ਪਰਮਜੀਤ ਢੀਂਗਰਾ
ਫੋਨ: +91-9417358120
ਮਨੁੱਖ ਨੇ ਜਦੋਂ ਭਾਸ਼ਾ ਇਜਾਦ ਕੀਤੀ ਤਾਂ ਉਹਨੂੰ ਇਹਦੇ ਵਿੱਚੋਂ ਕਈ ਸੰਭਾਵਨਾਵਾਂ ਨਜ਼ਰ ਆਈਆਂ। ਭਾਸ਼ਾ ਉਹਦੇ ਸੋਹਜ ਸਵਾਦ ਦਾ ਸਬੱਬ ਬਣਨ ਲੱਗੀ। ਰੋਮਾਂਟਿਕਤਾ ਵਿੱਚੋਂ ਮਨੁੱਖ ਨੇ ਕਾਵਿ ਬੋਲ ਸਿਰਜਣੇ ਅਰੰਭੇ। ਕੁਦਰਤ ਦੇ ਹੁਸਨ ਵਿੱਚੋਂ ਉਹ ਵਿਸਮਾਦ ਭਾਲਦਾ ਕਵੀ ਬਣ ਗਿਆ। ਜਦੋਂ ਉਹਦੀ ਭਾਸ਼ਾ ਤੇ ਵਿਚਾਰ ਏਨੇ ਸਮਰੱਥ ਹੋ ਗਏ ਕਿ ਉਹਨੂੰ ਲੱਗਣ ਲੱਗਾ ਕਵਿਤਾ ਵਿੱਚ ਸਾਰੀ ਗੱਲ ਨਹੀਂ ਕਹੀ ਜਾ ਸਕਦੀ, ਤਦ ਉਹਨੇ ਪ੍ਰਗਟਾਵੇ ਨੂੰ ਵਧੇਰੇ ਸਪਸ਼ਟ ਤੇ ਸਮਰੱਥ ਬਣਾਉਣ ਲਈ ਵਾਰਤਕ ਦੀ ਕਾਢ ਕੱਢੀ। ਹਾਲਾਂਕਿ ਸਾਰੇ ਕਲਾਸੀਕਲ ਗ੍ਰੰਥ ਕਵਿਤਾ ਵਿੱਚ ਹੀ ਮਿਲਦੇ ਹਨ। ਵਾਰਤਕ ਵਿੱਚ ਕਵਿਤਾ ਦੇ ਸੰਜਮੀ ਸੁਭਾਅ ਦੇ ਉਲਟ ਵਧੇਰੇ ਸਪੇਸ ਮਿਲ ਜਾਂਦੀ ਹੈ। ਤੁਸੀਂ ਕਿਸੇ ਵਿਚਾਰ, ਖਿਆਲ ਜਾਂ ਸਥਿਤੀ ਬਾਰੇ ਭਰਪੂਰ ਮਾਤਰਾ ਵਿੱਚ ਕਲਮ ਚਲਾ ਸਕਦੇ ਹੋ।
ਜੇ ਵਾਰਤਕ ਸ਼ਬਦ ਦੀ ਵਿਓਤਪਤੀ ਦੇਖੀਏ ਤਾਂ ਇਹ ਸੰਸਕ੍ਰਿਤ ਦੇ ਸ਼ਬਦ ‘ਵਰਤਕ’ ਤੋਂ ਹੋਈ ਹੈ, ਜਿਸ ਦੇ ਮੂਲ ਵਿੱਚ /ਵਰਤੑ/ ਧਾਤੂ ਪਈ ਹੈ। ਵਰਤੑ ਜਾਂ ਵਰਤਕ ਤੋਂ ਬਣੇ ਵਾਰਤਕ ਸ਼ਬਦ ਦਾ ਅਰਥ ਹੈ- ਗੱਦ, ਨਸਰ, ਪਰੋਜ਼। ਏਸੇ ਤਰ੍ਹਾਂ ਲੇਖ ਵੀ ਸੰਸਕ੍ਰਿਤ ਦਾ ਸ਼ਬਦ ਹੈ। ਮਹਾਨ ਕੋਸ਼ ਵਿੱਚ ਇਹਦੇ ਅਰਥ ਰੇਖਾ, ਲੀਕ, ਲਿਪਿ, ਲਿਖਤ, ਤਹਿਰੀਰ, ਮਜਮੂਨ, ਭਾਗ, ਨਸੀਬ, ਹਿਸਾਬ, ਗਿਣਤੀ ਕੀਤੇ ਹਨ।
ਪੰਜਾਬੀ ਵਿੱਚ ਵਾਰਤਕ ਦਾ ਅਰੰਭ ਕਾਫੀ ਪਹਿਲਾਂ ਹੋ ਗਿਆ ਸੀ, ਜਿਸਨੂੰ ਮੱਧਕਾਲ ਦੀ ਵਾਰਤਕ ਕਿਹਾ ਜਾਂਦਾ ਹੈ। ਇਸ ਮੱਧਕਾਲੀ ਵਾਰਤਕ ਵਿੱਚ ਜਨਮ ਸਾਖੀਆਂ, ਪਰਚੀਆਂ, ਗੋਸ਼ਟਾਂ, ਟੀਕੇ, ਮਸਲੇ, ਰਹਿਤਨਾਮੇ, ਹੁਕਮਨਾਮੇ, ਪਰਮਾਰਥ, ਜੀਵਨੀਆਂ, ਇਤਿਹਾਸ, ਗੁਰਬਿਲਾਸ ਆਦਿ ਰੂਪਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਪਰ ਆਧੁਨਿਕ ਵਾਰਤਕ ਰੂਪਾਂ ਦਾ ਅਰੰਭ ਪੰਜਾਬ ਵਿੱਚ ਛਾਪੇਖਾਨੇ ਤੇ ਇਸਾਈ ਮਿਸ਼ਨਰੀਆਂ ਦੇ ਆਉਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਬਾਅਦ ਵਿੱਚ ਸਿੰਘ ਸਭਾ ਲਹਿਰ ਦੀ ਆਮਦ ਨਾਲ ਇਸਨੂੰ ਹੋਰ ਬਲ ਮਿਲਿਆ।
ਵੀਹਵੀਂ ਸਦੀ ਦੀ ਪੰਜਾਬੀ ਵਾਰਤਕ ਇਸ ਪੱਖੋਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ਇਹ ਸਦੀ ਵਿਸ਼ਵ ਦੇ ਇਤਿਹਾਸ ਵਿੱਚ ਅਨੇਕਾਂ ਉਤਰਾਵਾਂ, ਚੜ੍ਹਾਵਾਂ ਦੀ ਗਵਾਹ ਹੈ। ਦੋ ਸੰਸਾਰ ਯੁੱਧਾਂ ਤੋਂ ਲੈ ਕੇ, ਭਾਰਤ ਦੀ ਆਜ਼ਾਦੀ ਦੀ ਲੜਾਈ, ਦੁਨੀਆ ‘ਤੇ ਹਿਟਲਰ ਦੇ ਫਾਸ਼ੀਵਾਦ ਦਾ ਉਦਯ, ਯਹੂਦੀਆਂ ਦਾ ਨਰ-ਸੰਘਾਰ, ਵਿਸ਼ਵਮੰਦੀ, ਮਹਾਮਾਰੀਆਂ ਦਾ ਫੈਲਾਅ ਤੇ ਆਜ਼ਾਦ ਹੋਏ ਮੁਲਕਾਂ ਦੀ ਸਥਾਪਤੀ ਦੇ ਮਸਲੇ ਇਸ ਸਦੀ ਦੇ ਇਤਿਹਾਸ ਦੇ ਵਰਕੇ ਹਨ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸੂਬੇ ਦਾ ਸੰਘਰਸ਼, ਪੰਜਾਬ ਨੂੰ ਰਾਜ ਦਾ ਦਰਜਾ ਮਿਲਣਾ, ਪੰਜਾਬੀ ਦਾ ਰਾਜ ਭਾਸ਼ਾ ਬਣਨਾ, ਹਰਾ ਇਨਕਲਾਬ, ਅਤਿਵਾਦ ਦਾ ਜਨਮ, ਸਾਕਾ ਨੀਲਾ ਤਾਰਾ, ਇੰਦਰਾ ਦਾ ਕਤਲ ਤੇ ਸਿੱਖ ਕਤਲੇਆਮ ਪੰਜਾਬ ਦੇ ਇਤਿਹਾਸ ਦੇ ਉਥਲ ਪੁੱਥਲ ਦੇ ਦੌਰ ਵਿੱਚੋਂ ਜਨਮੇ ਅਨੇਕਾਂ ਮਸਲੇ ਹਨ, ਜੋ ਇੱਕੀਵੀਂ ਸਦੀ ਵਿੱਚ ਵਿਕਰਾਲ ਰੂਪ ਧਾਰਦੇ ਨਜ਼ਰ ਆਉਂਦੇ ਹਨ।
ਪਿਛਲੀ ਸਦੀ ਦੇ ਪੰਜਾਬੀ ਲੇਖਕਾਂ ਨੇ ਵਾਰਤਕ ਦੇ ਵਿਸ਼ੇਸ਼ ਰੂਪ ਲੇਖ ਅਥਵਾ ਨਿਬੰਧ ਨੂੰ ਤਵੱਜੋ ਦਿੱਤੀ। ਕਿਤਾਬ ਵਿੱਚ ਇਨ੍ਹਾਂ ਦੀ ਨਿਸ਼ਾਨਦੇਹੀ ਕਰਨ ਦਾ ਸਾਰਥਕ ਉਪਰਾਲਾ ਕੀਤਾ ਗਿਆ ਹੈ। ਅਮਰਜੀਤ ਚੰਦਨ ਪੰਜਾਬੀ ਦੇ ਵੱਖਰੇ ਕਾਵਿ-ਮੁਹਾਂਦਰੇ ਤੇ ਵਾਰਤਕ ਵਾਲਾ ਰਚਨਾਕਾਰ ਹੈ। ਉਹਦੀ ਕਵਿਤਾ ਤੇ ਵਾਰਤਕ ਬੜੀ ਸੰਜਮੀ ਤੇ ਸ਼ੈਲੀਮੁਖ ਰੂਪ ਵਾਲੀ ਹੈ। ਏਸੇ ਕਰਕੇ ਜਦੋਂ ਉਹਨੇ ‘ਸਿਰਲੇਖ’ ਨਾਂ ਦੀ ਕਿਤਾਬ ਦੀ ਸੰਪਾਦਨਾ ਲਈ ਚੋਣ ਕੀਤੀ ਤਾਂ ਬੜੀ ਸੂਝ-ਬੂਝ ਨਾਲ ਹਰ ਵਾਰਤਕਕਾਰ ਦੀ ਵਧੀਆ ਤੇ ਪ੍ਰਭਾਵਸ਼ਾਲੀ ਕਿਰਤ ਨੂੰ ਚੁਣਿਆ। ਭਾਈ ਕਾਨ੍ਹ ਸਿੰਘ ਨਾਭਾ ਤੋਂ ਲੈ ਕੇ ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਬਾਵਾ ਬੁੱਧ ਸਿੰਘ, ਪੂਰਨ ਸਿੰਘ, ਮਾਸਟਰ ਤਾਰਾ ਸਿੰਘ, ਸਰਦੂਲ ਸਿੰਘ ਕਵੀਸ਼ਰ, ਲਾਲ ਸਿੰਘ ਕਮਲਾ ਅਕਾਲੀ, ਸਾਹਿਬ ਸਿੰਘ, ਭਾਈ ਸੰਤੋਖ ਸਿੰਘ, ਨਿਰੰਜਨ ਸਿੰਘ, ਬਲਬੀਰ ਸਿੰਘ, ਤੇਜਾ ਸਿੰਘ, ਗੁਰਬਖਸ਼ ਸਿੰਘ, ਨਾਨਕ ਸਿੰਘ, ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਸ.ਸ. ਅਮੋਲ, ਮਹਿੰਦਰ ਸਿੰਘ ਰੰਧਾਵਾ, ਕਪੂਰ ਸਿੰਘ, ਈਸ਼ਵਰ ਚਿੱਤਰਕਾਰ, ਬਲਰਾਜ ਸਾਹਨੀ, ਬਾਵਾ ਬਲਵੰਤ, ਬਲਵੰਤ ਗਾਰਗੀ, ਹਰਿਭਜਨ ਸਿੰਘ, ਗਿਆਨੀ ਗੁਰਦਿੱਤ ਸਿੰਘ, ਸ.ਸ. ਵਣਜਾਰਾ ਬੇਦੀ, ਅਤਰ ਸਿੰਘ, ਹਰਿੰਦਰ ਸਿੰਘ ਮਹਿਬੂਬ ਤੇ ਅਮਰਜੀਤ ਚੰਦਨ ਸਮੇਤ ਕੁਲ 36 ਲੇਖਕਾਂ ਦੇ ਲੇਖ ਸ਼ਾਮਲ ਹਨ।
ਇਹ ਸਾਰੇ ਲੇਖਕ ਵਾਰਤਕ ਰੂਪਾਂ ਦੀ ਸੁਚੇਤ/ਅਚੇਤ ਰੂਪ ਵਿੱਚ ਵਰਤੋਂ ਕਰਦੇ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਵਾਰਤਕਕਾਰ ਵਜੋਂ ਪ੍ਰਸਿੱਧ ਹੋਏ, ਕੁਝ ਆਲੋਚਕਾਂ ਵਜੋਂ ਤੇ ਕੁਝ ਨਾਵਲਕਾਰ, ਚਿੱਤਰਕਾਰ ਤੇ ਭਾਸ਼ਾ ਵਿਓਤਪਤੀ ਪੱਖੋਂ ਕਾਰਜਸ਼ੀਲ ਰਹੇ। ਇਨ੍ਹਾਂ ਨੇ ਪੰਜਾਬੀ ਵਾਰਤਕ ਨੂੰ ਵਿਸ਼ੇ, ਸ਼ੈਲੀ, ਭਾਸ਼ਾ ਤੇ ਗਿਆਨ ਪੱਖੋਂ ਭਰਪੂਰ ਕੀਤਾ। ਇਹ ਸੰਪਾਦਕ ਦੀ ਚੋਣ ਹੈ, ਹਾਲਾਂਕਿ ਹੀਰਾ ਸਿੰਘ ਦਰਦ ਵਰਗੇ ਕੁਝ ਹੋਰ ਵਾਰਤਕ ਲੇਖਕ ਇਸ ਵਿੱਚ ਸ਼ਾਮਲ ਹੋਣੋਂ ਰਹਿ ਗਏ ਹਨ। ਇਸ ਵਾਰਤਕ ਨੇ ਨਵੇਂ ਵਾਰਤਕ ਰੂਪਾਂ ਦੀ ਸਿਰਜਣਾ ਲਈ ਨੀਂਹ ਦਾ ਕੰਮ ਕੀਤਾ।
ਇਤਿਹਾਸਕ ਤੌਰ ‘ਤੇ ਇਸ ਵਾਰਤਕ ਦਾ ਸਮਕਾਲ ਵਧੇਰੇ ਕਰਕੇ ਬਸਤੀਵਾਦੀ ਦੌਰ ਅਤੇ ਸਮਾਜਕ ਤੇ ਧਾਰਮਿਕ ਤੌਰ ‘ਤੇ ਪੁਨਰ ਜਾਗਰਤੀ ਦਾ ਕਾਲ ਹੈ। ਇਸ ਲਈ ਇਸ ਵਾਰਤਕ ਵਿੱਚ ਧਾਰਮਿਕ, ਸਮਾਜਕ ਤੇ ਸਾਹਿਤਕ ਵਿਸ਼ਿਆਂ ਨੂੰ ਵਿਸ਼ੇਸ਼ ਤਰਤੀਬ ਵਿੱਚ ਪੇਸ਼ ਕੀਤਾ ਹੈ। ਮਸਲਨ ਭਾਈ ਕਾਨ੍ਹ ਸਿੰਘ ਨਾਭਾ ਦੇ ਲੇਖ ‘ਕੀਰਤਨ’ ਨੂੰ ਲਿਆ ਜਾ ਸਕਦਾ ਹੈ। ਇਹ ਕੀਰਤਨ ਦੇ ਅਰਥਾਂ ਤੋਂ ਲੈ ਕੇ ਉਹਦੇ ਮਹੱਤਵ, ਪਰੰਪਰਾ, ਰਾਗ ਪ੍ਰਣਾਲੀ ਤੇ ਮਰਿਆਦਾ ਦੀ ਗੱਲ ਕਰਦਾ ਹੈ। ਭਾਈ ਸਾਹਿਬ ਨੇ ਗੁਰਮਤਿ ਦੇ ਆਸ਼ੇ ਨੂੰ ਸਾਹਮਣੇ ਰੱਖ ਕੇ ਇਸ ਗਿਆਨਮਈ ਲੇਖ ਦੀ ਰਚਨਾ ਕੀਤੀ ਹੈ। ਇਹਦੀ ਵੰਨਗੀ ਦੇਖੀ ਜਾ ਸਕਦੀ ਹੈ:
“ਇਸ ਵੇਲੇ ਅਸੀਂ ਕੀਰਤਨ ਦੀ ਮਰਯਾਦਾ ਨੂੰ ਬਹੁਤ ਉਲੰਘਣ ਕਰ ਗਏ ਹਾਂ, ਚੰਚਲ ਧਾਰਨਾ ਨੇ ਅਸਾਡੇ ਮਨ ਅਜਿਹੇ ਚੰਚਲ ਕਰ ਦਿੱਤੇ ਹਨ ਕਿ ਗੰਭੀਰਤਾ ਅਤੇ ਸ਼ਾਂਤਿ ਭਾਵ ਘੱਟ ਹੀ ਨਜ਼ਰ ਪੈਂਦੇ ਹਨ, ਸਾਰੇ ਗੁਰ ਸਿੱਖਾਂ ਨੂੰ ਯਤਨ ਕਰਨਾ ਲੋੜੀਏ ਕਿ ਭਾਈ ਮਰਦਾਨੇ ਅਤੇ ਨਿਵਲੇ-ਨਿਹਾਲੂ ਦਾ ਇਲਾਹੀ ਕੀਰਤਨ ਮੁੜ ਜਾਰੀ ਹੋਵੇ, ਜਿਸ ਤੋਂ ਨਾਮ ਅਭਯਾਸੀਆਂ ਦੀ ਵਿ੍ਰਤਿ ‘ਹਰਿ ਲਿਵ ਮੰਡਲ’ ਦਾ ਅਨੰਦ ਮਾਣੇ।”
ਵਾਰਤਕ ਖੇਤਰ ਵਿੱਚ ਭਾਈ ਵੀਰ ਸਿੰਘ ਦਾ ਨਾਂ ਬੜਾ ਉੱਘਾ ਹੈ। ਉਹ ਪੰਜਾਬੀ ਸਾਹਿਤ ਦੀ ਉੱਚ-ਦਮਾਲੜੀ ਸ਼ਖਸੀਅਤ ਸਨ। ਨਿੱਕੀ ਕਵਿਤਾ ਤੇ ਨਾਵਲ ਦਾ ਉਨ੍ਹਾਂ ਨੂੰ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਤੋਂ ਲੈ ਕੇ ਸਾਹਿਤ, ਧਰਮ ਤੇ ਸਮਕਾਲੀ ਸਰੋਕਾਰਾਂ ਬਾਰੇ ਵੱਡੀ ਗਿਣਤੀ ਵਿੱਚ ਲੇਖ ਲਿਖੇ ਹਨ। ਉਹ ਉੱਘੇ ਸੰਪਾਦਕ ਤੇ ਕੋਸ਼ਕਾਰ ਵੀ ਸਨ। ਉਨ੍ਹਾਂ ਦੀ ਵਾਰਤਕ ਬੜੀ ਸੰਜਮੀ ਤੇ ਨਪੇ-ਤੁਲੇ ਖਾਸੇ ਵਾਲੀ ਹੈ। ਇਸ ਕਿਤਾਬ ਵਿੱਚ ਸ਼ਾਮਲ ਉਨ੍ਹਾਂ ਦਾ ਲੇਖ ‘ਹੱਕ ਤੇ ਫ਼ਰਜ਼’ ਬੜਾ ਵਿਚਾਰ ਉਤੇਜਕ ਹੈ:
‘ਹੱਕ’ ‘ਹੱਕ’ ਕੂਕਣ ਵਾਲਾ ਤਾਂ ਹਰ ਕੋਈ ਹੈ, ਅਰ ‘ਹੱਕ’ ਦੀ ਧੁਨ ਤੇ ‘ਹੱਕ’ ਦੇ ਨਾਮ ਹੇਠਾਂ ਪਾਪ, ਧੱਕੇ ਤੇ ਜ਼ੁਲਮ ਕਰਨ ਵਾਲੇ ਅਨੇਕਾਂ ਹੀ ਪੈਦਾ ਹੋ ਜਾਂਦੇ ਹਨ; ਤਦ ਉਸ ਸੁਸਾਇਟੀ (ਭਾਈਚਾਰੇ) ਵਿੱਚ ਜ਼ੁਲਮ ਸ਼ੁਰੂ ਹੋ ਜਾਂਦਾ ਹੈ। ਉਸ ਜ਼ੁਲਮ ਦੇ ਰੋਕਣ ਲਈ ਹੱਕ ਪਛਾਣਨ ਵਾਲੇ ਜਥੇਬੰਦੀ ਕਾਇਮ ਕਰਦੇ ਹਨ ਤੇ ਰਾਜ ਦਾ ਸਿਲਸਿਲਾ ਤੋਰਦੇ ਹਨ, ਜਿਸ ਦੇ ਜ਼ਰੀਏ ਦੇਸ਼ ਵਿੱਚ ਨਹੱਕਾ ਧੱਕਾ ਕਰਨ ਵਾਲੇ ਡੰਡੇ ਦੇ ਜ਼ੋਰ ਨਾਲ ਅਰ ਸਜ਼ਾ ਦੇ ਭੈ ਦੇ ਕਾਰਣ ਆਪਣਾ ‘ਫ਼ਰਜ਼’ ਪਛਾਣਨ ਲਈ ਮਜਬੂਰ ਕੀਤੇ ਜਾਂਦੇ ਹਨ।
ਬਾਵਾ ਬੁੱਧ ਸਿੰਘ ਪੰਜਾਬੀ ਦੇ ਪਹਿਲੇ ਆਲੋਚਕ ਹਨ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਸਾਂਭ-ਸੰਭਾਲ ਦੇ ਮੁਢਲੇ ਯਤਨ ਕੀਤੇ। ਉਨ੍ਹਾਂ ਕੋਲ ਸਾਹਿਤ ਨੂੰ ਦੇਖਣ/ਪਰਖਣ ਤੇ ਵਾਚਣ ਦੀ ਆਪਣੀ ਦ੍ਰਿਸ਼ਟੀ ਸੀ। ਕਾਵਿਕਤਾ ਉਨ੍ਹਾਂ ਦੀ ਵਾਰਤਕ ਦਾ ਮੁੱਖ ਲੱਛਣ ਹੈ:
“ਮੈਂ ਜਦ ਉਸ ਸੁੰਦਰਤਾ ਦੀ ਦੇਵੀ, ਨੂਰ ਦੇ ਸ਼ੋਹਲੇ ਵੱਲ ਤੱਕਿਆ ਤਾਂ ਮੇਰੇ ਅੰਦਰਲੇ ਕਪਾਟ ਖੁਲ੍ਹ ਗਏ। ਝੱਟ ਮੇਰੀ ਅੱਖ ਖੁਲ੍ਹੀ, ਪਰੀਆਂ ਤੇ ਗਈਆਂ, ਪਰ ਰੱਬੀ ਰਾਗ, ਛਣਕਾਰ ਤੇ ਨੂਰ ਦੀ ਝਾਕੀ ਮੇਰੀਆਂ ਅੱਖਾਂ ਅੱਗੇ ਹੀ ਰਹੀ। ਜਿਧਰ ਤੱਕਾਂ ਡਲ, ਪਹਾੜ, ਮੈਦਾਨ, ਤਾਰੇ, ਅਕਾਸ਼ ਸਭ ਮੇਰੇ ਮਿਤ੍ਰ ਜਾਪਣ। ਹੱਸਣ ਤੇ ਪਯਾਰ ਦੇ ਸੁਨੇਹੇ ਦੇਣ। ਡਲ ਸਾਫ ਦਿਲੀ ਦਾ ਸੁਨੇਹਾ ਦੇਵੇ। ਚਸ਼ਮੇ ਤੇ ਨਾਲੇ, ਆਪਣੀ ਸੁਰੀਲੀ ਧੁਨੀ ਨਾਲ ਉਸ ਰਚਨਹਾਰ ਦੇ ਗੁਣ ਗਾਨ।”
ਪੂਰਨ ਸਿੰਘ ਪੰਜਾਬੀ ਦਾ ਅਲਬੇਲਾ ਸ਼ਾਇਰ ਤੇ ਅਗੰਮੀ ਰਮਜ਼ਾਂ ਦਾ ਵਾਰਤਕ ਲੇਖਕ ਹੈ। ਪੰਜਾਬ ਸਮੁੱਚਤਾ ਵਿੱਚ ਉਹਦੇ ਅਚੇਤਨ ਵਿੱਚ ਵਸਿਆ ਹੋਇਆ ਹੈ। ਉਹਦੀ ਵਾਰਤਕ ਪੰਜਾਬ ਦੇ ਦਰਿਆਵਾਂ ਵਾਂਗ ਲੰਮੇ ਵਹਿਣਾਂ ਵਿੱਚ ਵਹਿੰਦੀ ਤੁਰੀ ਜਾਂਦੀ ਹੈ। ਉਹਦੇ ਕੋਲ ਸ਼ਬਦਾਂ ਦਾ ਹੜ੍ਹ ਹੈ ਤੇ ਇਸ ਵਿੱਚ ਉਹ ਸ਼ਬਦ ਧੁਨੀ ਵਾਂਗ ਖਿਆਲਾਂ ਦੀਆਂ ਲੜੀਆਂ ਸਿਰਜਦਾ ਜਾਂਦਾ ਹੈ। ‘ਪਿਆਰ’ ਉਹਦਾ ਬੜਾ ਚਰਚਿਤ ਲੇਖ ਹੈ, ਜਿਸ ਵਿੱਚ ਉਹ ਇਸਨੂੰ ਵੱਖਰੇ ਅੰਦਾਜ਼ ਵਿੱਚ ਪਰਿਭਾਸ਼ਿਤ ਕਰਨ ਦੇ ਨਾਲ ਨਾਲ ਉਹਦੀ ਪ੍ਰਕਿਰਤੀ ਤੇ ਗੁਣਾਂ ਦਾ ਵੀ ਵਰਨਣ ਕਰਦਾ ਹੈ:
“ਪਿਆਰ ਮੱਲੋ-ਮੱਲੀ ਰਾਹ ਜਾਂਦਿਆਂ ਪੈਂਦੇ ਹਨ, ‘ਨਿੰਹੁ ਨਾ ਲੱਗਦੇ ਜੋਰੀਂ।’ ਇਹ ਇੱਕ ਅੰਦਰੋਂ ਅੰਦਰ ਦੀ ਲਗਾਤਾਰ ਖਿੱਚ ਹੈ। ਜਿਹੜੀ ਪਹਿਲਾਂ ਤਾਂ ਕਦੀ-ਕਦੀ ਇਉਂ ਪੈਂਦੀ ਹੈ, ਜਿਵੇਂ ਉਡਾਣ ਵਾਲੇ ਦਾ ਹੱਥ ਚੜ੍ਹੀ ਗੁੱਡੀ ਦੀ ਡੋਰ ਨੂੰ ਖਿੱਚਦਾ ਹੈ। ਤੇ ਇਉਂ ਇਲਾਹੀ ਤਣੁਕੇ ਖਾ ਖਾ ਪਿਆਰ ਇੱਕ ਲਗਾਤਾਰ ਦਰਦ ਦੀ ਸ਼ਕਲ ਵਿੱਚ ਅੰਦਰ ਵੱਸਣ ਲੱਗ ਜਾਂਦਾ ਹੈ।”
ਤੇਜਾ ਸਿੰਘ ਪੰਜਾਬੀ ਦਾ ਉੱਘਾ ਵਾਰਤਕਕਾਰ ਹੈ। ਉਹਦੀ ਵਾਰਤਕ ਦਾ ਵੱਡਾ ਗੁਣ ਗਲਪੀ ਰਸ ਵਾਲੀ ਸ਼ੈਲੀ ਹੈ। ਉਹ ਨਿੱਕੀਆਂ ਨਿੱਕੀਆਂ ਗੱਲਾਂ ‘ਤੇ ਲੇਖ ਲਿਖਣ ਵਿੱਚ ਮਾਹਿਰ ਹੈ। ਇਸ ਕਿਤਾਬ ਵਿੱਚ ‘ਲੋਕ ਭਰਮ’ ਨਾਂ ਦਾ ਉਹਦਾ ਲੇਖ ਇਸ ਗੱਲ ਦੀ ਗਵਾਹੀ ਹੈ:
“ਜਦ ਦੋ ਬਿੱਲੀਆਂ ਆਪੋ ਵਿੱਚ ਘੂਰ ਘੂਰ ਕੇ ਵੇਂਹਦੀਆਂ ਤੇ ਫਿਰ ਹੱਥੋਪਾਈ ਕਰਦਿਆਂ ਮਿਆਂਕਦੀਆਂ ਹਨ, ਤਾਂ ਹੂਬਹੂ ਸਾਡੇ ਗੁਆਂਢੀਆਂ ਵਾਕਰ ਕਰਦੀਆਂ ਹਨ। ਫੇਰ ਅਸੀਂ ਵੇਖਦੇ ਹਾਂ ਕਿ ਹੋਰ ਕੋਈ ਜਨੌਰ ਨਿੱਛ ਨਹੀਂ ਮਾਰਦਾ, ਪਰ ਬਿੱਲੀ ਦੀ ਨਿੱਛ ਆਦਮੀ ਵਰਗੀ ਹੁੰਦੀ ਹੈ। ਇਸ ਲਈ ‘ਬਿੱਲੀ ਨਿੱਛ ਗਈ’ ਦਾ ਉਹੀ ਅਸਰ ਮੰਨਿਆ ਜਾਂਦਾ ਹੈ, ਜੋ ਆਦਮੀ ਦੇ ਨਿੱਛਣ ਦਾ।”
ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਵਿੱਚ ਨਵੀਆਂ ਪੈੜਾਂ ਪਾਉਣ ਵਾਲਾ ਲੇਖਕ ਹੈ। ਉਹਨੇ ਪਹਿਲੀ ਵਾਰ ਪੰਜਾਬੀ ਵਿੱਚ ਵਹਿਮਾਂ ਭਰਮਾਂ ਤੋਂ ਉਲਟ ਵਿਗਿਆਨਕ ਤੇ ਪਿਆਰ ਦੇ ਖੁਲ੍ਹੇ ਡੁਲ੍ਹੇ ਪ੍ਰਗਟਾ ਵਾਲੀ ਨਿਬੰਧਕਾਰੀ ਕੀਤੀ। ਉਹਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ। ਉਹਦੀ ਸ਼ੈਲੀ ਨਿਵੇਕਲੀ ਤੇ ਉਹਦੇ ਸੁਭਾਅ ਅਨੁਸਾਰ ਸਪਸ਼ਟ ਖਿਆਲਾਂ ਦੀ ਧਾਰਨੀ ਹੈ। ਉਹ ਮਜ਼੍ਹਬੀ ਵਲਗਣਾਂ ਨੂੰ ਉਚਿਤ ਨਹੀਂ ਸੀ ਮੰਨਦਾ। ਉਹਦੇ ਅਨੁਸਾਰ ਮਨੁੱਖ ਦਾ ਸਭ ਤੋਂ ਉੱਚਾ ਸੁੱਚਾ ਧਰਮ ਉਹਦਾ ਆਚਰਣ ਹੈ। ਇਸ ਕਿਤਾਬ ਵਿੱਚ ਸ਼ਾਮਲ ਉਹਦਾ ਲੇਖ ‘ਕੁਦਰਤੀ ਮਜ਼੍ਹਬ’ ਉਹਦੇ ਖਿਆਲਾਂ ਦੀ ਪੁਸ਼ਟੀ ਕਰਦਾ ਹੈ:
“ਮਜ਼੍ਹਬੀ ਗੋਰਖ ਧੰਦਾ ਏਡਾ ਪੇਚਦਾਰ ਬਣਾ ਦਿੱਤਾ ਗਿਆ ਹੈ ਕਿ ਇਸ ਦੀਆਂ ਮੰਗਾਂ ਨੇ ਆਤਮਾ ਨੂੰ ਬਿਲਕੁਲ ਚਕਨਾਚੂਰ ਕਰ ਦਿੱਤਾ ਹੈ। ਸਾਧੂ, ਪੀਰ, ਫਕੀਰ, ਪਾਠ, ਯੋਗ, ਜਗਰਾਤੇ, ਫੁੱਲ, ਪਤਾਸ਼ੇ, ਪ੍ਰਸ਼ਾਦ, ਪ੍ਰਕਰਮਾ, ਸੁੱਖਣਾ, ਭੋਰੇ, ਜਪ, ਤਪ, ਇਸ਼ਨਾਨ-ਇਨ੍ਹਾਂ ਸਭਨਾਂ ਨੇ ਮਨੁੱਖੀ ਆਤਮਾ ਨੂੰ ਇੱਕ ਤਰਸ-ਯੋਗ ਜਿਹੀ ਹਸਤੀ ਬਣਾ ਦਿੱਤਾ ਹੈ-ਗਲ ਵਿੱਚ ਪੱਲਾ, ਅੱਖਾਂ ਨੀਵੀਆਂ, ਪ੍ਰਾਧੀਨ ਜਿਹੀ ਬੋਲੀ, ਸਰਾਪਾਂ ਦਾ ਸਹਿਮ, ਮਿਹਰਾਂ ਦੀ ਆਸ, ਸਵੈ-ਭਰੋਸੇ ਦੀ ਅਣਹੋਂਦ, ਦਲੇਰੀ ਤੇ ਖੇੜੇ ਨੂੰ ਜੁਰਮ ਸਮਝਣਾ, ਫੂਕ ਫੂਕ ਕੇ ਹਰੇਕ ਕਦਮ ਚੁੱਕਣਾ, ਅੱਗੇ ਦਾ ਸਹਿਮ, ਪਿਛੇ ਦਾ ਭੁਗਤਾਨ।”
ਚਿੱਤਰ ਕਲਾ ਬਾਰੇ ਪੰਜਾਬੀ ਵਿੱਚ ਬੜਾ ਘੱਟ ਲਿਖਿਆ ਗਿਆ ਹੈ। ਹਰਿੰਦਰ ਸਿੰਘ ਰੂਪ ਮੂਲ ਰੂਪ ਵਿੱਚ ਕਵੀ ਹੈ। ਏਸੇ ਕਰਕੇ ਉਹਨੇ ਜਿਹੜੇ ਲੇਖ ਲਿਖੇ ਹਨ, ਉਨ੍ਹਾਂ ਵਿੱਚ ਕਾਵਿਕਤਾ ਝਲਕਦੀ ਨਜ਼ਰ ਆਉਂਦੀ ਹੈ। ‘ਚਿੱਤਰ ਕਲਾ ਦੀ ਸਮਰੱਥਾ’ ਨਾਂ ਦਾ ਉਹਦਾ ਲੇਖ ਇਸ ਕਿਤਾਬ ਵਿੱਚ ਸ਼ਾਮਲ ਹੈ, ਜਿਸ ਰਾਹੀਂ ਉਹ ਕਲਾ ਦੀ ਕੋਮਲਤਾ ਨੂੰ ਕਾਵਿ ਸ਼ਬਦਾਂ ਦੀਆਂ ਛੋਹਾਂ ਦੇਂਦਾ ਹੈ:
“ਆਰਟ ਦਾ ਪਸਾਰਾ ਬੜਾ ਹੈ, ਮਾਮੂਲੀ ਪੱਤੀ ਲਵੋ, ਉਸ ਵਿੱਚ ਢਬ ਨਾਲ ਖ਼ਤ ਲੱਗੇ ਹੋਏ ਹਨ। ਇਹ ਖ਼ਤ ਕੀ ਹਨ-ਆਰਟ। ਏਸ ਆਰਟ ਨੇ ਸੁੰਦਰਤਾ ਪੈਦਾ ਕੀਤੀ ਹੈ, ਪੱਤੀ ਵਿੱਚ ਲੀਕਾਂ ਨਾਲ ਜਾਨ ਪਾ ਦਿੱਤੀ ਹੈ, ਨਹੀਂ ਤਾਂ ਪੱਤੀ ਇੱਕ ਬੇਜਾਨ ਜਿਹੀ ਡੋਲੀ ਲੱਗਣੀ ਸੀ, ਸੋਹਣੀ ਨਹੀਂ ਸੀ ਹੋਣੀ। ਦਰਿਆ ਦੀ ਲਹਿਰ ਵੇਖੋ ਲਗ ਤੇ ਚੜ੍ਹਾ ਵਿੱਚ ਸੁੰਦਰਤਾ ਹੈ, ਸੋ ਏਥੇ ਆਰਟ ਹੈ। ਆਰਟ ਸੁੰਦਰਤਾ ਦਾ ਨਾਂ ਹੈ।”
ਮਹਿੰਦਰ ਸਿੰਘ ਰੰਧਾਵਾ ਵਿਗਿਆਨੀ ਹੋਣ ਦੇ ਨਾਲ ਨਾਲ ਪੰਜਾਬੀ ਸਭਿਆਚਾਰ ਦਾ ਅਲੰਬਰਦਾਰ ਸੀ। ਉਹਨੂੰ ਪੇਂਡੂ ਰਹਿਤਲ ਦਾ ਬੜਾ ਬਾਰੀਕ ਗਿਆਨ ਸੀ। ਉਹਨੇ ਪੰਜਾਬ ਵਿੱਚ ਸਭਿਆਚਾਰ ਨੂੰ ਸਾਂਭਣ ਲਈ ਵੱਡੀ ਮਾਤਰਾ ਵਿੱਚ ਲੇਖ ਲਿਖੇ ਤੇ ਕਿਤਾਬਾਂ ਸੰਪਾਦਿਤ ਕੀਤੀਆਂ। ਹਥਲੀ ਕਿਤਾਬ ਵਿੱਚ ਉਹਦਾ ਲੇਖ ਦੁਆਬੇ ਦੇ ਸਭਿਆਚਾਰ ਨਾਲ ਸੰਬੰਧਿਤ ਹੈ, ਜਿਸ ਵਿੱਚੋਂ ਸਮੁੱਚੇ ਪੰਜਾਬ ਦੇ ਦਰਸ਼ਨ ਕੀਤੇ ਜਾ ਸਕਦੇ ਹਨ:
“ਪੰਦਰਾਂ ਵੀਹ ਬੂਟਿਆਂ ਦੇ ਅੰਬ ਚੂਪ ਲੈਂਦੇ ਤਾਂ ਪਤਾ ਲੱਗ ਜਾਂਦਾ ਕਿ ਸਭ ਤੋਂ ਸੁਆਦੀ ਅੰਬ ਕਿਹੜੇ ਬੂਟੇ ਦੇ ਹਨ। ਫੇਰ ਉਸੇ ਬੂਟੇ ਦੇ ਅੰਬਾਂ ਦਾ ਟੋਕਰਾ ਮੰਗਵਾ ਲੈਂਦੇ ਤੇ ਠੰਡੇ ਪਾਣੀ ਵਿੱਚ ਧੋ ਕੇ ਬਾਲਟੀ ਭਰ ਲੈਂਦੇ। ਇਨ੍ਹਾਂ ਹੁਸ਼ਿਆਰਪੁਰੀ ਪਿੰਡਾਂ ਦਾ ਠੰਢਾ ਪਾਣੀ ਵੀ ਨਿਆਮਤ ਹੈ। ਗਰਮੀਆਂ ਵਿੱਚ ਵੀ ਐਨਾ ਠੰਢਾ, ਜੇ ਨਹਾਓ ਤਾਂ ਕਾਂਬਾ ਲੱਗ ਜਾਵੇ। ਅੰਬਾਂ ਨੂੰ ਠੰਢਾ ਕਰਕੇ ਰੱਜ ਕੇ ਚੂਪਣਾ। ਕੋਈ ਖੱਟ ਮਿੱਠਾ, ਕੋਈ ਖੱਟਾ, ਕੋਈ ਸੌਂਫੀਆ।”
ਪੰਜਾਬੀ ਵਿੱਚ ਗਿਆਨ ਮੂਲਕ ਵਾਰਤਕ ਜੋ ਫਲਸਫੇ ਦੀਆਂ ਪਰਤਾਂ ਖੋਲ੍ਹਣ ਵਾਲੀ ਹੈ, ਲਿਖਣ ਦਾ ਸੇਹਰਾ ਕਪੂਰ ਸਿੰਘ ਨੂੰ ਜਾਂਦਾ ਹੈ। ਇਸ ਕਿਤਾਬ ਵਿੱਚ ਉਨ੍ਹਾਂ ਦਾ ਲੇਖ ‘ਗੁਰੂ ਨਾਨਕ ਦੇ ਸਮੇਂ ਦੀ ਸਮੱਸਿਆ’ ਇਹੋ ਜਿਹੇ ਵਿਸ਼ੇ ਨਾਲ ਸੰਬੰਧਿਤ ਹੈ। ਉਹ ਸਾਹਿਤ, ਦਰਸ਼ਨ ਤੇ ਇਤਿਹਾਸ ਦੀ ਫੋਲਾਫਾਲੀ ਕਰਕੇ ਆਪਣੇ ਤਰਕ ਨੂੰ ਪੇਸ਼ ਕਰਦਾ ਹੈ। ਉਹਦੀ ਸ਼ੈਲੀ ਬੌਧਿਕ ਖਾਸੇ ਵਾਲੀ ਹੈ:
ਮੈਨੂੰ ਖਿਆਲ ਆਇਆ ਕਿ ਅੱਜ ਤੋਂ 5000 ਸਾਲ ਪਹਿਲਾਂ ਵੀ ਇਹੋ ਜਿਹੀ ਹਾਲਤ ਹੀ ਹੋਵੇਗੀ ਜਾਂ ਫਿਰ ਇਹ ਐਵੇਂ ਗੱਲ ਕਰਨ ਦਾ ਇੱਕ ਢੰਗ ਹੈ। ਮੈਂ ਵਾਰ ਵਾਰ ਸੋਚਦਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਕਿੱਥੋਂ ਤੱਕ ਯਥਾਰਥਕ ਸਮਝਿਆ ਜਾਵੇ। ਇਸ ਖਾਤਰ ਮੈਂ ਭਾਰਤ ਦਾ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ। ਤਦ ਮੈਨੂੰ ਨਿਸਚਾ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਇਹ ਬਚਨ ਕੇਵਲ ਕਾਵਿ-ਸ਼ੈਲੀ ਜਾਂ ਅੱਤਕਥਨੀ ਨਹੀਂ ਹਨ ਜਾਂ ਕੇਵਲ ਲਿਖਣ ਦਾ ਢੰਗ ਹੀ ਨਹੀਂ, ਸਗੋਂ ਬਿਲਕੁਲ ਸੱਚੀਆਂ ਗੱਲਾਂ ਹਨ।”
ਹਲਕੀ-ਫੁਲਕੀ ਵਾਰਤਕ ਲਿਖਣੀ ਬੜੀ ਔਖੀ ਹੁੰਦੀ ਹੈ। ਇਹਦੇ ਲਈ ਜ਼ਿੰਦਗੀ ਦਾ ਤਜ਼ਰਬਾ ਤੇ ਬਾਰੀਕਬੀਨੀ ਸੂਝ ਦੀ ਲੋੜ ਹੁੰਦੀ ਹੈ। ਬਾਵਾ ਬਲਵੰਤ ਪੰਜਾਬੀ ਦਾ ਉੱਘਾ ਕਾਵਿ ਹਸਤਾਖਰ ਹੈ। ਪ੍ਰਗਤੀਵਾਦੀ ਕਵਿਤਾ ਵਿੱਚ ਉਹਦਾ ਨਾਂ ਮੂਹਰਲੀਆਂ ਸਫਾਂ ਵਿੱਚ ਆਉਂਦਾ ਹੈ। ਕਵਿਤਾ ਵਾਂਗ ਹੀ ਉਹਨੇ ਨਿੱਕੇ ਨਿੱਕੇ ਵਿਸ਼ਿਆਂ ‘ਤੇ ਲੇਖ ਵੀ ਲਿਖੇ ਹਨ। ਉਹ ਬੜੀ ਦੂਰਦਰਸ਼ੀ ਸੋਚ ਵਾਲਾ ਲੇਖਕ ਸੀ। ਹਥਲੀ ਕਿਤਾਬ ਵਿੱਚ ਸ਼ਾਮਲ ‘ਸ਼ਾਮ ਦੀ ਚਾਹ’ ਉਹਦਾ ਬੜਾ ਦਿਲਚਸਪ ਲੇਖ ਹੈ:
“ਦੂਸਰੀ ਚੀਜ਼ ਜਿਸ ਲਈ ਸ਼ਾਮ ਦੀ ਚਾਹ ਬਹੁਤ ਹੀ ਪਿਆਰੀ ਲੱਗਦੀ ਹੈ ਉਹ ਹੈ, ਕੋਸ਼ਿਸ਼ ਕਰਕੇ ਚਾਹ ਨੂੰ ਹਾਸਲ ਕਰਨਾ। ਸੌ ਰੁਪਏ ਸੇਰ ਤੇ ਹੋਰ ਵਧੀਆ ਚਾਹ ਜੋ ਅਸਾਨੀ ਨਾਲ ਹਾਸਲ ਹੋ ਜਾਵੇ, ਉਸਦਾ ਮਜ਼ਾ ਤਾਂ ਬਹੁਤ ਹੀ ਫਿੱਕਾ ਹੈ। ਜ਼ਰਾ ਸ਼ਾਮ ਦੀ ਚਾਹ ਲਈ ‘ਕੋਸ਼ਿਸ਼’ ਦੇ ਨਜ਼ਾਰੇ ਦੇਖੋ! ਕੰਮ ਦਾ ਜ਼ਰਾ ਮੰਦਾ ਆਇਆ ਤਾਂ ਪਹਿਲੀ ਕੋਸ਼ਿਸ਼ ਇਸ ਤਰ੍ਹਾਂ ਕਰਨੀ ਪਈ। ਚਾਹ ਦਾ ਸਮਾਨ ਥੋੜ੍ਹਾ ਬਹੁਤ ਮੌਜੂਦ ਸੀ, ਪਰ ਅਗਨੀ ਦੇਵਤੇ ਦਾ ਘਾਟਾ ਸੀ।”
ਪੰਜਾਬੀ ਵਿੱਚ ਪਾਪੜਾਂ ਵਰਗੀ ਕਰਾਰੀ ਵਾਰਤਕ ਬਲਵੰਤ ਗਾਰਗੀ ਨੇ ਲਿਖੀ ਹੈ। ਉਹ ਸ਼ਬਦਾਂ ਵਿੱਚ ਇਸ ਤਰ੍ਹਾਂ ਜਾਨ ਪਾ ਦਿੰਦਾ ਹੈ ਕਿ ਪੜ੍ਹਨ ਵਾਲਾ ਦੇਖਦਾ ਰਹਿ ਜਾਂਦਾ ਹੈ। ਇਸ ਕਿਤਾਬ ਵਿੱਚ ਉਹਦਾ ‘ਬੰਬਈ’ ਨਾਮੀ ਲੇਖ ਸ਼ਾਮਲ ਹੈ। ਬੰਬਈ ਭਾਰਤ ਦੀ ਆਰਥਕ ਰਾਜਧਾਨੀ ਦੇ ਨਾਲ ਨਾਲ ਹੁਸਨ ਤੇ ਖੂਬਸੂਰਤੀ ਦੀ ਮਲਿਕਾ ਮੰਨੀ ਜਾਂਦੀ ਹੈ। ਇਸਦੀ ਖਾਸੀਅਤ ਬਾਰੇ ਗਾਰਗੀ ਲਿਖਦਾ ਹੈ:
“ਬੰਬਈ ਕਾਰਖਾਨਿਆਂ ਦਾ ਘਰ ਹੈ। ਏਥੇ ਕਪੜਾ ਬੁਣਨ ਦੇ ਕਾਰਖਾਨੇ, ਪਲਾਸਟਿਕ, ਜੁੱਤੇ, ਦਵਾਈਆਂ, ਕਰੀਮਾਂ, ਸਾਬਣ ਤੇ ਫਿਲਮਾਂ ਬਣਾਉਣ ਦੇ ਕਾਰਖਾਨੇ ਹਨ। ਫਿਲਮ ਦੇ ਕਾਰਖਾਨੇ ਨੂੰ ਸਟੂਡੀਓ ਆਖਦੇ ਹਨ। ਉਹ ਲੋਕ ਜਿਨ੍ਹਾਂ ਜੰਗ ਦੇ ਦਿਨੀਂ ਅੰਨ੍ਹੇਵਾਹ ਰੁਪਿਆ ਕਮਾਇਆ, ਹੁਣ ਫਿਲਮ ਪ੍ਰੋਡਿਊਸਰ ਹਨ। ਫਿਲਮ ਪ੍ਰੋਡਿਊਸਰ ਬਣਨ ਲਈ ਫਿਲਮ ਦੀ ਟੈਕਨੀਕ ਦੀ ਸਿਖਲਾਈ, ਕੈਮਰੇ ਦੀ ਸਮਝ, ਸਾਹਿਤਕ ਸਿਕਸ਼ਾ, ਕਿਸੇ ਚੀਜ਼ ਦੀ ਵੀ ਲੋੜ ਨਹੀਂ, ਬਸ ਰੁਪਿਆਂ ਦੀ ਇੱਕ ਥੈਲੀ ਲੋੜੀਂਦੀ ਹੈ।”
ਇਸ ਕਿਤਾਬ ਦਾ ਹਰ ਲੇਖ ਤਵੱਜੋ ਦੀ ਮੰਗ ਕਰਦਾ ਹੈ, ਪਰ ਸਪੇਸ ਦੀ ਆਪਣੀ ਸੀਮਾ ਹੁੰਦੀ ਹੈ। ਉਹਨੂੰ ਉਲੰਘਣ ਨਾਲ ਕਈ ਵਾਰੀ ਖਿਲਾਰਾ ਪੈ ਜਾਂਦਾ ਹੈ। ਇਸ ਲਈ ਅੰਤ ‘ਤੇ ਸੰਪਾਦਕ ਦੇ ਲੇਖ ‘ਕੁਨਨ ਕੁਨਨ ਦਅ ਦਅ’ ਦੀ ਗੱਲ ਕਰਨੀ ਬਣਦੀ ਹੈ। ਚੰਦਨ ਦੀ ਵਾਰਤਕ ਸ਼ੈਲੀ ਵੱਖਰੀ ਕਿਸਮ ਦੀ ਹੈ। ਉਹ ਪਾਠਕ ਨੂੰ ਉਂਗਲ ਫੜ ਕੇ ਉਨ੍ਹਾਂ ਘਾਟੀਆਂ ਵਿੱਚ ਲੈ ਜਾਂਦਾ ਹੈ, ਜਿੱਥੋਂ ਅੱਗੇ ਸਫਰ ਉਹਨੇ ਖੁਦ ਕਰਨਾ ਹੈ। ਬਹੁਤ ਕੁਝ ਪਾਠਕ ਲਈ ਛੱਡ ਦੇਣਾ, ਸੁਆਲ ਖੜ੍ਹੇ ਕਰ ਦੇਣੇ ਵਧੀਆ ਵਾਰਤਕ ਦੀ ਨਿਸ਼ਾਨੀ ਹੈ। ਉਹ ਲਿਖਦਾ ਹੈ:
“ਕੁਨਨ ਕੁਨਨ ਆਵਾਜ਼ ਦਰਅਸਲ ਧਰੁਪਤ ਦੇ ਅਲਾਪ ਵਿੱਚ ਅਸਥਾਈ ਤੇ ਅੰਤਰੇ ਦੇ ਵਿਚਾਲੇ ਕੱਢੀ ਜਾਂਦੀ ਹੈ-ਕੁ ਨ ਨ…। ਰਾਗੀ ਇਸ ਆਵਾਜ਼ ਨੂੰ ਹੱਥਾਂ ਨਾਲ ਖਿੱਚ-ਖਿੱਚ ਕੇ ਲੰਬੀ ਕਰਦਾ ਹੈ। ਆਲਾਪ ਧਵਨੀ ਦਾ ਵਿਰਲਾਪ ਹੈ, ਜੋ ਆਪਣੇ ਮੂਲ ਤੋਂ ਵਿਛੜ ਕੇ ਉਹਨੂੰ ਲੱਭਦੀ ਤੜਪ ਰਹੀ ਹੈ: ਜਾਂ ਇਹ ਮੂਲ ਵੱਲ ਯਾਤਰਾ ਏਨੀ ਬਿਖੜੀ ਹੈ ਕਿ ਉਸ ਪੰਧ ਦੀ ਵੇਦਨਾ ਦੱਸੀ ਨਹੀਂ ਜਾਂਦੀ। ਅਮੀਰ ਖੁਸਰੋ ਨੇ ਊਲ-ਜਲੂਲ ਧਵਨੀਆਂ ਨੂੰ ਤਰਾਨੇ ਵਿੱਚ ਬੰਨਿ੍ਹਆ ਸੀ-ਨਾਦਰ ਦੀਮ ਤਾ ਨਾ ਦੀ ਰੇ ਨਾ।
ਇਸ ਸੰਖੇਪ ਜਿਹੀ ਚਰਚਾ ਰਾਹੀਂ ਅਸੀਂ ਵੀਹਵੀਂ ਸਦੀ ਦੀ ਵਾਰਤਕ ਦੇ ਗੁਣਾਂ, ਲੱਛਣਾਂ ਤੇ ਰਚਨਾਕਾਰਾਂ ਦੀਆਂ ਕੁਝ ਪਰਤਾਂ ਫਰੋਲਣ ਦਾ ਜਤਨ ਕੀਤਾ ਹੈ। ਇਹ ਕਿਤਾਬ ਇੱਕ ਪੂਰੀ ਸਦੀ ਨੂੰ ਕਲਾਵੇ ਵਿੱਚ ਲੈ ਕੇ ਭਾਸ਼ਾ, ਵਿਸ਼ੇ, ਸ਼ੈਲੀ, ਤਕਨੀਕ, ਜੁਗਤਾਂ ਤੇ ਪੇਸ਼ਕਾਰੀ ਪੱਖੋਂ ਕੈਲਾਡੀਓ ਸਕੋਪ ਬਣ ਜਾਂਦੀ ਹੈ। ਇਸ ਵਿੱਚ ਵੰਨ ਵੰਨ ਦੇ ਰੰਗ ਪਾਠਕ ਵਿੱਚ ਜਿਥੇ ਉਤਸੁਕਤਾ ਪੈਦਾ ਕਰਦੇ ਹਨ, ਓਥੇ ਉਹਨੂੰ ਗਿਆਨ ਦੇ ਰਾਹ ਦਾ ਪਾਂਧੀ ਵੀ ਬਣਾਉਂਦੇ ਹਨ। ਸੰਪਾਦਕ ਨੇ ਬੜੀ ਮਿਹਨਤ ਨਾਲ ਇਨ੍ਹਾਂ ਲੇਖਾਂ ਨੂੰ ਭਾਲ ਕੇ ਤਰਤੀਬ ਦਿੱਤੀ ਹੈ, ਜਿਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ। ਅੰਤ ‘ਤੇ ‘ਸਿਰਲੇਖਕਾਂ ਦੀ ਸਿਆਣ’, ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਤੇ ਸਰੋਤ ਦੇ ਕੇ ਸੰਪਾਦਕ ਨੇ ਕਿਤਾਬ ਨੂੰ ਸਿੱਕੇਬੰਦ ਕਰ ਦਿੱਤਾ ਹੈ।