ਕੁਲਜੀਤ ਦਿਆਲਪੁਰੀ
ਸ਼ਿਕਾਗੋ: ਵਿਸਾਖੀ ਦੇ ਜਸ਼ਨ ਮਨਾਉਂਦਿਆਂ ਜੇ ਇਹ ਕਹਿ ਲਿਆ ਜਾਵੇ ਕਿ ਅਮਰੀਕਾ ਵਿੱਚ ਸਿੱਖ ਭਾਈਚਾਰਾ ਧਾਰਮਿਕ ਵਿਰਾਸਤ ਅਤੇ ਸੱਭਿਆਚਾਰ ਦੇ ਨਾੜੂਏ ਨਾਲ ਜੁੜਿਆ ਹੋਇਆ ਭਾਈਚਾਰਾ ਹੈ, ਤਾਂ ਕੋਈ ਅਤਿਕਥਨੀ ਨਹੀਂ। ਮਿਡਵੈਸਟ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ‘ਖਾਲਸਾ ਸਾਜਨਾ ਦਿਵਸ’ ਅਤੇ ‘ਵਿਸਾਖੀ’ ਦੀਆਂ ਭਰਪੂਰ ਰੌਣਕਾਂ ਸਨ। ਗੁਰਦੁਆਰਾ ਪੈਲਾਟਾਈਨ ਸਮੇਤ ਗੁਰਦੁਆਰਾ ਦੀਵਾਨ ਐਵੇਨਿਊ-ਸ਼ਿਕਾਗੋ, ਗੁਰਦੁਆਰਾ ਬਰੁੱਕਫੀਲਡ, ਸਿੱਖ ਰਿਲੀਜੀਅਸ ਸੁਸਾਇਟੀ-ਕਰਾਊਨ ਪੁਆਇੰਟ, ਗੁਰੂ ਨਾਨਕ ਸੁਸਾਇਟੀ-ਸਿਨਸਿਨੈਟੀ, ਗੁਰਦੁਆਰਾ ਓਕ ਕਰੀਕ ਸਮੇਤ ਹੋਰਨਾਂ ਗੁਰੂਘਰਾਂ ਵਿੱਚ ਵਿਸ਼ੇਸ਼ ਦੀਵਾਨ ਸਜੇ ਅਤੇ ਗੁਰਬਾਣੀ ਕੀਰਤਨ, ਢਾਡੀ ਵਾਰਾਂ ਤੇ ਕਥਾ-ਵਿਆਖਿਆ ਦੇ ਪਰਵਾਹ ਚੱਲੇ।
ਗੁਰਦੁਆਰਾ ਪੈਲਾਟਾਈਨ ਵਿੱਚ ਵਿਸਾਖੀ ਸਬੰਧੀ 14 ਅਪਰੈਲ, ਸੋਮਵਾਰ ਨੂੰ ਸ਼ਾਮ ਦੇ ਦੀਵਾਨ ਖਾਸ ਤੌਰ `ਤੇ ਸਜਾਏ ਗਏ। ਕੰਮਕਾਰ ਵਾਲਾ ਦਿਨ ਹੋਣ ਦੇ ਬਾਵਜੂਦ ਲੋਕ ਉਚੇਚਾ ਦੀਵਾਨਾਂ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਵਿਸ਼ੇਸ਼ ਸਮਾਗਮਾਂ ਦੀ ਅਰੰਭਤਾ 18 ਅਪਰੈਲ ਨੂੰ ਅਖੰਡ ਪਾਠ ਦੀ ਅਰੰਭਤਾ ਨਾਲ ਹੋਈ ਅਤੇ 20 ਅਪਰੈਲ ਨੂੰ ਭੋਗ ਉਪਰੰਤ ਬਾਅਦ ਦੁਪਹਿਰ ਤੱਕ ਦੀਵਾਨ ਸਜੇ ਰਹੇ। ਐਤਵਾਰ ਨੂੰ ਤਾਂ ਦੀਵਾਨ ਹਾਲ ਅਤੇ ਲੰਗਰ ਹਾਲ ਖਚਾਖਚ ਭਰੇ ਹੋਏ ਸਨ। ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਦਾ ਰਸ ਲੈਣ ਵਾਲੇ ਦੀਵਾਨ ਹਾਲ ਵਿੱਚ ਸਜੇ ਬੈਠੇ ਸਨ, ਤੇ ਗੱਲਾਂ-ਬਾਤਾਂ ਦਾ ਰਸ ਲੈਣ ਵਾਲੇ ਦਰਬਾਰ ਹਾਲ ਵਿੱਚ ਹਾਜ਼ਰੀ ਲੁਆ ਕੇ ਹੇਠਾਂ ਲਾਬੀ ਏਰੀਏ ਅਤੇ ਲੰਗਰ ਹਾਲ ਵਿੱਚ ਢਾਣੀਆਂ ਜੋੜੀ ਬੈਠੇ ਸਨ। ਸਾਰਾ ਦਿਨ ਸੰਗਤਾਂ ਦਾ ਗੁਰਦੁਆਰਾ ਸਾਹਿਬ ਵਿਖੇ ਆਉਣ-ਜਾਣ ਲੱਗਿਆ ਰਿਹਾ। ਇਸ ਤੋਂ ਪਹਿਲਾਂ 13 ਅਪਰੈਲ ਨੂੰ ਵੀ ਵਧੇਰੇ ਗਿਣਤੀ ਸੰਗਤ ਦੀ ਸ਼ਮੂਲੀਅਤ ਦਰਸਾ ਰਹੀ ਸੀ ਕਿ ਲੋਕ ਉਚੇਚਾ ਵਿਸਾਖੀ ਸਬੰਧੀ ਗੁਰੂਘਰ ਨਤਮਸਤਕ ਹੋਣ ਆਏ ਸਨ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਿਆਂ- ਭਾਈ ਅਨਮੋਲ ਸਿੰਘ ਰਤਨ, ਭਾਈ ਬੀਰ ਸਿੰਘ, ਭਾਈ ਮਿਲਾਪ ਸਿੰਘ ਅਤੇ ਭਾਈ ਆਸ਼ਵਿੰਦਰ ਸਿੰਘ, ਭਾਈ ਅਰਸ਼ਦੀਪ ਸਿੰਘ ਤੇ ਭਾਈ ਸਤਬੀਰ ਸਿੰਘ ਦੇ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ। ਭਾਈ ਲਖਵਿੰਦਰ ਸਿੰਘ ਲਖਨਊ ਵਾਲਿਆਂ ਨੇ ਕਥਾ ਰਾਹੀਂ ਖਾਲਸਾ ਸਾਜਨਾ ਦਿਵਸ ਸਬੰਧੀ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ। ਭਾਈ ਕੁਲਵੰਤ ਸਿੰਘ, ਭਾਈ ਹੀਰਾ ਸਿੰਘ ਤੇ ਭਾਈ ਜਗਜੀਤ ਸਿੰਘ ਪੰਡੋਰੀ ਵਾਲਿਆਂ ਦਾ ਢਾਡੀ ਜਥਾ ਅਤੇ ਭਾਈ ਕਿਰਤ ਸਿੰਘ ਯੂ.ਕੇ. ਵਾਲਿਆਂ ਦਾ ਕੀਰਤਨੀ ਜਥਾ ਵਿਸ਼ੇਸ਼ ਤੌਰ `ਤੇ ਬੁਲਾਇਆ ਗਿਆ ਸੀ, ਜਿਨ੍ਹਾਂ ਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਢਾਡੀ ਵਾਰਾਂ ਦਾ ਗਾਇਨ ਕੀਤਾ।
ਤਿੰਨੋ ਦਿਨ ਲੰਗਰ ਦੀ ਸੇਵਾ ਸਥਾਨਕ ਪੰਜਾਬੀਆਂ ਦੀ ਸ਼ਿਕਾਗੋ ਟਰੱਕ ਯੂਨੀਅਨ ਵੱਲੋਂ ਕੀਤੀ ਗਈ ਅਤੇ ਟਰੱਕਰ ਵੀਰਾਂ ਨੇ ਪਰਿਵਾਰਾਂ ਸਮੇਤ ਹੋਰ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਤਿਆਰ ਕਰਨ ਦੀ ਸੇਵਾ ਵਿੱਚ ਭਰਪੂਰ ਹੱਥ ਵਟਾਇਆ। ਸੰਗਤ ਦੀ ਸੇਵਾ ਵਿੱਚ ਸਮੋਸੇ, ਪਕੌੜੇ, ਗੁਲਾਬ ਜਾਮਣਾਂ, ਦੇਸੀ ਘੀ ਵਿੱਚ ਤਲ਼ੀਆਂ ਜਲੇਬੀਆਂ, ਵੇਸਣ ਬਰਫੀ, ਫਲ, ਮਿੱਠੇ ਚੌਲ, ਸਾਗ, ਦਾਲ-ਫੁਲਕਾ ਸਮੇਤ ਕਈ ਕੁਝ ਹਾਜ਼ਰ ਸੀ। ਸਾਗ ਸਮੇਤ ਹੋਰ ਬੜਾ ਕੁਝ ਅਤੁੱਟ ਸੀ ਤੇ ਸੰਗਤ ਘਰਾਂ ਨੂੰ ਵੀ ਲੈ ਕੇ ਗਈ। ਵਿਸਾਖੀ ਸਬੰਧੀ ਅਖੰਡ ਪਾਠ ਦੀ ਸੇਵਾ ਬਲਵਿੰਦਰ ਸਿੰਘ ਚੱਠਾ ਅਤੇ ਪਰਿਵਾਰ ਵੱਲੋਂ ਨਿਭਾਈ ਗਈ। ਨਿਸ਼ਾਨ ਸਾਹਿਬ ਦੇ ਚੋਲ਼ਾ ਬਦਲਣ ਦੀ ਸੇਵਾ ਗੁਰਮੀਤ ਸਿੰਘ ਢਿੱਲੋਂ ਅਤੇ ਪਰਿਵਾਰ ਵੱਲੋਂ ਕੀਤੀ ਗਈ।
ਐਤਵਾਰ ਵਾਲੇ ਦਿਨ ਵਿਸ਼ੇਸ਼ ਤੌਰ `ਤੇ ਖੰਡੇ ਦੀ ਪਹੁਲ ਦਾ ਬਾਟਾ ਤਿਆਰ ਕੀਤਾ ਗਿਆ ਸੀ ਅਤੇ 14 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਾਲੇ ਸਿੰਘ ਵੀ ਵਿਸ਼ੇਸ਼ ਤੌਰ `ਤੇ ਕੈਨੇਡਾ ਤੋਂ ਆਏ ਸਨ। ਜਦੋਂ ਪੰਜ ਪਿਆਰੇ ਅਤੇ ਅੰਮ੍ਰਿਤਧਾਰੀ ਸਿੰਘ ਜੈਕਾਰਿਆਂ ਦੀ ਗੂੰਜ ਵਿੱਚ ਦੀਵਾਨ ਹਾਲ ਵਿੱਚ ਪਹੁੰਚ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਏ ਤਾਂ ਸੰਗਤ ਵੱਲੋਂ ਜੈਕਾਰੇ ਛੱਡੇ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਲਖਵਿੰਦਰ ਸਿੰਘ ਨੇ ਸਿਰੋਪਾਓ ਦੇ ਕੇ ਨਿਵਾਜਿਆ। ਧਾਰਮਿਕ ਸਕੱਤਰ ਤਰਲੋਚਨ ਸਿੰਘ ਮੁਲਤਾਨੀ ਨੇ ਸਟੇਜ ਦੀ ਸੇਵਾ ਨਿਭਾਈ।
ਦਿਲਚਸਪ ਗੱਲ ਹੈ ਕਿ ਐਤਵਾਰ ਨੂੰ ਤਾਜ਼ਾ ਤਾਜ਼ਾ ਪਕੌੜੇ ਛਕਦੀ ਸੰਗਤ ਦੇ ਬਹੁਤੇ ਮੈਂਬਰ ਇਹ ਜ਼ਿਕਰ ਜ਼ਰੂਰ ਕਰ ਰਹੇ ਸਨ ਕਿ 13 ਅਪਰੈਲ ਵਾਲੇ ਦਿਨ ਗੁਰੂ ਘਰ ਵਿੱਚ ਪਕੌੜੇ ਕਿਉਂ ਨਹੀਂ ਕੱਢੇ ਗਏ? ਦੂਜੇ ਪਾਸੇ, ਪਕੌੜੇ ਤਲ਼ ਰਹੇ ਇੱਕ ਸੱਜਣ ਨੇ ਮਜ਼ਾਈਆ ਟਿੱਪਣੀ ਕੀਤੀ, “ਜਿਨ੍ਹਾਂ ਨੂੰ ਪਿਛਲੇ ਹਫਤੇ ਪਕੌੜੇ ਨਹੀਂ ਮਿਲੇ, ਅੱਜ ਡਬਲ ਖਾ ਲੈਣ!” ਪਕੌੜਿਆਂ ਕਰ ਕੇ ਸੰਗਤ ਦੀ ਨਾਰਾਜ਼ਗੀ ਮੁੜ ਨਾ ਸਹੇੜਨੀ ਪੈ ਜਾਵੇ, ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸੇਵਾਦਾਰਾਂ ਨੇ ਪਹਿਲਾਂ ਦੀ ਪਕੌੜਿਆਂ ਦੀ ਸਮੱਗਰੀ ਵਾਧੂ ਤਿਆਰ ਕੀਤੀ ਹੋਈ ਸੀ। ਪਰਸ਼ਾਦੇ ਬਣਾਏ ਜਾਣ ਸਮੇਂ ਇਹ ਗੱਲ ਨੋਟ ਕੀਤੀ ਗਈ ਕਿ ਕੁਝ ਸੇਵਾਦਾਰ ਅਧ-ਕੱਚੀ ਰੋਟੀ ਨੂੰ ਸਿੱਧਾ ਗੈਸ ਦੀ ਲਾਟ `ਤੇ ਰੱਖ ਕੇ ਪਕਾਅ/ਫੁਲਾਅ ਰਹੇ ਸਨ। ਕੁਝ ਸਮੇਂ ਲਈ ਇਹ ਚਰਚਾ ਛਿੜ ਪਈ ਸੀ ਕਿ ਅਜਿਹਾ ਕੀਤਿਆਂ ਗੈਸੀ ਰਸਾਇਣ ਰੋਟੀ ਅੰਦਰ ਚਲੇ ਜਾਂਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹਨ। ਇਹ ਅਣਗਹਿਲੀ ਸੀ ਜਾਂ ਫਿਰ ਜਾਣਦਿਆਂ ਵੀ ਮੁੜ-ਮੁੜ ਅਜਿਹਾ ਕੀਤਾ ਜਾਂਦਾ ਹੈ- ਇਹ ਤਾਂ ਵਾਹਿਗੁਰੂ ਹੀ ਜਾਣੇ!
ਇੱਕ ਪਹਿਲੂ ਇਹ ਵੀ ਸੀ ਕਿ ਵਿਸ਼ੇਸ਼ ਸਮਾਗਮ ਵਾਲੇ ਦਿਨ ਸਵੇਰੇ ਸਵੇਰੇ ਪਹਿਲਾਂ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਬਹੁਤੀ ਸੰਗਤ 13 ਅਪਰੈਲ ਵਾਲੇ ਦਿਨ ਆ ਗਈ ਹੋਣ ਕਾਰਨ, ਸ਼ਾਇਦ ਅੱਜ ਘੱਟ ਆਵੇ; ਉਤੋਂ ਮੌਸਮ ਵੀ ਮੀਂਹ-ਕਣੀ ਵਾਲਾ ਸੀ ਤੇ ਮੁੜ ਥੋੜ੍ਹੀ ਠੰਡ ਹੋ ਗਈ ਸੀ। ਪਰ ਸੰਗਤ ਨੇ ਵੱਡੀ ਗਿਣਤੀ ਵਿੱਚ ਵਿਸਾਖੀ ਦੇ ਵਿਸ਼ੇਸ਼ ਸਮਾਗਮਾਂ ਵਿੱਚ ਸ਼ਿਰਕਤ ਕਰ ਕੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਖੁਸ਼ੀਆਂ ਮਨਾਈਆਂ, ਜਿਸ ਤੋਂ ਪ੍ਰਬੰਧਕ ਕਮੇਟੀ ਵੀ ਬਾਗੋਬਾਗ ਸੀ ਤੇ ਟਰੱਕ ਯੂਨੀਅਨ ਦੇ ਸੇਵਾਦਾਰ ਵੀ।