ਉਤਸਵ/ਤਿਓਹਾਰ

ਸ਼ਬਦੋ ਵਣਜਾਰਿਓ

ਸ਼ਬਦੋ ਵਣਜਾਰਿਓ
ਪਰਮਜੀਤ ਢੀਂਗਰਾ
ਫੋਨ: +91-9417358120
ਭਾਰਤ ਨੂੰ ਉਤਸਵਾਂ/ਤਿਓਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਇਸਦੀ ਸੱਭਿਆਚਾਰਕ ਤੇ ਭਾਸ਼ਾਈ ਵਿਭਿੰਨਤਾ ਵਿੱਚ ਇਸਦੇ ਤਿਓਹਾਰਾਂ ਤੇ ਉਤਸਵਾਂ ਨੇ ਇਸਨੂੰ ਰੰਗਲਾ ਬਣਾਇਆ ਹੈ। ਹਰ ਪ੍ਰਦੇਸ਼ ਵਿੱਚ ਤੀਜ-ਤਿਓਹਾਰਾਂ ਤੇ ਉਤਸਵਾਂ ਦੀ ਲੰਮੀ ਲੜੀ ਮਿਲਦੀ ਹੈ, ਜੋ ਇੱਕ ਪਾਸੇ ਸਥਾਨਕਤਾ ਨਾਲ ਜੁੜੀ ਹੋਈ ਹੈ, ਦੂਜੇ ਪਾਸੇ ਦੇਸ਼ ਦੀ ਸਮਾਜਕ ਤੇ ਧਾਰਮਿਕ ਡੋਰ ਨਾਲ। ਨਿਰੁਕਤ ਕੋਸ਼ ਅਨੁਸਾਰ-ਉਤਸਵ ਦਾ ਭਾਵ ਹੈ ਤਿਓਹਾਰ, ਪੁਰਬ; ਮੂਲ ਅਰਥ ਹੈ ‘ਉਕਸਾਹਟ’, ਉਤੇਜਨਾ ਅਰਥਾਤ ਉਤੇਜਤ ਜਾਂ ਤੀਬਰ ਇੱਛਾਵਾਨ ਹੋਣ ਦਾ ਸਮਾਂ, ਖੁਸ਼ੀ ਦਾ ਅਵਸਰ, ਤਿਓਹਾਰ; ਖੁਸ਼ੀ ਦਾ ਸਮਾਂ, ਉਚਾਈ, ਉੱਨਤੀ, ਤੀਬਰ ਇੱਛਾ, ਉਪਰ ਵੱਲ ਲਿਜਾਉਣਾ। ਉਤਸਵ ਦੀ ਵਿਓਤਪਤੀ /ਉਦੑ+ਸੂ/ ਧਾਤੂ ਤੋਂ ਹੋਈ ਹੈ।

‘ਉਦੑ’ ਧਾਤੂ ਵਿੱਚ ਸ੍ਰੇਸ਼ਟਤਾ, ਉਚਤਾ, ਉਪਰ ਉੱਠਣ, ਖੋਲ੍ਹਣ, ਫੈਲਾਉਣ, ਮੁਕਤੀ ਆਦਿ ਦੇ ਭਾਵ ਪਏ ਹਨ। ‘ਸੂ’ ਧਾਤੂ ਵਿੱਚ ਫਲ ਦੇਣ ਵਾਲੇ, ਪੈਦਾ ਕਰਨ ਵਾਲੇ ਜਾਂ ਉਤਪੰਨ ਕਰਨ ਵਾਲੇ ਦੇ ਭਾਵ ਪਏ ਹਨ। ਅਸਲ ਵਿੱਚ ਰੋਜ਼ਾਨਾ ਜ਼ਿੰਦਗੀ ਵਿੱਚ ਹੋਣ ਵਾਲੇ ਅਨੁਭਵਾਂ ਤੋਂ ਉਪਰ ਉੱਠ ਕੇ ਜੋ ਅਚਾਰ-ਵਿਹਾਰ ਕੀਤੇ ਜਾਂਦੇ ਹਨ, ਉਹ ਉਤਸਵ ਹਨ।
ਡਾ. ਰਾਜਬਲੀ ਪਾਂਡੇ ਰਿਗਵੇਦ ਦੇ ਹਵਾਲੇ ਨਾਲ ਉਤਸਵ ਸ਼ਬਦ ਦਾ ਅਰਥ ਉਪਰ ਜਾ ਕੇ ਉਫਨਾ, ਵਹਿਣਾ ਅਰਥਾਤ ਅਨੰਦ ਪ੍ਰਾਪਤੀ ਦੇ ਰੂਪ ਵਿੱਚ ਕਰਦੇ ਹਨ। ਸਪਸ਼ਟ ਹੈ ਕਿ ਉਤਸਵਾਂ/ਤਿਓਹਾਰਾਂ ਵਿੱਚ ਅਨੰਦ ਉਛਲਦਾ ਹੈ ਤੇ ਇਹ ਸਮੂਹਿਕ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਇਸ ਲਈ ਉਤਸਵ ਵਿੱਚ ਖਾਣ-ਪੀਣ, ਨਾਚ-ਗਾਣ, ਦਾਨ-ਪੁੰਨ, ਤੋਹਫੇ-ਸਨਮਾਨ ਦੇ ਰੂਪ ਵਿੱਚ ਹੁੰਦਾ ਹੈ। ਏਸੇ ਕੜੀ ਵਿੱਚ ਜੇ ਤਿਓਹਾਰ ਸ਼ਬਦ ‘ਤੇ ਨਿਗ੍ਹਾ ਮਾਰੀਏ ਤਾਂ ਇਹ ਬਣਿਆ ਹੈ- ‘ਤਿਥਿ+ਵਾਰ’ ਤੋਂ। ਇਸ ਲੜੀ ਵਿੱਚ ‘ਤਿਥਿਵਾਰ> ਤਿਹਿਵਾਰ>ਤਿਹਵਾਰ>ਤਿਵਹਾਰ>ਤਿਓਹਾਰ’ ਆਉਂਦੇ ਹਨ। ਇਨ੍ਹਾਂ ਦਾ ਸੰਬੰਧ ਚੰਦਰ ਕਲਾਵਾਂ ਨਾਲ ਹੈ। ਤਿਥਿ ਜਾਂ ਤਿਥੀ ਸ਼ਬਦ ਬਣਿਆ ਹੈ, ‘ਅਤੑ+ਇਥਿਨ’ ਤੋਂ ਅਤੑ ਸ਼ਬਦ ਦਾ ਅਰਥ ਹੈ- ਘੁੰਮਣਾ, ਫਿਰਨਾ ਤੇ ਵਾਰ ਦਾ ਅਰਥ ਹੈ- ਦਿਨ। ਚੰਦਰਮਾ ਦੀਆਂ ਕਲਾਵਾਂ ਚੰਦਰ ਦੀਆਂ ਗਤੀਆਂ ਕਰਕੇ ਹੁੰਦੀਆਂ ਹਨ। ਦੁਨੀਆ ਭਰ ਵਿੱਚ ਸਮੇਂ ਦੀ ਗਿਣਤੀ ਮਨੁੱਖ ਨੇ ਚੰਦਰਮਾ ਦੇ ਘੁੰਮਣ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਹੈ। ਇਸੇ ਤਰ੍ਹਾਂ ਤਿਥੀ ਦਾ ਅਰਥ ਹੈ-ਚੰਦ ਦਿਵਸ ਭਾਵ ਉਹ ਦਿਨ ਜਦੋਂ ਚੰਦਰਮਾ ਅਕਾਸ਼ ਵਿੱਚ ਨਜ਼ਰ ਆਉਂਦਾ ਹੈ। ਬਹੁਤੇ ਉਤਸਵ ਚਾਨਣੇ ਪੱਖ ਵਿੱਚ ਹੀ ਨਜ਼ਰ ਆਉਂਦੇ ਹਨ, ਕਿਉਂਕਿ ਅਗਨੀ ਨੂੰ ਹੀ ਭਾਰਤੀ ਸੰਸਕ੍ਰਿਤੀ ਵਿੱਚ ਆਦ ਦੇਵਤਾ ਮੰਨਿਆ ਗਿਆ ਹੈ। ਅਗਨੀ ਪ੍ਰਕਾਸ਼ ਦਾ ਸ੍ਰੋਤ ਹੈ, ਇਸ ਲਈ ਚਾਨਣੇ ਪੱਖ ਨੂੰ ਪਵਿੱਤਰ ਤੇ ਸ਼ੁਭ ਮੰਨਿਆ ਜਾਂਦਾ ਹੈ।
ਪੰਜਾਬੀ ਕੋਸ਼ਾਂ ਅਨੁਸਾਰ-ਤਿਓਹਾਰ ਦਾ ਭਾਵ ਹੈ- ਤਿਥਿ ਤੇ ਵਾਰ, ਸਿੰਧੀ ਵਿੱਚ ਤਿਹਾੜ੍ਹ, ਗੁਜਰਾਤੀ ਵਿੱਚ ਤੇਹਾਵਰ, ਨੇਪਾਲੀ ਵਿੱਚ ਤਿਵਾਰ ਜਾਂ ਤਿਹਾਰ; ਅਰਥਾਤ ਉਹ ਦਿਨ ਜਦੋਂ ਕੋਈ ਧਾਰਮਿਕ ਜਾਂ ਸੱਭਿਅਕ ਉਤਸਵ ਮਨਾਇਆ ਜਾਵੇ। ਦਿਲਗੀਰ ਕੋਸ਼ ਅਨੁਸਾਰ-ਉਤਸਵ ਭਾਵ ਅਨੰਦ, ਖੁਸ਼ੀ ਦਾ ਸਮਾਂ, ਤਿਓਹਾਰ, ਪੁਰਬ, ਉਚਾਈ, ਤਰੱਕੀ, ਉੱਨਤੀ, ਕ੍ਰੋਧ, ਰੋਸ, ਇੱਛਾ, ਕਾਮਨਾ, ਤਮੰਨਾ। ਤਿਓਹਾਰ ਭਾਵ ਤਿਥੀ+ਵਾਰ ਮਨਾਉਣ ਦੀ ਤਿਥੀ ਤੇ ਵਾਰ, ਉਤਸਵ: ਕਿਸੇ ਪੁਰਬ/ਦਿਨ ਦੀ ਯਾਦ ਵਿੱਚ ਜਾਂ ਮੌਸਮ ਦੇ ਬਦਲਾਅ ਨਾਲ ਸੰਬੰਧਿਤ ਦਿਨ ਦੀ ਖੁਸ਼ੀ ਮਨਾਉਣੀ। ਇਸ ਵਿੱਚ ਮੌਸਮੀ, ਇਤਿਹਾਸਕ ਤੇ ਧਾਰਮਿਕ ਦਿਨ ਸ਼ਾਮਲ ਹੁੰਦੇ ਹਨ। ਲੋਕਧਾਰਾ ਤੇ ਸੱਭਿਆਚਾਰਕ ਪੱਖੋਂ ਭਾਈਚਾਰਕ ਉਤਸਵਾਂ ਵਿੱਚ ਬੱਚੇ ਦਾ ਜਨਮ, ਵਿਆਹ, ਮਕਾਨ ਦੀ ਚੱਠ ਆਦਿ ਸ਼ੁਭ ਅਵਸਰ ਮੰਨੇ ਜਾਂਦੇ ਹਨ। ਆਦਿ ਮਾਨਵ ਖਾਸ ਖਾਸ ਮੌਕਿਆਂ ‘ਤੇ ਦੇਵੀ ਦੇਵਤਿਆਂ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਸਮੂਹਿਕ ਰੂਪ ਵਿੱਚ ਕੁਝ ਖਾਸ ਕਰਮ-ਕਾਂਡ ਕਰਦਾ ਸੀ, ਜੋ ਸਮੇਂ ਨਾਲ ਉਤਸਵਾਂ ਦਾ ਰੂਪ ਧਾਰਨ ਕਰ ਗਏ।
ਸਾਡੇ ਸਭ ਤੋਂ ਪ੍ਰਾਚੀਨ ਉਤਸਵ ਰੁੱਤਾਂ ਨਾਲ ਸੰਬੰਧਿਤ ਹਨ। ਤਿਓਹਾਰਾਂ ਦਾ ਮੁੱਢ ਵੀ ਮਨੁੱਖ ਦੇ ਸਮੂਹਿਕ ਵਿਕਾਸ ਦੀ ਭਾਵਨਾ ਤੇ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ, ਧਾਰਮਿਕ ਤੇ ਭਾਈਚਾਰਕ ਜ਼ਿੰਦਗੀ ਦੀ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਓਹਾਰਾਂ ਨਾਲ ਅੰਦਰਲਾ ਖਿੜਦਾ ਹੈ ਤੇ ਆਤਮਾ ਮਹਿਕਦੀ ਹੈ ਤੇ ਲੋਕਾਂ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੁੰਦਾ ਹੈ। ਉਤਸਵ, ਤਿਓਹਾਰ ਵਾਂਗ ਹੀ ਪਰਵ ਜਾਂ ਪੁਰਬ ਮਨਾਏ ਜਾਂਦੇ ਹਨ। ਵਿਓਤਪਤੀ ਕੋਸ਼ ਅਨੁਸਾਰ ਪੁਰਬ ਭਾਵ ਉਤਸਵ, ਤਿਓਹਾਰ। ਮੂਲ ਰੂਪ ਪਰਬ, ਅਰਥਾਤ ਬਾਂਸ ਆਦਿ ਕਾਂਡ ਦੀ ਪੋਰੀ ਭਾਵ ਦੋ ਗੰਢਾਂ ਦੇ ਵਿਚਕਾਰਲਾ ਭਾਗ, ਦੋ ਪੋਰੀਆਂ ਵਿਚਕਾਰਲੀ ਗੰਢ, ਜੋੜ-ਬਿੰਦੂ, ਸਰੀਰ ਦਾ ਅੰਗ, ਖੰਡ, ਪੁਸਤਕ ਦਾ ਭਾਗ, ਪੌੜੀ ਦਾ ਡੰਡਾ, ਨਿਸਚਿਤ ਸਮਾਂ, ਚਾਨਣ ਤੇ ਹਨੇਰ ਪੱਖ ਦੀ ਅਸ਼ਟਮੀ, ਪੁੰਨਿਆ ਤੇ ਮੱਸਿਆ, ਸੂਰਜ ਜਾਂ ਚੰਦ ਗ੍ਰਹਿਣ। ਨਵੇਂ ਮਹਾਨ ਕੋਸ਼ ਅਨੁਸਾਰ-ਪੁਰਬ/ਪੁਰਬੁ, ਸੰਸਕ੍ਰਿਤ- ਪਰੑਵæ ਉਤਸਵ, ਤਿਓਹਾਰ: ਗੁਰ ਗਿਆਨੁ ਸਾਚਾ ਥਾਨੁ ਤੀਰਥੁ, ਦਸ ਪੁਰਬ ਸਦਾ ਦਸਾਹਰਾ। ‘ਨਾਵਣੁ ਪੁਰਬੁ ਅਭੀਚੁ, ਗੁਰ ਸਤਿਗੁਰ ਦਰਸੁ ਭਇਆ।’ ਪੁਰਬਾਇਆ-ਪੁਰਬ ਆਇਆ, ਸਾਰੇ ਪੁਰਬ, ਪਵਿੱਤਰ ਦਿਹਾੜੇ-ਨਾਮੁ ਲੈਤ ਸਗਲ ਪੁਰਬਾਇਆ। ਪੁਰਬਾਣਿਆ-ਪੁਰਬਾਂ ਸਮੇਂ, ਤਿਓਹਾਰਾਂ ਸਮੇਂ- ‘ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ।’
ਪੰਜਾਬੀ ਕੋਸ਼ਾਂ ਅਨੁਸਾਰ-ਪੁਰਬ ਭਾਵ ਪਰਬ, ਉਤਸਵ, ਤਿਓਹਾਰ ‘ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੈ ਫਿਰ ਦੇਖੇ।’ ਪੋਠੋਹਾਰੀ ਵਿੱਚ ਪੁਰਬੀਆ ਲੱਗਣਾ ਜਾਂ ਲੁੱਟਣਾ ਭਾਵ ਮੌਜਾਂ ਲੱਗਣੀਆਂ ਜਾਂ ਲੁੱਟਣੀਆਂ ਮੁਹਾਵਰਾ ਵੀ ਮਿਲਦਾ ਹੈ। ਗੁਰਪੁਰਬ ਵੀ ਇਸ ਸ਼੍ਰੇਣੀ ਵਿੱਚ ਆ ਜਾਂਦੇ ਹਨ। ਉਤਸਵ, ਤਿਓਹਾਰ, ਪੁਰਬ ਇੱਕੋ ਸ਼੍ਰੇਣੀ ਦੇ ਸ਼ਬਦ ਹਨ। ਪੁਰਾਤਨ ਕਾਲ ਵਿੱਚ ਇਹ ਸਾਰੇ ਗ੍ਰਹਿਆਂ ਦੀਆਂ ਸਥਿਤੀਆਂ ਦੇ ਆਧਾਰ ‘ਤੇ ਤਹਿ ਕੀਤੇ ਜਾਂਦੇ ਸਨ। ਜਿਵੇਂ ਸੂਰਜ, ਚੰਦ ਗ੍ਰਹਿਣ। ਪੁੰਨਿਆ ਜਾਂ ਮੱਸਿਆ ਦੀ ਸਮਾਪਤੀ ਅਜਿਹੇ ਸੰਧੀਕਾਲ ਨੂੰ ਹੀ ਪੁਰਬ-ਸੰਧੀ ਕਿਹਾ ਜਾਂਦਾ ਸੀ। ਇਨ੍ਹਾਂ ਤਿਥੀਆਂ ਦੇ ਸ਼ੁਭ ਕਾਰਜ ਤੈਅ ਕੀਤੇ ਜਾਂਦੇ ਸਨ। ਬਾਅਦ ਵਿੱਚ ਇਹ ਤਿਓਹਾਰ ਤੇ ਉਤਸਵ ਬਣ ਗਏ। ਸਰੀਰ ਦਾ ਪੋਰ ਪੋਰ ਦੁਖਣਾ ਮੁਹਾਵਰਾ ਇਸਤੋਂ ਹੀ ਬਣਿਆ ਹੈ। ਪੋਰ ਪੋਰ, ਪਰਵ ਜਾਂ ਪੁਰਬ ਤੇ ਪਰਬਤ ਦੀ ਆਪਸ ਵਿੱਚ ਸਕੀਰੀ ਹੈ। ਸੰਸਕ੍ਰਿਤ ਦੀ ਮੂਲ ਧਾਤੂ ਹੈ- ‘ਪਰਵੑ’ ਇਸ ਵਿੱਚ ਗੰਢ, ਜੋੜ ਜਾਂ ਸੰਧੀ ਦੇ ਭਾਵ ਪਏ ਹਨ। ਪਹਾੜ ਲਈ ਪਰਬਤ ਸ਼ਬਦ ਆਮ ਪ੍ਰਚਲਿਤ ਹੈ। ਇਹਦਾ ਜਨਮ ਇਸੇ ਪ੍ਰਕਿਰਿਆ ਵਿੱਚੋਂ ਹੋਇਆ ਹੈ। ਜੋੜ ਜਾਂ ਗੰਢ ਵਿੱਚ ਕੁਝ ਉਭਰਿਆ ਹੋਇਆ, ਖੁਰਦਰਾ ਜਾਂ ਊਭੜ-ਖਾਬੜ ਭਾਗ ਹੁੰਦਾ ਹੈ। ਇਸੇ ਆਧਾਰ ‘ਤੇ ਪਹਾੜੀ ਉਭਾਰਾਂ ਲਈ ਪਰਵ ਦੀ ਕਲਪਨਾ ਕੀਤੀ ਗਈ, ਜੋ ਪਰਵ ਤੋਂ ਪਰਬਤ ਰੂਪ ਵਿੱਚ ਸਾਹਮਣੇ ਆਈ। ਪਹਾੜਾਂ ਵਿੱਚ ਹਿਮਾਲਿਆ ਦਾ ਦਰਜਾ ਸਰਬ ਉੱਚ ਹੈ। ਇਸ ਲਈ ਇਹਦੇ ਵਿਕਲਪੀ ਸ਼ਬਦਾਂ ਵਿੱਚ ਪਰਬਤਰਾਜ, ਪਰਬਤਪਤੀ, ਪਰਵੇਤਸ਼ਰ ਵਰਗੇ ਸ਼ਬਦ ਬਣੇ। ਪੁਰਾਣਾਂ ਵਿੱਚ ਹਿਮਾਲਿਆ ਦੀ ਪੁੱਤਰੀ ਲਈ ਪਾਰਬਤੀ ਨਾਮ ਪਰਬਤ ਤੋਂ ਨਿਰਮਤ ਹੋਇਆ ਹੈ। ਇਸ ਤਰ੍ਹਾਂ ਉਤਸਵ, ਤਿਓਹਾਰ, ਪੁਰਬ ਦੀ ਆਪਸੀ ਸਕੀਰੀ ਤੇ ਅਰਥਾਂ ਦੇ ਫੈਲਾਅ ਵਿੱਚ ਕਈ ਦਿਸ਼ਾਵਾਂ ਨਜ਼ਰ ਆਉਂਦੀਆਂ ਹਨ, ਜੋ ਇਨ੍ਹਾਂ ਦੇ ਮਹੱਤਵ ਨੂੰ ਉਜਾਗਰ ਕਰਦੀਆਂ ਹਨ।

Leave a Reply

Your email address will not be published. Required fields are marked *