ਖਿਡਾਰੀ ਪੰਜ-ਆਬ ਦੇ (35)
ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਨਿਸ਼ਾਨੇ ਫੁੰਡਣ ਵਾਲੀ ਅੱਵਲ ਨੰਬਰ ਦੀ ਖਿਡਾਰਨ ਅਵਨੀਤ ਕੌਰ ਸਿੱਧੂ ਦੇ ਖੇਡ ਕਰੀਅਰ ਦਾ ਜ਼ਿਕਰ ਛੋਹਿਆ ਹੈ। ਮਾਲਵੇ ਦੀ ਇਹ ਸੁੱਘੜ, ਸਿਆਣੀ ਤੇ ਹੋਣਹਾਰ ਨਿਸ਼ਾਨੇਬਾਜ਼ ਪੰਜਾਬ ਦੀਆਂ ਮਹਿਲਾ ਨਿਸ਼ਾਨੇਬਾਜ਼ਾਂ ਦੀ ਝੰਡਾਬਰਦਾਰ ਹੈ। ਉਸ ਨੇ ਆਪਣੇ ਡੇਢ ਦਹਾਕਾ ਖੇਡ ਕਰੀਅਰ ਦੌਰਾਨ 100 ਤੋਂ ਵੱਧ ਕੌਮੀ ਤੇ ਕੌਮਾਂਤਰੀ ਤਮਗੇ ਜਿੱਤੇ ਹਨ। ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹੈ। ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਿੱਚ ਵੀ ਅੱਵਲ, ਅਰਜੁਨਾ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼।
ਨਵਦੀਪ ਸਿੰਘ ਗਿੱਲ
ਅਵਨੀਤ ਕੌਰ ਸਿੱਧੂ ਅੱਵਲ ਨੰਬਰ ਦੀ ਨਿਸ਼ਾਨੇਬਾਜ਼ ਹੈ, ਜਿਸ ਨੇ ਮਾਲਵੇ ਦੇ ਟਿੱਬਿਆਂ ਤੋਂ ਮੈਲਬਰਨ ਦੀਆਂ ਸ਼ੂਟਿੰਗ ਰੇਂਜਾਂ ਅਤੇ ਬਠਿੰਡਾ ਤੋਂ ਬੀਜਿੰਗ ਤੱਕ ਆਪਣੇ ਪੱਕੇ ਨਿਸ਼ਾਨਿਆਂ ਦੀ ਧਾਂਕ ਜਮਾਈ। ਉਹ ਹਰ ਗੱਲ ਵਿੱਚ ਅੱਵਲ ਰਹੀ। ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਉਹ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਹੈ। ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਿੱਚ ਵੀ ਅੱਵਲ, ਅਰਜੁਨਾ ਐਵਾਰਡ ਜਿੱਤਣ ਵਾਲੀ ਵੀ ਪਲੇਠੀ ਪੰਜਾਬਣ ਨਿਸ਼ਾਨੇਬਾਜ਼। ਨਿਸ਼ਾਨੇਬਾਜ਼ੀ ਕਰਦਿਆਂ ਵੀ ਉਸ ਨੇ 400 ਵਿੱਚੋਂ 400 ਸਕੋਰ ਬਣਾਉਂਦਿਆਂ ਵਿਸ਼ਵ ਦੇ ਅੱਵਲ ਸਕੋਰ ਦੀ ਬਰਾਬਰੀ ਕੀਤੀ। ਇੱਕ ਦਰਜਨ ਤਾਂ ਉਹ ਵਿਸ਼ਵ ਕੱਪ ਖੇਡ ਚੁੱਕੀ ਹੈ। ਨਿਸ਼ਾਨੇਬਾਜ਼ੀ ਵਿੱਚ ਨਾਮ ਰੌਸ਼ਨ ਕੀਤਾ ਤਾਂ ਉਸ ਨੂੰ ਪੰਜਾਬ ਸਰਕਾਰ ਨੇ ਸਿੱਧਾ ਡੀ.ਐਸ.ਪੀ. ਭਰਤੀ ਕਰ ਲਿਆ। ਪੁਲਿਸ ਦੀ ਸਖਤ ਟਰੇਨਿੰਗ ਵਿੱਚ ਵੀ ਉਹ ਅੱਵਲ ਆਈ। ਉਹ ਪੂਰੇ ਦੇਸ਼ ਦੀਆਂ ਪੁਲਿਸ ਬਲਾਂ ਦੀਆਂ ਕੌਮੀ ਖੇਡਾਂ ਅਤੇ ਪੂਰੀ ਦੁਨੀਆਂ ਦੀਆਂ ਪੁਲਿਸ ਬਲਾਂ ਦੀਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਵੀ ਅੱਵਲ ਰਹੀ। ਉਹ ਐਸ.ਐਸ.ਪੀ. ਲੱਗਣ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਓਲੰਪੀਅਨ ਹੈ। ਇਸ ਵਾਰ ਗਣਤੰਤਰ ਦਿਵਸ ਮੌਕੇ ਅਵਨੀਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਿਹਤਰੀਨ ਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਉਣ ਲਈ ਮੁੱਖ ਮੰਤਰੀ ਮੈਡਲ ਮਿਲਿਆ ਹੈ। ਇੰਝ ਉਹ ਖੇਡਾਂ ਤੇ ਪੁਲਿਸਿੰਗ ਦੋਵਾਂ ਵਿੱਚ ਹੀ ਮੈਡਲ ਜਿੱਤ ਰਹੀ ਹੈ।
ਖੇਡਾਂ ਵਿੱਚ ਝੰਡੇ ਗੱਡਣ ਤੋਂ ਪਹਿਲਾਂ ਉਹ ਪੜ੍ਹਾਈ ਵਿੱਚ ਵੀ ਅੱਵਲ ਹੀ ਆਉਂਦੀ ਰਹੀ। ਬੀ.ਸੀ.ਏ. ਤੇ ਐਮ.ਏ. (ਅੰਗਰੇਜ਼ੀ) ਦੀ ਟੌਪਰ ਅਵਨੀਤ ਯੁਵਕ ਮੇਲਿਆਂ ਵਿੱਚ ਕੁਇਜ਼ ਮੁਕਾਬਲਿਆਂ ਵਿੱਚ ਵੀ ਅੱਵਲ ਆਈ। ਮਾਲਵੇ ਦੀ ਇਹ ਸੁੱਘੜ, ਸਿਆਣੀ ਤੇ ਹੋਣਹਾਰ ਨਿਸ਼ਾਨੇਬਾਜ਼ ਪੰਜਾਬ ਦੀਆਂ ਮਹਿਲਾ ਨਿਸ਼ਾਨੇਬਾਜ਼ਾਂ ਦੀ ਝੰਡਾਬਰਦਾਰ ਹੈ। ਉਹ ਪੰਜਾਬ ਵਿੱਚ ਛੋਟੀ ਉਮਰ ਦੀਆਂ ਲੜਕੀਆਂ ਲਈ ਰਾਹ ਦਸੇਰਾ ਬਣੀ ਅਤੇ ਉਸ ਨੂੰ ਦੇਖੋ-ਦੇਖ ਪੰਜਾਬ ਵਿੱਚ ਕਈ ਕੁੜੀਆਂ ਨਿਸ਼ਾਨੇਬਾਜ਼ੀ ਦੀ ਖੇਡ ਵੱਲ ਪ੍ਰੇਰਿਤ ਹੋਈਆਂ। ਹੁਣ ਤਾਂ ਮਾਪੇ ਆਪਣੀਆਂ ਬੱਚੀਆਂ ਦਾ ਨਾਮ ਵੀ ਅਵਨੀਤ ਰੱਖਣ ਲੱਗ ਗਏ ਹਨ। ਅਵਨੀਤ ਦੇ ਪਿਤਾ ਅੰਮ੍ਰਿਤਪਾਲ ਸਿੰਘ ਸਿੱਧੂ (ਬਰਾੜ) ਨੇ ਕੁੱਲ ਦੁਨੀਆਂ ਦੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਧੀਆਂ ਨੂੰ ਪੁੱਤਾਂ ਤੋਂ ਵੱਧ ਕੇ ਪਾਲਿਆ ਅਤੇ ਉਨ੍ਹਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਜਾਨੂੰਨ ਦੀ ਹੱਦ ਤੱਕ ਜਾਇਆ ਜਾਵੇ ਤਾਂ ਧੀਆਂ ਵੀ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੀਆਂ ਹਨ। ਪਿਤਾ ਵੱਲੋਂ ਜਨਮ ਦਿਨ ਦੇ ਤੋਹਫੇ ’ਤੇ ਵਿਦੇਸ਼ੋਂ ਮੰਗਵਾਈ ਮਹਿੰਗੀ ਰਾਈਫਲ ਦਾ ਮੁੱਲ ਧੀ ਨੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਮਗਿਆਂ ਦਾ ਸੈਂਕੜਾ ਪੂਰਾ ਕਰਕੇ ਮੋੜਿਆ।
ਅਵਨੀਤ ਦਾ ਜੱਦੀ ਪਿੰਡ ਬਠਿੰਡਾ ਜ਼ਿਲ੍ਹੇ ਵਿੱਚ ਚੱਕ ਅਤਰ ਸਿੰਘ ਵਾਲਾ ਹੈ। ਅਵਨੀਤ ਦਾ ਜਨਮ 30 ਅਕਤੂਬਰ 1981 ਨੂੰ ਹੋਇਆ। ਬਾਰ੍ਹਵੀਂ ਤੱਕ ਮੈਡੀਕਲ ਦੀ ਪੜ੍ਹਾਈ ਬਠਿੰਡਾ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ। ਸਾਲ 2000 ਵਿੱਚ ਅਵਨੀਤ ਨੇ ਦਸਮੇਸ਼ ਕਾਲਜ ਵਿਖੇ ਬੀ.ਸੀ.ਏ. ਵਿੱਚ ਦਾਖਲਾ ਲੈ ਲਿਆ। ਕਾਲਜ ਵਿੱਚ ਅਤਿ-ਆਧੁਨਿਕ ਸ਼ੂਟਿੰਗ ਰੇਂਜ ਸੀ ਅਤੇ ਕੋਚਿੰਗ ਲਈ ਵੀਰਪਾਲ ਕੌਰ ਜਿਹੀ ਸਮਰਪਿਤ ਕੋਚ। ਉਨ੍ਹਾਂ ਦਿਨਾਂ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਨਵੀਂ ਰੇਂਜ ਦੇ ਉਦਘਾਟਨ ਲਈ ਦੇਸ਼ ਦੀ ਉਘੀ ਨਿਸ਼ਾਨੇਬਾਜ਼ ਅੰਜਲੀ ਭਾਗਵਤ ਤੇ ਜਸਪਾਲ ਰਾਣਾ ਅਵਨੀਤ ਦੇ ਕਾਲਜ ਪੁੱਜੇ। ਅਵਨੀਤ ਅੰਜਲੀ ਤੋਂ ਬਹੁਤ ਪ੍ਰਭਾਵਿਤ ਹੋਈ। ਅਵਨੀਤ ਨੇ ਸ਼ੁਰੂਆਤੀ ਦਿਨਾਂ ਵਿੱਚ ਪਿਸਟਲ ਈਵੈਂਟ ਦੀ ਸ਼ੁਰੂਆਤ ਕੀਤੀ। ਇੱਕ ਵਾਰ ਕੋਚ ਵੀਰਪਾਲ ਕੌਰ ਨੇ ਕਾਲਜ ਦੀ ਟੀਮ ਚੁਣਦਿਆਂ ਉਸ ਨੂੰ ਪਿਸਟਲ ਦੀ ਬਜਾਏ ਰਾਈਫਲ ਈਵੈਂਟ ਲਈ ਚੁਣਿਆ। ਅਵਨੀਤ ਦੇ ਪਿਤਾ ਨੇ ਧੀ ਦੀ ਲਗਨ ਨੂੰ ਪਛਾਣ ਲਿਆ। ਉਨ੍ਹਾਂ ਅਗਲੇ ਹੀ ਸਾਲ 2001 ਅਵਨੀਤ ਦੇ ਜਨਮ ਦਿਨ ’ਤੇ ਜਰਮਨੀ ਤੋਂ ਸਭ ਤੋਂ ਮਹਿੰਗੇ ਭਾਅ ਦੀ ਰਾਈਫਲ ਮੰਗਵਾ ਕੇ ਤੋਹਫਾ ਦਿੱਤਾ। 2002 ਵਿੱਚ ਅਵਨੀਤ ਨੇ ਪਹਿਲਾਂ ਸਟੇਟ ਜਿੱਤੀ ਅਤੇ ਫੇਰ ਕਾਲਜ ਵੱਲੋਂ ਖੇਡਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੈਂਪੀਅਨ ਬਣੀ। ਅਵਨੀਤ ਦੋ ਸਾਲ ਪੰਜਾਬ ਯੂਨੀਵਰਸਿਟੀ ਵੱਲੋਂ ਖੇਡਦਿਆਂ ਆਲ ਇੰਡੀਆ ਇੰਟਰ ’ਵਰਸਿਟੀ ਚੈਂਪੀਅਨ ਬਣੀ। ਅਵਨੀਤ ਬੀ.ਸੀ.ਏ. ਵਿੱਚ ਟਾਪਰ ਰਹੀ। ਫੇਰ ਉਸ ਨੇ ਮੁਕਤਸਰ ਵਿਖੇ ਪੰਜਾਬ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ਵਿਖੇ ਅੰਗਰੇਜ਼ੀ ਦੀ ਐਮ.ਏ. ਵਿੱਚ ਦਾਖਲਾ ਲੈ ਲਿਆ।
ਸਾਲ 2006 ਵਿੱਚ ਮੈਲਬਰਨ ਵਿਖੇ ਰਾਸ਼ਟਰਮੰਡਲ ਖੇਡਾਂ ਹੋਣੀਆਂ ਸਨ ਅਤੇ ਹੈਦਰਾਬਾਦ ਵਿਖੇ ਭਾਰਤੀ ਟੀਮ ਦੇ ਟਰਾਇਲ ਚੱਲ ਰਹੇ ਸਨ। ਅਵਨੀਤ ਨੇ ਟਰਾਇਲਾਂ ਵਿੱਚ ਕ੍ਰਿਸ਼ਮਾ ਕਰਦਿਆਂ 400 ਵਿੱਚੋਂ 400 ਸਕੋਰ ਲੈ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਮੈਲਬਰਨ ਰਾਸ਼ਟਰਮੰਡਲ ਖੇਡਾਂ ਵਿੱਚ ਅਵਨੀਤ ਨੇ 10 ਮੀਟਰ ਏਅਰ ਰਾਈਫਲ ਈਵੈਂਟ ਦੇ ਪੇਅਰ ਮੁਕਾਬਲੇ ਵਿੱਚ ਤੇਜੱਸਵਨੀ ਨਾਲ ਮਿਲ ਕੇ ਕੁੱਲ 791 ਸਕੋਰ ਨਾਲ ਸੋਨੇ ਦਾ ਤਮਗਾ ਫੁੰਡ ਲਿਆ। ਵਿਅਕਤੀਗਤ ਵਰਗ ਵਿੱਚ ਅਵਨੀਤ ਨੇ ਚਾਂਦੀ ਦਾ ਤਮਗਾ ਜਿੱਤਿਆ। ਜ਼ਗਰੇਬ ਵਿਖੇ ਹੋਈ 49ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਅਵਨੀਤ ਨੇ 400 ਵਿੱਚੋਂ 397 ਸਕੋਰ ਦੇ ਨਾਲ ਛੇਵਾਂ ਸਥਾਨ ਹਾਸਲ ਕਰਕੇ ਓਲੰਪਿਕ ਕੋਟਾ ਹਾਸਲ ਕਰ ਲਿਆ। ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਉਹ ਪੰਜਾਬ ਦੇ ਖੇਡ ਇਤਿਹਾਸ ਦੀ ਪਹਿਲੀ ਮਹਿਲਾ ਨਿਸਾਨੇਬਾਜ਼ ਸੀ। ਸਾਲ ਦੇ ਅਖੀਰ ਵਿੱਚ ਦੋਹਾ ਵਿਖੇ ਏਸ਼ਿਆਈ ਖੇਡਾਂ ਵਿੱਚ ਅਵਨੀਤ ਨੇ 10 ਮੀਟਰ ਏਅਰ ਰਾਈਫਲ ਈਵੈਂਟ ਵਿੱਚ ਸਾਥੀ ਨਿਸ਼ਾਨੇਬਾਜ਼ ਤੇਜੱਸਵਨੀ ਤੇ ਸ਼ੁਮਾ ਸਿਰੁਰ ਨਾਲ ਮਿਲ ਕੇ 1181 ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਸ ਸਕੋਰ ਵਿੱਚ ਸਭ ਤੋਂ ਵੱਧ ਯੋਗਦਾਨ ਅਵਨੀਤ ਦਾ 396 ਸੀ।
ਸਾਲ 2007 ਵਿੱਚ ਅਵਨੀਤ ਨੇ ਗੁਹਾਟੀ ਵਿਖੇ ਕੌਮੀ ਖੇਡਾਂ ਵਿੱਚ ਪੰਜਾਬ ਲਈ ਦੋ ਚਾਂਦੀ ਦੇ ਤਮਗੇ ਜਿੱਤੇ। ਅਹਿਮਦਾਬਾਦ ਵਿਖੇ 51ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਅਵਨੀਤ ਨੇ ਅੰਜਲੀ ਨੂੰ ਹਰਾ ਕੇ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ। ਸਾਲ 2008 ਵਿੱਚ ਅਵਨੀਤ ਨੇ ਸਿਡਨੀ ਵਿਖੇ ਹੋਏ ਏ.ਆਈ.ਐਸ.ਐਲ. ਆਸਟਰੇਲੀਆ ਕੱਪ ਵਿੱਚ ਸੋਨ ਤਮਗਾ ਫੁੰਡਿਆ। ਅਗਸਤ ਮਹੀਨੇ ਬੀਜਿੰਗ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਅਵਨੀਤ ਨੇ ਬੀਜਿੰਗ ਵਿਖੇ 10 ਮੀਟਰ ਏਅਰ ਰਾਈਫਲ ਅਤੇ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਦੋ ਈਵੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹ ਪੰਜਾਬ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਓਲੰਪੀਅਨ ਬਣੀ।
ਅਵਨੀਤ ਨੇ ਲਗਾਤਾਰ ਚਾਰ ਵਾਰ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਚੈਂਪੀਅਨ ਬਣਦਿਆਂ ਕੁੱਲ 14 ਤਮਗੇ ਜਿੱਤੇ, ਜਿਸ ਵਿੱਚ ਅੱਠ ਸੋਨੇ, ਪੰਜ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ ਸ਼ਾਮਲ ਸੀ। 2017 ਵਿੱਚ ਲਾਸ ਏਂਜਲਸ ਵਿਖੇ ਵਿਸ਼ਵ ਪੁਲਿਸ ਖੇਡਾਂ ਵਿੱਚ ਅਵਨੀਤ ਨੇ ਇੱਕ ਸੋਨੇ, ਦੋ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ। ਅਵਨੀਤ ਨੇ ਆਪਣੇ ਡੇਢ ਦਹਾਕਾ ਖੇਡ ਕਰੀਅਰ ਦੌਰਾਨ 100 ਤੋਂ ਵੱਧ ਕੌਮੀ ਤੇ ਕੌਮਾਂਤਰੀ ਤਮਗੇ ਜਿੱਤੇ ਹਨ। ਅਵਨੀਤ ਨੂੰ ਸਾਲ 2007 ਵਿੱਚ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਸਾਲ 2008 ਵਿੱਚ ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ। ਫਿਲੌਰ ਵਿਖੇ ਪੁਲਿਸ ਟਰੇਨਿੰਗ ਦੇ ਐਵਾਰਡ ਸਮਾਰੋਹ ਦੌਰਾਨ ਅਵਨੀਤ ਨੂੰ ‘ਆਲ ਰਾਊਂਡ ਫਸਟ ਇਨ ਟਰੇਨਿੰਗ’ ਚੁਣਿਆ ਗਿਆ ਅਤੇ ਸਨਮਾਨ ਵਿੱਚ ਉਸ ਨੂੰ ‘ਸਵੌਰਡ ਆਫ ਆਨਰ’ ਭਾਵ ਕਿਰਪਾਨ ਮਿਲੀ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਮੌਕੇ ਸਨਮਾਨਤ ਕੀਤੇ 550 ਪੰਜਾਬੀਆਂ ਵਿੱਚ ਅਵਨੀਤ ਵੀ ਸ਼ਾਮਲ ਸੀ। ਹੁਣ ਉਸ ਨੂੰ ਮੁੱਖ ਮੰਤਰੀ ਮੈਡਲ ਮਿਲਿਆ ਹੈ।