ਕੋਹ/ਕੋਸ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
ਫੋਨ: +91-9417358120
ਮਾਪ ਵਜੋਂ ਕੋਸ ਜਾਂ ਕੋਹ ਸ਼ਬਦ ਪ੍ਰਚਲਤ ਹੈ। ਨਿਰੁਕਤ ਕੋਸ਼ ਅਨੁਸਾਰ ਕੋਸ- ਦੂਰੀ ਦੀ ਇੱਕ ਮਿਣਤੀ ਸੰਸ. /ਕਰੋਸਅ/ ਚੀਖ, ਪੁਕਾਰ, ਇਸ ਲਈ ਜਿੰਨੀ ਦੂਰ ਤੱਕ ਚੀਖ ਦੀ ਆਵਾਜ਼ ਜਾ ਸਕੇ, ਦੂਰੀ ਦੀ ਮਿਣਤੀ, ਚਾਰ ਹਜ਼ਾਰ ਹੱਥ ਦੀ ਦੂਰੀ। ਅਰਬੀ-ਫ਼ਾਰਸੀ-ਪੰਜਾਬੀ ਕੋਸ਼ ਅਨੁਸਾਰ- ਕੋਹ ਭਾਵ ਕੁਰੋਹ, ਕੋਸ ਲਗਪਗ ਦੋ ਮੀਲ ਦਾ ਫਾਸਲਾ। ਇਸ ਵਿੱਚ ‘ਸ’ ਅਤੇ ‘ਹ’ ਵਿੱਚ ਵਟਾਂਦਰਾ ਹੁੰਦਾ ਹੈ, ਜਿਵੇਂ ਪੈਸਾ=ਪੈਹਾ, ਦਸ=ਦਹ, ਆਮਾਸ=ਆਮਾਹ, ਮਾਸ=ਮਾਹ, ਸਾਂਸ=ਸਾਹ। ਪੰਜਾਬੀ ਕੋਸ਼ਾਂ ਅਨੁਸਾਰ ਕੋਹ, ਕੋਸਾ, ਕੋਸ, ਕਰੋਹ। ਕੋਹ-ਚਰਸਾ, ਬਾਰਾਂ, ਖੂਹ ਵਿੱਚੋਂ ਪਾਣੀ ਕੱਢਣ ਵਾਲਾ ਬੋਕਾ। ਇਸ ਨਾਲ ਜੁੜੇ ਕਈ ਸ਼ਬਦ ਮਿਲਦੇ ਹਨ: ਕੋਹ ਵਾਟ- ਇੱਕ ਕੋਹ ਦਾ ਫਾਸਲਾ; ਕੋਹੀਂ ਦੂਰ- ਬਹੁਤ ਦੂਰ; ਕੱਚਾ ਕੋਹ- ਸਵਾ ਕੁ ਮੀਲ ਦਾ ਫਾਸਲਾ; ਪੱਕਾ ਕੋਹ- ਦੋ ਕੁ ਮੀਲ ਦਾ ਪੈਂਡਾ; ਮੁੰਨਾ ਕੋਹ- ਪੌਣਾ ਕੋਹ।

ਇਸ ਨਾਲ ਜੁੜੇ ਕਈ ਮੁਹਾਵਰੇ ਤੇ ਅਖਾਣ ਵੀ ਮਿਲਦੇ ਹਨ- ਕੋਹ ਨਾ ਚਲੀ, ਬਾਬਾ ਤਿਹਾਈ; ਆਪਣਾ ਦੁੱਧ ਸੌ ਕੋਹ `ਤੇ ਜਾ ਪੀਈਦਾ ਹੈ; ਨੌਂ ਕੋਹ ਦਰਿਆ ਸੁੱਥਣ ਮੋਢੇ; ਲੱਕ ਬੱਧਾ ਰੋੜ੍ਹਿਆਂ ਤੇ ਮੁੰਨਾ ਕੋਹ ਲਾਹੌਰ। ਸੰਸਕ੍ਰਿਤ ਦੀ ਪ੍ਰਾਚੀਨ ਧਾਤੂ ਹੈ- /ਕਰੁਸ਼/ ਜੋ ਰਿਗਵੇਦ ਵਿੱਚ ਵੀ ਮਿਲਦੀ ਹੈ। ਇਸਦਾ ਅਰਥ ਹੈ- ਚੀਕਣਾ, ਚਿਲਾਉਣਾ, ਪੁਕਾਰਨਾ ਜਾਂ ਜ਼ੋਰ ਦੀ ਆਵਾਜ਼ਾਂ ਮਾਰਨੀਆਂ। ਇਸ ਚੀਕਣ, ਚਿਲਾਉਣ ਕਰਕੇ ਸੰਸਕ੍ਰਿਤ ਵਿੱਚ ਗਿੱਦੜ ਨੂੰ ‘ਕਰੋਸ਼ਟੂ’ ਜਾਂ ‘ਕਰੋਸ਼ਟੁਕ’ ਕਿਹਾ ਜਾਂਦਾ ਹੈ ਤੇ ਇਹ ਉਹਦੇ ਜ਼ੋਰ ਦੀ ਹੁਆਂਕਣ ਕਰਕੇ ਹੈ। ਤੇਜ਼ ਆਵਾਜ਼ ਕਰਕੇ ਹੀ ਢੋਲ ਨੂੰ ‘ਕਰੋਸ਼ ਤਾਲ’ ਜਾਂ ‘ਕਰੋਸ਼ ਧੁਨੀ’ ਕਿਹਾ ਜਾਂਦਾ ਹੈ। ਹੌਲੀ ਹੌਲੀ ਕਰੋਸ਼ ਦਾ ਅਰਥ ਵਿਕਾਸ ਹੋਇਆ ਤੇ ਇਹਦੀ ਵਰਤੋਂ ਦੂਰੀ ਮਾਪਣ ਲਈ ਹੋਣ ਲੱਗੀ, ਭਾਵ ਜਿੰਨੀ ਦੂਰ ਕੋਈ ਆਵਾਜ਼ ਸੁਣਾਈ ਦਿੰਦੀ ਸੀ।
ਇਸ ਤਰ੍ਹਾਂ ਕਰੋਸ਼ ਦੂਰੀ ਮਾਪਕ ਦਾ ਬੋਧਕ ਬਣ ਗਿਆ। ਸੁਭਾਵਿਕ ਹੀ ਹੈ ਕਿ ਸਾਰੀਆਂ ਚੀਕਾਂ ਜਾਂ ਆਵਾਜ਼ਾਂ ਇੱਕੋ ਜਿੰਨੀ ਦੂਰੀ ਤੱਕ ਨਹੀਂ ਜਾਂਦੀਆਂ। ਇਸ ਲਈ ਕਰੋਸ਼ ਦੀ ਦੂਰੀ ਨੂੰ ਨਿਸਚਿਤ ਕਰਨ ਲਈ ਜਾਂ ਇਸਨੂੰ ਪਰਿਭਾਸ਼ਤ ਕਰਨ ਲਈ ਇੱਕ ਹਜ਼ਾਰ ਦੰਡ ਜਾਂ ਚਾਰ ਹਜ਼ਾਰ ਹੱਥ ਜਾਂ (ਚਾਰ ਕੋਹ ਦਾ ਇੱਕ ਯੋਜਨ ਹੋਣ ਕਰਕੇ) ਇੱਕ ਚੌਥਾਈ ਯੋਜਨ ਦੇ ਬਰਾਬਰ ਮੰਨਿਆ ਗਿਆ, ਜਦ ਕਿ ਕਿਸੇ ਨੇ ਇਹਨੂੰ ਦੋ ਗੁਣਾਂ ਅਰਥਾਤ ਦੋ ਹਜ਼ਾਰ ਦੰਡ ਜਾਂ ਅੱਠ ਹਜ਼ਾਰ ਹੱਥ ਜਾਂ ਚਾਰ ਹਜ਼ਾਰ ਗਜ਼ ਦੇ ਬਰਾਬਰ ਮੰਨਿਆ ਹੈ। ਚਾਰ ਹਜ਼ਾਰ ਦੰਡ ਜਾਂ ਦੋ ਕਰੋਸ਼ ਦੀ ਦੂਰੀ ਨੂੰ ਸੰਸਕ੍ਰਿਤ ਵਿੱਚ ‘ਗਵਯੂਤਿ’, ‘ਗਵਯੂਤ’ ਜਾਂ ‘ਗੋਯੂਤ’ ਵੀ ਕਿਹਾ ਜਾਂਦਾ ਹੈ। ਇਸ ਗਵਯੂਤਿ, ਗਵਯੂਤ ਵਿੱਚ ਗੋ-ਯੁਤ ਵਿੱਚ ‘ਗੋ’ ਦਾ ਅਰਥ ਹੈ- ਗਾਂ ਤੇ ‘ਯੁ’ ਦਾ ਭਾਵ ਹੈ- ਹੱਕਣਾ, ਲੈ ਜਾਣਾ, ਦੂਰ ਜਾਂ ਵੱਗ ਬਣਾ ਕੇ ਲੈ ਜਾਣਾ। ਇਸ ਤਰ੍ਹਾਂ ਇਹਦਾ ਅਰਥ ਹੋਇਆ ਕਿ ਗਾਵਾਂ ਨੂੰ ਚਰਾਉਣ ਲਈ ਹੱਕ ਕੇ ਘਰ ਤੋਂ ਦੂਰ ਲੈ ਜਾਣਾ। ਹੋ ਸਕਦੈ ਗਾਵਾਂ ਨੂੰ ਜੰਗਲ ਜਾਂ ਚਰਾਗਾਹ ਚਾਰਣ ਲਈ ਓਨੀ ਦੂਰ ਹੀ ਲਿਜਾਇਆ ਜਾਂਦਾ ਹੋਵੇ, ਜਿੱਥੋਂ ਉਨ੍ਹਾਂ ਦੇ ਅੜਿੰਗਣ ਦੀ ਆਵਾਜ਼ ਸੁਣਾਈ ਦਿੰਦੀ ਹੋਵੇ ਤੇ ਗਾਵਾਂ ਦੇ ਇਸ ਗੋ-ਕਰੋਸ਼ ਵਿੱਚੋਂ ਕਰੋਸ਼ ਜਾਂ ਕੋਸ ਜਾਂ ਕੋਹ ਨੇ ਜਨਮ ਲਿਆ ਹੋਵੇ।
ਜਾਨ ਪਲੈਟਸ ਨੇ ਵੀ ‘ਏ ਡਿਕਸ਼ਨਰੀ ਆਫ ਉਰਦੂ, ਕਲਾਸੀਕਲ ਹਿੰਦੀ ਐਂਡ ਇੰਗਲਿਸ਼’ ਵਿਚ ‘ਗਊ –ਕਰੋਸ਼’ (ਜਿੰਨੀ ਦੂਰ ਗਾਵਾਂ ਦਾ ਅੜਿੰਗਣਾ ਸੁਣੇ) ਸ਼ਬਦ ਦਿੱਤਾ ਹੈ, ਜੋ ਇਸਦੀ ਪੁਸ਼ਟੀ ਕਰਦਾ ਹੈ। ਸੰਸਕ੍ਰਿਤ ਦਾ ਇਹ ਸ਼ਬਦ ਪ੍ਰਾਕਿਰਤ ਭਾਸ਼ਾ ਵਿੱਚੋਂ ਆਇਆ ਹੈ, ਜਿੱਥੇ ਰੂਪਾਂਤਰ ਹੋ ਕੇ ਇਹ ਕੋਸ ਭਾਵ ਮਾਰਗ ਦੀ ਲੰਬਾਈ ਦਾ ਬੋਧਕ ਹੈ, ਜੋ ਦੋ ਮੀਲ ਦੇ ਬਰਾਬਰ ਹੈ। ਪ੍ਰਾਕਿਰਤਾਂ ਤੋਂ ਹੀ ਇਹ ਭਾਰਤੀ ਭਾਸ਼ਾਵਾਂ ਵਿੱਚ ਆਇਆ ਹੈ। ਕਸ਼ਮੀਰੀ ਵਿੱਚ ਇਹ ਕਰੁਹ, ਸਿੰਧੀ ਵਿੱਚ ਕੋਹੂ ਜਾਂ ਕੁਹੁ, ਲਹਿੰਦੀ ਵਿੱਚ ਕੋਹ ਰੂਪ ਮਿਲਦਾ ਹੈ। ਸੰਸਕ੍ਰਿਤ ਵਿੱਚੋਂ ਸਫਰ ਕਰਦਾ ਇਹ ਫ਼ਾਰਸੀ ਵਿੱਚ ਵੀ ਗਿਆ, ਜਿੱਥੇ ਇਸਦੇ ਕੋਸ ਤੇ ਕੁਰੋਹ- ਦੋ ਰੂਪ ਮਿਲਦੇ ਹਨ।
ਚੌਧਵੀਂ ਸਦੀ ਵਿੱਚ ਆਏ ਪ੍ਰਸਿੱਧ ਯਾਤਰੀ ਇਬਨ ਬਤੂਤਾ ਨੇ ਇਹਦੇ ਲਈ ਕਰੋਹ ਸ਼ਬਦ ਵਰਤਿਆ ਹੈ। ਇਹਦੇ ਉਲਟ /‘ਸ਼’ ਦਾ ‘ਸ’ ਜਾਂ ‘ਹ’/ ਵਿੱਚ ਵਟਾਂਦਰਾ ਵੀ ਹੁੰਦਾ ਹੈ। ਉੜੀਆ ਵਿੱਚ ਇਹ ਕੋਸ ਕੁਸੑ, ਨੇਪਾਲੀ ਵਿੱਚ ਕੋਸ; ਮੈਥਿਲੀ, ਭੋਜਪੁਰੀ, ਅਵਧੀ, ਰਾਜਿਸਥਾਨੀ ਵਿੱਚ ਕੋਸ; ਗੁਜਰਾਤੀ ਤੇ ਮਰਾਠੀ ਵਿੱਚ ਕੋਸੑ, ਕੌਂਕਣੀ ਵਿੱਚ ਕੋਸੁ; ਕੁਮਾਉਨੀ, ਬੰਗਾਲੀ ਵਿੱਚ ਕਰੋਸ਼ ਦਾ ‘ਸ਼’ ਤਾਂ ਹੈ, ਪਰ ਉਚਾਰਨ ਕੋਸ਼ੑ ਕੀਤਾ ਜਾਂਦਾ ਹੈ। ਸੰਸਕ੍ਰਿਤ ਦੀ ਕਰੁਸ਼ ਧਾਤੂ ਤੋਂ ਕਰੋਸ਼ ਸ਼ਬਦ ਬਣਿਆ ਹੈ। ਇਸੇ ਕਰੁਸ਼ ਤੋਂ ਆਕਰੁਸ਼ ਤੇ ਆਕਰੋਸ਼ ਸ਼ਬਦ ਬਣੇ ਹਨ। ਸੰਸਕ੍ਰਿਤ ਵਿੱਚ ਆਕ੍ਰੋਸ਼ ਦਾ ਅਰਥ ਹੈ- ਕੌੜੇ, ਗੁੱਸੇ ਵਾਲੇ ਬਚਨ, ਨਿੰਦਾ ਕਰਨੀ, ਅਪ-ਸ਼ਬਦ ਬੋਲਣੇ, ਝਿੜਕਾਂ ਮਾਰਨੀਆਂ, ਫਿਟਕਾਰ ਪਾਉਣੀ। ਇਸ ਵਿਚ ਉਗਰਤਾ, ਕ੍ਰੋਧ, ਰੁੱਖੇਪਣ, ਕਠੋਰਤਾ ਦੇ ਭਾਵ ਹਨ। ਮੱਧਕਾਲ ਤੱਕ ਕੋਸ/ਕੋਹ ਸ਼ਬਦ ਪ੍ਰਚਲਿਤ ਰਹੇ, ਪਰ ਅੰਗਰੇਜ਼ੀ ਰਾਜ ਵਿੱਚ ਸੜਕਾਂ ਦੀ ਲੰਬਾਈ ਮੀਲਾਂ ਵਿੱਚ ਮਿਣੀ ਜਾਣ ਲੱਗੀ। ਅੱਜ ਕੱਲ੍ਹ ਕਿਲੋਮੀਟਰਾਂ ਵਿੱਚ ਮਾਪੀ ਜਾਂਦੀ ਹੈ। ਭਾਰਤੀ ਭਾਸ਼ਾਵਾਂ ਵਿੱਚ ਇਹ ਮੁਹਾਵਰਾ ਅੱਜ ਵੀ ਪ੍ਰਚਲਿਤ ਹੈ- ਚਾਰ ਕੋਸ ਪਰ ਪਾਣੀ ਬਦਲੇ, ਆਠ ਕੋਸ ਪਰ ਬਾਣੀ। ਇਸ ਤਰ੍ਹਾਂ ਇਸ ਪ੍ਰਾਚੀਨ ਸ਼ਬਦ ਦੀ ਅਰਥ ਸੱਤਾ ਨੂੰ ਮੁਹਾਵਰਿਆਂ ਤੇ ਅਖਾਣਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ।

Leave a Reply

Your email address will not be published. Required fields are marked *