ਕਿ ਅਸੀਂ ਇਸ ਨੇਕ ਕੰਮ (ਪੜ੍ਹਾਈ ਲਈ ਬੱਚਿਆਂ ਨੂੰ ਸਪਾਂਸਰ ਕਰਨ) ਵਿੱਚ ਜ਼ਰੂਰ ਯੋਗਦਾਨ ਪਾਈਏ ਅਤੇ ਵਿਦਿਆ ਨੂੰ ਪ੍ਰਫੁਲਿਤ ਕਰੀਏ। ਪ੍ਰੋਗਰਾਮ ਦੇ ਮੇਜ਼ਬਾਨ ਸ. ਜੈਦੇਵ ਸਿੰਘ (ਸੱਤੀ) ਭੱਠਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪੰਜਾਬੀ ਸੱਭਿਆਚਾਰਕ ਸਭਾ-ਸ਼ਿਕਾਗੋ ਦੇ ਸਾਬਕਾ ਪ੍ਰਧਾਨ ਸ. ਸੁਖਮੇਲ ਸਿੰਘ ਅਟਵਾਲ ਨੇ ਸਵਾਲ ਕੀਤਾ ਕਿ ਕੀ ਬੜੂ ਸਾਹਿਬ ਦੇ ਪ੍ਰਬੰਧਕੀ ਕਾਰਜਾਂ ਉਤੇ ਨਿਗਰਾਨੀ ਰੱਖੀ ਜਾਂਦੀ ਹੈ? ਕਿਉਂਕਿ ਉਹ ਵੀ ਹਰ ਸਾਲ ਇੱਕ ਬੱਚਾ ਪੜ੍ਹਾਉਣ ਦਾ ਖਰਚ ਅਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਤੇ ਇਸ ਸਾਲ ਵੀ ਸਪਾਂਸਰ ਕੀਤੇ ਬੱਚੇ ਤੋਂ ਫੀਸ ਦੀ ਮੰਗ ਕੀਤੀ ਗਈ; ਜਦਕਿ ਫੀਸ ਅਗਾਊਂ ਦੇ ਦਿੱਤੀ ਹੋਈ ਹੈ। ਇਸ ਸਬੰਧੀ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਬੜੂ ਸਾਹਿਬ ਦਾ ਹਿਸਾਬ-ਕਿਤਾਬ ਪਾਰਦਰਸ਼ੀ ਹੈ। ਵੱਡੀ ਗਿਣਤੀ ਬੱਚਿਆਂ ਦੇ ਪੜ੍ਹਨ ਕਰ ਕੇ ਹੋ ਸਕਦਾ ਹੈ ਸਟਾਫ ਨੂੰ ਕਿਸੇ ਬੱਚੇ ਦੀ ਫੀਸ ਦਾ ਭੁਲੇਖਾ ਲੱਗਾ ਹੋਵੇ।
ਬੀਬੀ ਹਰਇਕਬਾਲਜੀਤ ਕੌਰ ਸਿੰਘਾ ਦਾ ਸਵਾਲ ਸੀ ਕਿ ਹਾਇਰ ਐਜੂਕੇਸ਼ਨ ਦੀਆਂ ਕਿੰਨੀਆਂ ਯੂਨੀਵਰਸਿਟੀ ਹਨ ਅਕਾਲ ਅਕੈਡਮੀ ਦੀਆਂ? ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਦੋ ਯੂਨੀਵਰਸਿਟੀਆਂ ਹਨ, ਜਿਨ੍ਹਾਂ `ਚੋਂ ਇੱਕ ਬੜੂ ਸਾਹਿਬ ਵਿਖੇ ਹੈ, ਜਿੱਥੇ ਪੀਐਚ.ਡੀ. ਤੱਕ ਪੜ੍ਹਾਈ ਹੁੰਦੀ ਹੈ। ਇਹ ਉਤਰੀ ਭਾਰਤ ਵਿੱਚ ਇਕੱਲੀ ਯੂਨੀਵਰਸਿਟੀ ਹੈ, ਜੋ ਸਿਰਫ ਲੜਕੀਆਂ ਲਈ ਹੈ। ਸ੍ਰੀਮਤੀ ਸਿੰਘਾ ਦਾ ਸੁਝਾਅ ਸੀ ਕਿ ਇੱਕ ਮੈਡੀਕਲ ਯੂਨੀਵਰਸਿਟੀ ਖੋਲ੍ਹੀ ਜਾਵੇ; ਤਾਂ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਯੂਨੀਵਰਸਿਟੀ ਖੋਲ੍ਹਣ ਦਾ ਪ੍ਰਸਤਾਵ ਸੀ, ਪਰ ਇਸ ਸਬੰਧੀ ਜ਼ਰੂਰੀ ਤਰਜੀਹਾਂ ਤੇ ਵੱਡੇ ਅਨੁਮਾਨਿਤ ਖਰਚ ਦੇ ਮੱਦੇਨਜ਼ਰ ਫਿਲਹਾਲ ਬੱਚਿਆਂ ਨੂੰ ਮੈਡੀਕਲ ਕਾਲਜਾਂ ਰਾਹੀਂ ਵਿਦਿਆ ਦਿੱਤੀ ਜਾ ਰਹੀ ਹੈ।
ਰਵੀਦੀਪ ਕੌਰ ਮੁਕਤਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਬੜੂ ਸਾਹਿਬ ਵਿੱਚ ਇੱਥੋਂ ਦੇ ਬੱਚਿਆਂ ਵਾਸਤੇ ਦੋ ਪ੍ਰੋਗਰਾਮ ਚੱਲ ਰਹੇ ਹਨ- ਆਨਲਾਈਨ ਪੰਜਾਬੀ ਕਲਾਸ (ਸੋਮਵਾਰ ਤੋਂ ਸ਼ੁੱਕਰਵਾਰ, ਰੋਜ਼ ਇੱਕ ਘੰਟਾ), ਜਿਸ ਵਿੱਚ ਹਜ਼ਾਰ ਦੇ ਕਰੀਬ ਬੱਚੇ ਆਨਲਾਈਨ ਪੰਜਾਬੀ ਸਿੱਖਦੇ ਹਨ। ਦੂਜਾ, 7 ਜੁਲਾਈ ਤੋਂ 14 ਅਗਸਤ ਤੱਕ ਇੱਕ ‘ਐਨ.ਆਰ.ਆਈ. ਗੁਰਮਤਿ ਇੰਟਰਨੈਸ਼ਨਲ ਕੈਂਪ’ ਲਾਇਆ ਜਾਂਦਾ ਹੈ, ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣੀ, ਪੜ੍ਹਨੀ, ਲਿਖਣੀ ਅਤੇ ਸੰਥਿਆ ਸਿਖਾਈ ਜਾਂਦੀ ਹੈ। ਇਸ ਕੈਂਪ ਵਿੱਚ ਬੱਚਿਆਂ ਨੂੰ ਕੀਰਤਨ, ਇਤਿਹਾਸ ਦੀ ਜਾਣਕਾਰੀ ਸਮੇਤ ਗਤਕੇ ਤੇ ਘੋੜਸਵਾਰੀ ਦੇ ਗੁਰ ਸਿਖਾਏ ਜਾਂਦੇ ਹਨ। ਇਹ ਦੋਵੇਂ ਪ੍ਰੋਗਰਾਮ ਬਿਲਕੁਲ ਮੁਫਤ ਹਨ। ਬੱਚਿਆਂ ਨੂੰ ਬੜੂ ਸਾਹਿਬ ਦੀ ਵੈਬਸਾਈਟ ਹਟਟਪਸ://ਬਅਰੁਸਅਹਬਿ।ੋਰਗ `ਤੇ ਜਾ ਕੇ ਦਾਖਲ ਕੀਤਾ ਜਾ ਸਕਦਾ ਹੈ।
ਰਵੀਦੀਪ ਕੌਰ ਮੁਕਤਾ ਨੇ ਕਿਹਾ ਕਿ ਅਸੀਂ ਸਭ ਪੰਜਾਬ ਪ੍ਰਤੀ ਫਿਕਰਮੰਦ ਜ਼ਰੂਰ ਹਾਂ, ਪਰ ਵੱਡੀ ਗੱਲ ਇਹ ਹੈ, ਅਸੀਂ ਇਸ ਸਭ ਲਈ ਕੀਤਾ ਕੀ ਹੈ? ਉਨ੍ਹਾਂ ਕਿਹਾ ਕਿ ਅਸੀਂ ਇਹ ਜ਼ਰੂਰ ਕਰ ਸਕਦੇ ਹਾਂ ਕਿ ‘ਬੱਚੇ ਪੜ੍ਹਾਓ, ਪੰਜਾਬ ਬਚਾਓ।’
ਇਸ ਮੌਕੇ ਕਰਨਲ ਨਿਰਮਲ ਸਿੰਘ ਸਿੰਘਾ, ਕਰਨਲ ਮਨਮੋਹਨ ਸਿੰਘ ਮਿਨਹਾਸ ਤੇ ਬੀਬੀ ਮਹਿੰਦਰ ਕੌਰ ਮਿਨਹਾਸ, ਪਰਮਿੰਦਰ ਸਿੰਘ ਵਾਲੀਆ, ਮੁਖਤਿਆਰ ਸਿੰਘ (ਹੈਪੀ) ਹੀਰ, ਜਸਵਿੰਦਰ ਸਿੰਘ (ਜੱਸੀ) ਗਿੱਲ, ਰਵਿੰਦਰ ਸਿੰਘ ਰਵੀ, ਨਰਿੰਦਰ ਸਿੰਘ ਸਰਾਂ, ‘ਜਸ ਪੰਜਾਬੀ’ ਦੀ ਸੀ.ਈ.ਓ. ਪੈਨੀ ਸੰਧੂ, ਸ਼ੋਅ ਹੋਸਟ ਜਗਤਾਰ ਜੱਗੀ, ਡਾ. ਹਰਜਿੰਦਰ ਸਿੰਘ ਖਹਿਰਾ, ਜਸਕਰਨ ਸਿੰਘ ਧਾਲੀਵਾਲ, ਇੰਦਰਮੋਹਨ ਸਿੰਘ ਛਾਬੜਾ, ਗੁਰਬਚਨ ਸਿੰਘ ਸੰਧੂ, ਮਨਦੀਪ ਸਿੰਘ ਪੰਨੂ ਅਤੇ ਹੋਰ ਭਾਈਚਾਰਕ ਸ਼ਖਸੀਅਤਾਂ ਹਾਜ਼ਰ ਸਨ।
ਇਸ ਤੋਂ ਪਹਿਲਾਂ ਗੁਰਦੁਆਰਾ ਪੈਲਾਟਾਈਨ ਵਿਖੇ ਵੀ ਅਕਾਲ ਅਕੈਡਮੀ ਦੀ ਟੀਮ ਨੇ ਲੋਕਾਂ ਨੂੰ ‘ਬੱਚੇ ਪੜ੍ਹਾਓ, ਪੰਜਾਬ ਬਚਾਓ’ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਕਾਫੀ ਗਿਣਤੀ ਸੱਜਣਾਂ ਨੇ ਵਿੱਤੀ ਸਹਿਯੋਗ ਦਿੱਤਾ ਅਤੇ ਕੁਝ ਪਤਵੰਤਿਆਂ ਤੇ ਪਰਿਵਾਰਾਂ ਨੇ ਬੱਚੇ ਸਪਾਂਸਰ ਕਰਨ ਦਾ ਬੀੜਾ ਚੁੱਕਿਆ। ਅਕਾਲ ਅਕੈਡਮੀ ਟੀਮ ਦੀ ਸ਼ਿਕਾਗੋ ਫੇਰੀ ਦਾ ਸਾਰਾ ਪ੍ਰਬੰਧ ਮੇਜਰ ਗੁਰਚਰਨ ਸਿੰਘ ਝੱਜ ਦੇ ਯਤਨਾਂ ਨਾਲ ਹੋਇਆ ਅਤੇ ਉਨ੍ਹਾਂ ਹੀ ਭਾਈਚਾਰੇ ਨੂੰ ਅਕਾਲ ਅਕੈਡਮੀ ਨਾਲ ਜੁੜਨ ਲਈ ਪ੍ਰੇਰਿਆ। ਸ. ਝੱਜ ਨੇ ਦੱਸਿਆ ਕਿ ਅਕੈਡਮੀ ਲਈ ਇਕੱਲੇ ਸ਼ਿਕਾਗੋ ਤੋਂ ਹੀ 1,26,986 ਡਾਲਰ ਇਕੱਤਰ ਹੋਏ ਹਨ। ਇਸ ਵਿੱਚ 65,000 ਡਾਲਰ ਦਾ ਯੋਗਦਾਨ ਇਕੱਲੇ ਮੇਜਰ ਗੁਰਚਰਨ ਸਿੰਘ ਝੱਜ, ਜੈਦੇਵ ਸਿੰਘ ਭੱਠਲ ਤੇ ਸੁਖਰਾਜ ਸਿੰਘ ਤੱਖਰ (ਤੇ ਪਰਿਵਾਰ) ਵੱਲੋਂ ਹੀ ਪਾ ਦਿੱਤਾ ਗਿਆ। ਮੇਜਰ ਝੱਜ ਨੇ ਬਾਕੀ ਸੰਗਤ ਦਾ ਵੀ ਯੋਗਦਾਨ ਲਈ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *