ਬਦਲਦੀ ਥਾਲੀ, ਲੁਕਿਆ ਖ਼ਤਰਾ: ਕੀ ਸਾਡੇ ਜੀਨ ਵੀ ਕੋਲੈਸਟ੍ਰੋਲ ਵਧਣ ਵਿੱਚ ਭੂਮਿਕਾ ਨਿਭਾਉਂਦੇ ਹਨ?

ਵਿਚਾਰ-ਵਟਾਂਦਰਾ

*ਘੱਟ ਪੌਸ਼ਟਿਕ ਖ਼ੁਰਾਕ ਅਤੇ ਜੈਨੇਟਿਕ ਜੋਖ਼ਮ ਦਾ ਮੇਲ ਖ਼ੂਨ ਵਿੱਚ ਵਧਾ ਸਕਦਾ ਹੈ ਮਾੜੇ ਕੋਲੈਸਟ੍ਰੋਲ ਦਾ ਪੱਧਰ; ਚੇਨੱਈ ਦੇ 1,020 ਬਾਲਗਾਂ ’ਤੇ ਹੋਏ ਅਧਿਐਨ ਨੇ ਖ਼ੁਰਾਕ ਦੀ ਅਹਿਮੀਅਤ ਵੱਲ ਧਿਆਨ ਦਿਵਾਇਆ

ਲਲਿਤ ਮੌਰੀਆ

ਸਾਡੀ ਰੋਜ਼ਾਨਾ ਦੀ ਥਾਲੀ ਸਿਰਫ਼ ਭੁੱਖ ਮਿਟਾਉਣ ਦਾ ਸਾਧਨ ਨਹੀਂ। ਇਸ ਦਾ ਸਬੰਧ ਸਾਡੇ ਸਰੀਰ ਦੀ ਸਿਹਤ, ਖ਼ੂਨ ਵਿੱਚ ਸ਼ੱਕਰ ਦੇ ਪੱਧਰ ਅਤੇ ਕੋਲੈਸਟ੍ਰੋਲ ਨਾਲ ਵੀ ਹੈ; ਪਰ ਕੀ ਇੱਕੋ ਜਿਹੀ ਖ਼ੁਰਾਕ ਦਾ ਅਸਰ ਹਰ ਵਿਅਕਤੀ ਦੇ ਸਰੀਰ ’ਤੇ ਇੱਕੋ ਜਿਹਾ ਹੁੰਦਾ ਹੈ? ਵਿਗਿਆਨਕ ਖੋਜਾਂ ਦੱਸਦੀਆਂ ਹਨ ਕਿ ਇਸ ਦਾ ਜਵਾਬ ਲਾਜ਼ਮੀ ਤੌਰ ’ਤੇ ‘ਹਾਂ’ ਵਿੱਚ ਨਹੀਂ ਹੈ। ਕਿਸੇ ਵਿਅਕਤੀ ਦੇ ਜੀਨਾਂ ਵਿੱਚ ਮੌਜੂਦ ਕੁਝ ਖ਼ਾਸ ਤਬਦੀਲੀਆਂ ਵੀ ਇਹ ਪ੍ਰਭਾਵਿਤ ਕਰ ਸਕਦੀਆਂ ਹਨ ਕਿ ਉਸ ਦਾ ਸਰੀਰ ਖ਼ੁਰਾਕ ਪ੍ਰਤੀ ਕਿਹੋ ਜਿਹੀ ਪ੍ਰਤੀਕਿਰਿਆ ਕਰਦਾ ਹੈ।
ਚੇਨੱਈ ਵਿੱਚ ਕੀਤੇ ਇੱਕ ਨਵੇਂ ਅਧਿਐਨ ਨੇ ਇਸੇ ਸਵਾਲ ਨੂੰ ਉਭਾਰਿਆ ਹੈ। ਮਦਰਾਸ ਡਾਇਬਟੀਜ਼ ਰਿਸਰਚ ਫਾਊਂਡੇਸ਼ਨ ਅਤੇ ਯੂਨੀਵਰਸਿਟੀ ਆਫ਼ ਰੀਡਿੰਗ ਨਾਲ ਜੁੜੇ ਖੋਜਾਰਥੀਆਂ ਨੇ ਪਾਇਆ ਕਿ ਸ਼ੂਗਰ ਦੇ ਜੋਖ਼ਮ ਨਾਲ ਸਬੰਧਿਤ ਕੁਝ ਜੈਨੇਟਿਕ ਤਬਦੀਲੀਆਂ ਵਾਲੇ ਲੋਕਾਂ ਵਿੱਚ ਘੱਟ ਪੌਸ਼ਟਿਕ ਖ਼ੁਰਾਕ ਦੇ ਨਾਲ ਕੁੱਲ ਕੋਲੈਸਟ੍ਰੋਲ ਅਤੇ ਮਾੜੇ ਕੋਲੈਸਟ੍ਰੋਲ ਦਾ ਪੱਧਰ ਵਧੇਰੇ ਪਾਇਆ ਗਿਆ। ਇਹ ਅਧਿਐਨ 14 ਅਕਤੂਬਰ 2026 ਨੂੰ ਵਿਗਿਆਨਕ ਰਸਾਲੇ ਪੀ.ਐਲ.ਓ.ਐਸ. ਵਨ ਵਿੱਚ ਪ੍ਰਕਾਸ਼ਿਤ ਹੋਇਆ।
ਇਸ ਅਧਿਐਨ ਵਿੱਚ 25 ਤੋਂ 80 ਸਾਲ ਦੀ ਉਮਰ ਦੇ 1,020 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਵਿੱਚ 452 ਪੁਰਸ਼ ਅਤੇ 568 ਔਰਤਾਂ ਸਨ। ਇਹ ਭਾਗੀਦਾਰ ਚੇਨੱਈ ਅਰਬਨ ਰੂਰਲ ਐਪੀਡੈਮੀਓਲੋਜੀ ਸਟੱਡੀ (ਛੂ੍ਰਓS) ਨਾਲ ਸਬੰਧਿਤ ਸਨ। ਖੋਜਾਰਥੀਆਂ ਨੇ ਉਨ੍ਹਾਂ ਦੇ ਜੀਨਾਂ, ਖ਼ੁਰਾਕ ਦੀ ਗੁਣਵੱਤਾ ਅਤੇ ਸਿਹਤ ਨਾਲ ਜੁੜੇ ਕਈ ਸੰਕੇਤਾਂ ਦਾ ਵਿਸ਼ਲੇਸ਼ਣ ਕੀਤਾ।
ਖੋਜ ਦਾ ਮਕਸਦ ਇਹ ਸਮਝਣਾ ਸੀ ਕਿ ਜੈਨੇਟਿਕ ਜੋਖ਼ਮ ਅਤੇ ਖ਼ੁਰਾਕ ਦੀ ਗੁਣਵੱਤਾ ਦਾ ਆਪਸੀ ਸਬੰਧ ਖ਼ੂਨ ਵਿੱਚ ਸ਼ੱਕਰ ਅਤੇ ਕੋਲੈਸਟ੍ਰੋਲ ਵਰਗੇ ਸਿਹਤ ਸੰਕੇਤਾਂ ਨਾਲ ਕਿਵੇਂ ਜੁੜਿਆ ਹੋਇਆ ਹੈ। ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਜੀਨ ਸਾਡੇ ਸਰੀਰ ਦੇ ਕੰਮ ਕਰਨ ਦੇ ਕਈ ਤਰੀਕਿਆਂ ਨੂੰ ਪ੍ਰਭਾਵਿਤ ਕਰਦੇ ਹਨ, ਪਰ ਉਹ ਸਾਡੀ ਸਿਹਤ ਦਾ ਭਵਿੱਖ ਪੂਰੀ ਤਰ੍ਹਾਂ ਤੈਅ ਨਹੀਂ ਕਰਦੇ। ਉਮਰ, ਸਰੀਰਕ ਸਰਗਰਮੀ, ਖ਼ੁਰਾਕ, ਵਜ਼ਨ ਅਤੇ ਹੋਰ ਜੀਵਨ-ਸ਼ੈਲੀ ਦੇ ਕਾਰਕ ਵੀ ਅਹਿਮ ਹੁੰਦੇ ਹਨ।
ਖ਼ੁਰਾਕ ਦੀ ਗੁਣਵੱਤਾ ਕਿਵੇਂ ਮਾਪੀ ਗਈ?
ਖੋਜਾਰਥੀਆਂ ਨੇ ਲੋਕਾਂ ਦੇ ਖਾਣ-ਪੀਣ ਨੂੰ ਸਮਝਣ ਲਈ ਭਾਰਤੀ ਖ਼ੁਰਾਕ ਗੁਣਵੱਤਾ ਸੂਚਕ ਅੰਕ (ੀਨਦiਅਨ ਧਇਟ ਥੁਅਲਟਿੇ Sਚੋਰੲ) ਦੀ ਵਰਤੋਂ ਕੀਤੀ। ਇਸ ਵਿੱਚ ਅੱਠ ਖ਼ੁਰਾਕੀ ਸਮੂਹਾਂ ਨੂੰ ਧਿਆਨ ਵਿੱਚ ਰੱਖਿਆ ਗਿਆ। ਇਨ੍ਹਾਂ ਵਿੱਚ ਦਾਲਾਂ ਅਤੇ ਹੋਰ ਫਲੀਆਂ, ਫਲ ਤੇ ਸਬਜ਼ੀਆਂ, ਦੁੱਧ ਤੋਂ ਬਣੇ ਪਦਾਰਥ, ਚਿੱਟੇ ਚੌਲ, ਖਾਣ ਵਾਲੇ ਤੇਲ ਤੇ ਚਰਬੀਆਂ, ਖੰਡ, ਨਮਕ ਅਤੇ ਪੋਲਟਰੀ ਤੇ ਆਂਡੇ ਸ਼ਾਮਲ ਸਨ। ਇਸ ਤਰੀਕੇ ਨਾਲ ਖੋਜਾਰਥੀਆਂ ਨੇ ਭਾਗੀਦਾਰਾਂ ਦੀ ਖ਼ੁਰਾਕ ਨੂੰ ਘੱਟ, ਦਰਮਿਆਨੀ ਅਤੇ ਵੱਧ ਗੁਣਵੱਤਾ ਵਾਲੇ ਤਿੰਨ ਸਮੂਹਾਂ ਵਿੱਚ ਵੰਡਿਆ। ਉਨ੍ਹਾਂ ਨੇ ਪਿਛਲੇ ਇੱਕ ਸਾਲ ਦੇ ਖਾਣ-ਪੀਣ ਬਾਰੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਖ਼ੁਰਾਕ ਦਾ ਮੁਲੰਕਣ ਕੀਤਾ।
ਇਹ ਪਹੁੰਚ ਇਸ ਲਈ ਮਹੱਤਵਪੂਰਨ ਹੈ ਕਿ ਕਿਸੇ ਵਿਅਕਤੀ ਦੀ ਸਿਹਤ ਨੂੰ ਸਿਰਫ਼ ਇੱਕ ਖ਼ੁਰਾਕੀ ਵਸਤੂ ਦੇ ਆਧਾਰ ’ਤੇ ਨਹੀਂ ਸਮਝਿਆ ਜਾ ਸਕਦਾ। ਇਹ ਵੀ ਦੇਖਣਾ ਪੈਂਦਾ ਹੈ ਕਿ ਉਸ ਦੀ ਸਮੁੱਚੀ ਥਾਲੀ ਵਿੱਚ ਕਿਹੜੀਆਂ ਚੀਜ਼ਾਂ ਕਿੰਨੀ ਮਾਤਰਾ ਵਿੱਚ ਸ਼ਾਮਲ ਹਨ ਅਤੇ ਖ਼ੁਰਾਕ ਵਿੱਚ ਵੰਨ-ਸੁਵੰਨਤਾ ਕਿੰਨੀ ਹੈ।
ਤਿੰਨ ਜੈਨੇਟਿਕ ਤਬਦੀਲੀਆਂ ਦੀ ਜਾਂਚ
ਖੋਜ ਵਿੱਚ ਵਿਗਿਆਨੀਆਂ ਨੇ ਤਿੰਨ ਜੈਨੇਟਿਕ ਤਬਦੀਲੀਆਂ ਦੀ ਜਾਂਚ ਕੀਤੀ: ਠਛਾਂ7L2 ਰਸ7903146, ਾਂਠੌ ਰਸ8050136 ਅਤੇ ਾਂਠੌ ਰਸ1588413। ਇਨ੍ਹਾਂ ਦੀ ਵਰਤੋਂ ਕਰਕੇ ਇੱਕ ਜੈਨੇਟਿਕ ਜੋਖ਼ਮ ਸਕੋਰ ਤਿਆਰ ਕੀਤਾ ਗਿਆ। ਇਸ ਸਕੋਰ ਵਿੱਚ ਇੱਕ ਤੋਂ ਵੱਧ ਜੋਖ਼ਮ ਨਾਲ ਸਬੰਧਿਤ ਜੀਨ-ਰੂਪ ਰੱਖਣ ਵਾਲੇ ਲੋਕਾਂ ਨੂੰ ਵੱਧ ਜੈਨੇਟਿਕ ਜੋਖ਼ਮ ਵਾਲੇ ਸਮੂਹ ਵਿੱਚ ਰੱਖਿਆ ਗਿਆ, ਜਦਕਿ ਇੱਕ ਜਾਂ ਇਸ ਤੋਂ ਘੱਟ ਜੋਖ਼ਮ ਵਾਲੇ ਜੀਨ-ਰੂਪਾਂ ਵਾਲੇ ਲੋਕ ਘੱਟ ਜੋਖ਼ਮ ਵਾਲੇ ਸਮੂਹ ਵਿੱਚ ਸਨ। ਇਹ ਜਾਂਚ ਕਿਸੇ ਵਿਅਕਤੀ ਦੀ ਬਿਮਾਰੀ ਦੀ ਪੱਕੀ ਭਵਿੱਖਬਾਣੀ ਨਹੀਂ ਕਰਦੀ। ਇਸ ਦਾ ਮਕਸਦ ਇਹ ਦੇਖਣਾ ਸੀ ਕਿ ਇਨ੍ਹਾਂ ਜੈਨੇਟਿਕ ਤਬਦੀਲੀਆਂ ਅਤੇ ਖ਼ੁਰਾਕ ਦੀ ਗੁਣਵੱਤਾ ਦਾ ਮੇਲ ਸਿਹਤ ਦੇ ਸੰਕੇਤਾਂ ਨਾਲ ਕਿਵੇਂ ਜੁੜਦਾ ਹੈ।
ਸਭ ਤੋਂ ਅਹਿਮ ਨਤੀਜਾ: ਜੀਨ ਅਤੇ ਖ਼ੁਰਾਕ ਦਾ ਆਪਸੀ ਸਬੰਧ
ਅਧਿਐਨ ਵਿੱਚ ਸਾਹਮਣੇ ਆਇਆ ਕਿ ਵੱਧ ਜੈਨੇਟਿਕ ਜੋਖ਼ਮ ਵਾਲੇ ਲੋਕਾਂ ਵਿੱਚ ਖ਼ੂਨ ਵਿੱਚ ਖਾਲੀ ਪੇਟ ਸ਼ੱਕਰ ਅਤੇ ਐਚ.ਬੀ.ਏ.1.ਸੀ. ਦਾ ਪੱਧਰ ਵੀ ਵੱਧ ਸੀ। ਐਚ.ਬੀ.ਏ.1.ਸੀ. ਇੱਕ ਅਜਿਹਾ ਟੈਸਟ ਹੈ, ਜੋ ਪਿਛਲੇ ਲਗਭਗ ਦੋ ਤੋਂ ਤਿੰਨ ਮਹੀਨਿਆਂ ਦੌਰਾਨ ਖ਼ੂਨ ਵਿੱਚ ਸ਼ੱਕਰ ਦੇ ਔਸਤ ਪੱਧਰ ਬਾਰੇ ਜਾਣਕਾਰੀ ਦਿੰਦਾ ਹੈ।
ਪਰ ਕੋਲੈਸਟ੍ਰੋਲ ਦੇ ਮਾਮਲੇ ਵਿੱਚ ਖ਼ੁਰਾਕ ਦੀ ਗੁਣਵੱਤਾ ਨਾਲ ਜੁੜਿਆ ਇੱਕ ਹੋਰ ਦਿਲਚਸਪ ਨਤੀਜਾ ਸਾਹਮਣੇ ਆਇਆ। ਘੱਟ ਗੁਣਵੱਤਾ ਵਾਲੀ ਖ਼ੁਰਾਕ ਲੈਣ ਵਾਲੇ ਸਮੂਹ ਵਿੱਚ ਵੱਧ ਜੈਨੇਟਿਕ ਜੋਖ਼ਮ ਵਾਲੇ ਲੋਕਾਂ ਦਾ ਕੁੱਲ ਕੋਲੈਸਟ੍ਰੋਲ ਅਤੇ ਐਲ.ਡੀ.ਐਲ. ਕੋਲੈਸਟ੍ਰੋਲ ਘੱਟ ਜੈਨੇਟਿਕ ਜੋਖ਼ਮ ਵਾਲੇ ਲੋਕਾਂ ਨਾਲੋਂ ਕਾਫ਼ੀ ਵੱਧ ਸੀ। ਦਰਮਿਆਨੀ ਜਾਂ ਵੱਧ ਗੁਣਵੱਤਾ ਵਾਲੀ ਖ਼ੁਰਾਕ ਲੈਣ ਵਾਲੇ ਸਮੂਹਾਂ ਵਿੱਚ ਇਹ ਫ਼ਰਕ ਅੰਕੜਿਆਂ ਦੇ ਪੱਖੋਂ ਮਹੱਤਵਪੂਰਨ ਨਹੀਂ ਸੀ।
ਇਸ ਨਤੀਜੇ ਦੀ ਅੰਕੜਿਆਂ ਨਾਲ ਵੀ ਪੁਸ਼ਟੀ ਹੋਈ। ਖ਼ੁਰਾਕ ਅਤੇ ਜੈਨੇਟਿਕ ਜੋਖ਼ਮ ਦੇ ਆਪਸੀ ਸਬੰਧ ਲਈ ਕੁੱਲ ਕੋਲੈਸਟ੍ਰੋਲ ਦੇ ਮਾਮਲੇ ਵਿੱਚ ਪ=0।003 ਅਤੇ ਐਲ.ਡੀ.ਐਲ. ਕੋਲੈਸਟ੍ਰੋਲ ਲਈ ਪ=0।005 ਦਰਜ ਕੀਤਾ ਗਿਆ। ਇਹ ਅੰਕੜੇ ਦੱਸਦੇ ਹਨ ਕਿ ਮਿਲਿਆ ਸਬੰਧ ਸਿਰਫ਼ ਇਤਫ਼ਾਕ ਹੋਣ ਦੀ ਸੰਭਾਵਨਾ ਘੱਟ ਹੈ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਕਿ ਹਰ ਵਿਅਕਤੀ ਵਿੱਚ ਇਹੀ ਨਤੀਜਾ ਨਿਕਲੇਗਾ ਜਾਂ ਖ਼ੁਰਾਕ ਬਦਲਣ ਨਾਲ ਕੋਲੈਸਟ੍ਰੋਲ ਵਿੱਚ ਨਿਸ਼ਚਿਤ ਮਾਤਰਾ ਵਿੱਚ ਕਮੀ ਆਵੇਗੀ।
ਚਿੱਟੇ ਚੌਲ ਜਾਂ ਮੈਦਾ ਹੀ ਖ਼ਤਰਾ ਨਹੀਂ
ਭਾਰਤੀ ਖਾਣ-ਪੀਣ ਵਿੱਚ ਚੌਲ, ਰੋਟੀ ਅਤੇ ਅਨਾਜ ਦੀ ਅਹਿਮ ਥਾਂ ਹੈ। ਇਸ ਲਈ ਅਧਿਐਨ ਨੂੰ ਇਸ ਤਰ੍ਹਾਂ ਨਹੀਂ ਸਮਝਣਾ ਚਾਹੀਦਾ ਕਿ ਚਿੱਟੇ ਚੌਲ ਖਾਣ ਵਾਲਾ ਹਰ ਵਿਅਕਤੀ ਕੋਲੈਸਟ੍ਰੋਲ ਜਾਂ ਸ਼ੂਗਰ ਦਾ ਮਰੀਜ਼ ਬਣ ਜਾਵੇਗਾ। ਖ਼ਤਰਾ ਕਿਸੇ ਇੱਕ ਚੀਜ਼ ਨਾਲੋਂ ਵਧੇਰੇ ਸਮੁੱਚੀ ਖ਼ੁਰਾਕ ਦੀ ਗੁਣਵੱਤਾ, ਮਾਤਰਾ ਅਤੇ ਵਿਅਕਤੀ ਦੀ ਸਿਹਤ ਨਾਲ ਜੁੜਿਆ ਹੁੰਦਾ ਹੈ।
ਜੇ ਥਾਲੀ ਵਿੱਚ ਦਾਲਾਂ, ਫਲਾਂ, ਸਬਜ਼ੀਆਂ ਅਤੇ ਹੋਰ ਪੌਸ਼ਟਿਕ ਭੋਜਨਾਂ ਦੀ ਥਾਂ ਘੱਟ ਹੋਵੇ ਅਤੇ ਖ਼ੁਰਾਕ ਵਿੱਚ ਲੋੜੀਂਦੀ ਵੰਨ-ਸੁਵੰਨਤਾ ਨਾ ਹੋਵੇ, ਤਾਂ ਸਿਹਤ ਨਾਲ ਜੁੜੀਆਂ ਚਿੰਤਾਵਾਂ ਵਧ ਸਕਦੀਆਂ ਹਨ। ਇਸ ਦੇ ਉਲਟ ਵੱਖ-ਵੱਖ ਪੌਸ਼ਟਿਕ ਭੋਜਨਾਂ ਨੂੰ ਸੰਤੁਲਿਤ ਮਾਤਰਾ ਵਿੱਚ ਸ਼ਾਮਲ ਕਰਨਾ ਸਿਹਤਮੰਦ ਖਾਣ-ਪੀਣ ਦੀ ਆਦਤ ਦਾ ਹਿੱਸਾ ਹੈ।
ਐਲ.ਡੀ.ਐਲ. ਨੂੰ ਆਮ ਤੌਰ ’ਤੇ ‘ਮਾੜਾ ਕੋਲੈਸਟ੍ਰੋਲ’ ਕਿਹਾ ਜਾਂਦਾ ਹੈ, ਕਿਉਂਕਿ ਇਸ ਦਾ ਵਧਿਆ ਹੋਇਆ ਪੱਧਰ ਧਮਨੀਆਂ ਵਿੱਚ ਚਰਬੀ ਜਮ੍ਹਾਂ ਹੋਣ ਅਤੇ ਦਿਲ ਦੀਆਂ ਬਿਮਾਰੀਆਂ ਦੇ ਜੋਖ਼ਮ ਨਾਲ ਜੁੜਿਆ ਹੋਇਆ ਹੈ। ਇਸੇ ਲਈ ਕੋਲੈਸਟ੍ਰੋਲ ਦੀ ਜਾਂਚ, ਸੰਤੁਲਿਤ ਖ਼ੁਰਾਕ ਅਤੇ ਲੋੜ ਅਨੁਸਾਰ ਡਾਕਟਰੀ ਸਲਾਹ ਅਹਿਮ ਹਨ।
ਅਧਿਐਨ ਦੀਆਂ ਹੱਦਾਂ ਵੀ ਸਮਝਣੀਆਂ ਜ਼ਰੂਰੀ
ਇਸ ਖੋਜ ਦੀ ਇੱਕ ਵੱਡੀ ਹੱਦ ਇਹ ਹੈ ਕਿ ਇਹ ਇੱਕ ਨਿਰਧਾਰਤ ਸਮੇਂ ’ਤੇ ਇਕੱਠੇ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਹੈ। ਇਸ ਲਈ ਇਹ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਘੱਟ ਗੁਣਵੱਤਾ ਵਾਲੀ ਖ਼ੁਰਾਕ ਨੇ ਹੀ ਕੋਲੈਸਟ੍ਰੋਲ ਵਧਾਇਆ। ਇਹ ਵੀ ਨਹੀਂ ਪਰਖਿਆ ਗਿਆ ਕਿ ਜੇ ਲੋਕ ਆਪਣੀ ਖ਼ੁਰਾਕ ਬਦਲ ਲੈਣ ਤਾਂ ਉਨ੍ਹਾਂ ਦੇ ਕੋਲੈਸਟ੍ਰੋਲ ਵਿੱਚ ਕਿੰਨੀ ਕਮੀ ਆਵੇਗੀ।
ਖੋਜਾਰਥੀਆਂ ਨੇ ਇਹ ਵੀ ਦਰਸਾਇਆ ਕਿ ਜੀਨਾਂ ਅਤੇ ਖ਼ੁਰਾਕ ਦੇ ਆਪਸੀ ਸਬੰਧ ਦਾ ਕੁੱਲ ਕੋਲੈਸਟ੍ਰੋਲ ਅਤੇ ਐਲ.ਡੀ.ਐਲ. ’ਤੇ ਅਸਰ ਅੰਕੜਿਆਂ ਦੇ ਪੱਖੋਂ ਛੋਟਾ ਸੀ। ਇਸ ਲਈ ਨਤੀਜਿਆਂ ਨੂੰ ਸਾਵਧਾਨੀ ਨਾਲ ਸਮਝਣ ਦੀ ਲੋੜ ਹੈ। ਵੱਖ-ਵੱਖ ਖੇਤਰਾਂ, ਉਮਰ ਵਰਗਾਂ ਅਤੇ ਖਾਣ-ਪੀਣ ਦੀਆਂ ਆਦਤਾਂ ਵਾਲੇ ਲੋਕਾਂ ’ਤੇ ਲੰਮੇ ਸਮੇਂ ਤੱਕ ਹੋਣ ਵਾਲੀਆਂ ਖੋਜਾਂ ਨਾਲ ਇਸ ਬਾਰੇ ਹੋਰ ਸਪੱਸ਼ਟਤਾ ਮਿਲ ਸਕਦੀ ਹੈ।
ਥਾਲੀ ਵਿੱਚ ਬਦਲਾਅ, ਸਿਹਤ ਵੱਲ ਕਦਮ
ਇਸ ਖੋਜ ਦਾ ਸਭ ਤੋਂ ਅਹਿਮ ਸੁਨੇਹਾ ਇਹ ਨਹੀਂ ਕਿ ਸਾਡੇ ਜੀਨ ਸਾਡੀ ਸਿਹਤ ਦਾ ਫ਼ੈਸਲਾ ਕਰਦੇ ਹਨ। ਇਸ ਦਾ ਸੁਨੇਹਾ ਇਹ ਹੈ ਕਿ ਜੈਨੇਟਿਕ ਜੋਖ਼ਮ ਹੋਣ ਦੇ ਬਾਵਜੂਦ ਖ਼ੁਰਾਕ ਦੀ ਗੁਣਵੱਤਾ ਮਹੱਤਵ ਰੱਖ ਸਕਦੀ ਹੈ। ਦਾਲਾਂ, ਫਲੀਆਂ, ਸਬਜ਼ੀਆਂ, ਫਲ ਅਤੇ ਹੋਰ ਪੌਸ਼ਟਿਕ ਭੋਜਨਾਂ ਨੂੰ ਰੋਜ਼ਾਨਾ ਦੀ ਥਾਲੀ ਵਿੱਚ ਢੁੱਕਵੀਂ ਥਾਂ ਦੇਣਾ, ਨਮਕ ਅਤੇ ਬਾਜ਼ਾਰੂ ਖੰਡ ਦੀ ਵੱਧ ਵਰਤੋਂ ਤੋਂ ਬਚਣਾ, ਸਰੀਰਕ ਸਰਗਰਮੀ ਬਣਾਈ ਰੱਖਣਾ ਅਤੇ ਸਮੇਂ-ਸਮੇਂ ’ਤੇ ਲੋੜੀਂਦੀਆਂ ਸਿਹਤ ਜਾਂਚਾਂ ਕਰਵਾਉਣਾ ਲਾਭਦਾਇਕ ਕਦਮ ਹਨ। ਜੇ ਕੋਲੈਸਟ੍ਰੋਲ ਜਾਂ ਸ਼ੂਗਰ ਦਾ ਪੱਧਰ ਵਧਿਆ ਹੋਇਆ ਹੈ, ਤਾਂ ਸਿਰਫ਼ ਖ਼ੁਰਾਕ ’ਤੇ ਨਿਰਭਰ ਰਹਿਣ ਦੀ ਥਾਂ ਡਾਕਟਰ ਦੀ ਸਲਾਹ ਮੁਤਾਬਕ ਇਲਾਜ ਕਰਵਾਉਣਾ ਚਾਹੀਦਾ ਹੈ।
ਅਖ਼ੀਰ ਵਿੱਚ, ਸਾਡੀ ਥਾਲੀ ਅਤੇ ਸਾਡੇ ਜੀਨ ਦੋਵੇਂ ਸਿਹਤ ਦੀ ਕਹਾਣੀ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹਨ। ਜੀਨਾਂ ਨੂੰ ਬਦਲਣਾ ਸਾਡੇ ਵੱਸ ਵਿੱਚ ਨਹੀਂ, ਪਰ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਕਾਫ਼ੀ ਹੱਦ ਤੱਕ ਸਾਡੇ ਹੱਥ ਵਿੱਚ ਹੈ। ਇਹੀ ਇਸ ਅਧਿਐਨ ਦੀ ਉਮੀਦ ਭਰੀ ਗੱਲ ਹੈ।

Leave a Reply

Your email address will not be published. Required fields are marked *