ਅਮਰੀਕਾ ਦੇ ਉੱਪ ਰਾਸ਼ਟਰਪਤੀ ਦਾ ਭਾਰਤ ਦੌਰਾ

ਸਿਆਸੀ ਹਲਚਲ ਖਬਰਾਂ

*ਦੁਵੱਲੇ ਰਣਨੀਤਿਕ, ਫੌਜੀ ਅਤੇ ਵਪਾਰਕ ਸਹਿਯੋਗ ਅੱਗੇ ਵਧਣ ਦੀ ਪੇਸ਼ਨਗੋਈ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਇਨ੍ਹੀਂ ਦਿਨੀਂ ਭਾਰਤ ਦੇ ਦੌਰੇ ‘ਤੇ ਹਨ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਭਾਰਤ ਪੁਜੇ ਹਨ। ਉਨ੍ਹਾਂ ਦੀ ਪਤਨੀ ਭਾਰਤੀ ਮੂਲ ਦੀ ਹੈ। ਉਨ੍ਹਾਂ ਬੀਤੇ ਦਿਨ ਅਕਸ਼ਰਧਾਮ ਮੰਦਰ ਦੇ ਦਰਸ਼ਨਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਾਲ ਡਿਨਰ ‘ਤੇ ਇੱਕ ਗੈਰ-ਰਸਮੀ ਮੁਲਾਕਾਤ ਕੀਤੀ। ਇਸ ਮੌਕੇ ਕਈ ਹੋਰ ਕੇਂਦਰੀ ਮੰਤਰੀ ਵੀ ਮੌਜੂਦ ਸਨ।

ਅਮਰੀਕੀ ਉੱਪ ਰਾਸ਼ਟਰਪਤੀ ਦੇ ਨਿੱਘੇ ਸਵਾਗਤ ਤੋਂ ਬਾਅਦ ਦੋਹਾਂ ਆਗੂਆਂ ਵਿੱਚ ਦੁਵੱਲੇ ਵਪਾਰ ਨੂੰ ਵਧਾਉਣ ਸੰਬੰਧੀ ਅਹਿਮ ਗੱਲਬਾਤ ਹੋਈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਆਪਸੀ ਵਪਾਰ ਦੇ ਖੇਤਰ ਵਿੱਚ ਹੋਈ ਗੱਲਬਾਤ ਉੱਤੇ ਤਸੱਲੀ ਜਾਹਰ ਕੀਤੀ। ਅਮਰੀਕੀ ਅਧਿਕਾਰੀਆਂ ਦਾ ਇੱਕ ਵਫਦ ਵੀ ਉੱਪ ਰਾਸ਼ਟਰਪਤੀ ਦੇ ਨਾਲ ਭਾਰਤ ਪੁੱਜਾ ਹੈ। ਜੇ.ਡੀ. ਵੈਂਸ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਇੱਕ ਸੋਸ਼ਲ ਪੋਸਟ ਵਿੱਚ ਕਿਹਾ ਕਿ ਮੇਰੀ ਅਮਰੀਕਾ ਫੇਰੀ ਤੋਂ ਬਾਅਦ ਦੋਵੇਂ ਮੁਲਕ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਦੋਹਾਂ ਆਗੂਆਂ ਦੀ ਇਸ ਮੀਟਿੰਗ ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਐਸ. ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਸ਼ਮੂਲੀਅਤ ਕੀਤੀ। ਪ੍ਰਧਾਨ ਮੰਤਰੀ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਦੋਨਾਂ ਮੁਲਕਾਂ ਨੇ ਆਪਸੀ ਰਣਨੀਤਿਕ ਸਹਿਯੋਗ ਦੇ ਮਾਮਲੇ ਵਿੱਚ ਗਿਣਨਯੋਗ ਤਰੱਕੀ ਕੀਤੀ ਹੈ। ਯਾਦ ਰਹੇ, ਦੋਵੇਂ ਆਗੂ ਇਸੇ ਸਾਲ ਫਰਵਰੀ ਮਹੀਨੇ ਵਿੱਚ ਪੈਰਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਹੋਈ ਇੱਕ ਕਾਨਫਰੰਸ ਦੌਰਾਨ ਮਿਲੇ ਸਨ। ਇਸ ਕਾਨਫਰੰਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਸਿੱਧੇ ਅਮਰੀਕਾ ਚਲੇ ਗਏ ਸਨ।
ਦੋਹਾਂ ਆਗੂਆਂ ਨੇ ਸੰਸਾਰ ਵਿੱਚ ਖੜ੍ਹੇ ਹੋ ਰਹੇ ਕਈ ਹੋਰ ਮੁੱਦਿਆਂ ‘ਤੇ ਵੀ ਗੱਲਬਾਤ ਕੀਤੀ ਅਤੇ ਇਨ੍ਹਾਂ ਨੂੰ ਨਜਿੱਠਣ ਲਈ ਜੰਗ ਦੀ ਥਾਂ ਗੱਲਬਾਤ ਤੇ ਕੂਟਨੀਤੀ ਨੂੰ ਪਹਿਲ ਦੇਣ ‘ਤੇ ਸਹਿਮਤੀ ਪ੍ਰਗਟ ਕੀਤੀ। ਦੋਹਾਂ ਆਗੂਆਂ ਦੀ ਮੀਟਿੰਗ ਤੋਂ ਬਾਅਦ ਭਾਰਤ ਅਤੇ ਅਮਰੀਕਾ ਵੱਲੋਂ ਵੱਖੋ ਵੱਖਰੇ ਬਿਆਨ ਜਾਰੀ ਕੀਤੇ ਗਏ। ਭਾਰਤ ਨੇ 2047 ਤੱਕ ਦੇਸ਼ ਨੂੰ ਇੱਕ ਵਿਕਸਤ ਮੁਲਕ ਬਣਾਉਣ ਦਾ ਜ਼ਿਕਰ ਕੀਤਾ, ਜਦਕਿ ਅਮਰੀਕੀ ਬਿਆਨ ਵਿੱਚ ਕਿਹਾ ਗਿਆ ਕਿ ਦੋਹਾਂ ਮੁਲਕਾਂ ਵਿੱਚ ਆਪਸੀ ਸਹਿਯੋਗ ਅਮਰੀਕਾ ਨੂੰ ਮੁੜ ਮਹਾਨ ਮੁਲਕ ਬਣਾਉਣ ਵਿੱਚ ਮਦਦ ਕਰੇਗਾ। ਇਸ ਨਾਲ ਨੌਕਰੀਆਂ ਵੀ ਪੈਦਾ ਹੋਣਗੀਆਂ।
ਇੱਥੇ ਜ਼ਿਕਰਯੋਗ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਵੇਲੇ ਦੋਹਾਂ ਮੁਲਕਾਂ ਦੇ ਆਗੂਆਂ ਨੇ ਸਹਿਮਤੀ ਬਣਾਈ ਸੀ ਕਿ 2030 ਤੱਕ ਆਪਸੀ ਵਪਾਰ 500 ਬਿਲੀਅਨ ਡਾਲਰ ਤੱਕ ਪਹੁੰਚਾਇਆ ਜਾਵੇਗਾ। ਇਸ ਫੇਰੀ ਦੌਰਾਨ ‘ਕੰਪੈਕਟ’ (ਕੈਟਾਲਾਈਜ਼ਿੰਗ ਆਪਰਚਿਉਨਿਟੀ ਫਾਰ ਮਿਲਟਰੀ ਪਾਰਟਨਰਸ਼ਿੱਪ, ਐਗਜ਼ਲਰੇਟਿੰਗ ਕਾਮਰਸ ਐਂਡ ਟੈਕਨਾਲੋਜੀ) ਦੇ ਸੰਕਲਪ ‘ਤੇ ਆਪਸੀ ਸਹਿਮਤੀ ਬਣ ਗਈ ਸੀ। ਇਸ ਨੂੰ ਅਮਲ ਵਿੱਚ ਲਿਆਉਣ ਲਈ ਦੋਵੇਂ ਧਿਰਾਂ ਇਸ ਮਿਲਣੀ ਵਿੱਚ ਹਿੱਸਾ ਲੈ ਰਹੀਆਂ ਹਨ। ਆਪਸੀ ਗੱਲਬਾਤ ਅੱਗੇ ਤੁਰਦੀ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦਾ ਦੌਰਾ ਕਰਨਗੇ।
ਅਸਲ ਵਿੱਚ ਦੁਨੀਆਂ ਭਰ ਦੇ ਮੁਲਕਾਂ ‘ਤੇ ਅਮਰੀਕਾ ਵੱਲੋਂ 26% ਟੈਰਿਫ ਲਗਾਉਣ ਦੇ 2 ਅਪ੍ਰੈਲ ਦੇ ਐਲਾਨ ਤੋਂ ਬਾਅਦ ਨਵੇਂ ਸਿਰੇ ਤੋਂ ਆਪਸੀ ਜੋੜ-ਤੋੜ ਸ਼ੁਰੂ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਦਿਨ ਨੂੰ ‘ਲਿਬਰੇਸ਼ਨ ਡੇਅ’ ਦਾ ਨਾਂ ਦਿੱਤਾ ਸੀ। ਅਸਲ ਵਿੱਚ ਟੈਰਿਫ ਦਾ ਡਰਾਵਾ ਦੇ ਕੇ ਅਮਰੀਕਾ ਸਾਰੀ ਦੁਨੀਆਂ ਨਾਲ ਹੋ ਰਹੇ ਆਪਣੇ ਵਪਾਰ ਘਾਟੇ ਨੂੰ ਘਟਾਉਣਾ ਚਾਹੁੰਦਾ ਹੈ। ਚੀਨ ਨੂੰ ਛੱਡ ਕੇ ਬਾਅਦ ਵਿੱਚ ਅਮਰੀਕਾ ਨੇ ਨਵੇਂ ਟੈਰਿਫ ਲਗਾਉਣ ਦਾ ਮਾਮਲਾ 90 ਦਿਨਾਂ ਲਈ ਅੱਗੇ ਪਾ ਦਿੱਤਾ ਹੈ। ਚੀਨ ਅਤੇ ਅਮਰੀਕਾ ਵਿਚਕਾਰ ਇੱਕ ਦੂਜੇ ਨਾਲੋਂ ਵਧ ਕੇ ਟੈਰਿਫ ਲਗਾਉਣ ਦੀ ਮੁਕਾਬਲੇਬਾਜ਼ੀ ਹਾਲੇ ਵੀ ਜਾਰੀ ਹੈ। ਲੰਘੀ 22 ਅਪਰੈਲ ਨੂੰ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਜੈਪੁਰ ਦੀਆਂ ਵਿਰਾਸਤੀ ਇਮਾਰਤਾਂ ਅਤੇ ਅਜਮੇਰ ਸ਼ਰੀਫ ਦੇ ਦਰਸ਼ਨ ਕੀਤੇ।
ਯਾਦ ਰਹੇ, ਵੈਂਸ ਦੀ ਭਾਰਤ ਫੇਰੀ ਤੋਂ ਐਨ ਪਹਿਲਾਂ ਅਤੇ ਨਵੀਂ ਗੱਲਬਾਤ ਦਾ ਆਗਾਜ਼ ਕਰਨ ਤੋਂ ਐਨ ਅੱਗੋਂ ਅਮਰੀਕਾ ਨੇ ਭਾਰਤ ਵਿੱਚ ਲੋੜੀਂਦੇ ਇੱਕ ਗੈਂਗਸਟਰ ਹੈਪੀ ਪਾਸ਼ੀਆ ਨੂੰ ਗ੍ਰਿਫਤਾਰ ਕਰਕੇ ਆਪਣੇ ਵੱਲੋਂ ਸਕਾਰਾਤਮਕ ਸੰਕੇਤ ਦੇਣ ਦਾ ਯਤਨ ਕੀਤਾ ਹੈ। ਯਾਦ ਰਹੇ, ਬਾਇਡਨ ਸਰਕਾਰ ਵੇਲੇ ਚਰਚਿਤ ਗਰਮਖਿਆਲੀ ਨੇਤਾ ਗੁਰਪਤਵੰਤ ਸਿੰਘ ਪੰਨੂੰ ‘ਤੇ ਹਮਲੇ ਦੀ ਕਥਿਤ ਸਾਜ਼ਿਸ਼ ਬੇਪਰਦ ਹੋਣ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਆਪਸੀ ਸੰਬੰਧ ਕਾਫੀ ਤਣਾਅਪੂਰਨ ਹੋ ਗਏ ਸਨ। ਕੁਝ ਦਿਨ ਪਹਿਲਾਂ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਵਿੱਚ ਦਲਿਤ ਵਰਗ ਦੇ ਮਸੀਹਾ ਡਾ. ਭੀਮ ਰਾਉ ਅੰਬੇਦਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਗਈ ਸੀ। ਅੰਮ੍ਰਿਤਸਰ ਵਿੱਚ ਇਹ ਭੰਨ-ਤੋੜ ਇੱਕ ਸਿੱਖ ਚਿਹਰੇ ਵਾਲੇ ਨੌਜੁਆਨ ਵੱਲੋਂ ਕੀਤੀ ਗਈ।
ਇਹ ਘਟਨਾ ਅਸਲ ਵਿੱਚ ਪੰਜਾਬ ਦੇ ਸਿੱਖਾਂ ਅਤੇ ਦਲਿਤ ਤਬਕਿਆਂ ਵਿੱਚ ਦੁਫੇੜ ਖੜੀ ਕਰਨ ਦੇ ਮਕਸਦ ਨਾਲ ਕੀਤੀ ਗਈ ਜਾਪਦੀ ਸੀ। ਅਜਿਹੀਆਂ ਘਟਨਾਵਾਂ ਭਾਜਪਾ ਦੀ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰ ਕੀਤੀ ਜਾ ਰਹੀ ਰਣਨੀਤੀ ਦੇ ਅਸਲ ਵਿੱਚ ਰਾਸ ਆਉਂਦੀਆਂ ਹਨ। ਕੀ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਮੌਜੂਦਾ ਵਾਰਤਾਵਾਂ ਦੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ? ਕੀ ਅਮਰੀਕਾ ਇਨ੍ਹਾਂ ਮਾਮਲਿਆਂ ਨੂੰ ਤੂਲ ਦੇ ਕੇ ਭਾਰਤ ਨੂੰ ਬਲੈਕਮੇਲ ਕਰਨ ਦਾ ਯਤਨ ਕਰ ਰਿਹਾ ਹੈ? ਇਨ੍ਹਾਂ ਸਵਾਲ ਦਾ ਜੁਆਬ ਪਾਠਕਾਂ ਦੀ ਸੂਝ ‘ਤੇ ਛੱਡਦੇ ਹਾਂ! ਇਨ੍ਹਾਂ ਸਮਝੌਤਿਆਂ ਦਾ ਇੱਕ ਹੋਰ ਪੱਖ ਅਮਰੀਕੀ ਖੇਤੀ ਪੈਦਾਵਾਰ ਨੂੰ ਭਾਰਤ ਵਿੱਚ ਐਕਸਪੋਰਟ ਕਰਨ ਦਾ ਹੈ। ਅਮਰੀਕਾ ਵੱਲੋਂ ਆਪਣੇ ਕਿਸਾਨਾਂ ਨੂੰ ਅਸਿੱਧੇ ਤੌਰ ‘ਤੇ 100 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਇਸ ਕਾਰਨ ਇਹ ਦੇਸੀ ਖੇਤੀ ਪੈਦਾਵਾਰ ਨਾਲੋਂ ਸਸਤੇ ਪੈਂਦੇ ਹਨ। ਜੇ ਇਸ ਸੰਬੰਧ ਵਿੱਚ ਸਮਝੌਤਾ ਹੋ ਜਾਂਦਾ ਹੈ ਤਾਂ ਪੰਜਾਬ ਸਮੇਤ ਸਾਰੇ ਮੁਲਕ ਦੇ ਛੋਟੇ ਮਧਲੇ ਕਿਸਾਨਾਂ ਦੀ ਬਰਬਾਦੀ ਦਾ ਮੁਢ ਬੱਝ ਜਾਵੇਗਾ। ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਪਹਿਲਾਂ ਹੀ ਇਸ ਮਸਲੇ ‘ਤੇ ਚਿੰਤਾ ਜਾਹਰ ਕਰ ਰਹੇ ਹਨ ਅਤੇ ਆਖ ਰਹੇ ਹਨ ਕਿ ਉਪਰੋਕਤ ਸਥਿਤੀ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੂੰ ਕੋਈ ਵੱਡਾ ਅੰਦੋਲਨ ਖੜ੍ਹਾ ਕਰਨ ਦੀ ਲੋੜ ਪਏਗੀ।

Leave a Reply

Your email address will not be published. Required fields are marked *