ਅਸ਼ਵਨੀ ਚਤਰਥ
ਫੋਨ: +91-6284220595
ਮਨੁੱਖੀ ਜੀਵਨ ਦੇ ਤਿੰਨ ਪੜਾਵਾਂ ਭਾਵ ਬਚਪਨ, ਜਵਾਨੀ ਅਤੇ ਬੁਢਾਪੇ ਵਿੱਚੋਂ ਬਿਰਧ ਅਵਸਥਾ ਜ਼ਿੰਦਗੀ ਦਾ ਉਹ ਵਕਤ ਹੁੰਦਾ ਹੈ, ਜਦੋਂ ਜਵਾਨੀ ਦੀ ਸਿਖਰ ਦੁਪਹਿਰ ਵਾਲਾ ਨਿੱਘ, ਚਮਕ ਅਤੇ ਊਰਜਾ ਨਹੀਂ ਬਚੀ ਰਹਿੰਦੀ, ਸਗੋਂ ਢਲਦੀ ਸ਼ਾਮ ਦੀ ਧੁੰਦਲੀ ਰੋਸ਼ਨੀ ਵਾਂਗ ਬਿਰਧ ਸਰੀਰ ਦੀਆਂ ਅੱਖਾਂ ਦੀ ਰੋਸ਼ਨੀ, ਸੁਣਨ ਸ਼ਕਤੀ ਅਤੇ ਯਾਦ ਸ਼ਕਤੀ ਮੱਧਮ ਪੈ ਜਾਂਦੀਆਂ ਹਨ। ਬਜ਼ੁਰਗ ਵੈਸੇ ਤਾਂ ਕਿਸੇ ਵੀ ਘਰ ਦੀ ਸ਼ਾਨ ਹੁੰਦੇ ਹਨ, ਸਤਿਕਾਰ ਦੇ ਪਾਤਰ ਹੁੰਦੇ ਹਨ, ਪਰ ਇਸ ਅਵਸਥਾ ਵਿੱਚ ਉਨ੍ਹਾਂ ਨੂੰ ਕੁਝ ਹਕੀਕੀ ਸੱਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਬਜ਼ੁਰਗਾਂ ਵਿੱਚ ਯਾਦਦਾਸ਼ਤ ਦਾ ਘਟਣਾ ਅਕਸਰ ਹੀ 70 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਵਿੱਚ ਵੇਖਣ ਨੂੰ ਮਿਲਦਾ ਹੈ, ਜਿਸ ਨੂੰ ‘ਡਿਮੈਂਸ਼ੀਆ’ ਆਖਿਆ ਜਾਂਦਾ ਹੈ।
ਵਿਗਿਆਨਕ ਪੱਖੋਂ ਇਸ ਰੋਗ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ। ਪਹਿਲੀ ਅਵਸਥਾ ਵਿੱਚ ਮਨੁੱਖ ਆਪਣੀ ਨਿੱਜੀ ਵਸਤਾਂ ਜਿਵੇਂ ਚਾਬੀ, ਪਰਸ ਜਾਂ ਐਨਕ ਆਦਿ ਕਿਸੇ ਥਾਂ ਉਤੇ ਰੱਖ ਕੇ ਭੁੱਲਣ ਲੱਗਦਾ ਹੈ, ਪਰ ਰੋਗੀ ਬਣ ਚੁਕਣ ਦੇ ਬਾਵਜਦ ਉਹ ਆਮ ਵਿਅਕਤੀਆਂ ਵਾਂਗ ਹੀ ਲਗਦਾ ਹੈ ਅਤੇ ਇਸ ਅਵਸਥਾ ਵਿੱਚ ਜੇ ਡਾਕਟਰੀ ਸਹਾਇਤਾ ਲੈ ਲਈ ਜਾਵੇ ਤਾਂ ਰੋਗ ਨੂੰ ਅੱਗੇ ਵਧਣ ਤੋਂ ਕੁਝ ਵਰਿ੍ਹਆਂ ਤੱਕ ਲਮਕਾਇਆ ਜਾ ਸਕਦਾ ਹੈ। ਦੂਜੀ ਅਵਸਥਾ ਉਹ ਹੁੰਦੀ ਹੈ, ਜਿਸ ਵਿੱਚ ਮਨੁੱਖ ਇੱਕ ਹੀ ਗੱਲ ਨੂੰ ਵਾਰ-ਵਾਰ ਕਰਦਾ ਹੈ ਅਤੇ ਉਹ ਜਾਣ-ਪਛਾਣ ਵਾਲੇ ਲੋਕਾਂ ਦੇ ਨਾਂ ਭੁੱਲਣ ਲੱਗਦਾ ਹੈ। ਇਸ ਅਵਸਥਾ ਤੱਕ ਆਦਮੀ ਦੇ ਜੀਵਨ ਢੰਗ ਵਿੱਚ ਬਹੁਤ ਵੱਡੀ ਗਿਰਾਵਟ ਨਹੀਂ ਦੇਖਣ ਨੂੰ ਮਿਲਦੀ। ਬਿਮਾਰੀ ਦੀ ਤੀਸਰੀ ਅਤੇ ਆਖ਼ਰੀ ਅਵਸਥਾ ਵਿੱਚ ਰੋਗੀ ਘਰ ਦੇ ਜੀਆਂ ਦੇ ਨਾਂ, ਉਨ੍ਹਾਂ ਨਾਲ ਰਿਸ਼ਤਾ ਅਤੇ ਜਾਣ-ਪਛਾਣ ਅਤੇ ਜਗ੍ਹਾ ਆਦਿ ਭੁੱਲ ਜਾਂਦਾ ਹੈ ਤੇ ਸਭ ਤੋਂ ਭਿਆਨਕ ਅਵਸਥਾ ਉਦੋਂ ਬਣ ਜਾਂਦੀ ਹੈ, ਜਦੋਂ ਉਹ ਆਪਣੇ ਰੋਜ਼ਾਨਾ ਦੇ ਕੰਮ-ਕਾਜ ਲਈ ਦੂਸਰਿਆਂ ਉਤੇ ਨਿਰਭਰ ਹੋ ਜਾਂਦਾ ਤੇ ਚੱਲਣ-ਫਿਰਨ ਲੱਗਿਆਂ ਉਹ ਆਲੇ-ਦੁਆਲੇ ਨਾਲ ਤਾਲਮੇਲ ਨਹੀਂ ਬਿਠਾ ਪਾਉਂਦਾ ਤੇ ਡਿੱਗ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਅਵਸਥਾ ਵਿੱਚ ਉਹ ਨਿੱਕੇ ਬੱਚਿਆਂ ਵਾਂਗ ਹੋ ਜਾਂਦਾ ਹੈ। ਰੋਗੀ ਅਵਸਥਾ ਹੋਣ ਕਰਕੇ ਅਜਿਹਾ ਮਨੁੱਖ ਆਪਣੇ ਘਰ ਵਾਲਿਆਂ, ਧੀਆਂ-ਪੁੱਤਾਂ ਉਤੇ ਨਿਰਭਰ ਹੋ ਕੇ ਰਹਿ ਜਾਂਦਾ।
ਸਥਿਤੀ ਉਸ ਵੇਲੇ ਗੰਭੀਰ ਹੋ ਜਾਂਦੀ ਹੈ, ਜਦੋਂ ਰੋਜ਼ਾਨਾ ਜੀਵਨ ਦੇ ਛੋਟੇ-ਛੋਟੇ ਕੰਮਾਂ ਕਾਜਾਂ ਲਈ ਉਸ ਨੂੰ ਦੂਸਰਿਆਂ ਦੀ ਸਹਾਇਤਾ ਲੈਣੀ ਪੈਂਦੀ। ਅਜਿਹੇ ਵਿੱਚ ਘਰ ਦੇ ਜੀਆਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਧੀਆਂ-ਪੁੱਤਾਂ ਤੇ ਨੂੰਹਾਂ ਲਈ ਅਜੀਬ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਨਹੀਂ ਹੁੰਦਾ; ਹਰ ਕੋਈ ਕੰਨੀ ਕਤਰਾਉਣ ਲੱਗਦਾ ਹੈ। ਹਰ ਕੋਈ ਆਪਣੀ ਜ਼ਿੰਮੇਵਾਰੀ ਦੂਜੇ ਨੂੰ ਦੇਣ ਦੀ ਕੋਸ਼ਿਸ਼ ਵਿੱਚ ਜੀਆਂ ਵਿੱਚ ਕੜਵਾਹਟ ਪੈਦਾ ਹੋ ਜਾਂਦੀ ਹੈ ਅਤੇ ਘਰੇਲੂ ਰਿਸ਼ਤੇ ਖ਼ਰਾਬ ਹੋਣ ਲੱਗਦੇ ਹਨ। ਮਸਲਾ ਗੱਲਬਾਤ ਤੋਂ ਸ਼ੁਰੂ ਹੋ ਕੇ ਘਰੇਲੂ ਝਗੜਿਆਂ ਤੱਕ ਪਹੁੰਚ ਜਾਂਦਾ।
ਤ੍ਰਾਸਦੀ ਦੀ ਗੱਲ ਉਦੋਂ ਹੁੰਦੀ ਹੈ, ਜਦੋਂ ਆਪਣੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਦੇ ਹੋਏ ਬਜ਼ੁਰਗ ਨੂੰ ਕਿਸੇ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਨ। ਬਜ਼ੁਰਗ ਲਈ ਇਸ ਤੋਂ ਤਰਸ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਇੱਕ ਡਾਕਟਰੀ ਸਰਵੇ ਅਨੁਸਾਰ ਸੰਸਾਰ ਭਰ ਵਿੱਚ ਡਿਮੈਂਸ਼ੀਆ ਤੋਂ ਪੀੜ੍ਹਤ ਰੋਗੀਆਂ ਦੀ ਗਿਣਤੀ ਤਕਰੀਬਨ 50 ਮਿਲੀਅਨ ਤੱਕ ਪਹੁੰਚ ਚੁਕੀ ਹੈ ਅਤੇ ਹਰ ਸਾਲ 10 ਮਿਲੀਅਨ ਨਵੇਂ ਰੋਗੀ ਹੋਰ ਜੁੜਦੇ ਜਾਂਦੇ ਹਨ। ਉਕਤ ਸਰਵੇ ਇਸ ਰੋਗ ਦੇ ਕਾਰਨ ਲਈ ਮਨੁੱਖੀ ਭੋਜਨ ਦੇ ਗਲਤ ਢੰਗ ਤਰੀਕੇ ਤੇ ਕੁਪੋਸ਼ਣ, ਜ਼ਿੰਦਗੀ ਵਿੱਚ ਮਾਨਸਿਕ ਤਣਾਅ, ਸ਼ੂਗਰ, ਬਲੱਡ ਪ੍ਰੈਸ਼ਰ ਦਾ ਵਧਣਾ, ਸਿਗਰੇਟ ਅਤੇ ਸ਼ਰਾਬ ਦੇ ਬੇਹੱਦ ਸੇਵਨ, ਆਵਾਜ਼ ਦਾ ਪ੍ਰਦੂਸ਼ਣ ਅਤੇ ਭੋਜਨ ਪਦਾਰਥਾਂ ਵਿੱਚ ਕੀਟਨਾਸ਼ਕਾਂ ਨੂੰ ਜ਼ਿੰਮੇਵਾਰ ਮੰਨਦਾ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ਡਿਮੈਂਸ਼ੀਆ ਲਈ ਅਲਜ਼ਾਈਮਰ ਰੋਗ, ਦਿਮਾਗ ਦੀਆਂ ਕੋਸ਼ਿਕਾਵਾਂ ਤੱਕ ਆਕਸੀਜਨ ਤੇ ਪੋਸ਼ਕ ਤੱਤਾਂ ਦਾ ਨਾ ਪਹੁੰਚ ਸਕਣਾ ਅਤੇ ਦਿਮਾਗ ਦੇ ਹਿੱਸਿਆਂ ਵਿੱਚ ਪ੍ਰੋਟੀਨ ਦੇ ਗੁੱਛਿਆਂ ਦਾ ਜਮ੍ਹਾਂ ਹੋਣਾ ਨੂੰ ਜ਼ਿੰਮੇਵਾਰ ਐਲਾਨਿਆ ਗਿਆ ਹੈ। ਇਨ੍ਹਾਂ ਸਾਰੇ ਹਾਲਾਤ ਵਿੱਚ ਦਿਮਾਗ ਦੇ ਸੈੱਲ ਟੁੱਟਣ ਲੱਗਦੇ ਹਨ, ਜਿਸ ਕਾਰਨ ਯਾਦਦਾਸ਼ਤ ਦਿਨੋਂ ਦਿਨ ਘੱਟਦੀ ਜਾਂਦੀ ਹੈ। ‘ਵਿਸ਼ਵ ਸਿਹਤ ਸੰਗਠਨ’ ਦਾ ਕਹਿਣਾ ਹੈ ਕਿ ਵਿਅਕਤੀ ਆਪਣੇ ਜੀਵਨ ਵਿੱਚ ਉਸਾਰੂ ਜੀਵਨ ਢੰਗ ਧਾਰਨ ਕਰਕੇ, ਸੰਤੁਲਿਤ ਖੁਰਾਕ ਲੈ ਕੇ, ਮਾਨਸਿਕ ਤਣਾਅ ਰਹਿਤ ਜੀਵਨ ਬਤੀਤ ਕਰਕੇ, ਪ੍ਰਦੂਸ਼ਣ ਰਹਿਤ ਵਾਤਾਵਰਨ ਅਤੇ ਸਾਰਥਕ ਜੀਵਨ ਵਿਚਾਰ ਧਾਰਨ ਕਰਕੇ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹੈ ਅਤੇ ਉਕਤ ਰੋਗਾਂ ਤੋਂ ਮੁਕਤ ਰਹਿ ਸਕਦਾ ਹੈ।
ਬਜ਼ੁਰਗਾਂ ਦੀ ਸਾਂਭ-ਸੰਭਾਲ ਪਰਿਵਾਰ ਦੇ ਜੀਆਂ ਦੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਅਤੇ ਅਜਿਹਾ ਕਰਨ ਵਿੱਚ ਕਿਸੇ ਵੀ ਜੀਅ ਨੂੰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਸਗੋਂ ਹਰੇਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹ ਬਜ਼ੁਰਗ ਜਾਂ ਮਾਪੇ ਜਿਨ੍ਹਾਂ ਨੇ ਸਾਰੀ ਉਮਰ ਤਨ, ਮਨ ਅਤੇ ਧਨ ਨਾਲ ਸਾਰੇ ਬੱਚਿਆਂ ਦੀ ਦਿਲੋਂ ਸੇਵਾ ਕੀਤੀ, ਹੁਣ ਉਨ੍ਹਾਂ ਦਾ ਵੀ ਹੱਕ ਬਣਦਾ ਹੈ ਕਿ ਬਿਰਧ ਅਵਸਥਾ ਵਿੱਚ ਘਰ ਦੇ ਸਾਰੇ ਹੀ ਜੀਅ ਪ੍ਰੇਮ-ਪਿਆਰ ਅਤੇ ਸੁਹਿਰਦਤਾ ਨਾਲ ਬਜ਼ੁਰਗਾਂ ਦੀ ਸੇਵਾ ਕਰਨ। ਸਾਡਾ ਭਾਰਤੀ ਸਮਾਜ ਉਂਜ ਵੀ ਧਾਰਮਿਕ ਵਿਚਾਰਾਂ ਵਾਲਾ ਹੈ, ਜਿਸ ਵਿੱਚ ਬਜ਼ੁਰਗਾਂ ਦੀ ਸੇਵਾ, ਰੱਬ ਦੀ ਭਗਤੀ ਦੇ ਬਰਾਬਰ ਹੀ ਮੰਨੀ ਗਈ ਹੈ। ਨੈਤਿਕ ਪੱਖੋਂ ਵੀ ਸਾਨੂੰ ਬਜ਼ੁਰਗਾਂ ਦੀ ਸੇਵਾ ਤਨੋਂ-ਮਨੋਂ ਹੀ ਕਰਨੀ ਚਾਹੀਦੀ ਹੈ।