ਸ਼ਬਦਾਂ ਦਾ ਖੰਜਰ

ਅਦਬੀ ਸ਼ਖਸੀਅਤਾਂ

ਸੰਨ ਸੰਤਾਲੀ ਦੇ ਬਟਵਾਰੇ ਸਮੇਂ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਖਾਸ ਕਰ ਰਿਸ਼ਤੇ-ਨਾਤੇ! ਉਦੋਂ ਤਾਂ ਵਕਤ ਦੀ ਨਜ਼ਾਕਤ ਪਛਾਨਣੀ ਔਖੀ ਹੋ ਗਈ ਸੀ ਤੇ ਦੇਵਤਿਆਂ ਸਮਾਨ ਬੰਦਿਆਂ ਦੇ ਵੀ ਈਮਾਨ ਡੋਲ ਗਏ ਸਨ। ਕਈ ਆਪਣਿਆਂ ਨੇ ਪੁਰਾਣੀਆਂ ਸਾਂਝਾਂ ਨੂੰ ਭੁਲਾ ਕੇ ਆਪਣਿਆਂ ਨੂੰ ਹੀ ਲੁੱਟਿਆ। ਬੋਲਾਂ ਦਾ ਖੰਜਰ ਕਿਸ ਕਦਰ ਅਸਰ ਕਰਦਾ ਹੈ, ਹਥਲੀ ਲਿਖਤ ਵਿੱਚ ਕਲਮਕਾਰ ਸਾਂਵਲ ਧਾਮੀ ਨੇ ਇਹੋ ਬਿਆਨ ਕੀਤਾ ਗਿਆ ਹੈ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।

ਸਾਂਵਲ ਧਾਮੀ
ਫੋਨ:+91-9781843444

ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਡਵਿੱਡੇ ਰਿਹਾਣੇ ਤੋਂ ਲਹਿੰਦੇ ਪਾਸੇ ਇੱਕ ਘੁੱਗ ਵੱਸਦਾ ਪਿੰਡ ਹੈ: ਅਹਿਰਾਣਾਂ ਕਲਾਂ। ਵੰਡ ਤੋਂ ਪਹਿਲਾਂ ਇੱਥੇ ਨਾਰੂ ਗੋਤ ਦੇ ਮੁਸਲਮਾਨ ਰਾਜਪੂਤ ਵੱਸਦੇ ਸਨ। ਬਾਬੂ ਫ਼ਜ਼ਲ ਮੁਹੰਮਦ ਇਲਾਕੇ ਦਾ ਮੰਨਿਆ-ਦੰਨਿਆ ਬੰਦਾ ਸੀ। ਉਸ ਦੀ ਕੰਨਸਟ੍ਰਕਸ਼ਨ ਕੰਪਨੀ ਬਰਮਾ ਵਿੱਚ ਰੇਲਵੇ ਲਾਈਨਾਂ ਵਿਛਾਉਣ ਦਾ ਕੰਮ ਕਰਦੀ ਸੀ। ਦੂਜੀ ਵਿਸ਼ਵ ਜੰਗ ਸਮੇਂ ਉਹ ਬਰਮਾ ’ਚੋਂ ਮੁੜ ਆਇਆ ਤੇ ਉਸ ਨੇ ਬਿਹਾਰ ’ਚ ਕਿਸੇ ਹਵਾਈ ਅੱਡੇ ਦਾ ਠੇਕਾ ਲੈ ਲਿਆ ਸੀ, ਜੋ ਜਨਵਰੀ 1930 ’ਚ ਮੁਕੰਮਲ ਹੋਇਆ, ਉਸਦਾ ਤਿਮੰਜ਼ਲਾ ਚੁਬਾਰਾ ਅੱਜ ਵੀ ਉਸ ਦੀ ਸ਼ਾਨੋ-ਸ਼ੌਕਤ ਦੀ ਗਵਾਹੀ ਭਰਦਾ ਹੈ।
‘ਕਿਧਰੇ ਉਸਦੀ ਨਜ਼ਰ ਪਿੰਡ ਦੀ ਕਿਸੀ ਬਹੂ-ਬੇਟੀ ’ਤੇ ਨਾ ਪੈ ਜਾਏ।’ ਇਹ ਸੋਚ ਕੇ ਬਾਬੂ ਫ਼ਜ਼ਲਾ ਕਦੇ ਵੀ ਛੱਤ ’ਤੇ ਨਹੀਂ ਸੀ ਚੜ੍ਹਦਾ ਹੁੰਦਾ।
ਉਸਨੇ ਲੜਕੀਆਂ ਤੇ ਲੜਕਿਆਂ ਵਾਸਤੇ ਪਿੰਡ ’ਚ ਦੋ ਸਕੂਲ ਖੁਲ੍ਹਵਾਏ। ਆਪਣੇ ਪੁੱਤ-ਭਤੀਜੇ ਦਿੱਲੀ ਦੇ ਜਾਮੀਆ-ਮੀਲੀਆ ਇਸਲਾਮੀਆਂ ਸਕੂਲ ’ਚੋਂ ਹਟਵਾ ਕੇ ਇਸ ਸਕੂਲ ’ਚ ਦਾਖ਼ਲ ਕਰਵਾਏ। ਟੀਚਰਾਂ ਲਈ ਸਕੂਲ ਅੰਦਰ ਰਹਿਣ ਦਾ ਪ੍ਰਬੰਧ ਕੀਤਾ। ਦਸਵੀਂ ਦੇ ਵਿਦਿਆਰਥੀਆਂ ਨੂੰ ਫਾਈਨਲ ਪਰਚਿਆਂ ਤੋਂ ਕੁਝ ਮਹੀਨੇ ਪਹਿਲਾਂ ਰਾਤ ਨੂੰ ਸਕੂਲ ’ਚ ਰੱਖ ਕੇ ਵਾਧੂ ਪੜ੍ਹਾਇਆ ਜਾਂਦਾ ਸੀ। ਸੰਤਾਲ਼ੀ ਤੱਕ ਮੁਹੰਮਦ ਦੀਨ ਆਲੋਵਾਲ, ਰਹਿਮਤ ਅਲੀ ਪਥਰਾਲੀਆਂ ਤੇ ਆਤਮਾ ਸਿੰਘ ਆਦਿ ਇਸ ਸਕੂਲ ਦੇ ਮਾਸਟਰ ਰਹੇ। ਅਜੜਾਮ ਦੇ ਪੰਡਿਤ ਬਾਬੂ ਰਾਮ ਜੀ ਤੇ ਫਿਰ ਰਿਆਜ਼ ਮੁਹੰਮਦ ਇਸ ਸਕੂਲ ਦੇ ਹੈੱਡ-ਮਾਸਟਰ ਬਣੇ।
ਉਸ ਨੇ ਆਪਣੀ ਹਵੇਲੀ ’ਚ ਹਸਪਤਾਲ ਖੁਲ੍ਹਵਾਇਆ। ਮੇਨ-ਰੋਡ ਤੋਂ ਆਪਣੇ ਪਿੰਡ ਨੂੰ ਪੱਕਾ ਰਸਤਾ ਬਣਵਾਇਆ।
ਸੰਤਾਲ਼ੀ ਤੋਂ ਥੋੜ੍ਹਾ ਪਹਿਲਾਂ ਉਸਨੇ ਹਾਜੀ ਖਾਂ ਸਿੰਧੀ ਨਾਲ਼ ਮਿਲ਼ ਕੇ ‘ਸਿੰਧ ਅਜ਼ਾਦ ਕੰਪਨੀ’ ਬਣਾਈ। ਹਾਈ-ਵੇਅ ਦੇ ਠੇਕੇ ’ਚੋਂ ਇਸ ਕੰਪਨੀ ਨੂੰ ਚਾਰ ਲੱਖ ਰੁਪਈਆ ਬਚਿਆ ਸੀ। ਸੌ ਰੁਪਏ ਏਕੜ ਦੇ ਹਿਸਾਬ ਨਾਲ਼ ਦੋਵਾਂ ਸਾਂਝੀਦਾਰਾਂ ਨੇ ਜ਼ੁਲਫ਼ਕਾਰ ਅਲੀ ਭੁੱਟੋ ਦੇ ਚਾਚੇ ਕੋਲ਼ੋਂ ਚਾਰ ਹਜ਼ਾਰ ਏਕੜ ਦੇ ਕਰੀਬ ਜ਼ਮੀਨ ਖ਼ਰੀਦੀ। ਉਸ ਇਲਾਕੇ ’ਚ, ਜਿੱਥੇ ਸਿੰਧ ਦਰਿਆ ਅਰਬ ਸਾਗਰ ’ਚ ਡਿੱਗਦਾ ਹੈ।
ਵੰਡ ਦੇ ਐਲਾਨ ਮਗਰੋਂ ਇਹ ਪਰਿਵਾਰ ਵੀ ਪਿੰਡੋਂ ਉੱਠ ਕੇ ਬੀਬੀ ਦੀ ਪੰਡੋਰੀ ਕੈਂਪ ’ਚ ਆ ਗਿਆ। ਇੱਥੋਂ ਇਹ ਹੁਸ਼ਿਆਰਪੁਰ ਦੇ ਕਮਾਲਪੁਰ ਤੇ ਅਗਾਂਹ ਜਲੰਧਰ ਰਾਮਾ ਮੰਡੀ ਨੇੜਲੇ ਕੈਂਪ ’ਚ ਪਹੁੰਚ ਗਏ। ਜਲੰਧਰ ਤੋਂ ਇਹ ਪਰਿਵਾਰ ਰੇਲ-ਗੱਡੀ ’ਚ ਬੈਠ ਲਾਹੌਰ ਪਹੁੰਚ ਗਿਆ। ਪਹਿਲਾਂ ਤੋਂ ਬਾਰ ’ਚ ਆਬਾਦ ਰਿਸ਼ਤੇਦਾਰਾਂ ਨੇ ਇਸ ਪਰਿਵਾਰ ਨੂੰ ਸੰਭਾiਲ਼ਆ। ਇਨ੍ਹਾਂ ਨੂੰ ਜ਼ਮੀਨ ਮਿਲੀ ਜੜ੍ਹਾਂ ਵਾਲਾ ਤਹਿਸੀਲ ਦੇ ਚੱਕ ਨੰ. 644 ਜੀ.ਬੀ. ਤੇ ਠੀਕਰੀਵਾਲੇ ਥਾਣੇ ਨੇੜਲੇ ਪਿੰਡ 68 ਚੱਕ ਲੀਹਲਾਂ ਵਿੱਚ। 644 ਚੱਕ ਪਟਿਆਲੀਏ ਸਰਦਾਰਾਂ ਦਾ ਸੀ। ਉਨ੍ਹਾਂ ਖੇਤੀ ਲਈ ਸੀਰੀ ਰੱਖੇ ਹੋਏ ਸਨ ਤੇ ਆਪ ‘ਦੇਸ’ ’ਚ ਹੀ ਰਹਿੰਦੇ ਸਨ। ਇਸ ਚੱਕ ਦੇ ਸਾਰੇ ਘਰ ਕੱਚੇ ਸਨ। ਲੀਹਲਾਂ ਲੁਧਿਆਣੀਆਂ ਦਾ ਚੱਕ ਸੀ ਤੇ ਇਹ ਪੱਕਾ ਪਿੰਡ ਸੀ।
ਇੱਧਰ ਬਾਬੂ ਵਾਲ਼ਾ ਚੁਬਾਰਾ ਢੱਕੋਵਾਲੀਏ ਥਿਆੜਾ ਪਰਿਵਾਰ ਨੂੰ ਅਲਾਟ ਹੋਇਆ। ਇਹ ਟੱਬਰ ਗੋਜਰਾ ਤਹਿਸੀਲ ਦੇ ਚੱਕ ਨੰਬਰ 132 ਜੀ.ਬੀ. ਕਾਲ਼ਾ ਪਠਾਣਵਾਲ਼ਾ ਤੋਂ ਉੱਜੜ ਕੇ ਆਇਆ ਸੀ। ਉਜਾੜੇ ਤੋਂ ਉੱਭਰ ਕੇ ਬਾਬੂ ਹੁਰਾਂ ਸਿੰਧ ਵਾਲ਼ੀ ਜ਼ਮੀਨ ’ਤੇ ਕੇਲਾ ਲਗਾਉਣ ਦੀ ਸ਼ੁਰੂਆਤ ਕਰਨ ਬਾਰੇ ਸੋਚਿਆ।
ਲਾਹੌਰ ’ਚ ਨਵਾਜ਼ ਸ਼ਰੀਫ਼ ਦੇ ਪਿਉ ਦੀ ‘ਇਤਫਾਕ ਕੰਪਨੀ’ ਸੀ। ਝੀਲ ’ਚੋਂ ਪਾਣੀ ਚੁੱਕਣ ਲਈ ਇੱਥੋਂ ਇੰਜਣ ਖਰੀਦਿਆ ਗਿਆ। ਪ੍ਰਯੋਗ ਸਫ਼ਲ ਹੋਇਆ। ਕਾਸ਼ਤ ਪੰਜ-ਛੇ ਹਜ਼ਾਰ ਏਕੜ ਤੱਕ ਪਹੁੰਚ ਗਈ। ਇਹ ਟੱਬਰ ਅੱਜ ਵੀ ਅਰਜਨ ਦਾਸ ਬਾਣੀਏ ਦਾ ਨਾਂ ਸਤਿਕਾਰ ਨਾਲ਼ ਲੈਂਦਾ ਹੈ। ਉਹ ਮੁੰਬਈ ਤੋਂ ਇਨ੍ਹਾਂ ਲਈ ਕੇਲਿਆਂ ਦੇ ਬੀਅ ਦੀਆਂ ਗੱਠਾਂ ਨਾਲ਼ ਭਰੀਆਂ ਦੋ ਬੋਰੀਆਂ ਲੈ ਕੇ ਗਿਆ ਸੀ। ਪਾਕਿਸਤਾਨ ’ਚ ਕੇiਲ਼ਆਂ ਦੀ ਕਾਸ਼ਤ ਦੀ ਸ਼ੁਰੂਆਤ ਇਸ ਬੀਜ ਤੋਂ ਹੀ ਹੋਈ ਸੀ। ਓਥੇ ਇਸ ਨਾਰੂ ਪਰਿਵਾਰ ਦਾ ਨਾਂ ‘ਕਿੰਗਜ਼ ਆਫ਼ ਬਨੈਨਾ’ ’ਚ ਸ਼ੁਮਾਰ ਹੈ।
ਦੌਲਤ ਤੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੋਹਣ ਵਾਲ਼ਾ ਬਾਬੂ ਫ਼ਜ਼ਲਦੀਨ ਆਪਣੇ ਅਹਿਰਾਣਾ ਕਲਾਂ ਨੂੰ ਕਦੇ ਵੀ ਨਹੀਂ ਭੁਲਾ ਸਕਿਆ।
ਸੰਨ ਅਠਤਾਲ਼ੀ ਦੀ ਗੱਲ ਹੈ। ਉਸਨੂੰ ਪਤਾ ਲੱਗਾ ਕਿ ਕੁਝ ਸਰਕਾਰੀ ਫ਼ੀਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ’ਚ ਇਹ ਸਕੂਲ ਟੁੱਟ ਕੇ ਕਿਸੇ ਹੋਰ ਪਿੰਡ ਜਾ ਸਕਦਾ ਹੈ। ਉਸਨੇ ਕੋਈ ਅੱਠ ਹਜ਼ਾਰ ਰੁਪਈਆ ਸਕੂਲ ਲਈ ਭੇਜਿਆ। ਉਸ ਨੂੰ ਇਸ ਗੱਲ ਦਾ ਹਮੇਸ਼ਾ ਦੁੱਖ ਰਿਹਾ ਕਿ ਉਹ ਪਿੰਡ ਵਾਲ਼ੀ ਫਿਰਨੀ ’ਤੇ ਲੁੱਕ ਨਹੀਂ ਸੀ ਪਵਾ ਸਕਿਆ।
ਇਹ ਗੱਲਾਂ ਮੈਨੂੰ ਉਨ੍ਹਾਂ ਦੇ ਭਤੀਜੇ ਰਾਣਾ ਇਕਬਾਲ ਖਾਨ ਨੇ ਦੱਸੀਆਂ ਸਨ। ਉਹ ਆਸਟ੍ਰੇਲੀਆ ਰਹਿੰਦਾ ਸੀ ਤੇ ਪਿੱਛੇ ਜਿਹੇ ਦੁਨੀਆਂ ਤੋਂ ਰੁਖ਼ਸਤ ਹੋਇਆ ਹੈ। ਇਨ੍ਹਾਂ ਗੱਲਾਂ ਨੂੰ ਪਿੰਡ ਦੇ ਬਜ਼ੁਰਗ ਗਰੀਬ ਦਾਸ ਨੇ ਵੀ ਤਸਦੀਕ ਕੀਤਾ ਹੈ। ਇਨ੍ਹਾਂ ਦੋਹਾਂ ਬਜ਼ੁਰਗਾਂ ਦੀਆਂ ਗੱਲਾਂ ਮੇਰੇ ਯੂ-ਟਿਊਬ ਚੈਨਲ ‘ਸੰਤਾਲ਼ੀਨਾਮਾ’ ’ਤੇ ਸੁਣੀਆਂ ਜਾ ਸਕਦੀਆਂ ਹਨ।
ਸਕੂਲ ਦੇ ਮੌਜੂਦਾ ਪ੍ਰਿੰਸੀਪਲ ਜਨਾਬ ਭਾਰਤ ਭੂਸ਼ਨ ਹੁਰਾਂ ਨੂੰ ਇਨ੍ਹਾਂ ਇਸ ਗੱਲਬਾਤ ਦਾ ਲਿੰਕ ਭੇਜਿਆ ਤਾਂ ਉਹ ਵੀ ਬਾਬੂ ਫ਼ਜ਼ਲ ਮੁਹੰਮਦ ਦੇ ਕਿਰਦਾਰ ਤੋਂ ਬਹੁਤ ਮੁਤਾਸਿਰ ਹੋਏ। ਉਨ੍ਹਾਂ ਮੈਨੂੰ ਬਾਬੂ ਹੁਰਾਂ ਦੀ ਫੋਟੋ ਮੰਗਵਾਉਣ ਬਾਰੇ ਕਿਹਾ। ਸਕੂਲ ਦੇ ਪ੍ਰਿੰਸੀਪਲ-ਆਫ਼ਿਸ ’ਚ ਅੱਜ ਬਾਬੂ ਹੁਰਾਂ ਦੀ ਫੋਟੋ ਲੱਗੀ ਹੋਈ ਹੈ।
ਬਜ਼ੁਰਗਾਂ ਨੂੰ ਲੱਭਦਿਆਂ ਇੱਕ ਦੁਪਹਿਰ ਮੈਂ ਅਹਿਰਾਣੇ ਨੇੜਲੇ ਇੱਕ ਪਿੰਡ ’ਚ ਪਹੁੰਚਿਆ। ਆਪਣੀ ਬਾਂਹ ਦਾ ਸਿਰਹਾਣਾ ਬਣਾਈ ਇੱਕ ਬਜ਼ੁਰਗ ਲੇਟਿਆ ਹੋਇਆ ਸੀ। ਅੰਬਾਂ ਥੱਲੇ, ਅਲਾਣੇ ਮੰਜੇ ’ਤੇ। ਮੈਂ ਪੈਰੀਂ ਹੱਥ ਲਗਾਇਆ ਤਾਂ ਉਹ ਕਾਹਲ਼ੀ ਜਿਹੀ ’ਚ ਉੱਠਿਆ। ਮੇਰਾ ਨਾਂ-ਗਰਾਂ ਪੁੱਛਣ ਮਗਰੋਂ ਉਹ ਮੇਰੇ ਨਾਲ਼ ਗੱਲੀਂ ਰੁਝ ਗਿਆ। ਤੁਰਦੀਆਂ-ਤੁਰਦੀਆਂ ਗੱਲਾਂ ਬਾਬੂ ਫ਼ਜ਼ਲਦੀਨ ਹੁਰਾਂ ਤੱਕ ਪਹੁੰਚ ਗਈਆਂ।
“ਬਾਪੂ ਦਾ ਤਾਂ ਖ਼ਾਸ ਦੋਸਤ ਸੀ ਉਹ! ਬਾਪੂ ਦੀ ਮੌਤ ਤੱਕ ਉਸਦੀਆਂ ਚਿੱਠੀਆਂ ਆਉਂਦੀਆਂ ਰਹੀਆਂ!” ਉਹ ਚਾਅ ਜਿਹੇ ’ਚ ਬੋਲਿਆ।
“ਕੀ ਲਿਖਦੇ ਹੁੰਦੇ ਸੀ, ਉਹ ਚਿੱਠੀਆਂ ’ਚ?” ਮੈਂ ਸਵਾਲ ਕੀਤਾ ਸੀ।
“ਆਪਣੇ ਦੋਸਤਾਂ, ਪਿੰਡ, ਫਿਰਨੀ ਤੇ ਸਕੂਲ ਦੀਆਂ ਗੱਲਾ ਹੀ ਪੁੱਛਦੇ ਹੁੰਦੇ ਸੀ!” ਉਸ ਦਾ ਜਵਾਬ ਸੀ।
“ਆਪਣੇ ਚੁਬਾਰੇ ਬਾਰੇ ਨਹੀਂ ਸੀ ਪੁੱਛਿਆ ਕਦੇ?” ਮੇਰਾ ਇਹ ਸਵਾਲ ਸੁਣ ਕੇ ਉਹ ਸੋਚੀਂ ਪੈ ਗਿਆ ਸੀ।
“ਬਾਬੂ ਹੁਰੀਂ ਤਾਂ ਚਲੇ ਗਏ ਸੀ ਸੁੱਖੀ-ਸਾਂਦੀ। ਉਨ੍ਹਾਂ ਦਾ ਸਹੁਰਾ ਇੱਥੇ ਰਹਿ ਗਿਆ ਸੀ। ਉਹ ਮੇਹਟੀਆਣੇ ਤੋਂ ਸੀ। ਤਕੜਾ ਜ਼ਿਮੀਦਾਰ ਸੀ ਉਹ ਵੀ। ਉਹ ਬਾਬੂ ਹੁਰਾਂ ਦਾ ਮਾਮਾ ਵੀ ਲੱਗਦਾ ਸੀ। ਉਹ ਪਾਕਿਸਤਾਨ ਜਾਣ ਨੂੰ ਨਹੀਂ ਸੀ ਮੰਨਿਆ। ਐਵੇਂ ਉਹਨੂੰ ਭਰਮ ਜਿਹਾ ਸੀ ਕਿ ਇਹ ਰੌਲ਼ਾ-ਰੱਪਾ ਚਾਰ ਦਿਨਾਂ ਦਾ ਤਮਾਸ਼ਾ ਏ ਬੱਸ। ਬਾਬੂ ਦਾ ਘਰ ਲੁੱਟਣ ਗਏ ਬੰਦਿਆਂ ਨੇ ਬਰਛਾ ਮਾਰ ਦਿੱਤਾ ਸੀ ਉਸਨੂੰ!” ਇਹ ਆਖ ਉਸਨੇ ਅੱਖਾਂ ਝੁਕਾ ਲਈਆਂ ਸਨ।
“ਉਹਨੂੰ ਮਾਰਨ ਵਾਲ਼ੇ ਕਿੱਥੋਂ ਦੇ ਸੀ?” ਮੈਂ ਉਦਾਸ ਸੁਰ ’ਚ ਸਵਾਲ ਕੀਤਾ ਸੀ।
“ਇਸੀ ਪਿੰਡ ਦੇ ਸਨ!” ਉਹ ਧੀਮੀ ਆਵਾਜ਼ ’ਚ ਬੋਲਿਆ ਸੀ।
“ਹੈਂਅ! ਕੌਣ ਸੀ ਉਹ?”
“ਉਹ ਵਕਤ ਹੀ ਏਹੋ ਜਿਹਾ ਸੀ ਪੁੱਤਰਾ!” ਨਿਰਾਸ਼ਾ ’ਚ ਸਿਰ ਮਾਰਦਿਆਂ ਉਸ ਨੇ ਹੋਰ ਹੀ ਗੱਲ ਸ਼ੁਰੂ ਕਰ ਲਈ ਸੀ।
“…ਉਦੋਂ ਤਾਂ ਦੇਵਤਿਆਂ ਸਮਾਨ ਬੰਦਿਆਂ ਦੇ ਵੀ ਈਮਾਨ ਡੋਲ ਗਏ ਸਨ। ਮੁੰਡੀਰ ਕੱਠੀ ਹੋਈ ਪਈ ਸੀ। ਨਾਲ਼ੇ ਉਹ ਕਿਹੜਾ ਮਾਰਨ ਗਏ ਸੀ ਉਸ ਨੂੰ। ਉਹ ਸ਼ੁਦਾਈ ਤਾਂ ਖ਼ਜ਼ਾਨਾ ਲੱਭਣ ਗਏ ਸੀ। ਮਿਹਟੀਆਣੀਆਂ ਬੁੱਢਾ ਵੀ ਵਕਤ ਦੀ ਨਜ਼ਾਕਤ ਨਈਂ ਸੀ ਪਛਾਣਦਾ। ਬੜਾ ਖੜੂਸ ਰੰਘੜ ਸੀ ਉਹ। ਐਵੇਂ ਪੁਰਾਣੀਆਂ ਸਾਂਝਾਂ ਦੇ ਮਾਣ ’ਚ ਮੁੰਡੀਰ ਨੂੰ ਲਾਹਣਤਾਂ ਪਾਈ ਜਾਵੇ। ਬਥੇਰਾ ਕਿਹਾ, ਪਰ ਉਹ ਦਰਾਂ ’ਚ ਅੜ ਕੇ ਖੜੋਤਾ ਰਿਹਾ। ਬੱਸ ਫਿਰ ਕੀ ਸੀ! ਮੁੰਡਿਆਂ ਦਾ ਵੀ ਸਿਰ ਫਿਰ ਗਿਆ ਤੇ ਬਰਛਾ…!” ਵਾਕ ਅਧੂਰਾ ਛੱਡ ਉਹ ਚੁੱਪ ਹੋ ਗਿਆ ਸੀ।
“ਫਿਰ?” ਜਦ ਉਸਦੀ ਚੁੱਪ ਬੋਝਲ ਹੋ ਗਈ ਤਾਂ ਮੈਂ ਪੁੱਛਿਆ ਸੀ।
“…ਉਹ ਬਾਬੂ ਹੁਰਾਂ ਦਾ ਆਖ਼ਰੀ ਖਤ ਸੀ। ਉਹਨੇ ਬਾਪੂ ਨੂੰ ਲਿਖਿਆ ਸੀ-ਮਾਮੇ ਨੇ ਤਾਂ ਯਕੀਨਨ ਮਰਨਾ ਹੀ ਸੀ। ਇਹ ਚੰਗਾ ਹੋਇਆ ਕਿ ਉਹ ਤੇਰੇ ਪੁੱਤ ਹੱਥੋਂ ਕਤਲ ਹੋਇਆ। ਫਿਰ ਵੀ ਸਾਡਾ ਭਤੀਜਾ ਏ ਊਧਮ ਸਿੰਘ! ਬੜਾ ਫ਼ਰਕ ਹੁੰਦਾ ਏ ਆਪਣਿਆਂ ਤੇ ਬੇਗਾਨਿਆਂ ’ਚ। ਬਾਬੂ ਹੁਰਾਂ ਦੇ ਇਨ੍ਹਾਂ ਸ਼ਬਦਾਂ ਨੇ ਬਾਪੂ ਦਾ ਹਿਰਦਾ ਵਲੂੰਧਰ ਸੁੱਟਿਆ ਸੀ। ਉਹਨੇ ਐਸਾ ਮੰਜਾ ਮੱਲਿਆ ਕਿ ਮੁੜ ਨਹੀਂ ਸੀ ਉੱਠ ਹੋਇਆ, ਉਸ ਕੋਲ਼ੋਂ। ਮੈਨੂੰ ਮੌਤ ਤੱਕ ਨਹੀਂ ਸੀ ਬੁਲਾਇਆ ਉਸਨੇ। ਮੈਂ ਜੇਠਾ ਪੁੱਤ ਸਾਂ, ਪਰ ਉਹ ਜਿਉਂਦੇ-ਜੀ ਸਾਰੇ ਫ਼ਰਜ਼ ਮੈਥੋਂ ਛੋਟੇ ਨੂੰ ਸੌਂਪ ਗਿਆ ਸੀ। ਉਸਨੂੰ ਲਾਂਬੂ ਮੈਥੋਂ ਛੋਟੇ ਨੇ ਲਾਇਆ ਸੀ। ਸੱਤਰ ਵਰ੍ਹੇ ਬੀਤ ਗਏ ਨੇ! ਕੀ ਦੱਸਾਂ ਪੁੱਤਰਾ, ਬਾਬੂ ਹੁਰਾਂ ਦੇ ਉਹ ਸ਼ਬਦ, ਅੱਜ ਵੀ ਮੇਰੀ ਛਾਤੀ ਦੇ ਆਰ-ਪਾਰ ਹੋਏ ਪਏ ਨੇ! ਕਿਸੇ ਖੰਜਰ ਵਾਂਗ!!”
ਗੱਲ ਮੁਕਾਉਂਦਿਆ ਊਧਮ ਸਿੰਘ ਦੀਆਂ ਅੱਖਾਂ ਛਲਕ ਗਈਆਂ ਸਨ।

Leave a Reply

Your email address will not be published. Required fields are marked *