*20 ਫੀਸਦੀ ਟੈਕਸ ਵਸੂਲੇਗਾ ਅਮਰੀਕਾ
*ਖਾੜੀ ਜੰਗ ਦੇ ਭਿਆਨਕ ਹੋਣ ਦੇ ਆਸਾਰ
ਪੰਜਾਬੀ ਪਰਵਾਜ਼ ਬਿਊਰੋ
ਸਟਰੇਟ ਆਫ ਹੌਰਮੂਜ਼ ਨੂੰ ਲੈ ਕੇ ਇਰਾਨ ਅਤੇ ਅਮਰੀਕਾ ਵਿਚਕਾਰ ਫਿਰ ਜੰਗ ਛਿੜ ਗਈ ਹੈ। ਬੀਤੇ ਕੁਝ ਦਿਨਾਂ ਵਿੱਚ ਅਮਰੀਕਾ ਨੇ ਇਰਾਨ ਅੰਦਰ ਵੱਖ-ਵੱਖ ਟਿਕਾਣਿਆਂ ‘ਤੇ 400 ਤੋਂ ਵੱਧ ਹਮਲੇ ਕੀਤੇ ਹਨ। ਇਨ੍ਹਾਂ ਵਿੱਚੋਂ ਬਹੁਤੇ ਇਰਾਨ ਦੇ ਖਾੜੀ ਪੱਤਣ ਦੇ ਨਾਲ ਨਾਲ ਇਰਾਨੀ ਆਧਾਰ ਢਾਂਚੇ ‘ਤੇ ਕੀਤੇ ਗਏ ਹਨ। ਤੇਲ ਦੀ ਸਪਲਾਈ ਲਈ ਮਹੱਤਵਪੂਰਨ ਇਰਾਨੀ ਜਜ਼ੀਰਿਆਂ ਨੂੰ ਵੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ।
ਅਮਰੀਕਾ ਵੱਲੋਂ ਇਹ ਹਮਲੇ ਫਾਈਟਰ ਜਹਾਜ਼ਾਂ, ਮਿਜ਼ਾਈਲਾਂ ਨਾਲ ਕੀਤੇ ਗਏ ਹਨ ਜਦਕਿ ਇਰਾਨ ਨੇ ਬਹਿਰੀਨ, ਕੁਵੈਤ ਅਤੇ ਜੌਰਡਨ ਵਿੱਚ ਅਮਰੀਕੀ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਹਨ। ਕੁਝ ਦਿਨ ਪਹਿਲਾਂ ਇਰਾਨ ਦੇ ਸੁਪਰੀਮ ਲੀਡਰ ਮੁਜ਼ਤਬਾ ਖੁਮੇਨੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਮਾਰ ਦੇਣ ਦੀ ਧਮਕੀ ਵੀ ਦਿੱਤੀ ਹੈ। ਇਸ ਤਰ੍ਹਾਂ ਇਰਾਨ ਅਤੇ ਅਮਰੀਕਾ ਵਿਚਕਾਰ ਦਸਤਖਤ ਹੋਇਆ ‘ਮੈਮੋਰੰਡਮ ਆਫ ਅੰਡਰਸਟੈਂਡਿੰਗ’ ਧਰਿਆ-ਧਰਾਇਆ ਰਹਿ ਗਿਆ ਹੈ। ਦੋਨੋ ਮੁਲਕ ਹੁਣ ਹੌਰਮੂਜ਼ ‘ਤੇ ਆਪੋ-ਆਪਣੀ ਸਰਦਾਰੀ ਸਥਾਪਤ ਕਰਨ ਲਈ ਗੁੱਥਮ-ਗੁੱਥਾ ਹੋ ਗਏ ਹਨ। ਅਮਰੀਕਾ ਨੇ ਇਰਾਨੀ ਟੈਂਕਰਾਂ ਸਮੇਤ ਇੱਥੋਂ ਗੁਜ਼ਰਨ ਵਾਲੇ ਹਰ ਕਿਸਮ ਦੇ ਟਰੈਫਿਕ ‘ਤੇ 20 ਫੀਸਦੀ ਟੈਕਸ ਲੈਣ ਦਾ ਫੈਸਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਅੱਜ ਤੋਂ ਅਮਰੀਕਾ ਹੌਰਮੂਜ਼ ਲਾਂਘੇ ਦਾ ‘ਐਂਜਲ ਗਾਰਡੀਅਨ’ ਹੈ।
ਹਾਲੇ ਦੋ ਦਿਨ ਪਹਿਲਾਂ ਇਰਾਨ ਕਹਿ ਕੇ ਹਟਿਆ ਹੈ ਕਿ ਅਮਰੀਕੀ ਹਮਲਿਆਂ ਦੇ ਮੱਦੇਨਜ਼ਰ ਸਟਰੇਟ ਆਫ ਹੌਰਮੂਜ਼ ਬੰਦ ਰਹੇਗਾ। ਦੂਜੇ ਪਾਸੇ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਸਟਰੇਟ ਆਫ ਹੌਰਮੂਜ਼ ਖੁਲ੍ਹਾ ਹੈ ਅਤੇ ਅਮਰੀਕਾ ਇਸ ਨੂੰ ਸੁਰੱਖਿਅਤ ਬਣਾਏਗਾ। ਇਰਾਨ ਦਾ ਆਖਣਾ ਹੈ ਕਿ ਜਦੋਂ ਤੱਕ ਸਥਿਤੀ ਸ਼ਾਂਤ ਨਹੀਂ ਹੋ ਜਾਂਦੀ, ਇਸ ਨੂੰ ਬੰਦ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਇਰਾਨ ਨੇ ਸਟਰੇਟ ਆਫ ਹੌਰਮੂਜ਼ ਵਿੱਚੋਂ ਉਸ ਨੂੰ ਪੁੱਛੇ ਬਗੈਰ ਗੁਜ਼ਰਨ ਵਾਲੇ ਸਮੁੰਦਰੀ ਟੈਂਕਰਾਂ ‘ਤੇ ਹਮਲੇ ਵੀ ਕੀਤੇ ਹਨ। ਇਹ ਜਹਾਜ਼ ਓਮਾਨ ਦੇ ਲਾਗੋਂ ਦੀ ਗੁਜ਼ਰ ਰਹੇ ਸਨ। ਇਸ ਦੇ ਵਿਰੋਧ ਵਿੱਚ ਖਾੜੀ ਨਾਲ ਲਗਦੇ ਇਰਾਨੀ ਟਿਕਾਣਿਆਂ ਤੇ ਅਮਰੀਕਾ ਨੇ ਹਵਾਈ ਅਤੇ ਮਿਜ਼ਾਈਲ ਹਮਲੇ ਕੀਤੇ ਹਨ। ਅਮਰੀਕਾ ਦਾ ਕਹਿਣਾ ਹੈ ਕਿ ਇਰਾਨ ਨੇ ‘ਮੈਮੋਰੰਡਮ ਆਫ ਅੰਡਰਸਟੈਂਡਿੰਗ’ ਦੀ ਉਲੰਘਣਾ ਕੀਤੀ ਹੈ, ਇਸ ਲਈ ਹੁਣ ਇਸ ਦੀ ਕੋਈ ਕੀਮਤ ਨਹੀਂ ਰਹੀ। ਯਾਦ ਰਹੇ, ਇਸ ਸਮਝੌਤੇ ਤਹਿਤ 60 ਦਿਨ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ।
ਅਮਰੀਕੀ ਸਦਰ ਡੋਨਾਲਡ ਟਰੰਪ ਨੇ ਆਪਣੇ ਬਿਆਨ ਵਿੱਚ ਆਖ ਦਿੱਤਾ ਹੈ ਕਿ ਸਟਰੇਟ ਆਫ ਹੌਰਮੂਜ਼ ਨੂੰ ਅਮਰੀਕਾ ਆਪਣੇ ਕਬਜ਼ੇ ਵਿੱਚ ਲਵੇਗਾ ਅਤੇ ਇੱਥੋਂ ਗੁਜ਼ਰਨ ਵਾਲੇ ਸਮੁੰਦਰੀ ਵਾਹਨਾਂ ਤੋਂ ਸੁਰੱਖਿਅਤ ਲਾਂਘਾ ਦੇਣ ਲਈ ਫੀਸ ਵਸੂਲ ਕਰੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆਂ ਦੀਆਂ ਅਮੀਰ ਕੌਮਾਂ ਕਿਉਂਕਿ ਉਨ੍ਹਾਂ ਵਾਲੇ ਪਾਸੇ ਹਨ, ਇਸ ਲਈ ਅਸੀਂ ਸੁਰੱਖਿਅਤ ਲਾਂਘਾ ਪ੍ਰਦਾਨ ਕਰਨ ਲਈ ਟੋਲ ਵਸੂਲ ਕਰਾਂਗੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅਮਰੀਕਾ ਮੁਫਤ ਵਿੱਚ ਏਡੀ-ਵੱਡੀ ਖੇਚਲ ਨਹੀਂ ਕਰੇਗਾ। ਸਪਸ਼ਟ ਹੈ ਕਿ ਅਮਰੀਕਾ ਇਜ਼ਰਾਇਲ ਨੂੰ ਪਾਸੇ ਰੱਖ ਕੇ ਸਟਰੇਟ ਆਫ ਹੌਰਮੂਜ਼ ਵਿੱਚ ਹੋਣ ਵਾਲੀ ਕਮਾਈ ਵਿੱਚੋਂ ਹਿੱਸਾ ਵੰਡਾਉਣਾ ਚਾਹੁੰਦਾ ਹੈ। ਦੋਹਾਂ ਧਿਰਾਂ ਵਿਚਕਾਰ ਮੌਜੂਦਾ ਝਗੜੇ ਦੀ ਜੜ੍ਹ ਹੁਣ ਸਟਰੇਟ ਆਫ ਹੌਰਮੂਜ਼ ਵਿੱਚੋਂ ਹੋਣ ਵਾਲੀ ਕਮਾਈ ਬਣ ਗਈ ਹੈ। ਇੱਥੋਂ ਤੱਕ ਕਿ ਜਰਮਨ, ਫਰਾਂਸ ਅਤੇ ਇੰਗਲੈਂਡ ਜਿਹੇ ਮੁਲਕ ਵੀ ਹੁਣ ਹੌਰਮੂਜ਼ ਨੂੰ ਆਪੋ-ਆਪਣੀ ਕਮਾਈ ਦਾ ਸਾਧਨ ਬਣਾਉਣ ਲਈ ਲਲਸਾਏ ਹੋਏ ਹਨ। ਦੂਜੇ ਪਾਸੇ ਚੀਨ ਅਤੇ ਰੂਸ ਸਟਰੇਟ ਆਫ ਹੌਰਮੂਜ਼ ‘ਤੇ ਇਰਾਨ ਅਤੇ ਓਮਾਨ ਦਾ ਹੱਕ ਤਸਲੀਮ ਕਰਦੇ ਹਨ। ਪਰ ਮੁਸੀਬਤ ਇਹ ਹੈ ਕਿ ਚਲਦੀ ਗੱਲਬਾਤ ਦੌਰਾਨ ਅਮਰੀਕਾ ਨੇ ਓਮਾਨ ਨੂੰ ਉਂਗਲ ਲਗਾ ਕੇ ਆਪਣੇ ਵੱਲ ਕਰ ਲਿਆ ਹੈ। ਓਮਾਨ ਅਸਲ ਵਿੱਚ ਦੋ ਸਾਨ੍ਹਾਂ ਦੇ ਭੇੜ ਵਿਚਾਲੇ ਫਸ ਗਿਆ ਹੈ।
ਯਾਦ ਰਹੇ, ਦੋਹਾਂ ਮੁਲਕਾਂ ਵਿਚਕਾਰ ਸਵਿਟਜ਼ਰਲੈਂਡ ਵਿੱਚ ਸਹੀਬੰਦ ਹੋਏ ਮੈਮੋਰੰਡਮ ਵਿੱਚ ਸਟਰੇਟ ਆਫ ਹੌਰਮੂਜ਼ ਵਿਚਲੇ ਸਮੁੰਦਰੀ ਲਾਂਘੇ ਨੂੰ ਭਾਵੇਂ ਮੁਫਤ ਕਰਨ ਦੀ ਤਜਵੀਜ਼ ਸੀ, ਪਰ ਇਸ ਦੀ ਆਵਾਜਾਈ ਦਾ ਪ੍ਰਬੰਧ ਇਰਾਨ ਦੇ ਹਵਾਲੇ ਹੀ ਰਹਿਣ ਦਿੱਤਾ ਗਿਆ ਸੀ। ਇਸ ਤਰ੍ਹਾਂ ਲਗਦਾ ਹੈ ਕਿ 28 ਫਰਵਰੀ ਨੂੰ ਇਜ਼ਰਾਇਲ ਦੀ ਮਿਲੀਭੁਗਤ ਨਾਲ ਇਰਾਨ ‘ਤੇ ਅਚਨਚੇਤ ਹਮਲਾ ਕਰਕੇ ਸੁਪਰੀਮ ਲੀਡਰ ਆਇਤੁਲਾ ਖੁਮੇਨੀ ਨੂੰ ਮਾਰਨ ਅਤੇ ਦੇਸ਼ ਵਿੱਚ ਸੱਤਾ ਤਬਦੀਲ ਕਰਨ ਦੀ ਜੰਗ ਹੁਣ ਸਟਰੇਟ ਆਫ ਹੌਰਮੂਜ਼ ਦੇ ਲਾਂਘੇ ਦੇ ਕਬਜੇ ਤੱਕ ਸੀਮਤ ਹੋ ਗਈ ਹੈ। ਇਹ ਸੂਹ ਉਂਝ ਪਹਿਲਾਂ ਹੀ ਲੱਗਣ ਲੱਗ ਪਈ ਸੀ ਕਿ ਇਰਾਨੀ ਸੱਤਾ ਦੇ ਜ਼ੋਰਦਾਰ ਪਲਟਵੇਂ ਵਾਰ ਕਾਰਨ ਇਜ਼ਰਾਇਲ ਅਤੇ ਅਮਰੀਕਾ ਦਾ ਇਰਾਨ ਵਿੱਚ ਸੱਤਾ ਤਬਦੀਲੀ ਦਾ ਸੁਪਨਾ ਤਾਂ ਭਾਵੇਂ ਟੁੱਟ ਗਿਆ ਹੈ, ਪਰ ਅਮਰੀਕਾ ਇਸ ਲੜਾਈ ਕਾਰਨ ਸਟਰੇਟ ਆਫ ਹੌਰਮੂਜ਼ ਨੂੰ ਆਪਣੇ ਲਈ ਵੱਡੀ ਆਮਦਨ ਦਾ ਸੋਮਾ ਬਣਾ ਲਏ ਜਾਣ ਕਾਰਨ ਇਰਾਨ ਤੋਂ ਦੁਖੀ ਹੈ। ਇਸ ਸਥਿਤੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਾਂਦੇ ਚੋਰ ਦੀ ਤੜਾਗੀ ਲੱਭਣ ਦਾ ਯਤਨ ਕਰ ਰਹੇ ਹਨ।
ਵਪਾਰ ਅਤੇ ਸੌਦੇਬਾਜ਼ੀ ਵਿੱਚ ਮਾਹਿਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਜ਼ਰ ਜੰਗਬੰਦੀ ਤੋਂ ਬਾਅਦ ਹੌਰਮੂਜ਼ ਵਿੱਚ ਇਰਾਨ ਵੱਲੋਂ ਵਸੂਲੇ ਜਾ ਰਹੇ ਮੋਟੇ ਟੋਲ ‘ਤੇ ਟਿਕ ਗਈ ਹੈ। ਵਪਾਰੀ ਦੀ ਜਿੰਦ ਜਾਨ ਪੈਸੇ ਵਿੱਚ ਹੁੰਦੀ ਹੈ। ਇਰਨ-ਅਮਰੀਕਾ ਦੇ ਤਾਜ਼ਾ ਕਲੇਸ਼ ਤੋਂ ਜਾਣੂ ਪਾਠਕਾਂ ਨੇ ਵੀ ਇਹ ਨੋਟ ਕੀਤਾ ਹੋਣਾ ਕਿ ਵਿੱਚ ਨੂੰ ਅਮਰੀਕੀ ਰਾਸ਼ਟਰਪਤੀ ਇਜ਼ਰਾਇਲ ਨੂੰ ਦਰਕਿਨਾਰ ਕਰਕੇ ਇਰਾਨੀਆਂ ਦੀ ਦੀਦਾ ਦਲੇਰੀ ਦੇ ਕਸੀਦੇ ਵੀ ਪੜ੍ਹਨ ਲੱਗ ਪਏ ਸਨ। ਇਹ ਇਰਾਨ ਨੂੰ ਹੌਰਮੂਜ਼ ‘ਚੋਂ ਇਕੱਠਾ ਹੁੰਦਾ ਮਾਲੀਆ ਅਮਰੀਕਾ ਨਾਲ ਸਾਂਝਾ ਕਰਨ ਦਾ ਯਤਨ ਸੀ। ਜਦਕਿ ਉਸ ਵਕਤ ਇਰਾਨ ਆਖ ਰਿਹਾ ਸੀ ਕਿ ਉਹ ਓਮਾਨ ਨਾਲ ਰਲ ਕੇ ਸਟਰੇਟ ਆਫ ਹੌਰਮੂਜ਼ ਦਾ ਪ੍ਰਬੰਧ ਕਰੇਗਾ ਅਤੇ ਇਸ ਤੋਂ ਹੋਣ ਵਾਲੀ ਆਮਦਨ ਨੂੰ ਵੀ ਓਮਾਨ ਨਾਲ ਸ਼ੇਅਰ ਕਰੇਗਾ। ਸਟਰੇਟ ਆਫ ਹੌਰਮੂਜ਼ ਵਿੱਚੋਂ ਟੋਲ ਵਸੂਲਣ ਦੇ ਮਾਮਲੇ ਵਿੱਚ ਇਰਾਨ ਦੀ ਦਲੀਲ ਸੀ ਕਿ ਇਰਾਨ ‘ਤੇ ਮੜ੍ਹੀ ਗਈ ਨਿਹੱਕੀ ਜੰਗ ਦੁਆਰਾ ਕੀਤੇ ਗਏ ਨੁਕਸਾਨ ਦੀ ਭਰਪਾਈ ਉਹ ਇੱਥੋਂ ਹੀ ਕਰੇਗਾ।
ਯਾਦ ਰਹੇ, ਇਰਾਨ ਨੇ ਜੰਗਬੰਦੀ ਦੀ ਸੂਰਤ ਵਿੱਚ ਜੰਗ ਵਿੱਚ ਬਰਬਾਦ ਹੋਏ ਇਰਾਨ ਦੀ ਮੁੜ ਉਸਾਰੀ ਲਈ ਮੁਆਵਜ਼ੇ ਦੀ ਵੀ ਤਜਵੀਜ਼ ਰੱਖੀ ਸੀ। ਇਸ ਦੀ ਅਣਹੋਂਦ ਵਿੱਚ ਉਸ ਨੇ ਵਿਦੇਸ਼ਾਂ ਵਿੱਚ ਆਰਥਕ ਪਾਬੰਦੀਆਂ ਕਾਰਨ ਰੋਕੇ ਗਏ ਪੈਸੇ ਨੂੰ ਰਿਲੀਜ਼ ਕਰਨ ਦੀ ਵੀ ਮੰਗ ਕੀਤੀ ਹੋਈ ਹੈ; ਪਰ ਦੋਹਾਂ ਧਿਰਾਂ ਵਿਚਕਾਰ ਬੇਵਿਸ਼ਵਾਸੀ ਦਾ ਆਲਮ ਇਹ ਹੈ ਕਿ ਸਮਝੌਤੇ ਦੀ ਕੋਈ ਮੱਦ ਵੀ ਸਿਰੇ ਚੜ੍ਹਦੀ ਵਿਖਾਈ ਨਹੀਂ ਦੇ ਰਹੀ। ਇਸ ਦਾ ਕਾਰਨ ਇਹ ਹੈ ਕਿ ਬੀਤੇ ਸਾਲ ਵੀ ਇਜ਼ਰਾਇਲ ਵੱਲੋਂ ਚਲਦੀ ਗੱਲਬਾਤ ਵਿੱਚ ਇਰਾਨ ‘ਤੇ ਹਮਲਾ ਕੀਤਾ ਗਿਆ ਸੀ ਅਤੇ ਇਸ ਸਾਲ ਵੀ 28 ਫਰਵਰੀ ਨੂੰ ਪ੍ਰਮਾਣੂ ਮਸਲੇ ‘ਤੇ ਚੱਲ ਰਹੀ ਗੱਲਬਾਤ ਦੇ ਦੌਰਾਨ ਹੀ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ‘ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਕਰਕੇ ਇਰਾਨੀਆਂ ਨੂੰ ਅਮਰੀਕਾ ਅਤੇ ਇਜ਼ਰਾਇਲੀ ਹਕੂਮਤਾਂ ‘ਤੇ ਕੋਈ ਵਿਸ਼ਵਾਸ ਨਹੀਂ ਬੱਝ ਰਿਹਾ। ਇਜ਼ਰਾਇਲ-ਅਮਰੀਕਾ ਅਤੇ ਇਰਾਨ ਵਿਚਕਾਰ ਚੱਲੀ 40 ਦਿਨਾਂ ਦੀ ਜੰਗ ਨੂੰ ਕਤਰ ਅਤੇ ਪਾਕਿਸਤਾਨ ਦੀ ਵਿਚੋਲਗੀ ਨਾਲ ਰੋਕਣ ਤੋਂ ਬਾਅਦ ਦੋਹਾਂ ਧਿਰਾਂ ਨੇ ਇੱਕ ‘ਮੈਮੋਰੰਡਮ ਆਫ ਅੰਡਰਸਟੈਂਡਿੰਗ’ ‘ਤੇ ਦਸਤਖਤ ਕੀਤੇ ਹਨ, ਜਦਕਿ ਅੰਤਿਮ ਫੈਸਲੇ ਲਈ ਗੱਲਬਾਤ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਮੈਮੋਰੰਡਮ ਵਿੱਚ ਸ਼ਰਤ ਰੱਖੀ ਗਈ ਸੀ ਕਿ ਇਸ ਸਮਝੌਤੇ ਤਹਿਤ ਲੈਬਨਾਨ ‘ਤੇ ਹਮਲੇ ਵੀ ਰੋਕੇ ਜਾਣਗੇ; ਪਰ ਇਜ਼ਰਾਇਲ ਲੈਬਨਾਨ ‘ਤੇ ਹਮਲੇ ਕਰਦਾ ਰਿਹਾ। ਇਸੇ ਤਰ੍ਹਾਂ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਵੀ ਇਜ਼ਰਾਇਲੀ ਹਮਲੇ ਜਾਰੀ ਹਨ। ਇਹ ਹਮਲੇ ਅਸਲ ਵਿੱਚ ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਹੀ ਗੱਲਬਾਤ ਨੂੰ ਸਾਬੋਤਾਜ ਕਰਨ ਲਈ ਕੀਤੇ ਜਾਂਦੇ ਰਹੇ ਹਨ। ਖਾੜੀ ਮੁਲਕਾਂ ਵਿੱਚੋਂ ਕਤਰ ਅਤੇ ਦੱਖਣ ਏਸ਼ੀਆ ਵੱਲੋਂ ਪਾਕਿਸਤਾਨ ਅਮਰੀਕਾ ਅਤੇ ਇਰਾਨ ਵਿਚਕਾਰ ਗੱਲਬਾਤ ਨੂੰ ਕਿਸੇ ਵੀ ਹਾਲਤ ਵਿੱਚ ਜਾਰੀ ਰੱਖਣ ਦੇ ਹੱਕ ਵਿੱਚ ਹਨ। ਕਤਰ ਸਮੇਤ ਖਾੜੀ ਮੁਲਕਾਂ ਦੀ ਤੇ ਇਸ ਜੰਗ ਕਾਰਨ ਪੂਰੀ ਆਰਥਕ ਹੋਂਦ ਹੀ ਦਾਅ ‘ਤੇ ਲੱਗੀ ਹੋਈ ਹੈ। ਜਦਕਿ ਪਾਕਿਸਤਾਨ ਵੀ ਤੇਲ ਦੀ ਥੁੜ੍ਹ ਨਾਲ ਪੀੜਤ ਹੈ। ਉਂਝ ਵੀ ਜਦੋਂ ਅਮਰੀਕਾ ਇਰਾਨ ‘ਤੇ ਹਮਲੇ ਕਰਦਾ ਹੈ ਤਾਂ ਇਰਾਨ ਖਾੜੀ ਮੁਲਕਾਂ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਨਾ ਸਿਰਫ ਇਨ੍ਹਾਂ ਦੇਸ਼ਾਂ ਦੀ ਸਿਵਲ ਜ਼ਿੰਦਗੀ ਅਸਤ ਵਿਅਸਤ ਹੋਣ ਲਗਦੀ ਹੈ, ਸਗੋਂ ਆਰਥਕ ਗਤੀਵਿਧੀ ਵੀ ਰੁਕਣ ਲਗਦੀ ਹੈ। ਤੇਲ ਦੇ ਵਪਾਰ ‘ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਖਾੜੀ ਮੁਲਕਾਂ ਵਿੱਚ ਤੇਲ ਦੇ ਵਪਾਰ ਕਾਰਨ ਹੀ ਮਾਨਵੀ ਜ਼ਿੰਦਗੀ ਦਾ ਗੁਜ਼ਰ ਬਸਰ ਚਲਦਾ ਹੈ।
