ਗੁਰਦੁਆਰਾ ਪੈਲਾਟਾਈਨ: ਸੀ.ਆਈ.ਸੀ. ਮੈਂਬਰ ਦੀ ਚੋਣ ਲਈ ਸਰਗਰਮੀ ਵਧੀ

ਖਬਰਾਂ ਗੂੰਜਦਾ ਮੈਦਾਨ

*ਇੱਕ ਸਵਾਲ: ‘ਕੌਨ ਬਨੇਗਾ ਸੀ.ਆਈ.ਸੀ. ਮੈਂਬਰ!’
ਕੁਲਜੀਤ ਸਿੰਘ
ਸਿæਕਾਗੋ: ਸਿੱਖ ਰਿਲੀਜੀਅਸ ਸੁਸਾਇਟੀ (ਗੁਰਦੁਆਰਾ ਪੈਲਾਟਾਈਨ) ਦੀ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਲਈ ਮੈਂਬਰ ਚੁਣੇ ਜਾਣ ਨੂੰ ਲੈ ਕੇ ਇੱਕ ਵਾਰ ਫਿਰ ਗੁਰੂਘਰ ਦੀਆਂ ਫਿਜ਼ਾਵਾਂ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ। ਭਾਰਤੀ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਰਿਐਲਿਟੀ ਗੇਮ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਕਾਫੀ ਚਰਚਿਤ ਹੈ ਅਤੇ ਗਿਆਨ ਤੇ ਕਿਸਮਤ ਦਾ ਇੱਕ ਵਿਲੱਖਣ ਸੰਗਮ ਹੈ; ਜਿਵੇਂ ਉਸ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਉਤੇ ਇਹ ਸ਼ੋਅ ਦੇਖਣ ਵਾਲਿਆਂ ਦੀਆਂ ਨਜ਼ਰਾਂ ਗੱਡੀਆਂ ਜਾਂਦੀਆਂ ਹਨ,

ਬੱਸ ਸੀ.ਆਈ.ਸੀ. ਦੀ ਮੈਂਬਰੀ ਲਈ ਅੰਦਾਜ਼ਨ ਅਜਿਹਾ ਹੀ ਕੁਝ ਹੋਣ ਦੀ ਸੰਭਾਵਨਾ ਹੈ; ਫਰਕ ਸਿਰਫ ਇਹ ਹੈ ਕਿ ਸੀ.ਆਈ.ਸੀ. ਮੈਂਬਰ ਬਣਨ ਵਾਲੇ ਨੂੰ ਕਰੋੜ ਰੁਪਏ ਦਾ ਮੁਨਾਫਾ ਨਹੀਂ ਹੋਵੇਗਾ। ਹਾਂ! ਇੰਨਾ ਜ਼ਰੂਰ ਹੈ ਕਿ ਜਿਸ ਧਿਰ ਦਾ ਮੈਂਬਰ ਬਣੇਗਾ, ਉਸ ਦਾ ਪੱਲੜਾ ਥੋੜ੍ਹਾ ਜਿਹਾ ਭਾਰਾ ਹੋਣ ਦੇ ਕਿਆਫੇ ਹਨ। ਜਿਸ ਤਰ੍ਹਾਂ ਕੁਝ-ਕੁਝ ਹਲਚਲ ਹੋਣ ਲੱਗੀ ਹੈ, ਉਸ ਤੋਂ ਗੁਰਦੁਆਰਾ ਪ੍ਰਬੰਧਨ ਵਿੱਚ ਦਿਲਚਸਪੀ ਰੱਖਦੇ ਸੰਗਤ ਮੈਂਬਰਾਂ ਵਿੱਚ ਸਰਗਰਮੀ ਜ਼ਰੂਰ ਵੇਖੀ ਜਾ ਸਕਦੀ ਹੈ।
ਫਿਲਹਾਲ ਸੀ.ਆਈ.ਸੀ. ਦੀ ਮੈਂਬਰੀ ਸਬੰਧੀ ‘ਪੰਥਕ ਸਲੇਟ’ ਦੇ ਖਾਲਿਸਤਾਨ ਵਿਚਾਰਧਾਰਾ ਨਾਲ ਜੁੜੇ ਲੋਕਾਂ ਵੱਲੋਂ ਵਧੇਰੇ ਗਿਣਤੀ ਵਿੱਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀਆਂ ਗੱਲਾਂ ਗੁਰੂਘਰ ਦੇ ਗਲਿਆਰਿਆਂ ਵਿੱਚ ਤੁਰੀਆਂ ਹਨ। ਇਸ ਵਿੱਚ ਕੋਈ ਸੱਚਾਈ ਹੈ ਜਾਂ ਸਿਰਫ ਕਿਆਫੇ ਹਨ, ‘ਪੰਜਾਬੀ ਪਰਵਾਜ਼’ ਇਸ ਦੀ ਪੁਸ਼ਟੀ ਨਹੀਂ ਕਰਦਾ, ਪਰ ਇੰਨਾ ਜ਼ਰੂਰ ਹੈ ਕਿ ਕੁਝ ਸੰਗਤ ਮੈਂਬਰਾਂ ਨੂੰ ਨਾਮਜ਼ਦਗੀ ਕਾਗਜ਼ ਭਰਨ ਲਈ ਪ੍ਰੇਰਿਆ ਜਾ ਰਿਹਾ ਹੈ। ਜਿæਕਰਯੋਗ ਹੈ ਕਿ ਐਤਵਾਰ, 15 ਨਵੰਬਰ 2026 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਹੈ। ਨਾਮਜ਼ਦਗੀ ਕਾਗਜ਼ ਉਹ ਹੀ ਭਰ ਸਕਦੇ ਹਨ, ਜੋ ਸਿੱਖ ਰਿਲੀਜੀਅਸ ਸੁਸਾਇਟੀ ਦੇ ਸੰਵਿਧਾਨ (ਸੋਧਿਆ ਗਿਆ 1998) ਦੀਆਂ ਧਾਰਾਵਾਂ- 8, 9 ਤੇ 10 ਅਤੇ ਆਚਾਰ ਸੰਹਿਤਾ (ਕੋਡ ਆਫ ਕੰਡਕਟ) ਦੀ ਧਾਰਾ 5 ਦੀ ਪਾਲਣਾ ਕਰਦੇ ਹੋਣ।
ਸੀ.ਆਈ.ਸੀ. 2024-2030 (7 ਅਪ੍ਰੈਲ 2030 ਨੂੰ ਸਮਾਪਤ ਹੋਣ ਵਾਲੀ) ਦੇ ਹਾਲ ਹੀ ਵਿੱਚ ਇੱਕ ਮੈਂਬਰ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਏ ਕਾਰਜਕਾਲ ਲਈ ਆਪਣੀ ਨਾਮਜ਼ਦਗੀ ਪੇਸ਼ ਕਰਨ ਵਾਲਿਆਂ ਉਤੇ (ਨਾਮਜ਼ਦਗੀ ਫਾਰਮ ਮੁਤਾਬਕ) ਇਹ ਸ਼ਰਤਾਂ ਲਾਗੂ ਹੋਣਗੀਆਂ: ਉਹ ਸਿੱਖ ਹੋਵੇ (ਸਿੱਖ ਉਹ ਵਿਅਕਤੀ ਹੈ, ਜੋ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ, ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਅਤੇ ਸਿੱਖਿਆਵਾਂ ਵਿੱਚ ਵਿਸ਼ਵਾਸ ਰੱਖਦਾ ਹੈ), ਅਤੇ ਕਿਸੇ ਹੋਰ ਧਰਮ ਜਾਂ ਵਿਸ਼ਵਾਸ ਵਿੱਚ ਅਕੀਦਾ ਨਹੀਂ ਰੱਖਦਾ/ਰੱਖਦੀ ਤੇ ਨਾ ਹੀ ਉਸਦੀ ਪਾਲਣਾ ਕਰਦਾ/ਕਰਦੀ ਹੋਵੇ। ਸਿੱਖ ਰਿਲੀਜੀਅਸ ਸੁਸਾਇਟੀ ਦੇ ਸੰਵਿਧਾਨ, ਇਸ ਦੇ ਉਦੇਸ਼ਾਂ ਤੇ ਟੀਚਿਆਂ, ਸੰਵਿਧਾਨ ‘ਤੇ ਆਧਾਰਿਤ ਕੋਡ ਆਫ ਕੰਡਕਟ ਨਾਲ ਸਹਿਮਤ ਹੋਵੇ ਅਤੇ ਪੂਰੀ ਨੇਕ ਨੀਅਤੀ ਨਾਲ ਇਸ ਨੂੰ ਬਰਕਰਾਰ ਰੱਖਣ ਤੇ ਸਮਰਥਨ ਕਰਨ ਦਾ ਪ੍ਰਣ ਕਰਦਾ/ਕਰਦੀ ਹੋਵੇ। ਪਿਛਲੇ ਤਿੰਨ ਲਗਾਤਾਰ ਸਾਲਾਂ ਤੋਂ ਚੰਗੀ ਸਥਿਤੀ ਵਿੱਚ ਐਸ.ਆਰ.ਐਸ. ਦਾ ਮੈਂਬਰ ਹੋਵੇ ਅਤੇ ਇਲੀਨਾਏ ਸਟੇਟ ਦਾ ਨਿਵਾਸੀ ਹੋਵੇ।
ਇਸ ਤੋਂ ਇਲਾਵਾ ਸੀ.ਆਈ.ਸੀ. ਦੀ ਮੈਂਬਰੀ ਲਈ ਨਾਮਜ਼ਦਗੀ ਭਰਨ ਵਾਲੇ ਨੂੰ ਰਿਹਾਇਸ਼ ਦਾ ਹਲਫ਼ਨਾਮਾ ਵੀ ਦਾਖ਼ਲ ਕਰਨਾ ਹੋਵੇਗਾ, ਜਿਸ ਵਿੱਚ ਉਮੀਦਵਾਰ ਦਾ ਪੂਰਾ ਨਾਂ, ਪਤਾ ਹੋਵੇਗਾ ਅਤੇ ਉਸ ਵੱਲੋਂ ਘੱਟ-ਘੱਟ ਦਸ ਸਾਲਾਂ ਤੋਂ ਇਲੀਨਾਏ ਸਟੇਟ ਵਿੱਚ ਰਹਿੰਦੇ ਹੋਣ ਦੀ ਸਹੁੰ ਦਰਜ ਹੋਵੇਗੀ। ਇਹ ਹਲਫਨਾਮਾ ਨੋਟਰੀ ਕਰਵਾ ਕੇ ਗੁਰੂਘਰ ਜਮ੍ਹਾਂ ਕਰਵਾਉਣਾ ਹੋਵੇਗਾ। ਹਰੇਕ ਨਾਮਜ਼ਦਗੀ ਵਿੱਚ ਇੱਕ ਤਾਈਦ ਕਰਨ ਵਾਲਾ, ਇੱਕ ਸਮਰਥਨ ਕਰਨ ਵਾਲਾ ਅਤੇ ਨਾਮਜ਼ਦ ਵਿਅਕਤੀ ਦੀ ਲਿਖਤੀ ਸਵੀਕ੍ਰਿਤੀ ਹੋਣੀ ਲਾਜ਼ਮੀ ਹੈ।
ਸੂਤਰਾਂ ਅਨੁਸਾਰ ਨਾਮਜ਼ਦਗੀ ਕਾਗਜ਼ ਭਰੇ ਜਾਣ, ਉਨ੍ਹਾਂ ਦੀ ਪੜਤਾਲ ਅਤੇ ਬਾਅਦ ਵਿੱਚ ਕਾਗ਼ਜ਼ ਵਾਪਸ ਲਏ ਜਾਣ ਆਦਿ ਦੀ ਪ੍ਰਕਿਰਿਆ ਮੁਕੰਮਲ ਹੋਣ ਪਿੱਛੋਂ ਹੀ ਸਪਸ਼ਟ ਹੋਵੇਗਾ ਕਿ ਸੀ.ਆਈ.ਸੀ. ਦੀ ਮੈਂਬਰੀ ਦੀ ਦੌੜ ਵਿੱਚ ਕੌਣ ਕੌਣ ਸ਼ਾਮਿਲ ਹਨ! ਬਾਅਦ ਵਿੱਚ ਇੱਕ ਮੈਂਬਰ ਚੁਣੇ ਜਾਣ ਦੀ ਪ੍ਰਕਿਰਿਆ ਆਪਸੀ ਸਹਿਮਤੀ ਜਾਂ ਪਰਚੀ ਸਿਸਟਮ ਰਾਹੀਂ ਮੁਕੰਮਲ ਕੀਤੇ ਜਾਣ ਦੀ ਸੰਭਾਵਨਾ ਹੈ, ਪਰ ਜੇ ਕਿਸੇ ਵਿਵਾਦ ਜਾਂ ਕਿਸੇ ਹੋਰ ਕਾਰਨ ਕਰਕੇ ਕੋਈ ਉਮੀਦਵਾਰ ਚੋਣਾਂ ਕਰਵਾਏ ਜਾਣ ਲਈ ਤਹੂ ਹੋਵੇਗਾ ਤਾਂ ਮੌਕੇ ਦੀ ਸਥਿਤੀ ਮੁਤਾਬਕ ਮੈਂਬਰਸ਼ਿਪ ਇਲੈਕਸ਼ਨ ਕਮੇਟੀ (ਐਮ.ਈ.ਸੀ.) ਉਸ ਪ੍ਰਕਿਰਿਆ ਦਾ ਪ੍ਰਬੰਧ ਕਰੇਗੀ। ਇਹ ਸੁਣਨ ਵਿੱਚ ਆਇਆ ਹੈ ਕਿ ਕੁਝ ਸੰਗਤ ਮੈਂਬਰ ਯੋਗਤਾ ਦੇ ਆਧਾਰ ਉੱਤੇ ਸੀ.ਆਈ.ਸੀ. ਦਾ ਮੈਂਬਰ ਚੁਣੇ ਜਾਣ ਨੂੰ ਤਰਜੀਹ ਦੇ ਰਹੇ ਹਨ। ਉਂਝ ਸੀ.ਆਈ.ਸੀ. ਦੇ ਮੈਂਬਰ ਦੀ ਚੋਣ ਲਈ ਜੇਕਰ ਧਿਰ-ਪੱਧਰੀ ਕਸ਼ਮਕਸ਼ ਹੋਰ ਵੀ ਉਭਰ ਕੇ ਸਾਹਮਣੇ ਆਉਂਦੀ ਹੈ ਤਾਂ ਮਾਮਲਾ ਟੇਢੀ ਖੀਰ ਬਣ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਕਹਿਣਾ ਵਾਜਿਬ ਹੈ ਕਿ ਸੰਵਿਧਾਨ ਅਮਲ ਕਮੇਟੀ ਦੀ ਮੈਂਬਰੀ ਲਈ ਕਿਸੇ ਵੀ ਉਮੀਦਵਾਰ ਨੂੰ ਘੱਟੋ-ਘੱਟ ਗੁਰਦੁਆਰਾ ਸੰਵਿਧਾਨ ਦੀ ਜਾਣਕਾਰੀ ਹੋਣਾ ਜਰੂਰੀ ਹੈ; ਕਿਉਂਕਿ ਸੰਵਿਧਾਨ ਅਮਲ ਕਮੇਟੀ ਦੀਆਂ ਜੋ ਜ਼ਿੰਮੇਵਾਰੀਆਂ ਹਨ, ਉਨ੍ਹਾਂ ਨੂੰ ਅਮਲ ਵਿੱਚ ਲੈ ਕੇ ਆਉਣ ਨੂੰ ਤਰਜੀਹ ਦੇਣੀ ਬਣਦੀ ਹੈ; ਪਰ ਇੱਕ ਘੁੰਡੀ ਇਹ ਹੈ ਕਿ ਸੰਵਿਧਾਨ ਵਿੱਚ ਕੁਝ ਸੋਧਾਂ ਜਾਂ ਕਥਿਤ ਤਰੁਟੀਆਂ ਨੂੰ ਲੈ ਕੇ ਵੀ ਕੁਝ ਸੰਗਤ ਮੈਂਬਰਾਂ ਵਿੱਚ ਕਿਤੇ ਨਾ ਕਿਤੇ ਪੇਚੀਦਗੀ ਹੈ।
ਜ਼ਿਕਰਯੋਗ ਹੈ ਕਿ ਹਰ ਦੋ ਸਾਲ ਬਾਅਦ ਸੀ.ਆਈ.ਸੀ. ਦਾ ਇੱਕ ਮੈਂਬਰ ਚੁਣਿਆ ਜਾਂਦਾ ਹੈ ਅਤੇ ਉਸ ਦਾ ਸੇਵਾ ਕਾਲ ਛੇ ਸਾਲ ਲਈ ਹੁੰਦਾ ਹੈ। ਇੱਕ ਸਮੇਂ ਸੀ.ਆਈ.ਸੀ. ਦੇ ਤਿੰਨ ਮੈਂਬਰ ਰਹਿੰਦੇ ਹਨ। ਜੇ ਕੋਈ ਮੈਂਬਰ ਅਸਤੀਫਾ ਦੇ ਜਾਵੇ ਜਾਂ ਕਿਸੇ ਹੋਰ ਕਾਰਨ ਕਰਕੇ ਮੈਂਬਰੀ ਲਈ ਥਾਂ ਖਾਲੀ ਹੋ ਜਾਵੇ ਤਾਂ ਰਹਿੰਦੀ ਮਿਆਦ ਤੱਕ ਨਵਾਂ ਮੈਂਬਰ ਚੁਣਿਆ ਜਾਂ ਨਾਮਜ਼ਦ ਕੀਤਾ ਜਾਂਦਾ ਹੈ। ਸੀ.ਆਈ.ਸੀ. ਦੀਆਂ ਜ਼ਿੰਮੇਵਾਰੀਆਂ ਵਿੱਚ ਗੁਰਦੁਆਰਾ ਪ੍ਰਬੰਧ ਦੇ ਸੰਦਰਭ ਵਿੱਚ ਟਰੱਸਟੀ ਬੋਰਡ ਜਾਂ ਪ੍ਰਬੰਧਕੀ ਬੋਰਡ ਸਬੰਧੀ ਆਈ ਕਿਸੇ ਵੀ ਕਿਸਮ ਦੀ ਸ਼ਿਕਾਇਤ ਨੂੰ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਜਵਾਬਦੇਹੀ ਕਰਨਾ ਵੀ ਸ਼ਾਮਿਲ ਹੈ।
ਚਾਹਵਾਨ ਫਾਰਮ ਭਰ ਕੇ ਸਿੱਖ ਰਿਲੀਜੀਅਸ ਸੁਸਾਇਟੀ ਦੇ ਦਫਤਰ ਜਮ੍ਹਾਂ ਕਰਵਾ ਸਕਦੇ ਹਨ। ਮੈਂਬਰਸ਼ਿਪ ਇਲੈਕਸ਼ਨ ਕਮੇਟੀ ਦਾਖਲ ਹੋਏ ਕਾਗਜ਼ਾਂ ਦੀ ਪੜਤਾਲ ਕਰੇਗੀ ਅਤੇ ਨਿਰਪੱਖ ਰਹਿ ਕੇ ਸਮੁੱਚੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਲਈ ਪਾਬੰਦ ਹੋਵੇਗੀ। ਇਹ ਜਿæਕਰ ਵੀ ਕੁਥਾਂ ਨਹੀਂ ਕਿ ਇਸੇ ਸਾਲ ਅਪਰੈਲ ਮਹੀਨੇ ਹੋਈਆਂ ਚੋਣਾਂ ਵਿੱਚ ਸੀ.ਆਈ.ਸੀ. ਲਈ ਛੇ ਜਣਿਆਂ ਨੇ ਕਾਗਜ਼ ਭਰੇ ਸਨ, ਪਰ ਬਾਕੀਆਂ ਵੱਲੋਂ ਨਾਂ ਵਾਪਸ ਲਏ ਜਾਣ ਪਿੱਛੋਂ ‘ਪੰਥਕ ਸਲੇਟ’ ਅਤੇ ‘ਚੜ੍ਹਦੀ ਕਲਾ ਸੇਵਕ’ ਧਿਰ ਦੇ ਇੱਕ-ਇੱਕ ਉਮੀਦਵਾਰ ਹੀ ਚੋਣ ਲੜੇ ਸਨ। ‘ਪੰਥਕ ਸਲੇਟ’ ਦੇ ਉਮੀਦਵਾਰ ਕੰਵਰ ਹਰਿੰਦਰ ਸਿੰਘ ਉਦੋਂ ਚੋਣ ਹਾਰ ਗਏ ਸਨ। ਹਾਲ ਹੀ ਵਿੱਚ ਸੀ.ਆਈ.ਸੀ. ਦੇ ਇੱਕ ਮੈਂਬਰ ਵੱਲੋਂ ਅਸਤੀਫਾ ਦੇ ਜਾਣ ਮਗਰੋਂ ਕੰਵਰ ਹਰਿੰਦਰ ਸਿੰਘ ਨੇ ਮੈਂਬਰੀ ਲਈ ਦਾਅਵੇਦਾਰੀ ਜਤਾਈ ਸੀ, ਪਰ ਬਾਇਲਾਅਜ਼ ਰੂਲ ਕਮੇਟੀ (ਬੀ.ਐਲ.ਆਰ.ਸੀ.) ਨੇ ਉਸ ਨੂੰ ਖਾਰਜ ਕਰ ਦਿੱਤਾ। ਬੋਰਡ ਦੀ ਅਕੂਤਬਰ `ਚ ਹੋਈ ਮਹੀਨਾਵਾਰ ਮੀਟਿੰਗ ਵਿੱਚ ਵੀ ਕੰਵਰ ਹਰਿੰਦਰ ਸਿੰਘ ਦੀ ਸੀ.ਆਈ.ਸੀ. ਲਈ ਮੈਂਬਰੀ ਦਾ ਮੁੱਦਾ ਚਰਚਾ ਵਿੱਚ ਆਇਆ ਸੀ।
ਇੱਥੇ ਜਿæਕਰਯੋਗ ਹੈ ਕਿ ਗੁਰਦੁਆਰਾ ਪੈਲਾਟਾਈਨ ਦੀਆਂ ਪ੍ਰਬੰਧਕੀ ਸਫਾਂ ਵਿੱਚ ਪਿਛਲੀਆਂ ਦੋ ਟਰਮਾਂ ਤੋਂ ‘ਪੰਥਕ ਸਲੇਟ’ ਵਧੇਰੇ ਸਰਗਰਮ ਹੈ। ਇਹ ਗੱਲ ਵੱਖਰੀ ਹੈ ਕਿ ਪਿਛਲੇ ਕੁਝ ਸਮੇਂ, ਖਾਸ ਕਰ ਅਪਰੈਲ ਮਹੀਨੇ ਹੋਈਆਂ ਬੋਰਡ ਆਫ ਟਰੱਸਟੀਆਂ ਦੀ ਚੋਣ ਦੇ ਸਮੇਂ ਤੋਂ, ਇਸ ਸਲੇਟ ਨਾਲ ਜੁੜੇ ਕੁਝ ਸੰਗਤ ਮੈਂਬਰਾਂ ਵਿੱਚ ਵਿਚਾਰਾਂ ਦੇ ਵਖਰੇਵੇਂ ਅਤੇ ਪ੍ਰਬੰਧਾਂ ਵਿੱਚ ਪਾਰਦਰਸ਼ਤਾ ਸਮੇਤ ਹੋਰ ਛੋਟੇ-ਵੱਡੇ ਮੁੱਦਿਆਂ ਨੂੰ ਲੈ ਕੇ ਕਥਿਤ ਤੌਰ `ਤੇ ਵੱਖੋ-ਵੱਖਰੀ ਸੁਰ ਵਾਲਾ ਮਾਹੌਲ ਹੈ। ਸ਼ਾਇਦ ਅਜਿਹੇ ਹੀ ਕੁਝ ਕਾਰਨਾਂ ਕਰਕੇ ਪਿਛਲੇ ਬੋਰਡ ਦੇ ਕਾਰਜਕਾਲ ਦੌਰਾਨ ਗੁਰੂਘਰ ਦੇ ਧਾਰਮਿਕ ਕਰਮਚਾਰੀਆਂ ਜਾਂ ਕੀਰਤਨੀ ਜਥਿਆਂ ਪਾਸੋਂ ਕਥਿਤ ਤੌਰ `ਤੇ ਦਾਨ-ਭੇਟਾ ਦੀਆਂ ਰਸੀਦਾਂ ਕੱਟੇ ਜਾਣ ਜਿਹੇ ਮੁੱਦੇ ਉਭਰੇ ਹੋਏ ਹਨ। ਹਾਲਾਂਕਿ ਇਹ ਮੁੱਦਾ ਪੜਤਾਲੀਆ ਕਮੇਟੀ ਦੇ ਵਿਚਾਰ ਅਧੀਨ ਹੈ ਤੇ ਕਿਸੇ ਕਿਸਮ ਦਾ ਸਿੱਟਾ ਫਿਲਹਾਲ ਮੁਕੰਮਲ ਰੂਪ ਵਿੱਚ ਸਾਹਮਣੇ ਨਹੀਂ ਆਇਆ ਹੈ, ਪਰ ਇਸ ਪੜਤਾਲ ਨੂੰ ਕਥਿਤ ਤੌਰ `ਤੇ ਦਬਾਏ ਜਾਣ ਦੀਆਂ ਕੋਸਿæਸ਼ਾਂ ਦੌਰਾਨ ਕੁਝ ਹੱਦ ਤੱਕ ਤਲਖੀ ਜ਼ਰੂਰ ਪੈਦਾ ਹੋਈ ਹੈ। ਇਸ ਮਾਮਲੇ ਵਿੱਚ ਪਿਛਲੇ ਪ੍ਰਬੰਧਕੀ ਬੋਰਡ ਵਿੱਚੋਂ ਕੌਣ ਕਿੰਨਾ ਦੋਸ਼ੀ ਹੈ ਜਾਂ ਨਹੀਂ! ਇਹ ਇਸ ਲਿਖਤ ਦਾ ਵਿਸ਼ਾ ਨਹੀਂ ਹੈ। ਉਂਜ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਧਾਰਮਿਕ ਕਰਮਚਾਰੀਆਂ ਦੀਆਂ ‘ਭੇਟਾ ਦੀਆਂ ਰਸੀਦਾਂ ਕੱਟੇ ਜਾਣ ਵਾਲਾ ਮਾਮਲਾ’ ਕਿਸੇ ਤਣ-ਪੱਤਣ ਲੱਗਦਾ ਵੀ ਹੈ ਕਿ ਨਹੀਂ! ਹਾਲ ਦੀ ਘੜੀ ਅਸਲ ਪ੍ਰਸਥਿਤੀਆਂ ਕੀ ਹਨ, ਇਹ ਤਾਂ ਵਾਹਿਗੁਰੂ ਹੀ ਜਾਣੇ! ਪਰ ਇਸ ਮਸਲੇ ਉਤੇ ਹੁਣ ਸੰਗਤ ਦੇ ਮੈਂਬਰ ਚੁਟਕੀ ਲੈਣ ਲੱਗੇ ਹਨ ਤੇ ਕਈਆਂ ਵਿੱਚ ਇਹ ਜਾਣਨ ਦੀ ਹੈਰਾਨੀਜਨਕ ਤੀਬਰਤਾ ਵਧ ਗਈ ਹੈ ਕਿ ਇਸ ਮਾਮਲੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਖੜਨਾ ਚਾਹੀਦਾ ਹੈ।

1984 ਦੇ ਸ਼ਹੀਦਾਂ ਦੀ ਯਾਦ ‘ਚ ਖੂਨਦਾਨ ਕੈਂਪ
ਗੁਰਦੁਆਰਾ ਪੈਲਾਟਾਈਨ ਵਿੱਚ ਲੰਘੇ ਐਤਵਾਰ, ਪਹਿਲੀ ਨਵੰਬਰ ਨੂੰ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਵਿੱਚ 51 ਵਿਅਕਤੀਆਂ ਨੇ ਖੂਨਦਾਨ ਕਰਕੇ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੈਂਪ ਦੌਰਾਨ ‘ਵਰਸਿਟੀ ਬਲੱਡ ਸੈਂਟਰ’ ਦੀ ਟੀਮ ਪਹੁੰਚੀ ਹੋਈ ਸੀ, ਜਿਸ ਨੇ ਖੂਨ ਦਾਨ ਕਾਰਨ ਵਾਲਿਆਂ ਦੀ ਸਿਹਤ ਜਾਂ ਕਿਸੇ ਬਿਮਾਰੀ/ਦਵਾਈ ਸਬੰਧੀ ਜ਼ਰੂਰੀ ਪ੍ਰਸ਼ਨਾਵਲੀ ਮੁਕੰਮਲ ਕਰਵਾ ਕੇ ਅਗਲੀ ਲੋੜੀਂਦੀ ਕਾਰਵਾਈ ਕੀਤੀ। ‘ਵਰਸਿਟੀ ਬਲੱਡ ਸੈਂਟਰ’ ਦੀਆਂ ਦੋ ਬੱਸਾਂ ਮੌਕੇ `ਤੇ ਪੁੱਜੀਆਂ ਹੋਈਆਂ ਸਨ। ਇਸ ਮੌਕੇ ਜ਼ਿਆਦਾਤਰ ਨੌਜਵਾਨਾਂ ਤੇ ਅਧਰੇੜ ਉਮਰ ਦੇ ਸੰਗਤ ਮੈਂਬਰਾਂ ਨੇ ਖੂਨ ਦਾਨ ਕੀਤਾ। ਖੂਨ ਦਾਨ ਕੈਂਪ ਲਈ ਮੋਹਰੀ ਭੂਮਿਕਾ ਨਿਭਾਉਣ ਵਾਲੇ ਕੁਝ ਭਾਈਚਾਰਕ ਸੱਜਣ ਸੰਗਤ ਨੂੰ ਖੂਨ ਦਾਨ ਕਰਨ ਲਈ ਪ੍ਰੇਰਦੇ ਵੀ ਦੇਖੇ-ਸੁਣੇ ਗਏ।
ਜਿæਕਰਯੋਗ ਹੈ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸੇਵਾ ਦਾ ਇੱਕ ਉੱਤਮ ਰੂਪ ਹੈ, ਕਿਉਂਕਿ ਸਾਡੇ ਵੱਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਦਾ ਸਾਧਨ ਬਣ ਸਕਦਾ ਹੈ। ਗੁਰਦੁਆਰਾ ਪੈਲਾਟਾਈਨ ਵਿੱਚ ਖੂਨਦਾਨ ਕਰਨ ਦਾ ਇਹ ਉਪਰਾਲਾ ਸਾਲ 2001 ਤੋਂ ਲਗਾਤਾਰ ਕੀਤਾ ਜਾ ਰਿਹਾ ਹੈ।

ਪੱਤਝੜ ਦੀ ਸਾਲਾਨਾ ਕਾਰ ਸੇਵਾ
ਗੁਰੂਘਰ ਨਾਲ ਜੁੜੇ ਸੇਵਕਾਂ ਵੱਲੋਂ ਲੰਘੀ 31 ਅਕਤੂਬਰ ਨੂੰ ਪੱਤਝੜ ਦੀ ਸਾਲਾਨਾ ਕਾਰ ਸੇਵਾ ਕੀਤੀ ਗਈ, ਜਿਸ ਦੌਰਾਨ ਗੁਰੂਘਰ ਦੀ ਸਾਂਭ-ਸੰਭਾਲ ਦੇ ਮੱਦੇਨਜ਼ਰ ਅੰਦਰੋਂ ਅਤੇ ਬਾਹਰੋਂ ਚੰਗੀ ਤਰ੍ਹਾਂ ਸਾਫ-ਸਫਾਈ ਕੀਤੀ ਗਈ। ਬਾਹਰ ਰੁੱਖਾਂ ਤੋਂ ਝੜ ਕੇ ਘਾਹ ਉਤੇ ਡਿੱਗੇ ਪੱਤਿਆਂ ਨੂੰ ਹੂੰਝਿਆ ਗਿਆ ਅਤੇ ਫੁੱਲ-ਬੂਟਿਆਂ ਤੇ ਦਰਖ਼ਤਾਂ ਦੀ ਸੰਭਾਲ, ਖਾਦ ਵਗੈਰਾ ਦਾ ਕਾਰਜ ਨੇਪੜੇ ਚਾੜ੍ਹਿਆ ਗਿਆ।
ਕਾਰ ਸੇਵਾ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਸ਼ੁਰੂ ਹੋਈ ਅਤੇ ਸ਼ਾਮ ਤੱਕ ਚੱਲਦੀ ਰਹੀ। ਬੱਚਿਆਂ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਇਸ ਕਾਰ ਸੇਵਾ ਵਿੱਚ ਹੱਥ ਵਟਾਇਆ। ਸੇਵਾਦਾਰਾਂ ਵੱਲੋਂ ਸੰਗਤ ਦੀ ਲੰਗਰ-ਪਾਣੀ ਅਤੇ ਪੀਜ਼ਾ ਵਗੈਰਾ ਨਾਲ ਸੇਵਾ ਕੀਤੀ ਗਈ। ਜਿæਕਰਯੋਗ ਹੈ ਕਿ ਕਾਰ ਸੇਵਾ ਲਈ ਮਿਹਨਤੀ ਸੰਗਤ ਮੈਂਬਰਾਂ ਦੀ ਇੱਕ ਟੀਮ ਹੈ, ਜੋ ਸਾਲਾਨਾ ਕਾਰ ਸੇਵਾ ਦੇ ਕਾਰਜਾਂ ਤੋਂ ਇਲਾਵਾ ਰੋਜ਼ਮੱਰ੍ਹਾ ਦੀਆਂ ਜ਼ਰੂਰਤਾਂ ਮੁਤਾਬਕ ਸੇਵਾ ਕਰਦੀ ਰਹਿੰਦੀ ਹੈ। ਕਾਰ ਸੇਵਾ ਜਥੇ ਦਾ ਮਿਸ਼ਨ ਅਜਿਹੇ ਉਸਾਰੀ ਪ੍ਰੋਜੈਕਟਾਂ ਨੂੰ ਕਾਇਮ ਰੱਖਣਾ ਅਤੇ ਵਿਕਸਤ ਕਰਨਾ ਹੈ, ਜੋ ਸੰਗਤ ਲਈ ਵੱਧ ਤੋਂ ਵੱਧ ਮੁੱਲ ਪੈਦਾ ਕਰਨ।
ਪੱਤਝੜ ਦੀ ਕਾਰ ਸੇਵਾ ਦੌਰਾਨ ਵੀ ਕਈ ਕਾਰਜ ਕੀਤੇ ਗਏ, ਜਿਨ੍ਹਾਂ ਨੂੰ ਮੁਕੰਮਲ ਕਰਨ ਲਈ ਪਹਿਲਾਂ ਹੀ ਟੀਚੇ ਮਿੱਥੇ ਗਏ ਸਨ। ਖਾਸ ਕਰ ਗੁਰੂਘਰ ਵਿੱਚ ਨਿਰੰਤਰ ਹੋ ਰਹੇ ਸਮਾਗਮਾਂ, ਬੰਦੀਛੋੜ ਦਿਵਸ ਸਮਾਗਮ ਅਤੇ ਹੋਰ ਇਤਿਹਾਸਕ ਤੇ ਧਾਰਮਿਕ ਦਿਹਾੜਿਆਂ ਨੂੰ ਮੁੱਖ ਰੱਖ ਕੇ ਕਾਰ ਸੇਵਾ ਜ਼ਰੀਏ ਗੁਰੂਘਰ ਦੀ ਸਾਂਭ-ਸੰਭਾਲ ਨਿਰੰਤਰ ਹੋ ਰਹੀ ਹੈ। ਇਹ ਸੇਵਾ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਚੱਲ ਰਹੀ ਹੈ ਅਤੇ ਇਸ ਨਾਲ ਗੁਰੂਘਰ ਦੇ ਵਿੱਤੀ ਸਾਧਨਾਂ ਦੀ ਕਾਫੀ ਬੱਚਤ ਕੀਤੀ ਗਈ ਹੈ। ਕਾਰ ਸੇਵਾ ਜਥੇ ਅਨੁਸਾਰ ਜੋ ਕੋਈ ਵੀ ਸਿੱਖ ਵਿਰਸੇ ਨਾਲ਼ ਪਿਆਰ ਰੱਖਦਾ ਹੈ, ਸਭ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਰ ਸੇਵਾ ਕਾਰਜਾਂ ਵਿੱਚ ਭਾਗ ਲੈਣ ਲਈ ਖੁੱਲ੍ਹਾ ਸੱਦਾ ਹੈ।
ਜ਼ਿਕਰੋਯੋਗ ਹੈ ਕਿ ਗੁਰੂਘਰਾਂ ਵਿੱਚ ਕਾਰ ਸੇਵਾ ਸਿੱਖ ਧਰਮ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਇਹ ਕੇਵਲ ਸਰੀਰਕ ਕਰਮ ਹੀ ਨਹੀਂ, ਸਗੋਂ ਪ੍ਰਭੂ ਭਗਤੀ, ਨਿਮਰਤਾ ਅਤੇ ਮਾਨਵਤਾ ਦੀ ਨਿਸ਼ਕਾਮ ਸੇਵਾ ਦਾ ਸੁਪ੍ਰਸਿੱਧ ਪ੍ਰਤੀਕ ਹੈ। ‘ਕਾਰ’ ਦਾ ਅਰਥ ਹੈ ਹੱਥਾਂ ਨਾਲ ਕੀਤਾ ਜਾਣ ਵਾਲਾ ਕੰਮ ਅਤੇ ‘ਸੇਵਾ’ ਦਾ ਅਰਥ ਹੈ ਬਿਨਾਂ ਕਿਸੇ ਲਾਲਚ ਦੇ ਕੀਤੀ ਗਈ ਖ਼ਿਦਮਤ। ਸਿੱਖ ਇਤਿਹਾਸ ਵਿੱਚ ਸੇਵਾ ਦੇ ਤਿੰਨ ਮੁੱਖ ਰੂਪ ਮੰਨੇ ਗਏ ਹਨ: ਤਨ, ਮਨ ਅਤੇ ਧਨ। ਕਾਰ ਸੇਵਾ ਸਿੱਖ ਕੌਮ ਦਾ ਉਹ ਅਨਮੋਲ ਗਹਿਣਾ ਹੈ, ਜੋ ਸਮੁੱਚੀ ਮਾਨਵਤਾ ਨੂੰ ਆਪਸੀ ਪ੍ਰੇਮ, ਭਾਈਚਾਰੇ ਅਤੇ ਨਿਸ਼ਕਾਮ ਸੇਵਾ ਦਾ ਰਾਹ ਦਿਖਾਉਂਦਾ ਹੈ। ਸਿੱਖੀ ਵਿੱਚ ਮੰਨਿਆ ਜਾਂਦਾ ਹੈ ਕਿ ਕਾਰ ਸੇਵਾ ਕਰਨ ਨਾਲ ਮਨੁੱਖ ਦੇ ਅੰਦਰੋਂ ਹਉਮੈ (ਅਹੰਕਾਰ) ਦਾ ਨਾਸ਼ ਹੁੰਦਾ ਹੈ। ਗੁਰਬਾਣੀ ਦਾ ਫੁਰਮਾਨ ਹੈ: “ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥”
ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਨ ਦੀਆਂ ਪਹਿਲਕਦਮੀਆਂ ਨਾਲ ਕਾਰ ਸੇਵਾ ਦੀ ਸ਼ੁਰੂਆਤ ਹੋਈ।

Leave a Reply

Your email address will not be published. Required fields are marked *