*ਬਹੁ-ਧਰੁਵੀ ਸੰਸਾਰ ਪੱਕੇ ਪੈਰੀਂ ਹੋਣ ਲੱਗਾ?
ਪੰਜਾਬੀ ਪਰਵਾਜ਼ ਬਿਊਰੋ
ਇਰਾਨ ਅਤੇ ਇਜ਼ਰਾਇਲ ਵਿਚਕਾਰ 12 ਦਿਨਾਂ ਤੱਕ ਚੱਲੀ ਜੰਗ ਨੇ ਸੰਸਾਰ ਸਿਆਸਤ ਦੇ ਸਮੀਕਰਣ ਪ੍ਰਭਾਵਸ਼ਾਲੀ ਢੰਗ ਨਾਲ ਬਦਲ ਦਿੱਤੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿੱਛੇ ਜਿਹੇ 3-4 ਦਿਨ ਚੱਲੀ ਜੰਗ ਨਾਲ ਸੰਸਾਰ ਦੀ ਫੌਜੀ ਅਤੇ ਸਿਆਸੀ ਹਕੀਕਤ ਵਿੱਚ ਜਿਸ ਬਦਲਾਅ ਦੇ ਸੰਕੇਤ ਮਿਲਣੇ ਸ਼ੁਰੂ ਹੋਏ ਸਨ, ਇਜ਼ਰਾਇਲ ਅਤੇ ਇਰਾਨ ਵਿਚਕਾਰ 12 ਦਿਨ ਚੱਲੀ ਜੰਗ ਨੇ ਉਨ੍ਹਾਂ ਨੂੰ ਹੋਰ ਪੱਕੇ ਪੈਰੀਂ ਕਰ ਦਿੱਤਾ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ
ਏਸ਼ੀਆ ਅਤੇ ਯੂਰੇਸ਼ੀਆ ਖੇਤਰ ਵਿੱਚ ਚੀਨ, ਰੂਸ ਅਤੇ ਅਫਗਾਨਿਸਤਾਨ ਤੋਂ ਬਾਅਦ ਇੱਕ ਹੋਰ ਮੁਲਕ ਬੜੇ ਪੱਕੇ ਪੈਰੀਂ ਉਭਰ ਰਿਹਾ ਹੈ, ਜਿਹੜਾ ਪੱਛਮੀ ਮੁਲਕਾਂ ਅਤੇ ਅਮਰੀਕਾ ਲਈ ਚੁਣੌਤੀ ਬਣਦਾ ਜਾ ਰਿਹਾ ਹੈ। ਇਸ ਕਾਰਨ ਇਸ ਖਿੱਤੇ ਦੇ ਤੇਜ਼ੀ ਨਾਲ ਵਿਕਾਸ ਕਰ ਰਹੇ ਹੋਰ ਮੁਲਕਾਂ ਨੂੰ ਵੀ ਆਪਣੀਆਂ ਪੁਜੀਸ਼ਨਾਂ ਦਾ ਮੁੜ ਮੁਲੰਕਣ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਭਾਰਤ-ਪਾਕਿਸਤਾਨ ਵਿਚਕਾਰ ਤਿੰਨ ਦਿਨਾ ਜੰਗ ਨੇ ਸਮੁੱਚੇ ਰੂਪ ਵਿੱਚ ਜਿਹੜਾ ਬਾਹਰ-ਮੁਖੀ ਪ੍ਰਭਾਵ ਛੱਡਿਆ, ਉਹ ਇਹ ਸੀ ਕਿ ਚੀਨ ਅਤੇ ਰੂਸ ਦੇ ਰੂਪ ਵਿੱਚ ਪੂਰਬ ਪੱਛਮੀ ਫੌਜੀ ਤਕਨੀਕਾਂ ਨਾਲ ਮੜਿੱਕਣ ਲੱਗ ਪਿਆ ਹੈ। ਖਾਸ ਕਰਕੇ ਚੀਨੀ ਫਾਈਟਰ ਜਹਾਜ਼ਾਂ, ਮਿਜ਼ਾਈਲਾਂ, ਸੂਹੀਆ ਉਪ-ਗ੍ਰਹਿਆਂ ਅਤੇ ਸੂਚਨਾ ਤਕਨੀਕਾਂ ਦਾ ਸੁਮੇਲ ਪੱਛਮੀ ਤਕਨੀਕਾਂ `ਤੇ ਭਾਰੂ ਪੈਂਦਾ ਨਜ਼ਰ ਆਇਆ। ਹਿੰਦੁਸਤਾਨ ਦੇ ਸਟੀਕ ਮਿਜ਼ਾਈਲ ਹਮਲੇ ਵੀ ਹੈਰਾਨਕੁੰਨ ਸਨ। ਇਹ ਦੱਖਣ ਪੂਰਬੀ ਏਸ਼ੀਆ ਅਤੇ ਯੂਰੇਸ਼ੀਆ ਦੇ ਪੱਛਮੀ ਦਾਬੇ ਹੇਠੋਂ ਨਿਕਲ ਕੇ ਇੱਕ ਆਜ਼ਾਦ ਅੰਗੜਾਈ ਭਰਨ ਦੀ ਸੰਕੇਤਕ ਝਲਕ ਸੀ; ਪਰ ਇਰਾਨ ਅਤੇ ਇਜ਼ਰਾਇਲ ਵਿਚਾਲੇ 12 ਦਿਨਾਂ ਤੱਕ ਚੱਲੀ ਜੰਗ ਨੇ ਇਨ੍ਹਾਂ ਪ੍ਰਭਾਵਾਂ ਨੂੰ ਹੋਰ ਪੱਕੇ ਪੈਰੀਂ ਕਰ ਦਿੱਤਾ ਹੈ।
ਯਾਦ ਰਹੇ, ਅਮਰੀਕਾ ਅਤੇ ਇਰਾਨ ਵਿਚਕਾਰ ਪ੍ਰਮਾਣੂ ਮਸਲੇ ਨੂੰ ਲੈ ਕੇ ਓਮਾਨ ਵਿੱਚ ਹੋਣ ਵਾਲੀ ਛੇਵੇਂ ਗੇੜ ਦੀ ਵਾਰਤਾ ਤੋਂ ਇੱਕ ਦਿਨ ਪਹਿਲਾਂ ਇਜ਼ਰਾਇਲ ਨੇ ਇਰਾਨ `ਤੇ ਚਾਣ-ਚੱਕ ਹਵਾਈ ਅਤੇ ਡਰੋਨ ਹਮਲੇ ਕਰਕੇ ਇਰਾਨੀ ਫੌਜ ਦੇ ਤਕਰੀਬਨ ਅੱਧੀ ਦਰਜਨ ਸੀਨੀਅਰ ਕਮਾਂਡਰ ਮਾਰ ਦਿੱਤੇ ਸਨ। ਇਸ ਤੋਂ ਇਲਾਵਾ ਇੱਕ ਦਰਜਨ ਤੋਂ ਉੱਪਰ ਪ੍ਰਮਾਣੂ ਵਿਗਿਆਨੀਆਂ ਕਤਲ ਕਰ ਦਿੱਤੇ ਸਨ। (ਕੌਮਾਂਤਰੀ ਜੰਗੀ ਨੇਮਾਂ ਦੀ ਇਹ ਉਲੰਘਣਾ ਸੀ) ਇਸ ਤੋਂ ਇਲਾਵਾ ਇਜ਼ਰਾਇਲ ਵੱਲੋਂ ਇਰਾਨ ਦੇ ਸਰਕਾਰੀ ਟੀ.ਵੀ. ਸਟੇਸ਼ਨਾਂ ਸਮੇਤ ਹੋਰ ਬਹੁਤ ਸਾਰੇ ਸੰਵੇਦਨਸ਼ੀਲ ਅਤੇ ਫੌਜੀ ਟਿਕਾਣਿਆਂ `ਤੇ ਵੀ ਹਮਲੇ ਕੀਤੇ ਗਏ। ਇਰਾਨੀ ਫੌਜ ਦੀ ਤਕਰੀਬਨ ਸਾਰੀ ਸੀਨੀਅਰ ਕਮਾਂਡ ਇਜ਼ਰਾਇਲ ਵੱਲੋਂ ਮਾਰ ਦਿੱਤੀ ਗਈ ਸੀ। ਇਸ ਦੇ ਬਾਵਜੂਦ ਜਿਸ ਤੇਜ਼ੀ ਅਤੇ ਪ੍ਰਬੀਨਤਾ ਨਾਲ ਇਰਾਨ ਨੇ ਇਜ਼ਰਾਇਲ `ਤੇ ਮੋੜਵੇਂ ਮਿਜ਼ਾਈਲ ਹਮਲੇ ਕੀਤੇ, ਉਨ੍ਹਾਂ ਨੇ ਕੁਝ ਹੀ ਦਿਨਾਂ ਵਿੱਚ ਅਮਰੀਕਾ ਨੂੰ ਸਿੱਧਾ ਫੌਜੀ ਜੰਗ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ। ਇਸ ਜੰਗ ਵਿੱਚ ਸ਼ਾਮਲ ਹੁੰਦਿਆਂ ਅਮਰੀਕਾ ਨੇ ਫੋਰਦੋ ਸਮੇਤ ਇਰਾਨ ਦੇ ਚਾਰ ਪ੍ਰਮਾਣੂ ਟਿਕਾਣਿਆਂ `ਤੇ ਬੰਕਰ ਬਸਟਰ ਬੰਬ ਸੁੱਟੇ। ਇਨ੍ਹਾਂ ਹਮਲਿਆਂ ਕਾਰਨ ਇਰਾਨ ਦੇ ਪ੍ਰਮਾਣੂ ਪਲਾਂਟਾਂ ਨੂੰ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਖੁਦ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਗਾਚੀ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ ਇਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਭਾਵੇਂ ਕਿ ਇਰਾਨ ਦੇ ਅੰਡਰਗਰਾਊਂਡ ਪ੍ਰਮਾਣੂ ਟਿਕਾਣੇ ਅਤੇ 60 ਫੀਸਦੀ ਸੋਧੇ ਹੋਏ ਯੁਰੇਨੀਅਮ ਆਦਿ ਨੂੰ ਕੋਈ ਹਾਨੀ ਪੁੱਜਣ ਬਾਰੇ ਭੰਬਲਭੂਸਾ ਕਾਇਮ ਹੈ; ਪਰ ਅਮਰੀਕਾ ਤੇ ਇਜ਼ਰਾਇਲ ਇੱਕ ਵਾਰ ਫਿਰ ਇਰਾਨ ਨਾਲ ਪ੍ਰਮਾਣੂ ਸਮਝੌਤੇ ਦੀ ਗੱਲ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਪੱਛਮੀ ਏਸ਼ੀਆ ਦਾ ਇਹ ਮੁਲਕ 60 ਫੀਸਦੀ ਸੋਧਿਆ ਹੋਇਆ ਯੁਰੇਨੀਅਮ ਉਨ੍ਹਾਂ ਦੇ ਹਵਾਲੇ ਕਰ ਦੇਵੇ। ਇਸ ਨਾਲ ਜੰਗਬੰਦੀ ਹਾਲ ਦੀ ਘੜੀ ਆਰਜੀ ਜਾਪਣ ਲੱਗ ਪਈ ਹੈ। ਇਸ ਸਾਰੇ ਕੁਝ ਦੇ ਬਾਵਜੂਦ ਇਰਾਨ ਦੇ ਸੁਪਰੀਮ ਲੀਡਰ ਆਇਤੁਲਾ ਖੁਮੇਨੀ ਨੇ ਅਮਰੀਕਾ ਅਤੇ ਇਜ਼ਰਾਇਲ ਅੱਗੇ ਗੋਡੇ ਟੇਕਣ ਤੋਂ ਇਨਕਾਰ ਕਰ ਦਿੱਤਾ ਹੈ।
ਜੰਗਬੰਦੀ ਹੋਣ ਤੋਂ ਹਫਤਾ ਕੁ ਬਾਅਦ ਸਾਹਮਣੇ ਆਈ ਆਪਣੀ ਇੱਕ ਵੀਡੀਓ ਵਾਰਤਾ ਵਿੱਚ ਖੁਮੇਨੀ ਨੇ ਸਾਫ ਕੀਤਾ ਕਿ ਇਜ਼ਰਾਇਲ ਜਾਂ ਅਮਰੀਕਾ ਨੇ ਫਿਰ ਹਮਲੇ ਕੀਤੇ ਤਾਂ ਇਸ ਦਾ ਤਕੜਾ ਜੁਆਬ ਦਿੱਤਾ ਜਾਵੇਗਾ। ਉਨ੍ਹਾਂ ਫਿਰ ਕਿਹਾ ਕਿ ‘ਸਰੰਡਰ’ ਸ਼ਬਦ ਇਰਾਨ ਦੀ ਡਿਕਸ਼ਨਰੀ ਵਿੱਚ ਨਹੀਂ ਹੈ। ਇਹ ਸ਼ਬਦ ਮਹਾਨ ਇਰਾਨੀ ਸਭਿਅਤਾ ਦਾ ਅਪਮਾਨ ਹੈ। ਇਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਰਾਨ ਅਮਰੀਕਾ ਨਾਲ ਕੋਈ ਪ੍ਰਮਾਣੂ ਸਮਝੌਤਾ ਨਹੀਂ ਕਰੇਗਾ। ਇਸ ਦੇ ਉਲਟ ਸਗੋਂ ਇਰਾਨੀ ਪਾਰਲੀਮੈਂਟ ਨੇ ਇੰਟਰਨੈਸ਼ਨਲ ਪ੍ਰਮਾਣੂ ਅਪਸਾਰ ਸੰਧੀ ਵਿੱਚੋਂ ਬਾਹਰ ਆਉਣ ਲਈ ਵੀ ਮਤਾ ਪਾਸ ਕਰ ਦਿੱਤਾ ਹੈ। ਅਸਲ ਵਿੱਚ ਓਮਾਨ ਵਿੱਚ ਹੀ ਪ੍ਰਮਾਣੂ ਮਾਮਲੇ ਨੂੰ ਲੈ ਕੇ ਪਿਛਲੇ ਪੰਜ ਗੇੜਾਂ ਦੀ ਅਮਰੀਕਾ ਅਤੇ ਇਰਾਨ ਵਿਚਕਾਰ ਹੋਈ ਗੱਲਬਾਤ ਵਿੱਚ ਇਰਾਨ ਆਪਣੇ ਯੁਰੇਨੀਅਮ ਸੋਧਣ ਦੇ ਪ੍ਰੋਗਰਾਮ ਤੋਂ ਪਿੱਛੇ ਹਟਣ ਤੋਂ ਇਨਕਾਰ ਕਰਦਾ ਆ ਰਿਹਾ ਸੀ। ਇਸ ਕਰਕੇ ਛੇਵੇਂ ਗੇੜ ਦੀ ਗੱਲਬਾਤ ਵਿੱਚ ਵੀ ਉਪਰੋਕਤ ਦੋਹਾਂ ਮੁਲਕਾਂ ਨੂੰ ਇਰਾਨ ਤੋਂ ਬਹੁਤੀ ਆਸ ਨਹੀਂ ਸੀ। ਇਸ ਲਈ ਅਮਰੀਕਾ ਦੀ ਗੁੱਝੀ ਹਰੀ ਝੰਡੀ ਨਾਲ ਇਜ਼ਰਾਇਲ ਨੇ ਇਰਾਨ `ਤੇ ਹਮਲਾ ਕਰ ਦਿੱਤਾ।
13 ਜੂਨ ਨੂੰ ਹੋਏ ਪਹਿਲੇ ਹਮਲੇ ਵਿੱਚ ਭਰਵੇਂ ਨੁਕਸਾਨ ਦੇ ਬਾਵਜੂਦ ਇਰਾਨ ਦੀ ਫੌਜੀ ਅਤੇ ਸਿਆਸੀ ਲੀਡਰਸ਼ਿੱਪ ਕਿਸੇ ਘਬਰਾਹਟ ਵਿੱਚ ਨਜ਼ਰ ਨਹੀਂ ਆਈ, ਸਗੋਂ ਤੇਜ਼ੀ ਨਾਲ ਸੰਭਲਦਿਆਂ ਇਰਾਨੀ ਫੌਜ ਨੇ ਪਲਟਵੇਂ ਵਾਰ ਕੀਤੇ। ਇਨ੍ਹਾਂ ਮਿਜ਼ਾਈਲ ਹਮਲਿਆਂ ਨਾਲ ਇਰਾਨ ਨੇ ਇਜ਼ਰਾਇਲ ਦੇ ਤਿੰਨ ਪਰਤਾਂ ਵਾਲੇ ਮਜਬੂਤ ਏਅਰ ਡਿਫੈਂਸ ਨੂੰ ਭੇਦਣਾ ਸ਼ੁਰੂ ਕਰ ਦਿੱਤਾ। ਖਾਸ ਕਰਕੇ ਇਜ਼ਰਾਇਲ ਦੀ ਰਾਜਧਾਨੀ ਤਲਅਵੀਵ ਅਤੇ ਇਸ ਮੁਲਕ ਦੇ ਵਿੱਤੀ ਕੇਂਦਰ ਹਾਈਫਾ `ਤੇ ਡਿਗੀਆਂ ਮਿਜ਼ਾਈਲਾਂ ਨੇ ਇਜ਼ਰਾਈਲ ਦਾ ਭਾਰੀ ਨੁਕਸਾਨ ਕੀਤਾ। ਇਸ ਤੋਂ ਇਲਾਵਾ ਕੁਝ ਸਿਵਲ ਅਤੇ ਰਿਹਾਇਸ਼ੀ ਇਲਾਕਿਆਂ ਦਾ ਵੀ ਇਨ੍ਹਾਂ ਮਿਜ਼ਾਈਲਾਂ ਨੇ ਨੁਕਸਾਨ ਕੀਤਾ। ਇਸ ਤਰ੍ਹਾਂ ਇਜ਼ਰਾਇਲ ਦੇ ਲੋਕਾਂ ਨੂੰ ਗਾਜ਼ਾ ਵਿੱਚ ਹੋਈ ਤਬਾਹੀ ਦੇ ਚਿੰਨ੍ਹ ਆਪਣੇ ਮੁਲਕ ਵਿੱਚ ਹੋ ਰਹੀ ਤਬਾਹੀ ਵਿਚਦੀ ਦਿਸਣ ਲੱਗੇ। ਇਨ੍ਹਾਂ ਹਮਲਿਆਂ ਵਿੱਚ ਇਜ਼ਰਾਇਲ ਦੇ ਸਟਾਕ ਐਕਸਚੇਂਜ ਦੀ ਇਮਾਰਤ ਤਬਾਹ ਕਰ ਦਿੱਤੀ ਗਈ। ਇਸ ਤੋਂ ਇਲਾਵਾ ਇਜ਼ਰਾਇਲ ਦੀ ਖੁਫੀਆ ਏਜੰਸੀ ਮੋਸਾਦ ਦਾ ਹੈਡਕੁਆਟਰ ਵੀ ਤਬਾਹ ਕਰ ਦਿੱਤਾ ਗਿਆ। ਇਹ ਸੱਟਾਂ ਇਜ਼ਰਾਇਲ ਲਈ ਗੰਭੀਰ ਸਨ। ਇਰਾਨ ਦਾ ਹਮਲਾ ਪੂਰੀ ਤਰ੍ਹਾਂ ਯੋਜਨਾਬੱਧ ਸੀ। ਉਸ ਨੇ ਪਹਿਲੇ ਹਮਲੇ ਕਰੂਜ਼ ਅਤੇ ਬਲਿਸਟਿਕ ਮਿਜ਼ਾਈਲਾਂ ਨਾਲ ਸ਼ੁਰੂ ਕੀਤੇ। ਇਸ ਤੋਂ ਪਹਿਲਾਂ ਇਜ਼ਰਾਇਲ ਦੇ ਹਵਾਈ ਡਿਫੈਂਸ ਨੂੰ ਜਾਚਣ ਲਈ ਡਰੋਨ ਹਮਲੇ ਕੀਤੇ ਗਏ। ਅਖੀਰ ਇਜ਼ਰਾਇਲ `ਤੇ ਹਾਈਪਰਸੋਨਿਕ ਮਿਜ਼ਾਈਲਾਂ ਡਿੱਗਣ ਲੱਗੀਆਂ, ਜਿਨ੍ਹਾਂ ਨੂੰ ਰੋਕਣਾ ਇਜ਼ਰਾਇਲ ਲਈ ਨਾਮੁਮਕਿਨ ਸੀ। ਇਸ ਤਰ੍ਹਾਂ ਆਪਣੇ ਮਿਜ਼ਾਈਲ ਸਟਾਕ ਨੂੰ ਪਰਖਣ ਦਾ ਮੌਕਾ ਵੀ ਇਰਾਨ ਦੇ ਫੌਜੀ ਅਧਿਕਾਰੀਆਂ ਨੂੰ ਮਿਲਿਆ। ਜਿਉਂ ਜਿਉਂ ਦਿਨ ਬੀਤਦੇ ਗਏ, ਇਰਾਨ ਦੇ ਹਮਲਿਆਂ ਦੀ ਧਾਰ ਤਿੱਖੀ ਹੁੰਦੀ ਗਈ। ਇਸ ਕਿਸਮ ਦੀ ਤਬਾਹੀ ਇਜ਼ਰਾਇਲ ਨੇ ਆਪਣੇ ਹੋਂਦ ਵਿੱਚ ਆਉਣ ਤੋਂ ਬਾਅਦ ਸ਼ਾਇਦ ਹੀ ਕਦੀ ਵੇਖੀ ਹੋਵੇ। ਭਾਵੇਂ ਕਿ ਇਜ਼ਰਾਇਲ ਨੇ ਅੰਦਰੂਨੀ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਸੀ ਅਤੇ ਹੋ ਰਹੀ ਤਬਾਹੀ ਦੀਆਂ ਖ਼ਬਰਾਂ ਸੈਂਸਰ ਵਿੱਚੋਂ ਛਣ ਕੇ ਹੀ ਬਾਹਰ ਆ ਰਹੀਆਂ ਸਨ, ਪਰ 10-12 ਦਿਨਾਂ ਵਿੱਚ ਹੀ ਇਰਾਨ ਨੇ ਇਜ਼ਰਾਇਲ ਨੂੰ ਦਮੋਂ ਕੱਢ ਲਿਆ। ਅੰਤ ਉਸ ਦੀ ਹਮਾਇਤ ਲਈ ਖੁਦ ਅਮਰੀਕਾ ਨੂੰ ਮੈਦਾਨ ਵਿੱਚ ਉਤਰਨਾ ਪਿਆ।
ਅਸਲ ਵਿੱਚ ਅਮਰੀਕਾ ਨੂੰ ਆਸ ਸੀ ਕਿ ਪਹਿਲੇ ਕੁਝ ਝਟਕਿਆਂ ਤੋਂ ਬਾਅਦ ਹੀ ਇਰਾਨ ਗੋਡਿਆਂ ਪਰਨੇ ਹੋ ਜਾਵੇਗਾ ਅਤੇ ਉਨ੍ਹਾਂ ਦੀਆਂ ਸ਼ਰਤਾਂ `ਤੇ ਪ੍ਰਮਾਣੂ ਸਮਝੌਤਾ ਕਰਨ ਲਈ ਮਜਬੂਰ ਹੋ ਜਾਵੇਗਾ। ਪਰ ਜਿਨ੍ਹਾਂ ਲੋਕਾਂ ਨੂੰ ਪਰਸ਼ੀਅਨ ਇਤਿਹਾਸ ਬਾਰੇ ਜਾਣਕਾਰੀ ਹੈ, ਉਹ ਪਹਿਲਾਂ ਹੀ ਇਹ ਕਹਿ ਰਹੇ ਸਨ ਕਿ ਇਹ ਬਾਜ਼ੀ ਅਮਰੀਕਾ ਤੇ ਇਜ਼ਰਾਇਲ ਨੂੰ ਪੁੱਠੀ ਪਵੇਗੀ ਅਤੇ ਹੋਇਆ ਵੀ ਇੰਝ ਹੀ। ਉਂਝ ਪਹਿਲੇ ਦੋ ਕੁ ਦਿਨਾਂ ਦੇ ਨੁਕਸਾਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਜਾਪਣ ਲੱਗ ਪਿਆ ਸੀ ਕਿ ਇਰਾਨ ਨੂੰ ਝੁਕਾਇਆ ਜਾ ਸਕਦਾ ਹੈ। ਇਨ੍ਹਾਂ ਹਮਲਿਆਂ ਨੂੰ ਉਨ੍ਹਾਂ ‘ਐਕਸੇਲੈਂਟ’ ਵੀ ਕਿਹਾ। ਪੈਦਾ ਹੋਏ ਇਸ ਇਕਪਾਸੜ ਦਬਾਅ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਇਰਾਨ ਤੋਂ ਮੁਕੰਮਲ ਆਤਮ ਸਮਰਪਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਰਾਨ ਦੇ ਸੁਪਰੀਮ ਆਗੂ ਆਇਤੁਲਾ ਖੁਮੇਨੀ ਨੇ ਸਮਰਪਣ ਕਰਨ ਤੋਂ ਦ੍ਰਿੜਤਾ ਨਾਲ ਇਨਕਾਰ ਕਰ ਦਿੱਤਾ। ਉਂਝ ਇਨ੍ਹਾਂ ਝੜਪਾਂ ਵਿੱਚ ਇਰਾਨ ਦੀ ਲੀਡਰਸ਼ਿਪ ਦਾ ਆਤਮਵਿਸ਼ਵਾਸ ਲਾਮਿਸਾਲ ਸੀ। ਇਸ ਆਤਮਵਿਸ਼ਵਾਸ ਨੇ ਹੀ ਇਜ਼ਰਾਇਲ ਅਤੇ ਅਮਰੀਕਾ ਦੀ ਲੀਡਰਸ਼ਿੱਪ ਦੇ ਪੈਰ ਥਿੜਕਾ ਦਿੱਤੇ।
ਇਰਾਨ ਦੀ ਆਤਮਾ ਵਿੱਚ ਆਪਣਾ ਕੌਮੀ ਮਾਣ ਸਨਮਾਨ ਕਿੰਨੀਆਂ ਡੂੰਘੀਆਂ ਜੜ੍ਹਾਂ ਵਾਲਾ ਹੈ, ਇਹ ਵੀ ਇਨ੍ਹਾਂ 12 ਦਿਨਾਂ ਨੇ ਸਾਬਤ ਕੀਤਾ। ਅਮਰੀਕਾ ਨੂੰ ਇਹ ਗੱਲ ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਇਰਾਨ, ਇਰਾਕ ਜਾਂ ਲਿਬੀਆ ਨਹੀਂ ਹੈ। ਇਸ ਮੁਲਕ ਵਿੱਚ ਬਹੁਗਿਣਤੀ ਸ਼ੀਆ ਮੁਸਲਮਾਨਾਂ ਦੀ ਹੈ, ਜਿਨ੍ਹਾਂ ਨੇ ਪਰਸ਼ੀਆ ਦੇ ਪੁਰਾਣੇ ਇਤਿਹਾਸ ਅਤੇ ਪਰਸ਼ੀਅਨ ਭਾਸ਼ਾ ਨੂੰ ਆਪਣੀ ਆਤਮਾ ਵਿੱਚ ਰਚਾ ਲਿਆ ਹੋਇਆ ਹੈ। ਇੱਥੇ ਇਹ ਇੱਕ ਕੌਮੀ ਸੱਭਿਆਚਾਰ ਨਾਲ ਗੜੁੱਚ ਹੋਇਆ ਸ਼ੀਆ ਇਸਲਾਮ ਹੈ, ਕੁਰਬਾਨੀ ਜਿਨ੍ਹਾਂ ਲਈ ਇੱਕ ਖੇਡ ਵਾਂਗ ਹੈ। ਇਸੇ ਲਈ ਕੁਝ ਵਿਦਵਾਨ ਇਰਾਨ ਨੂੰ ‘ਏਸ਼ੀਆ ਦਾ ਫਰਾਂਸ’ ਵੀ ਆਖਦੇ ਹਨ, ਜਿਸ ਨੇ ਸਾਰੇ ਏਸ਼ੀਆ ਦੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ।
ਇਰਾਨ ਨੇ ਸਿਰਫ ਜੰਗੀ ਖੇਤਰ ਵਿੱਚ ਹੀ ਨਹੀਂ, ਸਗੋਂ ਕੂਟਨੀਤਿਕ ਅਤੇ ਪ੍ਰਾਪੇਗੰਡੇ ਦੀ ਦ੍ਰਿਸ਼ਟੀ ਤੋਂ ਵੀ ਆਪਣੇ ਨਾਲ ਖਹਿ ਰਹੇ ਦੋਹਾਂ ਮੁਲਕਾਂ ਨੂੰ ਬੇਹੱਦ ਪਰਪੱਕਤਾ ਨਾਲ ਮਾਤ ਦਿੱਤੀ। ਇਸ ਬਾਰਾਂ ਦਿਨ ਦੀ ਜੰਗ ਵਿੱਚ ਇਜ਼ਰਾਇਲ ਨੇ ਮੁਢਲੇ ਹਮਲੇ ਕਰਨ ਤੋਂ ਬਾਅਦ ਇਰਾਨ ਦੇ ਲੋਕਾਂ ਨੂੰ ਖੁਮੇਨੀ ਦੀ ਸੱਤਾ ਵਿਰੁੱਧ ਭੜਕਾਉਣ ਦਾ ਯਤਨ ਕੀਤਾ ਅਤੇ ਇਜ਼ਰਾਇਲ ਨੂੰ ਇਰਾਨ ਦੇ ਲੋਕਾਂ ਦਾ ਦੋਸਤ ਦੱਸਣਾ ਸ਼ੁਰੂ ਕਰ ਦਿੱਤਾ; ਪਰ ਇਸ ਦਾ ਕੋਈ ਅਸਰ ਨਾ ਹੋਇਆ। ਸਗੋਂ ਇਰਾਨ `ਤੇ ਲਗਾਤਾਰ ਹੋ ਰਹੇ ਹਮਲਿਆਂ ਨੇ ਇਸ ਦੇਸ਼ ਦੇ ਲੋਕਾਂ ਨੂੰ ਆਪਣੇ ਹਾਕਮਾਂ ਦੇ ਹੋਰ ਨਜ਼ਦੀਕ ਕਰ ਦਿੱਤਾ। ਇਰਾਨ ਦਾ ਪੱਖ ਨਿਆਂਇਕ ਅਤੇ ਹਕਬਜ਼ਾਨਬ ਹੋਣ ਕਾਰਨ ਵੀ ਦੁਨੀਆਂ ਦੇ ਬਹੁਤੇ ਮੁਲਕਾਂ ਵਿੱਚ ਲੋਕ ਰਾਏ ਅਮਰੀਕਾ ਅਤੇ ਇਜ਼ਰਾਇਲ ਦੇ ਖਿਲਾਫ ਬਣਦੀ ਗਈ।
ਇਰਾਨ ਨੇ ਬੇਹੱਦ ਸਮਝਦਾਰੀ ਨਾਲ ਆਪਣੀਆਂ ਕੂਟਨੀਤਿਕ ਚਾਲਾਂ ਚੱਲੀਆਂ। ਇਰਾਨੀ ਵਿਦੇਸ਼ ਮੰਤਰੀ ਨੇ ਲਗਾਤਾਰ ਇਸ ਪੱਖ `ਤੇ ਜ਼ੋਰ ਦਿੱਤਾ ਕਿ ਇਜ਼ਰਾਇਲ ਨੇ ਇਰਾਨ `ਤੇ ਬਗੈਰ ਮਤਲਬ ਤੋਂ ਅਤੇ ਧੋਖੇ ਨਾਲ ਹਮਲਾ ਕੀਤਾ ਹੈ। ਇਰਾਨ ਦੀ ਸ਼ਿਕਾਇਤ `ਤੇ ਇਨ੍ਹਾਂ 12 ਦਿਨਾਂ ਵਿੱਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਇਸ ਮਸਲੇ `ਤੇ ਵਿਚਾਰ ਕਰਨ ਲਈ ਦੋ ਵਾਰ ਬੈਠੀ, ਜਿੱਥੇ ਅਮਰੀਕਾ ਇਜ਼ਰਾਇਲ ਦਾ ਬਚਾਅ ਕਰਦਾ ਰਿਹਾ; ਪਰ ਲੋਕ ਰਾਏ ਬਣਾਉਣ ਦੀ ਦ੍ਰਿਸ਼ਟੀ ਤੋਂ ਇਰਾਨ ਨੂੰ ਇਸ ਦਾ ਲਾਭ ਹੋਇਆ। ਇਸੇ ਕਾਰਨ ਚੀਨ ਅਤੇ ਰੂਸ ਨੂੰ ਵੀ ਇਰਾਨ ਦੇ ਪੱਖ ਵਿੱਚ ਸਟੈਂਡ ਲੈਣ ਵਿੱਚ ਸੌਖ ਹੋਈ। ਅਸਲ ਵਿੱਚ ਫਲਿਸਤੀਨੀ ਲੋਕਾਂ ਦੀ ਭਾਰੀ ਬਰਬਾਦੀ ਅਤੇ ਨਸਲਕੁਸ਼ੀ ਕਾਰਨ ਇਜ਼ਰਾਇਲ ਪਹਿਲਾਂ ਹੀ ਸੰਸਾਰ ਵਿੱਚ ਬਦਨਾਮ ਹੋ ਚੁਕਾ ਹੈ। ਇਰਾਨ `ਤੇ ਬਿਨਾ ਵਜ੍ਹਾ ਹਮਲੇ ਨਾਲ ਤਾਂ ਇੰਜ ਲੱਗਾ ਕਿ ਨੇਤਨਯਾਹੂ ਨੇ ਜਿਵੇਂ ਹੁਣ ਅੱਤਿ ਚੁੱਕ ਲਈ ਹੈ। ਇਹ ਹਮਲਾ ਇੱਕ ਹੰਕਾਰੀ ਹੋਈ ਮੂਰਖਤਾ ਜਾਪੀ, ਜਿਸ ਦਾ ਅਸਫਲ ਹੋਣ ਤੈਅ ਸੀ। ਦੂਜੇ ਪਾਸੇ ਇਰਾਨ ਦੀ ਲੀਡਰਸ਼ਿੱਪ ਨੇ ਨਿਮਰਤਾ, ਦ੍ਰਿੜਤਾ, ਸਾਇਸ਼ਤਾ ਅਤੇ ਸੱਭਿਅਕ ਵਿਹਾਰ ਦਾ ਪੱਲਾ ਕਦੇ ਨਹੀਂ ਛੱਡਿਆ।