ਪੰਜਾਬ ਬਣ ਜਾਵੇਗਾ ਰੇਗਿਸਤਾਨ!

ਵਿਚਾਰ-ਵਟਾਂਦਰਾ

ਪੰਜ ਆਬਾਂ ਦੀ ਧਰਤੀ `ਚੋਂ ਮੁੱਕ ਰਿਹਾ ਆਬ
*ਪਾਣੀ ਘਟਣਾ ਗੰਭੀਰ ਚਿੰਤਾ ਦਾ ਵਿਸ਼ਾ
*ਸੰਭਲਣ ਤੇ ਸੁਧਾਰ ਲਈ ਸਾਂਝੇ ਹੰਭਲੇ ਦੀ ਲੋੜ
ਇੰਜੀਨੀਅਰ ਸਤਨਾਮ ਸਿੰਘ ਮੱਟੂ
ਫੋਨ: +91-9779708257
ਪਾਣੀ ਬਿਨਾ ਧਰਤੀ ਤੇ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖੀ ਸਰੀਰ ਵੀ 80% ਪਾਣੀ ਦਾ ਬਣਿਆ ਹੋਣ ਕਰਕੇ ਇਸਨੂੰ ਵਿਦਵਾਨਾਂ ਨੇ ਪਾਣੀ ਦਾ ਬੁਲਬਲਾ ਕਿਹਾ ਹੈ। ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਪਾਣੀ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ ਹੈ, “ਪਹਿਲਾਂ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ॥” ਗੁਰੂ ਸਾਹਿਬ ਨੇ ਪਾਣੀ ਨੂੰ ਪਿਤਾ ਦਾ ਦਰਜਾ ਦੇ ਕੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਸਲੋਕ ਨਾਲ ਇਸਦੀ ਜੀਵਨ ਪ੍ਰਤੀ ਜਰੂਰਤ ਨੂੰ ਪ੍ਰਮਾਣਿਤ ਕੀਤਾ ਹੈ। ਮਨੁੱਖਤਾ ਦੇ ਦਿਨ ਦੀ ਸ਼ੁਰੂਆਤ ਪਾਣੀ ਨਾਲ ਹੀ ਹੁੰਦੀ ਹੈ। ਗੁਰੂ ਸਾਹਿਬ ਨੇ ਜਪੁਜੀ ਸਾਹਿਬ ਵਿੱਚ ਮਹੱਤਤਾ `ਤੇ ਮੋਹਰ ਲਗਾਈ ਹੈ, “ਭਰੀਐ ਹਾਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥”

ਪਰ ਮਨੁੱਖ ਨੇ ਲਾਲਚਵੱਸ ਕੁਦਰਤੀ ਦਾਤਾਂ ਨੂੰ ਬੇਰਹਿਮੀ ਨਾਲ ਖਤਮ ਕਰਨ ਅਤੇ ਪ੍ਰਦੂਸ਼ਿਤ ਕਰਨ `ਚ ਕੋਈ ਕਸਰ ਬਾਕੀ ਨਹੀਂ ਛੱਡੀ। ਵਿੱਤੋਂ ਬਾਹਰ ਇੱਛਾਵਾਂ ਦੀ ਪੂਰਤੀ ਲਈ ਹਰ ਜਾਇਜ਼-ਨਾਜਾਇਜ਼ ਹਰਬਾ ਵਰਤ ਕੇ ਅਤੇ ਕੁਦਰਤੀ ਅਮਾਨਤਾਂ ਪ੍ਰਤੀ ਬੇਪਰਵਾਹੀ ਵਰਤ ਕੇ ਫੈਕਟਰੀਆਂ ਦਾ ਰਸਾਇਣ ਭਰਪੂਰ ਪਾਣੀ, ਰਸਾਇਣਕ ਪਦਾਰਥਾਂ ਦੀ ਲੋੜੋਂ ਵੱਧ ਵਰਤੋਂ, ਸੀਵਰੇਜ ਦਾ ਬਿਨਾ ਸ਼ੁੱਧੀਕਰਣ ਤੋਂ ਪਾਣੀ, ਧੂੰਆਂ, ਖਾਦਾਂ, ਕੀੜੇ ਮਾਰ ਦਵਾਈਆਂ, ਵਾਹਨਾਂ ਦਾ ਧੂੰਆਂ, ਪਲਾਸਟਿਕ ਲਿਫਾਫੇ ਆਦਿ ਨਾਲ ਵਾਤਾਵਰਨ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਸਿੱਟੇ ਵਜੋਂ ਮਨੁੱਖ ਨੇ ਆਪਣੀ ਖੁਸ਼ਹਾਲ ਜ਼ਿੰਦਗੀ ਜਿਊਣ ਦੇ ਲਾਲਚ ਆਪਣੀ ਮੌਤ ਆਪ ਸਹੇੜ ਭਵਿੱਖ ਅਤੇ ਪੀੜ੍ਹੀਆਂ ਲਈ ਖਤਰਾ ਪੈਦਾ ਕਰ ਦਿੱਤਾ ਹੈ ਤੇ ਕੁਦਰਤ ਨਾਲ ਖਿਲਵਾੜ ਕਰਕੇ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’ ਵਾਲੀ ਸਥਿਤੀ ਪੈਦਾ ਕਰ ਲਈ ਹੈ।
ਜਿਵੇਂ ਉੱਪਰ ਜ਼ਿਕਰ ਕੀਤਾ ਹੈ ਪਾਣੀ ਬਿਨਾ ਜੀਵਨ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਪਰ ਅਸੀਂ ਪਾਣੀ ਨੂੰ ਜ਼ਹਿਰੀਲਾ ਵੀ ਕਰ ਲਿਆ ਹੈ ਅਤੇ ਖਾਤਮੇ ਦੀ ਕਾਗਾਰ `ਤੇ ਵੀ ਲੈ ਆਂਦਾ ਹੈ। ਪੂਰੀ ਦੁਨੀਆਂ ਵਿੱਚ ਪਾਣੀ ਨੂੰ ਸੰਭਾਲਣ ਅਤੇ ਨਾਜਾਇਜ਼ ਵਰਤੋਂ ਤੋਂ ਸੰਕੋਚ ਦੀਆਂ ਅਪੀਲਾਂ ਵਿਅਰਥ ਹੁੰਦੀਆਂ ਜਾਪ ਰਹੀਆਂ ਹਨ। ਪੰਜਾਬ ਵਿੱਚ ਤਾਂ ਪਾਣੀ ਦਾ ਸੰਕਟ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ। ਪਿਛਲੇ ਕਈ ਦਹਾਕਿਆਂ ਤੋਂ ਹਰੀ ਕ੍ਰਾਂਤੀ ਦੀ ਆੜ `ਚ ਅੱਖਾਂ ਮੀਚ ਧਰਤੀ ਹੇਠਲੇ ਪਾਣੀ ਨੂੰ ਬੇਰੋਕ ਕੱਢ ਆਪਣਾ ਸੋਮਾ ਖਤਮ ਕਰ ਲਿਆ ਹੈ। ਸਾਡੇ ਬਜ਼ੁਰਗ ਦਾਦਿਆਂ ਨੇ ਖੂਹਾਂ `ਚੋਂ, ਪਿਤਾ ਨੇ ਨਲਕਿਆਂ ਤੋਂ ਅਤੇ ਅਸੀਂ ਸਬਮਰਸੀਬਲ ਮੋਟਰਾਂ ਤੋਂ ਪੀਣਾ ਪੀਤਾ ਹੈ; ਨਵੀਂ ਪੀੜ੍ਹੀ ਬੋਤਲਾਂ `ਚੋਂ ਪਾਣੀ ਪੀ ਰਹੀ ਹੈ ਤੇ ਅਗਲੀ ਪੀੜ੍ਹੀ ਬੋਤਲਾਂ `ਚੋਂ ਪਾਣੀ ਪੀਆ ਕਰੇਗੀ ਜਾਂ ਉਦੋਂ ਤੱਕ ਕੀ ਤਬਦੀਲੀ ਆਉਂਦੀ ਹੈ, ਸਮਾਂ ਦੱਸੇਗਾ!
ਧਰਤੀ ਉੱਤੇ 70.8% ਪਾਣੀ ਦੀ ਮਾਤਰਾ ਮੌਜੂਦ ਹੈ। ਇਸਦਾ 97.5% ਹਿੱਸਾ ਖਾਰੇ ਪਾਣੀ ਦੇ ਰੂਪ `ਚ ਸਮੁੰਦਰਾਂ `ਚ, 1.5% ਪਹਾੜਾਂ ਤੇ ਗਲੇਸ਼ੀਅਰ ਦੇ ਰੂਪ `ਚ ਅਤੇ ਸਿਰਫ 1% ਪੀਣਯੋਗ ਪਾਣੀ ਨਦੀਆਂ, ਝਰਨਿਆਂ ਅਤੇ ਧਰਤੀ ਹੇਠ ਹੈ। ਇਸ 1% ਪੀਣਯੋਗ ਪਾਣੀ ਦਾ 60% ਉਦਯੋਗਾਂ ਅਤੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ, ਜਦਕਿ 40% ਘਰੇਲੂ ਤੇ ਹੋਰ ਲੋੜਾਂ ਲਈ ਵਰਤੋਂ `ਚ ਆਉਂਦਾ ਹੈ। ਇਸ ਵੇਲੇ ਪੰਜਾਬ ਦੀ 72 ਫੀਸਦੀ ਖੇਤੀ ਟਿਊਬਵੈੱਲ ਆਧਾਰਿਤ ਸਿੰਚਾਈ ਉਤੇ ਅਤੇ ਸਿਰਫ 28 ਫੀਸਦੀ ਨਹਿਰੀ ਪਾਣੀ ਉਤੇ ਨਿਰਭਰ ਹੈ। ਧਰਤੀ ਹੇਠਲੇ ਪਾਣੀ ਵਿੱਚ ਤੇਜ਼ਾਬੀ ਤੱਤਾਂ ਫਲੋਰਾਈਡ, ਯੂਰੇਨੀਅਮ, ਪਾਰਾ, ਕੈਲਸ਼ੀਅਮ, ਮੈਗਨੀਸ਼ੀਅਮ, ਆਰਸੈਨਿਕ, ਸਾਲਟ, ਕਾਰਬੋਨੇਟਸ, ਸਲਫੇਟਸ, ਨਾਈਟਰੇਟਸ ਆਦਿ ਦੀ ਬਹੁਤਾਤ ਨੇ ਪਾਣੀ ਨੂੰ ਤੇਜ਼ਾਬੀ ਹੀ ਨਹੀਂ ਬਣਾਇਆ, ਸਗੋਂ ਨਾਪੀਣਯੋਗ ਕਰ ਦਿੱਤਾ ਹੈ। ਜੇਕਰ ਅੰਕੜਿਆਂ `ਤੇ ਗੌਰ ਕਰੀਏ ਤਾਂ 1984 ਵਿੱਚ ਪੰਜਾਬ ਦੇ ਸਿਰਫ 53 ਬਲਾਕਾਂ ਦਾ ਪਾਣੀ ਦੂਸ਼ਿਤ ਕਰਾਰ ਦਿੱਤਾ ਗਿਆ ਸੀ; ਪਰ 1995 `ਚ 84 ਦਾ ਅੰਕੜਾ ਪਾਰ ਹੋ ਗਿਆ ਸੀ ਅਤੇ 2008 ਵਿੱਚ ਇਹ ਗਿਣਤੀ ਵਧ ਕੇ 108 ਹੋ ਗਈ ਤੇ ਹੁਣ 108 ਬਲਾਕਾਂ ਦਾ ਪਾਣੀ ਨਾਪੀਣਯੋਗ ਹੈ। ਇਹ ਸਾਰੇ ਬਲਾਕ ‘ਡਾਰਕ ਜ਼ੋਨ’ ਕਰਾਰ ਦੇ ਦਿੱਤੇ ਗਏ ਸਨ। ਹੁਣ ਪੰਜਾਬ ਦੇ 147 ਬਲਾਕ ਡਾਰਕ ਜ਼ੋਨ `ਚ ਹਨ; ਕਿਉਂਕਿ ਔਸਤਨ 200 ਫੁੱਟ ਤੱਕ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। ਇਸ ਨਾਲ ਪੀਣਯੋਗ ਪਾਣੀ ਦੀ ਗੰਭੀਰ ਸਮੱਸਿਆ ਖੜੀ ਹੋ ਗਈ ਹੈ।
1980 ਵਿੱਚ ਪੰਜਾਬ ਦੇ ਕੇਵਲ 3712 ਪਿੰਡ ਅਸ਼ੁੱਧ ਪਾਣੀ ਦੀ ਸਮੱਸਿਆ ਨਾਲ ਪੀੜਤ ਸਨ, ਪਰ ਹੁਣ ਪੰਜਾਬ ਦੇ 12,581 `ਚੋਂ 11,849 ਪਿੰਡ ਤੇਜ਼ਾਬੀ ਕਾਰਕਾਂ ਨਾਲ ਦੂਸ਼ਿਤ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵਿਗਿਆਨ ਅਤੇ ਵਾਤਾਵਰਣ ਸਟੱਡੀ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਸਰਵੇਖਣ ਅਨੁਸਾਰ ਖੇਤੀਬਾੜੀ ਦੀ ਪੈਦਾਵਾਰ ਵਧਾਉਣ ਲਈ ਵਰਤੇ ਜਾਂਦੇ ਕੀਟਨਾਸ਼ਕ ਤੇ ਰਸਾਇਣਾਂ ਦਾ ਅਸਰ ਸਾਡੇ ਖਾਧ ਪਦਾਰਥਾਂ ਅਤੇ ਪਾਣੀ `ਚ ਤੇਜ਼ਾਬੀ ਤੱਤਾਂ ਦੀ ਮਾਤਰਾ ਮਿਕਦਾਰ ਤੋੋਂ ਬਹੁਤ ਜ਼ਿਆਦਾ ਹੈ। ਮਨੁੱਖੀ ਖੂੂੂਨ ਦੇ ਟੈਸਟਾਂ `ਚ ਵੀ ਕੀਟਨਾਸ਼ਕ ਦਵਾਈਆਂ ਦੇ ਤੱਤ ਪਾਏ ਗਏ ਹਨ। ਸਿੱਟੇ ਵਜੋਂ ਹੈਪੈਟਾਈਟਸ, ਮੈਸਟਰੌਨਿਕਸ, ਜੋੜ ਦਰਦ, ਦਮਾ, ਕੈਂਸਰ, ਖੰਘ ਆਦਿ ਨਾਮੁਰਾਦ ਬਿਮਾਰੀਆਂ ਨੇ ਪੰੰਜਾਬੀਆਂ ਨੂੰ ਆਪਣੀ ਜਕੜ `ਚ ਲੈ ਲਿਆ ਹੈ। ਦਿਲ ਕੰਬਾਊ ਰਿਪੋਰਟਾਂ ਦੇ ਬਾਵਜੂਦ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਲੋਕ ਨਿੱਜੀ ਸਬਮਰਸੀਬਲਾਂ ਦਾ ਅਸ਼ੁੱਧ ਪਾਣੀ ਪੀ ਰਹੇ ਹਨ। ਪਾਣੀ ਵਿੱਚ ਤੇਜ਼ਾਬੀ ਅਸ਼ੁੱਧੀਆਂ ਦਾ ਕਾਰਨ ਫੈਕਟਰੀਆਂ ਦਾ ਤੇਜ਼ਾਬੀ ਪਾਣੀ, ਖੇਤੀਬਾੜੀ `ਚ ਤੇਜ਼ਾਬੀ ਖਾਦਾਂ ਅਤੇ ਪੈਸਟੀਸਾਈਡ ਦੀ ਜਰੂਰਤ ਤੋਂ ਵੱਧ ਵਰਤੋਂ ਨੇ ਪੀਣ ਵਾਲੇ ਪੀਣ ਪਾਣੀ ਦਾ ਪ੍ਰਦੂਸ਼ਿਤ ਮਾਦਾ ਬਣਾ ਦਿੱਤਾ ਹੈ। ਇਸਦੇ ਬਾਵਜੂਦ ਇਹ ਵਰਤਾਰਾ ਅਤੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਲਗਾਤਾਰ ਜਾਰੀ ਹੈ।
ਦੂਸਰੇ ਪਾਸੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਗਿਰ ਰਿਹਾ ਹੈ। ਅੰਕੜਿਆਂ `ਤੇ ਨਜ਼ਰ ਮਾਰੀਏ ਤਾਂ 1973 `ਚ ਪੰਜਾਬ ਦਾ ਸਿਰਫ 3% ਖੇਤਰ `ਚ ਧਰਤੀ ਥੱਲੇ ਪਾਣੀ ਦਾ ਪੱਧਰ 10 ਮੀਟਰ ਸੀ; 1989 `ਚ ਇਹ 14.9%, 1992 `ਚ 20%, ਸਾਲ 2000 `ਚ 53%, 2002 `ਚ 76%, 2004 `ਚ 90% ਪਹੁੰਚ ਗਿਆ ਸੀ ਅਤੇ ਜੋ ਹੁਣ 100% ਹੋ ਗਿਆ ਹੈ। ਹੁਣ ਪੂਰੇ ਪੰਜਾਬ `ਚ ਪਾਣੀ ਦਾ ਪੱਧਰ ਔਸਤਨ 21 ਮੀਟਰ ਤੋਂ ਵੀ ਜਿਆਦਾ ਹੈ। ਪੰਜਾਬ ਦੇ ਕਈ ਖੇਤਰਾਂ `ਚ 400 ਮੀਟਰ ਡੂੰਘੇ ਟਿਊਬਵੈੱਲ ਲੱਗਣੇ ਸ਼ੁਰੂ ਹੋ ਗਏ ਹਨ। ਪਹਿਲਾਂ ਪਾਣੀ ਖੂਹਾਂ `ਚੋਂ ਮੁੱਕਿਆ, ਫੇਰ ਨਲਕਿਆਂ ਦੀ ਪਹੁੰਚ ਤੋਂ ਦੂਰ ਹੋਇਆ। ਲੋਕਾਂ ਨੇ 50 ਫੁੱਟ ਡੂੰਘੀਆਂ ਖੂਹੀਆਂ `ਚ ਟਿਊਬਵੈਲ ਚਲਾਏ, ਅੰਤ ਸਭ ਵਿਅਰਥ। ਫਿਰ ਸਬਮਰਸੀਬਲ ਮੋਟਰਾਂ ਦਾ ਦੌਰ ਸ਼ੁਰੂ ਹੋਇਆ, ਇਹ ਵੀ ਅੰਤ ਕਦੋਂ ਤੱਕ ਪਾਣੀ ਕੱਢਣਗੀਆਂ! ਅਖੀਰ ਹੋਰਨਾਂ ਸਾਧਨਾਂ ਵਾਂਗ ਇੱਕ ਦਿਨ ਪਾਣੀ ਇਨ੍ਹਾਂ ਦੀ ਪਹੁੰਚ ਵਿੱਚ ਵੀ ਨਹੀਂ ਰਹੇਗਾ।
ਭਾਰਤ ਵਿੱਚ 1951 ਵਿੱਚ ਪਾਣੀ ਪ੍ਰਤੀ ਵਿਆਕਤੀ 5177 ਘਣ ਮੀਟਰ ਉਪਲਬਧ ਸੀ, ਪਰ ਇੱਕ ਅੰਦਾਜ਼ੇ ਅਨੁਸਾਰ 2025 ਦੇ ਅਖੀਰ ਤੱਕ ਇਹ ਘਟ ਕੇ 1941 ਘਣ ਮੀਟਰ ਰਹਿ ਜਾਵੇਗਾ। ਪਾਣੀ ਦੀ ਕੰਢੀ ਏਰੀਏ ਅਤੇ ਪਟਿਆਲਾ ਜ਼ਿਲ੍ਹੇ ਦੇ ਘੱਗਰ ਨਾਲ ਲੱਗਦੇ ਇਲਾਕਿਆਂ ਦੀ ਸਥਿਤੀ ਹੋਰ ਵੀ ਗੰਭੀਰ ਹੈ। ਪਟਿਆਲਾ ਜ਼ਿਲ੍ਹੇ ਦੇ ਬਨੂੜ ਖੇਤਰ, ਬਲਾਕ ਘਨੌਰ, ਭੁੱਨਰਹੇੜੀ, ਸਮਾਣਾ ਅਤੇ ਪਾਤੜਾਂ ਬਲਾਕਾਂ `ਚ ਪੰਜ ਦਰਾ, ਸਤਲੁਜ ਯਮੁਨਾ ਲਿੰਕ ਨਹਿਰ ਅਤੇ ਘੱਗਰ ਨੇ ਧਰਤੀ ਹੇਠਲੇ ਪਾਣੀ ਨੂੰ ਤੇਜ਼ਾਬੀ ਅਸ਼ੁੱਧੀਆਂ ਨਾਲ ਭਰਪੂਰ ਕਰ ਦਿੱਤਾ ਹੈ, ਕਿਉਂਕਿ ਖਰੜ, ਮੋਹਾਲੀ, ਪੰਚਕੂਲਾ, ਪ੍ਰਵਾਣੂ, ਕਾਲਕਾ, ਪਿੰਜੌਰ ਅਤੇ ਚੰਡੀਗੜ੍ਹ ਦਾ ਸੀਵਰੇਜ ਦਾ ਪਾਣੀ ਇਨ੍ਹਾਂ ਵਿੱਚ ਛੱਡਿਆ ਜਾ ਰਿਹਾ ਹੈ। ਇਸ ਖੇਤਰ ਵਿੱਚ ਪਾਣੀ ਦਾ ਪੱਧਰ ਔਸਤਨ 60 ਮੀਟਰ ਹੈ ਅਤੇ ਧਰਤੀ ਹੇਠ ਪਾਣੀ ਵੀ ਬਹੁਤ ਘੱਟ ਹੈ। ਕਿਸਾਨ ਆਪਣੀਆਂ ਫਸਲਾਂ ਨੂੰ ਸਿੰਜਣ ਲਈ ਇਨ੍ਹਾਂ `ਚੋਂ ਤੇਜ਼ਾਬੀ ਪਾਣੀ ਚੁੱਕ ਕੇ ਵਰਤੋਂ `ਚ ਲਿਆਉਂਦੇ ਹਨ, ਜਿਸ ਨਾਲ ਇਸਦਾ ਕੁੱਝ ਹਿੱਸਾ ਧਰਤੀ ਹੇਠ ਜਾ ਕੇ ਧਰਤੀ ਹੇਠਲੇ ਪਾਣੀ ਅਤੇ ਜਮੀਨ ਨੂੰ ਤੇਜ਼ਾਬੀ ਕਰ ਰਹੇ ਹਨ। ਇਸ ਖੇਤਰ `ਚ ਕੈਂਸਰ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋਣ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਹੈ।
ਲੋਕਾਂ ਨੇ ਸ਼ੁੱਧ ਪਾਣੀ ਲਈ ਘਰਾਂ `ਚ ਆਰ.ਓ. ਲਗਵਾ ਕੇ ਪੀਣ ਦੇ ਪਾਣੀ ਦੀ ਪੂਰਤੀ ਤਾਂ ਕਰ ਲਈ ਹੈ, ਪਰ ਇਸ ਵਿਚਲੇ ਲੋੜੀਂਦੇ ਤੱਤਾਂ ਤੋਂ ਵੀ ਵਿਰਵਾ ਪਾਣੀ ਪੀਣ ਲਈ ਲੋਕ ਮਜਬੂਰ ਹਨ। ਬੇਸ਼ੱਕ ਸਰਕਾਰ ਨੇ ਪਿੰਡਾਂ ਵਿੱਚ ਵੱਡੇ ਪੱਧਰ `ਤੇ ਆਰ.ਓ. ਲਗਾ ਕੇ ਲੋਕਾਂ ਨੂੰ ਕੁੱਝ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਾਗਰੂਕਤਾ ਦੀ ਘਾਟ ਕਾਰਨ ਇਹ ਪਿੰਡਾਂ ਦੇ ਲੋਕਾਂ ਨੂੰ ਮੁਆਫਿਕ ਨਹੀਂ ਆ ਰਹੇ।
ਮਨੁੱਖ ਨੇ ਕੁਦਰਤੀ ਸੋਮਿਆਂ ਪ੍ਰਤੀ ਬੇਹੱਦ ਅਣਗਹਿਲੀ ਦਿਖਾਈ ਅਤੇ ਇਨ੍ਹਾਂ ਨੂੰ ਸਾਂਭਣ ਵੱਲ ਕੋਈ ਤਵੱਜੋ ਨਹੀਂ ਦਿੱਤੀ। ਦਰਿਆਵਾਂ ਦੇ ਪਾਣੀ ਨੂੰ ਖੇਤੀਬਾੜੀ ਸੈਕਟਰ `ਚ ਵਰਤਣ ਦੀ ਲੋੜ ਮਹਿਸੂਸ ਨਹੀਂ ਕੀਤੀ। ਸੂਏ, ਕੱਸੀਆਂ ਦੀ ਜ਼ਮੀਨ `ਤੇ ਕਬਜ਼ਾ ਕਰਕੇ ਉਨ੍ਹਾਂ ਦੀ ਹੋਂਦ ਖਤਮ ਕਰ ਦਿੱਤੀ ਹੈ ਅਤੇ ਨਹਿਰੀ ਪਾਣੀ ਦੀ ਵਰਤੋਂ ਦੀ ਲੋੜ ਮਹਿਸੂਸ ਨਹੀਂ ਕੀਤੀ। ਬਿਜਲੀ ਦੀ ਮੁਫਤ ਸਹੂਲਤ ਦੇਖਦਿਆਂ ਦੀ ਪਾਣੀ ਦੀ ਲੋੜ ਪੂਰੀ ਕਰਨ ਹਿੱਤ ਦੇਖਾ ਦੇਖੀ ਅੰਧਾਧੁੰਦ ਟਿਊਬਵੈੱਲ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਵੇਲੇ ਪੰਜਾਬ `ਚ 14.5 ਲੱਖ ਤੋਂ ਵੱਧ ਟਿਊਬਵੈੱਲ ਚੱਲ ਰਹੇ ਹਨ। ਸਵਾ ਲੱਖ ਦੇ ਲਗਭਗ ਟਿਊਬਵੈੱਲ ਲਈ 2016 `ਚ ਬਿਜਲੀ ਦੇ ਨਵੇਂ ਕੁਨੈਕਸ਼ਨ ਜਾਰੀ ਕੀਤੇ ਗਏ ਸਨ।
ਪੰਜਾਬ ਵਿੱਚ ਨਿਰੰਤਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਜੇਕਰ ਸੁਚੱਜੇ ਅਤੇ ਲੋੜੀਂਦੇ ਪ੍ਰਬੰਧ ਨਾ ਕੀਤੇ ਤਾਂ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਅੰਕੜਿਆਂ ਮੁਤਾਬਿਕ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ `ਚ ਦਸੂਹਾ, ਮੁਕੇਰੀਆਂ, ਹਾਜੀਪੁਰ, ਟਾਂਡਾ ਇਲਾਕੇ ਨੂੰ ਛੱਡ ਕੇ ਪਾਣੀ ਦਾ ਪੱਧਰ 59.25 ਮੀਟਰ ਖਤਰਨਾਕ ਸਥਿਤੀ `ਤੇ ਹੈ, ਜੋ ਜੂਨ 2016 ਤੋਂ ਜੂਨ 2017 ਤੱਕ 1.88 ਮੀਟਰ ਡਿੱਗਿਆ ਹੈ। ਰੋਪੜ ਦੇ ਆਨੰਦਪੁਰ ਅਤੇ ਨੂਰਪੁਰ ਬੇਦੀ `ਚ ਪਾਣੀ ਦਾ ਪੱਧਰ 32.59 ਮੀਟਰ ਹੈ, ਜੋ ਇੱਕ ਸਾਲ 1.14 ਮੀਟਰ ਹੇਠਾਂ ਗਿਆ ਹੈ। ਜ਼ਿਲ੍ਹਾ ਮੁਹਾਲੀ ਦੇ ਖਰੜ ਇਲਾਕੇ ਦੇ ਪਾਣੀ ਦਾ ਪੱਧਰ ਇੱਕ ਦਹਾਕੇ `ਚ 52.45 ਮੀਟਰ `ਤੇ ਪੁੱਜ ਗਿਆ ਹੈ, ਜਦਕਿ ਬਾਕੀ ਬਲਾਕਾਂ ਦਾ 48.85 ਮੀਟਰ ਹੈ, ਜੋ ਸਾਲ `ਚ 0.97 ਮੀਟਰ ਹੇਠਾਂ ਹੋਇਆ ਹੈ। ਨਵਾਂ ਸ਼ਹਿਰ ਅਤੇ ਬੰਗਾ ਖੇਤਰ `ਚ ਪਿਛਲੇ ਦਹਾਕੇ ਦੌਰਾਨ 22 ਮੀਟਰ ਤੋਂ 44 ਮੀਟਰ ਹੋ ਗਿਆ ਹੈ, ਜੋ ਪਿਛਲੇ ਸਾਲ `ਚ 1.18 ਤੋਂ 1.32 ਮੀਟਰ ਡਿਗਿਆ ਹੈ। ਅੰਮ੍ਰਿਤਸਰ `ਚ ਪਾਣੀ ਦਾ ਪੱਧਰ 24.35 ਮੀਟਰ ਤੇ ਤਰਨਤਾਰਨ `ਚ 24.80 ਮੀਟਰ ਹੈ। ਇੱਥੇ ਕ੍ਰਮਵਾਰ 1.39 ਮੀਟਰ ਅਤੇ 1.69 ਮੀਟਰ ਇੱਕ ਸਾਲ `ਚ ਗਿਰਾਵਟ ਆਈ ਹੈ। ਇਸੇ ਤਰ੍ਹਾਂ ਜਲੰਧਰ, ਕਪੂਰਥਲਾ, ਪਠਾਨਕੋਟ ਜਿਲਿ੍ਹਆਂ `ਚ ਇਸ ਵੇਲੇ ਪੱਧਰ ਕ੍ਰਮਵਾਰ 36.35 ਮੀਟਰ, 33.79 ਮੀਟਰ ਅਤੇ 27.85 ਮੀਟਰ ਹੈ, ਜੋ ਔਸਤਨ ਪਿਛਲੇ ਸਾਲ 1 ਮੀਟਰ ਨੀਵਾਂ ਹੋ ਗਿਆ ਹੈ।
ਬਠਿੰਡਾ ਜ਼ਿਲ੍ਹੇ `ਚ 25.80 ਮੀਟਰ, ਮਾਨਸਾ `ਚ 21 ਮੀਟਰ, ਪਟਿਆਲਾ ਦੇ ਘਨੌਰ ਬਲਾਕ ਨੂੰ ਛੱਡ ਕੇ ਬਾਕੀ ਬਲਾਕਾਂ `ਚ 38.76 ਮੀਟਰ, ਸੰਗਰੂਰ `ਚ 40.95 ਮੀਟਰ, ਬਰਨਾਲਾ `ਚ 36.20 ਮੀਟਰ, ਫਿਰੋਜ਼ਪੁਰ `ਚ 27.85 ਮੀਟਰ ਪਾਣੀ ਦਾ ਪੱਧਰ ਸਾਨੂੰ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦਾ ਹੈ। ਇਨ੍ਹਾਂ ਜ਼ਿਲਿ੍ਹਆਂ `ਚ ਵੀ ਪਾਣੀ ਔਸਤਨ 1 ਮੀਟਰ ਹੇਠਾਂ ਗਿਆ ਹੈ। ਮੁਕਤਸਰ ਤੇ ਫਰੀਦਕੋਟ ਸੇਮ ਦੀ ਮਾਰ ਹੇਠ ਹੋਣ ਕਰਕੇ 5.25 ਮੀਟਰ ਅਤੇ 14.5 ਮੀਟਰ ਪਾਣੀ ਦੇ ਲੈਵਲ `ਤੇ ਹਨ।
ਪੰਜਾਬ ਦਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਿੰਦਾ ਹੈ; ਪਰ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਘਰਾਂ ਵਿੱਚ ਟੂਟੀਆਂ ਖੁੱਲ੍ਹੀਆਂ ਚਲਦੀਆਂ ਹਨ। ਸਰਕਾਰੀ ਟੈਂਕੀ ਤੋਂ ਪਾਣੀ ਆਉਣ `ਤੇ ਟੂਟੀ ਚੱਲ ਪੈਂਦੀ ਹੈ ਅਤੇ ਉਦੋਂ ਤੱਕ ਪਾਣੀ ਨਾਲੀ ਵਿੱਚ ਵਹਿੰਦਾ ਰਹਿੰਦਾ ਹੈ, ਜਦੋਂ ਤੱਕ ਟੈਂਕੀ ਦਾ ਪਾਣੀ ਖਤਮ ਨਹੀਂ ਹੋ ਜਾਂਦਾ। ਇਸ ਤਰ੍ਹਾਂ ਰੋਜ਼ਾਨਾ ਕਰੋੜਾਂ ਲੀਟਰ ਪਾਣੀ ਵਿਅਰਥ ਨਾਲੀਆਂ ਵਿੱਚ ਰੁੜ੍ਹ ਜਾਂਦਾ ਹੈ। ਨੀਵੇਂ ਘਰਾਂ ਦੇ ਕੂਨੈਕਸਨਾਂ ਤੇ ਟੂਟੀਆਂ ਨਾ ਲੱਗੀਆਂ ਹੋਣ ਕਾਰਨ ਪਾਣੀ ਵਿਅਰਥ ਜਾਂਦਾ ਹੈ, ਜਦਕਿ ਉੱਚੇ ਥਾਂ ਘਰ ਪਾਣੀ ਨੂੰ ਤਰਸਦੇ ਹਨ। ਉਨ੍ਹਾਂ ਘਰਾਂ ਤੱਕ ਪਾਣੀ ਚੜ੍ਹਦਾ ਨਹੀਂ। ਬਹੁਤੇ ਲੋਕਾਂ ਨੇ ਪਸ਼ੂਆਂ ਦੇ ਵਾੜੇ, ਖਾਲੀ ਪਲਾਟਾਂ ਅਤੇ ਸਬਜ਼ੀਆਂ ਉਗਾਉਣ ਲਈ ਹੀ ਪਾਣੀ ਦੇ ਕੁਨੈਕਸ਼ਨ ਲਏ ਹੋਏ ਹਨ ਤੇ ਜਾਣਕਾਰੀ ਦੀ ਘਾਟ ਕਾਰਨ ਆਪ ਘਰ ਸਬਮਰਸੀਬਲ ਦਾ ਪਾਣੀ ਪੀਂਦੇ ਹਨ। ਟੂਟੀਆਂ ਖੁੱਲ੍ਹੀਆਂ ਚੱਲਣ ਨਾਲ ਵਿਅਰਥ ਪਾਣੀ ਛੱਪੜਾਂ ਨੂੰ ਭਰ ਦਿੰਦਾ ਹੈ, ਜੋ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਨਾਲ ਪੀਣ ਵਾਲੇ ਪਾਣੀ ਅਤੇ ਧਨ ਦੀ ਬਰਬਾਦੀ ਹੁੰਦੀ ਹੈ। ਪਾਣੀ ਨਾਲ ਭਰੇ ਛੱਪੜ ਅਤੇ ਨਾਲੀਆਂ `ਚ ਖੜ੍ਹਾ ਪਾਣੀ ਪੇਂਡੂ ਲੋਕਾਂ ਲਈ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ। ਲੋਕ ਸਕੂਟਰ, ਮੋਟਰਸਾਈਕਲ ਅਤੇ ਮੋਟਰ ਗੱਡੀਆਂ ਧੋਣ, ਪਸ਼ੂਆਂ ਨੂੰ ਨਹਾਉਣ, ਘਰਾਂ ਦੇ ਫ਼ਰਸ਼ ਧੋਣ ਆਦਿ ਨਾਲ ਵੀ ਬਹੁਤ ਜ਼ਿਆਦਾ ਪੀਣਯੋਗ ਪਾਣੀ ਬਰਬਾਦ ਕਰਦੇ ਹਨ।
ਜਿਸ ਤਰ੍ਹਾਂ ਪਾਣੀ ਦੀ ਬਰਬਾਦੀ ਹੋ ਰਹੀ ਹੈ, ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਵੀ ਲਤੂਰ (ਮਹਾਂਰਾਸ਼ਟਰ) ਅਤੇ ਕੇਪ ਟਾਊਨ (ਦੱਖਣੀ ਅਫਰੀਕਾ) ਵਰਗੇ ਹਾਲਾਤ ਨਾਲ ਜੂਝਣ ਲਈ ਮਜਬੂਰ ਹੋਣਾ ਪਵੇਗਾ। ਉਕਤ ਪ੍ਰਸਥਿਤੀਆਂ ਨੂੰ ਭਾਂਪਦਿਆਂ “ਕੁੱਖ `ਚ ਧੀ, ਧਰਤੀ `ਚੋਂ ਪਾਣੀ; ਜੇ ਦੋਨੋਂ ਮੁੱਕ`ਗੇ ਤਾਂ ਖਤਮ ਕਹਾਣੀ” ਅਤੇ “ਪਾਣੀ ਥੁੜ੍ਹ ਦੀ ਵਸਤੂ ਹੈ, ਇਹਨੇ ਧਰਤੀ `ਚੋਂ ਮੁੱਕ ਜਾਣਾ; ਸੰਜਮ ਨਾਲ ਵਰਤ ਲਵੋ ਨਹੀਂ ਤਾਂ ਪਊ ਪਿੱਛੋਂ ਪਛਤਾਉਣਾ” ਉੱਪਰ ਸੰਜੀਦਗੀ ਨਾਲ ਪਹਿਰਾ ਦੇਣ ਦੀ ਲੋੜ ਹੈ।
ਨਦੀਆਂ, ਨਹਿਰਾਂ ਦੇ ਪਾਣੀ ਨੂੰ ਪੀਣ ਅਤੇ ਖੇਤੀ ਸੈਕਟਰ ਲਈ ਵਰਤਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਬਰਸਾਤ ਦੇ ਪਾਣੀ ਨੂੰ ਘਰਾਂ ਅੰਦਰ ਅਤੇ ਖੇਤਾਂ ਵਿੱਚ ਸਟੋਰ ਕਰਕੇ ਵਰਤਣ ਦੇ ਪ੍ਰਬੰਧ ਜਰੂਰੀ ਕਰ ਦੇਣੇ ਚਾਹੀਦੇ ਹਨ। ਖੇਤੀ ਸੈਕਟਰ ਵਿੱਚ ਘੱਟ ਪਾਣੀ ਪੀਣ ਵਾਲੀਆਂ ਫਸਲਾਂ ਦਾ ਬਦਲ ਲੱਭਣ ਅਤੇ ਸਿੰਜਾਈ ਦੇ ਨਵੇਂ ਤਰੀਕਿਆਂ ਨੂੰ ਅਪਨਾਉਣ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਚੌਲਾਂ ਦੀ ਖੇਤੀ ਸਿਰਫ ਸਮੁੰਦਰੀ ਖੇਤਰਾਂ `ਚ ਬੀਜਣਾ ਜਰੂਰੀ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇੱਕ ਚੌਲ ਪੈਦਾ ਕਰਨ ਲਈ ਔਸਤਨ 3000 ਲੀਟਰ ਪਾਣੀ ਖਪਤ ਹੁੰਦਾ ਹੈ। ਨਿੱਜੀ ਮੁਫਾਦਾਂ ਤੋਂ ਉੱਪਰ ਉੱਠ ਕੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ, ਨੌਜਵਾਨ ਕਲੱਬਾਂ, ਜਥੇਬੰਦੀਆਂ ਆਦਿ ਨੂੰ ਨਾਲ ਲੈ ਕੇ ਭਵਿੱਖ ਦੇ ਖਤਰੇ ਪ੍ਰਤੀ ਲੋਕਾਂ ਨੂੰ ਚੇਤੰਨ ਕਰਦਿਆਂ ਅਤੇ ਪੁੰਨ ਦਾ ਕੰਮ ਸਮਝਦਿਆਂ ਇੱਕ ਜ਼ੋਰਦਾਰ ਮੁਹਿੰਮ ਵਿੱਢਣ ਦੀ ਲੋੜ ਹੈ।

Leave a Reply

Your email address will not be published. Required fields are marked *