ਕੁਲਜੀਤ ਦਿਆਲਪੁਰੀ
ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਸਮਰੱਥਾ ਮੁਤਾਬਕ ‘ਪੰਜਾਬੀ ਪਰਵਾਜ਼’ ਆਪਣੇ ਸਫਰ ਉਤੇ ਹੈ। ਇਸ ਦੇ ਦੋ ਸਾਲ ਮੁਕੰਮਲ ਹੋਣ ਅਤੇ ਇਸ ਵੱਲੋਂ ਪੰਜਾਬੀ ਭਾਈਚਾਰੇ ਵਿੱਚ ਆਪਣੀ ਥਾਂ ਬਣਾ ਲੈਣ ਦੀ ਖੁਸ਼ੀ ਤੇ ਮਾਣ ਵਜੋਂ ਭਾਈਚਾਰੇ ਦੇ ਹੀ ਸਹਿਯੋਗ ਨਾਲ ਆਉਂਦੀ 19 ਜੁਲਾਈ, ਸਨਿਚਰਵਾਰ ਨੂੰ ਦੂਜੀ ‘ਪੰਜਾਬੀ ਪਰਵਾਜ਼ ਨਾਈਟ’ ਮਨਾਈ ਜਾ ਰਹੀ ਹੈ। ਇਸ ਸਾਲਾਨਾ ਸਮਾਗਮ ਵਿੱਚ ਉਮਦਾ ਤਕਰੀਰਾਂ ਤੇ ਵਿਚਾਰਾਂ ਦੀ ਸਾਂਝ ਦੇ ਨਾਲ ਨਾਲ ਮਨੋਰੰਜਨ ਲਈ ਗਾਇਕੀ ਦਾ ਦੌਰ ਵੀ ਚੱਲੇਗਾ।
ਸੀਨੀਅਰ ਪੱਤਰਕਾਰ ਤੇ ਲੇਖਕ ਐਸ. ਅਸ਼ੋਕ ਭੌਰਾ ਅਤੇ ਲੇਖਕ ਤੇ ਸ਼ਾਇਰ ਰਵਿੰਦਰ ਸਹਿਰਾਅ ਬਤੌਰ ਬੁਲਾਰਾ ਸ਼ਿਰਕਤ ਕਰ ਰਹੇ ਹਨ, ਜਿੱਥੇ ਉਹ ਆਪਣੇ ਸੁਚੱਜੇ ਵਿਚਾਰਾਂ ਦੀ ਸਾਂਝ ਆਏ ਮਹਿਮਾਨਾਂ ਨਾਲ ਪਾਉਣਗੇ। ਗਾਇਕ ਸੱਤੀ ਸਤਵਿੰਦਰ, ਪੂਜਾ ਧਾਲੀਵਾਲ, ਨਿੰਮਾ ਡੱਲੇਵਾਲ ਤੇ ਪੰਮੀ ਗਿੱਲ ਆਪਣੀ ਗਾਇਕੀ ਰਾਹੀਂ ਮਨੋਰੰਜਨ ਕਰਨਗੇ।
ਦੱਸ ਦਈਏ, ‘ਪੰਜਾਬੀ ਪਰਵਾਜ਼’ ਨੇ ਪੱਤਰਕਾਰੀ ਦੇ ਪਿੜ ਵਿੱਚ ਆਪਣਾ ਪਹਿਲਾ ਛੋਟਾ ਕਿਹਾ ਕਦਮ ਸਾਲ 2023 ਵਿੱਚ ਆਪਣੇ ਸਾਥੀ ਲੇਖਕਾਂ ਅਤੇ ਕਰੀਬੀ ਸੱਜਣਾਂ ਦੇ ਸਹਿਯੋਗ ਨਾਲ ‘ਵੈਬ ਅੰਕ’ ਦੇ ਰੂਪ ਵਿੱਚ ਧਰਿਆ ਸੀ; ਪਰ ਭਾਈਚਾਰੇ ਵੱਲੋਂ ਭਰਪੂਰ ਹੁੰਗਾਰਾ ਮਿਲਣ ਅਤੇ ਕੁਝ ਪਰਿਵਾਰਾਂ ਦੇ ਅਪਣੱਤ ਭਰੇ ਮਾਹੌਲ ਨੇ ਇਸ ਦੇ ਵਿਗਸਣ ਲਈ ਰਾਹ ਹੋਰ ਮੋਕਲਾ ਕੀਤਾ, ਜਿਸ ਕਾਰਨ ਅਖਬਾਰ ਛੇਵੇਂ ਅੰਕ ਤੋਂ ਹਰ ਪੰਦਰੀਂ ਦਿਨੀਂ ਛਪਣ ਲੱਗਾ। ਅਖਬਾਰ ਦੀ ਹੋਂਦ ਸਥਾਪਤ ਹੋਣ ਪਿੱਛੋਂ ਹੁਣ ਭਾਈਚਾਰੇ ਦੇ ਕੁਝ ਸੁਜੱਗ ਲੋਕ ਇਸ ਨੂੰ ਹਫਤਾਵਾਰੀ ਬਣਿਆ ਦੇਖਣਾ ਚਾਹੁੰਦੇ ਹਨ।
ਅਸੀਂ ਉਨ੍ਹਾਂ ਸ਼ਖਸੀਅਤਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਵੀ ਪਿਛਲੇ ਸਮੇਂ ਦੌਰਾਨ ਅਖਬਾਰ ਦੇ ਪਰਵਾਜ਼ ਭਰਨ ਲਈ ਮਾਹੌਲ ਸਿਰਜਿਆ ਯਾਨੀ ਕਿ ਵਿੱਤੀ ਤੌਰ `ਤੇ ਅਹਿਮ ਸਹਿਯੋਗ ਦਿੱਤਾ; ਉਨ੍ਹਾਂ ਦੇ ਵੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਆਮ ਸਹਿਯੋਗ ਦਿੱਤਾ ਅਤੇ ਉਨ੍ਹਾਂ ਦੇ ਵੀ ਰਿਣੀ ਹਾਂ, ਜਿਨ੍ਹਾਂ ਨੇ ਪੱਤਰਕਾਰੀ ਖੇਤਰ ਵਿੱਚ ਸੁਚੇਤ ਰਹਿਣ ਤੇ ਭਾਈਚਾਰਕ ਤਰਜੀਹਾਂ ਨੂੰ ਮੂਹਰੇ ਰੱਖ ਕੇ ਵਿਚਰਨ ਦੀ ਸਲਾਹ ਦਿੱਤੀ। ਕਿਉਂਕਿ ਇੱਕ-ਇੱਕ ਦੇ ਜੁੜਨ ਨਾਲ ਅਸੀਂ ਗਿਆਰਾਂ ਜਿੰਨੀ ਅਹਿਮੀਅਤ ਹਾਸਲ ਕਰਨ ਵੱਲ ਨੂੰ ਪੁਲਾਂਘ ਪੁੱਟੀ ਹੈ, ਇਸ ਲਈ ਅਸੀਂ ਸਭਨਾਂ ਦੇ ਸਾਰਥਿਕ ਉਪਰਾਲਿਆਂ ਦਾ ਸਤਿਕਾਰ ਕਰਦਿਆਂ ਇਹ ਸਾਂਝ ਹੋਰ ਗੂੜ੍ਹੀ ਕਰਨ ਦਾ ਤਰੱਦਦ ਜਾਰੀ ਰੱਖਾਂਗੇ। ਇਸ ਵਿੱਚ ਅਖਬਾਰ ਦੇ ਮਾਣਯੋਗ ਬੋਰਡ ਮੈਂਬਰਾਂ ਦਾ ਵਿੱਤੀ ਸਹਿਯੋਗ ਤੇ ਸਲਾਹਕ ਚਾਰਾਜੋਈਆਂ ਤਾਂ ਅਹਿਮ ਹਨ ਹੀ, ਪਰ ਭਾਈਚਾਰੇ ਦੀਆਂ ਉਨ੍ਹਾਂ ਸ਼ਖਸੀਅਤਾਂ ਦੇ ਮਸ਼ਵਰਿਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਹੋ ਭਾਵੇਂ ਬੋਰਡ ਵਿੱਚ ਸ਼ਾਮਲ ਨਹੀਂ ਹਨ, ਪਰ ਉਨ੍ਹਾਂ ਨੇ ਅਖਬਾਰ ਦੀ ਮਹੱਤਤਾ ਨੂੰ ਸਮਝਦਿਆਂ ਵਿੱਤੀ ਤੇ ਇਖਲਾਕੀ ਸਹਿਯੋਗ ਦਿੱਤਾ ਹੈ (‘ਪੰਜਾਬੀ ਪਰਵਾਜ਼ ਨਾਈਟ’ ਦੇ ਮੁੱਖ ਸਪਾਂਸਰਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ)।
ਜਿਸ ਤਰ੍ਹਾਂ ਅਖਬਾਰ ਦੇ ਪਹਿਲੇ ਸੰਪਾਦਕੀ ਨੋਟ ਵਿੱਚ ਇਹ ਤਹੱਈਆ ਕੀਤਾ ਗਿਆ ਸੀ ਕਿ ‘ਪਰਚੇ ਨੂੰ ਲੋਕ ਪੱਖੀ ਬਣਾਉਣ ਅਤੇ ਮਿਆਰੀ ਲਿਖਤਾਂ ਦੀ ਸਾਂਝ ਪਾਠਕਾਂ ਨਾਲ ਪੁਆਉਣ ਦੀ ਕੋਸ਼ਿਸ਼ ਕਰਾਂਗੇ’, ਅਸੀਂ ਉਸ ਦਿਸ਼ਾ ਵੱਲ ਕਦਮ-ਦਰ-ਕਦਮ ਵਧੇ ਹਾਂ; ਤੇ ਇਹ ਸੋਚ ਤੇ ਸਫਰ ਨਿਰੰਤਰ ਜਾਰੀ ਹਨ। ਸਾਡਾ ਮੰਨਣਾ ਹੈ ਕਿ ਪੱਤਰਕਾਰੀ, ਵਿਦਿਅਕ, ਸਾਹਿਤਕ, ਕਲਾ ਤੇ ਖੇਡ ਸਮੇਤ ਸਭਨਾਂ ਖੇਤਰਾਂ ਵਿੱਚ ਨਜ਼ਰੀਏ ਦੀ ਭਿੰਨਤਾ ਤੇ ਪੁਖਤਗੀ ਉਸਾਰੂ ਸੰਵਾਦ ਦੀ ਸਾਂਝ ਨਾਲ ਸਿਹਤਮੰਦ ਸਮਾਜ ਉਸਰਦਾ ਹੈ। ਇਹ ਸਪਸ਼ਟ ਹੈ ਕਿ ਦੁਨੀਆਂ ਭਰ ਦੇ ਲੋਕਾਂ ਦੇ ਵਿਚਾਰ ਇੱਕ ਕਿਸਮ ਦੇ ਕਦੇ ਵੀ ਨਹੀਂ ਹੋ ਸਕਦੇ; ਜੇ ਹੁੰਦੇ ਤਾਂ ਵਿਚਾਰਧਾਰਕ ਪਾੜੇ ਨਾ ਵਧਣ ਤੇ ਜੰਗਾਂ ਨਾ ਹੋਣ। ਵਿਚਾਰ ਇੱਕੋ ਜਿਹੇ ਸਭ ਦੇ ਹੋਣੇ ਵੀ ਨਹੀਂ ਚਾਹੀਦੇ, ਕਿਉਂਕਿ ਜੇ ਸਹਿਮਤੀ ਦਾ ਮਾਹੌਲ ਭਾਰੂ ਰਿਹਾ ਤਾਂ ਕਿਸੇ ਵੀ ਮੁੱਦੇ ਉੱਤੇ ਸੁਜੱਗ ਚਰਚਾ ਦੀ ਗੁੰਜਾਇਸ਼ ਹੀ ਨਹੀਂ ਰਹੇਗੀ। ਅਸੀਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ‘ਪੰਜਾਬੀ ਪਰਵਾਜ਼’ ਨੇ ‘ਮੁੱਦਿਆਂ ਦੀ ਪੱਤਰਕਾਰੀ’ ਕਰਨ ਨੂੰ ਤਰਜੀਹ ਦਿੱਤੀ ਹੈ; ਤੇ ਭਵਿੱਖ ਵਿੱਚ ਵੀ ਅਖਬਾਰੀ ਪੰਨਿਆਂ ਦੀ ਸਮਰੱਥਾ ਮੁਤਾਬਕ ਦੇਸ-ਪਰਦੇਸ/ਰਾਸ਼ਟਰੀ-ਅੰਤਰਰਾਸ਼ਟਰੀ ਮੁੱਦੇ ਛੋਹਣ ਨੂੰ ਪਹਿਲ ਦਿਆਂਗੇ; ਪਰ ਆਪਣੀਆਂ ਵਿਰਾਸਤੀ ਜੜ੍ਹਾਂ ਯਾਨੀ ਕਿ ਸੱਭਿਆਚਾਰ, ਸਾਹਿਤ ਤੇ ਧਰਮ ਨਾਲ ਜੁੜੇ ਰਹਿ ਕੇ।
ਜਿਵੇਂ ਕਿ ਅਸੀਂ ਪਹਿਲੇ ਅੰਕ ਵਿੱਚ ਖੇਡਾਂ ਤੇ ਮਨੋਰੰਜਨ ਭਰਪੂਰ ਲਿਖਤਾਂ ਦੇ ਨਾਲ ਨਾਲ ਭਾਈਚਾਰੇ ਦੇ ਉਦਮੀ ਤੇ ਅਦਬੀ ਲੋਕਾਂ ਦੇ ‘ਚਿੱਤਰ ਲੇਖ’ ਜਾਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਤੇ ਸੰਸਥਾਵਾਂ ਬਾਰੇ ਗਾਹੇ-ਬਗਾਹੇ ਛੋਟੇ-ਵੱਡੇ ਲੇਖਾਂ/ਖਬਰਾਂ ਰਾਹੀਂ ਹਾਜ਼ਰੀ ਲੁਆਉਣ ਨੂੰ ਆਪਣੀ ਕਾਰਜ-ਸੂਚੀ ਵਿੱਚ ਸ਼ਾਮਲ ਕੀਤਾ ਸੀ, ਉਹ ਅਸੀਂ ‘ਪੰਜਾਬੀ ਪਰਵਾਜ਼’ ਦੇ ਪੰਨਿਆਂ ਉਤੇ ਕਿਸੇ ਨਾ ਕਿਸੇ ਰੂਪ ਵਿੱਚ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਸਮੀਖਿਆ, ਅਨੁਭਵ, ਜ਼ਿੰਦਗੀ ਦੇ ਖੱਟੇ-ਮਿੱਠੇ ਸਬਕ ਆਦਿ ਨਿੱਕੀਆਂ-ਵੱਡੀਆਂ ਪਰਵਾਜ਼ਾਂ ਨੂੰ ਵੀ ‘ਪੰਜਾਬੀ ਪਰਵਾਜ਼’ ਵਿੱਚ ਥਾਂ ਦੇਣ ਦਾ ਯਤਨ ਜਾਰੀ ਹੈ ਤੇ ਭਵਿੱਖ ਵਿੱਚ ਵੀ ਇਹ ਯਤਨ ਜਾਰੀ ਰਹੇਗਾ। ਲੋਕ ਪੱਖੀ ਸੋਚਾਂ ਵਾਲੀਆਂ ਕਲਮਾਂ ਨੂੰ ਛਾਪਣਾ ਸਾਡਾ ਸੁਭਾਗ ਹੈ। ਆਉਂਦੇ ਅੰਕਾਂ ਵਿੱਚ ਵੀ ਭਾਂਤ-ਸੁਭਾਂਤੀਆਂ ਲਿਖਤਾਂ ਨੂੰ ਪਹਿਲ ਦੇ ਆਧਾਰ `ਤੇ ਅਖਬਾਰੀ ਪੰਨਿਆਂ ਦਾ ਸ਼ਿੰਗਾਰ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖਾਂਗੇ।
ਵੱਖ-ਵੱਖ ਵਿਚਾਰਾਂ, ਜਾਣਕਾਰੀਆਂ, ਸਰਗਰਮੀਆਂ ਵਗੈਰਾ ਦੇ ਜ਼ਰੀਏ ਭਾਈਚਾਰਕ ਸਾਂਝ ਪੀਡੀ ਕਰਦੇ ਰਹਾਂਗੇ ਅਤੇ ਭਵਿੱਖ ਵਿੱਚ ‘ਪੰਜਾਬੀ ਪਰਵਾਜ਼’ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਜਾਰੀ ਰੱਖਾਂਗੇ; ਕਿਉਂਕਿ ਅਸੀਂ ਜਾਣਦੇ ਹਾਂ ਕਿ ਲੋਕ ਕਸਵੱਟੀ ਹੁੰਦੇ ਹਨ, ਫੈਸਲੇ ਲੋਕਾਂ ਨੇ ਲੈਣੇ ਹੁੰਦੇ ਹਨ ਅਤੇ ਗਲਤ-ਸਹੀ ਦੀ ਪਛਾਣ ਵਕਤ ਕਰਦਾ ਹੈ; ਪਰ ਅਸਲ ਕਸਵੱਟੀ ਸਹੀ ਤੇ ਨਿਰਪੱਖ ਸੋਚ ਵਾਲੇ ਲੋਕ ਹੀ ਹੁੰਦੇ ਹਨ। ‘ਪੰਜਾਬੀ ਪਰਵਾਜ਼’ ਦੇ ਪੰਨਿਆਂ ਉਤੇ ਬੌਧਿਕ ਵਿਚਾਰਾਂ ਸਮੇਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚਰਚਾਵਾਂ ਅਤੇ ਭਾਈਚਾਰਕ, ਸਮਾਜਿਕ, ਧਾਰਮਿਕ ਤੇ ਸਿਆਸੀ ਸਰਗਰਮੀਆਂ ਨੂੰ ਪਾਠਕਾਂ ਅੱਗੇ ਪੇਸ਼ ਕਰਨ ਪ੍ਰਤੀ ਪਹੁੰਚ ਅਪਨਾਉਣ ਦਾ ਤਹੱਈਆ ਹੈ।
ਉਂਝ ਇਹ ਦਾਅਵਾ ਤਾਂ ਅਸੀਂ ਕਤੱਈ ਨਹੀਂ ਕਰਦੇ ਕਿ ਪਾਠਕ ‘ਪੰਜਾਬੀ ਪਰਵਾਜ਼’ ਵਿੱਚ ਛਪਦੇ ਸਾਰੇ ਹੀ ਵਿਚਾਰਾਂ ਨਾਲ ਸਹਿਮਤ ਹੋਣ; ਕਿਉਂਕਿ ਭਾਈਚਾਰੇ ਵਿੱਚ ਜਾਂ ਆਲੇ-ਦੁਆਲੇ ਦੇ ਨਕਾਰਾਤਮਕ ਪੱਖਾਂ ਨੂੰ ਜੇ ਅਸੀਂ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕੁਝ ਲੋਕ ਅਸਹਿਮਤ ਹੋਣ ਕਰ ਕੇ ਵਿਰੋਧ ਦੀਆਂ ਕੁਝ ਸੁਰਾਂ ਉਠ ਪੈਂਦੀਆਂ ਹਨ, ਜਦਕਿ ਸਾਡਾ ਮੰਨਣਾ ਹੈ ਕਿ ਹਾਂ-ਪੱਖੀ ਤੇ ਨਾਂਹ-ਪੱਖੀ ਗੱਲਾਂ ਨੂੰ ਵਿਚਾਰ ਕੇ ਹੀ ਭਵਿੱਖ ਵਿੱਚ ਭਾਈਚਾਰੇ ਦੀ ਬਿਹਤਰੀ ਲਈ ਅੱਗੇ ਵਧਿਆ ਜਾ ਸਕਦਾ ਹੈ। ਨਿਰਸੰਦੇਹ ਭਾਈਚਾਰਕ ਸੰਸਥਾਵਾਂ ਪੰਜਾਬ ਨਾਲ ਜੁੜੀਆਂ ਹੋਣ ਕਾਰਨ ਆਪਣੇ ਲੋਕਾਂ ਨੂੰ ਪੰਜਾਬੀਅਤ ਦੀ ਤੰਦ ਨਾਲ ਬੰਨ੍ਹਣ ਲਈ ਯਤਨਸ਼ੀਲ ਹਨ, ਪਰ ਜਿੱਥੇ ਕਿਤੇ ਕੁਝ ਊਣਤਾਈਆਂ ਆ ਰਹੀਆਂ ਹਨ, ਭਾਈਚਾਰੇ ਦੇ ਸੁਜੱਗ ਲੋਕਾਂ ਨੂੰ ਉਨ੍ਹਾਂ `ਤੇ ਵਿਚਾਰ ਕਰਨ ਦੀ ਲੋੜ ਜ਼ਰੂਰ ਹੈ- ਉਹ ਭਾਵੇਂ ਸਮਾਜਿਕ, ਸੱਭਿਆਚਾਰਕ ਜਾਂ ਖੇਡ ਖੇਤਰ ਹੋਵੇ ਜਾਂ ਫਿਰ ਧਾਰਮਿਕ ਖੇਤਰ ਹੀ ਕਿਉਂ ਨਾ ਹੋਵੇ!
ਖ਼ੈਰ! ਅਖਬਾਰੀ ਸਫਰ `ਚ ਸਾਨੂੰ ਪਾਠਕਾਂ, ਲੇਖਕਾਂ, ਸਾਹਿਤਕਾਰਾਂ, ਪੱਤਰਕਾਰਾਂ, ਪੜਚੋਲਕਰਤਾਵਾਂ, ਸਹਿਯੋਗੀਆਂ- ਭਾਵ ਸਭਨਾਂ ਦੇ ਸਹਿਯੋਗ ਦੀ ਬੇਅੰਤ ਲੋੜ ਪਹਿਲੇ ਦਿਨ ਤੋਂ ਹੀ ਸੀ, ਹੁਣ ਵੀ ਹੈ ਤੇ ਭਵਿੱਖ ਵਿੱਚ ਵੀ ਰਹੇਗੀ; ਤਾਂ ਜੋ ਪੰਜਾਬੀ ਬੋਲੀ ਵਿੱਚ ਸੇਵਾ ਨਿਭਾਉਂਦਿਆਂ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਤੇ ਤੁਹਾਡਾ ਲਗਾਓ ਬਰਕਰਾਰ ਰੱਖਣ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਨਾਲ ਜੋੜਨ ਲਈ ਸਿਰਜਣਾਤਮਿਕ ਯਤਨ ਕਰਦੇ ਰਹੀਏ। ‘ਪੰਜਾਬੀ ਪਰਵਾਜ਼’ ਦਾ ਇਹ ਤਰੱਦਦ ਜਾਰੀ ਹੈ ਤੇ ਤੁਹਾਡੇ ਹੁੰਗਾਰੇ ਦੀ ਉਡੀਕ ਵੀ…।