ਬਚਪਨ ਦੀ ਬਾਰੀ `ਚੋਂ
ਹਰਪਿੰਦਰ ਰਾਣਾ
ਫੋਨ:+91-9501009177
ਚੇਤਰ ਦਾ ਆਖ਼ਰੀ ਪੱਖ ਚੱਲ ਰਿਹਾ ਹੈ। ਕਣਕਾਂ ਹਰ ਰੋਜ਼ ਨਵਾਂ ਰੰਗ ਵਟਾ ਰਹੀਆਂ ਹਨ। ਕਨੇਰਾਂ ਚਿੱਟੇ ਤੇ ਗ਼ੁਲਾਬੀ ਫੁੱਲਾਂ ਨਾਲ ਭਰ ਗਈਆਂ ਹਨ। ਬੋਤਲ ਬੁਰਸ਼ ਦਾ ਲਾਲ ਤੇ ਹਰਾ ਰੰਗ ਮਨ ਨੂੰ ਧੂਹ ਪਾਉਂਦਾ ਹੈ। ਅਮਲਤਾਸ ਤੇ ਗੁਲਮੋਹਰ ਵੀ ਇਸ ਕੁਦਰਤ ਦੀ ਰੰਗੀਨ ਕੈਨਵਸ `ਤੇ ਦੂਰੋਂ ਝਾਤੀ ਪੁਆਂਦੇ ਹਨ। ਹਰ ਵਾਰ ਹੀ ਚੇਤਰ ਦਾ ਮਹੀਨਾ ਮੈਨੂੰ ਟੁੰਬਦਾ ਹੈ। ਬਹੁਤ ਪਹਿਲਾਂ ਦਾਦੀ ਚੇਤਰ ਮਹੀਨੇ ਦੇ ਪਹਿਲੇ ਦਿਨ ਘਰ ਦੀ ਬਾਹਰਲੀ ਕੰਧ `ਤੇ ਗੋਹੇ ਨਾਲ ਫੁੱਲਾਂ ਦਾ ਕੋਈ ਪੌਦਾ ਜਿਹਾ ਬਣਾ ਦਿੰਦੀ ਸੀ ਤਾਂ ਮੈਨੂੰ ਗੋਹੇ ਦਾ ਮੁਸ਼ਕ ਭੁੱਲ ਜਾਂਦਾ ਤੇ ਮੈਂ ਨੇੜੇ ਹੋ-ਹੋ ਦੇਖਦੀ।
ਹੁਣ ਵੀ ਮੈਂ ਆਪਣਾ ਹਰ ਖਾਲੀ ਪੀਰੀਅਡ ਬੋਹੜ ਥੱਲੇ ਹੀ ਬਿਤਾਉਂਦੀ ਹਾਂ। ਇਸ ਮਹੀਨੇ ਦੀ ਹਵਾ ਬੀਜਾਂ ਦੇ ਮੂੰਹ ਖੋਲ੍ਹਦੀ, ਕਰੂੰਬਲਾਂ ਫੁਟਾਉਂਦੀ, ਡੋਡੀਆਂ ਖਿੜਾਉਂਦੀ ਤਾਂ ਮੇਰੇ ਅੰਦਰ ਵੀ ਉਥਲ-ਪੁਥਲ ਹੁੰਦੀ, ਜਿਵੇਂ ਕੋਈ ਬੀਜ ਧਰਤੀ ਤੋਂ ਬਾਹਰ ਆਉਣਾ ਹੋਵੇ ਤਾਂ ਉਪਰਲੀ ਮਿੱਟੀ ਆਪੇ ਭੁਰਭੁਰੀ ਬਣ ਜਾਂਦੀ ਹੈ। ਮੈਨੂੰ ਲਗਦੈ ਜਿਵੇਂ ਮੇਰੇ ਅੰਦਰ ਵੀ ਕੁਝ ਸਾਹ ਲੈ ਰਿਹਾ ਹੈ। ਕਵਿਤਾ, ਲੇਖ, ਕਹਾਣੀ ਕੁਝ ਪਤਾ ਨਹੀਂ, ਕਿਉਂਕਿ ਇਹ ਹਵਾ ਬਹੁਤ ਸਾਰੀਆਂ ਆਕ੍ਰਿਤੀਆਂ ਅਪਣੀਆਂ ਮੁੱਠੀਆਂ `ਚ ਭਰੀ ਫਿਰਦੀ ਹੈ ਤੇ ਮੈਨੂੰ ਛੂਹੰਦਿਆਂ ਕੀ ਪਤਾ ਕਿਹੜਾ ਬੀਜ ਆਪਣੀ ਮੁੱਠੀ ਵਿੱਚੋਂ ਮੇਰੇ ਜ਼ਿਹਨ `ਚ ਕੇਰ ਦੇਵੇ?
ਅਚਾਨਕ ਮੇਰਾ ਧਿਆਨ ਖਿੱਚਦੀ ਹੈ ਸੁੱਕੇ ਪੱਤੇ ਦੇ ਨਾਲ ਉਪਰੋਂ ਡਿੱਗੀ ਇੱਕ ਤਿਤਲੀ…। ਇੱਕ ਖੰਭ ਟੁੱਟਿਆ ਹੋਇਆ… ਇੱਕ ਲੱਤ ਬੁਰੀ ਤਰ੍ਹਾਂ ਕੰਬਦੀ ਹੋਈ।
ਮਾਂ ਦੱਸਦੀ ਹੈ ਕਿ ਮੈਂ ਵੀ ਉਸ ਦਿਨ ਤਿਤਲੀਆਂ ਵਾਲਾ ਫਰਾਕ ਪਾਇਆ ਹੋਇਆ ਸੀ। ਭੂਆ ਦੇ ਪਿੰਡ ਜਾਂਦਿਆਂ ਅਸੀਂ ਮੀਂਹ `ਚ ਭਿੱਜ ਗਈਆਂ। ਅੱਠ ਮਹੀਨਿਆਂ ਦੀ ਤਿਤਲੀ ਨੂੰ ਬੁਖ਼ਾਰ ਚੜ੍ਹਨਾ ਸੰਭਵ ਸੀ। ਭੂਆ ਵਿਚਾਰੀ ਤਾਂ ਆਪਣੇ ਜਾਣੀਂ ਪਿੰਡ ਦੇ ਸਭ ਤੋਂ ਵੱਧ ਮੰਨੇ-ਪ੍ਰਮੰਨੇ ਆਰ.ਐਮ.ਪੀ. ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਬੁਖਾਰ `ਚ ਹੀ ਟੀਕਾ ਲਾਇਆ ਤਾਂ ਸਰੀਰ ਦਾ ਕੁਝ ਖੂਨ ਸਰਿੰਜ `ਚ ਚੜ੍ਹ ਗਿਆ। ਘਬਰਾਏ ਡਾਕਟਰ ਨੇ ਉਹੀ ਖੂਨ ਅੰਦਰ ਧੱਕ ਦਿੱਤਾ ਤੇ ਬਸ। ਫਿਰ ਉਹ ਤਿਤਲੀ ਉਮਰ ਭਰ ਲਈ ਅਪਾਹਜ ਹੋ ਗਈ। ਤਿਤਲੀ ਦੀ ਉਮਰ ਤਾਂ ਛੋਟੀ ਹੁੰਦੀ ਹੈ, ਪਰ ਮੈਂ ਉਮਰ ਦੇ ਅਠੱਤੀਵੇਂ `ਚੋਂ ਲੰਘ ਰਹੀ ਹਾਂ। ਵਕਤ ਨੇ ਪੈਰ ਵੀ ਖੋਹ ਲਏ ਤੇ ਮੇਰੇ ਰਾਹਾਂ ਵਿੱਚ ਮੁਸ਼ਕਲਾਂ ਦੇ ਕੱਚ ਵੀ ਖਿਲਾਰ ਦਿੱਤੇ। ਭੀੜ ਦੇ ਪੈਰਾਂ ਹੇਠ ਮਿੱਧੇ ਜਾਣ ਦੇ ਖ਼ੌਫ਼ ਨੇ ਮੈਨੂੰ ਕੱਚ `ਤੇ ਰੁੜਨ ਲਈ ਮਜਬੂਰ ਕਰ ਦਿੱਤਾ। ਤੁਰਨ ਵਾਲਿਆਂ ਦੇ ਤਾਂ ਸਿਰਫ਼ ਪੈਰ ਹੀ ਜ਼ਖ਼ਮੀ ਹੋਣੇ ਸੀ, ਪਰ ਮੇਰਾ ਰੋਮ-ਰੋਮ ਵਲੂੰਧਰਿਆ ਗਿਆ। ਰੂਹ ਤਕ ਲਹੂ-ਲੂਹਾਣ ਹੋ ਗਈ।
ਪਰ ਮੈਂ ਰੇਸ ਦੇ ਘੋੜੇ ਵਾਂਗ ਭੱਜਦੀ ਰਹੀ। ਰੇਸ ਦੇ ਘੋੜੇ ਨੂੰ ਵੀ ਜਿੱਤ ਦਾ ਨਹੀਂ ਪਤਾ ਹੁੰਦਾ। ਮੰਜ਼ਿਲ ਦਾ ਨਹੀਂ ਪਤਾ ਹੁੰਦਾ। ਦੌੜਨ ਦੀ ਲਾਲਸਾ ਵੀ ਨਹੀਂ ਹੁੰਦੀ; ਫਿਰ ਵੀ ਉਹ ਸਰਪਟ ਦੌੜਦਾ ਹੈ, ਕਿਉਂਕਿ ਉਸ ਦਾ ਮਾਲਿਕ ਉਸ ਨੂੰ ਲਗਾਤਾਰ ਤਕਲੀਫ਼ ਦੇ ਰਿਹਾ ਹੁੰਦਾ ਹੈ। ਉਹ ਇਸੇ ਤਕਲੀਫ਼ ਤੋਂ ਡਰ ਕੇ ਦੌੜਦਾ ਰਹਿੰਦਾ ਹੈ। ਰੇਸ `ਚ ਜਿੱਤੀਆਂ ਟਰਾਫੀਆਂ, ਤਾੜੀਆਂ ਦਾ ਨਸ਼ਾ ਉਸ ਦੀ ਸਮਝ ਤੋਂ ਬਾਹਰ ਹੁੰਦਾ ਹੈ। ਦਰਦ ਤੋਂ ਬਚਣ ਦੇ ਉਪਾਅ ਨੂੰ ਉਸ ਦੀ ਕਾਬਲੀਅਤ ਸਮਝੀ ਜਾਂਦੀ ਹੈ, ਪਰ ਉਹ ਹੈਰਾਨ ਹੋਇਆ ਇਸ ਖੇਡ ਨੂੰ ਦੇਖਦਾ ਹੈ। ਮੈਂ ਵੀ ਉਸ ਘੋੜੇ ਵਾਂਗ ਮਾਲਕ ਦੁਆਰਾ ਦਿੱਤੀ ਤਕਲੀਫ਼ ਤੋਂ ਬਚਣ ਲਈ ਲਗਾਤਾਰ ਰਿੜ੍ਹ ਰਹੀ ਹਾਂ।
ਬਹੁਤ ਵਾਰ ਮੇਰੇ ਅੰਦਰੋਂ ਕੋਈ ਬੇਪਛਾਣ ਜਿਹੀ ਉਦਾਸੀ ਬੱਦਲ ਵਾਂਗ ਛਾਉਂਦੀ ਹੈ ਤੇ ਮੈਂ ਬਹੁਤ ਦੂਰ ਕਿਤੇ ਡੂੰਘੇ ਪਾਤਾਲ `ਚ ਉਤਰ ਜਾਂਦੀ ਹਾਂ। ਅੱਜ ਵੀ ਮੇਰਾ ਮਨ ਇਸ ਪਾਤਾਲ ਲੋਕ ਦੀ ਸੈਰ `ਤੇ ਹੈ, ਪਰ ਅੱਜ ਇਹ ਪਾਤਾਲ ਲੋਕ, ਅਤੀਤ ਲੋਕ ਦਾ ਰੂਪ ਧਾਰਨ ਕਰ ਰਿਹਾ ਹੈ। ਮੈਂ ਦੂਰ ਕਿਤੇ ਵਿਚਾਰਿਆਂ ਵਾਂਗ ਸਹਿਮੇ ਖੜ੍ਹੇ ਅਪਣੇ ਬਚਪਨ ਨੂੰ ਦੇਖਦੀ ਹਾਂ। ਹਰ ਕਿਸੇ ਦਾ ਜੀਅ ਕਰਦਾ ਹੈ ਕਿ ਉਸ ਦਾ ਬਚਪਨ ਮੁੜ ਆਏ। ਉਹ ਫਿਰ ਤੋਂ ਬੱਚਾ ਬਣੇ ਪਰ…?
ਨਹੀਂ! ਮੈਂ ਕਦੇ ਵੀ ਨਹੀਂ ਚਾਹੁੰਦੀ। ਰੂਹ ਕੰਬ ਉਠਦੀ ਹੈ ਸੋਚਦਿਆਂ। ਉਹ ਬਚਪਨ ਜੋ ਆਮ ਲੋਕਾਂ ਦੇ ਬਚਪਨ ਨਾਲੋਂ ਕਿਤੇ ਵੱਧ ਲੰਮੇਰਾ ਹੋ ਗਿਆ ਸੀ, ਸ਼ਾਇਦ ਪੰਦਰਾਂ ਸਾਲ ਲੰਮੇਰਾ ਜਾਂ ਫਿਰ ਮੈਨੂੰ ਇਹ ਦਰਦਨਾਕ ਸਮਾਂ ਯਾਦ ਹੀ ਏਨਾ ਹੈ ਕਿ ਇਸ ਦੀਆਂ ਯਾਦਾਂ, ਗੱਲਾਂ ਮੈਨੂੰ ਸਾਲਾਂ ਜਿੰਨੀਆਂ ਲੰਮੀਆਂ ਲੱਗਦੀਆਂ ਹਨ। ਮੈਂ ਆਪਣੇ ਬਾਰੇ ਮਾਂ ਤੋਂ ਦਾਦੀ ਤੋਂ, ਭੂਆ ਤੋਂ ਮਾਸੀਆਂ ਤੋਂ ਅਤੇ ਕੁਝ ਹੋਰ ਔਰਤਾਂ ਤੋਂ ਸੁਣੀਆਂ ਗੱਲਾਂ ਕਰਨ ਤੋਂ ਵੀ ਪਹਿਲਾਂ ਉਥੋਂ ਸ਼ੁਰੂ ਕਰਦੀ ਹਾਂ, ਜਿੱਥੇ ਮੈਨੂੰ ਆਪਣਾ ਬਚਪਨ ਪ੍ਰਤੱਖ ਨਜ਼ਰ ਆਉਂਦਾ ਹੈ। ਭਾਵ ਜਿਸ ਉਮਰ ਦੀਆਂ ਯਾਦਾਂ ਮੈਨੂੰ ਸਾਫ਼ ਸ਼ੀਸ਼ੇ ਵਾਂਗ ਨਜ਼ਰ ਆਉਂਦੀਆਂ ਨੇ।
ਤੀਸਰੀ ਜਮਾਤ ਨਜ਼ਰ ਆਉਂਦੀ ਹੈ। ਮੇਰਾ ਘਰ ਗਲੀ ਦੇ ਮੋੜ `ਤੇ। ਦਰਵਾਜ਼ਾ ਇੱਕ ਗਲੀ `ਤੇ ਅਤੇ ਦੂਜੇ ਪਾਸੇ `ਤੇ ਬੈਠਕ ਦੀਆਂ ਖੁਲ੍ਹਦੀਆਂ ਬਾਰੀਆਂ। ਬਾਰੀਆਂ ਦੇ ਸਾਹਮਣੇ ਮਨਮੋਹਨ ਮਾਸਟਰ ਦਾ ਘਰ, ਜੋ ਕਿ ਸਵੇਰੇ 9 ਵਜੇ ਤੋਂ ਦੋ ਵਜੇ ਤਕ ਸਕੂਲ ਵਿੱਚ ਬਦਲ ਜਾਂਦਾ ਸੀ। ਮੋਹਨ ਮਾਸਟਰ ਵੀ ਪੋਲੀਓ ਪੀੜਤ ਤੇ ਮੈਂ ਵੀ। ਉਹ ਉਮਰ ਦੇ 40ਵੇਂ ਦੇ ਨੇੜ-ਤੇੜ ਹੋਵੇਗਾ। ਇੱਕ ਲੱਤ `ਤੇ ਉਹ ਲੋਹੇ ਦੇ ਸਰੀਏ ਵਾਲਾ ਭਾਰਾ ਬੂਟ ਪਾ ਕੇ ਲੰਮੀ ਸਾਰੀ ਬੈਸਾਖੀ ਲੈਂਦਾ ਤੇ ਦੂਜੇ ਪੈਰ ਵਿਚ ਸਾਧਾਰਨ ਬੂਟ ਪਾਉਂਦਾ ਤੇ ਖੂੰਡੀ ਫੜਦਾ। ਵੱਡੇ ਵਿਦਿਆਰਥੀ ਉਸ ਨੂੰ ਦੋਹਾਂ ਬਾਹਾਂ ਤੋਂ ਫੜ ਕੇ ਖੜ੍ਹਾ ਕਰਦੇ ਤੇ ਉਹ ਹੌਲੀ-ਹੌਲੀ ਤੁਰਦਾ। ਸੋ ਮਨਮੋਹਨ ਹਾਈ ਸਕੂਲ ਵਿੱਚ ਪੜ੍ਹਨ ਦਾ ਉਹ ਸਾਲ ਮੇਰੇ ਜ਼ਿਹਨ ਵਿੱਚ ਉਭਰਦਾ ਹੈ, ਸਾਫ-ਸਫ਼ਾਫ਼।
ਝੋਲੀ ਵਾਲਾ ਭੀੜਾ ਪਜਾਮਾ ਅਤੇ ਗਲ ਬੈਨ ਵਾਲਾ ਲਾਹੌਰੀ ਕੁੜਤਾ ਪਾ ਮੇਰੀ ਦਾਦੀ ਮੈਨੂੰ ਬਿਲਕੁਲ ਮਾਸਟਰ ਜੀ ਦੀ ਕੁਰਸੀ ਦੇ ਕੋਲ ਬਿਠਾ ਆਉਂਦੀ ਤੇ ਮੇਰੀ ਜੇਬ ਵਿਚ ਦੁੱਕੀ, ਪੰਜੀ ਜਾਂ ਦਸੀ ਅਕਸਰ ਪਾ ਆਉਂਦੀ। ਕਿਸੇ ਵੱਡੀ ਜਮਾਤ ਵਿੱਚ ਪੜ੍ਹਨ ਵਾਲੀ ਬਾਜ਼ੀਗਰਾਂ ਦੀ ਕੁੜੀ ਜਿਸ ਦੇ ਕੱਦ-ਕਾਠ ਅਤੇ ਉਚੀ-ਲੰਮੀ ਡੀਲ ਡੌਲ ਕਰ ਕੇ ਉਸ ਨੂੰ ‘ਗੁੱਗ ਮੱਲਣੀ’ ਕਹਿੰਦੇ ਹੁੰਦੇ ਸੀ, ਉਹ ਅਕਸਰ ਦੂਜੇ ਤੀਜੇ ਦਿਨ ਮੇਰੀ ਜੇਬ ਵਿੱਚੋਂ ਭਾਨ ਜਿਹੀ ਕੱਢ ਕੇ ਭੱਜ ਜਾਂਦੀ। ਉਹ ਮਾਸਟਰ ਜੀ ਨੂੰ ਵੀ `ਗੂਠਾ ਵਿਖਾ ਭੱਜ ਜਾਂਦੀ; ਪਤਾ ਨਹੀਂ ਉਸ ਨੂੰ ਕਿਉਂ ਸਕੂਲ ਵਾਰ-ਵਾਰ ਬਿਠਾ ਲਿਆ ਜਾਂਦਾ। ਜਦ ਅੱਧੀ ਛੁੱਟੀ ਮਾਸਟਰ ਦੂਜੇ ਕਮਰੇ `ਚ ਰੋਟੀ ਖਾਣ ਜਾਂਦਾ ਤਾਂ ਉਹ ਮੈਨੂੰ ਅਕਸਰ ਪਿੰਗਲੀ ਕਹਿੰਦੀ ਤੇ ਮਾਸਟਰ ਨੂੰ ਵੀ।
ਮੇਰੀ ਭੂਆ ਮੈਨੂੰ ਕਹਿੰਦੀ ਕਿ ਇਸ ਗੁੱਗ ਮੱਲਣੀ `ਚ ਭੂਤ ਆਉਂਦੇ ਨੇ। ਕੋਈ ਨਾ, ਤੂੰ ਨਾ ਲੜਿਆ ਕਰ। ਇਸ ਗੁੱਗ ਮੱਲਣੀ ਨੇ ਇੱਕ ਦਿਨ ਮੇਰੇ ਥੱਲੇ ਵਿਛੀ ਬੋਰੀ ਖਿੱਚਣ ਲਈ ਮੈਨੂੰ ਧੱਕਾ ਮਾਰਿਆ ਤੇ ਮੈਂ ਦੰਦਾਂ ਭਾਰ ਪੱਕੀ ਸੀਮਿੰਟਡ ਫਰਸ਼ `ਤੇ ਡਿੱਗ ਪਈ। ਮੇਰਾ ਮੂਹਰਲਾ ਦੰਦ ਸੱਜੇ ਕਿਨਾਰੇ ਤੋਂ ਥੋੜ੍ਹਾ ਜਿਹਾ ਭੁਰ ਗਿਆ ਤੇ ਅੱਜ ਵੀ ਉਵੇਂ ਭੁਰਿਆ ਹੋਇਆ ਹੈ। ਮੈਨੂੰ ਉਸ `ਤੇ ਬਹੁਤ ਗੁੱਸਾ ਆਉਂਦਾ, ਪਰ ਮੈਂ ਕੁਝ ਨਾ ਕਰ ਸਕਦੀ। ਜਿਵੇਂ-ਕਿਵੇਂ ਛੁੱਟੀ ਹੋਣ ਤਕ ਉਸ ਤੋਂ ਬਚਦੀ ਰਹਿੰਦੀ। ਕੁਰਸੀ ਨੂੰ ਘੁੱਟ ਕੇ ਫੜੀ ਰੱਖਣ ਦੀ ਆਦਤ ਸੀ ਮੈਨੂੰ, ਕਿਉਂਕਿ ਉਹ ਮੈਨੂੰ ਕੱਛਾਂ ਥੱਲੋਂ ਹੱਥ ਪਾ ਕੇ ਉਪਰ ਚੁੱਕ ਦਿੰਦੀ ਜਾਂ ਫਿਰ ਦੂਰ ਬਿਠਾ ਆਉਂਦੀ। ਬੜੀ ਵਾਰ ਉਹ ਕੁੱਟ ਵੀ ਖਾਂਦੀ, ਪਰ ਕੋਈ ਅਸਰ ਨਾ ਹੁੰਦਾ।
ਛੁੱਟੀ ਤੋਂ ਬਾਅਦ ਅਕਸਰ ਮੈਂ ਗਲੀ ਵਿੱਚ ਖੇਡਦੇ ਬੱਚਿਆਂ ਨੂੰ ਵੇਖਣ ਬੂਹੇ `ਤੇ ਆ ਜਾਂਦੀ। ਉਦੋਂ ਹਾਲੇ ਸੀਵਰੇਜ਼ ਸਿਸਟਮ ਐਨਾ ਚੰਗਾ ਨਹੀਂ ਸੀ। ਗਲੀ ਦੇ ਦੋਵੇਂ ਪਾਸੇ ਡੂੰਘੀਆਂ ਨਾਲੀਆਂ ਬਣੀਆਂ ਹੁੰਦੀਆਂ, ਜੋ ਅਕਸਰ ਕਾਲੇ-ਕਾਲੇ ਮੁਸ਼ਕ ਮਾਰਦੇ ਗੰਦ ਜਿਹੇ ਨਾਲ ਭਰੀਆਂ ਹੁੰਦੀਆਂ। ਕਈ ਵਾਰ ਤਾਂ ਉਸ ਗੰਦ ਵਿੱਚ ਬਾਰੀਕ ਜਿਹੀ ਛੋਟੀ ਪੂਛ ਵਾਲੇ ਚਿੱਟੇ ਸੁੰਡ ਵੀ ਫਿਰਦੇ ਹੁੰਦੇ।
ਸਾਡੇ ਦਰਵਾਜ਼ੇ `ਤੇ ਥੜ੍ਹੀ ਨਹੀਂ ਬਣੀ ਹੋਈ ਸੀ, ਸਰਦਲ ਅਤੇ ਗਲੀ ਦੇ ਵਿਚਕਾਰ ਗਿੱਠ ਕੁ ਚੌੜੀ ਉਹ ਨਾਲੀ ਹੀ ਸੀ। ਮੈਂ ਅੰਦਰਵਾਰ ਬੈਠ ਕੇ ਲੱਤਾਂ ਦੂਜੇ ਪਾਸੇ ਕਰ ਕੇ ਬੱਚਿਆਂ ਨੂੰ ਵੇਖਣ ਲੱਗਦੀ। ਮੈਨੂੰ ਬਾਹਰ ਆਇਆ ਵੇਖ ਕੇ ਉਹ ਇਕਦਮ ਮੇਰੇ ਵੱਲ ਆਉਂਦੇ ਜਿਨ੍ਹਾਂ ਵਿਚ ਬੰਦ ਗਲੀ ਵਾਲੇ ਘਰ `ਚ ਰਹਿੰਦੀਆਂ ਸੱਤ ਭੈਣਾਂ, ਸਾਡੇ ਘਰ ਦੇ ਮਗਰਲੇ ਪਾਸੇ ਰਹਿੰਦੀ ਸਰਬੀ, ਰੱਜੀ, ਨਾਈਆਂ ਦੀਆਂ ਤਿੰਨ ਚਾਰ ਕੁੜੀਆਂ ਤੇ ਮੁੰਡੇ, ਪੰਦਰਾਂ ਵੀਹ ਜੁਆਕ ਮੇਰੇ ਦੁਆਲੇ ਕੱਠੇ ਹੋ ਜਾਂਦੇ, ਪਰ ਕੁਝ ਮਿੰਟਾਂ ਬਾਅਦ ਉਹ ਫਿਰ ਆਪਣੀ ਖੇਡ ਵਿੱਚ ਰੁਝ ਜਾਂਦੇ। ਕੋਈ ਵੀ ਮੇਰੇ ਨੇੜੇ ਨਾ ਲੱਗਦਾ। ਬਸ ਆਪਣੇ `ਚ ਮਸਤ ਖੇਡਦੇ ਰਹਿੰਦੇ। ਮੈਂ ਉਨ੍ਹਾਂ ਨੂੰ ਖੇਡਦਿਆਂ ਵੇਖਦੀ ਰਹਿੰਦੀ। ਉਹ ਦੂਰ ਭੱਜ ਜਾਂਦੇ। ਗਲੀ ਦੇ ਦੂਸਰੇ ਸਿਰੇ ਤੱਕ ਮੈਂ ਝੁਕ ਕੇ ਵੇਖਦੀ ਤਾਂ ਕਈ ਵਾਰ ਨਾਲੀ `ਚ ਡਿੱਗ ਪੈਂਦੀ। ਲਿਬੜ ਜਾਣ ਕਾਰਨ ਤੇ ਆਪਣਾ ਕੰਮ ਵੱਧ ਜਾਣ `ਤੇ ਮੈਨੂੰ ਦਾਦੀ, ਭੂਆ ਤੇ ਕਦੇ ਕਦੇ ਮਾਂ ਦੁੜਬੜੀ ਚਾੜ੍ਹ ਦਿੰਦੀਆਂ। ਨੁਹਾ ਧੁਆ ਕੇ ਫਿਰ ਤੋਂ ਸਾਫ ਕੱਪੜੇ ਪੁਆਉਂਦੀਆਂ। ਮੈਂ ਆਪਣੀ ਬੇਵਸੀ `ਤੇ ਰੋਣ ਤੋਂ ਬਿਨਾ ਕੁਝ ਵੀ ਨਹੀਂ ਸੀ ਕਰ ਸਕਦੀ। ਬਾਲ ਮਨ ਉਡਾਰੀਆਂ ਮਾਰਨਾ ਚਾਹੁੰਦਾ, ਭੱਜਣਾ ਨੱਸਣਾ ਚਾਹੁੰਦਾ ਤੇ ਮੈਂ ਰੁੜ੍ਹਨ ਜੋਗੀ ਸਾਂ।
ਕਈ ਵਾਰ ਤਾਂ ਸਾਰੇ ਜੁਆਕ ਵੀ ਮੇਰੇ ਡਿੱਗਣ ਕਰ ਕੇ ਬੂਹੇ ਅੱਗੇ ਆ ਖੜ੍ਹਦੇ ਤੇ ਅੰਦਰ ਨਾਲ ਨਾਲ ਮੇਰੇ ਕੱਪੜੇ ਲੁਹਾ ਕੇ ਧੋਤਾ ਜਾਂਦਾ ਹੁੰਦਾ ਤੇ ਨਾਲ ਥੱਪੜ ਤੇ ਗਾਲ੍ਹਾਂ ਵੀ ਪੈਂਦੇ ਹੁੰਦੇ। ਮੈਨੂੰ ਅੱਜ ਵੀ ਯਾਦ ਹੈ, ਉਦੋਂ ਵੀ ਮੇਰੀਆਂ ਅੱਖਾਂ ਭਰੀਆਂ ਹੁੰਦੀਆਂ ਪਰ ਬਾਹਰ ਨਾ ਡੁੱਲ੍ਹਦੀਆਂ। ਮੈਂ ਮਨ ਹੀ ਮਨ ਸਾਰਿਆਂ ਨੂੰ ਗਾਲ੍ਹਾਂ ਕੱਢਦੀ। ਇੱਕ ਸਾਰ ਤਿੰਨ-ਸੂਰੀ, ਕੁੱਤੀ, ਬਾਂਦਰੀ; ਤੇ ਮੁੰਡਿਆਂ ਨੂੰ ਕੱਢਣੀਆਂ ਹੁੰਦੀਆਂ ਤਾਂ ਲਿੰਗ ਤੇ ਵਚਨ ਬਦਲ ਦਿੰਦੀ ਸਾਂ। ਮੈਂ ਹੰਝੂ ਤਾਂ ਰੋਕ ਲੈਂਦੀ, ਪਰ ਮੇਰੇ ਹਉਕੇ ਵੱਸ `ਚ ਨਹੀਂ ਆਉਂਦੇ ਸਨ।
—
ਲੇਖਿਕਾ ਪੰਜਾਬੀ ਨਾਵਲਕਾਰ, ਕਵੀ ਅਤੇ ਅਧਿਆਪਕਾ ਹਨ।