ਅਸਲ ਸਿੱਖ ਪ੍ਰਤੀਨਿਧਤਾ ਨੂੰ ਪਾਸੇ ਧੱਕਣ ਦੇ ਯਤਨ

ਸਿਆਸੀ ਹਲਚਲ ਖਬਰਾਂ

*ਮਜੀਠੀਆ ਦੀ ਗ੍ਰਿਫਤਾਰੀ ਪਿੱਛੇ ਕੰਮ ਕਰਦੀ ਸਿਆਸਤ
*ਕਾਂਗਰਸ ਸੰਘ ਵਾਲੀ ਸਿਆਸੀ ਲਾਗ ਤੋਂ ਖਹਿੜਾ ਛੁਡਾ ਸਕੇਗੀ?
ਜਸਵੀਰ ਸਿੰਘ ਮਾਂਗਟ
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿੱਤਦਿਆਂ ਹੀ ਪੰਜਾਬ ਦੀ ‘ਆਪ’ ਸਰਕਾਰ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਨੱਪਣਾ ਸ਼ੁਰੂ ਕਰ ਦਿੱਤਾ ਹੈ। ਇਸ ਜ਼ਿਮਨੀ ਚੋਣ ਵਿੱਚ ਅਕਾਲੀ ਦਲ, ਭਾਜਪਾ ਤੋਂ ਵੀ ਪਿੱਛੇ ਰਿਹਾ ਹੈ ਅਤੇ ਅੱਠ ਹਜ਼ਾਰ ਤੋਂ ਕੁਝ ਕੁ ਵੱਧ ਵੋਟਾਂ ਹਾਸਲ ਕਰਕੇ ਜ਼ਮਾਨਤ ਜ਼ਬਤ ਕਰਵਾ ਬੈਠਾ ਹੈ; ਪਰ ਇਸ ਚੋਣ ਵਿੱਚ ਜ਼ਾਹਰ ਹੋਈ ਬਾਦਲ ਦਲ ਦੀ ਵੋਟ ਖਿੱਚਣ ਦੀ ਸਿਆਸੀ ਕਮਜ਼ੋਰੀ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਭੁਨਾਉਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਦੇ ਕੁਝ ਹਲਕੇ ਇਸ ਵਿੱਚ ਭਾਜਪਾ, ਖਾਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਦਾ ਹੱਥ ਵੀ ਵੇਖ ਰਹੇ ਹਨ।

ਭਾਜਪਾ ਦੀ ਰਣਨੀਤੀ ਇਹ ਜਾਪਦੀ ਹੈ ਕਿ ਪੰਜਾਬ ਸਰਕਾਰ ਬਿਕਰਮ ਸਿੰਘ ਮਜੀਠੀਆ `ਤੇ ਕੇੜਾ ਕੱਸੇ ਅਤੇ ਭਾਜਪਾ ਉਸ ਨੂੰ ਪਲੋਸ ਕੇ ਆਪਣੇ ਵੱਲ ਆਉਣ ਲਈ ਇਸ਼ਾਰਾ ਕਰੇ। ਇਸ ਲਈ ਸ਼ਾਇਦ ਪਾਰਟੀ ਦੇ ਸੀਨੀਅਰ ਆਗੂ ਤਾਰੁਣ ਚੁੱਘ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਵੱਲੋਂ ਮਜੀਠੀਆ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਹੈ। ਭਾਜਪਾ ਅਸਲ ਵਿੱਚ ਪੰਜਾਬ ਵਿੱਚ ਪਾਰਟੀ ਦੀ ਮੁੱਖ ਢੋਈ ਬਣਨ ਵਾਲੇ ਆਗੂ ਦੀ ਤਾਲਾਸ਼ ਕਰ ਰਹੀ ਹੈ। ਕਿਉਂਕਿ ਕੇਂਦਰ ਵਿੱਚ ਰਾਜ ਕਰ ਰਹੀ ਇਸ ਪਾਰਟੀ ਦੇ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪੈਰ ਨਹੀਂ ਲੱਗ ਰਹੇ। ਧਿਆਨਯਗਿ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਅਮ੍ਰਿਤਸਰ ਤੋਂ ਉਨ੍ਹਾਂ ਦੇ ਘਰੋ ਂਏ.ਆਈ.ਜੀ ਸਵਰਨਦੀਪ ਸਿੰਘ ਦੇ ਬਿਆਨ ਨੂੰ ਅਧਾਰ ਬਣਾ ਕੇ ਦਰਜ ਕੀਤੀ ਗਈ ਇੱਕ ਨਵੀਂ ਐਫ.ਆਈ.ਆਰ ਤਹਿਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ ਆਪਣੀਆਂ ਪਰਿਵਾਰਕ ਕੰਪਨੀਆਂ ਵਿੱਚ ਪੈਸੇ ਦੇ ਲੈਣ-ਦੇਣ ਵਿੱਚ ਕੀਤੀਆਂ ਗਈਆਂ ਬੇਨਿਯਮੀਆਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ; ਪਰ ਮੀਡੀਏ ਵਿੱਚ ‘ਆਪ’ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਚਾਰ ਉਸ ਦੇ ਨਸ਼ੇ ਦਾ ਸੌਦਾਗਰ ਹੋਣ ਦਾ ਕੀਤਾ ਜਾ ਰਿਹਾ ਹੈ।
ਇਹ ਗੱਲ ਸੱਚ ਹੈ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਵਿੱਚ ਕੈਮੀਕਲੀ ਤਿਆਰ ਕੀਤੇ ਗਏ ਨਸ਼ਿਆਂ ਦੀ ਭਰਮਾਰ ਹੋ ਗਈ ਸੀ ਅਤੇ ਇਸ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋਣ ਲੱਗੀਆਂ ਸਨ, ਪਰ ਇਸ ਵਿੱਚ ਮਜੀਠੀਆ ਦਾ ਸਿੱਧਾ ਜਾਂ ਅਸਿੱਧਾ ਕਿੰਨਾ ਕੁ ਹੱਥ ਹੈ, ਇਹ ਜਾਂ ਤੇ ਉਹ ਆਪ ਹੀ ਦੱਸ ਸਕਦੇ ਹਨ ਜਾਂ ਜਾਂਚ ਏਜੰਸੀਆਂ ਹੀ ਹਨ, ਜਿਨ੍ਹਾਂ ਨੂੰ ਇਹਦੇ ਬਾਰੇ ਅਸਲੀਅਤ ਦਾ ਪਤਾ ਹੋ ਸਕਦਾ ਹੈ। ਬਿਨਾ ਤੱਥਾਂ ਤੋਂ ਇਹਦੇ ਬਾਰੇ ਬੋਲਣਾ ਹਵਾ ਵਿੱਚ ਡਾਂਗਾਂ ਮਾਰਨ ਵਾਂਗ ਹੋਵੇਗਾ। ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਮਜੀਠੀਏ ਨੂੰ ਬੇਕਸੂਰ ਆਖ ਕੇ ਮੁਆਫੀ ਵੀ ਮੰਗ ਲਈ ਸੀ, ਪਰ ਹੁਣ ਜਦੋਂ ਅਗਲੀਆਂ ਚੋਣਾਂ ਵਿੱਚ ਸਾਲ, ਸਵਾ ਸਾਲ ਦਾ ਸਮਾਂ ਰਹਿ ਗਿਆ ਹੈ ਤਾਂ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਉਸ ਦੇ ਦੁਆਲੇ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਅਤੇ 540 ਕਰੋੜ ਤੋਂ ਵੱਧ ਦੇ ਹੇਰ-ਫੇਰ ਦੇ ਦੋਸ਼ਾਂ ਵਿੱਚ ਮਜੀਠੀਆ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ 26 ਜੂਨ ਨੂੰ ਮੁਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕਰਕੇ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।
ਯਾਦ ਰਹੇ, ਪਿਛਲੇ ਸਾਲ 2 ਦਸੰਬਰ ਤੋਂ ਪਹਿਲਾਂ ਜਦੋਂ ਅਕਾਲੀ ਦਲ ਦੇ ਆਗੂਆਂ ਦੀ ਅਕਾਲ ਤਖਤ ਸਾਹਿਬ `ਤੇ ਪੇਸ਼ ਹੋਣ ਦੀ ਚਰਚਾ ਚੱਲ ਰਹੀ ਸੀ ਤਾਂ ਬਿਕਰਮ ਸਿੰਘ ਮਜੀਠੀਆ ਵੱਲੋਂ ਉਸ ਵੇਲੇ ਧਾਰਨ ਕੀਤੀ ਗਈ ਭੇਦਭਰੀ ਖਾਮੋਸ਼ੀ ਦੇ ਅਰਥ ਮੀਡੀਆ ਹਲਕਿਆਂ ਵਿੱਚ ਇਹ ਕੱਢੇ ਜਾ ਰਹੇ ਸਨ ਕਿ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਹਨ ਅਤੇ ਉਨ੍ਹਾਂ ਦੇ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਦੀਆਂ ਕਿਆਸ ਅਰਾਈਆਂ ਵੀ ਚੱਲ ਰਹੀਆਂ ਸਨ; ਪਰ 2 ਦਸੰਬਰ ਤੋਂ ਕੁਝ ਦਿਨ ਪਹਿਲਾਂ ਹੀ ਸੁਖਬੀਰ ਬਾਦਲ ਵੱਲੋਂ ਮੁੜ ਮਜੀਠੀਆ ਨੂੰ ਆਪਣੇ ਵੱਲ ਸਰਕਾ ਲਿਆ ਗਿਆ। ਇਸੇ ਦਰਮਿਆਨ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਕੀਤੇ ਗਏ ਕਥਿੱਤ ਜਾਨ ਲੇਵਾ ਹਮਲੇ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਖੁੱਲ੍ਹ ਕੇ ਸੁਖਬੀਰ ਸਿੰਘ ਬਾਦਲ ਦੇ ਪੱਖ ਵਿੱਚ ਆ ਗਏ ਸਨ। ਇਸ ਦਰਮਿਆਨ ਸੁਖਬੀਰ ਬਾਦਲ ਨਾਲ ਹਮਲੇ ਨੂੰ ਲੈ ਕੇ ਜਿਸ ਕਿਸਮ ਦੀ ਹਮਲਾਵਰ ਭਾਸ਼ਾ ਬਿਕਰਮ ਸਿੰਘ ਮਜੀਠੀਆ ਵੱਲੋਂ ਨਰਾਇਣ ਸਿੰਘ ਚੌੜਾ ਅਤੇ ਉਸ ਦੀਆਂ ਪੱਖੀ ਰੈਡੀਕਲ ਸਿੱਖ ਧਿਰਾਂ ਲਈ ਵਰਤੀ ਗਈ, ਉਹ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਨੂੰ ਹੁਣ ਐਨ ਫਿੱਟ ਬੈਠਦੀ ਹੈ।
ਅਸਲ ਵਿੱਚ ਭਾਰਤੀ ਜਨਤਾ ਪਾਰਟੀ ਸਿੱਖ ਸਿਆਸੀ ਮਸਲੇ ਨਜਿੱਠਣ ਦੇ ਮਾਮਲੇ ਵਿੱਚ ਹੁਣ ਇੰਦਰਾ ਗਾਂਧੀ ਵਾਲੀ ਸਿਆਸਤ ਨੂੰ ਹੀ ਆਦਰਸ਼ ਬਣਾ ਬੈਠੀ ਹੈ। ਇਸ ਦ੍ਰਿਸ਼ਟੀ ਵਿੱਚ ਸਿੱਖ ਜਾਂ ਪੰਜਾਬ ਸਮੱਸਿਆ ਨੂੰ ਇੱਕ ਸਿਆਸੀ-ਸੱਭਿਆਚਾਰਕ ਸਮੱਸਿਆ ਨਾ ਸਮਝ ਕੇ ਅਮਨ-ਕਾਨੂੰਨ ਦਾ ਮਸਲਾ ਸਮਝਣਾ ਹੈ। ਇਹ ਇਸੇ ਕਰਕੇ ਹੈ ਕਿ ਭਾਜਪਾ ਪੰਜਾਬ ਵਿੱਚ ਸਿੱਖ/ਪੰਜਾਬ ਦੇ ਨਵੇਂ-ਪੁਰਾਣੇ ਮਸਲਿਆਂ ਪ੍ਰਤੀ ਜ਼ਰਾ ਜਿੰਨਾ ਝੁਕਾ ਰੱਖਣ ਵਾਲੀਆਂ ਸਿੱਖ ਸਿਆਸੀ ਧਿਰਾਂ ਪ੍ਰਤੀ ਵੀ ਅਸਹਿਣਸ਼ੀਲ ਹੋ ਜਾਂਦੀ ਹੈ। ਇਸੇ ਕਰੇ ਇਹ ਧਿਰਾਂ ਪੰਜਾਬ ਦੀ ਚੋਣ ਸਿਆਸਤ ਵਿੱਚੋਂ ਇੱਕ ਯੋਜਨਾਬੱਧ ਢੰਗ ਨਾਲ ਪਾਸੇ ਕੀਤੀਆਂ ਜਾ ਰਹੀਆਂ ਹਨ। ਇਹ ਅਸਲ ਵਿੱਚ ਇੱਕ ਕੌਮ/ਕਮਿਊਨਿਟੀ ਦੇ ਜਾਇਜ਼ ਮਸਲਿਆਂ ਨੂੰ ਵੀ ਜਮਹੂਰੀ ਸਿਆਸਤ ਦੇ ਘੇਰੇ ਵਿੱਚੋਂ ਬਾਹਰ ਧੱਕਣ ਦਾ ਅਮਲ ਹੈ। ਜਮਹੂਰੀ ਸਿਆਸਤ ਨੂੰ ਅਜਿਹੇ ਬੰਨ੍ਹ ਮਾਰਨ ਦੇ ਨਤੀਜੇ ਬਹੁਤੀ ਵਾਰ ਵਿਗੜੇ/ਹਿੰਸਕ ਰੂਪ ਵਿੱਚ ਸਾਹਮਣੇ ਆਉਂਦੇ ਹਨ। ਇਸੇ ਲਈ ਸਿੱਖ/ਪੰਜਾਬ ਦੀਆਂ ਅਸਲ ਪ੍ਰਤੀਨਿਧ ਧਿਰਾਂ ਨੂੰ ਪੰਜਾਬ ਦੀ ਜਮਹੂਰੀ ਸਿਆਸਤ ਵਿੱਚ ਸਪੇਸ ਮੁਹੱਈਆ ਕਰਨੀ ਇੱਕ ਅਹਿਮ ਮਾਮਲਾ ਹੈ।
ਸਰਬ ਭਾਰਤੀ ਘੇਰਾ ਰੱਖਣ ਵਾਲੀਆਂ ਪਾਰਟੀਆਂ ਲਈ ਵੀ ਇਹੋ ਲਾਹੇਵੰਦ ਰਹੇਗਾ ਕਿ ਉਹ ਸਿੱਖਾਂ `ਤੇ ਆਪਣੇ ਹਿੱਤਾਂ ਮੁਤਾਬਕ ਲੀਡਰ ਮੜ੍ਹਨ ਦੀ ਬਜਾਏ ਸਿੱਖ ਹਿੱਤਾਂ ਨੂੰ ਪ੍ਰਣਾਈ ਲੀਡਰਸ਼ਿੱਪ ਨੂੰ ਉਭਰਣ ਦਾ ਮੌਕਾ ਦੇਣ। ਇਸ ਮਾਮਲੇ ਵਿੱਚ ਕਾਂਗਰਸ ਨਾਲ ਸਿੱਖਾਂ ਦੇ ਇਤਿਹਾਸਕ ਕਲੇਸ਼ ਤੋਂ ਭਾਰਤੀ ਜਨਤਾ ਪਾਰਟੀ ਸਬਕ ਸਿੱਖ ਸਕਦੀ ਹੈ, ਪਰ ਇੰਨੀ ਉਦਾਰਤਾ ਉਸ ਵਿਚਾਰਧਾਰਾ ਦੇ ਅਧੀਨ ਭਾਜਪਾ ਦੇ ਪੱਲੇ ਨਹੀਂ ਹੈ, ਜਿਸ ਦੇ ਅਨੁਸਾਰ ਹਿੰਦੁਸਤਾਨ ਵਿੱਚ ਵੱਸਣ ਵਾਲੇ ਸਾਰੇ ਧਰਮਾਂ ਦੇ ਲੋਕ ‘ਹਿੰਦੂ’ ਹਨ। ਵੱਖ-ਵੱਖ ਧਰਮਾਂ/ਕੌਮਾਂ/ਸੱਭਿਆਚਾਰਾਂ/ਨਸਲਾਂ/ਮਨੁੱਖੀ ਅਤੇ ਸਮਾਜਕ ਵਖਰੇਵਿਆਂ ਦੀ ਹਸਤੀ ਨੂੰ ਸਮਾਨੰਤਰ ਸਵਿਕਾਰ ਕਰਨ ਵਾਲੀ ਵਿਚਾਰਧਾਰਾ ਹੀ ਅਸਲ ਵਿੱਚ ਹਿੰਦੁਸਤਾਨੀ ਜਮਹੂਰੀ ਪ੍ਰਬੰਧ ਨੂੰ ਸਹੀ ਪਾਸੇ ਤੋਰ ਸਕਦੀ ਹੈ। ਪਰ ਪਿਛਲੇ ਚਾਰ ਕੁ ਦਹਾਕਿਆਂ ਵਿੱਚ ਦੇਸ਼ ਦੀਆਂ ਮੁੱਖ ਸਿਆਸੀ ਧਿਰਾਂ ਨੇ ਹਿੰਦੁਸਤਾਨ ਵਿੱਚ ਜਿਸ ਕਿਸਮ ਦਾ ਅਸਹਿਣਸ਼ੀਲ, ਫਿਰਕਾਪ੍ਰਸਤ, ਗੈਰ-ਹਿੰਦੂ ਧਰਮਾਂ ਦੇ ਲੋਕਾਂ ਪ੍ਰਤੀ ਬੇਪਨਾਹ ਨਫਰਤ ਦਾ ਮਾਹੌਲ ਸਿਰਜ ਲਿਆ ਹੈ, ਉਸ ਵਿੱਚ ਖੁੱਲ੍ਹੀ-ਡੁੱਲ੍ਹੀ ਪਹੁੰਚ ਰੱਖਣ ਵਾਲੀ ਕਿਸੇ ਵੀ ਸਿਆਸਤ ਦੇ ਵਿਚਰਣ ਦੀ ਸਪੇਸ ਬੇਹੱਦ ਸੀਮਤ ਹੋ ਗਈ ਹੈ। ਇਹੋ ਜਿਹੇ ਹਾਲਾਤ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਸਿਆਸੀ ਖੇਤਰ ਵਿੱਚ ਵੱਡੇ ਸੰਕਟ ਖੜ੍ਹੇ ਕਰ ਸਕਦੇ ਹਨ।
ਹਿੰਦੁਸਤਾਨ ਦੇ ਸਿਆਸੀ ਸੱਭਿਆਚਾਰ ਨੂੰ ਖੁੱਲ੍ਹਾ-ਡੁੱਲ੍ਹਾ ਅਤੇ ਸਹਿਣਸ਼ੀਲ ਬਣਾਉਣ ਦੇ ਪੱਖ ਤੋਂ ਕਾਂਗਰਸ ਦੀ ਮੌਜੂਦਾ ਲੀਡਰਸ਼ਿੱਪ, ਖਾਸ ਕਰਕੇ ਰਾਹੁਲ ਗਾਂਧੀ ਤੋਂ ਕਈ ਵਾਰ ਆਸ ਬੱਝਦੀ ਹੈ; ਪਰ ਉਨ੍ਹਾਂ ਦੀ ਤ੍ਰਾਸਦੀ ਇਹ ਹੈ ਕਿ ਉਹ ਜਿਸ ਪਾਰਟੀ ਢਾਂਚੇ ਦੀ ਅਗਵਾਈ ਕਰ ਰਹੇ ਹਨ, ਉਸ ਵਿੱਚ ਸੰਘ ਵਾਲੀ ਸਿਆਸੀ ਪਹੁੰਚ ਨਾਲ ਮੇਲ ਖਾਂਦੀ ਸੋਚ ਵਾਲੇ ਲੋਕ ਵੀ ਅਹਿਮ ਪੁਜੀਸ਼ਨਾਂ `ਤੇ ਬੈਠੇ ਹਨ। ਸਮਾਜਕ-ਧਾਰਮਿਕ ਅਤੇ ਸੱਭਿਆਚਾਰਕ ਸਹਿਹੋਂਦ ਦੀ ਜਿਸ ਵਿਚਾਰਧਾਰਾ ਨੂੰ ਉਹ ਆਪਣੇ ਭਾਸ਼ਨਾਂ ਵਿੱਚ ਅਪਨਾਉਂਦੇ ਹਨ, ਜਦੋਂ ਪਾਰਟੀ ਅਮਲ (ਪ੍ਰੈਕਟਿਸ) ਨੂੰ ਉਸ ਦਿਸ਼ਾ ਵਿੱਚ ਤੋਰਨ ਦੀ ਗੱਲ ਆਉਂਦੀ ਹੈ ਤਾਂ ਉਹ ਮੁੜ ਆਪਣੀ ਪਾਰਟੀ ਦੀਆਂ ਪੁਰਾਣੀਆਂ ਪੁਜੀਸ਼ਨ ਵੱਲ ਖਿਸਕ ਜਾਂਦੇ ਹਨ। ਵਿਸ਼ੇਸ਼ ਕਰਕੇ ਚੋਣ ਮੁਹਿੰਮਾਂ ਵੇਲੇ ਅਜਿਹਾ ਵਾਪਰਦਾ ਆਮ ਵੇਖਿਆ ਜਾਂਦਾ ਹੈ। ਇਹ ਇੱਕ ਕਦਮ ਅੱਗੇ ਅਤੇ ਦੋ ਕਦਮ ਪਿੱਛੇ ਚੱਲਣ ਵਾਲਾ ਰਾਜਨੀਤਿਕ ਅਮਲ ਹੈ, ਜਿਹੜਾ ਕਾਂਗਰਸ ਪਾਰਟੀ ਨੂੰ ਕਿਸੇ ਕੰਢੇ ਨਹੀਂ ਲਾਵੇਗਾ। ਕਾਂਗਰਸ ਪਾਰਟੀ ਨੂੰ ਆਪਣੇ ਪੁਨਰਉਥਾਨ ਲਈ ਸਿੱਖ ਮਸਲਿਆਂ ਪ੍ਰਤੀ ਆਪਣੀ ਪੁਰਾਣੀ ਪਹੁੰਚ ਨੂੰ ਤਿਆਗ ਕੇ ਸੰਘ ਪਰਿਵਾਰ ਤੋਂ ਬਿਲਕੁਲ ਵੱਖਰੀ, ਵੱਖ ਧਰਮਾਂ/ਕੌਮਾਂ/ਨਸਲਾਂ/ਸੱਭਿਆਚਰਾਂ ਦੀ ਸਹਿਹੋਂਦ ਨੂੰ ਪ੍ਰਵਾਨ ਕਰਨ ਵਾਲੀ ਸਿਆਸੀ ਵਿਚਾਰਧਾਰਾ ਅਤੇ ਪਹੁੰਚ ਅਪਨਾਉਣੀ ਚਾਹੀਦੀ ਹੈ। ਜਦੋਂ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਸਕੀ ਭੈਣ ਬਣਨ ਵਾਲਾ ਹੀ ਰਾਹ ਫੜਿਆ ਹੋਇਆ ਹੈ ਤਾਂ ਅਜਿਹੇ ਮੌਕੇ ਸਹੀ ਅਰਥਾਂ ਵਿੱਚ ਇੱਕ ਉੱਤਰ ਸੈਕੂਲਰ/ਸਹਿਹੋਂਦਵਾਦੀ ਕੁੱਲਹਿੰਦ ਪਾਰਟੀ ਲਈ ਹਿੰਦੁਸਤਾਨ ਵਿੱਚ ਇੱਕ ਸਪੇਸ ਬਾਕਾਇਦਾ ਖਾਲੀ ਪਈ ਹੈ। ਇਸ ਸਪੇਸ ਨੂੰ ਕੋਈ ਖੱਬੇ ਪੱਖੀ ਡੈਮੋਕਰੇਟਿਕ ਪਾਰਟੀ ਵੀ ਭਰ ਸਕਦੀ ਹੈ, ਪਰ ਹਿੰਦੁਸਤਾਨੀ ਖੱਬੇਪੱਖੀਆਂ ਤੋਂ ਹਾਲੇ ਇਸ ਕਿਸਮ ਦੀ ਆਸ ਨਹੀਂ ਕੀਤੀ ਜਾ ਸਕਦੀ।

Leave a Reply

Your email address will not be published. Required fields are marked *