ਕਿੰਗ ਚਾਰਲਸ ਦੇਣਗੇ ਕੈਨੇਡਾ ਦੀ ਨਵੀਂ ਪਾਰਲੀਮੈਂਟ ਦਾ ਪਹਿਲਾ ਭਾਸ਼ਨ

ਖਬਰਾਂ

*ਸੁਰੱਖਿਆ ਅਮਲੇ ‘ਤੇ ਖਰਚੇ ਜਾਣਗੇ 31 ਬਿਲੀਅਨ ਡਾਲਰ
ਪੰਜਾਬੀ ਪਰਵਾਜ਼ ਬਿਊਰੋ
ਕੈਨੇਡਾ ਦੀਆਂ ਆਮ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਨ ਵਾਲੀ ਲਿਬਰਲ ਪਾਰਟੀ ਦੇ ਆਗੂ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੋਣਾਂ ਜਿੱਤਣ ਪਿੱਛੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਨਵੀਂ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇੰਗਲੈਂਡ ਦੇ ਕਿੰਗ ਚਾਰਲਸ ਤੀਜੇ ਕੈਨੇਡੀਅਨ ਪਾਰਲੀਮੈਂਟ ਦੇ ਪਹਿਲੇ ਸੈਸ਼ਨ ਦਾ ਸ਼ੁਰੂਆਤੀ ਭਾਸ਼ਨ ਵੀ ਦੇਣਗੇ। ਇਹ ਭਾਸ਼ਨ ਆਮ ਤੌਰ `ਤੇ ਬ੍ਰਿਟਿਸ਼ ਕਿੰਗ ਦੇ ਪ੍ਰਤੀਨਿਧ ਵਜੋਂ ਗਵਰਨਰ ਜਨਰਲ ਵੱਲੋਂ ਦਿੱਤਾ ਜਾਂਦਾ ਹੈ। ਕਿੰਗ ਚਾਰਲਸ ਦੀ ਇਹ ਕਾਰਵਾਈ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੇ ਬਿਆਨਾਂ ਦੇ ਸੰਦਰਭ ਵਿੱਚ ਸੰਕੇਤਕ ਅਤੇ ਰਣਨੀਤਿਕ ਅਰਥ ਰੱਖਦੀ ਹੈ। ਯਾਦ ਰਹੇ, ਕੈਨੇਡਾ ਦਾ ਅੰਤਿਮ ਅਧਿਕਾਰ ਹਾਲੇ ਵੀ ਇੰਗਲੈਂਡ ਦੇ ਰਾਜੇ ਕੋਲ ਹੈ ਅਤੇ ਉਸ ਦੀ ਕੈਨੇਡਾ ਸਰਕਾਰ ਵਿੱਚ ਸਰਬਉੱਚ ਪ੍ਰਤਿਨਿਧਤਾ ਗਵਰਨਰ ਜਨਰਲ ਵੱਲੋਂ ਕੀਤੀ ਜਾਂਦੀ ਹੈ।

ਕੈਨੇਡਾ ਦੀ ਨਵੀਂ ਸਰਕਾਰ ਦੀਆਂ ਪ੍ਰਾਥਮਿਕਤਾਵਾਂ ‘ਤੇ ਤਰਵੀਂ ਝਾਤ ਪੁਆਉਂਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹ ਅਮਰੀਕਾ ਨਾਲ ਕੋਈ ਸਮਝੌਤਾ ਕਰਨ ਲੱਗਿਆਂ ਕੈਨੇਡਾ ਦੇ ਹਿੱਤਾਂ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਨੂੰ ਉਨ੍ਹਾਂ ਦੀ ਆਸ ਤੋਂ ਵੱਧ ਦੇ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਨੌਕਰੀਆਂ ਪੈਦਾ ਕਰਨ ਵਾਲੀ ਆਰਥਿਕ ਮਜ਼ਬੂਤੀ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਾਲੀਆ ਘਾਟੇ ਨੂੰ ਕਾਬੂ ਕਰਨ ਹਿੱਤ ਨਿਵੇਸ਼ ਨੂੰ ਉਗਾਸਾ ਦਿੰਦਿਆਂ ਪੈਦਾਵਾਰ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਕੋਈ ਸੌਦੇਬਾਜ਼ੀ ਕਰਦਿਆਂ ਇਨ੍ਹਾਂ ਪੱਖਾਂ ਦਾ ਧਿਆਨ ਰੱਖਿਆ ਜਾਵੇਗਾ, ਭਾਵੇ ਆਪਸੀ ਸਹਿਮਤੀ ਬਣਨ ਵਿੱਚ ਕਿੰਨੀ ਵੀ ਦੇਰ ਕਿਉਂ ਨਾ ਲੱਗ ਜਾਵੇ!
ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਸਸਤੀ ਰਿਹਾਇਸ਼ ਪ੍ਰਦਾਨ ਕਰਨ ਲਈ ਮਕਾਨ ਉਸਾਰੀ ਵਿੱਚ ਵੱਡਾ ਵਾਧਾ ਕਰਨ, ਜੀਣ-ਥੀਣ ਲਈ ਜ਼ਰੂਰੀ ਖਰਚਾਂ ਨੂੰ ਘੱਟ ਕਰਨ, ਟੈਕਸ ਘਟਾਉਣ ਅਤੇ ਕੌਮੀ ਸੁਰੱਖਿਆ ‘ਤੇ ਖਰਚ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸੁਰੱਖਿਆ ਲਈ 31 ਬਿਲੀਅਨ ਡਾਲਰ ਦਾ ਖਰਚ ਕੀਤਾ ਜਾਵੇਗਾ। ਉਨ੍ਹਾਂ ਨਾਟੋ ਲਈ ਆਪਣੇ ਸਾਲਾਨਾ ਬਜਟ ਦਾ ਦੋ ਫੀ ਸਦੀ ਹਿੱਸਾ ਦੇਣ ਦਾ ਵੀ ਵਾਅਦਾ ਕੀਤਾ ਹੈ। ਪਰਵਾਸ ਦੇ ਮਾਮਲਿਆਂ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 2028 ਤੱਕ ਕੈਨੇਡਾ ਵਿੱਚ ਪਰਵਾਸ ਨੂੰ ਕੈਨੇਡਾ ਦੀ ਕੁੱਲ ਅਬਾਦੀ ਦਾ 5 ਫੀਸਦੀ ਰੱਖਿਆ ਜਾਵੇਗਾ ਅਤੇ ਇਸ ਨੂੰ ‘ਟਿਕਾਊ’ (ਸਸਟੇਅਨਏਬਲ) ਬਣਾਇਆ ਜਾਵੇਗਾ।
ਯਾਦ ਰਹੇ, ਬੀਤੇ ਮਹੀਨੇ ਦੇ ਅੰਤ ਵਿੱਚ ਹੋਈਆਂ ਕੈਨੇਡਾ ਦੀਆਂ ਆਮ ਚੋਣਾਂ ਨੇ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਦਿੱਤਾ ਹੈ। ਦੋਹਾਂ ਵੱਡੀਆਂ ਪਾਰਟੀਆਂ ਦੀ ਵੋਟ ਫੀ ਸਦੀ ਵਿੱਚ ਭਾਵੇਂ ਬਹੁਤਾ ਫਰਕ ਨਹੀਂ ਪਿਆ, ਪਰ ਸੀਟਾਂ ਦੇ ਮਾਮਲੇ ਵਿੱਚ ਲਿਬਰਲ ਪਾਰਟੀ ਨੇ 168 ਸੀਟਾਂ ਜਿੱਤ ਕੇ ਬਾਜੀL ਮਾਰ ਲਈ ਹੈ। ਕੈਨੇਡਾ ਦੀ ਪਾਰਲੀਮੈਂਟ ਦੀਆਂ ਕੁੱਲ 343 ਸੀਟਾਂ ਹਨ। ਕਨਜ਼ਰਵੇਟਿਵ ਪਾਰਟੀ 144 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਵਜੋਂ ਉਭਰੀ ਹੈ। ਮਾਰਚ ਮਹੀਨੇ ਵਿੱਚ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਚੋਣ ਪੰਡਿਤਾਂ ਦੇ ਇਹ ਦਾਅਵੇ ਸਨ ਕਿ ਅਗਲੀ ਵਾਰ ਕਨਜ਼ਰਵੇਟਿਵ ਪਾਰਟੀ ਸੱਤਾ ਵਿੱਚ ਆਵੇਗੀ ਅਤੇ ਪੀਅਰ ਪੋਲੀਵਰ ਕੈਨੇਡਾ ਦੇ ਸੰਭਾਵਤ ਪ੍ਰਧਾਨ ਮੰਤਰੀ ਹੋਣਗੇ; ਪਰ ਪਿਛਲੇ ਦੋ ਕੁ ਮਹੀਨਿਆਂ ਵਿੱਚ ਹਾਲਤਾਂ ਨਾਟਕੀ ਢੰਗ ਨਾਲ ਬਦਲ ਗਈਆਂ। ਕਾਰਨੀ ਦੀ ਆਮਦ ਅਤੇ ਟਰੰਪ ਦੀ ਉਖੜੀ ਬਿਆਨਬਾਜ਼ੀ ਨੇ ਲਿਬਰਲ ਲਈ ਜੇਤੂ ਹਾਲਾਤ ਪੈਦਾ ਕਰ ਦਿੱਤੇ।
ਬਾਕੀ ਛੋਟੀਆਂ ਪਾਰਟੀਆਂ ਦੇ ਮੁਕਾਬਲੇ ਦੋਹਾਂ ਵੱਡੀਆਂ ਪਾਰਟੀਆਂ ਨੇ ਆਪਣੀਆਂ ਸੀਟਾਂ ਵਿੱਚ ਵਾਧਾ ਕੀਤਾ ਹੈ, ਜਦੋਂਕਿ ਸਿੱਖ ਆਗੂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਅਤੇ ਬਲਾਕ ਕਿਊਬਿਕ ਦੀਆਂ ਸੀਟਾਂ ਘਟ ਗਈਆਂ ਹਨ। ਪਿਛਲੀ ਪਾਰਟਲੀਮੈਂਟ ਵਿੱਚ ਐਨ.ਡੀ.ਪੀ. ਕੋਲ 25 ਸੀਟਾਂ ਸਨ ਅਤੇ ਇੱਕ ਤਰ੍ਹਾਂ ਨਾਲ ਇਹ ਪਾਰਟੀ ਕਿੰਗ ਮੇਕਰ ਦੀ ਸਥਿਤੀ ਵਿੱਚ ਸੀ। ਅਜਿਹੀ ਭੂਮਿਕਾ ਇਸ ਪਾਰਟੀ ਨੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਹਮਾਇਤ ਪ੍ਰਦਾਨ ਕਰਕੇ ਨਿਭਾਈ ਵੀ। ਐਨ.ਡੀ.ਪੀ. ਨੇ ਇਸ ਵਾਰ 7 ਸੀਟਾਂ ਜਿੱਤੀਆਂ ਹਨ। ਲਗਦਾ ਇੰਜ ਹੈ ਲੋਕਾਂ ਵਿੱਚ ਸੱਤਾ ਵਿਰੋਧ ਦੀ ਜਿਹੜੀ ਗਾਜ਼ ਜਸਟਿਨ ਟਰੂਡੋ ‘ਤੇ ਡਿੱਗਣੀ ਸੀ, ਉਹ ਐਨ.ਡੀ.ਪੀ. ‘ਤੇ ਡਿੱਗ ਪਈ ਹੈ। ਉਂਝ ਐਨ.ਡੀ.ਪੀ. ਦਾ ਵੋਟ ਬੈਂਕ ਵਧੇਰੇ ਕਰਕੇ ਲਿਬਰਲ ਪਾਰਟੀ ਦੇ ਹੱਕ ਵਿੱਚ ਹੀ ਭੁਗਤਿਆ ਹੈ। ਚੋਣ ਵਿਸ਼ਲੇਸ਼ਕਾਂ ਦਾ ਆਖਣਾ ਹੈ ਐਨ.ਡੀ.ਪੀ. ਨੇ ਕਿਉਂਕਿ ਲਗਾਤਾਰ ਟਰੂਡੋ ਸਰਕਾਰ ਨੂੰ ਹਮਾਇਤ ਦਿੱਤੀ, ਇਸ ਕਾਰਨ ਦੋਹਾਂ ਪਾਰਟੀਆਂ ਦੀ ਨੀਤੀਆਂ ਵਿੱਚ ਜੋ ਇੱਕ ਬਾਰੀਕ ਜਿਹਾ ਅੰਤਰ ਸੀ, ਉਹ ਮਿਟ ਗਿਆ।
ਮੌਜੂਦਾ ਹਾਲਤ ਵਿੱਚ ਲਿਬਰਲ ਪਾਰਟੀ ਆਪਣੀ ਘੱਟਗਿਣਤੀ ਸਰਕਾਰ ਚਲਾ ਸਕਦੀ ਹੈ ਅਤੇ ਐਨ.ਡੀ.ਪੀ. ਅਤੇ ਗਰੀਨ ਪਾਰਟੀ ਨਾਲ ਮਿਲ ਕੇ ਸਾਂਝੀ ਸਰਕਾਰ ਵੀ ਬਣਾ ਸਕਦੀ ਹੈ; ਪਰ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਘੱਟਗਿਣਤੀ ਸਰਕਾਰ ਚਲਾਉਣ ਦਾ ਫੈਸਲਾ ਕੀਤਾ ਹੈ। ਕੈਨੇਡੀਅਨ ਰਾਜਨੀਤਿਕ ਪ੍ਰਬੰਧ ਦੇ ਅੰਤਰਗਤ ਸਭ ਤੋਂ ਜ਼ਿਆਦਾ ਸੀਟਾਂ ਜਿੱਤਣ ਵਾਲੀ ਪਾਰਟੀ ਆਪਣੀ ਘੱਟਗਿਣਤੀ ਸਰਕਾਰ ਬਣਾ ਸਕਦੀ ਹੈ। ਮਾਰਕ ਕਾਰਨੀ ਪਹਿਲਾਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਹਨ, ਇਸ ਲਈ ਉਨ੍ਹਾਂ ਨੂੰ ਦੂਜੀ ਵਾਰ ਸਹੁੰ ਚੁੱਕਣ ਦੀ ਲੋੜ ਨਹੀਂ ਪਏਗੀ। ਉਨ੍ਹਾਂ ਦੀ ਨਵੀਂ ਕੈਬਿਨਿਟ 12 ਮਈ ਤੋਂ ਬਾਅਦ ਸਹੁੰ ਚੁੱਕੇਗੀ।
ਯਾਦ ਰਹੇ, ਅਮਰੀਕਾ ਨੇ ਕੈਨੇਡਾ ਤੋਂ ਹੋਣ ਵਾਲੀ ਐਕਸਪੋਰਟ ‘ਤੇ 25% ਟੈਕਸ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ, ਪਰ ਚੀਨ ਨੂੰ ਛੱਡ ਕੇ ਬਾਕੀ ਮੁਲਕਾਂ ਖਿਲਾਫ ਇਹ ਟੈਰਿਫ ਤਿੰਨ ਮਹੀਨੇ ਲਈ ਵਾਪਿਸ ਲੈ ਲਿਆ ਗਿਆ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਵਾਰ ਕਾਰਨ ਦੁਨੀਆਂ ਦਾ ਆਰਥਿਕ ਮਾਹੌਲ ਕਾਫੀ ਅਨਿਸ਼ਚਤ ਬਣਿਆ ਹੋਇਆ ਹੈ ਅਤੇ ਇਸ ਦਾ ਜ਼ਰੂਰੀ ਵਸਤਾਂ ਦੀਆਂ ਕੀਮਤਾਂ, ਸਪਲਾਈ ਚੇਨਾਂ ਅਤੇ ਸ਼ੇਅਰ ਬਾਜ਼ਰ ‘ਤੇ ਵੱਡਾ ਅਸਰ ਵਿਖਾਈ ਦੇ ਰਿਹਾ ਹੈ।
ਭਾਵੇਂ ਲਿਬਰਲ ਪਾਰਟੀ ਕੈਨੇਡਾ ਵਿੱਚ ਲਗਾਤਾਰ ਚੌਥੀ ਵਾਰ ਚੋਣ ਜਿੱਤਣ ਵਿੱਚ ਕਾਮਯਾਬ ਰਹੀ ਹੈ, ਪਰ ਨਵੇਂ ਪ੍ਰਧਾਨ ਮੰਤਰੀ ਲਈ ਕੈਨੇਡਾ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨਾ ਸੌਖਾ ਨਹੀਂ ਹੋਏਗਾ। ਇਸ ਦਾ ਕਾਰਨ ਇਹ ਹੈ ਕਿ ਸੰਸਾਰ ਵਿੱਚ ਹਾਲੇ ਵੀ ਦੋ ਗਹਿਗੱਚ ਜੰਗਾਂ (ਫਲਿਸਤੀਨ ਅਤੇ ਯੂਕਰੇਨ) ਚੱਲ ਰਹੀਆਂ ਹਨ, ਜਿਨ੍ਹਾਂ ਨੇ ਸਾਰੇ ਸੰਸਾਰ ਵਿੱਚ ਹੀ ਆਰਥਿਕ ਵਿਕਾਸ ਦਰ ਮੰਦੇ ਵੱਲ ਤੋਰ ਦਿੱਤੀ ਹੈ। ਡੋਨਾਲਡ ਟਰੰਪ ਨੇ ਇਨ੍ਹਾਂ ਜੰਗਾਂ ਨੂੰ ਖਤਮ ਕਰਵਾਉਣ ਦਾ ਚੋਣ ਵਾਅਦਾ ਕੀਤਾ ਸੀ, ਪਰ ਆਪਣੀਆਂ ਖਾਸੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਇਸ ਫਰੰਟ ‘ਤੇ ਹਾਲੇ ਤੱਕ ਅਸਫਲ ਹੀ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੂੰ ਆਸ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਉਨ੍ਹਾਂ ਦੀ ਗੱਲ ਮੋੜਨਗੇ ਨਹੀਂ, ਪਰ ਸੰਸਾਰ ਰਾਜਨੀਤੀ ਦੀਆਂ ਗੁੰਝਲਾਂ ਉਨ੍ਹਾਂ ਦੀ ਆਸ ਤੋਂ ਵਧੇਰੇ ਪੇਚੀਦਾ ਨਿਕਲੀਆਂ।
ਕੈਨੇਡਾ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਪੰਜਾਬੀ ਉਮੀਦਵਾਰ
ਕੈਨੇਡਾ ਦੀ ਪਾਰਲੀਮੈਂਟ ਦੇ ਹਾਊਸ ਆਫ ਕਾਮਨ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਪੰਜਾਬੀ ਮੂਲ ਦੇ 22 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਬਹੁਤੇ ਉਮੀਦਵਾਰ ਆਪਣੇ ਵਿਰੋਧ ਵਿੱਚ ਪੰਜਾਬੀ ਉਮੀਦਵਾਰਾਂ ਨੂੰ ਹਰਾ ਕੇ ਹੀ ਚੋਣ ਜਿੱਤੇ ਹਨ। ਬਰਨਬੀ ਕੇਂਦਰੀ ਹਲਕੇ ਤੋਂ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ 18 ਫੀਸਦੀ ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ ‘ਤੇ ਰਹੇ। ਕੈਲਗਰੀ ਪੂਰਬੀ ਹਲਕੇ ਤੋਂ ਜਸਰਾਜ ਹੱਲਣ, ਕੈਲਗਰੀ ਸਕਾਈ ਵਿਊ ਤੋਂ ਅਮਨਪ੍ਰੀਤ ਸਿੰਘ ਗਿੱਲ, ਐਡਮਿੰਟਨ ਗੇਟਵੇਅ ਤੋਂ ਟਿੰਮ ਉਪਲ, ਕੈਲਗਿਰੀ ਨਾਈਟ ਤੋਂ ਜਸਵਿੰਦਰ ਸਿੰਘ ਗਿੱਲ (ਸਾਰੇ ਕਨਜ਼ਰਵੇਟਿਵ) ਜੇਤੂ ਰਹੇ। ਐਡਮਿੰਟਨ ਦੱਖਣ ਪੂਰਬੀ ਹਲਕੇ ਤੋਂ ਜਗਸ਼ਰਨ ਸਿੰਘ ਮਾਹਲ ਨੇ ਸ਼ਹਿਰ ਦੇ ਮੇਅਰ ਅਤੇ ਪ੍ਰਭਾਵਸ਼ਾਲੀ ਉਮੀਦਵਾਰ ਅਮਰਜੀਤ ਸਿੰਘ ਸੋਹੀ ਨੂੰ ਹਰਾਇਆ। ਐਬਸਫੋਰਡ ਲੈਂਗਲੀ ਤੋਂ ਕਨਜ਼ਰਵੇਟਿਵ ਉਮੀਦਵਾਰ ਸੁਖਮਨ ਸਿੰਘ ਗਿੱਲ ਵੱਡੇ ਫਰਕ ਨਾਲ ਜਿੱਤੇ। ਸਰੀ ਕੇਂਦਰੀ ਤੋਂ ਰਣਦੀਪ ਸਿੰਘ ਸਰਾਏ ਅਤੇ ਸਰੀ ਨਿਊਟਨ ਤੋਂ ਸੁਖ ਧਾਲੀਵਾਲ (ਲਿਬਰਲ) ਜੇਤੂ ਰਹੇ। ਬਰੈਂਪਟਨ ਕੈਲੇਡਨ ਹਲਕੇ ਤੋਂ ਅਮਰਦੀਪ ਸਿੰਘ ਜੱਜ (ਕਨਜ਼ਰਵੇਟਿਵ) ਅਤੇ ਬਰੈਂਪਟਨ ਦੱਖਣੀ ਤੋਂ ਕਨਜ਼ਰਵੇਟਿਵ ਉਮੀਦਵਾਰ ਸੋਨੀਆ ਸਿੱਧੂ ਜੇਤੂ ਰਹੇ। ਬਰੈਂਪਟਨ ਪੱਛਮੀ ਤੋਂ ਅਮਰਜੀਤ ਸਿੰਘ ਗਿੱਲ ਕਮਲ ਖਹਿਰਾ ਨੂੰ ਹਰਾ ਕੇ ਜੇਤੂ ਰਹੇ। ਬਰੈਂਪਟਨ ਕੇਂਦਰੀ ਤੋਂ ਲਿਬਰਲ ਉਮੀਦਵਾਰ ਅਮਨਦੀਪ ਸਿੰਘ ਸੋਢੀ ਜੇਤੂ ਰਹੇ। ਸਾਬਕਾ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਓਕਵਿੱਲਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ।

Leave a Reply

Your email address will not be published. Required fields are marked *