ਪੰਜਾਬੀ ਪਰਵਾਜ਼ ਬਿਊਰੋ
ਅੰਮ੍ਰਿਤਸਰ ਇਲਾਕੇ ਦੇ ਮਜੀਠਾ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਨੇ ਇਕ ਵਾਰ ਫਿਰ 27 ਦੇ ਕਰੀਬ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ। 13 ਮਈ ਨੂੰ ਜਦੋਂ ਇਹ ਘਟਨਾ ਵਾਪਰੀ ਤਾਂ 21 ਲੋਕ ਤਾਂ ਹਸਪਤਾਲ ਪਹੁੰਚਣ ਤੋ ਪਹਿਲਾਂ ਆਪਣੀ ਜ਼ਿੰਦਗੀ ਤੋਂ ਹੱਥ ਧੋਅ ਬੈਠੇ ਸਨ, ਜਦਕਿ 10 ਜਣੇ ਗੰਭੀਰ ਬਿਮਾਰ ਸਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬਾਅਦ ਵਿੱਚ ਇਨ੍ਹਾਂ ਵਿੱਚੋਂ 6 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਦੇ ਤਹਿਤ ਮਜੀਠਾ ਹਲਕੇ ਵਿੱਚ ਪੈਂਦੇ ਪਿੰਡ ਭੰਗਾਲੀ, ਥਰੀਏਵਾਲ, ਮਰੜੀ ਕਲਾਂ, ਤਲਵੰਡੀ ਖੁੰਮਣ ਦੇ ਗਰੀਬ ਵਰਗ ਨਾਲ ਸੰਬੰਧਤ ਲੋਕ ਪ੍ਰਭਾਵਤ ਹੋਏ। ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਬਾਅਦ ਵਿੱਚ ਅੱਧੀ ਦਰਜਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਝ ਪਿੰਡਾਂ ਵਾਲੇ ਸ਼ੈਤਾਨ ਅਤੇ ਇੱਕ ਸ਼ਹਿਰੀ ਬਾਣੀਆਂ ਇਸ ਨਰਸੰਘਾਰ ਵਿੱਚ ਸ਼ਾਮਲ ਦੱਸਿਆ ਗਿਆ ਹੈ।
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਜਿਹੇ ਕਾਂਡ ਸਿਆਸਤਦਾਨਾਂ, ਪੁਲਿਸ ਅਤੇ ਨੌਕਰਸ਼ਾਹੀ ਦੇ ਗੱਠਜੋੜ ਦੀ ਮਿਲੀਭੁਗਤ ਨਾਲ ਵਾਪਰਦੇ ਹਨ। ਕਿੰਨੀ ਅਜੀਬ ਗੱਲ ਹੈ ਕਿ ਪੰਜਾਬ ਵਿੱਚ ਰਾਜ ਕਰ ਰਹੀ ਪਾਰਟੀ ਦੇ ਮੁੱਖ ਮੰਤਰੀ ਨੂੰ ਇਹ ਅਨੁਭਵ ਹੈ ਕਿ ਪੁਲਿਸ, ਅਫਸਰਸ਼ਾਹੀ ਅਤੇ ਸਿਆਸੀ ਆਗੂਆਂ ਦੀ ਸ਼ਹਿ ਜਾਂ ਮਿਲੀਭੁਗਤ ਤੋਂ ਬਿਨਾ ਇਸ ਕਿਸਮ ਦੇ ਕਾਂਡ ਵਾਪਰ ਨਹੀਂ ਸਕਦੇ। ਫਿਰ ਵੀ ਇਹ ਮਾਫੀਆ ਲੋਕਾਂ ਦੀਆਂ ਜਾਨਾਂ ਲੈਣ ਵਿੱਚ ਕਾਮਯਾਬ ਹੋ ਰਿਹਾ ਹੈ। ਉਂਝ ਮੁੱਖ ਮੰਤਰੀ ਨੇ ਇਹ ਠੀਕ ਹੀ ਨੋਟ ਕੀਤਾ ਹੈ ਕਿ ਇਹ ਹਾਦਸਾ ਨਹੀਂ ਹੈ, ਸਗੋਂ ਕਤਲ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਇਸ ਖੇਤਰ ਵਿੱਚ ਸ਼ਰਾਬ ਨੂੰ ਲੈ ਕੇ ਦੋ ਠੇਕੇਦਾਰਾਂ ਵਿਚਕਾਰ ਖਿੱਚੋਤਾਣ ਚੱਲ ਰਹੀ ਸੀ। ਠੇਕੇਦਾਰਾਂ ਦਾ ਵੱਡਾ ਗਰੁੱਪ ਮਹਿੰਗੀ ਸ਼ਰਾਬ ਵੇਚਦਾ ਹੈ ਤੇ ਛੋਟਾ ਗਰੁੱਪ ਰਤਾ ਸਸਤੀ, ਤਾਂ ਕਿ ਉਸ ਦੀ ਸ਼ਰਾਬ ਜ਼ਿਆਦਾ ਵਿਕ ਸਕੇ। ਪਰ ਸ਼ਰਾਬ ਨੂੰ ਹੋਰ ਸਸਤੀ ਕਰਨ ਦੇ ਚੱਕਰ ਵਿੱਚ ਇਸ ਨੂੰ ਮੈਥਨੋਲ ਤੋਂ ਕੈਮੀਕਲੀ ਤਿਆਰ ਕਰਨ ਦੀਆਂ ਮਿੰਨੀ ਫੈਕਟਰੀਆਂ ਘਰਾਂ ਵਿੱਚ ਲੱਗ ਜਾਂਦੀਆਂ ਹਨ। ਮੈਥਨੋਲ ਦੀ ਮਾਤਰਾ ਵਧ ਲਏ ਜਾਣ ਕਾਰਨ ਕਈ ਵਾਰ ਲੋਕਾਂ ਦੀਆਂ ਲਾਸ਼ਾਂ ਵਿਛ ਜਾਂਦੀਆਂ ਹਨ। ਇਸੇ ਕਿਸਮ ਦੀ ਘਟਨਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 29 ਜੁਲਾਈ 2020 ਵਿੱਚ ਵੀ ਵਾਪਰੀ ਸੀ। ਇਸ ਵਿੱਚ ਸਵਾ ਸੌ ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੀਆਂ ਮੌਤਾਂ ਨਾਲ ਨਕਲੀ ਹਮਦਰਦੀ ਪ੍ਰਗਟ ਕਰਨ ਵਾਲੇ ਵਿਰੋਧੀ ਸਿਆਸੀ ਲੀਡਰ ਆਪਣੇ ਰਾਜਨੀਤਿਕ ਮਕਸਦ ਸਾਧਣ ਲਈ ਮੱਖੀਆਂ ਵਾਂਗ ਲਾਸ਼ਾਂ ਦੁਆਲੇ ਭਿਣਕਣ ਲਗਦੇ ਹਨ। ਪਰ ਜਦੋਂ ਉਨ੍ਹਾਂ ਦੇ ਆਪਣੇ ਰਾਜ ਸਮੇਂ ਇਸ ਕਿਸਮ ਦੀ ਘਟਨਾਵਾਂ ਵਾਪਰਦੀਆਂ ਹਨ ਤਾਂ ਇਹੋ ਆਗੂ ਕੁਝ ਵੀ ਨਹੀਂ ਕਰ ਪਾਉਂਦੇ। ਹਰ ਸਿਆਸੀ ਆਗੂ ਆਪਣੇ ਰਾਜ ਭਾਗ ਵੇਲੇ ਹੋਣ ਵਾਲੀ ਹਰੇਕ ਮਾੜੀ ਘਟਨਾ ਨੂੰ ਪਹਿਲਾਂ ਰਾਜ ਕਰ ਚੁੱਕੀ ਪਾਰਟੀ ਨਾਲ ਜੋੜ ਦਿੰਦਾ ਹੈ। ਇਹ ਅਸਲ ਵਿੱਚ ਸਿਰ ਪਈਆਂ ਘਟਨਾਵਾਂ ਤੋਂ ਬਚਣ ਦਾ ਇਕ ਢੰਗ ਮਾਤਰ ਹੀ ਹੈ।
ਆਮ ਆਦਮੀ ਪਾਰਟੀ ਦੇ ਰਾਜ ਵਿੱਚ ਇਸੇ ਕਿਸਮ ਦੀ ਸ਼ਰਾਬ ਨਾਲ ਵਾਪਰਨ ਵਾਲੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਸੁਨਾਮ ਖੇਤਰ ਦੇ ਕੁਝ ਪਿੰਡਾਂ ਵਿੱਚ ਵੀ ਬਿਲਕੁਲ ਇਹੋ ਕੁਝ ਵਾਪਰਿਆ ਸੀ। ਇੰਜ ਲਗਦਾ ਹੈ ਕਿ ਜਿਵੇਂ ਇਹ ਉਸੇ ਘਟਨਾ ਦਾ ਦੁਹਰਾਅ ਹੋਵੇ। ਹੋ ਸਕਦਾ ਹੈ ਕਿ ਇਨ੍ਹਾਂ ਘਟਨਾਵਾਂ ਵਿਚਕਾਰ ਕੋਈ ਸਾਂਝੀ ਕੜੀ ਜੁੜੀ ਹੋਈ ਵੀ ਨਿਕਲ ਆਵੇ। ਗੰਦੀ ਅਤੇ ਜ਼ਹਿਰਲੀ ਸ਼ਰਾਬ ਪੀਣ ਕਾਰਨ ਮੌਤਾਂ ਹੋਣ ਦੀਆਂ ਘਟਨਾਵਾਂ ਕਦੀ ਯੂ.ਪੀ. ਅਤੇ ਬਿਹਾਰ ਵਰਗੇ ਰਾਜਾਂ ਵਿੱਚ ਵਾਪਰਿਆ ਕਰਦੀਆਂ ਸਨ। ਹੁਣ ਇਹ ਪੰਜਾਬ ਵਿੱਚ ਹਰ ਮਾਹੀ ਛਿਮਾਹੀ ਵਾਪਰਨ ਲੱਗੀਆਂ ਹਨ। ਸਸਤੀ ਸ਼ਰਾਬ ਪੀਣ ਦੀ ਲਲਕ ਅਸਲ ਵਿੱਚ ਪੈਸਿਆਂ ਦੀ ਥੁੜ੍ਹ ਕਾਰਨ ਗਰੀਬ ਗੁਰਬੇ ਵਿੱਚ ਉੱਠਦੀ ਹੈ। ਇਹ ਘਟਨਾਵਾਂ ਅਜਿਹੀ ਸੂਚਨਾ ਵੀ ਦਿੰਦੀਆਂ ਹਨ ਕਿ ਪੈਸੇ ਧੇਲੇ ਪੱਖੋਂ ਪੰਜਾਬ ਵਿੱਚ ਜ਼ਿੰਦਗੀ ਦਾ ਪੱਧਰ ਡਿੱਗ ਰਿਹਾ ਹੈ। ਠੇਕਿਆਂ ਤੋਂ ਵਿਕਣ ਵਾਲੀ ਮਹਿੰਗੀ ਸ਼ਰਾਬ ਇਹ ਲੋਕ ਖਰੀਦ ਨਹੀਂ ਸਕਦੇ ਅਤੇ ਇਸ ਦਾ ਫਾਇਦਾ ਪਿੰਡਾਂ ਵਿੱਚ ਵੱਸਦੇ ਕੁਝ ਸ਼ਾਤਰ ਲੋਕ ਅਤੇ ਸ਼ਹਿਰਾਂ ਦੇ ਵਿਗੜੇ ਬਾਣੀਏ ਉਠਾਉਂਦੇ ਹਨ। ਇਨ੍ਹਾਂ ਲੋਕਾਂ ਦਾ ਸਰਕਾਰੇ ਦਰਬਾਰੇ ਚੰਗਾ ਹੱਥ ਪੈਂਦਾ ਹੁੰਦਾ ਹੈ। ਜਦੋਂ ਵਾਪਰੀ ਘਟਨਾ ਨੂੰ ਆਮ ਲੋਕ ਵਿੱਸਰ ਜਾਂਦੇ ਹਨ ਤਾਂ ਆਪਣੇ ਸਿਆਸੀ ਅਤੇ ਪ੍ਰਸ਼ਾਸਨਿਕ ਕਿੱਲੇ ਦੇ ਜ਼ੋਰ ਇਹ ਲੋਕ ਕੇਸਾਂ ਕੂਸਾਂ ਵਿੱਚੋਂ ਸਾਫ ਬਚ ਨਿਕਲਦੇ ਹਨ ਅਤੇ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਗਲੀਚ ਧੰਦਾ ਫਿਰ ਕਰਨ ਲਗਦੇ ਹਨ। ਕਿਉਂਕਿ ਸਿਆਸੀ ਪ੍ਰਸ਼ਾਸਨਿਕ ਸਰਪ੍ਰਸਤੀ ਤਾਂ ਕੋਲ ਹੁੰਦੀ ਹੀ ਹੈ। ਇਹ ਵੈਸੇ ਕਿੱਡਾ ਵਿਅੰਗ ਹੈ ਕਿ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਉਤੇ ਕਿੰਨਾ ਜ਼ੋਰ ਲਗਾ ਹੋਇਆ ਹੈ ਅਤੇ ਇੱਕ ਨਾਜਾਇਜ਼ ਕੈਮਕੀਲ ਨਾਲ ਬਣੇ ਨਸ਼ੇ ਨਾਲ ਦੋ ਦਰਜਨ ਤੋਂ ਵੱਧ ਮੌਤਾਂ ਹੋ ਗਈਆਂ ਹਨ! ਫਿਰ ਯੁੱਧ ਕੀਹਦੇ ਵਿਰੁੱਧ ਚੱਲ ਰਿਹਾ ਹੈ?
ਹੁਣ ਆਪਣੇ ਵਿਰੋਧੀ ਸਿਆਸੀ ਆਗੂਆਂ ਨੂੰ ਵੇਖੋ ਜ਼ਰਾ ਕਿ ਉਹ ਇਸ ਘਟਨਾ ਬਾਰੇ ਕਿਵੇਂ ਹੁੱਬ ਕੇ ਬੋਲਦੇ ਹਨ। ਪਰ ਜਦੋਂ ਇਨ੍ਹਾਂ ਦਾ ਰਾਜ ਆਇਆ ਤਾਂ ਹੁਣ ਵਾਲਿਆਂ ਨੇ ਧਰਮ ਪੁੱਤਰ ਬਣ ਜਾਣਾ ਹੈ ਅਤੇ ਇਹੋ ਕੁਝ ਆਖਣਾ ਹੈ, ਜੋ ਹੁਣ ਵਾਲੇ ਸਿਆਸੀ ਵਿਰੋਧੀ ਆਖ ਰਹੇ ਹਨ। ਇਸ ਘਟਨਾ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂ ਅਤੇ ਵਿਧਾਇਕ ਸਿੱਧੇ ਤੌਰ ‘ਤੇ ਇਸ ਧੰਦੇ ਵਿੱਚ ਸ਼ਾਮਲ ਹਨ। ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਵਾਲਾ “ਸ਼ਰਾਬ ਮਾਫੀਆ” ਹੁਣ ਪੰਜਾਬ ਵਿੱਚ ਸਰਗਰਮ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਜੇਲ੍ਹਾਂ ਕੱਟਣ ਵਾਲੇ ਲੋਕ ਹੁਣ ਚੰਡੀਗੜ੍ਹ ਵਿੱਚ ਬੈਠ ਕੇ ਸਰਕਾਰ ਚਲਾ ਰਹੇ ਹਨ। ਸੁਨੀਲ ਜਾਖੜ ਦਾ ਇਹ ਬਿਆਨ ਦਿੱਲੀ ਵਿੱਚ ਸ਼ਰਾਬ ਮਾਫੀਏ ਵਿੱਚ ਫਸੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲ ਇਸ਼ਾਰਾ ਕਰਦਾ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਇੱਕ ਪ੍ਰਤੀਕਰਮ ਵਿੱਚ ਕਿਹਾ ਕਿ ਇਸ ਘਟਨਾ ਲਈ ਮੁੱਖ ਮੰਤਰੀ, ਆਬਕਾਰੀ ਮੰਤਰੀ ਜ਼ਿਮੇਵਾਰ ਹਨ, ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਨਿਆਂਇਕ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।
ਨਿਆਂਇਕ ਜਾਂਚ ਕਰਵਾਉ, ਮੰਤਰੀ/ਮੁੱਖ ਮੰਤਰੀ ਅਸਤੀਫਾ ਦੇਵੇ/ਵਿਭਾਗੀ ਜਾਂਚ ਲਈ ਕਮੇਟੀ ਬਣਾਉ/ਟ੍ਰਿਬਿਊਨਲ ਬਣਾਉ ਕਾਹਦੇ ਲਈ? ਪਿੰਡ ਦੇ ਸਧਾਰਨ/ਅਨਪੜ੍ਹ ਬੰਦੇ ਨੂੰ ਪੁੱਛੋ ਬਈ ਇਹਦਾ ਕੀ ਨਤੀਜਾ ਨਿਕਲੇਗਾ? ਆਖੇਗਾ, ‘ਕੁਸ਼ ਨੀ ਹੋਣਾ ਏਥੇ, ਚੋਰਾਂ ਨਾਲ ਕੁੱਤੀ ਰਲੀ ਹੋਈ ਹੈ।’ ਇਹ ਜਿਹੜਾ ‘ਕੁਸ਼ ਨੀ ਹੋਣਾ ਏਥੇ’ ਇਹ ਪੰਜਾਬੀ ਬੰਦੇ ਦੇ ਅੰਦਰ ਬਹੁਤ ਡੂੰਘਾ ਧਸ ਗਿਆ ਹੈ। ਵਿਸ਼ੇਸ਼ ਕਰਕੇ ਨੌਜਵਾਨਾਂ ਦੇ। ਇਸੇ ਲਈ ਪਰਵਾਸ ਰੁਕ ਨਹੀਂ ਰਿਹਾ। ਨੌਜਵਾਨਾਂ ਦੇ ਹਿੱਸੇ ਦੇ ਦੁੱਧ ਦੀ ਰਾਖੀ ਅਸੀਂ ਸਿਆਸੀ ਬਿੱਲੇ ਬਿਠਾਏ ਹੋਏ ਹਨ। ਇਨ੍ਹਾਂ ਬਿੱਲਿਆਂ/ਕੁੱਤਿਆਂ ਦੇ ਮੂੰਹ ਨੂੰ ਆਪਣੇ ਹੀ ਲੋਕਾਂ ਦਾ ਲਹੂ ਲੱਗਿਆ ਹੋਇਆ ਹੈ। ਇਸੇ ਲਈ ਕਿਸੇ ਵੀ ‘ਬਦਲਾਅ’ ਦੀਆਂ ਆਸਾਂ ਮੁੱਕਦੀਆਂ ਜਾ ਰਹੀਆਂ ਹਨ। ਜਮਹੂਰੀਅਤ ਦੇ ਪਰਦੇ ਹੇਠ ਇੱਕ ਪੁਰਖੀ ਤਾਨਾਸ਼ਾਹੀਆਂ ਦਾ ਪਸਾਰਾ ਹੋਣ ਲੱਗਾ ਹੈ। ਇਹ ਉਧਰ ਵੀ ਇਵੇਂ ਹੋਣ ਲੱਗਾ ਹੈ ਹੁਣ, ਜਿਨ੍ਹਾਂ ਨੂੰ ਅਸੀਂ ਵਿਕਸਤ ਮੁਲਕ ਸਮਝਦੇ ਸਾਂ। ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਗਾਜ਼ਾ ਪੱਟੀ ਦੇ ਮਕਾਨਾਂ ਦੀ ਮਿੱਟੀ ਇਸ ਦੇ ਬੱਚਿਆਂ ਦੇ ਲਹੂ ਨਾਲ ਗੁੰਨ੍ਹੀ ਨਾ ਜਾਂਦੀ। ਇੱਥੇ ਹੀ ਬੱਸ ਨਹੀਂ, ਇਜ਼ਰਾਇਲ ਦਾ ਇੱਕ ਮਾਨਸਿਕ ਰੋਗੀ (ਸਾਈਕੋਪੈਥ) ਪ੍ਰਧਾਨ ਮੰਤਰੀ ਥੇਹ ਬਣੀ ਗਾਜ਼ਾ ਪੱਟੀ ਦੀਆਂ ਤਰੇੜਾਂ ਵਿੱਚ ਓਟ ਲਈ ਬੈਠੀ ਜ਼ਿੰਦਗੀ ‘ਤੇ ਬੰਬ ਸੁੱਟੀ ਜਾ ਰਿਹਾ ਹੈ ਅਤੇ ਉਸ ਦਾ ਇੱਕ ਭਰਾ ਇਨ੍ਹਾਂ ਥੇਹਾਂ ‘ਤੇ ਆਲੀਸ਼ਾਨ ਚੱਕਲੇ ਬਣਾਉਣ ਦੀ ਤਾਕ ਵਿੱਚ ਬੈਠਾ ਹੈ। ਸਾਰਾ ਸੰਸਾਰ ਚੁੱਪ ਹੈ। ਕਥਿਤ ਮੁਸਲਮਾਨ ਮੁਲਕਾਂ ਦੇ ਹਾਕਮ ਉਪਰੋਕਤ ਪਾਗਲਾਂ ਨੂੰ ਕਰੋੜਾਂ ਡਾਲਰ ਦੇ ਤੋਹਫੇ ਦੇਣ ਲੱਗੇ ਹੋਏ ਹਨ। ਆਹਾਂ, ਹਾਉਕੇ, ਹਾਅ ਦੇ ਨਾਹਰੇ ਮਾਰਨ ਵਾਲੇ ਵੀ ਨਜ਼ਰ ਨਹੀਂ ਆਉਂਦੇ। ਇਹ ਬਾਂਝ ਧਰਤੀ ਹੁਣ ਕਿਸੇ ਰੱਬ ਨੂੰ ਮਿਹਣਾ ਮਾਰਨ ਵਾਲੇ ਪੈਗੰਬਰ ਦੀ ਉਡੀਕ ਕਰ ਰਹੀ ਹੈ।