ਨੱਤੀਆਂ ਤੋਂ ਸੱਖਣੇ ਕੰਨਾਂ ਦੀ ਕਹਾਣੀ

ਆਮ-ਖਾਸ

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਅਜਿਹੀ ਹੀ ਇੱਕ ਕਹਾਣੀ ਇੱਥੇ ਬਿਆਨ ਹੈ, ਜਿਸ ਵਿੱਚ ਨੱਤੀਆਂ ਦੇ ਵਿਗੋਚੇ ਦੀ ਵਾਰਤਾ ਹੈ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ ਪੜ੍ਹ ਕੇ ਦਿਲ ਵਲੂੰਧਰਿਆ ਜਾਂਦਾ ਹੈ…।

ਸਾਂਵਲ ਧਾਮੀ
ਫੋਨ:+91-9781843444

ਸੰਤਾਲ਼ੀ ਤੋਂ ਪਹਿਲਾਂ ਕੋਟਲੇ ਪਿੰਡ ’ਚ ਰਾਏ ਗੋਤ ਦੇ ਮੁਸਲਮਾਨ ਜੱਟ, ਅਰਾਈਂ, ਹਿੰਦੂ ਪਰਜਾਪਤ ਤੇ ਆਦਿ ਧਰਮੀ ਵੱਸਦੇ ਸਨ। ਬਾਬਾ ਦਰਸ਼ਣ ਰਾਮ ਦਾ ਦਾਦਾ ਜੀਣ ਦਾਸ ਤੇ ਉਸਦਾ ਭਰਾ ਰਲ਼ਾ, ਜ਼ਿਲ੍ਹਾ ਜਲੰਧਰ ਦੇ ਇਸ ਪਿੰਡ ਤੋਂ ਉੱਠ ਕੇ ਬਹਾਵਲਪੁਰ ਰਿਆਸਤ ’ਚ ਚਲੇ ਗਏ ਸਨ। ਜ਼ਿਲ੍ਹਾ ਸੀ ਬਹਾਵਲ ਨਗਰ, ਮੰਡੀ ਤੇ ਸਟੇਸ਼ਨ ਸੀ ਚਿਸ਼ਤੀਆਂ ਤੇ ਚੱਕ ਨੰਬਰ ਸੀ ਇੱਕ ਸੌ ਅੱਸੀ।
ਇਹ ਪੂਰਾ ਚੱਕ ਅਰਾਈਆਂ ਦਾ ਸੀ। ਅੱਧਾ ਪਿੰਡ ਬਟਾਲੀਆਂ ਦਾ ਸੀ ਅਤੇ ਬਾਕੀ ਅੱਧਾ ਜਲੰਧਰੀਆਂ ਤੇ ਹੁਸ਼ਿਆਰਪੁਰੀਆਂ ਦਾ। ਇਨ੍ਹਾਂ ’ਚੋਂ ਤਿੰਨ ਘਰ ਕੋਟਲੇ, ਚਾਰ-ਚਾਰ ਘਰ ਸੰਨਵਾਂ, ਮਸੀਤੀ ਤੇ ਅਲੱੜ ਤੇ ਪੰਜ ਘਰ ਬਾਕਰਪੁਰ ਪੰਡੋਰੀ ਦੇ ਸਨ।
ਕਰੀਮ ਬਖ਼ਸ਼ ਨੰਬਰਦਾਰ ਬਟਾਲੇ ਤੋਂ ਗਿਆ ਹੋਇਆ ਸੀ। ਸਦਰਦੀਨ ਪੰਜ ਪੁੱਤਰਾਂ ਦਾ ਪਿਉ ਤੇ ਪੰਜ ਮੁਰੱਬਿਆਂ ਦਾ ਮਾਲਕ ਸੀ। ਵੱਡੇ ਮੁੰਡੇ ਦਾ ਨਾਂ ਗ਼ੁਲਾਮ ਮੁਹੰਮਦ ਸੀ ਤੇ ਬਾਕੀ ਸਨ- ਨਿਜ਼ਾਮ, ਜਲਾਲ, ਚਿਰਾਗ਼ ਤੇ ਸ਼ਫ਼ੀ। ਮੁਹੰਮਦ ਅਲੀ ਤੇ ਸਰਦਾਰਾ ਇਸਦੇ ਭਤੀਜੇ ਸਨ। ਮੁਹਤਬਰ ਬੰਦਿਆਂ ’ਚੋਂ ਇੱਕ ਸੀ ਸ਼ਰਫ਼ਦੀਨ। ਇਸਦੇ ਅੱਠ ਪੁੱਤਰ ਸਨ। ਸਰਵਰ, ਫ਼ਜ਼ਲ ਕਰੀਮ, ਗੁਲਾਮ ਮੁਹੰਮਦ ਤੇ ਇਲਮਦੀਨ ਹੁਰੀਂ ਚਾਰ ਤਾਂ ਪਿੰਡ ’ਚ ਹੀ ਰਹਿੰਦੇ ਹਨ। ਚਾਰ ਉਸਨੇ ਬੇਦਖ਼ਲ ਕੀਤੇ ਹੋਏ ਸਨ, ਜੋ ਇਸ ਚੱਕ ’ਚੋਂ ਜਾ ਚੁੱਕੇ ਸਨ। ਸ਼ਰਫ਼ਦੀਨ ਦੀਆਂ ਅਖੌਤਾਂ ਜਿਹੀਆਂ ਗੱਲਾਂ ਬਾਬੇ ਦਰਸ਼ਣ ਨੂੰ ਅੱਜ ਵੀ ਯਾਦ ਨੇ।
‘ਜੇ ਝੂਠ ਬੋਲਣ ’ਤੇ ਇੱਕ ਦਮੜੀ ਵੀ ਲੱਗਦੀ ਹੋਵੇ ਤਾਂ ਸੰਸਾਰ ’ਤੇ ਕੋਈ ਝੂਠ ਨਾ ਬੋਲੇ।’
ਤਵੇ ਵਾਲ਼ੀ ਮਸ਼ੀਨ ਸਿਰਫ਼ ਉਸਦੇ ਕੋਲ਼ ਹੁੰਦੀ ਸੀ। ਚਾਲ਼ੀ ਤੋਂ ਅੱਸੀ ਤੱਕ ਪਸ਼ੂ ਹੁੰਦੇ ਸਨ, ਹਰ ਘਰ ਵਿੱਚ। ਖੇਤੀਬਾੜੀ ਦੇ ਕੰਮ ਰਾਤ ਦੇ ਦਸ ਕੁ ਵਜੇ ਮੁੱਕਦੇ। ਲੋਕ ਰੋਟੀ ਖਾ ਕੇ ਪੱਠੇ ਕੁਤਰਦੇ। ਸਾਰੇ ਵਿਹਲੇ ਹੁੰਦੇ ਤਾਂ ਸ਼ਰਫ਼ਦੀਨ ਗ੍ਰਾਮੋਫੋਨ ਲਗਾਉਂਦਾ ਕਿ ਹੁਣ ਕਿਸੇ ਦਾ ਵੀ ਕੰਮ ਨਹੀਂ ਰੁਕਣਾ।
ਨੰਬਰਦਾਰ ਤਾਜਦੀਨ, ਇਸਮਾਈਲ, ਨਵਾਬ, ਮਿਹਰ ਅਲੀ, ਗਾਮੀ, ਨੱਥੂ, ਰਹਿਮਾ, ਦੌਲਾ, ਨੂਰ ਮੁਹਮੰਦ ਤੇ ਫ਼ਕੀਰ ਇਸ ਪਿੰਡ ਦੇ ਚੌਧਰੀ ਬੰਦੇ ਸਨ। ਬਾਬੇ ਦਰਸ਼ਣ ਦੇ ਹਾਣੀ ਸਨ- ਸਾਦਿਕ, ਤਾਲਿਬ ਹੁਸੈਨ, ਦਿਲਾਵਰ ਹੁਸੈਨ, ਸ਼ੇਰ ਹੁਸੈਨ, ਬਰਕਤ ਅਲੀ, ਨਿਆਜ਼ ਖਾਂ, ਮੰਦ ਖਾਂ ਤੇ ਬਰਕਤ ਖਾਂ।
ਬਾਬਾ ਦਰਸ਼ਣ ਰਾਮ ਦੇ ਬਜ਼ੁਰਗ ਪਹਿਲਾਂ ਕੱਪੜਾ ਬੁਣਦੇ ਹੁੰਦੇ ਸਨ। ਇਹ ਉਨ੍ਹਾਂ ਵਕਤਾਂ ਦੀ ਗੱਲ ਏ ਜਦੋਂ ਆਮ ਬੰਦਾ ਪੰਜ ਰੁਪਏ ਮਹੀਨੇ ’ਤੇ ਨੌਕਰੀ ਕਰਦਾ ਹੁੰਦਾ ਸੀ, ਦੋ ਰੁਪਏ ਦੀ ਕਣਕ ਦੀ ਬੋਰੀ ਆ ਜਾਂਦੀ ਸੀ ਤੇ ਫੌਜੀ ਦੀ ਤਨਖ਼ਾਹ ਪੰਦਰਾਂ-ਸੋਲ੍ਹਾਂ ਰੁਪਏ ਹੁੰਦੀ ਸੀ। ਉਦੋਂ ਇਹ ਟੱਬਰ ਨਿੱਤ ਇੱਕ ਰੁਪੱਈਆ ਕਮਾਉਂਦਾ ਹੁੰਦਾ ਸੀ।
“ਅਸੀਂ ਮੌਜ-ਮੇਲੇ ’ਚ ਹੀ ਰਹੇ। ਬੜੀ ਬਾਦਸ਼ਾਹਤ ਮਾਣੀ ਓਥੇ।” ਬਾਬਾ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹੋਇਆ ਹਉਕਾ ਭਰਦਾ ਹੈ।
ਖੱਡੀਆਂ ਵਾਲ਼ਾ ਕੰਮ ਛੱਡ ਕੇ ਇਹ ਟੱਬਰ ਚਮੜਾ ਖਰੀਦਣ ਲੱਗ ਪਿਆ ਸੀ। ਨੇੜਲੇ ਪਿੰਡਾਂ ’ਚੋਂ ਮੋਏ ਪਸ਼ੂਆਂ ਦੀਆਂ ਖ਼ੱਲਾਂ ਖਰੀਦ, ਇਹ ਚਿਸ਼ਤੀਆਂ ਮੰਡੀ ’ਚ ਵੇਚਣ ਜਾਂਦੇ। ਪਿੰਡ ਦਾ ਬਜ਼ੁਰਗ ਗੌਹਰ ਇੱਕ ਦਿਨ ਕਹਿਣ ਲੱਗਾ, “ਦੁਨੀਆਂ ’ਤੇ ਕੰਮ ਹੁੰਦੇ ਆਏ ਨੇ ਤੇ ਹੁੰਦੇ ਰਹਿਣੇ ਨੇ, ਪਰ ਘਰੋਂ ਤੁਰਨ ਲੱਗੇ ਤੁਸੀਂ ਇਹੋ ਸੋਚਦੇ ਹੋਵੋਗੇ ਕਿ ਮਾਲ ਮਿਲੇ। ਮਾਲ ਤਾਂ ਤਦ ਮਿਲ਼ੂ, ਜੇ ਕਿਸੇ ਦਾ ਡੰਗਰ ਮਰੂ। ਮੌਤ ਮੰਗਣੀ ਕੋਈ ਸਵਾਬ ਦਾ ਕੰਮ ਨਹੀਂ ਹੁੰਦਾ!”
ਚੰਮ ਖਰੀਦਣ ਵਾiਲ਼ਆਂ ਕੋਲ਼ ਡਾਂਗ ਤੇ ਰੱਸਾ ਜ਼ਰੂਰ ਹੁੰਦਾ। ਡਾਂਗ ਰੱਖ ਕੇ ਇਨ੍ਹਾਂ ਦਾ ਬਜ਼ੁਰਗ ਪੁੱਛਣ ਲੱਗਾ, “ਦੱਸ ਮੇਹਰ, ਫਿਰ ਕਿਹੜਾ ਕੰਮ ਕਰੀਏ?” ਉਹਨੇ ਸਲਾਹ ਦਿੱਤੀ ਕਿ ਮੱਝਾਂ ਖਰੀਦੋ ਤੇ ਵੇਚੋ। ਸ਼ਾਹੂਕਾਰ ਸਦਵਾਓਗੇ ਤੇ ਸ਼ਾਹੂਕਾਰ ਹੋ ਜਾਓਗੇ।
ਇਨ੍ਹਾਂ ਗੌਹਰ ਦਾ ਆਖਾ ਮੰਨ ਲਿਆ। ਗੌਹਰ ਦੇ ਬੋਲ ਸੱਚ ਸਾਬਿਤ ਹੋਏ।
“ਅਰਾਈਂ ਜ਼ਿਮੀਦਾਰ ਤਾਂ ਵੱਡੇ ਸੀ, ਪਰ ਗ਼ੁਰਬਤ ਦੀ ਜ਼ਿੰਦਗੀ ਹੰਢਾਉਂਦੇ ਸੀ। ਫ਼ਸਲਾਂ ਦਾ ਬਹੁਤਾ ਭਾਅ ਨਹੀਂ ਸੀ ਹੁੰਦਾ। ਸਾਡੇ ਟੱਬਰ ਕੋਲ਼ ਪੈਸੇ ਵਿਉਪਾਰ ਨਾਲ਼ ਆਏ ਸਨ। ਅਰਾਈਂ ਸਾਡੇ ਕੋਲ਼ੋਂ ਸੌ-ਸੌ ਰੁਪਏ ਤੱਕ ਉਧਾਰ ਮੰਗ ਲੈਂਦੇ। ਉਦੋਂ ਕਿਸੇ ਪਚਵੰਜਾ ਰੁਪੱਈਆਂ ਦੀ ਮੱਝ ਲਿਆਉਣੀ ਤਾਂ ਲੋਕਾਂ ਕਹਿਣਾ-ਵਾਹ ਜੀ ਵਾਹ! ਇਸ ਮੱਝ ਨਾਲ਼ੋਂ ਦੋ ਮੁਰੱਬੇ ਕਿਉਂ ਨਾ ਖਰੀਦ ਲੈਂਦੇ!” ਬਾਬੇ ਦਰਸ਼ਣ ਨੇ ਮਾਣ ਨਾਲ਼ ਦੱਸਿਆ ਸੀ।
“1940 ਦੀ ਗੱਲ ਏ…।” ਬਾਬਾ ਦਰਸ਼ਣ ਨਵੀਂ ਗੱਲ ਸ਼ੁਰੂ ਕਰਦਾ ਹੈ।
“…ਮੈਨੂੰ ਤਾਪ ਚੜਿਆ ਸੀ, ਤਿੰਨ ਮਹੀਨੇ। ਓਥੇ ਟਿੱਬਿਆਂ ’ਚ ਡਾਕਟਰ-ਡੁਕਟਰ ਕੋਈ ਨਹੀਂ ਸੀ ਹੁੰਦਾ। ਇੱਕ ਸੱਯਦ ਇਲਾਜ ਕਰਦਾ ਹੁੰਦਾ ਸੀ। ਮੈਂ ਤਿੰਨ ਮਹੀਨੇ ਰੋਟੀ-ਪਾਣੀ ਨਾ ਖਾਧਾ। ਇਕਾਨਵੇਂ ਦਿਨੀਂ ਤਾਪ ਟੁੱਟਿਆ ਸੀ ਮੇਰਾ। ਸੱਯਦ ਕਹਿੰਦਾ ਕਿ ਜੇ ਇਹ ਪੰਜ ਦਿਨਾਂ ’ਚ ਇੱਕ ਬੁਰਕੀ ਵੀ ਖਾ ਗਿਆ ਤਾਂ ਬਚ ਜਾਊ। ਨਹੀਂ ਤਾਂ…! ਸੰਨਵਾਂ ਦਾ ਬਰਕਤ ਮੇਰੇ ਸਿਰਾਹਣੇ ਬੈਠ ਗਿਆ। ਪਿੱਠ ਤੋਂ ਆਸਰਾ ਦੇ ਕੇ ਉਸਨੇ ਮੈਨੂੰ ਬਿਠਾਲ ਲਿਆ। ਮੁੜ-ਮੁੜ ਇੱਕੋ ਗੱਲ ਆਖੀ ਜਾਏ- ਭਾਅ ਰੋਟੀ ਖਾ ਲੈ! ਭਾਅ ਰੋਟੀ ਖਾ ਲੈ! ਆਖ਼ਰ ਰਾਤ ਦੇ ਦਸ ਵਜੇ ਉਹਨੇ ਇੱਕ ਬੁਰਕੀ ਮੇਰੇ ਮੂੰਹ ’ਚ ਪਾ ਹੀ ਦਿੱਤੀ। ਆਲ਼ੇ-ਦੁਆਲ਼ੇ ਬੈਠੇ ਲੋਕਾਂ ਨੇ ਤਾੜੀਆਂ ਮਾਰ ਦਿੱਤੀਆਂ। ਬਾਰ੍ਹਾਂ ਵਜੇ ਤੱਕ ਉਹਨੇ ਮੈਨੂੰ ਤਿੰਨ ਬੁਰਕੀਆਂ ਹੋਰ ਖੁਆ ਦਿੱਤੀਆਂ। ਇਹ ਜ਼ਿੰਦਗੀ ਬਰਕਤ ਦੀ ਬਖ਼ਸ਼ੀ ਹੋਈ ਏ ਪੁੱਤਰਾ। ਕੀ ਦੱਸਾਂ! ਕਿੰਨਾ ਪਿਆਰ ਸੀ ਸਾਡਾ!”
ਸੰਤਾਲ਼ੀ ਆਇਆ ਤਾਂ ਇਸ ਚੱਕ ਵਾiਲ਼ਆਂ ਦੇ ਵੀ ਸਾਹ ਸੂਤੇ ਗਏ। ਪਹਿਲਾਂ ਤਾਂ ਇਹ ਚਰਚਾ ਸੀ ਕਿ ਇਹ ਵੰਡ ਸਿਰਫ਼ ਅੰਗਰੇਜ਼ੀ ਰਾਜ ’ਚ ਹੀ ਹੋਣੀ ਹੈ ਤੇ ਰਿਆਸਤਾਂ ’ਚ ਇਹ ਰੌਲ਼ਾ ਨਹੀਂ ਪੈਣਾ; ਪਰ ਚਾਣਚੱਕ ਇਸ ਇਲਾਕੇ ’ਚ ਪਠਾਣਾਂ ਦੀਆਂ ਸੈਆਂ ਪੱਖੀਆਂ ਉੱਗ ਆਈਆਂ। ਹਰੇਕ ਪਠਾਣ ਕੋਲ਼ ਰਫ਼ਲ ਹੁੰਦੀ ਸੀ।
“ਲੋਕ ਧਾੜਵੀਆਂ ਨੂੰ ਕਹਿੰਦੇ-ਬਹੁਤੀ ਦੁਨੀਆਂ ਨਾ ਲੁੱਟੋ। ਅੱਸੀ ਵਾਲ਼ੇ ਆਦਿ-ਧਰਮੀਆਂ ਦੇ ਤਿੰਨ ਘਰ ਲੁੱਟ ਲਓ। ਲਓ ਜੀ ਸ਼ਹਿਦ ਨੂੰ ਮੱਖੀਆਂ ਆ ਗਈਆਂ। ਸਾਡੀ ਚੜ੍ਹਤ ਨੇ ਮਰਵਾਇਆ ਸਾਨੂੰ। ਮੁਸਲਮਾਨ ਕਹਿਣ ਲੱਗੇ ਕਿ ਦੇਸ ਤੋਂ ਰਿਆਸਤ ਤੱਕ ਸਾਡੇ ਪਿਉ-ਦਾਦੇ ਇਕੱਠੇ ਰਹਿ ਰਹੇ ਨੇ। ਉਨ੍ਹਾਂ ਸਾਨੂੰ ਰਲ਼ ਕੇ ਤੋਰਿਆ। ਬਟਾਲੀਆ ਨਿਜ਼ਾਮ ਬੇਇਮਾਨੀ ਕਰ ਗਿਆ। ਉਹਨੇ ਪਠਾਣਾਂ ਤੇ ਬਲੋਚਾਂ ਨੂੰ ਜਾ ਦੱਸਿਆ। ਜਦੋਂ ਤਾਰਾ ਚੜ੍ਹਿਆ, ਅਸੀਂ ਸਤਾਨਵੇਂ ਤੇ ਅਠਾਨਵੇਂ ਚੱਕਾਂ ਦੇ ਵਿਚਕਾਰ ਜਿਹੇ ਤੋਂ ਲੰਘ ਰਹੇ ਸਾਂ। ਪਿੰਡ ਇੱਕ ਬਲੋਚਾਂ ਦਾ ਸੀ ਤੇ ਦੂਜਾ ਸੀ ਪਠਾਣਾਂ ਦਾ। ਡੂਢ-ਡੂਢ ਮੀਲ ’ਤੇ ਦੋਵੇਂ ਪਿੰਡ ਸਨ। ਦੁਆਲੇ ਟਿੱਬੇ ਸਨ, ਬਹੁਤ ਵੱਡੇ-ਵੱਡੇ। ਓਥੇ ਉਨ੍ਹਾਂ ਸਾਨੂੰ ਆਣ ਘੇਰਿਆ। ਉਨ੍ਹਾਂ ਕੋਲ਼ ਬਰਛੇ ਸਨ, ਬਾਰ੍ਹਾਂ-ਬਾਰ੍ਹਾਂ ਫੁੱਟ ਲੰਮੇ। ਜਿੱਥੇ ਸਾਨੂੰ ਲੁੱਟਿਆ, ਓਥੋਂ ਸਾਡਾ ਚੱਕ ਕੋਈ ਤੇਰ੍ਹਾਂ ਕੋਹ ਦੂਰ ਸੀ। ਅੱਲੜੀਆਂ ਦਾ ਸਾਦਿਕ ਗਿਆ ਸੀ, ਨਾਲ਼ ਸਾਡੇ। ਉਹ ਘੋੜੀ ’ਤੇ ਸੀ। ਉਹ ਤਾਂ ਜਾਨ ਬਚਾ ਕੇ ਨੱਠ ਤੁਰਿਆ। ਉਹ ਕਹਿਣ ਲੱਗੇ- ਇੱਥੇ ਬਿਠਾਲੋ ਊਠ। ਊਠਾਂ ਵਾਲ਼ੇ ਤਾਂ ਪੈਸਿਆਂ ’ਤੇ ਆਏ ਸਨ। ਕੁੱਲ ਸਤਾਰਾਂ ਊਠ ਸਨ। ਨੇੜਲੇ ਪਿੰਡਾਂ ਦੇ ਹੋਰ ਬੰਦੇ ਤੇ ਸਾਡੇ ਪਿੰਡ ਦੇ ਤਿੰਨ ਘਰ ਖੱਤਰੀਆਂ ਦੇ ਵੀ ਨਾਲ਼ ਸਨ ਸਾਡੇ। ਉਹ ਬੋਲੇ- ਜਿਸ ਕਿਸੇ ਨੇ ਕੋਈ ਪੈਸਾ ਜਾਂ ਟੂੰਮ ਰੱਖੀ, ਉਹ ਬੰਦਾ ਨਹੀਂ ਛੱਡਣਾ। ਕੱਪੜਾ ਅਸੀਂ ਕੋਈ ਲੈਣਾ ਨਹੀਂ। ਉਨ੍ਹਾਂ ਖੇਸੀਆਂ ਵਿਛਾ ਦਿੱਤੀਆਂ। ਉਦੋਂ ਦੇ ਕੰਗਣ ਲਾਹੇ, ਉਦੋਂ ਦੀਆਂ ਨੱਤੀਆਂ ਲਾਹੀਆਂ, ਮੁੜ ਨਹੀਂ ਜੁੜੀਆਂ ਮੈਨੂੰ। ਦੋ ਕੁ ਬੰਦਿਆਂ ਦੇ ਰੁਪਏ ਰਹਿ ਗਏ ਸਨ। ਉਹ ਉਨ੍ਹਾਂ ਜੁੱਤੀਆਂ ਦੇ ਤiਲ਼ਆਂ ਦੇ ਥੱਲੇ ਸੀਅ ਲਏ ਸਨ। ਊਠਾਂ ਵਾਲ਼ੇ ਤਾਂ ਚਲੇ ਗਏ ਫਟਾ-ਫਟ ਸਮਾਨ ਲਾਹ ਕੇ। ਲਾਗੇ ਸੀ ਚੱਕ ਨੰਬਰ ਤੇਤੀ। ਅਸੀਂ ਸਾਰੇ ਓਥੇ ਪਹੁੰਚ ਗਏ। ਮੁਰਾਦ ਨੇ ਪਿੰਡ ਜਾ ਕੇ ਦੱਸਿਆ ਤਾਂ ਸਾਰਾ ਪਿੰਡ ਘੋੜੀਆਂ-ਊਠਾਂ ’ਤੇ ਸਵਾਰ ਹੋ ਕੇ ਸਾਨੂੰ ਲੱਭਣ ਤੁਰ ਪਿਆ। ਦੋ ਦਿਨਾਂ ਬਾਅਦ ਪਿੰਡ ਵਾiਲ਼ਆਂ ਲੱਭ ਲਿਆ ਸੀ ਸਾਨੂੰ।”
ਲੁੱਟ-ਪੁੱਟ ਕੇ ਜਦ ਇਹ ਆਪਣੇ ਚੱਕ ਨੂੰ ਮੁੜੇ ਤਾਂ ਇਹ ਹਿੰਮਤ ਹਾਰ ਚੁੱਕੇ ਸਨ। ਬਸ ਕੰਮ ਕਰ ਲੈਣਾ ਤੇ ਰੋਟੀ ਖਾ ਲੈਣੀ। ਜ਼ਿੰਦਗੀ ਬੇਰਸ ਜਿਹੀ ਹੋ ਕੇ ਰਹਿ ਗਈ ਸੀ। ਇਨ੍ਹਾਂ ਇਸੀ ਤਰ੍ਹਾਂ ਕੋਈ ਪੰਜ-ਛੇ ਮਹੀਨੇ ਗੁਜ਼ਾਰੇ। ਚੜ੍ਹਦੇ ਪੰਜਾਬੋਂ ਉੱਜੜ ਕੇ ਆਏ ਮੁਸਲਮਾਨ ਇੱਕ ਸੌ ਅੱਸੀ ਚੱਕ ਵਾਲ਼ੇ ਮੁਸਲਮਾਨਾਂ ’ਤੇ ਦਬਾਅ ਬਣਾਉਣ ਲੱਗੇ ਕਿ ਇਨ੍ਹਾਂ ਹਿੰਦੂਆਂ ਨੂੰ ਉਠਾਲੋ। ਬੇਗ਼ਮਪੁਰ-ਜੰਡਿਆਲੇ ਵਾਲ਼ੇ ਮੌਲਵੀ ਦੇ ਭਰਾ-ਭਤੀਜੇ ਵੀ ਉਸ ਚੱਕ ’ਚ ਪਹੁੰਚ ਗਏ ਸਨ। ਉਹ ਕਹਿਣ ਲੱਗੇ ਕਿ ਸਾਨੂੰ ਓਧਰ ਇਨ੍ਹਾਂ ਆਦਿ-ਧਰਮੀਆਂ ਨੇ ਹੀ ਬਹੁਤਾ ਲੁੱਟਿਆ-ਮਾਰਿਆ ਏ।
ਨੂਰ ਮੁਹੰਮਦ ਤੇ ਇਸਮਾਈਲ ਹੁਰਾਂ ਜਵਾਬ ਦਿੱਤਾ ਕਿ ਜੋ ਕਰਨਾ ਓਥੇ ਦੇਸ ਜਾ ਕੇ ਕਰੋ। ਇਹ ਤਾਂ ਵਿਚਾਰੇ ਇੱਥੇ ਆਪ ਲੁੱਟੇ ਗਏ ਨੇ।
“ਦੂਜੀ ਵਾਰ ਮੁਸਲਮਾਨ ਤਾਂ ਕਹਿੰਦੇ ਸਨ ਕਿ ਚਿਸ਼ਤੀਆਂ ਸਟੇਸ਼ਨ ਤੱਕ ਛੱਡ ਕੇ ਆਵਾਂਗੇ। ਬਾਪੂ ਕਹਿੰਦਾ ਕਿ ਪਹਿਲਾਂ ਜਿਨ੍ਹੇ ਧੋਖਾ ਕੀਤਾ ਹੁਣ ਉਹਦੇ ਕੋਲ਼ ਪੈਰ ਨਹੀਂ ਹੈਗੇ ਕਿ ਜ਼ੁਬਾਨ ਨਹੀਂ ਹੈਗੀ। ਅਸੀਂ ਲੁਕ-ਛਿਪ ਕੇ ਪੈਦਲ ਪਹੁੰਚੇ ਚਿਸ਼ਤੀਆਂ ਤੱਕ। ਲੋਹੜੀ ਤੋਂ ਬਾਅਦ ਵਿਸਾਖੀ ਤੱਕ ਅਸੀਂ ਬਹਾਵਲਪੁਰ ਮੰਡੀ ਵਾਲ਼ੇ ਕੈਂਪ ’ਚ ਰਹੇ। ਓਥੇ ਲੁਧਿਆਣੇ ਦੇ ਆਦਿ-ਧਰਮੀ ਹਾਲੇ ਵੀ ਵੱਸ ਰਹੇ ਸਨ। ਜੁੱਤੀਆਂ ਸੀਂਦੇ ਸੀ ਉਹ। ਛੇ-ਛੇ ਕਨਾਲ ਦੇ ਅਹਾਤੇ ਸੀ, ਉਨ੍ਹਾਂ ਕੋਲ਼। ਉਹ ਕਹਿਣ ਲੱਗੇ ਕਿ `ਕੱਠਾ ਕਰ ਲਓ ਮੁਲਕ। ਕੋਈ ਬੰਦਾ ਰਹਿ ਨਾ ਜਾਏ। ਹਰਨਾਮ ਦਾਸ, ਮਾਹੀ ਦਿੱਤਾ ਤੇ ਦੌਲਤ ਰਾਮ ਨਾਂ ਸਨ, ਉਨ੍ਹਾਂ ਦੇ। ਲੁਧਿਆਣੇ ਆ ਕੇ ਉਨ੍ਹਾਂ ’ਚੋਂ ਦੌਲਤ ਰਾਮ ਐਮ.ਐਲ.ਏ. ਵੀ ਬਣਿਆ।”
“ਉਹ ਖ਼ਾਸ ਦੋਸਤ ਬਰਕਤ ਅਲੀ ਵੀ ਯਾਦ ਆਇਆ ਕਦੇ?” ਮੈਂ ਸਵਾਲ ਕੀਤਾ ਸੀ।
“ਯਾਦ ਕਰਨ ਦੀ ਹੱਦ ਆ ਕੋਈ। ਬਰਕਤ ਨਹੀਂ ਭੁੱਲ ਸਕਦਾ ਕਦੇ!” ਇਹ ਕਹਿੰਦਿਆਂ ਉਸਦਾ ਗੱਚ ਭਰ ਆਇਆ ਸੀ।
“ਉਹ ਪਿੰਡ, ਉਹ ਇਲਾਕਾ ਕਿੰਨਾ ਕੁ ਯਾਦ ਆਉਂਦਾ?” ਮੈਂ ਅਗਲਾ ਸਵਾਲ ਕੀਤਾ ਸੀ।
“ਬੁੱਲੇ ਲੁੱਟੇ ਅਸੀਂ ਜ਼ਿੰਦਗੀ ਦੇ ਓਥੇ! ਫਿਰ ਤਾਂ ਗਰੀਬੀ ਈ ਨਹੀਂ ਮੁੱਕੀ। ਮੁੜ ਕੇ ਪੈਰਾਂ ’ਤੇ ਨਹੀਂ ਆਏ ਕੁੱਲ ਜ਼ਿੰਦਗੀ!” ਉਹ ਪਛਤਾਵੇ ’ਚ ਸਿਰ ਮਾਰਦਾ ਹੋਇਆ ਬੋਲਿਆ ਸੀ।
“ਪਿੰਡ ਵਾiਲ਼ਆਂ ਲਈ ਕੋਈ ਸੁਨੇਹਾ?” ਮੈਂ ਆਖ਼ਰੀ ਸਵਾਲ ਕੀਤਾ ਤਾਂ ਉਸਦੀਆਂ ਅੱਖਾਂ ਚਮਕ ਉੱਠੀਆਂ ਸਨ।
“ਰੱਬ ਉਨ੍ਹਾਂ ਦੇ ਘਰੀਂ ਸੁੱਖ ਰੱਖੇ। ਚੰਗੀ ਮੱਤ ਦੇਵੇ ਰੱਬ ਹਰ ਇੱਕ ਨੂੰ। ਸ਼ਰਫਦੀਨ ਕਹਿੰਦਾ ਹੁੰਦਾ ਸੀ ਕਿ ਜੇ ਕੋਈ ਚੰਗੀ ਮੱਤ ਦੇ ਕੇ ਪੰਜ ਜੁੱਤੀਆਂ ਵੀ ਮਾਰ ਲਏ ਤਾਂ ਉਹਨੂੰ ਮੱਥਾ ਟੇਕਿਓ। ਰਾਜ ਕਰੋਗੇ। ਉਹ ਬਹੁਤ ਅਕਲ ਵਾਲ਼ਾ ਸੀ। ਉਹ ਕਹਿੰਦਾ ਹੁੰਦਾ ਸੀ ਕਿ ਜੇ ਕਦੇ ਤੁਹਾਨੂੰ ਕੋਈ ਘਿਉ-ਸ਼ੱਕਰ ਖੁਆ ਕੇ ਮਾੜੀ ਮੱਤ ਦੇਵੇ ਤਾਂ ਤੁਸੀਂ ਤਾਂ ਕੀ ਤੁਹਾਡੇ ਮਾਂ-ਪਿਓ, ਭੈਣ ਭਰਾ ਵੀ ਰੋ-ਰੋ ਕੇ ਮਰ ਜਾਣਗੇ। ਆਉਣ ਵਾਲ਼ੀ ਔਲ਼ਾਦ ਵੀ ਰੋਂਦੀ ਰਹੇਗੀ। ਉਂਝ ਸ਼ਰਫ਼ਦੀਨ ਬੰਦਾ ਤਾਂ ਸਿਆਣਾ ਸੀ। ਉਹ ਜੋ ਕਹਿੰਦਾ, ਸੱਚ ਹੋ ਜਾਂਦਾ। ਬਸ ਉਹਦੀ ਇੱਕ ਗੱਲ ਸੱਚੀ ਸਾਬਿਤ ਨਾ ਹੋ ਸਕੀ।” ਬਾਬਾ ਉਦਾਸ ਹੋ ਗਿਆ ਸੀ।
“ਉਹ ਕਿਹੜੀ?” ਉਤਾਵਲੇ ਹੁੰਦਿਆਂ ਪੁੱਛਿਆ ਸੀ ਮੈਂ।
“ਜਦੋਂ ਅਸੀਂ ਲੁੱਟ-ਪੁੱਟ ਕੇ ਪਿੰਡ ਮੁੜੇ ਤਾਂ ਅਸੀਂ ਅੰਦਰੋਂ-ਬਾਹਰੋਂ ਟੁੱਟੇ ਹੋਏ ਸਾਂ। ਸ਼ਰਫ਼ਦੀਨ ਨੇ ਬੜਾ ਹੌਸਲਾ ਦਿੱਤਾ। ਸਾਡੇ ਲਈ ਰਾਸ਼ਣ-ਪਾਣੀ ਦਾ ਵੀ ਇੰਤਜ਼ਾਮ ਕੀਤਾ। ਸਾਨੂੰ ਮੁੜ ਤੋਂ ਜਿਉਣ ਜੋਗੇ ਕਰ ਦਿੱਤਾ। ਮੈਨੂੰ ਕਹਿਣ ਲੱਗਾ- ਦਰਸ਼ਣਾ ਕੰਨ ਸਲਾਮਤ ਨੇ ਨਾ ਤੇਰੇ, ਤੂੰ ਨੱਤੀਆਂ ਦਾ ਵਿਗੋਚਾ ਨਾ ਕਰ। ਬੜੀ ਜ਼ਿੰਦਗੀ ਪਈ ਏ ਸੋਹਣਿਆ। ਮਿਹਨਤ ਕਰੀਂ, ਬੜੀਆਂ ਨੱਤੀਆਂ ਮਿਲਣਗੀਆਂ ਤੈਨੂੰ। ਮਿਹਨਤ ਵੀ ਬੜੀ ਕੀਤੀ। ਜ਼ਿੰਦਗੀ ਵੀ ਕਿਨਾਰੇ ਲੱਗੀ ਪਈ ਏ। ਪੌਣੀ ਸਦੀ ਬੀਤ ਗਈ ਏ ਉਸ ਗੱਲ ਨੂੰ। ਅੱਜ ਤੱਕ ਕੰਨ ਉਵੇਂ ਨੇ, ਸੱਖਣੇ ਦੇ ਸੱਖਣੇ। ਹੁਣ ਤਾਂ ਲੱਗਦੈ, ਇਹ ਇਉਂ ਸੱਖਣੇ ਹੀ ਜਾਣਗੇ ਸਿਵਿਆਂ ਨੂੰ!” ਬਾਬੇ ਦਰਸ਼ਣ ਨੇ ਖ਼ਾਲੀ ਕੰਨਾਂ ’ਤੇ ਹੱਥ ਫੇਰਦਿਆਂ ਦਰਦੀਲਾ ਜਿਹਾ ਹਾਸਾ ਹੱਸਿਆ ਸੀ।

Leave a Reply

Your email address will not be published. Required fields are marked *