*ਅੰਮ੍ਰਿਤਪਾਲ ਸਿੰਘ ਗਰੁੱਪ ਨੇ ਮੱਧਵਰਤੀ ਸਿਆਸਤ ਦਾ ਪੱਲਾ ਫੜਿਆ
*ਅਕਾਲੀ ਦਲ (ਬਾਦਲ) ਅਕਾਲ ਤਖਤ ਨਾਲ ਉਲਝਣ ਦੇ ਰਉਂ ’ਚ
ਜਸਵੀਰ ਸਿੰਘ ਸ਼ੀਰੀ
ਬੀਤੇ ਦਿਨ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਮੁਕਤਸਰ ਵਿਖੇ ਹੋਈਆਂ ਤਿੰਨ ਅਕਾਲੀ ਕਾਨਫਰੰਸਾਂ ਨੇ ਹੋਰ ਕੁਝ ਕੀਤਾ ਹੋਵੇ ਜਾਂ ਨਾ, ਸਿੱਖ ਸਿਆਸਤ ਵਿੱਚ ਮੁਕਾਬਲੇਬਾਜ਼ੀ ਅਤੇ ਘਚੋਲਾ ਜ਼ਰੂਰ ਵਧਾ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਇਸ ਮੌਕੇ ਵੱਡਾ ਇਕੱਠ ਕਰਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦਾ ਯਤਨ ਕੀਤਾ। ਉਨ੍ਹਾਂ ਦੀ ਪਾਰਟੀ ਵੱਲੋਂ ਸਟੇਜ ਤੋਂ ਇੱਕੋ-ਇੱਕ ਮਤਾ ਪੇਸ਼ ਕੀਤਾ ਗਿਆ, ਜਿਸ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਮਨਸੂਖ ਕੀਤਾ ਗਿਆ ਫਖਰ-ਏ-ਕੌਮ ਦਾ ਐਵਾਰਡ ਵਾਪਸ ਕਰਨ ਦੀ ਮੰਗ ਕੀਤੀ ਗਈ।
ਸੁਖਬੀਰ ਨੇ ਲੋਕਾਂ ਤੋਂ ਝੋਲੀ ਅੱਡ ਕੇ ਸਹਿਯੋਗ ਮੰਗਿਆ ਅਤੇ ਇੱਕ ਭਾਵੁਕ ਤਕਰੀਰ ਕੀਤੀ। ਸਟੇਜ ਉਤੇ ਅਤੇ ਸਟੇਜ ਦੇ ਬਾਹਰ ਲੱਗੇ ਸਾਰੇ ਕੱਟ ਆਊਟ ਇਹੋ ਦਰਸਾ ਰਹੇ ਸਨ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਵੱਲੋਂ ਐਲਾਨੀ ਗਈ ਭਰਤੀ ਕਮੇਟੀ ਨੂੰ ਕੋਈ ਅਹਿਮੀਅਤ ਦੇਣ ਲਈ ਹਾਲੇ ਵੀ ਤਿਆਰ ਨਹੀਂ ਹਨ ਅਤੇ ਪਾਰਟੀ ਉੱਤੇ ਆਪਣੀ ਪਕੜ ਢਿੱਲੀ ਨਹੀਂ ਹੋਣ ਦੇਣਗੇ।
ਇਸ ਦੇ ਬਰਾਬਰ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਐਲਾਨੇ ਗਏ ਨਵੇਂ ਅਕਾਲੀ ਦਲ (ਵਾਰਸ ਪੰਜਾਬ ਦੇ) ਵਾਲੇ ਪੰਡਾਲ ਵਿੱਚ ਵੀ ਭਰਵਾਂ ਇਕੱਠਾ ਵੇਖਣ ਨੂੰ ਮਿਲਿਆ। ਇਸ ਵੱਡੇ ਇਕੱਠ ਵਿੱਚ ਇਸ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ, ਜਿਸ ਦੀ ਅਗਵਾਈ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਕਰਨਗੇ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਪਾਰਟੀ ਦੀ ਅਗਵਾਈ ਇਸੇ ਮੌਕੇ ਐਲਾਨੀ ਗਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ ਅਤੇ ਪਾਰਟੀ ਦੀ ਮੈਂਬਰਸ਼ਿਪ ਭਰਤੀ ਲਈ ਇੱਕ ਵੱਖਰੀ 7 ਮੈਂਬਰੀ ਕਮੇਟੀ ਐਲਾਨੀ ਗਈ ਹੈ। ਅੰਮ੍ਰਿਤਪਾਲ ਸਿੰਘ ਨੂੰ ਚੋਣਾਂ ਵਿੱਚ ਲਾਂਚ ਕਰਨ ਵਾਲੇ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਉਨ੍ਹਾਂ ਦੇ ਜੋਟੀਦਾਰ ਭਾਈ ਗੁਰਦੀਪ ਸਿੰਘ ਬਠਿੰਡਾ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੀ ਸਟੇਜ ‘ਤੇ ਨਜ਼ਰ ਆਏ। ਦਲ ਖਾਲਸਾ ਦੇ ਆਗੂਆਂ ਨੇ ਵੀ ਇਸ ਸਟੇਜ ਤੋਂ ਹੀ ਸੰਬੋਧਨ ਕੀਤਾ। ਉਂਝ ਜਿਸ ਰਾਹੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਪੈ ਗਿਆ ਹੈ ਅਤੇ ਜਿਸ ਤਰ੍ਹਾਂ ਸੁਧਾਰ ਲਹਿਰ ਵਾਲਿਆਂ ਨੂੰ ਹੋਰ ਕਿਸੇ ਨੇ ਵੀ ਆਪਣੇ ਨੇੜੇ ਨਹੀਂ ਲੱਗਣ ਦਿੱਤਾ, ਉਸ ਤੋਂ ਲਗਦਾ ਹੈ ਕਿ ਇੱਕ ਚੌਥਾ ਅਕਾਲੀ ਦਲ ਵੀ ਹੋਂਦ ਵਿੱਚ ਆ ਸਕਦਾ ਹੈ।
ਉਂਝ ਇਹ ਤੱਥ ਵੀ ਬੇਹੱਦ ਦਿਲਚਸਪ ਹੈ ਕਿ ਸ਼੍ਰੋਮਣੀ ਅਕਾਲੀ (ਬਾਦਲ) ਦੀ ਸਟੇਜ ‘ਤੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਵੱਲੋਂ ਐਲਾਨੀ ਗਈ ਭਰਤੀ ਕਮੇਟੀ ਦੇ ਸਿਰਫ ਇੱਕ ਮੈਂਬਰ- ਪ੍ਰੋ. ਕਿਰਪਾਲ ਸਿੰਘ ਬਡੂੰਗਰ ਹੀ ਵਿਖਾਈ ਦਿੱਤੇ, ਬਾਕੀ ਛੇ ਮੈਂਬਰ ਗੈਰ-ਹਾਜ਼ਰ ਰਹੇ। ਯਾਦ ਰਹੇ 2 ਦਸੰਬਰ ਨੂੰ ਜਦੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਤ ਆਗੂਆਂ ਨੂੰ ਅਕਾਲ ਤਖਤ ਸਾਹਿਬ ਉਪਰ ਸੱਦ ਕੇ ਤਨਖਾਹ ਲਗਾਈ ਗਈ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਅਕਾਲੀ ਦਲ ਦੇ ਨਵੇਂ ਮੈਂਬਰਾਂ ਦੀ ਭਰਤੀ ਕਰਨੀ ਸੀ; ਪਰ ਇਸ ਕਮੇਟੀ ਨੂੰ ਦਰ ਕਿਨਾਰ ਕਰਦਿਆਂ ਅਕਾਲੀ ਦਲ (ਬਾਦਲ) ਦੀ ਵਰਕਿੰਗ ਕਮੇਟੀ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਇੱਕ ਭਰਤੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ।
ਇਸ ਕਮੇਟੀ ਦੇ ਮੈਂਬਰਾਂ ਦੀ ਵੱਖ-ਵੱਖ ਖੇਤਰਾਂ ਵਿੱਚ ਭਰਤੀ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਕਮੇਟੀ ਦੇ ਛੇ ਮੈਂਬਰ ਉਹੀ ਸਨ, ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਐਲਾਨੀ ਗਈ ਕਮੇਟੀ ਨਾਲ ਸੰਬੰਧਤ ਹਨ। ਅਕਾਲ ਤਖਤ ਸਾਹਿਬ ਵੱਲੋਂ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਭਾਈ ਅਮਰੀਕ ਸਿੰਘ ਦੀ ਬੇਟੀ ਸਤਵੰਤ ਕੌਰ ਅਤੇ ਇਕਬਾਲ ਸਿੰਘ ਝੂੰਦਾ ਨੂੰ ਇਸ ਕਮੇਟੀ ਦੇ ਮੈਂਬਰ ਬਣਾਇਆ ਸੀ। ਸੰਤਾ ਸਿੰਘ ਉਮੈਦਪੁਰੀ ਤਾਂ ਪਹਿਲਾਂ ਹੀ ਅਕਾਲੀ ਦਲ (ਬਾਦਲ) ਵੱਲੋਂ ਐਲਾਨੀ ਗਈ ਭਰਤੀ ਕਮੇਟੀ ਤੋਂ ਵੱਖ ਹੋਣ ਦਾ ਐਲਾਨ ਕਰ ਚੁੱਕੇ ਹਨ। ਮਨਪ੍ਰੀਤ ਸਿੰਘ ਇਆਲੀ ਨੇ ਵੀ ਐਲਾਨ ਕੀਤਾ ਹੈ ਕਿ ਉਹ ਜਥੇਦਾਰ ਅਕਾਲ ਤਖਤ ਸਾਹਿਬ ਦਾ ਨਿਰਦੇਸ਼ ਮੰਨਣਗੇ।
ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮਾਘੀ ਦੇ ਦਿਹਾੜੇ ‘ਤੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਤਾਂ ਗਏ, ਪਰ ਉਨ੍ਹਾਂ ਨੇ ਅਕਾਲੀ ਦਲ (ਬਾਦਲ) ਦੀ ਸਟੇਜ ਤੋਂ ਪਾਸਾ ਵੱਟ ਲਿਆ। ਇਸ ਤਰ੍ਹਾਂ ਸਥਿਤੀ ਨਾ ਸਿਰਫ ਗੁੰਝਲਦਾਰ ਹੋ ਗਈ ਹੈ, ਸਗੋਂ ਅਕਾਲੀ ਦਲ (ਬਾਦਲ) ਅਤੇ ਅਕਾਲ ਤਖਤ ਸਾਹਿਬ ਵਿਚਕਾਰ ਟਕਰਾਅ ਵਾਲੀ ਬਣਦੀ ਵਿਖਾਈ ਦੇ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀ ਤਾਂ ਕਿਹਾ ਸੀ ਕਿ ਅਕਾਲੀ ਦਲ ਦੀ ਇਹ ਲੀਡਰਸ਼ਿਪ ‘ਪੰਥ ਦੀ ਅਗਵਾਈ ਕਰਨ ਦਾ ਨੈਤਿਕ ਹੱਕ ਗਵਾ ਚੁੱਕੀ ਹੈ।’ ਅਕਾਲੀ ਦਲ ਦੇ ਵੱਖ ਹੋਏ ਧੜੇ ਨਾਲ ਏਕਤਾ ਦਾ ਵੀ ਆਦੇਸ਼ ਸੀ, ਪਰ ਅਕਾਲੀ ਦਲ (ਬਾਦਲ) ਨੇ ਹੁਕਮਨਾਮੇ ਵਿਚਲੇ ਇਹ ਰਾਜਨੀਤਿਕ ਤਰਜ਼ ਦੇ ਆਦੇਸ਼ ਨਜ਼ਰਅੰਦਾਜ਼ ਕਰ ਦਿੱਤੇ ਹਨ।
ਜਿੱਥੋਂ ਤੱਕ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਬਣੇ ਨਵੇਂ ਅਕਾਲੀ ਦਲ ਦਾ ਸੁਆਲ ਹੈ, ਇਹ ਗਰੁੱਪ ਆਪਣਾ ਸ਼ੁਰੂਆਤੀ ਇਕੱਠ ਖਿੱਚਣ ਵਿੱਚ ਤਾਂ ਕਾਮਯਾਬ ਰਿਹਾ, ਇਸ ਪਾਰਟੀ ਦਾ ਭਵਿੱਖ ਇਸ ਗੱਲ ‘ਤੇ ਮੁਨੱਸਰ ਕਰੇਗਾ ਕਿ ਇਹ ਆਪਣਾ ਪਾਰਟੀ ਢਾਂਚਾ ਕਿੰਨੀ ਤੇਜ਼ੀ ਨਾਲ ਕਾਇਮ ਕਰਦੇ ਹਨ ਅਤੇ ਇਸ ਦੇ ਆਸਰੇ ਅਕਾਲੀ ਦਲ (ਬਾਦਲ) ਦੇ ਪੈਰਾਂ ਹੇਠੋਂ ਜ਼ਮੀਨ ਖਿੱਚਣ ਵਿੱਚ ਕਿੰਨਾ ਕੁ ਕਾਮਯਾਬ ਹੁੰਦੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਤੋਂ ਵੱਖ ਹੋਏ ਧੜੇ ਨੂੰ ਵੀ ਜੇ ਇਹ ਆਪਣੇ ਨਾਲ ਜੋੜ ਲੈਂਦੇ ਹਨ ਤਾਂ ਇਨ੍ਹਾਂ ਦੀ ਸਥਿਤੀ ਮਜਬੂਤ ਹੁੰਦੀ ਜਾਵੇਗੀ। ਅੰਮ੍ਰਿਤਪਾਲ ਸਿੰਘ ਵਾਲੇ ਅਕਾਲੀ ਦਲ ਦੀ ਸਟੇਜ ਤੋਂ ਭਾਵੇਂ ਸਿੱਖਾਂ ਨੂੰ ਅਸਲ ਅਗਵਾਈ ਦੇਣ ਅਤੇ ਸਿੱਖ ਮਸਲੇ ਤੱਦੀ ਨਾਲ ਚੁੱਕਣ ਦੇ ਦਾਅਵੇ ਕੀਤੇ ਗਏ ਹਨ, ਪਰ ਉਨ੍ਹਾਂ ਨੇ ਆਪਣੀ ਸਿਆਸੀ ਵਿਚਾਰਧਾਰਾ ਵਿੱਚ ਇੱਕ ਤਰ੍ਹਾਂ ਨਾਲ ਯੂ ਟਰਨ ਲੈ ਲਈ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੀ ਉਠਾਣ ਮੌਕੇ ਸਿੱਖ ਨੌਜਵਾਨਾਂ ਦੇ ਨਸ਼ੇ ਛੁਡਾਉਣ, ਅੰਮ੍ਰਿਤ ਛਕਾਉਣ ਅਤੇ ਖਾਲਿਸਤਾਨ ਪ੍ਰਾਪਤ ਕਰਨ ਵਰਗੇ ਟੀਚੇ ਮਿੱਥੇ ਸਨ; ਪਰ ਹੁਣ ਉਨ੍ਹਾਂ ਨੇ ਪੂਰੀ ਤਰ੍ਹਾਂ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਸਿਆਸਤ ਕਰਨ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਦੇ ਇਸ ਨਵੇਂ ਅਵਤਾਰ ਨੂੰ ਆਮ ਸਿੱਖ ਅਵਾਮ ਕਿੰਨਾ ਕੁ ਪ੍ਰਵਾਨ ਕਰਦਾ ਹੈ, ਇਹ ਤਾਂ ਭਵਿੱਖ ਹੀ ਦੱਸੇਗਾ, ਪਰ ਅਕਾਲੀ ਦਲ (ਬਾਦਲ) ਦੀ ਮੌਜੂਦਾ ਹਾਲਤ ਕਾਰਨ ਉਨ੍ਹਾਂ ਲਈ ਸੰਭਾਵਨਾਵਾਂ ਜ਼ਰੂਰ ਮੌਜੂਦ ਹਨ।
ਅੰਮ੍ਰਿਤਪਾਲ ਸਿੰਘ ਦੀ ਗੈਰ-ਹਾਜ਼ਰੀ ਵਿੱਚ ਬਣਾਈ ਗਈ ਪੰਜ ਮੈਂਬਰੀ ਕਮੇਟੀ, ਜਿਸ ਵਿੱਚ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਸ਼ਾਮਲ ਹਨ ਅਤੇ ਇਸ ਸਮੇਂ ਐਲਾਨੀ ਗਈ ਸੱਤ ਮੈਂਬਰੀ ਭਰਤੀ ਕਮੇਟੀ ਨੂੰ ਪਾਰਟੀ ਉਸਾਰੀ ਲਈ ਦਿਨ ਰਾਤ ਇੱਕ ਕਰਨਾ ਪਏਗਾ; ਅਪ੍ਰੈਲ ਮਹੀਨੇ ਵਿੱਚ ਵਿਸਾਖੀ ਤੱਕ ਆਪਣੀ ਕਾਰਗੁਜ਼ਾਰੀ ਅਤੇ ਰੋਜ਼ਮੱਰ੍ਹਾ ਦੀ ਸਿਆਸਤ ਬਾਰੇ ਆਪਣਾ ਪੱਖ ਲਗਾਤਾਰ ਰੱਖਣ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ। ਭਾਵੇਂ ਨੈਤਿਕ ਤੌਰ ‘ਤੇ ਅਕਾਲੀ ਦਲ (ਬਾਦਲ) ਬੈਕ ਫੁੱਟ ‘ਤੇ ਹੈ, ਪਰ ਉਹ ਛੇਤੀ-ਛੇਤੀ ਮੈਦਾਨ ਛੱਡਣ ਵਾਲੇ ਨਹੀਂ ਹਨ। ਸਿੱਖਾਂ ਦਾ ਇਹ ਸਿਆਸੀ ਘਮਸਾਣ ਵੇਖਣ ਵਾਲਾ ਹੋਵੇਗਾ। ਸਿਮਰਨਜੀਤ ਸਿੰਘ ਮਾਨ ਸਮੇਤ ਖਾਲਿਸਤਾਨੀ ਗਰੁੱਪਾਂ ਦੀ ਸਿਆਸਤ ਦੇ ਹਾਲੇ ਸਮਾਂ ਅਨੁਕੂਲ ਨਹੀਂ ਹੈ। ਉਨ੍ਹਾਂ ਦਾ ਹਾਲ ਦੀ ਘੜੀ ਕਿਨਾਰੇ ਕਿਨਾਰੇ (ਮਾਰਜਿਨ) ‘ਤੇ ਰਹਿਣਾ ਤੈਅ ਹੈ।