ਅਸ਼ਵਨੀ ਚਤਰਥ
ਫੋਨ:+91-6284220595
ਦੁਨੀਆ ਉੱਤੇ ਅਜਿਹੇ ਲੋਕਾਂ ਦੀਆਂ ਵਿਰਲੀਆਂ ਹੀ ਉਦਾਹਰਨਾਂ ਮਿਲਦੀਆਂ ਹਨ, ਜੋ ਨਿੱਕੀ ਉਮਰੇ ਆਪਣੇ ਕੀਤੇ ਮਹਾਨ ਕੰਮਾਂ ਕਰਕੇ ਦੂਜੇ ਲੋਕਾਂ ਲਈ ਪ੍ਰੇਰਨਾਸ੍ਰੋਤ ਬਣਦੇ ਹਨ। ਅਜਿਹੀ ਹੀ ਇੱਕ ਵਿਲੱਖਣ ਮਿਸਾਲ ਹੈ ਵਾਤਾਵਰਨ ਦੇ ਖੇਤਰ ’ਚ ਕੰਮ ਕਰ ਰਹੀ ਸਵੀਡਨ ਦੀ 21 ਸਾਲ ਦੀ ਲੜਕੀ ਗਰੇਟਾ ਥਨਬਰਗ ਦੀ। ਉਸ ਨੇ ਵਾਤਾਵਰਨ ਵਿੱਚ ਆ ਰਹੇ ਵਿਗਾੜ ਪ੍ਰਤੀ ਸੰਸਾਰ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ।
ਗਰੇਟਾ ਦਾ ਜਨਮ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਸੰਨ 2003 ਦੀ 3 ਜਨਵਰੀ ਨੂੰ ਹੋਇਆ ਸੀ। ਉਸ ਦੇ ਪਿਤਾ ਸਵਾਂਤੇ ਥਨਬਰਗ, ਇੱਕ ਕਲਾਕਾਰ ਅਤੇ ਮਾਤਾ ਮਲੇਨਾ ਅਰਮਨ ਇੱਕ ਗਾਇਕਾ ਹੈ। ਅੱਠ ਸਾਲ ਦੀ ਛੋਟੀ ਉਮਰ ਵਿੱਚ ਹੀ ਗਰੇਟਾ ਦੇ ਮਨ ਵਿੱਚ ਵਾਤਾਵਰਨ ਅੰਦਰ ਆਏ ਵਿਗਾੜ ਪ੍ਰਤੀ ਸੰਵੇਦਨਸ਼ੀਲਤਾ ਉਤਪੰਨ ਹੋ ਗਈ ਸੀ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਬੱਚੇ ਹਾਲੇ ਚੰਗੀ ਤਰ੍ਹਾਂ ਖੇਡਣਾ ਹੀ ਸਿੱਖਦੇ ਹਨ। ਪੰਦਰਾਂ ਸਾਲ ਦੀ ਉਮਰ ਵਿੱਚ ਗਰੇਟਾ ਦੇ ਮਨ ਵਿੱਚ ਵਾਤਾਵਰਨ ਦੇ ਵਿਸ਼ੇ ਪ੍ਰਤੀ ਜਗਿਆਸਾ ਜਾਗੀ ਅਤੇ ਉਸ ਨੇ ਵੇਖਿਆ ਕਿ ਮਨੁੱਖ ਦੇ ਆਧੁਨਿਕ ਜੀਵਨ ਢੰਗ ਕਾਰਨ ਕਾਰਬਨ ਦੀ ਨਿਕਾਸੀ ਨਾਲ ਵਾਤਾਵਰਨ ਵਿੱਚ ਪ੍ਰਦੂਸ਼ਣ ਫੈਲਾ ਰਿਹਾ ਹੈ। ਵਾਤਾਵਰਨ ਵਿੱਚ ਸੁਧਾਰ ਲਿਆਉਣ ਲਈ ਉਸ ਨੇ ਆਪਣੇ ਸੰਘਰਸ਼ ਦੀ ਸ਼ੁਰੂਆਤ ਘਰ ਤੋਂ ਹੀ ਕੀਤੀ ਸੀ। ਉਸ ਨੇ ਆਪਣੇ ਪਰਿਵਾਰ ਨੂੰ ਸ਼ਾਕਾਹਾਰੀ ਭੋਜਨ ਦੀ ਵਰਤੋਂ ਕਰਨਾ, ਆਵਾਜਾਈ ਲਈ ਸਾਈਕਲ ਦੀ ਵਰਤੋਂ ਕਰਨਾ ਅਤੇ ਜਹਾਜ਼ ਦੀ ਵਰਤੋਂ ਛੱਡਣ ਲਈ ਪ੍ਰੇਰਿਆ ਸੀ।
ਗਰੇਟਾ ਨੇ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ 20 ਅਗਸਤ 2018 ਵਿੱਚ ਸਕੂਲ ਵਿੱਚ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਉਸ ਨੇ ਸਵੀਡਨ ਦੀ ਪਾਰਲੀਮੈਂਟ ਅੱਗੇ ਵਿਰੋਧ ਪ੍ਰਦਰਸ਼ਨ ਕਰਕੇ ਸਰਕਾਰ ਨੂੰ 2015 ਵਿੱਚ ਹੋਏ ‘ਪੈਰਿਸ ਸਮਝੌਤੇ’ ਦੀ ਪਾਲਣਾ ਕਰਨ ਲਈ ਮਜਬੂਰ ਕਰ ਦਿੱਤਾ ਸੀ। ਇਹ ਸਮਝੌਤਾ ਵਾਤਾਵਰਨ ਵਿੱਚ ਪੈਦਾ ਹੋਈਆਂ ਗੜਬੜੀਆਂ ਨੂੰ ਸੁਧਾਰਨ ਲਈ ਕੀਤਾ ਗਿਆ ਸੀ। ਵਾਤਾਵਰਨ ਦੇ ਵਿਸ਼ੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰ ਦੇਸ਼ਾਂ, ਖਾਸ ਕਰਕੇ ਯੂਰਪ ਦੇ ਲੋਕ ਉਸ ਦੀ ਲਹਿਰ ਨਾਲ ਜੁੜਦੇ ਗਏ ਸਨ। ਫਿਰ ਗਰੇਟਾ ਨੇ ਫ਼ਰਾਈਡੇ ਫ਼ਾਰ ਫ਼ਿਊਚਰ ਭਾਵ ‘ਬੇਹਤਰ ਭਵਿੱਖ ਲਈ ਸ਼ੁੱਕਰਵਾਰ’ ਨਾਂ ਦੀ ਲਹਿਰ ਚਲਾਈ ਸੀ, ਜਿਸ ਵਿੱਚ ਹਰ ਸ਼ੁੱਕਰਵਾਰ ਉਸ ਨੇ ਵੱਖ-ਵੱਖ ਦੇਸ਼ਾਂ ਦੇ ਸ਼ਾਸਕਾਂ ਨੂੰ ਜਾਗਰੂਕ ਕਰਨ ਲਈ ਧਰਨੇ ਦੇਣੇ ਸ਼ੁਰੂ ਕੀਤੇ ਸਨ। ਪੂਰੇ ਵਿਸ਼ਵ ਦੇ ਕਰੋੜਾਂ ਲੋਕ ਉਸ ਦੀ ਮੁਹਿੰਮ ਨਾਲ ਜੁੜ ਚੁੱਕੇ ਹਨ। ਲੋਕਾਂ ਨੂੰ ਸੇਧ ਦੇਣ ਲਈ ਉਹ ਆਪ ਵੀ ਲੰਮੇ ਤੋਂ ਲੰਮਾ ਸਫਰ ਵੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਕਿਸ਼ਤੀ ਵਿੱਚ ਤੈਅ ਕਰਦੀ ਹੈ।
ਵਾਤਾਵਰਨ ਪ੍ਰਤੀ ਉਸ ਦੀ ਵਚਨਬੱਧਤਾ ਨਾਲ ਸਹਿਮਤੀ ਪ੍ਰਗਟਾਉਂਦਿਆਂ ‘ਸੰਯੁਕਤ ਰਾਸ਼ਟਰ ਸੰਘ’ ਦੇ ਸਕਤੱਰ ਜਨਰਲ ਐਨਟੋਨਿਓ ਗੁਟਰੇਸ ਨੇ ਕਿਹਾ ਸੀ ਕਿ ਪ੍ਰੌੜ੍ਹ ਉਮਰ ਦੀ ਪੀੜ੍ਹੀ ਆਪਣੀਆਂ ਜ਼ਿੰਮੇਵਾਰੀਆਂ ਤਾਂ ਠੀਕ ਤਰ੍ਹਾਂ ਨਹੀਂ ਨਿਭਾਅ ਸਕੀ ਹੈ, ਪਰ ਗਰੇਟਾ ਵਰਗੇ ਨੌਜਵਾਨਾਂ ਕੋਲੋਂ ਉਮੀਦ ਦੀ ਕਿਰਨ ਜ਼ਰੂਰ ਨਜ਼ਰ ਆ ਰਹੀ ਹੈ।
ਗਰੇਟਾ ਦੁਆਰਾ ਦੁਨੀਆਂ ਦੇ ਲੋਕਾਂ ਨੂੰ ਵਾਤਾਵਰਨ ਵਿੱਚ ਆ ਰਹੇ ਵਿਗਾੜ ਪ੍ਰਤੀ ਜਾਗਰੂਕ ਕਰਨ ਲਈ ਉਸ ਨੂੰ ਤਕਰੀਬਨ ਡੇਢ ਦਰਜਨ ਅਵਾਰਡ ਮਿਲ ਚੁਕੇ ਹਨ। ਇਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਹਨ:
•ਚਿਲਡਰਨ ਕਲਾਈਮੇਟ ਪਰਾਈਜ਼
•‘ਸਵੀਡਿਸ਼ ਵਿਮੈਨ ਆਫ਼ ਦਿ ਯੀਅਰ’ (2019)
•ਗੋਲਡਨ ਕਾਮੇਰਾ ਅਵਾਰਡ
•ਨਾਰਵੇ ਦਾ ‘ਫਰਿਟ ਓਰਡਸ ਪਰਾਈਜ਼’
•‘ਅੰਬੈਸਡਰ ਆਫ਼ ਕਾਨਸ਼ਿਅਸ’ ਅਵਾਰਡ (2019)
•‘ਰਾਈਟ ਲਾਈਵਲੀਹੁੱਡ’ ਅਵਾਰਡ (2019)
•ਟਾਈਮ ਮੈਗਜ਼ੀਨ ਦੁਆਰਾ ‘ਪਰਸਨ ਆਫ਼ ਦਿ ਯੀਅਰ’
•‘ਡਾਕਟਰ ਆਫ਼ ਲਾਅ’ (2021)
•‘ਡਾਕਟਰ ਆਫ਼ ਥਿਆਲੋਜੀ’ (2023)
•ਇੰਟਰਨੈਸ਼ਨਲ ਚਿਲਡਰਨ ਪੀਸ ਪ੍ਰਾਈਜ਼ (2019)
2019 ਤੋਂ ਲੈ ਕੇ ਹੁਣ ਤੱਕ ਪੰਜ ਵਾਰ ਉਸ ਨੂੰ ‘ਨੋਬਲ ਸ਼ਾਂਤੀ ਪੁਰਸਕਾਰ’ ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਨੇੜੇ ਭਵਿੱਖ ਵਿੱਚ ਗਰੇਟਾ ਨੂੰ ਉਸ ਦੇ ਕੰਮਾਂ ਬਦਲੇ ਨੋਬਲ ਸ਼ਾਂਤੀ ਪੁਰਸਕਾਰ ਜ਼ਰੂਰ ਪ੍ਰਾਪਤ ਹੋਏਗਾ, ਭਾਵੇਂ ਕਿ ਉਸ ਦਾ ਟੀਚਾ ਇਨਾਮ ਲੈਣਾ ਨਹੀਂ ਸਗੋਂ ਵਾਤਾਵਰਨ ਵਿੱਚ ਸੁਧਾਰ ਲਿਆਉਣਾ ਹੈ। ਗਰੇਟਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਹੁਣ ਤੱਕ ਨਵੀਆਂ ਖੋਜੀਆਂ ਗਈਆਂ ਜੀਵਾਂ ਦੀਆਂ ਪੰਜ ਨਵੀਆਂ ਪ੍ਰਜਾਤੀਆਂ ਦੇ ਨਾਂ ਉਸ ਦੇ ਨਾਂ `ਤੇ ਰੱਖੇ ਗਏ ਹਨ। 9 ਜੂਨ 2025 ਦੀ ਇੱਕ ਘਟਨਾ ਵਿੱਚ ਗਰੇਟਾ ਥਨਬਰਗ ਗਾਜ਼ਾ ਪੱਟੀ ਦੇ ਪੀੜਤਾਂ ਪਰਿਵਾਰਾਂ ਲਈ ਮਨੁੱਖੀ ਸਹਾਇਤਾ ਲੈ ਕੇ ਜਾ ਰਹੀ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਗਾਜ਼ਾ ਜਾ ਰਹੀ ਸੀ ਤਾਂ ਇਜ਼ਰਾਇਲੀ ਫ਼ੌਜੀਆਂ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਅਗਲੇ ਦਿਨ ਉਸ ਨੂੰ ਇਸ ਇਲਾਕੇ ਵਿੱਚੋਂ ਕੱਢ ਕੇ ਫਰਾਂਸ ਭੇਜ ਦਿੱਤਾ ਗਿਆ ਸੀ।
ਸਾਲ 2019 ਵਿੱਚ ਉਸ ਨੇ ਸੰਯੁਕਤ ਰਾਸ਼ਟਰ ਸੰਘ ਦੀ ਕਲਾਈਮੇਟ ਸਮਿੱਟ ਸਾਹਮਣੇ ਨਿਊ ਯਾਰਕ ਵਿੱਚ ਦੁਨੀਆ ਦੇ ਨੇਤਾਵਾਂ ਨੂੰ ਲਲਕਾਰਦਿਆਂ ਆਖ ਦਿੱਤਾ ਸੀ, ‘ਤੁਸੀਂ ਆਪਣੇ ਖੋਖਲੇ ਭਾਸ਼ਨਾਂ ਨਾਲ ਮੇਰਾ ਬਚਪਨ ਅਤੇ ਮੇਰੇ ਸੁਪਨੇ ਚੋਰੀ ਕਰ ਲਏ ਹਨ, ਤੁਹਾਡੀ ਹਿੰਮਤ ਕਿਵੇਂ ਹੋਈ ਅਜਿਹਾ ਕਰਨ ਦੀ?’ ਉਸ ਨੇ ਹਵਾਈ ਸਫਰ ਨਾ ਕਰਕੇ ਸਮੁੰਦਰੀ ਸਫਰ ਕਰਕੇ ਲੋਕਾਂ ਨੂੰ ਕਾਰਬਨ ਦੀ ਨਿਕਾਸੀ ਨੂੰ ਘੱਟ ਕਰਨ ਦਾ ਪ੍ਰਯੋਗੀ ਸੰਦੇਸ਼ ਦਿੱਤਾ ਸੀ। ਉਹ ਆਪਣੀ ਓ.ਸੀ.ਡੀ. ਨਾਂ ਦੀ ਬਿਮਾਰੀ ਨੂੰ ਆਪਣੇ ਸਮਾਜਿਕ ਕੰਮਾਂ ਲਈ ਆਪਣੀ ਸੁਪਰ ਪਾਵਰ ਭਾਵ ਕਿ ਤਾਕਤ ਮੰਨਦੀ ਹੈ।
