ਅਰਨੈਸਟ ਰਦਰਫੋਰਡ ਦੇ ਵਿਗਿਆਨਕ ਪ੍ਰਯੋਗਾਂ ਵਾਲੀ ਵਿਰਾਸਤ

ਆਮ-ਖਾਸ

ਈਵਾਨ ਗੋਨ
ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਦਾਅਵਾ ਕੀਤਾ ਸੀ ਕਿ ਅਮਰੀਕੀ ਵਿਗਿਆਨੀਆਂ ਨੇ ਹੀ ਪ੍ਰਮਾਣੂ ਵਿਖੰਡਨ ਕੀਤਾ ਸੀ ਤਾਂ ਸ਼ਾਇਦ ਹੀ ਉਨ੍ਹਾਂ ਨੇ ਇਸ ਦੀ ਕਲਪਨਾ ਕੀਤੀ ਹੋਵੇਗੀ ਕਿ ਇਸ `ਤੇ ਕਿਸ ਤਰ੍ਹਾਂ ਦੀ ਆਨਲਾਈਨ ਬਹਿਸ ਛਿੜ ਜਾਵੇਗੀ। ਇਸ ਤੋਂ ਹੈਰਾਨ ਹੋਏ ਕਈ ਲੋਕਾਂ ਦਾ ਕਹਿਣਾ ਸੀ ਕਿ ਇਸ ਦਾ ਸਨਮਾਨ ਇੱਕ ਐਂਗਲੋ ਨਿਊਜ਼ੀਲੈਂਡਰ ਨੂੰ ਜਾਂਦਾ ਹੈ; ਉਹ ਸਨ- ਅਰਨੈਸਟ ਰਦਰਫੋਰਡ। ਨਿਊਜ਼ੀਲੈਂਡ ਦਾ ਇਹ ਹੁਨਰਮੰਦ ਵਿਗਿਆਨੀ ਉਨ੍ਹਾਂ ਦਿਨਾਂ ਵਿੱਚ ਮੈਨਚੈਸਟਰ ਦੀ ਵਿਕਟੋਰੀਆ ਯੂਨੀਵਰਸਿਟੀ ਵਿੱਚ ਸੀ। ਉਸ ਨੇ ਹੀ 1919 ਵਿੱਚ ਵਿਗਿਆਨ ਦੀ ਇਹ ਅਸਾਧਾਰਨ ਕਾਮਯਾਬੀ ਹਾਸਲ ਕੀਤੀ ਸੀ।

ਹਾਲਾਂਕਿ ਇਸ ਖੇਤਰ ਵਿੱਚ ਮੁਹਾਰਤ ਰੱਖਣ ਵਾਲੇ ਲੋਕਾਂ ਲਈ ਇਸ ਦਾ ਜਵਾਬ ਉਨਾ ਹੀ ਗੁੰਝਲਦਾਰ ਹੈ, ਜਿੰਨਾ ਕਿ ਇਸ ਨਾਲ ਜੁੜੇ ਵਿਗਿਆਨ। ਪਦਾਰਥ ਭੌਤਿਕ ਵਿਗਿਆਨੀ ਡਾ. ਹੈਰੀ ਕਲਿਫ ਕਹਿੰਦੇ ਹਨ ਕਿ ਇਹ ਬੇਹੱਦ ਗੁੰਝਲਦਾਰ ਹੈ। ‘ਪ੍ਰਮਾਣੂ ਵਿਖੰਡਨ’ ਸ਼ਬਦ ਹੀ ਮੁਸ਼ਕਿਲ ਪੈਦਾ ਕਰਨਾ ਹੈ। ਪ੍ਰਮਾਣੂ ਸਾਰੇ ਪਦਾਰਥਾਂ ਦਾ ‘ਬਿਲਡਿੰਗ ਬਲੌਕ’ ਹੈ ਅਤੇ ਇਹ ਇੱਕ ਨਿਊਕਲਿਅਸ ਤੇ ਇਸ ਦੀ ਪਰਿਕਰਮਾ ਕਰਨ ਵਾਲੇ ਇਲੈਕਟਰੌਨ ਤੋਂ ਬਣਿਆ ਹੁੰਦਾ ਹੈ। ਪ੍ਰਮਾਣੂ ਦੀ ਚਰਚਾ ਮੂਲ ਰੂਪ ਤੋਂ ਗਰੀਕ ਦਰਸ਼ਨ ਵਿੱਚ ਹੈ। ਇਨ੍ਹਾਂ ਦੀ ਹੋਂਦ ਸਭ ਤੋਂ ਛੋਟੇ ਕਣ ਦੇ ਤੌਰ `ਤੇ ਮਿਲਦੀ ਹੈ। ਇਸ ਦਾ ਨਾਮ ਪ੍ਰਾਚੀਨ ਗਰੀਕ ਵਿੱਚ ਅਟੁੱਟ ਦੇ ਲਈ ਇਸਤੇਮਾਲ ਹੋਣ ਵਾਲੇ ਸ਼ਬਦ ਤੋਂ ਆਇਆ ਹੈ।
1803 ਵਿੱਚ ਜੌਨ ਡਾਲਟਨ ਦੇ ਪ੍ਰਮਾਣੂ ਸਿਧਾਂਤ ਨੇ ਇਸ ਬਾਰੇ ਇੱਕ ਨਵਾਂ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕੀਤਾ; ਪਰ ਮੈਨਚੈਸਟਰ ਦੇ ਇਸ ਵਿਗਿਆਨੀ ਦਾ ਕਹਿਣਾ ਸੀ ਕਿ ਉਹ ਪ੍ਰਾਚੀਨ ਯੂਨਾਨ ਵਾਸੀਆਂ ਤੋਂ ਸਹਿਮਤ ਹੈ ਅਤੇ ਮੰਨਦੇ ਹਨ ਕਿ ਪ੍ਰਮਾਣੂ ਨੂੰ ਸਰਲ ਅਤੇ ਛੋਟੇ ਕਣਾਂ ਵਿੱਚ ਨਹੀਂ ਵੰਡਿਆ ਜਾ ਸਕਦਾ।
ਇਸ ਦੇ ਲਗਭਗ ਇੱਕ ਸਦੀ ਤੋਂ ਬਾਅਦ ਕੈਂਬਰਿਜ ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੇ ਜੋਸਫ ਜੌਨ ਥਾਮਸਨ (ਮੈਨਚੈਸਟਰ ਦੇ ਹੀ ਰਹਿਣ ਵਾਲੇ) ਨੇ ਇਲੈਕਟਰੌਨ ਦੀ ਖੋਜ ਕੀਤੀ। ਇਨ੍ਹਾਂ ਨੇ ਦੱਸਿਆ ਕਿ ਇਹ ਪ੍ਰਮਾਣੂ ਦੇ ਹੀ ਛੋਟੇ-ਛੋਟੇ ਹਿੱਸੇ ਹਨ। ਇਸ ਨੇ ਉਪ-ਪ੍ਰਮਾਣੂ (ਜਾਂ ਉਪ ਅਣੂ) ਸੰਕਲਪਾਂ ਅਤੇ ਪ੍ਰਯੋਗ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਰਦਰਫੋਰਡ ਨੇ ਪ੍ਰਮਾਣੂਆਂ ਦੀ ਪ੍ਰਕਿਰਤੀ ਬਾਰੇ ਇੱਕ ਤੋਂ ਬਾਅਦ ਇੱਕ ਕਈ ਖੋਜਾਂ ਕੀਤੀਆਂ ਅਤੇ ਆਪਣੇ ਸਹਿਕਰਮੀਆਂ- ਹੈਨਸ ਜੀਜਰ ਅਤੇ ਅਰਨੈਸਟ ਮਾਸਰਡੇਨ ਦੇ ਨਾਲ ਮਿਲ ਕੇ 1911 ਵਿੱਚ ਪ੍ਰਮਾਣੂ ਦਾ ਪਲੇਨਟਰੀ ਮਾਡਲ ਪੇਸ਼ ਕੀਤਾ। ਇਸ ਮਾਡਲ ਵਿੱਚ ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਪ੍ਰਮਾਣੂ ਦੇ ਕੇਂਦਰ ਵਿੱਚ ਇੱਕ ਸਕਾਰਾਤਮਕ ਚਾਰਜ ਨਿਊਕਲੀਅਸ ਹੁੰਦਾ ਹੈ। ਇਲੈਕਟਰੌਨ ਇਸ ਦੇ ਦੁਆਲੇ ਉਸੇ ਤਰ੍ਹਾਂ ਘੁੰਮਦੇ ਹਨ, ਜਿਵੇਂ ਗ੍ਰਹਿ ਤਾਰੇ ਦੇ ਦੁਆਲੇ ਘੁੰਮਦੇ ਹਨ।
ਰਦਰਫੋਰਡ ਅਤੇ ਉਨ੍ਹਾਂ ਦੀ ਟੀਮ ਨੇ ਬਾਅਦ ਵਿੱਚ 1914 ਅਤੇ 1919 ਦੇ ਵਿਚਾਲੇ ਮੈਨਚੈਸਟਰ ਵਿੱਚ ਕਈ ਪ੍ਰਯੋਗ ਕੀਤੇ। ਉਨ੍ਹਾਂ ਨੇ ਰੇਡੀਓਐਕਟਿਵ ਕਣਾਂ ਨਾਲ ਨਾਈਟਰੋਜਨ ਗੈਸ ਦੇ ਅੰਦਰ ਵਿਸਫੋਟ ਕਰਵਾਇਆ, ਜੋ ਹਾਈਡਰੋਜਨ ਨਿਊਕਲੀਅਸ ਨੂੰ ‘ਬਾਹਰ ਕੱਢਦੇ ਹੋਏ ਆਕਸੀਜਨ ਵਿੱਚ ਬਦਲਾ ਗਿਆ।’
ਡਾ. ਕਲਿਫ ਨੇ ਕਿਹਾ ਕਿ ਵਿਗਿਆਨੀਆਂ ਨੂੰ ਇਸ ਪ੍ਰਯੋਗ ਵਿੱਚ ਇੱਕ ਨਵੀਂ ਚੀਜ਼ ਮਿਲੀ, ਜਿਸ ਨੂੰ ਅਸੀਂ ਹੁਣ ਪ੍ਰੋਟੋਨ ਕਹਿੰਦੇ ਹਾਂ। ਇਹ ਸਾਰੇ ਪ੍ਰਮਾਣੂਆਂ ਵਿੱਚ ਮੌਜੂਦ ਪਾਇਆ ਜਾਣ ਵਾਲਾ ਕਣ ਹੈ ਅਤੇ ਇਹ ਵੀ ਬਲੌਕ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਰਦਰਫੋਰਡ ਪਹਿਲੀ ਵਾਰ ਇਹ ਦਿਖਾ ਰਹੇ ਸਨ ਕਿ ‘ਤੁਸੀਂ ਇਸ ਪ੍ਰਕਾਰ ਦੀਆਂ ਪ੍ਰਮਾਣੂ ਪ੍ਰਤੀਕਿਰਿਆਵਾਂ ਕਰਵਾ ਸਕਦੇ ਹੋ। ਇੱਕ ਚੀਜ਼ ਨੂੰ ਦੂਜੀ ਚੀਜ਼ ਵਿੱਚ ਦਾਖਲ ਕਰ ਕੇ ਕੋਈ ਨਵੀਂ ਚੀਜ਼ ਬਣਾ ਸਕਦੇ ਹੋ।’
ਰਦਰਫੋਰਡ ਨੇ ਖੁਦ ‘ਵੰਡ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਸੀ। ਇਸ ਦੀ ਥਾਂ ਉਨ੍ਹਾਂ ਨੇ ‘ਵਿਘਟਨ’ (ਭੰਨ-ਤੋੜ) ਸ਼ਬਦ ਦਾ ਇਸਤੇਮਾਲ ਕੀਤਾ। 1917 ਵਿੱਚ ਰਦਰਫੋਰਡ ਨੇ ਲਿਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪ੍ਰਯੋਗ ਆਖਿਰਕਾਰ ਕਾਫੀ ਅਹਿਮ ਸਾਬਿਤ ਹੋਣਗੇ। ਇਹ ਨਿਊਕਲੀਅਸ ਦੇ ਆਸਪਾਸ ਦੀਆਂ ਸ਼ਕਤੀਆਂ ਦੀਆਂ ਖਾਸੀਅਤਾਂ ਅਤੇ ਵੰਡ `ਤੇ ਕਾਫੀ ਰੋਸ਼ਨੀ ਪਾ ਸਕਦੇ ਹਨ।
ਕਈ ਲੋਕ ਪ੍ਰਮਾਣੂ ਵਿਗਿਆਨ ਨੂੰ ‘ਮੈਨਹਟਨ ਪ੍ਰੋਜੈਕਟ’ ਦੇ ਲੈਨਜ਼ ਨਾਲ ਦੇਖਦੇ ਹਨ। ਇਹ ਸਮਝ ਜੇ. ਰਾਬਟਰਨ ਓਪਨਹਾਈਮਰ `ਤੇ ਬਣੀ ਇੱਕ ਫਿਲਮ ਤੋਂ ਪੈਦਾ ਹੋਈ ਹੈ। ਇਸ ਫਿਲਮ ਨੂੰ ਆਸਕਰ ਐਵਾਰਡ ਮਿਲਿਆ ਸੀ ਅਤੇ ਓਪਨਹਾਈਮਰ ਇਸ ਪ੍ਰੋਜੈਕਟ ਦੇ ਇਕ ਅਹਿਮ ਕਿਰਦਾਰ ਸਨ। ਇਸ ਸਬੰਧ ਵਿੱਚ ਅਮਰੀਕਾ ਦਾ ਆਰ ਐਂਡ ਡੀ ਪ੍ਰੋਜੈਕਟ 1942 ਵਿੱਚ ਸ਼ੁਰੂ ਹੋਇਆ ਸੀ। ਇਸ ਦਾ ਮਕਸਦ ਪਹਿਲਾ ਪ੍ਰਮਾਣੂ ਹਥਿਆਰ ਬਣਾਉਣ ਦਾ ਸੀ। ਇਸ ਦੇ ਲਈ ਪ੍ਰਮਾਣੂ ਊਰਜਾ ਦਾ ਇਸਤੇਮਾਲ ਹੋਣਾ ਸੀ।
ਇਸ ਪ੍ਰੋਜੈਕਟ ਵਿੱਚ ਦੁਨੀਆ ਭਰ ਦੇ ਵਿਗਿਆਨੀ ਸਨ, ਜਿਨ੍ਹਾਂ ਨੇ ਦੇਸ਼ਾਂ ਦੀਆਂ ਹੱਦਾਂ ਟੱਪ ਕੇ ਇੱਕ ਪ੍ਰੋਜੈਕਟ ਵਿੱਚ ਇਕੱਠਿਆਂ ਕੰਮ ਕੀਤਾ ਸੀ। ਓਪਨਹਾਈਮਰ ਦੀ ਟੀਮ ਵਿੱਚ ਸ਼ਾਮਲ ਹੋਣ ਦੇ ਲਈ ਭਰਤੀ ਕੀਤੇ ਗਏ ਲੋਕਾਂ ਵਿੱਚ ਇਤਾਲਵੀ ਭੌਤਿਕ ਵਿਗਿਆਨੀ ਏਨਰਿਕੋ ਫਰਮੀ ਵੀ ਸਨ। ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ 1934 ਵਿੱਚ ਉਨ੍ਹਾਂ ਨੇ ਹੀ ਇੱਕ ਪ੍ਰਯੋਗ ਦੇ ਦੌਰਾਨ ਪ੍ਰਮਾਣੂ ਨੂੰ ਵੰਡਿਆ ਸੀ। ਉਨ੍ਹਾਂ ਨੇ ਇੱਕ ਨਿਊਕਲੀਅਸ ਨੂੰ ਦੋ ਜਾਂ ਉਸ ਤੋਂ ਜ਼ਿਆਦਾ ਛੋਟੇ-ਛੋਟੇ ਹਿੱਸਿਆਂ ਵਿੱਚ ਤਬਦੀਲ ਕੀਤਾ ਸੀ।
ਰਦਰਫੋਰਡ ਦੇ ਸਾਬਕਾ ਵਿਦਿਆਰਥੀ ਜਰਮਨ ਰਸਾਇਣ ਵਿਗਿਆਨੀ ਓਟੋ ਹੈਨ ਅਤੇ ਫ੍ਰਿਟਜ਼ ਸਟ੍ਰਾਸਮੈਨ ਨੇ ਅਗਲੇ ਚਾਰ ਸਾਲਾਂ ਤੇ 1938 ਤੱਕ ਆਪਣੇ ਪ੍ਰਯੋਗਾਂ ਨੂੰ ਦੁਹਰਾਇਆ ਅਤੇ ਪਾਇਆ ਕਿ ਫਰਮੀ ਨੇ ਜੋ ਖੋਜਿਆ ਸੀ, ਉਹ ਪ੍ਰਮਾਣੂ ਵਿਖੰਡਨ ਸੀ। ਵਿਖੰਡਨ ਵਿੱਚ ਯੂਰੇਨੀਅਮ ਅਤੇ ਪਲੂਟੋਨੀਅਮ ਵਰਗੇ ਅਸਥਿਕ ਕਣਾਂ ਦੇ ਨਿਊਕਲੀਅਸ ਵੰਡ ਕੇ ਬਹੁਤ ਜ਼ਿਆਦਾ ਊਰਜਾ ਪੈਦਾ ਕਰਦੇ ਹਨ।
1939 ਵਿੱਚ ਫਰਮੀ ਇਟਲੀ ਤੋਂ ਭੱਜ ਗਏ ਅਤੇ ਸ਼ਿਕਾਗੋ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਰਿਐਕਟਰ ਬਣਾਇਆ, ਜਿਸ ਨੇ ਪ੍ਰਮਾਣੂਆਂ ਦੀ ਇੱਕ ਤੋਂ ਬਾਅਦ ਇੱਕ ਪ੍ਰਤੀਕਿਰਿਆਵਾਂ ਨੂੰ ਵਧਾਇਆ ਅਤੇ ਉਸ ਨੂੰ ਨਿਯੰਤ੍ਰਿਤ ਵੀ ਕੀਤਾ। ਇਨ੍ਹਾਂ ਪ੍ਰਯੋਗਾਂ ਅਤੇ ਰਦਰਫੋਰਡ ਦੀਆਂ ਪਹਿਲਾਂ ਦੀਆਂ ਕੋਸ਼ਿਸ਼ਾਂ ਨੇ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ਦੀ ਨੀਂਹ ਰੱਖੀ, ਜਿਸ ਨਾਲ ਯੂਰੇਨੀਅਮ ਪ੍ਰਮਾਣੂ ਵੰਡ ਅਤੇ ਇਸ ਦੇ ਭਿਆਨਕ ਅਸਰ ਹੋਏ।
ਹੁਣ ਇਹ ਪੁੱਛਣਾ ਗੈਰ-ਜ਼ਰੂਰੀ ਹੈ ਕਿ ਪ੍ਰਮਾਣੂ ਨੂੰ ਪਹਿਲਾਂ ਕਿਸ ਨੇ ਵੰਡਿਆ? ਪਰ ਰਦਰਫੋਰਡ, ਵਾਲਟਨ, ਕਾਕਕ੍ਰਾਫਟ, ਓਪਨਹਾਈਮਰ, ਫਰਮੀ, ਜਿਜਰ, ਮਾਰਸਡੇਨ ਅਤੇ ਹੋਰ ਬਹੁਤ ਸਾਰੇ ਮਹਾਨ ਵਿਗਿਆਨੀਆਂ ਦੇ ਕੰਮ ਨੇ ਪ੍ਰਮਾਣੂ ਯੁੱਗ ਅਤੇ ਵਿਸ਼ਵ ਇਤਿਹਾਸ ਦੇ ਸਭ ਤੋਂ ਵੱਡੇ ਵਿਗਿਆਨ ਪ੍ਰਯੋਗ ਲਈ ਰਾਹ ਪੱਧਰਾ ਕੀਤਾ।
1998 ਅਤੇ 2008 ਦੇ ਵਿਚਾਲੇ ਆਲਪਸ ਦੇ ਹੇਠਾਂ ਪ੍ਰਮਾਣੂ ਨੂੰ ਇਕੱਠੇ ਤੋੜਨਾ ਅਤੇ ਉਨ੍ਹਾਂ ਦੇ ਨਤੀਜੇ ਦੇ ਅਧਿਐਨ ਦੇ ਲਈ ਲਾਰਜ ਹੈਡਰੋਨ ਕੋਲਾਈਡਰ (ਐੱਲ.ਐੱਚ.ਸੀ.) ਯਾਨੀ ਇੱਕ ਵਿਸ਼ਾਲ ਕਣ ਐਕਸਲੇਟਰ ਬਣਾਇਆ ਗਿਆ ਸੀ। ਇਸ ਨੇ ਹਿਗਸ ਬੋਸੋਨ ਯਾਨੀ ਕਥਿਤ ‘ਗੋਡ ਕਣ’ ਵਰਗੀਆਂ ਖੋਜਾਂ ਨੂੰ ਜਨਮ ਦਿੱਤਾ ਅਤੇ ਵਿਗਿਆਨੀਆਂ ਦੇ ਲਈ ਉਪ ਅਣੂ ਦੁਨੀਆ ਵਿੱਚ ਹੋਰ ਖੋਜ ਦਾ ਰਾਹ ਪੱਧਰਾ ਕੀਤਾ। ਇਹ ਸਭ ਰਦਰਫੋਰਡ ਦੇ ਸ਼ੁਰੂਆਤੀ ਪ੍ਰਯੋਗਾਂ ਦੀ ਬਦੌਲਤ ਹੀ ਹੋ ਰਿਹਾ ਹੈ, ਜੋ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਵਿਰਾਸਤ ਦੇ ਤੌਰ `ਤੇ ਮਿਲੇ ਹਨ।

Leave a Reply

Your email address will not be published. Required fields are marked *