2027 ਦੀਆਂ ਚੋਣਾਂ ’ਚ ਪੰਜਾਬ ਨੂੰ ਤ੍ਰਿਸ਼ੰਕੂ ਵਿਧਾਨ ਸਭਾ ਦੇ ਸੰਕੇਤ

ਸਿਆਸੀ ਹਲਚਲ

*‘ਆਪ’ ਤੇ ਕਾਂਗਰਸ ਬਰਾਬਰੀ ’ਤੇ, ਭਾਜਪਾ ਦੀ ਵੱਡੀ ਛਾਲ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣੇ ਤੋਂ ਨਵੇਂ ਸਮੀਕਰਨ ਬਣਦੇ ਦਿਖਾਈ ਦੇ ਰਹੇ ਹਨ। ਸੂਬੇ ਵਿੱਚ ਇਸ ਵੇਲੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ ਅਗਲੀਆਂ ਚੋਣਾਂ ਵਿੱਚ ਕਾਂਗਰਸ ਤੋਂ ਸਖ਼ਤ ਟੱਕਰ ਮਿਲ ਸਕਦੀ ਹੈ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਇੱਕ ਅਹਿਮ ਤਾਕਤ ਵਜੋਂ ਉੱਭਰਦੀ ਦਿਖਾਈ ਦੇ ਰਹੀ ਹੈ।

ਦੈਨਿਕ ਭਾਸਕਰ ਐਪ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਦੇ ਨਤੀਜੇ ਪੰਜਾਬ ਵਿੱਚ ਕਿਸੇ ਵੀ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ ਦਿਖਾਉਂਦੇ। ਸਰਵੇਖਣ ਦੇ ਅੰਕੜੇ ਸਹੀ ਚੋਣ ਨਤੀਜਿਆਂ ਵਿੱਚ ਬਦਲਦੇ ਹਨ ਤਾਂ ਸੂਬੇ ਵਿੱਚ ਲਗਭਗ 58 ਸਾਲਾਂ ਬਾਅਦ ਤ੍ਰਿਸ਼ੰਕੂ ਵਿਧਾਨ ਸਭਾ ਬਣ ਸਕਦੀ ਹੈ।
ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਇਹ ਸਰਵੇਖਣ ਪਹਿਲੀ ਤੋਂ 15 ਅਕਤੂਬਰ ਦਰਮਿਆਨ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਕੀਤਾ ਗਿਆ। ਹਾਲਾਂਕਿ 15 ਸੀਟਾਂ ’ਤੇ ਨਤੀਜਾ ਕੱਢਣ ਲਈ ਲੋੜੀਂਦੀ ਵੋਟਿੰਗ ਨਹੀਂ ਹੋ ਸਕੀ। ਇਸ ਲਈ 102 ਸੀਟਾਂ ਦੇ ਨਤੀਜੇ ਹੀ ਐਲਾਨੇ ਗਏ। ਸਰਵੇਖਣ ਮੁਤਾਬਕ 34-34 ਸੀਟਾਂ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਲੋਕਾਂ ਦੀ ਪਹਿਲੀ ਪਸੰਦ ਬਣੀਆਂ ਹੋਈਆਂ ਹਨ। ਭਾਜਪਾ ਨੂੰ 30 ਸੀਟਾਂ ’ਤੇ ਪਹਿਲੀ ਪਸੰਦ ਵਜੋਂ ਦਰਸਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੋ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ-ਵਾਰਿਸ ਪੰਜਾਬ ਦੇ ਇੱਕ ਸੀਟ ’ਤੇ ਅੱਗੇ ਦਿਖਾਈ ਗਈ ਹੈ।
ਇਹ ਅੰਕੜੇ 2022 ਦੀਆਂ ਚੋਣਾਂ ਦੇ ਨਤੀਜਿਆਂ ਨਾਲੋਂ ਕਾਫ਼ੀ ਵੱਖਰੇ ਹਨ। ਉਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕੀਤਾ ਸੀ, ਜਦਕਿ ਕਾਂਗਰਸ ਨੂੰ ਸਿਰਫ਼ 18 ਸੀਟਾਂ ਮਿਲੀਆਂ ਸਨ। ਇਸ ਵਾਰ ਸਰਵੇਖਣ ਵਿੱਚ ‘ਆਪ’ ਨੂੰ ਲਗਭਗ 60 ਸੀਟਾਂ ਦਾ ਨੁਕਸਾਨ ਹੁੰਦਾ ਦਿਖਾਇਆ ਗਿਆ ਹੈ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਦੀਆਂ ਸੀਟਾਂ ਵਿੱਚ ਵਾਧੇ ਦੇ ਸੰਕੇਤ ਹਨ। ਹਾਲਾਂਕਿ ਇਹ ਸਰਵੇਖਣ ਦੇ ਰੁਝਾਨ ਹਨ, ਚੋਣ ਨਤੀਜਿਆਂ ਦੀ ਪੱਕੀ ਭਵਿੱਖਬਾਣੀ ਨਹੀਂ।

58 ਸਾਲ ਬਾਅਦ ਤ੍ਰਿਸ਼ੰਕੂ ਵਿਧਾਨ ਸਭਾ ਦੀ ਸੰਭਾਵਨਾ
ਭਾਸਕਰ ਦੀ ਰਿਪੋਰਟ ਮੁਤਾਬਕ ਜੇਕਰ 2027 ਦੇ ਚੋਣ ਨਤੀਜੇ ਸਰਵੇਖਣ ਦੇ ਅੰਕੜਿਆਂ ਦੇ ਨੇੜੇ ਰਹਿੰਦੇ ਹਨ ਤਾਂ ਪੰਜਾਬ ਵਿੱਚ ਲਗਭਗ 58 ਸਾਲਾਂ ਬਾਅਦ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ। ਸੂਬੇ ਵਿੱਚ ਆਖ਼ਰੀ ਵਾਰ 1969 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਜਿਹੀ ਸਥਿਤੀ ਬਣੀ ਸੀ।
1966 ਵਿੱਚ ਹਰਿਆਣਾ ਦੇ ਵੱਖ ਹੋਣ ਅਤੇ ਪੰਜਾਬ ਦੇ ਕੁਝ ਇਲਾਕੇ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 154 ਤੋਂ ਘਟਾ ਕੇ 104 ਕਰ ਦਿੱਤੀ ਗਈ ਸੀ। ਉਸ ਸਮੇਂ ਬਹੁਮਤ ਲਈ 53 ਸੀਟਾਂ ਦੀ ਲੋੜ ਸੀ। 1969 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 43 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣਿਆ ਸੀ। ਕਾਂਗਰਸ ਨੂੰ 38, ਭਾਰਤੀ ਜਨਸੰਘ ਨੂੰ ਅੱਠ ਅਤੇ ਹੋਰ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ 15 ਸੀਟਾਂ ਮਿਲੀਆਂ ਸਨ। ਬਾਅਦ ਵਿੱਚ ਅਕਾਲੀ ਦਲ ਨੇ ਜਨਸੰਘ ਅਤੇ ਹੋਰ ਸਹਿਯੋਗੀਆਂ ਨਾਲ ਮਿਲ ਕੇ ਗੱਠਜੋੜ ਸਰਕਾਰ ਬਣਾਈ ਸੀ।

ਮਾਲਵਾ ਵਿੱਚ ‘ਆਪ’ ਨੂੰ ਵੱਡਾ ਨੁਕਸਾਨ, ਫਿਰ ਵੀ ਪਹਿਲੇ ਨੰਬਰ ’ਤੇ
ਪੰਜਾਬ ਦੀਆਂ ਸਿਆਸੀ ਚੋਣਾਂ ਵਿੱਚ ਮਾਲਵਾ ਖੇਤਰ ਦੀ ਭੂਮਿਕਾ ਹਮੇਸ਼ਾ ਫ਼ੈਸਲਾਕੁਨ ਰਹੀ ਹੈ। ਇਸ ਖੇਤਰ ਵਿੱਚ ਵਿਧਾਨ ਸਭਾ ਦੀਆਂ 69 ਸੀਟਾਂ ਹਨ। ਭਾਸਕਰ ਦੇ ਸਰਵੇਖਣ ਵਿੱਚ ਇਨ੍ਹਾਂ ਵਿੱਚੋਂ 60 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ। ਸਰਵੇਖਣ ਅਨੁਸਾਰ ਮਾਲਵਾ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀ ਰਹਿ ਸਕਦੀ ਹੈ, ਪਰ ਉਸ ਦੀਆਂ ਸੀਟਾਂ ਵਿੱਚ ਭਾਰੀ ਗਿਰਾਵਟ ਦੇ ਸੰਕੇਤ ਹਨ।
ਸਰਵੇਖਣ ਵਿੱਚ ‘ਆਪ’ ਨੂੰ ਮਾਲਵਾ ਦੀਆਂ 21 ਸੀਟਾਂ ’ਤੇ ਲੋਕਾਂ ਦੀ ਪਹਿਲੀ ਪਸੰਦ ਦੱਸਿਆ ਗਿਆ ਹੈ। 2022 ਵਿੱਚ ਇਸੇ ਖੇਤਰ ਵਿੱਚ ਪਾਰਟੀ ਨੇ 66 ਸੀਟਾਂ ਜਿੱਤੀਆਂ ਸਨ। ਇਸ ਤਰ੍ਹਾਂ ਉਸ ਨੂੰ 45 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਦਾ ਸਭ ਤੋਂ ਵੱਧ ਫ਼ਾਇਦਾ ਕਾਂਗਰਸ ਅਤੇ ਭਾਜਪਾ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ। ਕਾਂਗਰਸ ਨੂੰ 19 ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ, ਜਦਕਿ 2022 ਵਿੱਚ ਉਸ ਨੇ ਇੱਥੋਂ ਸਿਰਫ਼ ਦੋ ਸੀਟਾਂ ਜਿੱਤੀਆਂ ਸਨ। ਭਾਜਪਾ, ਜਿਸ ਦਾ 2022 ਵਿੱਚ ਮਾਲਵਾ ਵਿੱਚ ਖਾਤਾ ਵੀ ਨਹੀਂ ਖੁੱਲਿ੍ਹਆ ਸੀ, ਇਸ ਵਾਰ 17 ਸੀਟਾਂ ’ਤੇ ਅੱਗੇ ਦਿਖਾਈ ਗਈ ਹੈ। ਅਕਾਲੀ ਦਲ ਨੂੰ ਇੱਕ ਸੀਟ ਮਿਲਣ ਦਾ ਅਨੁਮਾਨ ਹੈ।

ਦੋਆਬੇ ਵਿੱਚ ਕਾਂਗਰਸ ਪਹਿਲੀ ਪਸੰਦ, ਭਾਜਪਾ ਨੂੰ ਵੀ ਲਾਭ
ਦਲਿਤ ਵੋਟਰਾਂ ਦੇ ਪ੍ਰਭਾਵ ਵਾਲੇ ਦੋਆਬਾ ਖੇਤਰ ਵਿੱਚ ਵਿਧਾਨ ਸਭਾ ਦੀਆਂ 23 ਸੀਟਾਂ ਹਨ। ਸਰਵੇਖਣ ਵਿੱਚ 19 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਵਿੱਚੋਂ ਅੱਠ ਸੀਟਾਂ ’ਤੇ ਕਾਂਗਰਸ ਲੋਕਾਂ ਦੀ ਪਹਿਲੀ ਪਸੰਦ ਬਣੀ ਹੈ। 2022 ਵਿੱਚ ਕਾਂਗਰਸ ਨੇ ਇਸ ਖੇਤਰ ਵਿੱਚ ਨੌਂ ਸੀਟਾਂ ਜਿੱਤੀਆਂ ਸਨ। ਇਸ ਵਾਰ ਉਸ ਨੂੰ ਇੱਕ ਸੀਟ ਦਾ ਨੁਕਸਾਨ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਨੂੰ 2022 ਦੀਆਂ 10 ਸੀਟਾਂ ਦੇ ਮੁਕਾਬਲੇ ਸੱਤ ਸੀਟਾਂ ਮਿਲਣ ਦਾ ਅਨੁਮਾਨ ਹੈ। ਭਾਜਪਾ ਲਈ ਦੋਆਬੇ ਤੋਂ ਚੰਗੇ ਸੰਕੇਤ ਸਾਹਮਣੇ ਆਏ ਹਨ। ਪਿਛਲੀਆਂ ਚੋਣਾਂ ਵਿੱਚ ਇੱਥੋਂ ਇੱਕ ਸੀਟ ਜਿੱਤਣ ਵਾਲੀ ਭਾਜਪਾ ਇਸ ਵਾਰ ਚਾਰ ਸੀਟਾਂ ’ਤੇ ਅੱਗੇ ਦਿਖਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਸ ਖੇਤਰ ਵਿੱਚ ਖਾਤਾ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ।

ਮਾਝੇ ਵਿੱਚ ਭਾਜਪਾ ਸਭ ਤੋਂ ਅੱਗੇ
ਸਰਵੇਖਣ ਦਾ ਸਭ ਤੋਂ ਹੈਰਾਨੀਜਨਕ ਪੱਖ ਮਾਝਾ ਖੇਤਰ ਦੇ ਨਤੀਜੇ ਹਨ। ਇਸ ਖੇਤਰ ਦੇ ਚਾਰ ਜ਼ਿਲਿ੍ਹਆਂ ਦੀਆਂ ਸਰਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਹਨ। ਸਿਆਸੀ ਅਤੇ ਸੁਰੱਖਿਆ ਪੱਖੋਂ ਇਸ ਨੂੰ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਇੱਥੇ ਵਿਧਾਨ ਸਭਾ ਦੀਆਂ 25 ਸੀਟਾਂ ਹਨ। ਸਰਵੇਖਣ ਵਿੱਚ ਭਾਜਪਾ ਨੂੰ ਨੌਂ ਸੀਟਾਂ ’ਤੇ ਲੋਕਾਂ ਦੀ ਪਹਿਲੀ ਪਸੰਦ ਦੱਸਿਆ ਗਿਆ ਹੈ। 2022 ਵਿੱਚ ਪਾਰਟੀ ਇੱਥੋਂ ਸਿਰਫ਼ ਪਠਾਨਕੋਟ ਸੀਟ ਜਿੱਤ ਸਕੀ ਸੀ।
ਕਾਂਗਰਸ ਸੱਤ ਸੀਟਾਂ ਨਾਲ ਦੂਜੇ ਨੰਬਰ ’ਤੇ ਦਿਖਾਈ ਗਈ ਹੈ। ਇਹ ਗਿਣਤੀ 2022 ਦੇ ਬਰਾਬਰ ਹੈ। ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੁੰਦਾ ਦਿਖਾਇਆ ਗਿਆ ਹੈ। ਪਿਛਲੀਆਂ ਚੋਣਾਂ ਵਿੱਚ ਮਾਝੇ ਦੀਆਂ 16 ਸੀਟਾਂ ਜਿੱਤਣ ਵਾਲੀ ‘ਆਪ’ ਇਸ ਵਾਰ ਸਿਰਫ਼ ਛੇ ਸੀਟਾਂ ’ਤੇ ਅੱਗੇ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਕੋਈ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ, ਜਦਕਿ ਅਕਾਲੀ ਦਲ-ਵਾਰਿਸ ਪੰਜਾਬ ਦੇ ਇੱਕ ਸੀਟ ’ਤੇ ਆਪਣਾ ਖਾਤਾ ਖੋਲ੍ਹ ਸਕਦੀ ਹੈ।

90 ਫ਼ੀਸਦੀ ਲੋਕ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੇ ਹੱਕ ਵਿੱਚ
ਸਰਵੇਖਣ ਦਾ ਇੱਕ ਹੋਰ ਅਹਿਮ ਪੱਖ ਮੌਜੂਦਾ ਵਿਧਾਇਕਾਂ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਹੈ। ਦੈਨਿਕ ਭਾਸਕਰ ਐਪ ਦੇ ਸਰਵੇਖਣ ਵਿੱਚ 90 ਫ਼ੀਸਦੀ ਲੋਕਾਂ ਨੇ ਰਾਇ ਦਿੱਤੀ ਹੈ ਕਿ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਅੰਕੜਾ ਦਰਸਾਉਂਦਾ ਹੈ ਕਿ ਲੋਕਾਂ ਵਿੱਚ ਸਿਰਫ਼ ਸਰਕਾਰ ਜਾਂ ਪਾਰਟੀ ਹੀ ਨਹੀਂ, ਸਗੋਂ ਆਪਣੇ ਹਲਕਿਆਂ ਦੀ ਨੁਮਾਇੰਦਗੀ ਕਰ ਰਹੇ ਵਿਧਾਇਕਾਂ ਦੇ ਕੰਮਕਾਜ ਪ੍ਰਤੀ ਵੀ ਨਾਰਾਜ਼ਗੀ ਹੋ ਸਕਦੀ ਹੈ।
ਸਰਵੇਖਣ ਵਿੱਚ ਪੰਜਾਬ ਦੇ 55 ਫ਼ੀਸਦੀ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਕਾਜ ਨੂੰ ਮਾੜਾ ਦੱਸਿਆ ਹੈ, ਜਦਕਿ ਬਾਕੀ 45 ਫ਼ੀਸਦੀ ਲੋਕ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਦਿਖਾਏ ਗਏ ਹਨ। ਇਹ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ, ਕਿਉਂਕਿ 2022 ਵਿੱਚ ਉਸ ਨੂੰ ਮਿਲੇ ਭਾਰੀ ਜਨਤਕ ਫ਼ਤਵੇ ਤੋਂ ਬਾਅਦ ਅਗਲੀਆਂ ਚੋਣਾਂ ਵਿੱਚ ਲੋਕਾਂ ਦੀਆਂ ਉਮੀਦਾਂ ਅਤੇ ਸਰਕਾਰ ਦੇ ਕੰਮਕਾਜ ਦਾ ਮੁਲੰਕਣ ਅਹਿਮ ਰਹੇਗਾ।

ਸਰਵੇਖਣ ਦੇ ਅੰਕੜੇ ਅਤੇ ਚੋਣਾਂ ਦੀ ਹਕੀਕਤ
ਦੈਨਿਕ ਭਾਸਕਰ ਦੇ ਇਸ ਸਰਵੇਖਣ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਾਹਮਣੇ ਕਈ ਸਵਾਲ ਖੜ੍ਹੇ ਕੀਤੇ ਹਨ। ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ 2022 ਦੇ ਜਨਤਕ ਫ਼ਤਵੇ ਨੂੰ ਬਰਕਰਾਰ ਰੱਖਣ ਦੀ ਹੋਵੇਗੀ। ਕਾਂਗਰਸ ਕੋਲ ਵਾਪਸੀ ਦਾ ਮੌਕਾ ਦਿਖਾਈ ਦੇ ਰਿਹਾ ਹੈ, ਜਦਕਿ ਭਾਜਪਾ ਦੇ ਅੰਕੜੇ ਉਸ ਦੀ ਸਿਆਸੀ ਪਹੁੰਚ ਵਿੱਚ ਸੰਭਾਵੀ ਵਾਧੇ ਵੱਲ ਇਸ਼ਾਰਾ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ ਲਈ ਸਰਵੇਖਣ ਦੇ ਨਤੀਜੇ ਚਿੰਤਾਜਨਕ ਹਨ। ਅਕਾਲੀ ਦਲ-ਵਾਰਿਸ ਪੰਜਾਬ ਦੇ ਲਈ ਇੱਕ ਸੀਟ ’ਤੇ ਅੱਗੇ ਹੋਣਾ ਭਾਵੇਂ ਛੋਟਾ ਸੰਕੇਤ ਹੈ, ਪਰ ਇਹ ਪਾਰਟੀ ਦੇ ਚੋਣ ਮੈਦਾਨ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਵੱਲ ਇਸ਼ਾਰਾ ਕਰਦਾ ਹੈ।
ਇਸ ਦੇ ਬਾਵਜੂਦ ਸਰਵੇਖਣ ਨੂੰ 2027 ਦੀਆਂ ਚੋਣਾਂ ਦਾ ਅੰਤਿਮ ਨਤੀਜਾ ਨਹੀਂ ਮੰਨਿਆ ਜਾ ਸਕਦਾ। ਰਿਪੋਰਟ ਵਿੱਚ 117 ਵਿੱਚੋਂ 15 ਸੀਟਾਂ ’ਤੇ ਨਤੀਜਾ ਕੱਢਣ ਯੋਗ ਵੋਟਿੰਗ ਨਾ ਹੋਣ ਦੀ ਗੱਲ ਵੀ ਸਪੱਸ਼ਟ ਕੀਤੀ ਗਈ ਹੈ। ਇਸ ਤੋਂ ਇਲਾਵਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਗੱਠਜੋੜ, ਉਮੀਦਵਾਰਾਂ ਦੀ ਚੋਣ, ਸਿਆਸੀ ਘਟਨਾਵਾਂ ਅਤੇ ਲੋਕਾਂ ਦੇ ਮੁੱਦਿਆਂ ਵਿੱਚ ਆਉਣ ਵਾਲੇ ਬਦਲਾਅ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਫਿਰ ਵੀ ਭਾਸਕਰ ਦਾ ਇਹ ਸਰਵੇਖਣ ਪੰਜਾਬ ਦੀ ਸਿਆਸਤ ਵਿੱਚ ਬਦਲ ਰਹੇ ਰੁਝਾਨਾਂ ਅਤੇ ਮੌਜੂਦਾ ਵਿਧਾਇਕਾਂ ਤੇ ਸਰਕਾਰ ਪ੍ਰਤੀ ਲੋਕਾਂ ਦੇ ਰਵੱਈਏ ਬਾਰੇ ਇੱਕ ਮਹੱਤਵਪੂਰਨ ਸੰਕੇਤ ਜ਼ਰੂਰ ਦਿੰਦਾ ਹੈ।

Leave a Reply

Your email address will not be published. Required fields are marked *