ਫਿਰ ਤਖਤ ਹਜ਼ਾਰੇ ਦੀ ਖ਼ੈਰ ਨਹੀਂ ਹੁੰਦੀ!

ਸਿਆਸੀ ਹਲਚਲ ਖਬਰਾਂ

ਪੰਜਾਬੀ ਪਰਵਾਜ਼ ਬਿਊਰੋ
ਹੁਣ ਜਦੋਂ ਪੁਰਾਣਾ ਭਿਆਲੀ ਦਲ ਪਹਿਲਾਂ ਹੀ ਪਸਤ ਹੈ ਅਤੇ ਪੰਜਾਬ ਦੇ ਮਸਲਿਆਂ ਨੂੰ ਰਾਜਨੀਤਿਕ ਰੂਪ ਵਿੱਚ ਉਠਾਉਣ ਵਾਲੀ ਹੋਰ ਕੋਈ ਵੀ ਧਿਰ ਮੌਜੂਦ ਨਹੀਂ ਤਾਂ ਇਸ ਖਿੱਤੇ ਦੇ ਲੋਕ ਰਾਜਨੀਤਿਕ ਲਾਵਾਰਸਾਂ ਦੀ ਤਰ੍ਹਾਂ ਕਦੀ ਇੱਕ ਅਟੇਰ ਪਾਰਟੀ ਵੱਲ ਵੇਖ ਰਹੇ ਹਨ, ਕਦੀ (ਫਸਲੀ) ਬਟੇਰ ਵੱਲ। ਸਾਡੇ ਇਲਾਹੀ ਤਖਤ ਦੇ ਰਹਿਨੁਮਾ ਨੇ ਡਿੱਗੇ ਪਏ ਭਿਆਲੀ ਦਲ ਨੂੰ ਆਪਣੀ ਬੁੱਕਲ ਵਿੱਚ ਓਟ ਕੇ ਖੜ੍ਹ ਕੀਤਾ, ਜਲ ਪਾਣੀ ਛਕਾਇਆ, ਦੁੱਖ-ਸੁਖ ਪੁੱਛਿਆ, ਸੁੱਖ ਸਾਂਦ ਦੀ ਅਸੀਸ ਦਿੱਤੀ ਪਰ ਇਹ ਮੂਰਖ ਇੰਨਾ ਬ੍ਹੀਚਰਿਆ ਕੇ ਜਲ-ਪਾਣੀ ਛਕ ਕੇ ਤੁਰਨੇ ਪੈਣ ਦੀ ਥਾਂ ਪਿੱਜਲ ਵਹਿੜਕੇ ਵਾਂਗ ਲਿਟਣ ਲੱਗ ਪਿਆ।

ਕੁਝ ਕੁ ਦਿਨ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਦੱਖਣ-ਪੂਰਬ ਭਾਰਤ ਦੇ ਕੁਝ ਰਾਜਾਂ ਨੇ ਆਪੋ ਆਪਣੀ ਖੇਤਰੀ ਹਸਤੀ ਬਚਾਈ ਰੱਖਣ ਲਈ ਇੱਕ ਮੀਟਿੰਗ ਕੀਤੀ,। ਪਰ ਰਾਜਾਂ ਨੂੰ ਖੁਦਮੁਖਤਾਰੀ ਦੇ ਮਾਮਲੇ ਵਿੱਚ ਕਦੀ ਪੂਰੇ ਹਿੰਦੁਸਤਾਨ ਨੂੰ ਅਗਵਾਈ ਦੇਣ ਵਾਲਾ ਪੰਜਾਬ ਉਥੋਂ ਗਾਇਬ। ਜਦੋਂ ਕਿਸੇ ਦੇ ਵਾਲੀ ਵਾਰਸ ਹੀ ਹੋਸ਼ ਵਿੱਚ ਨਾ ਹੋਣ ਤੇ ਆਸਾਂ ਵੀ ਨਿਮੋਝੂਣੀਆਂ ਪੈ ਜਾਂਦੀਆਂ ਹਨ। ਬਾਹਰ ਤੇ ਛੱਡੋ ਜੋ ਹੁੰਦਾ, ਪੰਜਾਬ ਤੇ ਆਪਣੇ ਅੰਦਰ ਵੀ ਅੱਜ ਕੱਲ੍ਹ ਖੁਦ ਨੂੰ ਮਿਟਾਉਣ ਦਾ ਯਤਨ ਕਰ ਰਿਹਾ ਹੈ। ਅੱਬਲ ਤੇ ਸਾਡੇ ਲੋਕ ਆਪਣੇ ਕਾਰੋਬਾਰਾਂ-ਦੁਕਾਨਾਂ ਵਗੈਰਾ ਦੇ ਬੋਰਡ ਪੰਜਾਬੀ ਵਿੱਚ ਲਿਖਦੇ ਨਹੀਂ, ਪਰ ਜੇ ਕਿਧਰੇ ਲਿਖੇ ਦਿਸਦੇ ਹਨ ਤਾਂ ਇਹ ਪੰਜਾਬੀ ਗਲਤ ਲਿਖੀ ਹੁੰਦੀ। ‘ਭੁੱਖ’ ਨੂੰ ‘ਪੁੱਖ’ ਲਿਖਣਗੇ, ‘ਕੁੱਖ’ ਨੂੰ ‘ਕੁੱਕ’। ਇਨ੍ਹਾਂ ਬੇਸੁਆਦੇ ਅੱਖਰਾਂ ਨੂੰ ਹੁਣ ਕਿਧਰੇ ਲੱਭਣ ਜਾਣ ਦੀ ਲੋੜ ਨਹੀਂ। ਇੱਥੋਂ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਮੋਟਰ ਗੱਡੀਆਂ ਵਗੈਰਾ `ਤੇ ਹਰ ਕੁਝ ਕਦਮ ਚੱਲਣ ‘ਤੇ ਅੱਖਾਂ ਵਿੱਚ ਰੜਕਣ ਲਗਦੇ ਹਨ। ਬਚਪਨ ਵਾਲੇ ਦੇਸੀ ਸਕੂਲਾਂ ਵਿੱਚ ਪੰਜਾਬੀ ਗਲਤ ਲਿਖਣ ‘ਤੇ ਇੰਨੀ ਕੁੱਟ ਪੈਂਦੀ ਸੀ ਕਿ ਸ਼ਬਦ ਜੋੜ ਪੱਕੇ ਦਿਮਾਗ ਵਿੱਚ ਧਸ ਗਏ।
ਇਹ ਸਿਰਫ ਭਾਸ਼ਾ ਨਹੀਂ ਹੈ, ਜੋ ਪੰਜਾਬ ਦੇ ਆਪੇ ਨਾਲ ਰੁਸ ਗਈ ਹੈ; ਇੱਥੋਂ ਦਾ ਸਭ ਤੋਂ ਸੁਪਰੀਮ ਆਰਥਕ/ਜੀਵਨ ਸੋਮਾ ਵੀ ਚੋਰੀ ਹੋ ਗਿਆ ਹੈ। ਕੁਝ ਤਾਂ ਪੰਜਾਬ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਚੋਰੀ ਹੋ ਗਿਆ ਅਤੇ ਬਾਕੀ ਦਾ ਪੰਜਾਬ ਵਿੱਚ ਦਾਖਲ ਹੋਣ ਤੋਂ ਬਾਅਦ ਵੀ ਲਾਮ੍ਹਾਂ ਨੂੰ ਚਲਾ ਗਿਆ ਹੈ। ਸਾਡੇ ਕੋਲ ਬੱਦੀ ਤੋਂ ਲੈ ਕੇ ਲੁਧਿਆਣੇ ਤੱਕ ਦੀ ਜ਼ਹਿਰ ਬਾਕੀ ਰਹਿ ਗਈ ਹੈ। ਬਸ ਹਰੀਕੇ ਤੱਕ ਬਿਆਸ ਜਿਉਂਦਾ ਹੈ, ਬਾਅਦ ਵਿੱਚ ਇਹ ਵੀ ਸਾਡੇ ਹੱਥਾਂ ਵਿੱਚੋਂ ਖਿਸਕਾ ਲਿਆ ਜਾਂਦਾ ਹੈ। ਸਤਲੁਜ ਦੀ ਤੇ ਰੋਪੜ ਤੋਂ ਲੈ ਕੇ ਸਰਹੱਦ ਤੱਕ, ਲਾਸ਼ ਪੀਲੀ ਰੇਤ ਬਣੀ ਪਈ ਹੈ। ਪੰਜਾਬ ਦੇ ਚਵਲ਼ ਜਿਹੇ ਲੀਡਰਾਂ ਤੋਂ ਮੰਗਵੀਂ ਘੁੱਟ ਕੁ ਪੀ ਕੇ ਲਲਕਾਰੇ ਮਾਰਨ ਵਾਲੀ ਪੰਜਾਬ ਦੀ ਮੁੰਡ੍ਹੀਰ ਇਧਰ ਊਂਘਦੀ ਫਿਰਦੀ, ਉਧਰ ਅਮਰੀਕਿਓਂ ਟਰੰਪ ਜਹਾਜ਼ ਭਰ-ਭਰ ਕੇ ਬਰੰਗ ਮੋੜਨ ਲੱਗਾ ਹੋਇਆ। ਸ਼ਹਿਰੀ ਰੁਜ਼ਗਾਰ ਪੂਰਬੀਆਂ ਨੇ ਸਾਂਭ ਲਏ ਨੇ ਤੇ ਪੇਂਡੂ ਵੀ। ਸਾਡੇ ਵਾਲੇ ਸਰਦਾਰਾਂ ਦੇ ਮੁੰਡੇ ਫੰਡਰ ਸਿਆਸਤ ਦੇ ਡੋਕੇ ਚੋਣ ਵਿੱਚ ਰੁਝੇ ਹੋਏ ਹਨ। ਪਿੰਡ ਕਿਤੇ ਡੋਬੇ ਨਾਲ, ਕਿਧਰੇ ਸੋਕੇ ਨਾਲ ਮਰ ਜਾਂਦਾ। ਜਦ ਨੂੰ ਸਾਹ ਜਿਹਾ ਆਉਣ ਲਗਦਾ ਹੈ, ਉਦੋਂ ਨੂੰ ਫਿਰ ਕੋਈ ਹੋਰ ਆਫਤ ਖੜ੍ਹੀ ਹੁੰਦੀ ਹੈ। ਜਦੋਂ ਲੋੜ ਹੋਵੇ ਪੰਜਾਬ ਸਿਓਂ ਦੀਆਂ ਖਾਲਾਂ ਵਿੱਚ ਪਾਣੀ ਨਹੀਂ ਹੁੰਦਾ, ਜਦੋਂ ਹੜ੍ਹ ਆਵੇ ਉਦੋਂ ਸਾਡੀਆਂ ਫਸਲਾਂ, ਡੰਗਰ ਵੱਛੇ ਡੋਬਣ ਲਈ ਨਹਿਰਾਂ/ਦਰਿਆ ਕੰਢਿਆਂ ‘ਤੋਂ ਦੀ ਵਗਣ ਲਗਦੇ ਹਨ। ਸਰਸਾ ‘ਚ ਪਾਣੀ ਦੀ ਕਸਰ ਨਾ ਰਹਿ ਜੇ ਇਹਦੇ ਲਈ ਗੁਆਂਢੀ ਦੀਵਾਰਾਂ ਉਸਾਰ ਲੈਂਦੇ ਨੇ! ਸਾਡੇ ਆਲੇ ‘ਰਾਜੇ’ ਆਪਣੇ ਸ਼ਹਿਰ ਦਾ ਬੂਹਾ ਬੰਦ ਕਰਨ ਦੇ ਸਮਰੱਥ ਵੀ ਨਹੀਂ ਹਨ। ਅਖੇ ਉੱਠ ਆਪ ਤੋਂ ਨੀ ਹੁੰਦਾ, ਫਿੱਟ ਮੂੰਹ ਗੋਡਿਆਂ ਦੇ।
ਦੇਸ਼ ਦੇ ਹਾਕਮਾਂ/ਅਦਾਲਤਾਂ/ਮੰਤਰੀ/ਸੰਤਰੀਆਂ ਅਨੁਸਾਰ ਇਹ ਸਭ ਕੁਝ ਕਾਨੂੰਨੀ ਹੈ। ਸਾਡਾ ਡੁੱਬਣਾ ਵੀ, ਸਾਡਾ ਸੁਕਣਾ ਤੇ ਗੁਆਚ ਜਾਣਾ ਵੀ। ਸਾਡਾ ਰੋਣਾ/ਚੀਕ ਮਾਰਨਾ/ਨਿੱਕੀ ਮੋਟੀ ਗਾਲ੍ਹ ਕੱਢਣਾ ਸਭ ਗੈਰ-ਕਾਨੂੰਨੀ ਹੈ। ਭਾਖੜਾ ਡੈਮ ਦੀ ਮੈਨੇਜਮੈਂਟ ਵਿੱਚੋਂ ਵੀ ਪੰਜਾਬ ਬੇਦਖਲ ਕਰ ਦਿੱਤਾ ਗਿਆ ਹੈ। ਇਹਦੇ ‘ਤੇ ਹੁਣ ‘ਬੋਦੀ’ ਵਾਲੇ ਤਾਰੇ ਦਾ ਪਹਿਰਾ ਹੋ ਗਿਆ। ਇਹ ਮਨਹੂਸ ਸਿਰਫ ਪੰਜਾਬ ਵਾਲੇ ਪਾਸੇ ਘੂਰੀ ਵੱਟੀਂ ਵੇਖਦਾ। ਮਨਹੂਸ ਦ੍ਰਿਸ਼ਾਂ ਨੂੰ ਲਲਕਾਰਨ ਵਾਲਾ ਪੰਜਾਬ ਹੁਣ ਕਿਧਰੇ ਦੂਰ ਚਲਾ ਗਿਆ ਹੈ। ਆਪਣੇ ਆਪ ਤੋਂ ਬਹੁਤ ਦੂਰ… ਆਪਣੇ ਵਜੂਦ ਤੋਂ ਬਹੁਤ ਦੂਰ ਚਲਾ ਗਿਆ ਹੈ। ਇੰਝ ‘ਘਰਵਾਲੇ’ ਜਿਨ੍ਹਾਂ ਘਰਾਂ ਨਾਲ ਵਿਹਰ ਜਾਣ, ਉਨ੍ਹਾਂ ਦੀ ਵਾਢੀ ਕਰਨ ਲਈ ਫਿਰ ਕਾਲੇ ਕੱਛਿਆਂ ਵਾਲੇ ਹੀ ਰਹਿ ਜਾਂਦੇ ਹਨ। ਕਾਲੀਆਂ ਰੂਹਾਂ ਇਨ੍ਹਾਂ ਦੇ ਸੁਆਗਤ ਲਈ ਲੈਰੇ ਜਿਸਮਾਂ ਦੀ ਸੁਗਾਤ ਲੈ ਕੇ ਪੇਸ਼ ਹੁੰਦੀਆਂ। ਨੰਗ-ਧੜੰਗੇ ਸਾਡੇ ਵਿਹੜਿਆਂ ਵਿੱਚ ਵੜੇ ਇਹ ਆਮ ਜਿਹੇ ਆਦਮੀ ਫਿਰ ਖਾਸ ਕੁਰਸੀਆਂ ‘ਤੇ ਬੈਠ ਜਾਂਦੇ ਹਨ। ਜਦੋਂ ਯਾਰਾਂ ਵਾਲੇ ਪਲੰਘ ਘਸਿਆਰੇ ਮੱਲ ਲੈਣ, ਫਿਰ ਤਖਤ ਹਜ਼ਾਰੇ ਦੀ ਖੈਰ ਨਹੀਂ ਹੁੰਦੀ!

Leave a Reply

Your email address will not be published. Required fields are marked *