ਵਿਲੱਖਣ ਪ੍ਰਤਿਭਾ ਦਾ ਧਾਰਨੀ ਹੈ ‘ਪਾਰਸੀ ਸਮਾਜ’

ਗੂੰਜਦਾ ਮੈਦਾਨ

ਅਸ਼ਵਨੀ ਚਤਰਥ
ਫੋਨੋ: +91-6284220595
ਸੱਤਵੀਂ ਸਦੀ ਵਿੱਚ ਅਰਬ ਲੋਕਾਂ ਵੱਲੋਂ ਇਰਾਨ (ਜਾਂ ਪਰਸ਼ੀਆ) ਦੇਸ਼ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉੱਥੋਂ ਦੇ ਲੋਕਾਂ ਦਾ ਇੱਕ ਵਰਗ ਭਾਰਤੀ ਉੱਪ ਮਹਾਂਦੀਪ ਵੱਲ ਆ ਗਿਆ ਸੀ। ਉਨ੍ਹਾਂ ਦਾ ਇਹ ਪਰਵਾਸ ਅੱਠਵੀਂ ਤੋਂ ਦਸਵੀਂ ਸਦੀ ਦੌਰਾਨ ਹੋਇਆ ਸੀ। ਇਨ੍ਹਾਂ ਲੋਕਾਂ ਨੂੰ ਪਾਰਸੀ (ਪਰਸ਼ੀਆ ਤੋਂ ਬਣਿਆ ਪਾਰਸੀ) ਕਿਹਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਇਹ ਲੋਕ ਮੁੰਬਈ, ਪੁਣੇ, ਕਰਾਚੀ, ਚੇਨੱਈ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਰਹਿੰਦੇ ਹਨ।

2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਇਨ੍ਹਾਂ ਦੀ ਆਬਾਦੀ 57 ਹਜ਼ਾਰ ਦੇ ਕਰੀਬ ਸੀ। ਵੈਸੇ ਇਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਮੁੰਬਈ ਵਿੱਚ ਰਹਿੰਦੀ ਹੈ। ਭਾਰਤ ਵਿੱਚ ਰਹਿੰਦੇ ਦੂਜੇ ਭਾਈਚਾਰਿਆਂ ਦੇ ਉਲਟ ਇਨ੍ਹਾਂ ਵਿੱਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੇ ਨਵੇਂ ਸਾਲ ਦੇ ਪਹਿਲੇ ਮਹੀਨੇ ਨੂੰ ‘ਫ਼ਰਵਰਦਿਨ’ ਅਤੇ ਕੈਲੰਡਰ ਦੇ ਪਹਿਲੇ ਦਿਨ ਨੂੰ ‘ਨਵਰੋਜ਼’ ਕਹਿੰਦੇ ਹਨ। ਇਨ੍ਹਾਂ ਦੇ ਧਰਮ ਦਾ ਨਾਂ ‘ਜ਼ੋਰੋਐਸਟਰੀਨਿਜ਼ਮ’ ਹੈ, ਇਸ ਲਈ ਇਨ੍ਹਾਂ ਲੋਕਾਂ ਨੂੰ ‘ਜ਼ੋਰੋਐਸਟਰ’ ਵੀ ਕਿਹਾ ਜਾਂਦਾ ਹੈ।
ਹੈਰਾਨੀ ਦੀ ਗੱਲ ਹੈ ਕਿ ਜਿੱਥੇ ਇੱਕ ਪਾਸੇ ਸਮਾਜ ਦੇ ਦੂਜੇ ਵਰਗਾਂ ਦੀ ਗਿਣਤੀ ਦਿਨੋ–ਦਿਨ ਵਧਦੀ ਜਾ ਰਹੀ ਹੈ, ਉੱਥੇ ਇਸ ਸਮਾਜ ਦੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਕਿਉਂਕਿ ਇਨ੍ਹਾਂ ਵਿੱਚ ਜਨਮ ਦਰ ਕਾਫ਼ੀ ਘੱਟ ਹੈ। ਇਸ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਪਾਰਸੀ ਲੋਕਾਂ ਦਾ ਇੱਕ ਚੌਥਾਈ ਹਿੱਸਾ ਸਾਰੀ ਉਮਰ ਵਿਆਹ ਹੀ ਨਹੀਂ ਕਰਵਾੳਂੁਦਾ ਹੈ। ਮਹਿੰਗਾਈ ਕਰਕੇ ਵੀ ਇਨ੍ਹਾਂ ਲੋਕਾਂ ਦੇ ਜ਼ਿਆਦਾਤਰ ਪਰਿਵਾਰਾਂ ਦਾ ਇੱਕ ਹੀ ਬੱਚਾ ਹੁੰਦਾ ਹੈ। ਇਨ੍ਹਾਂ ਲੋਕਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਪੇਸ਼ੇ, ਵਣਜ ਅਤੇ ਵਪਾਰ ਪੱਖੋਂ ਕਾਫ਼ੀ ਉੱਦਮੀ ਹੁੰਦੇ ਹਨ। ਗਿਣਤੀ ਪੱਖੋਂ ਘੱਟ ਹੋਣ ਦੇ ਬਾਵਜੂਦ ਇਨ੍ਹਾਂ ਦਾ ਭਾਰਤ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਰਿਹਾ ਹੈ।
ਅਠਾਰ੍ਹਵੀਂ ਅਤੇ ਉਨ੍ਹੀਵੀਂ ਸਦੀ ਦੇ ਸਾਲਾਂ ਦੌਰਾਨ ਭਾਰਤ ਵਿੱਚ ਹੋਈ ਵਪਾਰਕ, ਉਦਯੋਗਿਕ, ਵਿੱਦਿਅਕ ਅਤੇ ਸਮਾਜਿਕ ਤਰੱਕੀ ਕਰਨ ਵਿੱਚ ਪਾਰਸੀ ਲੋਕ ਸਭ ਤੋਂ ਮੂਹਰਲੀ ਕਤਾਰ ਵਿੱਚ ਰਹੇ ਸਨ। ਇਸੇ ਸਦਕਾ ਉਹ ਬੈਂਕਾਂ, ਭਾਰੀ ਉਦਯੋਗਾਂ, ਸ਼ਿਪਿੰਗ ਕੰਪਨੀਆਂ, ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਅਤੇ ਅਨੇਕਾਂ ਤਰ੍ਹਾਂ ਦੇ ਹੋਰ ਅਦਾਰਿਆਂ ਦੇ ਮਾਲਕ ਬਣ ਗਏ ਸਨ। ਮੌਜੂਦਾ ਸਮੇਂ ਵਿੱਚ ਵੀ ਰਸਾਇਣਕ ਦਵਾਈਆਂ ਦੀਆਂ ਫੈਕਟਰੀਆਂ, ਮੋਟਰ ਗੱਡੀਆਂ ਦੇ ਉਦਯੋਗ, ਹਵਾਈ ਜਹਾਜ਼ਾਂ ਦੀਆਂ ਉਡਾਣਾਂ ਦੀਆਂ ਸੇਵਾਵਾਂ, ਸਟੀਲ ਪਲਾਂਟਾਂ, ਇਮਾਰਤੀ ਨਿਰਮਾਣ ਦੇ ਉਦਯੋਗ ਅਤੇ ਵੈਕਸੀਨ ਤਿਆਰ ਕਰਨ ਦੇ ਕਾਰਖ਼ਾਨੇ ਆਦਿ ਜਿਹੇ ਵੱਡੇ ਵੱਡੇ ਉਦਯੋਗ ਪਾਰਸੀਆਂ ਵੱਲੋਂ ਹੀ ਚਲਾਏ ਜਾ ਰਹੇ ਹਨ। ਪਾਰਸੀਆਂ ਨੂੰ ਉਨ੍ਹਾਂ ਵੱਲੋਂ ਚਲਾਏ ਜਾਂਦੇ ਲੋਕ ਭਲਾਈ ਦੇ ਕੰਮਾਂ ਲਈ ਖ਼ਾਸ ਕਰਕੇ ਜਾਣਿਆ ਜਾਂਦਾ ਹੈ। ਇੱਥੇ ‘ਪਦਮ ਭੂਸ਼ਨ’ ਅਤੇ ‘ਪਦਮ ਵਿਭੂਸ਼ਨ’ ਸਨਮਾਨ ਪ੍ਰਾਪਤ ਸ਼੍ਰੀ ਰਤਨ ਟਾਟਾ ਦਾ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਬਣਦਾ ਹੈ, ਜਿਨ੍ਹਾਂ ਨੇ ਭਾਰਤੀ ਉਦਯੋਗ ਅਤੇ ਭਾਰਤੀ ਅਰਥ ਵਿਵਸਥਾ ਨੂੰ ਅੱਗੇ ਲਿਜਾਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਵੱਲੋਂ ਲੋਕ ਭਲਾਈ ਦੇ ਵੀ ਅਨੇਕਾਂ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਰਹਿਨੁਮਾਈ ਵਿੱਚ ਬਣਾਏ ਗਏ ‘ਟਾਟਾ ਐਜੂਕੇਸ਼ਨ ਅਤੇ ਡਿਵੈਲਪਮੈਂਟ ਟਰੱਸਟ’ ਵੱਲੋਂ 28 ਮਿਲੀਅਨ ਡਾਲਰ ਦਾ ਇੱਕ ਸਕਾਲਰਸ਼ਿਪ ਫੰਡ ‘ਕਾਰਨਲ ਯੂਨੀਵਰਸਿਟੀ’ ਨੂੰ ਦਿੱਤਾ ਗਿਆ ਹੈ, ਜੋ ਕਿ ਭਾਰਤੀ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੰਮ ਕਰੇਗਾ।
ਸੱਭਿਆਚਾਰ ਪੱਖੋਂ ਵੀ ਪਾਰਸੀ ਲੋਕ ਇੱਕ ਵੱਖਰੀ ਪਛਾਣ ਰੱਖਦੇ ਹਨ। ਪਾਰਸੀ ਲੋਕ ਆਪਣੇ ਹੀ ਬੱਚਿਆਂ ਨੂੰ ਸੱਤ ਕੁ ਸਾਲ ਦੀ ਉਮਰ ਤੋਂ ਬਾਅਦ ਹੀ, ਜਦੋਂ ਕਿ ਬੱਚੇ ਆਪਣੀ ਧਰਮ ਪ੍ਰਾਥਨਾ ਬੋਲਣ ਦੇ ਯੋਗ ਹੋ ਜਾਂਦੇ ਹਨ, ਵਿਧੀਵਤ ਆਪਣੇ ਧਰਮ ਮੱਤ ਵਿੱਚ ਸ਼ਾਮਲ ਕਰਦੇ ਹਨ। ਅਜਿਹਾ ‘ਨਵਜੋਤ’ ਨਾਂ ਦੀ ਇੱਕ ਧਾਰਮਿਕ ਰੀਤੀ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਵਿਆਹ ਦੀਆਂ ਰਸਮਾਂ ਲਈ ਮੱਸਿਆ ਜਾਂ ਪਾਰਸੀ ਮਹੀਨੇ ਦਾ ਪਹਿਲਾ ਦਿਨ, ਜਿਸ ਨੂੰ ‘ਹੋਰਮਾਜ਼’ ਵੀ ਕਿਹਾ ਜਾਂਦਾ ਹੈ, ਨੂੰ ਸੁਭਾਗਾ ਮੰਨਿਆ ਜਾਂਦਾ ਹੈ। ਸ਼ਾਦੀ ਧਾਰਮਿਕ ਗੁਰੂਆਂ ਅਤੇ ਸਮਾਜ ਦੇ ਬਜ਼ੁਰਗਾਂ ਦੀ ਹਾਜ਼ਰੀ ਵਿੱਚ ਹੁੰਦੀ ਹੈ। ਪਾਰਸੀ ਲੋਕਾਂ ਦੇ ਧਾਰਮਿਕ ਸਥਾਨਾਂ ਨੂੰ ‘ਅਗਨ ਮੰਦਰ’ ਜਾਂ ‘ਅਤਸ਼ ਬੋਹਰਾਮ’ ਆਖਿਆ ਜਾਂਦਾ ਹੈ। ਪਾਰਸੀ ਲੋਕ ਸਾਫ਼ ਸਫ਼ਾਈ ਨੂੰ ਬਹੁਤ ਅਹਿਮੀਅਤ ਦਿੰਦੇ ਹਨ। ਇੱਥੋਂ ਤੱਕ ਕਿ ਉਹ ਆਪਣੀ ਬਰਾਦਰੀ ਦੇ ਅਕਾਲ ਚਲਾਣਾ ਕਰ ਚੁੱਕੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ‘ਦਖ਼ਮਾ’ ਨਾਂ ਦੇ ਗੋਲ ਚਬੂਤਰੇ ਅੰਦਰ ਇੱਲਾਂ ਆਦਿ ਜਿਹੇ ਮਾਸ ਖੋਰੇ ਪੰਛੀਆਂ ਦੇ ਖਾਣ ਲਈ ਛੱਡ ਦਿੰਦੇ ਹਨ। ਇੱਲਾਂ ਅਤੇ ਗਿਰਝਾਂ ਜਿਹੇ ਪੰਛੀਆਂ ਵੱਲੋਂ ਮ੍ਰਿਤਕ ਦੇਹਾਂ ਦਾ ਮਾਸ ਖਾਣ ਮਗਰੋਂ ਹੱਡੀਆਂ ਬਚ ਜਾਂਦੀਆਂ ਹਨ, ਜਿਨ੍ਹਾਂ ਦਾ ਗਰਮੀ, ਮੀਂਹ ਅਤੇ ਹਵਾ ਦੁਆਰਾ ਵਿਘਟਨ ਹੋਣ ਤੋਂ ਬਾਅਦ ਬਾਰੀਕ ਪਾਊਡਰ ਬਚ ਜਾਂਦਾ ਹੈ। ਇਹ ਪਾਊਡਰ ਮੀਂਹ ਆਦਿ ਦੇ ਪਾਣੀ ਵਿੱਚ ਘੁਲ਼ ਕੇ ਪਾਣੀ ਵਿਚਲੇ ਖਣਿਜ ਪਦਾਰਥਾਂ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਪਾਣੀ ਦੀ ਸਿਜਾਈ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਵੀ ਨਹੀਂ ਹੁੰਦਾ।
ਪਾਰਸੀ ਸਮਾਜ ਦੀਆਂ ਅਨੇਕਾਂ ਸਿਰਕੱਢ ਸ਼ਖਸੀਅਤਾਂ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਵੀ ਜੁੜੀਆਂ ਹੋਈਆਂ ਸਨ। ਫ਼ਿਰੋਜ਼ ਸ਼ਾਹ ਮਹਿਤਾ, ਦਾਦਾ ਭਾਈ ਨਾਰੋ ਜੀ ਅਤੇ ਭੀਕਾ ਜੀ ਕਾਮਾ ਅਜਿਹੀਆਂ ਕੁਝ ਹਸਤੀਆਂ ਹਨ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਇਸੇ ਤਰ੍ਹਾਂ ਭਾਰਤੀ ਪ੍ਰਮਾਣੂ ਪ੍ਰੋਗਰਾਮ ਦੇ ‘ਪਿਤਾਮਾ’ ਮੰਨੇ ਜਾਂਦੇ ਡਾ. ਹੋਮੀ ਜਹਾਂਗੀਰ ਭਾਭਾ, ਜੋ ਕਿ ‘ਟਾਟਾ ਇੰਸਟੀਚਿਊਟ ਆਫ਼ ਫ਼ੰਡਾਮੈਂਟਲ ਰਿਸਰਚ’ ਦੇ ਮੋਢੀ ਡਾਇਰੈਕਟਰ ਅਤੇ ‘ਭਾਰਤੀ ਪ੍ਰਮਾਣੂ ਊਰਜਾ ਕਮਿਸ਼ਨ’ ਦੇ ਚੇਅਰਮੈਨ ਰਹਿ ਚੁੱਕੇ ਹਨ। ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਸਦਕਾ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੇ ਸਤਿਕਾਰ ਵਿੱਚ ਟਰਾਂਬੇ ਖੋਜ ਕੇਂਦਰ ਦਾ ਨਾਂ ‘ਭਾਭਾ ਪ੍ਰਮਾਣੂ ਖੋਜ ਕੇਂਦਰ’ ਰੱਖਿਆ ਗਿਆ ਹੈ। ਦੇਸ਼ ਦੀ ਰੱਖਿਆ ਦੇ ਖੇਤਰ ਵਿੱਚ ਵੀ ਪਾਰਸੀ ਭਾਈਚਾਰੇ ਦੀ ਮਹਤੱਵਪੂਰਨ ਭੂਮਿਕਾ ਰਹੀ ਹੈ। ਭਾਈਚਾਰੇ ਨਾਲ ਸਬੰਧਿਤ ਅਨੇਕਾਂ ਅਫ਼ਸਰਾਂ ਨੇ ਫ਼ੌਜ ਦੀਆਂ ਤਿੰਨੇ ਸੇਵਾਵਾਂ ਭਾਵ ਥਲ ਸੈਨਾ, ਨੇਵੀ ਅਤੇ ਹਵਾਈ ਫ਼ੌਜ ਵਿੱਚ ਉੱਚੀਆਂ ਪਦਵੀਆਂ `ਤੇ ਰਹਿੰਦਿਆਂ ਸੂਰਮਤਾਈ ਕਾਰਨਾਮਿਆਂ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤੀ ਫ਼ੌਜ ਦੇ ਪਹਿਲੇ ਫ਼ੀਲਡ ਮਾਰਸ਼ਲ ਸੈਮ ਜਮਸ਼ੇਦ ਜੀ ‘ਮਾਨੇਕਸ਼ਾਹ’ ਜਾਂ ‘ਸੈਮ ਬਹਾਦਰ’ ਦੀ 1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਰਹੀ ਸੀ। ਇਸੇ ਤਰ੍ਹਾਂ ਹਵਾਈ ਫ਼ੌਜ ਦੇ ਮੁਖੀ ਦੇ ਅਹੁਦੇ `ਤੇ ਰਹਿ ਚੁਕੇ ਏਅਰ ਮਾਰਸ਼ਲ ਐੱਸ.ਪੀ. ਮੇਰਵਾਨ ਇੰਜੀਨੀਅਰ ਅਤੇ ਏਅਰ ਚੀਫ਼ ਮਾਰਸ਼ਲ ਫ਼ਲੀ ਹੋਮੀ ਮੇਜਰ ਜਿਹੇ ਜਾਂਬਾਜ਼ ਅਫ਼ਸਰਾਂ ਨੇ ਭਾਰਤ ਦੀ ਸੇਵਾ ਕਰਦਿਆਂ ਆਪਣੀ ਕੌਮ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਭਾਈਚਾਰੇ ਨਾਲ ਸਬੰਧ ਰੱਖਦੇ ਲੈਫ਼ਟੀਨੈਂਟ ਕਰਨਲ ਅਰਦੇਸ਼ਰ ਬਰਜ਼ਾਰ ਤਾਰਾਪੋਰ ਨੂੰ 1965 ਦੀ ਜੰਗ ਵਿੱਚ ਸ਼ਹੀਦ ਹੋਣ ਮਗਰੋਂ ‘ਪਰਮਵੀਰ ਚੱਕਰ’ ਦਿੱਤਾ ਗਿਆ ਸੀ।
ਪਾਰਸੀਆਂ ਦੀਆਂ ਕੁਝ ਹੋਰ ਉੱਘੀਆਂ ਸ਼ਖਸੀਅਤਾਂ ਹਨ, ਜਿਵੇਂ ਫ਼ਿਲਮੀ ਕਲਾਕਾਰ ਬੋਮਨ ਇਰਾਨੀ, ਸੋਲੀ ਸੋਰਾਬ (ਉੱਘੇ ਕਾਨੂੰਨਦਾਨ ਅਤੇ ਭਾਰਤ ਦੇ ਸਾਬਕਾ ਅਟਾਰਨੀ ਜਰਨਲ), ਨਾਮਵਰ ਸੰਗੀਤਕਾਰ ਜ਼ੁਬਿਨ ਮਹਿਤਾ, ਫ਼ਲੀ ਐੱਸ ਨਰੀਮਨ ਅਤੇ ਨਾਨੀ ਪਾਲਖ਼ੀਵਾਲਾ (ਦੋਵੇਂ ਸੰਵਿਧਾਨ ਦੇ ਮਸ਼ਹੂਰ ਮਾਹਰ ਹਨ)। ਪਾਕਿਸਤਾਨ ਦੇ ਸਾਬਕਾ ਚੀਫ਼ ਜਸਟਿਸ ਦੋਰਾਬ ਪਟੇਲ ਪਾਰਸੀ ਭਾਈਚਾਰੇ ਨਾਲ ਸਬੰਧਤ ਸਨ। ਭਾਰਤ ਦੇ ਦੋ ਪ੍ਰਸਿੱਧ ਉਦਯੋਗਪਤੀ- ਅਤਰ ਪੁਣਾਵਾਲਾ ਅਤੇ ਸਾਇਰਸ ਪੁਣਾਵਾਲਾ ਵੀ ਪਾਰਸੀ ਭਾਈਚਾਰੇ ਦੇ ਹਨ। ਇਸ ਤੋਂ ਇਲਾਵਾ ਵੀ ਇਸ ਬਰਾਦਰੀ ਦੀਆਂ ਅਨੇਕਾਂ ਨਾਮਵਰ ਹਸਤੀਆਂ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਅਣਗਿਣਤ ਮੱਲਾਂ ਮਾਰੀਆਂ ਹਨ। ਕ੍ਰਿਕੇਟ ਦੇ ਖੇਤਰ ਵਿੱਚ ਫ਼ਰੂਖ਼ ਇੰਜੀਨੀਅਰ, ਜੋ ਕਿ ਭਾਰਤ ਦਾ ਆਪਣੇ ਸਮੇਂ ਦਾ ਚੋਟੀ ਦਾ ਵਿਕਟ ਕੀਪਰ ਸਲਾਮੀ ਬੱਲੇਬਾਜ਼ ਰਹਿ ਚੁਕਾ ਹੈ, ਨੇ ਭਾਰਤ ਵੱਲੋਂ ਖੇਡਦਿਆਂ 46 ਟੈਸਟ ਮੈਚਾਂ ਲਈ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਸਾਲ 1955 ਤੋਂ 1958 ਤੱਕ ਅੱਠ ਟੈਸਟ ਮੈਚਾਂ ਲਈ ਭਾਰਤ ਦੀ ਕਪਤਾਨੀ ਕਰਨ ਵਾਲੇ ਪਾਲੀ ਉਮਰੀਗਰ ਦਾ ਨਾਂ ਉਸ ਸਮੇਂ ਦੇ ਸਿਖਰਲੇ ਮੱਧ ਕ੍ਰਮ ਬੱਲੇਬਾਜ਼ਾਂ ਵਿੱਚ ਲਿਆ ਜਾਂਦਾ ਹੈ। ‘ਸੀ.ਕੇ. ਨਾਇਡੂ’ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਨਾਰੀ ਕੰਟਰੈਕਟਰ ਨੂੰ ਸਭ ਤੋਂ ਘੱਟ ਉਮਰ ਵਿੱਚ ਭਾਰਤੀ ਕ੍ਰਿਕੇਟ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਹੈ। ਪਾਰਸੀ ਸਮਾਜ ਨਾਲ ਜੁੜੇ ਇਨ੍ਹਾਂ ਲੋਕਾਂ ਤੋਂ ਇਲਾਵਾ ਵੀ ਦੂਜੇ ਹੋਰ ਅਨੇਕਾਂ ਖੇਤਰ ਹਨ, ਜਿਨ੍ਹਾਂ ਵਿੱਚ ਪਾਰਸੀ ਲੋਕਾਂ ਨੇ ਆਪਣੇ–ਆਪਣੇ ਖੇਤਰਾਂ ਵਿੱਚ ਕੰਮ ਕਰਦਿਆਂ ਚੋਟੀ ਦੇ ਸਥਾਨ ਹਾਸਲ ਕੀਤੇ ਹਨ।

Leave a Reply

Your email address will not be published. Required fields are marked *