*ਦਿਮਾਗ ਅਤੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
*ਗਾਜ਼ਾ ਜੰਗ ਨੂੰ ਨਸਲਕੁਸ਼ੀ ਕਿਹਾ ਸੀ ਪੋਪ ਫਰਾਂਸਿਸ ਨੇ
ਪੰਜਾਬੀ ਪਰਵਾਜ਼ ਬਿਊਰੋ
ਕੈਥੋਲਿਕ ਇਸਾਈ ਭਾਈਚਾਰੇ ਦੇ ਧਾਰਮਿਕ ਮੁਖੀ ਪੋਪ ਫਰਾਂਸਿਸ ਚੱਲ ਵੱਸੇ ਹਨ। ਵੈਟੀਕਨ ਦੇ ਕਾਰਡੀਨਲ ਕੇਵਿਨ ਵੱਲੋਂ ਬੀਤੇ ਸੋਮਵਾਰ ਨੂੰ ਟੈਲੀਵਿਜ਼ਨ ਉੱਪਰ ਜਾਰੀ ਕੀਤੀ ਗਏ ਆਪਣੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ, “ਪਿਆਰੇ ਭੈਣੋ ਅਤੇ ਭਰਾਵੋ, ਮੈਂ ਬੇਹੱਦ ਦੁਖੀ ਹਿਰਦੇ ਨਾਲ ਸੂਚਿਤ ਕਰ ਰਿਹਾ ਹਾਂ ਕਿ ਪਵਿੱਤਰ ਪੋਪ ਫਰਾਂਸਿਸ ਸਾਡੇ ਵਿਚਕਾਰ ਨਹੀਂ ਰਹੇ ਹਨ।” ਉਹ 88 ਵਰਿ੍ਹਆਂ ਦੇ ਸਨ ਅਤੇ ਨਮੂਨੀਏ ਕਾਰਨ ਹੋਈਆਂ ਸਾਹ ਨਾਲ ਸੰਬੰਧਤ ਤਕਲੀਫਾਂ ਤੋਂ ਪੀੜਤ ਸਨ।
ਉਨ੍ਹਾਂ ਬੀਤੀ 21 ਅਪਰੈਲ ਨੂੰ ਸਵੇਰੇ 7.35 ‘ਤੇ ਅੰਤਿਮ ਸਾਹ ਲਏ। ਦਿਮਾਗੀ ਦੌਰਾ (ਸਟਰੋਕ) ਅਤੇ ਇਸ ਕਾਰਨ ਦਿਲ ਫੇਲ੍ਹ ਹੋਣਾ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ। ਆਪਣੇ ਚਲਾਣੇ ਤੋਂ ਇੱਕ ਦਿਨ ਪਹਿਲਾਂ ਹੀ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਉਨ੍ਹਾਂ ਨੂੰ ਮਿਲ ਕੇ ਗਏ ਸਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਮਿਲਾਨੀ ਜੋਲੀ ਸਮੇਤ ਦੁਨੀਆਂ ਭਰ ਦੇ ਆਗੂਆਂ ਨੇ ਉਨ੍ਹਾਂ ਦੇ ਚਲਾਣੇ ‘ਤੇ ਅਫਸੋਸ ਪ੍ਰਗਟ ਕੀਤਾ ਹੈ।
ਪੋਪ ਫਰਾਂਸਿਸ ਦਾ ਪਿਛੋਕੜ ਇਟਾਲੀ ਮੂਲ ਦਾ ਸੀ, ਪਰ ਜਨਮ 1936 ‘ਚ ਅਰਜਨਟੀਨਾ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਮੁਢਲੇ ਦੌਰ ਵਿੱਚ ਇੱਕ ਬਾਊਂਸਰ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿੱਚ ਕੈਥੋਲਿਕ ਚਰਚ ਦੀਆਂ ਸੇਵਾਵਾਂ ਵੱਲ ਆ ਗਏ। ਉਨ੍ਹਾਂ ਪੋਪ ਬੈਨੇਡਿਕਟ 16ਵੇਂ ਦੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਸਾਲ 2013 ਵਿੱਚ ਪੋਪ ਵੈਟੀਕਨ ਦਾ ਅਹੁਦਾ ਸੰਭਾਲਿਆ ਸੀ। ਆਪਣੇ ਕਾਰਜਕਾਲ ਵਿੱਚ ਉਨ੍ਹਾਂ ਕੈਥੋਲਿਕ ਇਸਾਈ ਧਰਮ ਦਾ ਕਰਮ ਖੇਤਰ ਏਸ਼ੀਆ, ਦੱਖਣੀ ਅਮਰੀਕਾ ਅਤੇ ਅਫਰੀਕਾ ਸਮੇਤ ਦੁਨੀਆਂ ਭਰ ਦੇ ਘੱਟ ਵਿਕਾਸਸ਼ੀਲ ਦੇਸ਼ਾਂ ਤੱਕ ਪਸਾਰ ਦਿੱਤਾ ਸੀ। ਪੋਪ ਫਰਾਂਸਿਸ ਨੇ ਹਮੇਸ਼ਾ ਗਰੀਬ ਅਤੇ ਬੇਸਹਾਰਾ ਲੋਕਾਂ, ਸ਼ਰਨਾਰਥੀਆਂ, ਪਰਵਾਸੀਆਂ- ਇੱਥੋਂ ਤੱਕ ਕਿ ਗੈਰ-ਕਾਨੂੰਨੀ ਪਰਵਾਸੀਆਂ ਦੇ ਹਿੱਤ ਵਿੱਚ ਵੀ ਆਵਾਜ਼ ਉਠਾਈ। ਉਹ ਗੈਰ-ਕਾਨੂੰਨੀ ਪਰਵਾਸੀਆਂ ਦੇ ਸਮੁੰਦਰ ਅਤੇ ਜੰਗਲੀ ਰਸਤਿਆਂ ਵਿੱਚ ਮਾਰੇ ਜਾਣ ‘ਤੇ ਦੁਖ ਪ੍ਰਗਟ ਕਰਦੇ ਰਹੇ। ਪੋਪ ਫਰਾਂਸਿਸ ਕੈਥੋਲਿਕ ਇਸਾਈ ਧਰਮ ਦੇ ਆਦਰਸ਼ਾਂ ਨੂੰ ਅਸਲ ਅਰਥਾਂ ਵਿੱਚ ਜੀਣ ਵਾਲੇ ਮਹਾਂਪੁਰਖ ਸਨ। ਉਨ੍ਹਾਂ ਕੈਨੇਡਾ ਦੇ ਚਰਚ ਵੱਲੋਂ ਚਲਾਏ ਜਾਂਦੇ ਸਕੂਲਾਂ ਵਿੱਚ ਮਾਰੇ ਗਏ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਬੱਚਿਆਂ ਲਈ ਵੀ ਮੁਆਫੀ ਮੰਗ ਲਈ ਸੀ।
ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜਦੋਂ ਕਾਗਜ਼ ਪੱਤਰ ਤੋਂ ਵਿਹੂਣੇ ਪਰਵਾਸੀਆਂ ਨੂੰ ਆਪੋ-ਆਪਣੇ ਦੇਸ਼ਾਂ ਵਿੱਚ ਭੇਜਣ ਦਾ ਸੁਆਲ ਉਠਿਆ ਤਾਂ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਟੋਕਦਿਆਂ ਕਿਹਾ ਸੀ ਕਿ, ‘ਅਜਿਹਾ ਕਰਨਾ ਇਸਾਈਅਤ ਦੇ ਮਾਰਗ ਦਾ ਹਿੱਸਾ ਨਹੀਂ ਹੈ।’ ਸੰਸਾਰ ਦੀ ਕਿਸੇ ਵੱਡੀ ਸੰਸਥਾ ਦਾ ਮੁਖੀ ਕਿਸੇ ਬਿਹਤਰ ਇਨਸਾਨ ਦੇ ਬਣ ਜਾਣ ਪਿੱਛੋਂ ਇਹ ਸੰਸਥਾਵਾਂ ਕਿਸ ਤਰ੍ਹਾਂ ਆਪਣੇ ਉਚੇਰੇ ਆਦਰਸ਼ਾਂ ਵੱਲ ਕਰਮਸ਼ੀਲ ਹੋ ਜਾਂਦੀਆਂ ਹਨ, ਪੋਪ ਫਰਾਂਸਿਸ ਇਸ ਦੀ ਜਿਉਂਦੀ ਜਾਗਦੀ ਮਿਸਾਲ ਸਨ। ਮਰਹੂਮ ਪੋਪ ਨੇ ਜ਼ਿੰਦਗੀ ਦੇ ਅੰਤਿਮ ਬੋਲਾਂ ਵਿੱਚ ਕਿਹਾ, ‘ਧਾਰਮਿਕ ਆਜ਼ਾਦੀ ਤੋਂ ਬਿਨਾ ਦੁਨੀਆਂ ਵਿੱਚ ਸੁੱਖ ਸ਼ਾਂਤੀ ਨਹੀਂ ਹੋ ਸਕਦੀ।’ ਅਸਲ ਧਾਰਮਿਕ ਵਿਅਕਤੀ ਦਾ ਇਹ ਬੇਹੱਦ ਉਚੇਰਾ ਪ੍ਰਵਚਨ ਹੈ, ਜਿਸ ਨੂੰ ਸਾਡੇ ਵਰਗੇ ਮੁਲਕਾਂ ਦੇ ਹਾਕਮਾਂ ਨੂੰ ਸੁਣਨਾ ਅਤੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ।
ਪੋਪ ਫਰਾਂਸਿਸ ਦਾ ਪਹਿਲਾ ਨਾਂ ਜੌਰਜ ਮਾਰੀਓ ਬੇਰਗੋਗਲੀਓ ਸੀ ਅਤੇ ਰੋਮ ਦੇ ਬਿਸ਼ਪ ਬਣਨ ਪਿਛੋਂ ਉਨ੍ਹਾਂ ਆਪਣੇ ਆਪ ਨੂੰ ਪੋਪ ਫਰਾਂਸਿਸ ਅਖਵਾਉਣਾ ਸ਼ੁਰੂ ਕੀਤਾ ਸੀ। ਲਾਤੀਨੀ ਅਮਰੀਕਾ ਦੇ ਦੇਸ਼ਾਂ ਨਾਲ ਸੰਬੰਧਤ ਉਹ ਪਹਿਲੇ ਪੋਪ ਸਨ। 2022 ਵਿੱਚ ਉਨ੍ਹਾਂ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਢਾਂਚੇ ਦੇ ਮੈਂਬਰਾਂ ਵੱਲੋਂ ਕੈਨੇਡੀਅਨ ਮੂਲ ਨਿਵਾਸੀਆਂ ਦੇ ਬੱਚਿਆਂ ਦੀਆਂ ਮੌਤਾਂ ‘ਤੇ ਮੁਆਫੀ ਮੰਗ ਕੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਕੁਝ ਮਹੀਨੇ ਬਾਅਦ ਇਸ ਘਟਨਾਕ੍ਰਮ ਨੂੰ ਉਨ੍ਹਾਂ ਨੇ ਕੈਨੇਡਾ ਦੇ ਸਥਾਨਕ ਲੋਕਾਂ ਦੀ ‘ਸੱਭਿਆਚਾਰਕ ਨਸਲਕੁਸ਼ੀ’ ਵੀ ਕਰਾਰ ਦਿੱਤਾ ਸੀ। ਆਪਣੇ ਸ਼ੁਰੂ ਦੇ ਕਾਲ ਤੋਂ ਹੀ ਉਨ੍ਹਾਂ ਨੇ ਰਵਾਇਤ ਤੋਂ ਹਟ ਕੇ ਚੱਲਣ ਵੱਲ ਇਸ਼ਾਰਾ ਕਰ ਦਿੱਤਾ ਸੀ। ਉਨ੍ਹਾਂ ਉਸ ਸ਼ਾਹੀ ਰਿਹਾਇਸ਼ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਤੋਂ ਪਹਿਲਾਂ ਵਾਲੇ ਪੋਪ ਰਿਹਾ ਕਰਦੇ ਸਨ ਅਤੇ ਆਪਣੇ ਵਸੇਬੇ ਲਈ ਵੈਟੀਕਨ ਵਿੱਚ ਹੀ ਇੱਕ ਛੋਟਾ ਗੈਸਟ ਰੂਮ ਲੈ ਲਿਆ ਸੀ।
ਪੋਪ ਫਰਾਂਸਿਸ ਨੇ ਇੱਕ ‘ਫੀਟ ਵਾਸ਼ਿੰਗ ਸੈਰਾਮਨੀ’ (ਪੈਰ ਧੋਣ ਦੀ ਪਰੰਪਰਾ) ਤਹਿਤ ਜੇਲ੍ਹ ਦੇ ਕੈਦੀਆਂ ਦੇ ਪੈਰ ਧੋਤੇ ਸਨ, ਜਿਨ੍ਹਾਂ ਵਿੱਚ ਗੈਰ-ਈਸਾਈ ਅਤੇ ਔਰਤਾਂ ਵੀ ਸ਼ਾਮਲ ਸਨ। ਜੁਲਾਈ 2013 ਵਿੱਚ ਇੱਕ ਰਿਪੋਰਟਰ ਵੱਲੋਂ ਪੁੱਛੇ ਗਏ ਸਵਾਲ ਵਿੱਚ ਉਨ੍ਹਾਂ ਗੇਅ ਭਾਈਚਾਰੇ ਨਾਲ ਵਿਤਕਰੇ ਨੂੰ ਵੀ ਅਨਿਆਂਪੂਰਣ ਕਿਹਾ ਸੀ। ਬਾਅਦ ਵਿੱਚ ਉਨ੍ਹਾਂ ਸੇਮ-ਸੈਕਸ ਲੋਕਾਂ ਅਤੇ ਉਨ੍ਹਾਂ ਦੇ ਅਪਣਾਏ ਬੱਚਿਆਂ ਨੂੰ ਇਸਾਈ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਵੀ ਕੀਤਾ ਸੀ। ਉਨ੍ਹਾਂ ਦਾ ਵਤੀਰਾ ਰਫਿਊਜੀਆਂ ਅਤੇ ਵਿਕਸਤ ਦੇਸ਼ਾਂ ਵੱਲ ਪਰਵਾਸ ਕਰਨ ਵਾਲੇ ਲੋਕਾਂ ਪ੍ਰਤੀ ਬੇਹੱਦ ਦਇਆ ਪੂਰਨ ਸੀ।
ਪੋਪ ਫਰਾਂਸਿਸ ਮਨੁੱਖੀ ਗਤੀਵਿਧਿਆਂ ਕਾਰਨ ਕੁਦਰਤੀ ਚੌਗਿਰਦੇ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਬੇਹੱਦ ਚਿੰਤਤ ਸਨ। ਉਨ੍ਹਾਂ ਇਸ ਮਸਲੇ ਨੂੰ ਲੈ ਕੇ 2015 ਵਿੱਚ ਮੌਸਮੀ ਤਬਦੀਲੀਆਂ ਸੰਬੰਧੀ ਕੈਥੋਲਿਕ ਇਸਾਈ ਚਰਚ ਦਾ ਪਹਿਲਾ ਦਸਤਾਵੇਜ਼ ਜਾਰੀ ਕੀਤਾ। ਉਨ੍ਹਾਂ ਬਸਤੀਵਾਦੀ ਦੌਰ ਦੇ ਪੱਖ ਵਿੱਚ ਚਰਚ ਵੱਲੋਂ ਨਿਭਾਈ ਗਈ ਭੂਮਿਕਾ ਦੀ ਕਈ ਵਾਰ ਨਿੰਦਾ ਕੀਤੀ ਅਤੇ ਇਸ ਦੌਰਾਨ ਸਥਾਨਕ ਲੋਕਾਂ ਨਾਲ ਹੋਈਆਂ ਵਧੀਕੀਆਂ ਲਈ ਮੁਆਫੀ ਮੰਗੀ। ਉਨ੍ਹਾਂ ਨੇ ਸੇਂਟ ਪੀਟਰ ਸਿਕੁਏਅਰ ਤੋਂ ਆਪਣੇ ਆਖਰੀ ਸੰਬੋਧਨ ਵਿੱਚ 18 ਮਹੀਨੇ ਤੋਂ ਚੱਲ ਰਹੀ ਗਾਜ਼ਾ ਜੰਗ ਨੂੰ ਬੰਦ ਕਰਨ ਦੀ ਵਾਰ-ਵਾਰ ਅਪੀਲਾਂ ਕੀਤੀਆਂ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਗਾਜ਼ਾ ਵਿੱਚ ਕੀਤੇ ਜਾ ਰਹੇ ਨਸਲਘਾਤ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। 2024 ਵਿੱਚ ਇੱਕ ਸਵੀਡਨ ਆਧਾਰਿਤ ਰੇਡੀਉ ਨਾਲ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਯੂਕਰੇਨ ਨੂੰ ਰੂਸ ਨਾਲ ਜੰਗਬੰਦੀ ਲਈ ਸਮਝੌਤਾ ਕਰ ਲੈਣਾ ਚਾਹੀਦਾ ਹੈ; ਪਰ ਬਾਅਦ ਵਿੱਚ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਨੇ ਇਸ ‘ਤੇ ਜ਼ੋਰਦਾਰ ਪ੍ਰਤੀਕਰਮ ਪ੍ਰਗਟ ਕੀਤਾ ਤਾਂ ਉਨ੍ਹਾਂ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਮਕਸਦ ਇਹ ਨਹੀਂ ਹੈ ਕਿ ਯੂਕਰੇਨ ਆਤਮ ਸਮਰਪਣ ਕਰ ਦੇਵੇ।
ਪੋਪ ਫਰਾਂਸਿਸ ਨੇ ਮਨੁੱਖੀ ਅਧਿਕਾਰਾਂ ਦੇ ਮਾਮਲੇ ‘ਤੇ ਖੁੱਲ੍ਹ ਕੇ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਵੈਟੀਕਨ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਸੇਵਾਵਾਂ ਦੇਣ ਦੀ ਖੁੱਲ੍ਹ ਦਿੱਤੀ ਅਤੇ ਸੰਸਾਰ ਪੱਧਰੇ ਚਰਚ ਦੇ ਇਕੱਠਾਂ ਵਿੱਚ ਔਰਤਾਂ ਨੂੰ ਵੋਟ ਦੇ ਅਧਿਕਾਰ ਦੀ ਹਮਾਇਤ ਕੀਤੀ। ਪੋਪ ਫਰਾਂਸਿਸ ਦੀ ਉਂਝ ਸਭ ਤੋਂ ਵੱਡੀ ਵਿਰਾਸਤ ਤਾਂ ਇਹੋ ਮੰਨੀ ਜਾਵੇਗੀ ਕਿ ਉਨ੍ਹਾਂ ਕੈਥੋਲਿਕ ਚਰਚ ਨੂੰ ਯੂਰਪੀਅਨ ਘੇਰੇ ਤੋਂ ਬਾਹਰ ਕੱਢਿਆ ਅਤੇ ਘੱਟ ਵਿਕਸਤ ਮੁਲਕਾਂ ਤੱਕ ਪ੍ਰਚਾਰਿਆ। ਉਨ੍ਹਾਂ ਆਪਣੇ ਚਲਾਣੇ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਨਾਲ ਗੱਲਬਾਤ ਕੀਤੀ ਅਤੇ ਸੰਸਾਰ ਵਿੱਚ ਚੱਲ ਰਹੀਆਂ ਜੰਗਾਂ ਨੂੰ ਰੁਕਵਾਉਣ ਲਈ ਉਨ੍ਹਾਂ ਨੂੰ ਅਪੀਲ ਵੀ ਕੀਤੀ। ਕੁਝ ਹੋਰ ਮਾਮਲਿਆਂ ਵਿੱਚ ਪੋਪ ਫਰਾਂਸਿਸ ਦੀ ਪਹੁੰਚ ਰਵਾਇਤੀ ਸੀ, ਫਿਰ ਵੀ ਉਨ੍ਹਾਂ ਆਪਣੇ ਸਮੇਂ ਵਿੱਚ ਖੜੇ੍ਹ ਹੋਏ ਔਖੇ ਸਵਾਲਾਂ ਦੇ ਆਸਾਨ ਤੇ ਵਾਜਬ ਉੱਤਰ ਦੇਣ ਦਾ ਯਤਨ ਕੀਤਾ। ਉਨ੍ਹਾਂ ਗਰਭਪਾਤ ਦਾ ਵਿਰੋਧ ਕਰਦਿਆਂ ਕਿਹਾ ਕਿ ਗਰਭ ਵਿੱਚ ਵੀ ਬੱਚੇ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ 2022 ਵਿੱਚ ਅਮਰੀਕੀ ਸੁਪਰੀਮ ਕੋਰਟ ਵੱਲੋਂ ਅਬੌਰਸ਼ਨ ਦੇ ਅਧਿਕਾਰ ਨੂੰ ਵਾਪਸ ਲੈਣ ਦੀ ਹਮਾਇਤ ਕੀਤੀ। ਕੈਥੋਲਿਕ ਚਰਚ ਵਿੱਚ ਸੁਧਾਰ ਦੀ ਉਨ੍ਹਾਂ ਵੱਲੋਂ ਤੋਰੀ ਗਈ ਇਹ ਕੋਸ਼ਿਸ਼ ਅਗਾਂਹ ਜਾਰੀ ਰਹਿ ਸਕੇਗੀ ਜਾਂ ਨਹੀਂ, ਇਸ ਬਾਰੇ ਸਹੀ ਉੱਤਰ ਰੋਮਨ ਕੈਥੋਲਿਕ ਚਰਚ ਦਾ ਭਵਿੱਖੀ ਅਮਲ ਹੀ ਦੇ ਸਕਦਾ ਹੈ।