ਨਾ ਜੰਗ ਨਾ ਅਮਨ: ਮੱਧ ਪੂਰਬ ਦੇ ਲੋਕਾਂ ਦੀ ਜਿੰਦ ਸੂਲੀ ਟੰਗੀ ਸੀਜ਼ਫਾਇਰ ਨੇ

ਖਬਰਾਂ ਵਿਚਾਰ-ਵਟਾਂਦਰਾ

ਜਸਵੀਰ ਸਿੰਘ ਸ਼ੀਰੀ
ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਕਾਰ ਸੀਜ਼ਫਾਇਰ ਹੋਏ ਨੂੰ ਭਾਵੇਂ ਦੋ ਮਹੀਨੇ ਦਾ ਸਮਾਂ ਗੁਜ਼ਰ ਚੁੱਕਾ ਹੈ, ਪਰ ਇਸ ਖਿੱਤੇ ਦੇ ਮੁਲਕਾਂ ਦੀ ਜ਼ਿੰਦਗੀ ਹਾਲੇ ਵੀ ਲੀਹ ‘ਤੇ ਨਹੀਂ ਆਈ। ਅਮਰੀਕਾ-ਇਰਾਨ ਵਿਚਾਲੇ 8 ਅਪਰੈਲ ਨੂੰ 10 ਦਿਨਾਂ ਲਈ ਹੋਈ ਜੰਗਬੰਦੀ ਦੇ ਮਾਮਲੇ ਵਿੱਚ ਸਮਾਂ ਸੀਮਾ ਨੂੰ ਖੁਲ੍ਹਾ ਛੱਡ ਕੇ ਮੱਧ ਪੂਰਬੀ ਦੇਸ਼ਾਂ ਦੇ ਲੋਕਾਂ ਦੀ ਜਾਨ ਸੂਲੀ ‘ਤੇ ਲਟਕਾ ਦਿੱਤੀ ਗਈ ਹੈ। ਖਾਸ ਕਰਕੇ ਇਰਾਨ ਦੇ ਲੋਕਾਂ ਦੇ ਮਨਾਂ ਵਿਚਲਾ ਭੰਬਲਭੂਸਾ ਜਾਰੀ ਹੈ। ਯਾਦ ਰਹੇ, ਸੀਜ਼ਫਾਇਰ ਲਈ ਪਾਕਿਸਤਾਨ ਵਿੱਚ ਹੋਈ ਪਹਿਲੇ ਗੇੜ ਦੀ ਗੱਲਬਾਤ ਕਿਸੇ ਨਿਸ਼ਚਤ ਨਤੀਜੇ ‘ਤੇ ਨਹੀਂ ਸੀ ਪਹੁੰਚ ਸਕੀ, ਪਰ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਅਗਲੇ ਗੇੜ ਦੀ ਗੱਲਬਾਤ ਦੌਰਾਨ ਕੋਈ ਨਾ ਕੋਈ ਹਾਂ-ਮੁਖੀ ਨਤੀਜਾ ਸਾਹਮਣੇ ਆਉਣ ਦੀ ਆਸ ਪ੍ਰਗਟ ਕੀਤੀ ਸੀ।

ਅਸਲ ਵਿੱਚ ਇਹ ਪਹਿਲੇ ਗੇੜ ਦੀ ਗੱਲਬਾਤ ਇਸ ਕਾਰਨ ਬੇਸਿੱਟਾ ਰਹੀ ਸੀ ਕਿ ਇਰਾਨ ਦੇ 10 ਨੁਕਾਤੀ ਪ੍ਰੋਗਰਾਮ ‘ਤੇ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਅਮਰੀਕੀ-ਇਜ਼ਰਾਇਲੀ ਧਿਰ ਆਪਣੀਆਂ ਔਖੀਆਂ ਸ਼ਰਤਾਂ ‘ਤੇ ਮੁੜ ਅੜ ਖਲੋਤੀ ਸੀ। ਮੁੱਖ ਰੂਪ ਵਿੱਚ ਅਮਰੀਕਾ ਨੇ ਇਰਾਨ ਨੂੰ ਆਪਣਾ ਪ੍ਰਮਾਣੂ ਪ੍ਰੋਗਰਾਮ ਬੰਦ ਕਰਨ, ਸੋਧਿਆ ਹੋਇਆ ਸਾਡੇ ਚਾਰ ਸੌ ਕਿੱਲੋ ਯੂਰੇਨੀਅਮ ਉਨ੍ਹਾਂ ਦੇ ਹਵਾਲੇ ਕਰਨ, ਹੌਰਮੂਜ਼ ਲਾਂਘਾ ਤੁਰੰਤ ਖੋਲ੍ਹਣ ਅਤੇ ਇਰਾਨੀ ਬਲਿਸਟਿਕ ਮਿਜ਼ਾਈਲ ਪ੍ਰੋਗਰਾਮ ਬੰਦ ਕਰਨ ‘ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਸੀ। ਇਰਾਨ ਨੇ ਇਹ ਚਾਰੇ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਰਾਨ ਭਾਵੇਂ ਆਪਣਾ ਪ੍ਰਮਾਣੂ ਪ੍ਰੋਗਰਾਮ 5 ਸਾਲਾਂ ਲਈ ਮੁਲਤਵੀ ਕਰਨ ਲਈ ਰਾਜ਼ੀ ਸੀ, ਪਰ ਉਸ ਨੇ ਇਸ ਨੂੰ ਪੱਕੇ ਤੌਰ ‘ਤੇ ਤਿਆਗਣ ਤੋਂ ਇਨਕਾਰ ਕਰ ਦਿੱਤਾ ਹੈ। ਇਰਾਨ ਦੀ ਦਲੀਲ ਸੀ ਕਿ ਉਨ੍ਹਾਂ ਉੱਤੇ ਲਗਾਈਆਂ ਗਈਆਂ ਆਰਥਕ ਪਾਬੰਦੀਆਂ ਨੂੰ ਹਟਾਇਆ ਜਾਵੇ ਅਤੇ ਅਮਰੀਕਾ ਸਮੇਤ ਕਈ ਮੁਲਕਾਂ ਵੱਲੋਂ ਜਬਤ ਕੀਤੀ ਗਈ ਇਰਾਨ ਦੀ ਅਰਬਾਂ ਡਾਲਰ ਦੀ ਰਾਸ਼ੀ ਨੂੰ ਰਿਲੀਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਇਰਾਨ ਨੇ ਇਹ ਸ਼ਰਤ ਵੀ ਰੱਖੀ ਕਿ ਉਸ ‘ਤੇ 28 ਫਰਵਰੀ ਨੂੰ ਕੀਤੇ ਗਏ ਹਮਲੇ ਤੋਂ ਬਾਅਦ ਹੋਏ ਨੁਕਸਾਨ ਦੀ ਭਰਪਾਈ (ਮੁਆਵਜ਼ਾ) ਕੀਤੀ ਜਾਵੇ। ਇਰਾਨ ਦੀਆਂ ਇਨ੍ਹਾਂ ਮੰਗਾਂ ‘ਤੇ ਅਮਰੀਕਾ ਨੇ ਕੰਨ ਧਰਨ ਤੋਂ ਇਨਕਾਰ ਕਰ ਦਿੱਤਾ। ਅਸਲ ਵਿੱਚ ਹੁਣ ਤੱਕ ਦੇ ਸੀਜ਼ਫਾਇਰ ਦੌਰਾਨ ਦੋਵੇਂ ਧਿਰਾਂ ਇੱਕ-ਦੂਜੇ ਦੀਆਂ ਸ਼ਰਤਾਂ ਨਜ਼ਰ ਅੰਦਾਜ਼ ਕਰਕੇ ਅੱਗੇ ਵਧਣ ਦਾ ਯਤਨ ਕਰ ਰਹੀਆਂ ਹਨ। ਜਾਂ ਕਹੋ ਕਿ ਦੋਨੋਂ ਪੱਖ ਇੱਕ-ਦੂਜੇ ‘ਤੇ ਆਪਣੀਆਂ ਸ਼ਰਤਾਂ ਲੱਦਣ ਦਾ ਯਤਨ ਕਰ ਰਹੇ ਹਨ। ਇਸ ਤਰ੍ਹਾਂ ਦੋਹਾਂ ਧਿਰਾਂ ਵੱਲੋਂ ਕਿਆਸੋਂ ਵਧਵੀਆਂ ਸ਼ਰਤਾਂ ਨੇ ਗੱਲ ਕਿਸੇ ਕੰਢੇ ਲੱਗਣ ਤੋਂ ਰੋਕ ਦਿੱਤੀ ਹੈ। ਪਹਿਲੇ ਗੇੜ ਦੀ ਗੱਲਬਾਤ ਤੋਂ ਬਾਅਦ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਸੀ ਕਿ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ, ਪਰ ਗੱਲਬਾਤ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਾਕਿਸਤਾਨ ਨੇ ਸੀਜ਼ਫਾਇਰ ਦੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਦੂਜੇ ਗੇੜ ਦੀ ਗੱਲਬਾਤ ਕਰਵਾਉਣ ਦੀ ਪੂਰੀ ਵਾਹ ਲਾਈ, ਪਰ ਇਸ ਵਾਰ ਇਰਾਨ ਵਾਰਤਾ ਤੋਂ ਪੂਰੀ ਤਰ੍ਹਾਂ ਮੁਕਰੀ ਖਾ ਗਿਆ। ਅਸਲ ਵਿੱਚ ਜਦੋਂ ਪਹਿਲੇ ਗੇੜ ਦੀ ਗੱਲਬਾਤ ਚੱਲ ਰਹੀ ਸੀ ਤਾਂ ਅਮਰੀਕਾ ਦੇ ਇੱਕ ਅਖ਼ਬਾਰ ਵਿੱਚ ਇੱਕ ਪੱਤਰਕਾਰ/ਵਿਦਵਾਨ ਦਾ ਲੇਖ ਛਪ ਗਿਆ, ਜਿਸ ਵਿੱਚ ਪਾਕਿਸਤਾਨ ਤੋਂ ਵਾਪਸ ਪਰਤ ਰਹੀ ਸਮੁੱਚੀ ਇਰਾਨੀ ਲੀਡਰਸ਼ਿੱਪ ਨੂੰ ਮਾਰ ਦੇਣ ਦੀ ਦਲੀਲ ਦਿੱਤੀ ਗਈ ਸੀ। ਇਸੇ ਲਈ ਪਾਕਿਸਤਾਨ ਤੋਂ ਵਾਪਸ ਪਰਤਦਿਆਂ ਇਰਾਨ ਦੇ ਕਈ ਆਗੂ ਜ਼ਮੀਨੀ ਰੂਟ ਰਾਹੀਂ ਵਾਪਸ ਪਰਤੇ ਸਨ।
ਇਜ਼ਰਾਇਲ ਅਤੇ ਅਮਰੀਕਾ ਵਿਚਲੀ ਜੀਓਨਿਸਟ ਲਾਬੀ ਵਿਰੋਧੀ ਸਿਆਸੀ ਆਗੂਆਂ ਤੇ ਪੱਤਰਕਾਰਾਂ ਜਾਂ ਬੁੱਧੀਜੀਵੀਆਂ ਅਤੇ ਆਮ ਲੋਕਾਂ ਨੂੰ ਮਾਰਨ ਵਿੱਚ ਰੱਤੀ ਭਰ ਵੀ ਗੁਰੇਜ਼ ਨਹੀਂ ਕਰਦੀ। ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਇਜ਼ਰਾਇਲ ਅੱਜ ਸਾਰੇ ਅੰਤਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੀ ਹੋਂਦ ਨੂੰ ਕਾਇਮ ਰੱਖਣ ਦਾ ਯਤਨ ਕਰ ਰਿਹਾ ਹੈ। ਨੇਤਨਯਾਹੂ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਹੈ ਅਤੇ ਅੰਤਰਰਾਸ਼ਟਰੀ ਅਦਾਲਤ ਨੇ ਉਸ ਨੂੰ ਵਾਰੰਟਡ ਕਰਾਰ ਦਿੱਤਾ ਹੋਇਆ ਹੈ। ਕਈ ਯੂਰਪੀਅਨ ਮੁਲਕਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਵੀ ਕੀਤਾ ਹੋਇਆ ਹੈ। ਡੋਨਾਲਡ ਟਰੰਪ ਅਤੇ ਨੇਤਨਯਾਹੂ ਦੀਆਂ ਲਿੱਚ-ਗੜਿੱਚੀਆਂ ਨੇ ਇਰਾਨ ਨੂੰ ਵੀ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਜੰਗਬੰਦੀ ਦਾ ਇਹ ਦੂਜਾ ਦੌਰ ਵੀ ਅਮਰੀਕਾ ਅਤੇ ਇਜ਼ਰਾਇਲ ਦਾ ਟੈਕਟੀਕਲ ਪਾਜ਼ ਹੀ ਹੈ।
ਇਸ ਦੌਰਾਨ ਇਨ੍ਹਾਂ ਮੁਲਕਾਂ ਵੱਲੋਂ ਆਪਣੇ ਹਥਿਆਰਾਂ ਦੇ ਭੰਡਾਰ ਨਵਿਆਏ ਜਾ ਰਹੇ ਹਨ। ਇਰਾਨ ਦੇ ਦੁਆਲੇ 16-17 ਸਮੁੰਦਰੀ ਬੇੜੇ ਘੇਰਾ ਪਾਈ ਖੜ੍ਹੇ ਹਨ। ਇਰਾਨ ਦੇ ਤੇਲ ਐਕਸਪੋਰਟ ਨੂੰ ਤਬਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਰਾਨ ਦੁਆਲੇ ਦੁਸ਼ਮਣਾਂ ਦੀਆਂ ਫੌਜੀ ਪਲਟਣਾਂ ਦੀ ਗਿਣਤੀ ਵਧ ਰਹੀ ਹੈ। ਇਸ ਨੂੰ ਵੇਖਦਿਆਂ ਬੀਤੇ ਦਿਨੀਂ ਰੂਸ ਨੇ ਕਿਹਾ ਸੀ ਕਿ ਇਰਾਨ ਅਮਰੀਕਾ ਦੇ ਚੱਕਰਵਿਊ ਵਿੱਚ ਫਸ ਚੁੱਕਾ ਹੈ। ਲਗਦਾ ਇੰਜ ਹੈ ਕਿ ਇਜ਼ਰਾਇਲ ਅਤੇ ਅਮਰੀਕਾ ਇੱਕ ਵਾਰ ਹੋਰ ਇਰਾਨੀ ਲੀਡਰਸ਼ਿੱਪ ਦੇ ਸਮੂਹਿਕ ਖਾਤਮੇ ਦਾ ਯਤਨ ਕਰ ਸਕਦੇ ਹਨ। ਇਜ਼ਰਾਇਲ ਦੀ ਸਮੱਸਿਆ ਇਹ ਹੈ ਕਿ ਉਹ ਅਮਰੀਕਾ ਦੀ ਹਮਾਇਤ ਤੋਂ ਬਿਨਾ ਕਿਸੇ ਜਾਨਦਾਰ ਮੁਲਕ ‘ਤੇ ਹਮਲਾ ਕਰਨ ਦੇ ਸਮਰੱਥ ਨਹੀਂ ਹੈ। ਆਪਣੀ ਖੁਫੀਆ ਏਜੰਸੀ ਮੋਸਾਦ ਰਾਹੀਂ ਇਹ ਕਿਸੇ ਮੁਲਕ ਦੀ ਚੋਟੀ ਦੀ ਲੀਡਰਸ਼ਿਪ ਨੂੰ ਲੁਕ ਛਿਪ ਕੇ ਮਾਰਨ, ਮਾਰਨ ਦੀ ਸਾਜ਼ਿਸ਼ ਘੜਨ ਅਤੇ ਨਵੇਂ ਨਵੇਂ ਤਰੀਕਿਆਂ (ਇਨੋਵੇਟਿਵ ਢੰਗ) ਨਾਲ ਹਮਲੇ ਕਰਨ ਦੇ ਸਮਰੱਥ ਹੈ। ਮੋਸਾਦ ਦੀ ਇਸ ਸਮਰੱਥਾ ਤੋਂ ਇੱਥੋਂ ਤੱਕ ਕਿ ਅਮਰੀਕਾ ਦੀ ਖੁਦ ਦੀ ਲੀਡਰਸ਼ਿੱਪ ਵੀ ਤ੍ਰਹਿੰਦੀ ਹੈ। ਬੀਤੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਵਿੱਚ ਡੋਨਾਲਡ ਟਰੰਪ ‘ਤੇ ਹੋਏ ਹਮਲੇ ਦੇ ਦੋਸ਼ ਵੀ ਮੋਸਾਦ ‘ਤੇ ਲੱਗੇ ਸਨ। ਹਮਲਾ ਕਰਨ ਵਾਲਾ ਨੌਜਵਾਨ ਇੱਕ ਯਹੂਦੀ ਇੰਜੀਨੀਅਰ ਸੀ। ਉਸ ਬਾਰੇ ਬਾਅਦ ਵਿੱਚ ਕੋਈ ਉੱਘ-ਸੁੱਘ ਨਹੀਂ ਨਿਕਲੀ। ਇਸ ਨੂੰ ਅਮਰੀਕਾ ਅਤੇ ਇਰਾਨ ਵਿਚਾਲੇ ਹੋਣ ਵਾਲੇ ਸੰਭਾਵਤ ਸਮਝੌਤੇ ਨੂੰ ਰੋਕਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਇਜ਼ਰਾਇਲ ਦੀ ਜਿਓ-ਪੁਲਿਟੀਕਲ ਹਸਤੀ ਫਿਰ ਵੀ ਅਮਰੀਕੀ ਹਮਾਇਤ ਤੋਂ ਬਿਨਾ ਸੰਭਵ ਨਹੀਂ। ਇਸ ਤੋਂ ਇਲਾਵਾ ਦੋਹਾਂ ਮੁਲਕਾਂ ਦੇ ਆਗੂ ਆਪੋ ਆਪਣੇ ਮੁਲਕਾਂ ਅਤੇ ਆਪੋ ਆਪਣੀਆਂ ਪਾਰਟੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰ ਰਹੇ ਹਨ। ਦੋਨੋਂ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਨਵੰਬਰ ਵਿੱਚ ਅਮਰੀਕੀ ਪ੍ਰਤੀਨਿਧੀ ਸਦਨ ਦੀਆਂ ਮੱਧਵਰਤੀ ਚੋਣਾਂ ਹੋਣ ਜਾ ਰਹੀਆਂ। ਇਨ੍ਹਾਂ ਵਿੱਚ ਹਾਰ ਡੋਨਾਲਡ ਟਰੰਪ ਲਈ ਗੰਭੀਰ ਸੰਕਟ ਖੜ੍ਹਾ ਕਰ ਸਕਦੀ ਹੈ। ਅਮਰੀਕਾ ਵੱਲੋਂ ਇਰਾਨ ਖਿਲਾਫ ਜੰਗ ਦੇ ਹੱਕ ਵਿੱਚ ਇਸ ਦੇਸ਼ ਦੇ ਸਿਰਫ 33 ਫੀਸਦੀ ਲੋਕ ਹਨ। ਕਿਹਾ ਜਾ ਰਿਹਾ ਹੈ ਕਿ ਇਹ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਧ ਗੈਰ-ਪਾਪੂਲਰ ਜੰਗ ਹੈ। ਇਸ ਜੰਗ ਵਿੱਚ ਸਭ ਤੋਂ ਹਾਸੋਹੀਣੀ ਸਥਿਤੀ ਅਸਲ ਵਿੱਚ ਇਸਲਾਮਿਕ ਦੇਸ਼ ਅਖਵਾਉਣ ਵਾਲੇ ਖਾੜੀ ਮੁਲਕਾਂ ਦੀ ਬਣੀ ਹੋਈ ਹੈ। ਇਹ ਮੁਲਕ ਦਿਨ ਵੇਲੇ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ‘ਤੇ ਹੋਣ ਵਾਲੇ ਹਮਲਿਆ ਦਾ ਰਸਮੀ ਜਿਹਾ ਵਿਰੋਧ ਕਰਦੇ ਹਨ, ਜਦਕਿ ਰਾਤਾਂ ਨੂੰ ਦੋਨੋਂ ਇਰਾਨ ‘ਤੇ ਕੀਤੇ ਜਾਣ ਵਾਲੇ ਹਵਾਈ ਹਮਲਿਆਂ ਲਈ ਆਪਣੀਆਂ ਹਵਾਈ ਪੱਟੀਆਂ ਹਮਲਾਵਰ ਮੁਲਕਾਂ ਦੇ ਹਵਾਲੇ ਕਰਦੇ ਹਨ। ਇਨ੍ਹਾਂ ਮੁਲਕਾਂ ਦੀ ਹਾਲਤ ਦੁਬਿਧਾ ਭਰੀ ਹੈ। ਕਦੀ ਚੀਨ ਅਤੇ ਰੂਸ ਜਿਹੇ ਮੁਲਕਾਂ ਦੀ ਚੜ੍ਹ ਰਹੀ ਸ਼ਕਤੀ ਵੱਲ ਵੇਖਦੇ ਹਨ ਤੇ ਕਿਧਰੇ ਪੁਰਾਣੀ ਮਹਾਂਸ਼ਕਤੀ ਤੋਂ ਆਪਣੀ ਸੁਰੱਖਿਆ ਦੀ ਆਸ ਬਣਾਈ ਰੱਖਣ ਦਾ ਯਤਨ ਕਰਨ ਲਗਦੇ ਹਨ, ਜਿਸ ਵਿੱਚ ਕਿ ਅਮਰੀਕਾ ਪਹਿਲਾਂ ਹੀ ਅਸਫਲ ਰਿਹਾ ਹੈ। ਹੌਰਮੂਜ਼ ਦਾ ਕੰਟਰੋਲ ਹਾਲੇ ਵੀ ਇਰਾਨ ਦੇ ਹੱਥ ਵਿੱਚ ਹੈ। ਉੱਪਰ ਦੀਂ ਅਮਰੀਕਾ ਇਰਾਨ ਦੀਆਂ ਬੰਦਰਗਾਹਾਂ ਅਤੇ ਹੌਰਮੂਜ਼ ਨੂੰ ਘੇਰਾ ਪਾਈ ਬੈਠਾ ਹੈ। ਚੀਨ ਅਤੇ ਰੂਸ ਦੇ ਤਾਰਪੀਡੋ ਅਤੇ ਪਣਡੁੱਬੀਆਂ ਤੀਹਰਾ ਘੇਰਾ ਅਮਰੀਕੀ ਫੌਜਾਂ ਦੁਆਲੇ ਘੱਤ ਰਹੀਆਂ ਹਨ। ਇਸ ਹਾਲਤ ਵਿੱਚ ਇਸ ਲੜਾਈ ਦੇ ਮੁੜ ਛਿੜ ਜਾਣ ਦੇ ਖਤਰੇ ਕਾਇਮ ਹਨ। ਜੇ ਇਹ ਜੰਗ ਇੱਕ ਵਾਰ ਫਿਰ ਛਿੜ ਜਾਂਦੀ ਹੈ ਤਾਂ ਇਸ ਦਾ ਘੇਰਾ ਮੱਧ ਏਸ਼ੀਆ ਤੱਕ ਸੀਮਤ ਨਹੀਂ ਰਹੇਗਾ। ਨੇਤਨਯਾਹੂ ਦੀ ਬਿਮਾਰ ਜ਼ਿੱਦ ਇਸ ਨੂੰ ਸੰਸਾਰ ਜੰਗ ਵਿੱਚ ਵੀ ਬਦਲ ਸਕਦੀ ਹੈ।

Leave a Reply

Your email address will not be published. Required fields are marked *