ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਛੱਡੀ

ਸਿਆਸੀ ਹਲਚਲ ਖਬਰਾਂ

*ਵਿਰੋਧੀ ਅਕਾਲੀ ਗੁੱਟ ਨੇ ਇਸ ਨੂੰ ਡਰਾਮਾ ਕਰਾਰ ਦਿੱਤਾ
*ਨਵੀਂ ਭਰਤੀ ਲਈ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਦਰਕਿਨਾਰ
ਪੰਜਾਬੀ ਪਰਵਾਜ਼ ਬਿਊਰੋ
ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਚੰਡੀਗੜ੍ਹ ਵਿੱਚ ਲੰਘੀ 10 ਜਨਵਰੀ ਨੂੰ ਹੋਈ ਇੱਕ ਮੀਟਿੰਗ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਪਾਰਟੀ ਦੀ ਅਗਵਾਈ ਕਰਦੇ ਰਹਿਣਗੇ। 1996 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਪਰਿਵਾਰ ਤੋਂ ਵਿਰਵੀ ਹੋਈ ਹੈ।

ਯਾਦ ਰਹੇ, ਸੁਖਬੀਰ ਸਿੰਘ ਬਾਦਲ ਨੇ ਅਸਤੀਫਾ 16 ਨਵੰਬਰ ਨੂੰ ਦਿੱਤਾ ਸੀ। ਇਸ ਪਿੱਛੋਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਾਰਟੀ ਆਗੂਆਂ ਵੱਲੋਂ ਦਿੱਤੇ ਗਏ ਅਸਤੀਫਿਆਂ ਨੂੰ ਮਨਜ਼ੂਰ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਕਰਨ ਲਈ ਕਿਹਾ ਸੀ; ਪਰ ਅਕਾਲੀ ਦਲ ਵੱਲੋਂ ਇਹ ਬਹਾਨਾ ਬਣਾਇਆ ਜਾ ਰਿਹਾ ਸੀ ਕਿ ਵਰਕਿੰਗ ਕਮੇਟੀ ਵੱਲੋਂ ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਨੌਜਵਾਨ ਅਕਾਲੀ ਆਗੂਆਂ ਵੱਲੋਂ ਵੀ ਸੁਖਬੀਰ ਦੇ ਨਾਲ ਹੀ ਅਸਤੀਫੇ ਦੇਣ ਕਾਰਨ ਪਾਰਟੀ ਵਿੱਚ ਸੰਕਟ ਖੜ੍ਹਾ ਹੋ ਗਿਆ ਹੈ। ਇਸ ਦਰਮਿਆਨ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ- ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਤੇ ਸੁਰਜੀਤ ਸਿੰਘ ਰੱਖੜਾ ਨੇ ਸੁਖਬੀਰ ਦੇ ਅਸਤੀਫੇ ਨੂੰ ਇੱਕ ਡਰਾਮਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਬਣਾਉਣ ਲਈ ਕੀਤੀ ਜਾ ਰਹੀ ਕਵਾਇਦ ਮਾਤਰ ਹੈ।
ਬੀਤੀ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਆਪਣੇ ਇੱਕ ਹੁਕਮਨਾਮੇ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਗਿਆ ਸੀ ਕਿ ਜਿਹੜੇ ਵੀ ਪਾਰਟੀ ਆਗੂਆਂ ਨੇ ਅਸਤੀਫੇ ਦਿੱਤੇ ਹਨ, ਉਨ੍ਹਾਂ ਨੂੰ ਮਨਜ਼ੂਰ ਕਰਕੇ 3 ਦਿਨਾਂ ਦੇ ਅੰਦਰ-ਅੰਦਰ ਅਕਾਲ ਤਖਤ ਸਾਹਿਬ ਦੀ ਸਕੱਤਰੇਤ ‘ਤੇ ਰਿਪੋਰਟ ਕੀਤਾ ਜਾਵੇ; ਪਰ ਅਕਾਲੀ ਦਲ ਵੱਲੋਂ ਪਹਿਲਾਂ ਇਸ ਮਕਸਦ ਲਈ 20 ਦਿਨ ਲੈ ਲਏ ਗਏ ਅਤੇ ਬਾਅਦ ਵਿੱਚ ਸੰਵਿਧਾਨਿਕ ਅੜਿੱਕਿਆਂ ਦੀ ਗੱਲ ਕਹੀ ਜਾਣ ਲੱਗ ਪਈ। ਇਸ ਵਿੱਚ ਕਿਹਾ ਜਾਂਦਾ ਰਿਹਾ ਕਿ ਜੇ ਅਕਾਲੀ ਦਲ, ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੇ ਸਿਆਸੀ ਪੱਖ ਨੂੰ ਸਵੀਕਾਰ ਕਰਦਾ ਹੈ ਤਾਂ ਇਸ ਨਾਲ ਚੋਣ ਕਮਿਸ਼ਨ ਵੱਲੋਂ ਪਾਰਟੀ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਆਪਣੇ ਇਸ ਦਾਅਵੇ ਦੇ ਪੱਖ ਵਿੱਚ ਅਕਾਲੀ ਦਲ ਵੱਲੋਂ ਕਈ ਵਕੀਲਾਂ ਦੀ ਰਾਏ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪੀ ਗਈ। ਇਸ ਪੱਖੋਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਅਤੇ ਕਈ ਹੋਰ ਸਿੱਖ ਸੰਗਠਨਾਂ ਨੇ ਅਕਾਲ ਤਖਤ ਸਾਹਿਬ ਕੋਲ ਇਹ ਪੱਖ ਵੀ ਰੱਖਿਆ ਕਿ ਅਕਾਲੀ ਦਲ ਦਾ ਤੇ ਜਨਮ ਹੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਵਿੱਚੋਂ ਹੋਇਆ ਹੈ ਅਤੇ ਪਾਰਟੀ ਵੱਲੋਂ ਅਨੇਕਾਂ ਅਜਿਹੇ ਮੋਰਚੇ ਲਗਾਏ ਗਏ ਹਨ, ਜਿਨ੍ਹਾਂ ਦੇ ਜਥੇ ਅਕਾਲ ਤਕਤ ਸਾਹਿਬ ਤੋਂ ਤੋਰੇ ਜਾਂਦੇ ਰਹੇ ਹਨ। ਧਰਮ ਯੁੱਧ ਮੋਰਚੇ ਅਤੇ ਐਮਰਜੈਂਸੀ ਵੇਲੇ ਵੀ ਅਕਾਲ ਤਖਤ ਸਾਹਿਬ ਤੋਂ ਜਥੇ ਭੇਜੇ ਜਾਂਦੇ ਰਹੇ ਹਨ।
ਇਸ ਤੋਂ ਬਿਨਾ ਮੁਸਲਮਾਨਾਂ ਦੀ ਇੱਕ ਨਿਰੋਲ ਮੁਸਲਿਮ ਪਾਰਟੀ ਚੋਣ ਕਮਿਸ਼ਨ ਕੋਲ ਰਜਿਸਟਰਡ ਹਨ। ਸਭ ਤੋਂ ਵੱਡੀ ਗੱਲ ਇਹ ਕਿ ਬੀਤੇ ਵਰ੍ਹੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ‘ਮਹਾਨ ਹਿੰਦੂ’ ਵਜੋਂ ਅਯੋਧਿਆ ਵਿਖੇ ਰਾਮ ਮੰਦਰ ਦਾ ਉਦਘਾਟਨ ਕੀਤਾ ਸੀ। ਚੋਣਾਂ ਵਿੱਚ ਤਾਂ ਆਮ ਹੀ ਉਹ ਧਾਰਮਿਕ ਘੱਟਗਿਣਤੀਆਂ ਖਿਲਾਫ ਭੱਦੀ ਭਾਸ਼ਾ ਦਾ ਪ੍ਰਯੋਗ ਕਰਦੇ ਵੇਖੇ ਗਏ ਹਨ। ਇਸ ਦਰਮਿਆਨ ਅਕਾਲੀ ਦਲ ਦੇ ਆਗੂਆਂ ਨੇ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸੇਵਾ ਤਾਂ ਨਿਭਾਅ ਦਿੱਤੀ ਹੈ, ਪਰ ਤਖਤ ਵੱਲੋਂ ਜਾਰੀ ਕੀਤੇ ਸਿਆਸੀ ਤਰਜ਼ ਦੇ ਆਦੇਸ਼ਾਂ ਨੂੰ ਮੰਨਣ ਤੋਂ ਟਾਲਾ ਵੱਟਣ ਦਾ ਯਤਨ ਕੀਤਾ ਜਾ ਰਿਹਾ ਹੈ। ਜਾਪਦਾ ਹੈ ਕਿ ਅਕਾਲੀ ਦਲ (ਬਾਦਲ) ਦੀ ਲੀਡਰਸ਼ਿੱਪ ਆਪਣੀ ਸਹੂਲਤ ਮੁਤਾਬਕ ਅਤੇ ਆਪਣੀ ਮਰਜ਼ੀ ਨਾਲ ਹੁਕਮਨਾਮੇ ਦੇ ਕੁਝ ਹਿੱਸਿਆਂ ‘ਤੇ ਅਮਲ ਕਰਨ ਦਾ ਯਤਨ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਡਾ. ਦਲਜੀਤ ਸਿੰਘ ਚੀਮਾ ਸਮੇਤ ਕੁਝ ਹੋਰ ਨੌਜਵਾਨ ਆਗੂਆਂ ਨੇ ਵੀ ਅਸਤੀਫੇ ਦਿੱਤੇ ਸਨ, ਪਰ ਉਨ੍ਹਾਂ ਦੇ ਅਸਤੀਫੇ ਪਰਵਾਨ ਨਹੀਂ ਕੀਤੇ ਗਏ। ਜਦੋਂ ਕਿ ਜਥੇਦਾਰ ਸਾਹਿਬਾਨ ਨੇ ਸਾਰੇ ਅਸਤੀਫੇ ਮਨਜ਼ੂਰ ਕਰਨ ਲਈ ਕਿਹਾ ਸੀ। ਇਹ ਇੱਕ ਤਰ੍ਹਾਂ ਨਾਲ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਬਣਦੀ ਹੈ। ਅਕਾਲੀ ਆਗੂਆਂ ਵੱਲੋਂ ਆਪਣੇ ਗੁਨਾਹ ਪ੍ਰਵਾਨ ਕਰ ਲਏ ਜਾਣ ਤੋਂ ਪਿੱਛੋਂ ਅਕਾਲ ਤਖਤ ਵੱਲੋਂ ਆਪਣੇ ਹੁਕਮਨਾਮੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਅਕਾਲੀ ਦਲ ਦੀ ਇਹ ਲੀਡਰਸ਼ਿਪ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਵੱਲੋਂ ਨਵੀਂ ਲੀਡਰਸ਼ਿਪ ਚੁਣਨ ਲਈ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਭਾਈ ਅਮਰੀਕ ਸਿੰਘ ਦੀ ਬੇਟੀ ਸਤਵੰਤ ਕੌਰ ਅਤੇ ਇਕਬਾਲ ਸਿੰਘ ਝੂੰਦਾ ਨੂੰ ਕਮੇਟੀ ਦੇ ਮੈਂਬਰ ਬਣਾਇਆ ਸੀ।
ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਉਪਰੋਕਤ ਕਮੇਟੀ ਨੂੰ ਦਰਕਿਨਾਰ ਕਰਕੇ ਇਸ ਵਿਚਲੇ 5 ਆਗੂਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਨਵੀਂ ਭਰਤੀ ਕਰਨ ਲਈ ਨਿਗਰਾਨਾਂ ਵਜੋਂ ਡਿਊਟੀਆਂ ਲਗਾ ਦਿੱਤੀਆਂ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜੰਮੂ-ਕਸ਼ਮੀਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਸਮੁੱਚੇ ਮਾਲਵੇ ਦੀ ਭਰਤੀ ਦੀ ਨਿਗਰਾਨੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪੀ ਗਈ ਹੈ। ਰਾਜਸਥਾਨ ਵਿੱਚ ਭਰਤੀ ਦੀ ਨਿਗਰਾਨੀ ਮਨਪ੍ਰੀਤ ਸਿੰਘ ਇਆਲੀ ਨੂੰ ਸੌਂਪੀ ਗਈ ਹੈ, ਜਦਕਿ ਸੰਤਾ ਸਿੰਘ ਉਮੈਦਪੁਰੀ ਨੂੰ ਹਿਮਾਚਲ ਪ੍ਰਦੇਸ਼ ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਇਕਬਾਲ ਸਿੰਘ ਝੂੰਦਾ ਨੂੰ ਮਲੇਰਕੋਟਲੇ ਜ਼ਿਲ੍ਹੇ ਦੀ ਨਵੀਂ ਭਰਤੀ ਦੀ ਨਿਗਰਾਨੀ ਸੌਂਪੀ ਗਈ ਹੈ। ਇਸ ਤਰ੍ਹਾਂ ਵਰਕਿੰਗ ਕਮੇਟੀ ਵੱਲੋਂ ਨਵੀਂ ਭਰਤੀ ਲਈ ਕੁੱਲ 13 ਨਿਗਰਾਨ ਨਿਯੁਕਤ ਕੀਤੇ ਗਏ ਹਨ। ਸਮੁੱਚੀ ਪ੍ਰਕਿਰਿਆ ਦੀ ਦੇਖ-ਰੇਖ ਡਾ. ਦਲਜੀਤ ਸਿੰਘ ਚੀਮਾ ਨੂੰ ਕਰਨ ਲਈ ਕਿਹਾ ਗਿਆ ਹੈ।
ਅਕਾਲੀ ਦਲ ਦਾ ਵਿਰੋਧੀ ਧੜਾ ਮੰਗ ਕਰ ਰਿਹਾ ਹੈ ਕਿ ਅਕਾਲੀ ਦਲ ਦੇ ਨਵੇਂ ਮੈਂਬਰਾਂ ਦੀ ਭਰਤੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਹੀ ਕਰਵਾਈ ਜਾਵੇ। ਇਸ ਦੀ ਅਣਹੋਂਦ ਵਿੱਚ ਬਾਦਲ ਗੁੱਟ ਫਿਰ ਆਪਣੀ ਸਰਦਾਰੀ ਕਾਇਮ ਕਰਨ ਦਾ ਯਤਨ ਕਰੇਗਾ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਬਹੁਗਿਣਤੀ ਮੈਂਬਰ ਵੀ ਇਸ ਦੇ ਪੱਖ ਵਿੱਚ ਹਨ ਕਿ ਅਕਾਲ ਤਖਤ ਸਾਹਿਬ ਵੱਲੋਂ ਕਾਇਮ ਕੀਤੀ ਗਈ ਕਮੇਟੀ ਨਵੀਂ ਭਰਤੀ ਦਾ ਕਾਰਜ ਨੇਪਰੇ ਚਾੜ੍ਹੇ। ਵਿਰੋਧੀ ਧੜੇ ਦੇ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਫ ਕਰ ਦਿੱਤਾ ਕਿ ਉਹ ਬਾਦਲ ਦਲ ਵੱਲੋਂ ਆਪਣੇ ਤੌਰ ‘ਤੇ ਕੀਤੀ ਜਾ ਰਹੀ ਭਰਤੀ ਦਾ ਮੁੱਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਉਠਾਉਣਗੇ ਅਤੇ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕਰਨਗੇ।
ਸੁਣਨ ਵਿੱਚ ਇਹ ਵੀ ਆਇਆ ਹੈ ਕਿ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੂਬਹੂ ਲਾਗੂ ਕਰਨ ਦੇ ਪੱਖ ਵਿੱਚ ਹਨ। ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਨਾਮੇ ਤੋਂ ਭਗੌੜੇ ਹੋਣ ਦਾ ਯਤਨ ਕਰ ਰਹੀ ਸੁਖਬੀਰ ਪੱਖੀ ਲੀਡਰਸ਼ਿਪ ਦੇ ਖਿਲਾਫ ਅਕਾਲੀ ਦਲ ਦੇ ਅੰਦਰਵਾਰ ਵੀ ਇੱਕ ਵਿਰੋਧ ਵਿਖਾਈ ਦੇ ਰਿਹਾ ਹੈ। ਇਹ ਵਿਰੋਧ ਕਿਸੇ ਵੱਡੀ ਦੁਫੇੜ ਜਾਂ ਬਗਾਵਤ ਵਿੱਚ ਬਦਲਦਾ ਹੈ ਜਾਂ ਸਥਾਪਤ ਲੀਡਰਸ਼ਿੱਪ ਵੱਲੋਂ ਸ਼ਾਂਤ ਕਰ ਲਿਆ ਜਾਂਦਾ ਹੈ, ਇਸ ਦਾ ਪਤਾ ਆਉਣ ਵਾਲੇ ਸਮੇਂ ਵਿੱਚ ਹੀ ਲੱਗੇਗਾ!

Leave a Reply

Your email address will not be published. Required fields are marked *