ਹਾਕੀ ਦੀ ਗੋਲਡਨ ਗਰਲ ਰਾਜਬੀਰ ਕੌਰ

ਗੂੰਜਦਾ ਮੈਦਾਨ

ਖਿਡਾਰੀ ਪੰਜਾ-ਆਬ ਦੇ (ਲੜੀ-41)
ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਹਾਕੀ ਦਾ ਜ਼ਿਕਰ ਕਰਕੇ ਗੱਲ ਅੱਗੇ ਤੋਰੀਏ ਤਾਂ ਇਸ ਖੇਡ ਨਾਲ ਜੁੜੇ ਕਈ ਐਸੇ ਨਾਮ ਹਨ, ਜਿਨ੍ਹਾਂ ਨੇ ਪੰਜਾਬ ਪੱਧਰ ਜਾਂ ਭਾਰਤ ਪੱਧਰ `ਤੇ ਹੀ ਮੱਲਾਂ ਨਹੀਂ ਮਾਰੀਆਂ, ਸਗੋਂ ਵਿਸ਼ਵ ਪੱਧਰ `ਤੇ ਵੀ ਨਾਮਣਾ ਖੱਟਿਆ ਹੈ।

ਹਥਲੇ ਲੇਖ ਵਿੱਚ ਹਾਕੀ ਦੀ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਰਾਜਬੀਰ ਕੌਰ ਦੇ ਖੇਡ ਕਰੀਅਰ ਦਾ ਸੰਖੇਪ ਵੇਰਵਾ ਹੈ। 1982 ਵਿੱਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਰਾਜਬੀਰ ਦੀ ਸਟਿੱਕ ਦਾ ਜਾਦੂ ਇੰਨਾ ਚੱਲਿਆ ਕਿ ਉਸ ਨੇ 16 ਗੋਲ ਕਰ ਕੇ ਟਾਪ ਸਕੋਰਰ ਬਣਨ ਦੇ ਨਾਲ ਭਾਰਤ ਨੂੰ ਸੋਨ ਤਮਗ਼ਾ ਵੀ ਜਿਤਾਇਆ। ਰਾਜਬੀਰ ਨੇ ਆਪਣੇ ਖੇਡ ਕਰੀਅਰ ਵਿੱਚ ਇੱਕ ਵਿਸ਼ਵ ਕੱਪ, ਚਾਰ ਏਸ਼ਿਆਈ ਖੇਡਾਂ, ਤਿੰਨ ਏਸ਼ੀਆ ਕੱਪ ਸਣੇ ਕਈ ਟੂਰਨਾਮੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਆਪਣੇ ਖੇਡ ਕਰੀਅਰ ਵਿੱਚ 285 ਕੌਮਾਂਤਰੀ ਮੈਚ ਖੇਡੇ ਅਤੇ ਗੋਲਾਂ ਦਾ ਸੈਂਕੜਾ ਮਾਰਿਆ। ਹਾਕੀ ਨੂੰ ਹਰ ਵੇਲੇ ਸਮਰਪਿਤ ਇਹ ਸ਼ਖਸੀਅਤ ਨਵੀਂ ਉਮਰ ਦੀਆਂ ਖਿਡਾਰਨਾਂ ਲਈ ਪ੍ਰੇਰਨਾ ਸ੍ਰੋਤ ਹੈ।

ਨਵਦੀਪ ਸਿੰਘ ਗਿੱਲ
ਫੋਨ: +91-9780036216

ਹਾਕੀ ਭਾਰਤ ਦੀ ਕੌਮੀ ਖੇਡ ਹੈ। ਪੁਰਸ਼ ਹਾਕੀ ਵਿੱਚ ਭਾਰਤ ਨੇ ਪੂਰੀ ਦੁਨੀਆਂ ’ਤੇ ਅੱਧੀ ਸਦੀ ਤੋਂ ਵੱਧ ਰਾਜ ਕੀਤਾ ਹੈ। ਭਾਰਤ ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾ ਹਾਕੀ ਦੀਆਂ ਪ੍ਰਾਪਤੀਆਂ ਘੱਟ ਹਨ, ਪਰ ਫਿਰ ਵੀ ਕੁਝ ਕੁ ਖਿਡਾਰਨਾਂ ਅਜਿਹੀਆਂ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਜਿੱਥੇ ਮਹਿਲਾ ਹਾਕੀ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ, ਉਥੇ ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਵੀ ਖੱਟੀ। ਅਜਿਹੀ ਹੀ ਖਿਡਾਰਨ ਹੈ ਰਾਜਬੀਰ ਕੌਰ। ਰਾਜਬੀਰ ਕੌਰ ਨੇ ਛੋਟੀ ਉਮਰੇ ਹੀ ਆਪਣੀ ਖੇਡ ਦੀ ਧਾਕ ਕੁਲ ਦੁਨੀਆਂ ਵਿੱਚ ਜਮਾ ਦਿੱਤੀ। ਰਾਜਬੀਰ ਦੇ ਹੁੰਦਿਆਂ ਭਾਰਤੀ ਹਾਕੀ ਟੀਮ ਨੇ ਸਭ ਤੋਂ ਵੱਧ ਟੂਰਨਾਮੈਂਟ ਜਿੱਤੇ। ਰਾਜਬੀਰ ਕੌਰ ਨੂੰ ਹਾਕੀ ਵਿਰਸੇ ਵਿੱਚੋਂ ਮਿਲੀ ਅਤੇ ਉਸ ਦਾ ਪੇਕਾ ਤੇ ਸਹੁਰਾ ਪਰਿਵਾਰ- ਦੋਵੇਂ ਹੀ ਹਾਕੀ ਨੂੰ ਸਮਰਪਿਤ ਹਨ।
ਰਾਜਬੀਰ ਕੌਰ ਦਾ ਜਨਮ ਮਾਝੇ ਦੇ ਪਿੰਡ ਰਈਆ ਵਿਖੇ 3 ਜੂਨ 1965 ਨੂੰ ਖੇਡਾਂ ਨੂੰ ਪਿਆਰ ਕਰਨ ਵਾਲੇ ਪਰਿਵਾਰ ਵਿੱਚ ਹੋਇਆ। ਰਾਜਬੀਰ ਨੇ ਸਕੂਲੀ ਪੜ੍ਹਾਈ ਜਲੰਧਰ ਦੀ ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਨਹਿਰੂ ਗਾਰਡਨ ਸਕੂਲ ਤੋਂ ਹਾਸਲ ਕੀਤੀ ਅਤੇ ਗਰੈਜੂਏਸ਼ਨ ਦੀ ਪੜ੍ਹਾਈ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਤੋਂ ਕੀਤੀ। ਰਾਜਬੀਰ ਦੀ ਕੌਮਾਂਤਰੀ ਹਾਕੀ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਗੁੱਡੀ ਚੜ੍ਹ ਗਈ। ਮਹਿਜ਼ 15 ਵਰਿ੍ਹਆਂ ਦੀ ਉਮਰੇ 1980 ਵਿੱਚ ਸੋਵੀਅਤ ਯੂਨੀਅਨ (ਮੌਜੂਦਾ ਰੂਸ) ਖਿਲਾਫ ਟੈਸਟ ਮੈਚ ਰਾਹੀਂ ਕੌਮਾਂਤਰੀ ਹਾਕੀ ਕਰੀਅਰ ਵਿੱਚ ਦਾਖਲ ਹੋਈ ਰਾਜਬੀਰ ਕੌਰ 1981 ਵਿੱਚ ਜਾਪਾਨ ਵਿਖੇ ਹੋਏ ਏਸ਼ੀਆ ਕੱਪ ਵਿੱਚ ਨਾ ਸਿਰਫ ਭਾਰਤੀ ਟੀਮ ਬਲਕਿ ਏਸ਼ੀਆ ਕੱਪ ਵਿੱਚ ਹਿੱਸਾ ਲੈ ਰਹੀਆਂ ਸਾਰੇ ਮੁਲਕਾਂ ਦੀਆਂ ਖਿਡਾਰਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਸੀ। ਸੈਂਟਰ ਫਾਰਵਰਡ ਦੀ ਪੁਜੀਸ਼ਨ ’ਤੇ ਖੇਡਦਿਆਂ ਰਾਜਬੀਰ ਨੇ ਗੋਲਾਂ ਦੀ ਝੜੀ ਲਾ ਦਿੱਤੀ ਅਤੇ ਪੂਰੇ ਟੂਰਨਾਮੈਂਟ ਵਿੱਚ 18 ਗੋਲ ਕਰ ਕੇ ਟਾਪ ਸਕਰੋਰ ਦਾ ਖਿਤਾਬ ਹਾਸਲ ਕਰਨ ਦੇ ਨਾਲ ਭਾਰਤ ਨੂੰ ਸੋਨੇ ਦਾ ਤਮਗ਼ਾ ਵੀ ਜਿਤਾਇਆ। ਇਸੇ ਸਾਲ ਉਸ ਨੇ ਸਿੰਗਾਪੁਰ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।
1982 ਵਿੱਚ ਨਵੀਂ ਦਿੱਲੀ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਰਾਜਬੀਰ ਦੀ ਸਟਿੱਕ ਦਾ ਜਾਦੂ ਫਿਰ ਚੱਲਿਆ। ਰਾਜਬੀਰ ਨੇ 16 ਗੋਲ ਕਰ ਕੇ ਟਾਪ ਸਕੋਰਰ ਬਣਨ ਦੇ ਨਾਲ ਭਾਰਤ ਨੂੰ ਸੋਨ ਤਮਗ਼ਾ ਵੀ ਜਿਤਾਇਆ। ਇਹ ਏਸ਼ਿਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਜਿੱਤਿਆ ਪਲੇਠਾ ਸੋਨ ਤਮਗ਼ਾ ਸੀ। ਪੁਰਸ਼ ਹਾਕੀ ਟੀਮ ਦੀ ਫ਼ਾਈਨਲ ਵਿੱਚ ਪਾਕਿਸਤਾਨ ਹੱਥੋਂ 1-7 ਗੋਲਾਂ ਦੀ ਵੱਡੀ ਹਾਰ ਤੋਂ ਬਾਅਦ ਮਹਿਲਾ ਹਾਕੀ ਦੀ ਗੋਲਡਨ ਪ੍ਰਾਪਤੀ ਨੇ ਹਾਕੀ ਪ੍ਰੇਮੀਆਂ ਦੇ ਸੀਨੇ ਠਾਰੇ। ਇਸੇ ਲਈ ਉਸ ਤੋਂ ਬਾਅਦ ਰਾਜਬੀਰ ਭਾਰਤੀ ਹਾਕੀ ਦੀ ਗੋਲਡਨ ਗਰਲ ਵਜੋਂ ਮਕਬੂਲ ਹੋ ਗਈ।
1983 ਵਿੱਚ ਕੁਆਲਾਲੰਪਰ ਵਿਖੇ ਹੋਏ ਮਹਿਲਾ ਵਿਸ਼ਵ ਕੱਪ ਵਿੱਚ ਰਾਜਬੀਰ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ। 1985 ਵਿੱਚ ਨਵੀਂ ਦਿੱਲੀ ਵਿਖੇ ਹੋਏ ਇੰਦਰਾ ਗਾਂਧੀ ਗੋਲਡ ਕੱਪ ਦੇ ਪਹਿਲੇ ਹੀ ਐਡੀਸ਼ਨ ਵਿੱਚ ਰਾਜਬੀਰ ਕੌਰ ਨੇ ਟੀਮ ਹੇਠ ਭਾਰਤ ਨੇ ਸੋਨੇ ਦਾ ਤਮਗ਼ਾ ਜਿੱਤਿਆ। ਇੰਝ ਉਹ ਪਹਿਲੀ ਖਿਡਾਰਨ ਬਣੀ, ਜਿਸ ਨੇ ਆਪਣੇ ਪਹਿਲੇ ਹੀ ਏਸ਼ੀਆ ਕੱਪ, ਏਸ਼ਿਆਈ ਖੇਡਾਂ ਤੇ ਇੰਦਰਾ ਗਾਂਧੀ ਗੋਲਡ ਕੱਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। 1986 ਵਿੱਚ ਸਿਓਲ ਵਿਖੇ ਰਾਜਬੀਰ ਕੌਰ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ।
1989 ਵਿੱਚ ਬੀਜਿੰਗ ਵਿਖੇ ਹੋਏ ਏਸ਼ੀਆ ਕੱਪ ਵਿੱਚ ਰਾਜਬੀਰ ਕੌਰ ਨੇ ਹਿੱਸਾ ਲਿਆ ਅਤੇ ਭਾਰਤੀ ਟੀਮ ਨੇ ਚਾਂਦੀ ਦਾ ਤਮਗ਼ਾ ਜਿੱਤਿਆ। 1990 ਵਿੱਚ ਬੀਜਿੰਗ ਵਿਖੇ ਹੋਈਆਂ ਪ੍ਰੀ-ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਉਸ ਨੇ 1990 ਦੀਆਂ ਬੀਜਿੰਗ ਏਸ਼ਿਆਈ ਖੇਡਾਂ ਵਿੱਚ ਵੀ ਹਿੱਸਾ ਲਿਆ। ਅੰਮ੍ਰਿਤਸਰ ਵਿਖੇ ਹੋਏ ਤੀਜੇ ਇੰਦਰਾ ਗਾਂਧੀ ਗੋਲਡ ਕੱਪ ਵਿੱਚ ਭਾਰਤੀ ਟੀਮ ਨੇ ਰਾਜਬੀਰ ਦੀ ਕਪਤਾਨੀ ਹੇਠ ਚਾਂਦੀ ਦਾ ਤਮਗ਼ਾ ਜਿੱਤਿਆ। ਸਿੰਗਾਪੁਰ ਵਿੱਚ 1991 ਵਿੱਚ ਹੋਏ ਐਫ.ਆਈ.ਐਚ. ਕੌਮਾਂਤਰੀ ਟੂਰਨਾਮੈਂਟ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। 1993 ਵਿੱਚ ਹੀਰੋਸ਼ੀਮਾ ਵਿਖੇ ਹੋਏ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਰਾਜਬੀਰ ਕੌਰ ਦੀ ਕਪਤਾਨੀ ਹੇਠ ਕਾਂਸੀ ਦਾ ਤਮਗ਼ਾ ਜਿੱਤਿਆ। ਸੰਨ 1994 ਦੀਆਂ ਹੀਰੋਸ਼ੀਮਾ ਏਸ਼ਿਆਈ ਖੇਡਾਂ ਵਿੱਚ ਰਾਜਬੀਰ ਕੌਰ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਇਹ ਉਸ ਦੀਆਂ ਚੌਥੀਆਂ ਏਸ਼ਿਆਈ ਖੇਡਾਂ ਸਨ।
ਰਾਜਬੀਰ ਕੌਰ ਨੇ ਹਾਲੈਂਡ, ਜਰਮਨੀ, ਆਸਟਰੇਲੀਆ, ਇੰਗਲੈਂਡ, ਆਇਰਲੈਂਡ ਖਿਲਾਫ ਟੈਸਟ ਲੜੀਆਂ ਵਿੱਚ ਵੀ ਭਾਰਤੀ ਟੀਮ ਦੀ ਕਪਤਾਨੀ ਕੀਤੀ। ਇਸ ਤੋਂ ਇਲਾਵਾ ਸੋਵੀਅਤ ਸੰਘ, ਚੀਨ, ਜਰਮਨੀ ਖਿਲਾਫ ਬਤੌਰ ਖਿਡਾਰਨ ਟੈਸਟ ਲੜੀਆਂ ਖੇਡੀਆਂ। ਪੁਣੇ ਵਿਖੇ ਹੋਏ ਬੇਗਮ ਐਜ਼ਾਜ ਰਸੂਲ ਟਰਾਫੀ ਵਿੱਚ ਸੋਨ ਤਮਗ਼ਾ ਜਿੱਤਿਆ। ਰਾਜਬੀਰ ਨੇ ਆਪਣੇ ਖੇਡ ਕਰੀਅਰ ਵਿੱਚ ਇੱਕ ਵਿਸ਼ਵ ਕੱਪ, ਚਾਰ ਏਸ਼ਿਆਈ ਖੇਡਾਂ, ਤਿੰਨ ਏਸ਼ੀਆ ਕੱਪ ਸਣੇ ਕਈ ਟੂਰਨਾਮੈਂਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਆਪਣੇ ਖੇਡ ਕਰੀਅਰ ਵਿੱਚ 285 ਕੌਮਾਂਤਰੀ ਮੈਚ ਖੇਡੇ ਅਤੇ ਗੋਲਾਂ ਦਾ ਸੈਂਕੜਾ ਮਾਰਿਆ। 10 ਸਾਲ ਭਾਰਤ ਹਾਕੀ ਦੀ ਕਪਤਾਨੀ ਵੀ ਕੀਤੀ। ਰਾਜਬੀਰ ਕੌਰ ਨੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਸੇਵਾਵਾਂ ਨਿਭਾਈਆਂ।
ਜਲਧੰਰ ਛਾਉਣੀ ਨੇੜਲੇ ਪਿੰਡ ਖੁਸਰੋਪੁਰ ਵਿਖੇ ਰਹਿੰਦੀ ਰਾਜਬੀਰ ਨੂੰ ਕਈ ਮਾਣ ਸਨਮਾਨ ਵੀ ਮਿਲੇ। ਛੋਟੀ ਉਮਰੇ ਮੱਲਾਂ ਮਾਰਨ ਕਾਰਨ ਰਾਜਬੀਰ ਨੂੰ 1981-82 ਵਿੱਚ ਚੰਡੀਗੜ੍ਹ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਬੈਸਟ ਸਪਰੋਟਸਪਰਸਨ ਗਰਲ ਅਤੇ 1984-85 ਵਿੱਚ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਬੈਸਟ ਸਪਰੋਟਸਪਰਸਨ ਦਾ ਸਨਮਾਨ ਹਾਸਲ ਹੋਇਆ। ਰਾਜਬੀਰ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ 1984-85 ਵਿੱਚ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ 1981-82 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਰਾਜਬੀਰ ਜਿੱਥੇ ਬਤੌਰ ਖਿਡਾਰਨ ਦੇਸ਼ ਦੀ ਸੇਵਾ ਕਰਦੀ ਰਹੀ, ਉਥੇ ਸੀਨੀਅਰ ਤੇ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ਦੀ ਚੋਣਕਾਰ ਰਹੀ ਅਤੇ 2006 ਦੀਆਂ ਦੋਹਾ ਏਸ਼ਿਆਈ ਖੇਡਾਂ ਵਿੱਚ ਕਾਂਸੀ ਦੀ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਨੇਜਰ ਵਜੋਂ ਸੇਵਾਵਾਂ ਨਿਭਾਈਆਂ।
ਰਾਜਬੀਰ ਦੇ ਪਤੀ ਓਲੰਪੀਅਨ ਗੁਰਮੇਲ ਸਿੰਘ ਨੇ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਸੋਨੇ ਦਾ ਤਮਗ਼ਾ ਜਿਤਾਇਆ ਸੀ। ਪੰਜਾਬ ਪੁਲਿਸ ਵਿੱਚੋਂ ਐਸ.ਪੀ. ਰਿਟਾਇਰ ਹੋਏ ਗੁਰਮੇਲ ਸਿੰਘ ਧਿਆਨ ਚੰਦ ਐਵਾਰਡੀ ਵੀ ਹਨ ਤੇ ਉਨ੍ਹਾਂ ਦੇ ਵੱਡੇ ਭਰਾ ਦਾ ਪੋਤਾ ਹਾਰਦਿਕ ਸਿੰਘ ਇਸ ਵੇਲੇ ਭਾਰਤੀ ਹਾਕੀ ਟੀਮ ਦਾ ਸਟਾਰ ਖਿਡਾਰੀ ਹੈ ਅਤੇ 2021 ਵਿੱਚ ਟੋਕੀਓ ਵਿਖੇ ਓਲੰਪਿਕ ਖੇਡਾਂ ਤੇ 2024 ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਅਹਿਮ ਮੈਂਬਰ ਸੀ, ਜਿਸ ਨੇ ਮਿਡਫੀਲਡ ਵਿੱਚ ਖੇਡਦਿਆਂ ਅਹਿਮ ਮੌਕਿਆਂ ਉਤੇ ਗੋਲ ਕੀਤੇ। ਉਦੋਂ ਭਾਰਤੀ ਹਾਕੀ ਟੀਮ ਨੇ 52 ਸਾਲਾਂ ਬਾਅਦ ਲਗਾਤਾਰ ਦੋ ਓਲੰਪਿਕ ਖੇਡਾਂ ਵਿੱਚ ਤਮਗ਼ਾ ਜਿੱਤਿਆ ਸੀ। ਹਾਕੀ ਖੇਡ ਨੂੰ ਪ੍ਰਣਾਏ ਇਸ ਪਰਿਵਾਰ ਨੇ ਇੱਕ ਹੋਰ ਵੱਡਾ ਖਿਡਾਰੀ ਦੇਸ਼ ਦੀ ਹਾਕੀ ਨੂੰ ਦਿੱਤਾ ਹੈ। ਰਾਜਬੀਰ ਕੌਰ ਦਾ ਚਚੇਰਾ ਭਰਾ ਜੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਅਤੇ ਏਸ਼ਿਆਈ ਖੇਡਾਂ ਦਾ ਚਾਂਦੀ ਦਾ ਤਮਗ਼ਾ ਜੇਤੂ ਖਿਡਾਰੀ ਹੈ, ਜਿਸ ਦੀ ਕੁੱਲ ਦਨੀਆਂ ਵਿੱਚ ਪਛਾਣ ਘਾਗ ਡਰੈਗ ਫਲਿੱਕਰ ਵਜੋਂ ਰਹੀ ਹੈ। ਉਨ੍ਹਾਂ ਦੇ ਸਹੁਰਾ ਤੇ ਪੇਕਾ ਪਰਿਵਾਰ ਮਿਲਾ ਕੇ ਦੋ ਅਰਜੁਨਾ ਐਵਾਰਡੀ, ਇੱਕ ਧਿਆਨ ਚੰਦ ਐਵਾਰਡੀ ਅਤੇ ਤਿੰਨ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਹਨ। ਇਸ ਤੋਂ ਇਲਾਵਾ ਓਲੰਪਿਕ ਖੇਡਾਂ ਦੇ ਇੱਕ ਸੋਨੇ ਤੇ ਚਾਂਦੀ ਦਾ ਤਮਗ਼ਾ, ਏਸ਼ਿਆਈ ਖੇਡਾਂ ਦਾ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ, ਏਸ਼ੀਆ ਕੱਪ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਚੈਂਪੀਅਨਜ਼ ਟਰਾਫੀ, ਜੂਨੀਅਰ ਵਿਸ਼ਵ ਕੱਪ ਵਿਜੇਤਾ ਟੀਮ ਦੇ ਜੇਤੂ ਖਿਡਾਰੀ ਪਰਿਵਾਰ ਦੇ ਮੈਂਬਰ ਹਨ।
ਰਾਜਬੀਰ ਕੌਰ ਹਾਕੀ ਖਿਡਾਰਨ ਦੇ ਨਾਲ-ਨਾਲ ਇੱਕ ਚੰਗੇ ਕਿਰਦਾਰ ਤੇ ਮਿਲਾਪੜੇ ਸੁਭਾਅ ਦੇ ਵੀ ਮਾਲਕ ਹਨ। ਉਨ੍ਹਾਂ ਦੇ ਸੁਭਾਅ ਵਿੱਚ ਸਹਿਜ ਤੇ ਠਰ੍ਹੰਮਾ ਵੀ ਹੈ ਅਤੇ ਖੇਡ ਦੀਆਂ ਸਿਖਰਾਂ ਨੂੰ ਛੂਹਣ ਦੇ ਬਾਵਜੂਦ ਜ਼ਮੀਨ ਨਾਲ ਜੁੜੇ ਹੋਏ ਹਨ। ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲੀ ਰਾਜਬੀਰ ਕੌਰ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਦੇਸ਼ ਵਿਆਪੀ ਅੰਦੋਲਨ ਦੌਰਾਨ ਕਿਸਾਨਾਂ ਨਾਲ ਖੜ੍ਹਦਿਆਂ ਆਪਣੇ ਪਤੀ ਸਮੇਤ ਅਰਜੁਨਾ ਐਵਾਰਡ ਤੇ ਧਿਆਨ ਚੰਦ ਐਵਾਰਡ ਵੀ ਦਿੱਲੀ ਜਾ ਕੇ ਵਾਪਸ ਕੀਤੇ। ਉਨ੍ਹਾਂ ਕਦੇ ਵੀ ਨਿਮਰਤਾ ਦਾ ਪੱਲਾ ਨਹੀਂ ਛੱਡਿਆ। ਹਾਕੀ ਨੂੰ ਹਰ ਵੇਲੇ ਸਮਰਪਿਤ ਇਹ ਸ਼ਖਸੀਅਤ ਨਵੀਂ ਉਮਰ ਦੀਆਂ ਖਿਡਾਰਨਾਂ ਲਈ ਪ੍ਰੇਰਨਾ ਸ੍ਰੋਤ ਹੈ।

Leave a Reply

Your email address will not be published. Required fields are marked *