ਜਦੋਂ ਜਦੋਂ ਜ਼ਿੰਮੇਵਾਰੀਆਂ ਦਾ ਭਾਰ ਮੋਢਿਆਂ ‘ਤੇ ਪੈਂਦਾ ਜਾਂਦਾ ਹੈ ਤਾਂ ਬੰਦਾ ਦ੍ਰਿੜਤਾ ਨਾਲ ਮਿਹਨਤ ਕਰਦਾ ਫਰਜ਼ ਪੂਰੇ ਕਰਨ ਨੂੰ ਪਹਿਲ ਦੇਣ ਲੱਗਦਾ ਹੈ; ਪਰ ਜੇ ਬੰਦੇ ਦੇ ਅੰਦਰ ਫਿਰ ਵੀ ਸ਼ੌਕ ਅੰਗੜਾਈਆਂ ਲੈਣੋਂ ਨਾ ਹਟਣ, ਤਾਂ ਉਹ ਉਨ੍ਹਾਂ ਨੂੰ ਪੂਰਿਆਂ ਕਰਨ ਦਾ ਬੰਨ੍ਹ-ਸੁੱਬ ਵੀ ਕਰਨ ਲੱਗਦਾ ਹੈ। ਸੱਤੀ ਸਤਵਿੰਦਰ ਵੀ ਆਪਣੇ ਸ਼ੌਕ ਨਾਲ ਗਾਇਕੀ ਦੇ ਰਾਹ ਤੁਰਿਆ ਹੋਇਆ ਹੈ। ਬੇਸ਼ੱਕ ਗਾਇਕੀ ਉਸ ਦਾ ਮੁਕੰਮਲ ਕਿੱਤਾ ਨਹੀਂ ਹੈ, ਪਰ ਕਈ ਵਾਰ ਉਹ ਗਾਉਣ ਦੇ ਸ਼ੌਕ ਦਾ ਦੀਵਾ ਜਗਦਾ ਰੱਖਣ ਲਈ ਆਪਣਾ ਕੰਮ ਪਿੱਛੇ ਛੱਡ ਕੇ ਸਫਰਾਂ ‘ਤੇ ਤੁਰਿਆ ਰਹਿੰਦਾ ਹੈ; ਪਰ ਗਾਉਣ ਦਾ ਝੱਸ ਪੂਰਾ ਕਰ ਕੇ ਉਸ ਨੂੰ ਸਕੂਨ ਵੀ ਮਿਲਦਾ ਹੈ।
ਸਾਲ 2010 ਵਿੱਚ ਸੱਤੀ ਨੂੰ ਪੀ.ਟੀ.ਸੀ. ਵੱਲੋਂ ‘ਬੈਸਟ ਓਰੀਐਂਟਲ ਫੋਕ ਸਿੰਗਰ’ (ਲੋਕ ਗਾਇਕ) ਦਾ ਐਵਾਰਡ ਦਿੱਤਾ ਗਿਆ ਸੀ। ਹੁਣ ਉਹ ਇੱਕ ਸਥਾਪਤ ਕਲਾਕਾਰ ਹੈ। ਪੰਜਾਬੀ ਲੋਕ ਗੀਤ ਗਾਉਣ ਤੋਂ ਇਲਾਵਾ ਉਹ ਹਰਿਆਣਵੀ ਤੇ ਹਿੰਦੀ ਸੰਗੀਤ ਜਗਤ ਨਾਲ ਵੀ ਜੁੜਿਆ ਹੋਇਆ ਹੈ। ਸੱਤੀ ਦਾ ਮੰਨਣਾ ਹੈ ਕਿ ਸੰਗੀਤ ਖੇਤਰ ਵਿੱਚ ਉਸ ਦਾ ਕੰਮ ਵਿਰਾਸਤੀ ਜੜ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਆਨਲਾਈਨ ਉਤੇ ਉਸ ਦੀ ਮੌਜੂਦਗੀ ਮਹੱਤਵਪੂਰਨ ਹੈ। ਉਸਦਾ ਸੰਗੀਤ ਐਪਲ ਮਿਊਜ਼ਿਕ ਵਰਗੇ ਪਲੈਟਫਾਰਮਾਂ ‘ਤੇ ਵੀ ਉਪਲਬਧ ਹੈ, ਜਿਸ ਵਿੱਚ ‘ਬਾਪੂ ਤੇਰੇ ਕਰਕੇ’ ਅਤੇ ਕਿਸਾਨੀ ਸੰਘਰਸ਼ ਦੌਰਾਨ ਦੇਸ-ਵਿਦੇਸ਼ ਦੇ ਪੰਜਾਬੀਆਂ ਵੱਲੋਂ ਲਾਏ ਲੰਗਰ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ ਵਿਅੰਗਾਤਮਕ ਗੀਤ ‘ਲੰਗਰ’ ਵਰਗੇ ਵਿਸ਼ੇਸ਼ ਟਰੈਕ ਸ਼ਾਮਲ ਹਨ। ਉਸ ਦੇ ਹੋਰ ਚਰਚਿਤ ਗੀਤ ‘ਵੀਰ ਦਾ ਵਿਆਹ’, ‘ਗੱਭਰੂ ਦੀ ਸਰਦਾਰੀ’, ‘ਛਵੀਆਂ-ਗੰਡਾਸੀਆਂ’ ਅਤੇ ਵਿਦੇਸ਼ ਦੀ ਧਰਤੀ `ਤੇ ਟੈਕਸੀ ਚਲਾਉਂਦੇ ਵੀਰਾਂ ਲਈ ‘ਯੈਲੋ ਕੈਬ’, ‘ਲੰਡਨ-ਚੰਡੀਗੜ੍ਹ’ ਆਦਿ ਵੀ ਹਨ। ਉਹ ‘ਪਟਾਕੇ’ (ਬੋਹੇਮੀਆ ਅਤੇ ਹਾਜੀ ਸਪ੍ਰਿੰਜਰ ਵੱਲੋਂ ਵਿਸ਼ੇਸ਼), ‘ਰੇਂਜ’, ‘ਦੇਸੀ ਸਵੈਗ’, ‘ਲੱਠ’ ਅਤੇ ‘ਟਰੇਸ’ ਵਰਗੇ ਗੀਤਾਂ ਲਈ ਵੀ ਜਾਣਿਆ ਜਾਂਦਾ ਹੈ। ਇਹ ਟਰੈਕ ਰਵਾਇਤੀ ਲੋਕ ਗੀਤਾਂ ਨੂੰ ਆਧੁਨਿਕ ਬੀਟਾਂ ਨਾਲ ਮਿਲਾਉਂਦੇ ਹਨ, ਜੋ ਯੂਟਿਊਬ ਅਤੇ ਸਾਊਂਡ ਕਲਾਉਡ ਵਰਗੇ ਪਲੇਟਫਾਰਮਾਂ ਰਾਹੀਂ ਜਾਰੀ ਕੀਤੇ ਗਏ ਹਨ।
ਸੱਤੀ ਸਤਵਿੰਦਰ ਗਾਇਕੀ ਦੇ ਖੇਤਰ ਵਿੱਚ ਅਨੁ-ਮਨੂ, ਅਮਰ ਜੱਸੜ ਅਤੇ ਬੋਹੇਮੀਆ ਵਰਗੇ ਕਲਾਕਾਰਾਂ ਦੇ ਨਾਲ ਗੋਇਲ ਮਿਊਜ਼ਿਕ ਅਤੇ ਪਰਿਵਾਰ ਤੇ ਦੋਸਤਾਂ ਦੇ ਸਹਿਯੋਗ ਲਈ ਧੰਨਵਾਦੀ ਹੈ। ਉਹ ਹਰਿਆਣਾ ਦੇ ਜ਼ਿਲ੍ਹਾ ਯਮੁਨਾ ਨਗਰ ਦਾ ਜੰਮਪਲ ਹੈ, ਪਰ ਰਹਿੰਦਾ ਅਮਰੀਕਾ ਦੀ ਧਰਤੀ ‘ਤੇ ਹੈ। ਉਸ ਨੇ ਕਰਨਾਲ ਤੋਂ ਆਪਣੀ ਗ੍ਰੈਜੂਏਸ਼ਨ ਅਤੇ ਪੀ.ਯੂ.ਸੀ. ਚੰਡੀਗੜ੍ਹ ਤੋਂ ਪੋਸਟ ਗ੍ਰੈਜੂਏਟ ਕੀਤੀ ਹੋਈ ਹੈ। ਮੁੰਡਾ ਬੇਸ਼ੱਕ ਉਹ ਹਰਿਆਣੇ ਦਾ ਹੈ, ਪਰ ਦਿਲੋਂ ਉਹ ਪੰਜਾਬੀ ਹੈ ਤੇ ਉਸ ਨੇ ‘ਪੰਜਾਬ ਦੀਆਂ ਵਾਰਾਂ’ ਗਈਆਂ ਹਨ। ਉਸ ਦੇ ਹੋਰ ਹਿੱਟ ਗੀਤਾਂ ਵਿੱਚ ‘ਮੈਂ ਛੋਰਾ ਹਰਿਆਣੇ ਕਾ’, ‘ਲੱਠ’, ‘ਇੱਕ ਕੁੜੀ’, ‘ਲੱਗਿਆ ਹੋਣਾ ਸੀ ਡੀ.ਸੀ.’ ‘ਗਿੱਧਾ ਪਾਉਣ ਗੋਰੀਆਂ’, ‘ਕਾਸ਼! ਜੇ ਵਕਤ ਪਿੱਛੇ ਨੂੰ ਮੁੜ ਜਾਵੇ’ ਅਤੇ ਹੋਰ ਕਈ ਟਰੈਕ ਸ਼ਾਮਲ ਹਨ।