*ਫੌਜੀ ਮਾਮਲਿਆਂ ਵਿੱਚ ਭਾਰਤ ਭਾਰੂ ਰਿਹਾ ਅਤੇ ਕੌਮਾਂਤਰੀ ਕੂਟਨੀਤੀ ਵਿੱਚ ਪਾਕਿਸਤਾਨ
ਜਸਵੀਰ ਸਿੰਘ ਮਾਂਗਟ
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਿੰਨ ਦਿਨ ਚੱਲੀ ਜੰਗ ਨੇ ਨਾ ਸਿਰਫ ਏਸ਼ੀਆ ਦੇ ਮੁਲਕਾਂ ਦੇ ਰਵਾਇਤੀ ਸਿਆਸੀ ਸਮੀਕਰਨਾਂ ਨੂੰ ਇੱਕ ਜ਼ਬਰਦਸਤ ਝੰਜੋੜਾ ਦੇ ਦਿੱਤਾ ਹੈ, ਸਗੋਂ ਤਕਰੀਬਨ ਪੂਰੀ ਦੁਨੀਆਂ ਦੇ ਸਿਆਸੀ ਚਿੰਤਨ ਨੂੰ ਵੀ ਹਲੂਣ ਕੇ ਰੱਖ ਦਿੱਤਾ ਹੈ। ਇਸ ਛੋਟੀ ਜਿਹੀ ਜੰਗ ਨੇ ਪੱਛਮੀ ਜੰਗੀ ਤਕਨੌਲੋਜੀ ਬਾਰੇ ਬਣੀਆਂ ਬਹੁਤ ਸਾਰੀਆਂ ਮਿੱਥਾਂ ਤੋੜ ਦਿੱਤੀਆਂ ਹਨ।
ਜੰਗੀ ਬਵਾਲ ਤੋਂ ਬਾਅਦ ਨਿੱਤਰ ਕੇ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਭਾਵੇਂ ਫੌਜੀ, ਹਵਾਈ ਮਿਜ਼ਾਈਲ ਨਿਸ਼ਾਨਿਆਂ ਨੂੰ ਵਿੰਨ੍ਹਣ ਦੇ ਮਾਮਲੇ ਵਿੱਚ ਭਾਰਤ ਦਾ ਹੱਥ ਉੱਪਰ ਰਿਹਾ, ਪਰ ਪਾਕਿਸਤਾਨ ਠੰਡੇ ਪੈ ਗਏ ਕਸ਼ਮੀਰ ਮਾਮਲੇ ਦਾ ਇੱਕ ਵਾਰ ਫਿਰ ਕੌਮਾਂਤਰੀਕਰਨ ਕਰਨ ਵਿੱਚ ਕਾਮਯਾਬ ਰਿਹਾ। ਇਸ ਦੇ ਉਲਟ ਭਾਰਤ ਕਸ਼ਮੀਰ ਮਾਮਲੇ ਨੂੰ ਦੁਵੱਲੇ ਸੰਬੰਧਾਂ ਤੱਕ ਸੀਮਤ ਕਰਨ ਦਾ ਅਸਫਲ ਯਤਨ ਕਰਦਾ ਰਿਹਾ। ਪਾਕਿਸਤਾਨ ਨੇ ਜੰਗ ਰੁਕਵਾਉਣ ਲਈ ਅਮਰੀਕਾ ਦਾ ਧੰਨਵਾਦ ਕੀਤਾ, ਜਦੋਂਕਿ ਭਾਰਤ ਦਾ ਦਾਅਵਾ ਸੀ ਕਿ ਦੋਨੋ ਮੁਲਕਾਂ ਦੇ ਫੌਜੀ ਡਾਇਰੈਕਟਰ ਜਨਰਲਾਂ ਵਿਚਕਾਰ ਹੋਈ ਗੁਫਤਗੂ ਤੋਂ ਬਾਅਦ ਇਹ ਜੰਗਬੰਦੀ ਹੋਈ ਅਤੇ ਇਸ ਜੰਗ ਨੂੰ ਬੰਦ ਕਰਨ ਦੀ ਅਪੀਲ ਵੀ ਪਾਕਿ ਪੱਖ ਵੱਲੋਂ ਕੀਤੀ ਗਈ।
ਇਸ ਦੁਵੱਲੀ ਜੰਗ ਵਿੱਚ ਭਾਰਤ ਦੀ ਵਿਦੇਸ਼ ਨੀਤੀ ਨੂੰ ਪਹੁੰਚੇ ਹਰਜੇ ਦਾ ਹੀ ਸਿੱਟਾ ਹੈ ਕਿ ਭਾਰਤ ਵੱਲੋਂ ਇੱਕ ਸਰਬ ਪਾਰਟੀ ਵਫਦ ਵਿਦੇਸ਼ਾਂ ਵਿੱਚ ਭਾਰਤ ਦਾ ਕੌਮਾਂਤਰੀ ਪੱਖ ਰੱਖਣ ਲਈ ਭੇਜਿਆ ਜਾ ਰਿਹਾ ਹੈ। ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਕਾਂਗਰਸ ਪਾਰਟੀ ਦੀ ਲੀਡਰਸ਼ਿੱਪ ਦੀ ਸਹਿਮਤੀ ਤੋਂ ਬਿਨਾ ਇਸ ਵਫਦ ਵਿੱਚ ਸ਼ਾਮਲ ਕਰਨ ਕਾਰਨ ਦੋਹਾਂ ਪਾਰਟੀਆਂ ਵਿੱਚ ਇੱਕ ਕਸ਼ਮਕਸ਼ ਵੀ ਚੱਲ ਪਈ ਹੈ। ਸ਼ਸ਼ੀ ਥਰੂਰ ਅਮਰੀਕਾ ਜਾਣ ਵਾਲੇ ਵਫਦ ਦੀ ਅਗਵਾਈ ਕਰ ਸਕਦੇ ਹਨ। ਸ਼ਸ਼ੀ ਥਰੂਰ ਨੇ ਸਰਕਾਰ ਦੀ ਇਹ ਪੇਸ਼ਕਸ਼ ਸਵੀਕਾਰ ਵੀ ਕਰ ਲਈ ਹੈ। ਇਸ ਤੋਂ ਬਿਨਾ ਡੀ.ਐਮ.ਕੇ. ਦੇ ਕੰਨੀ ਮੋੜੀ, ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਅਤੇ ਬੈਜਯੰਤ ਪਾਂਡਾ, ਜੇ.ਡੀ.ਯੂ. ਦੇ ਸੰਜੈ ਕੁਮਾਰ ਝਾਅ, ਐਨ.ਸੀ.ਪੀ. ਦੇ ਸੁਪਰੀਆ ਸੂਲੇ ਅਤੇ ਸ਼ਿਵ ਸੈਨਾ ਦੇ ਸ੍ਰੀਕਾਂਤ ਸ਼ਿੰਦੇ ਵੱਲੋਂ ਵੀ ਵੱਖੋ-ਵੱਖਰੇ ਦੇਸ਼ਾਂ ਲਈ ਜਾਣ ਵਾਲੇ ਸਰਬ ਪਾਰਟੀ ਵਫਦਾਂ ਦੀ ਅਗਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਉਧਰ ਪਾਕਿਸਤਾਨ ਨੇ ਵੀ ਆਪਣੇ ਇੱਕ ਵਿਰੋਧੀ ਧਿਰ ਦੇ ਆਗੂ ਬਿਲਾਵਲ ਭੁੱਟੋ ਜਰਦਾਰੀ ਦੀ ਅਗਵਾਈ ਵਿੱਚ ਪ੍ਰਮੁੱਖ ਮੁਲਕਾਂ ਦੇ ਨੁਮਾਇੰਦਿਆਂ ਕੋਲ ਆਪਣਾ ਵਫਦ ਭੇਜਣ ਦਾ ਫੈਸਲਾ ਕੀਤਾ ਹੈ।
ਇਸ ਜੰਗ ਨਾਲ ਪੱਛਮੀ ਮੁਲਕਾਂ, ਖ਼ਾਸ ਕਰਕੇ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਸੰਯੁਕਤ ਰਾਸ਼ਟਰ ਜਿਹੀਆਂ ਸੰਸਥਾਵਾਂ ਨੂੰ ਵੀ ਮਾਮਲੇ ਵਿੱਚ ਦਖਲ ਦੇਣ ਦਾ ਮੌਕਾ ਮਿਲ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾਂ ਮੁਲਕਾਂ ਵਿਚਕਾਰ ਹੋਈ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਸਜਾਉਣ ਦਾ ਸਿਰ ਤੋੜ ਯਤਨ ਕੀਤਾ; ਪਰ ਕੁਝ ਹੀ ਦਿਨਾਂ ਬਾਅਦ ਆਪਣੇ ਇੱਕ ਹੋਰ ਬਿਆਨ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਦੋਨੋ ਮੁਲਕਾਂ ਦੇ ਆਗੂਆਂ ਨੂੰ ਕਿਹਾ ਸੀ ਕਿ ਜੇ ਉਹ ਜੰਗ ਜਾਰੀ ਰੱਖਣਗੇ ਤਾਂ ਉਨ੍ਹਾਂ ਨਾਲ ਅਮਰੀਕਾ ਵਪਾਰ (ਟਰੇਡ) ਨਹੀਂ ਕਰੇਗਾ। ਇੰਝ ਟਰੇਡ ਦੇ ਲਾਲਚ ਵਿੱਚ ਇਹ ਦੋਨੋਂ ਮੁਲਕ ਜੰਗਬੰਦੀ ਕਰਨ ਲਈ ਮੰਨ ਗਏ। ਅਮਰੀਕੀ ਰਾਸ਼ਟਰਪਤੀ ਦਾ ਇਹ ਵੀ ਆਖਣਾ ਹੈ ਕਿ ਦੋਹਾਂ ਮੁਲਕਾਂ ਵਿਚਕਾਰ ਪ੍ਰਮਾਣੂ ਕਲੇਸ਼ ਸੰਭਵ ਸੀ, ਇਸ ਲਈ ਅਮਰੀਕਾ ਵੱਲੋਂ ਇਸ ਜੰਗ ਨੂੰ ਰੁਕਵਾਉਣ ਲਈ ਤੇਜ਼ੀ ਨਾਲ ਯਤਨ ਕੀਤੇ ਗਏ। ਟਰੰਪ ਨੇ ਕਸ਼ਮੀਰ ਮਸਲੇ ਨੂੰ ਸੁਲਝਾਉਣ ਲਈ ਦੋਹਾਂ ਮੁਲਕਾਂ ਵਿਚਕਾਰ ਵਿਚੋਲਗੀ ਕਰਨ ਦੀ ਗੱਲ ਵੀ ਕਹੀ।
ਯਾਦ ਰਹੇ, ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਕਾਂਗਰਸ ਪਾਰਟੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਭਾਵੇਂ ਪਾਕਿਸਤਾਨ ਵਿਰੁਧ ਕਾਰਵਾਈ ਲਈ ਕੇਂਦਰ ਸਰਕਾਰ ਨੂੰ ਸਹਿਮਤੀ ਦਿੱਤੀ ਸੀ, ਪਰ ਕਾਂਗਰਸ ਨੇ ਇਸ ਦੌਰਾਨ ਸੱਤਾਵਾਨ ਪਾਰਟੀ ਵੱਲੋਂ ਕੀਤੀਆਂ ਗਈਆਂ ਗੰਭੀਰ ਗਲਤੀਆਂ `ਤੇ ਉਂਗਲ ਵੀ ਧਰੀ ਸੀ। ਕਾਂਗਰਸ ਪਾਰਟੀ ਦੇ ਆਗੂ ਮਲਿਕਾਰਜੁਨ ਖੜਗੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਇੱਕ ਵਾਰ ਫਿਰ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪਿੜ ਵਿੱਚ ਲੈ ਗਈ ਹੈ। ਕਾਂਗਰਸ ਪਾਰਟੀ ਨੇ ਇਸ ਮਸਲੇ ਨੂੰ ਲੈ ਕੇ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਵੀ ਮੰਗ ਕੀਤੀ ਹੈ।
ਦੋਹਾਂ ਮੁਲਕਾਂ ਵਿਚਕਾਰ ਹੋਈਆਂ ਇਨ੍ਹਾਂ ਝੜਪਾਂ ਨੇ ਇਹ ਵੀ ਦਰਸਾਇਆ ਹੈ ਕਿ ਆਪਣੀ ਆਰਥਿਕ ਮਜ਼ਬੂਤੀ ਦੇ ਨਾਲ-ਨਾਲ ਚੀਨ ਵਿਗਿਆਨਕ ਅਤੇ ਫੌਜੀ ਤਕਨੀਕਾਂ ਵਿੱਚ ਵੀ ਅਮਰੀਕਾ ਅਤੇ ਹੋਰ ਪੱਛਮੀ ਤਾਕਤਾਂ ਨੂੰ ਮੋਢਾ ਮਾਰਨ ਲੱਗਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਏਸ਼ੀਆ ਤੋਂ ਇਲਾਵਾ ਦੁਨੀਆਂ ਭਰ ਵਿੱਚ ਸਿਆਸੀ, ਰਣਨੀਤਿਕ ਅਤੇ ਫੌਜੀ ਪਾਲਬੰਦੀ ਦੇ ਨਵੇਂ ਸਮੀਕਰਨ ਉਭਰਨਗੇ। ਕੌਮਾਂਤਰੀ ਫੌਜੀ ਮਾਹਿਰਾਂ ਅਨੁਸਾਰ ਭਾਵੇਂ ਫੌਜੀ ਟਿਕਾਣਿਆਂ, ਤਕਨੀਕ ਅਤੇ ਸਾਜ਼ੋ-ਸਮਾਨ ਦੇ ਹਿਸਾਬ ਨਾਲ ਅਮਰੀਕਾ ਹਾਲੇ ਵੀ ਇੱਕ ਵਿਸ਼ਵ ਸ਼ਕਤੀ ਹੈ, ਪਰ ਚੀਨ ਉਸ ਦੇ ਮੁਕਾਬਲੇ ਇੱਕ ਵੱਡੀ ਤਾਕਤ ਬਣ ਕੇ ਤੇਜ਼ੀ ਨਾਲ ਉਭਰ ਰਿਹਾ। ਚੀਨ ਦੇ ਇਸ ਤੇਜ਼ ਉਭਾਰ ਨੂੰ ਬਹੁਤੇ ਖੱਬੇ-ਪੱਖੀ ਚਿੰਤਕ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਨਾਲ ਜੋੜ ਕੇ ਵੇਖਦੇ ਹਨ। ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਚੀਨੀ ਸਭਿਆਚਾਰਕ ਵਿਰਾਸਤ ਵੀ ਨਿਰੇ ਆਦਰਸ਼ਵਾਦ ਨਾਲੋਂ ਪ੍ਰੈਗਮੈਟਿਕ ਆਦਰਸ਼ਵਾਦ `ਤੇ ਜ਼ੋਰ ਦਿੰਦੀ ਹੈ। ਚੀਨੀ ਕਮਿਊਨਿਸਟ ਪਾਰਟੀ ਆਪਣੇ ਸਭਿਆਚਾਰ ਅਤੇ ਇਤਿਹਾਸ ਵਿੱਚ ਭਿੱਜੀ ਹੋਈ ਸਿਆਸੀ ਸੰਸਥਾ ਹੈ।
ਭਾਰਤ-ਪਾਕਿ ਝੜਪਾਂ ਦੌਰਾਨ ਦੋਹਾਂ ਪਾਸੇ ਜਾਨ-ਮਾਲ ਦਾ ਨੁਕਸਾਨ ਹੋਇਆ। ਜ਼ਿਆਦਾ ਨੁਕਸਾਨ ਜੰਮੂ ਕਸ਼ਮੀਰ ਵਾਲੀ ਸਰਹੱਦ ਦੇ ਆਰ-ਪਾਰ ਹੋਇਆ। ਭਾਰਤੀ ਫੌਜੀ ਅਫਸਰਾਂ ਵੱਲੋਂ ਬਾਅਦ ਵਿੱਚ ਕੀਤੀ ਗਈ ਬਰੀਫਿੰਗ ਵਿੱਚ ਦੱਸਿਆ ਗਿਆ ਪਹਿਲੇ ਹਵਾਈ ਹਮਲਿਆਂ ਵਿੱਚ ਹੀ ਭਾਰਤੀ ਹਵਾਈ ਸੈਨਾ ਨੇ 100 ਅਤਿਵਾਦੀ ਮਾਰ ਮੁਕਾਏ। ਦੂਜੇ ਪਾਸੇ ਪਾਕਿਸਤਾਨ ਨੇ ਇਸ ਪਹਿਲੀ ਝੱਟ ਵਿੱਚ ਹੀ ਭਾਰਤ ਦੇ 5 ਲੜਾਕੂ ਹਵਾਈ ਜਹਾਜ਼ ਗਿਰਾ ਲੈਣ ਦਾ ਦਾਅਵਾ ਕੀਤਾ, ਜਿਨ੍ਹਾਂ ਵਿੱਚ ਤਿੰਨ ਫਰਾਂਸ ਦੇ ਬਣੇ ਲੜਾਕੂ ਹਵਾਈ ਜਹਾਜ਼ ‘ਰਾਫੇਲ’ ਦੱਸਿਆ ਗਿਆ ਹੈ। ਜਦਕਿ ਭਾਰਤ ਵੱਲੋਂ ਇਸ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ। ਰਾਫੇਲ ਜਹਾਜ਼ਾਂ ਦੇ ਫੁੰਡੇ ਜਾਣ ਦੀ ਖ਼ਬਰ ਆਉਣ ਨਾਲ ਇਸ ਨੂੰ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ ਇਕਦਮ ਡਿੱਗ ਗਏ, ਜਦਕਿ ਜੇ-10 ਹਵਾਈ ਜਹਾਜ ਬਣਾਉਣ ਵਾਲੀ ਚੀਨੀ ਕੰਪਨੀ ਦੇ ਸ਼ੇਅਰ ਇਕਦਮ ਚੜ੍ਹਨ ਲੱਗੇ।
ਮਿਲਟਰੀ ਤਕਨੀਕ, ਸਮਰੱਥਾ ਅਤੇ ਨਿਸ਼ਾਨੇ `ਤੇ ਮਾਰਨ ਦੀ ਤਾਕਤ ਦੇ ਹਿਸਾਬ ਨਾਲ ਭਾਰਤੀ ਫੌਜੀ ਦਸਤੇ ਪਾਕਿਸਤਾਨ ਨਾਲੋਂ ਕਿਤੇ ਬੇਹਤਰ ਨਜ਼ਰ ਆਏ; ਪਰ ਤੁਰਕੀ, ਚੀਨ ਅਤੇ ਅਜ਼ਰਾਬਾਈਜਾਨ ਜਿਹੇ ਮੁਲਕਾਂ ਦੀ ਇੱਕ ਪਾਸੜ ਹਮਾਇਤ ਨੇ ਪਾਕਿਸਤਾਨੀ ਫੌਜੀ ਸ਼ਕਤੀ ਨੂੰ ਵੱਡੀ ਢਾਰਸ ਬਖ਼ਸ਼ੀ। ਭਾਰਤੀ ਫੌਜੀ ਦਸਤਿਆਂ ਦੀ ਹਲਚਲ ਨੂੰ ਨੋਟ ਕਰਨ ਦੇ ਮਾਮਲੇ ਵਿੱਚ ਚੀਨ ਦੀ ਬੇਹਤਰ ਸੈਟੇਲਾਈਟ ਪ੍ਰਣਾਲੀ ਅਤੇ ਸੁਧਰੇ ਹੋਏ ਰਾਡਾਰ ਸਿਸਟਮ ਨੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਜ਼ਮੀਨੀ ਅਤੇ ਹਵਾਈ ਫੌਜ ਨੂੰ ਪੱਬਾਂ ਭਾਰ ਕਰੀ ਰੱਖਿਆ। ਇਸ ਤਿਆਰੀ ਕਾਰਨ ਹੀ ਪਾਕਿਸਤਾਨ ਭਾਰਤੀ ਹਵਾਈ ਫੌਜ ਦੇ ਕੁਝ ਜਹਾਜ਼ਾਂ ਨੂੰ ਗਿਰਾਉਣ ਵਿੱਚ ਕਾਮਯਾਬ ਹੋਇਆ ਦੱਸਿਆ ਜਾਂਦਾ ਹੈ। ਪਾਕਿਸਤਾਨ ਵੱਲੋਂ ਤੁਰਕੀ ਦੀਆਂ ਬਣੀਆਂ ਡਰੋਨਾ, ਰਾਕਟਾਂ ਅਤੇ ਤੋਪਾਂ ਵਗੈਰਾ ਦਾ ਆਸਰਾ ਲਿਆ ਗਿਆ। ਭਾਰਤ ਨੇ ਪਹਿਲੇ ਮਿਜ਼ਾਈਲ ਹਮਲਿਆਂ ਵਿੱਚ ਲਸ਼ਕਰ-ਏ-ਤੋਇਬਾ ਦੇ ਆਗੂ ਮਸੂਦ ਅਜ਼ਹਰ ਦਾ ਟਿਕਾਣਾ ਵੀ ਸੀ।
ਭਾਰਤ-ਪਾਕਿਸਤਾਨ ਵਿਚਕਾਰ ਜੰਗੀ ਝੜਪਾਂ ਦਾ ਨਿਰਪੱਖ ਸੱਚ ਅਮਰੀਕੀ ਅਖ਼ਬਾਰ ਨਿਊ ਯਾਰਕ ਟਾਈਮਜ਼ ਵੱਲੋਂ ਸੈਟੇਲਾਈਟ ਤਸਵੀਰਾਂ ਸਮੇਤ ਛਪੀ ਰਿਪੋਰਟ ਨਾਲ ਸਾਹਮਣੇ ਆਇਆ। ਇਸ ਰਿਪੋਰਟ ਨੇ ਇਹ ਦਰਸਾਇਆ ਕਿ ਤਿੰਨ ਦਿਨ ਚੱਲੀ ਜੰਗ ਵਿੱਚ ਸਮੁੱਚੇ ਤੌਰ `ਤੇ ਭਾਰਤ ਦਾ ਹੱਥ ਉੱਪਰ ਰਿਹਾ। ਭਾਰਤ ਵੱਲੋਂ ਪਾਕਿਸਤਾਨ ਦੀਆਂ ਕੁਝ ਹਵਾਈ ਪੱਟੀਆਂ ਦਾ ਨੁਕਸਾਨ ਵੀ ਨਿਊ ਯਾਰਕ ਟਾਈਮਜ਼ ਵੱਲੋਂ ਛਾਪੀ ਗਈ ਰਿਪੋਰਟ ਵਿੱਚ ਵਿਖਾਈ ਦਿੰਦਾ ਸੀ। ਇਨ੍ਹਾਂ ਹਮਲਿਆਂ ਤੋਂ ਬਾਅਦ ਭਾਰਤ ਦੇ ਫੌਜੀ ਅਧਿਕਾਰੀਆਂ ਅਤੇ ਰੱਖਿਆ ਵਿਭਾਗ ਦੇ ਮੁੱਖ ਸਕੱਤਰ ਵਿਕਰਮ ਮਿਸਰੀ ਵੱਲੋਂ ਕਿਹਾ ਗਿਆ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਮਿਲਟਰੀ ਟਿਕਾਣਿਆਂ ਦੀ ਥਾਂ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਸ ਲਈ ਇਹ ਗੈਰ-ਭੜਕਾਊ (ਨੌਨ ਐਸਕੇਲੇਟਰੀ) ਕਾਰਵਾਈ ਹੈ; ਜਦਕਿ ਪਾਕਿਸਤਾਨ ਵੱਲੋਂ ਇਸ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਾਰ ਦਿੱਤਾ ਗਿਆ।