‘ਬਲੂਟੁੱਥ’ ਨਾਮ ਪਿੱਛੇ ਛੁਪੀ ਹਜ਼ਾਰ ਸਾਲ ਪੁਰਾਣੇ ਰਾਜੇ ਦੀ ਕਹਾਣੀ

ਅਦਬੀ ਸ਼ਖਸੀਅਤਾਂ

ਲਿੰਡਸੀ ਗੈਲੋਵੇ
ਜੇ ਤੁਸੀਂ ਕਦੇ ਆਪਣੇ ਫੋਨ ਨੂੰ ਹੈੱਡਫੋਨ ਜਾਂ ਲੈਪਟਾਪ ਨਾਲ ਵਾਇਰਲੈੱਸ ਤਰੀਕੇ ਨਾਲ ਕਨੈਕਟ ਕੀਤਾ ਹੈ, ਤਾਂ ਸੰਭਵ ਹੈ ਕਿ ਤੁਸੀਂ ਬਲੂਟੁੱਥ ਨਾਮ ਤੋਂ ਪਹਿਲਾਂ ਹੀ ਜਾਣੂ ਹੋਵੋਗੇ। ਜੈਲਿੰਗ ਵਿੱਚ ਮੌਜੂਦ ਪ੍ਰਾਚੀਨ ਰੂਨਿਕ ਪੱਥਰਾਂ ਦੀ ਇੱਕ ਜੋੜੀ ਉਸ ਵਾਈਕਿੰਗ ਰਾਜੇ ਦੀ ਕਹਾਣੀ ਦੱਸਦੀ ਹੈ, ਜਿਸ ਨੇ ਡੈਨਮਾਰਕ ਨੂੰ ਆਕਾਰ ਦਿੱਤਾ ਅਤੇ ਬਲੂਟੁੱਥ ਨਾਮ ਲਈ ਪ੍ਰੇਰਣਾ ਦਿੱਤੀ। ਭਾਵੇਂ ਇਹ ਤਕਨਾਲੋਜੀ ਆਧੁਨਿਕ ਹੈ, ਪਰ ਇਸ ਨਾਮ ਦੇ ਪਿੱਛੇ ਦੀ ਕਹਾਣੀ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀ ਹੈ।

ਇਹ ਕੋਪਨਹੇਗਨ ਤੋਂ ਲਗਭਗ 250 ਕਿਲੋਮੀਟਰ ਪੱਛਮ ਵੱਲ ਸਥਿਤ ਡੈਨਮਾਰਕ ਦਾ ਇੱਕ ਛੋਟਾ ਜਿਹਾ ਕਸਬਾ ਹੈ। ਇੱਥੇ ਮੌਜੂਦ ਦੋ ਪ੍ਰਾਚੀਨ ਰੂਨਿਕ ਪੱਥਰ ਉਸ ਦੇ ਰਾਜ ਦੀ ਕਹਾਣੀ ਦੱਸਦੇ ਹਨ ਅਤੇ ਇਹ ਪਹਿਲਾ ਸੰਕੇਤ ਦਿੰਦੇ ਹਨ ਕਿ ਉਸ ਦਾ ਅਜੀਬ ਉਪਨਾਮ ਦੁਨੀਆ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਤਕਨਾਲੋਜੀਆਂ ਵਿੱਚੋਂ ਇੱਕ ਨਾਲ ਕਿਵੇਂ ਜੁੜ ਗਿਆ। ਇਹ ਰਾਜਾ ਹੈਰਾਲਡ ਗੋਰਮਸਨ ਸੀ, ਜਿਸ ਨੇ 10ਵੀਂ ਸਦੀ ਵਿੱਚ ਡੈਨਮਾਰਕ ‘ਤੇ ਰਾਜ ਕੀਤਾ। ਉਸ ਦਾ ਉਪਨਾਮ ਬਲੂਟੁੱਥ ਸੀ, ਪੁਰਾਣੀ ਨੋਰਸ ਭਾਸ਼ਾ ਵਿੱਚ ਬਲਾਟੌਨ– ਜੋ ਉਸ ਦੀ ਮੌਤ ਤੋਂ 150 ਸਾਲ ਬਾਅਦ ਪਹਿਲੀ ਵਾਰ ਦਰਜ ਕੀਤਾ ਗਿਆ ਅਤੇ ਮੰਨਿਆ ਜਾਂਦਾ ਹੈ ਕਿ ਇਹ ਕਿਸੇ ‘ਨੀਲੇ’ ਜਾਂ ਸੜੇ ਹੋਏ ਦੰਦ ਵੱਲ ਇਸ਼ਾਰਾ ਸੀ। ਹੈਰਾਲਡ ਦੀਆਂ ਸਭ ਤੋਂ ਅਹਿਮ ਪ੍ਰਾਪਤੀਆਂ ਵਿੱਚੋਂ ਇੱਕ ਡੈਨਮਾਰਕ ਦਾ ਇਸਾਈ ਧਰਮ ਵਿੱਚ ਪਰਿਵਰਤਨ ਸੀ, ਜੋ ਲਗਭਗ 965 ਦੇ ਆਸ-ਪਾਸ ਹੋਇਆ ਮੰਨਿਆ ਜਾਂਦਾ ਹੈ।
ਜੈਲਿੰਗ ਦੇ ਦੋ ਰੂਨਿਕ ਪੱਥਰਾਂ ਵਿੱਚੋਂ ਵੱਡੇ ਪੱਥਰ ‘ਤੇ, ਜਿਸ ਨੂੰ ਹੈਰਾਲਡ ਨੇ ਬਣਵਾਇਆ ਸੀ, ਲਿਖਿਆ ਹੈ ਕਿ ਉਸ ਨੇ “ਸਾਰਾ ਡੈਨਮਾਰਕ ਅਤੇ ਨਾਰਵੇ ਆਪਣੇ ਅਧੀਨ ਕਰ ਲਿਆ ਤੇ ਲੋਕਾਂ ਨੂੰ ਇਸਾਈ ਬਣਾਇਆ।” ਉਸ ਸਮੇਂ ਤੱਕ ਉੱਤਰੀ ਯੂਰਪ ਦਾ ਵੱਡਾ ਹਿੱਸਾ ਛੋਟੇ-ਛੋਟੇ ਖੇਤਰਾਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ‘ਤੇ ਕਬੀਲੇ ਦੇ ਸਰਦਾਰਾਂ ਦਾ ਰਾਜ ਸੀ। ਇਸਾਈ ਧਰਮ ਨੇ ਹੈਰਾਲਡ ਨੂੰ ਸੱਤਾ ਨੂੰ ਇਕਜੁੱਟ ਕਰਨ, ਇਸਾਈ ਯੂਰਪ ਨਾਲ ਡੈਨਮਾਰਕ ਦੇ ਸਬੰਧ ਮਜਬੂਤ ਕਰਨ ਅਤੇ ਉੱਭਰ ਰਹੇ ਰਾਜ ਨੂੰ ਇਕਜੁੱਟ ਕਰਨ ਦਾ ਇੱਕ ਤਰੀਕਾ ਦਿੱਤਾ।
ਕਾਂਗੇਰਨੇਸ ਜੈਲਿੰਗ ਐਕਸਪੀਰੀਅੰਸ ਸੈਂਟਰ ਐਂਡ ਮਿਊਜ਼ੀਅਮ ਦੇ ਕਿਊਰੇਟਰ ਐਡਮ ਬਾਕ ਅਨੁਸਾਰ, “ਇਹ ਵਾਈਕਿੰਗ ਯੁੱਗ ਦੇ 200 ਸਾਲਾਂ ਤੋਂ ਬਾਅਦ ਡੈਨਮਾਰਕ ਦੇ ਰਾਸ਼ਟਰ ਨਿਰਮਾਣ ਦੀ ਕਹਾਣੀ ਹੈ, ਜਿੱਥੇ ਉੱਤਰੀ ਲੋਕਾਂ ਲਈ ਸਿੱਖਣ ਦਾ ਦੌਰ ਕਾਫ਼ੀ ਮੁਸ਼ਕਲ ਸੀ।…ਉਹ ਯੂਰਪ ਵਿੱਚ ਰਾਜਨੀਤੀ ਦੇ ਵੱਖ-ਵੱਖ ਰੂਪਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ, ਇਹ ਸਮਝਦੇ ਹਨ ਕਿ ਇਸਾਈ ਧਰਮ ਉਨ੍ਹਾਂ ਲਈ ਕੀ ਕਰ ਸਕਦਾ ਹੈ ਅਤੇ ਕਿਸੇ ਰਾਜ ਵਿੱਚ ਸੱਤਾ ਦੇ ਕੇਂਦਰੀਕਰਨ ਦਾ ਕੀ ਮਤਲਬ ਹੈ।”
ਹੈਰਾਲਡ ਦੀ ਕਹਾਣੀ ਜੈਲਿੰਗ ਦੇ ਭੂ-ਦ੍ਰਿਸ਼ ਵਿੱਚ ਦਰਜ ਹੈ। ਉਸ ਦੇ ਪਿਤਾ ਗੋਰਮ ਨੇ ਆਪਣੀ ਪਤਨੀ ਥਾਇਰਾ ਦੀ ਯਾਦ ਵਿੱਚ ਕਸਬੇ ਦੇ ਦੋ ਰੂਨਿਕ ਪੱਥਰਾਂ ਵਿੱਚੋਂ ਛੋਟੇ ਅਤੇ ਪੁਰਾਣੇ ਪੱਥਰ ਨੂੰ ਬਣਵਾਇਆ ਸੀ। ਮੰਨਿਆ ਜਾਂਦਾ ਹੈ ਕਿ ਇਸ ਵਿੱਚ ਦੇਸ਼ ਦੇ ਅੰਦਰ ‘ਡੈਨਮਾਰਕ’ ਨਾਮ ਦੀ ਪਹਿਲੀ ਲਿਖਤੀ ਵਰਤੋਂ ਦਰਜ ਹੈ। ਭਾਵੇਂ ਅੱਜ ਇੱਥੇ ਸਿਰਫ਼ 4,000 ਵਸਨੀਕ ਹਨ, ਪਰ ਹੈਰਾਲਡ ਬਲੂਟੁੱਥ ਦੇ ਸਮੇਂ ਇਹ ਸੱਤਾ ਦਾ ਕੇਂਦਰ ਸੀ। ਮੂਲ ਰੂਪ ਵਿੱਚ ਇਹ ਇੱਕ ਗ਼ੈਰ-ਇਸਾਈ ਦਫ਼ਨਾਉਣ ਵਾਲੀ ਥਾਂ ਸੀ, ਪਰ ਹੈਰਾਲਡ ਦੇ ਰਾਜ ਦੌਰਾਨ ਜੈਲਿੰਗ ਅਜਿਹੀ ਥਾਂ ਬਣ ਗਿਆ, ਜਿੱਥੇ ਗ਼ੈਰ-ਇਸਾਈ ਅਤੇ ਇਸਾਈ ਪਰੰਪਰਾਵਾਂ ਇੱਕ-ਦੂਜੇ ਨਾਲ ਮਿਲਦੀਆਂ ਸਨ।
ਦੋ ਕਬਰਾਂ ਦੇ ਟਿੱਬੇ ਅਤੇ ਇੱਕ ਇਸਾਈ ਚਰਚ ਮਿਲ ਕੇ ਅਜਿਹਾ ਦ੍ਰਿਸ਼ ਬਣਾਉਂਦੇ ਹਨ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ‘ਬਹਾਦਰ ਵਾਈਕਿੰਗ ਯੋਧਿਆਂ ਅਤੇ ਥੋਰ ਤੇ ਓਡਿਨ’ ਨਾਲੋਂ ਵੱਧ ‘ਸਿਆਸਤ ਤੇ ਬਦਲਾਅ, ਕਿਸੇ ਪੁਰਾਣੀ ਚੀਜ਼ ਤੋਂ ਨਵੀਂ ਚੀਜ਼ ਵੱਲ ਤਬਦੀਲੀ’ ਬਾਰੇ ਹੈ। 1994 ਵਿੱਚ ਜੈਲਿੰਗ ਦੇ ਕਬਰਾਂ ਦੇ ਟਿੱਬੇ, ਰੂਨਿਕ ਪੱਥਰ ਅਤੇ ਚਰਚ ਡੈਨਮਾਰਕ ਦੇ ਪਹਿਲੇ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਬਣੇ।
ਵਾਈਕਿੰਗ ਰਾਜੇ ਤੋਂ ਬਲੂਟੁੱਥ ਤੱਕ
1990 ਦੇ ਦਹਾਕੇ ਦੇ ਅਖੀਰ ਵਿੱਚ ਤੋਸ਼ਿਬਾ, ਆਈ.ਬੀ.ਐੱਮ, ਨੋਕੀਆ, ਇੰਟੈਲ ਅਤੇ ਐਰਿਕਸਨ ਸਮੇਤ ਕੰਪਨੀਆਂ ਦੇ ਇੰਜੀਨੀਅਰ ਇੱਕ ਅਜਿਹੀ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੇ ਸਨ, ਜੋ ਵੱਖ-ਵੱਖ ਬ੍ਰਾਂਡਾਂ ਦੇ ਉਪਕਰਨਾਂ ਨੂੰ ਆਪਸ ਵਿੱਚ ਜੋੜ ਸਕੇ। ਉਨ੍ਹਾਂ ਨੂੰ ਇਸ ਲਈ ਇੱਕ ਕੋਡਨਾਮ ਦੀ ਲੋੜ ਸੀ। ਅਮਰੀਕੀ ਇੰਟੈਲ ਇੰਜੀਨੀਅਰ ਜਿਮ ਕਾਰਡਾਚ ਸਵੀਡਿਸ਼ ਇੰਜੀਨੀਅਰਾਂ ਨਾਲ ਮਿਲ ਕੇ ਕੰਮ ਕਰ ਰਹੇ ਸਨ, ਜਦੋਂ ਗੱਲਬਾਤ ਦਾ ਰੁਖ਼ ਵਾਈਕਿੰਗਾਂ ਵੱਲ ਮੁੜ ਗਿਆ।
ਉਤਸੁਕ ਹੋ ਕੇ ਉਨ੍ਹਾਂ ਨੇ ਇਸ ਇਤਿਹਾਸ ਬਾਰੇ ਇੱਕ ਕਿਤਾਬ ਪੜ੍ਹੀ ਅਤੇ ਉਸ ਰਾਜੇ ਤੋਂ ਬਹੁਤ ਪ੍ਰਭਾਵਿਤ ਹੋਏ, ਜਿਸ ਨੇ ਡੈਨਮਾਰਕ ਅਤੇ ਨਾਰਵੇ ਨੂੰ ਇਕਜੁੱਟ ਕੀਤਾ ਸੀ। ਠੀਕ ਇਸੇ ਤਰ੍ਹਾਂ ਇਹ ਨਵੀਂ ਤਕਨਾਲੋਜੀ ਵੱਖ-ਵੱਖ ਉਪਕਰਨਾਂ ਨੂੰ ਇਕੱਠਾ ਕਰ ਸਕਦੀ ਸੀ। ਅਧਿਕਾਰਤ ਪ੍ਰੈੱਸ ਰਿਲੀਜ਼ ਲਿਖੇ ਜਾਣ ਤੋਂ ਪਹਿਲਾਂ ਹੀ ਕੋਡਨਾਮ ਲੀਕ ਹੋ ਗਿਆ ਅਤੇ ਇਸ ਤੋਂ ਬਾਅਦ ਦੀ ਕਹਾਣੀ ਤਕਨਾਲੋਜੀ ਦੇ ਇਤਿਹਾਸ ਦਾ ਹਿੱਸਾ ਬਣ ਗਈ।
2023 ਵਿੱਚ ਇਸ ਤਕਨਾਲੋਜੀ ਦੀ 25ਵੀਂ ਵਰ੍ਹੇਗੰਢ ਮੌਕੇ, ਕਾਰਡਾਚ ਅਤੇ ਹੋਰ ਸੰਸਥਾਪਕ ਕਾਂਗੇਰਨੇਸ ਜੈਲਿੰਗ ਪਹੁੰਚੇ ਅਤੇ ਹਾਸੇ-ਮਜ਼ਾਕ ਦੇ ਅੰਦਾਜ਼ ਵਿੱਚ ਹੈਰਾਲਡ ਦਾ ਨਾਮ ਬਿਨਾਂ ਇਜਾਜ਼ਤ ਵਰਤਣ ਲਈ ਮੁਆਫ਼ੀ ਮੰਗੀ। ਇਸ ਦੇ ਜਵਾਬ ਵਿੱਚ ਅਜਾਇਬਘਰ ਨੇ ਉਨ੍ਹਾਂ ਦੀ ਮੁਆਫ਼ੀ ਸਵੀਕਾਰ ਕਰ ਲਈ ਅਤੇ ਉਨ੍ਹਾਂ ਨੂੰ ਅਗਲੇ ਹਜ਼ਾਰ ਸਾਲਾਂ ਤੱਕ ਇਸ ਨਾਮ ਦੀ ਵਰਤੋਂ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ।

Leave a Reply

Your email address will not be published. Required fields are marked *