ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸਿੱਖ ਭਾਈਚਾਰੇ ਲਈ ਇਹ ਇੱਕ ਹੋਰ ਮਾਣ ਵਾਲੀ ਗੱਲ ਹੈ ਕਿ ਸ਼ਿਕਾਗੋ ਸਿਟੀ ਕੌਂਸਲ ਚੈਂਬਰਜ਼ ਵਿਖੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਹਨਸਨ ਅਤੇ 11ਵੇਂ ਵਾਰਡ ਦੀ ਐਲਡਰਵੂਮੈਨ ਨਿਕੋਲ ਲੀ ਦੀ ਮੌਜੂਦਗੀ ਵਿੱਚ ‘ਅਮਰੀਕੀ ਵਿਰਾਸਤ ਅਤੇ ਦੇਸ਼ ਤੇ ਦੁਨੀਆ ਲਈ ਸਿੱਖਾਂ ਦੇ ਯੋਗਦਾਨ’ ਦੇ ਸਨਮਾਨ ਹਿੱਤ ‘ਅਪਰੈਲ-ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਦੀ ਚਰਚਾ ਹੋਈ।
ਇਸ ਮੌਕੇ ਸਿਟੀ ਕੌਂਸਲ ਨੂੰ ਅਪਰੈਲ ਮਹੀਨੇ ਸਬੰਧੀ ਪ੍ਰੋਕਲਾਮੇਸ਼ਨ ਮੁਹੱਈਆ ਕੀਤਾ ਗਿਆ। ਚੇਤੇ ਰਹੇ, ਅਪਰੈਲ ਦਾ ਮਹੀਨਾ ਸਿੱਖ ਭਾਈਚਾਰੇ ਲਈ ਇਸਦੀ ਮਹੱਤਤਾ ਕਰਕੇ ਚੁਣਿਆ ਗਿਆ ਸੀ। ਇਸ ਵਿੱਚ 14 ਅਪਰੈਲ 1699 ਨੂੰ ‘ਖਾਲਸਾ ਸਾਜਨਾ ਦਿਵਸ’ ਅਤੇ 14 ਅਪਰੈਲ 1469 ਨੂੰ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ (ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ) ਵੀ ਸ਼ਾਮਲ ਹੈ। ‘ਵਿਸਾਖੀ’ ਦਾ ਪੰਜਾਬੀ ਸੱਭਿਆਚਾਰਕ ਵਾਢੀ ਤਿਉਹਾਰ ਵੀ 14 ਅਪਰੈਲ ਨੂੰ ਆਉਂਦਾ ਹੈ। ਦੂਜੇ ਸਿੱਖ ਗੁਰੂ ਅੰਗਦ ਦੇਵ ਜੀ ਦਾ ਜਨਮ 18 ਅਪਰੈਲ 1504 ਨੂੰ ਹੋਇਆ ਸੀ ਅਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਦਾ ਜਨਮ 18 ਅਪਰੈਲ 1621 ਨੂੰ ਹੋਇਆ ਸੀ।
ਇਲੀਨਾਏ ਵਿੱਚ ਸਿੱਖਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿੱਖ ਭਾਈਚਾਰੇ ਵੱਲੋਂ ਅਪਰੈਲ ਮਹੀਨੇ ਦੌਰਾਨ ਕਈ ਸਮਾਗਮਾਂ ਅਤੇ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਵਿੱਚ ਸਿੱਖ ਧਰਮ ਬਾਰੇ ਪੜ੍ਹਾਉਣ ਦੀਆਂ ਕਲਾਸਾਂ, ਸਿੱਖ ਪ੍ਰਦਰਸ਼ਨੀਆਂ, ਸਥਾਨਕ ਲਾਇਬ੍ਰੇਰੀਆਂ ਵਿੱਚ ਸੈਮੀਨਾਰ, ਯੂਨੀਵਰਸਿਟੀਆਂ ਵਿੱਚ ਲੈਕਚਰ, ਸਿੱਖ ਫਿਲਮ ਫੈਸਟੀਵਲ, ਸੱਭਿਆਚਾਰਕ ਪ੍ਰਦਰਸ਼ਨ ਅਤੇ ਪੰਜਾਬੀ ਭਾਸ਼ਾ ਦੇ ਜਸ਼ਨ, ਲੋੜਵੰਦ ਕਮਿਊਨਿਟੀ ਸੈਂਟਰਾਂ ਵਿੱਚ ਭੋਜਨ ਪ੍ਰਦਾਨ ਕਰਨਾ, ਇਲੀਨਾਏ ਸਟੇਟ ਪਿੰਡਾਂ, ਸ਼ਹਿਰਾਂ, ਟਾਊਨਸ਼ਿਪਾਂ ਅਤੇ ਕਾਉਂਟੀ ਪੱਧਰ ਦੀਆਂ ਸਰਕਾਰਾਂ ਵਿੱਚ ਪ੍ਰਾਰਥਨਾਵਾਂ, ਮਤੇ ਅਤੇ ਘੋਸ਼ਣਾਵਾਂ ਸ਼ਾਮਲ ਹਨ। ਸ਼ਿਕਾਗੋ ਸ਼ਹਿਰ ਦੇ ਪਿੰਡਾਂ- ਅਰੋਰਾ, ਐਲਜਿਨ, ਹਾਫਮੈਨ ਅਸਟੇਟ, ਪੈਲਾਟਾਈਨ, ਕੈਰੋਲ ਸਟ੍ਰੀਮ, ਹੈਨੋਵਰ ਪਾਰਕ, ਹੈਨੋਵਰ ਟਾਊਨਸ਼ਿਪ, ਪੈਲਾਟਾਈਨ ਟਾਊਨਸ਼ਿਪ, ਲੇਕ ਕੁੱਕ ਤੇ ਡੂਪੇਜ ਕਾਉਂਟੀਆਂ ਨੇ ਇਸ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨੇ ਲਈ ਘੋਸ਼ਣਾਵਾਂ ਕੀਤੀਆਂ ਹੋਈਆਂ ਹਨ।
‘ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਸਬੰਧੀ ਪਿੱਛਲ ਛਾਤ ਮਾਈਏ ਤਾਂ ਇਲੀਨਾਏ ਜਨਰਲ ਅਸੈਂਬਲੀ ਦੁਆਰਾ ਅਪਰੈਲ ਮਹੀਨੇ ਨੂੰ ‘ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਵਜੋਂ ਮਾਨਤਾ ਦਿੱਤੀ ਹੋਈ ਹੈ। ਇਲੀਨਾਏ ਸਟੇਟ ਦੇ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੇ 3 ਅਗਸਤ 2019 ਨੂੰ ਬਿੱਲ ਐਚ.ਬੀ. 2832 `ਤੇ ਦਸਤਖਤ ਕਰਕੇ ਇਲੀਨਾਏ ਸਟੇਟ ਵਿੱਚ ‘ਅਪਰੈਲ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ’ ਵਜੋਂ ਮਨੋਨੀਤ ਕੀਤਾ ਗਿਆ ਹੈ। ਇਹ ਸਮਾਗਮ ਸਿੱਖ ਰਿਲੀਜੀਅਸ ਸੁਸਾਇਟੀ (ਐਸ.ਆਰ.ਐਸ.) ਗੁਰਦੁਆਰਾ ਪੈਲਾਟਾਈਨ ਵਿਖੇ ਹੋਇਆ ਸੀ। ਉਦੋਂ ਗਵਰਨਰ ਪ੍ਰਿਟਜ਼ਕਰ ਨੇ ਸਿੱਖਾਂ ਅਤੇ ਮਹਿਮਾਨਾਂ ਦੀ ਮੌਜੂਦਗੀ ਵਿੱਚ ਬਿੱਲ `ਤੇ ਦਸਤਖਤ ਕੀਤੇ ਸਨ। ਇਹ ਬਿੱਲ ਦੋਵਾਂ ਸਦਨਾਂ ਵੱਲੋਂ ਪਾਸ ਹੈ ਅਤੇ ਇਸਨੂੰ 1 ਜਨਵਰੀ 2020 ਤੋਂ ਲਾਗੂ ਕਾਨੂੰਨ ਬਣਾ ਦਿੱਤਾ ਹੋਇਆ ਹੈ।
ਇਸ ਸਬੰਧੀ ਰਾਜਿੰਦਰ ਬੀਰ ਸਿੰਘ ਮਾਗੋ ਨੇ ਕਿਹਾ ਕਿ ਮੁੱਖ ਧਾਰਾ ਵਿੱਚ ਸਾਡੇ ਭਾਈਚਾਰੇ ਬਾਰੇ ਜਾਗਰੂਕਤਾ ਪੈਦਾ ਕਰਨ ਨਾਲ ਯਕੀਨੀ ਤੌਰ `ਤੇ ਵਿਤਕਰਾ, ਨਫ਼ਰਤ ਭਰੇ ਭਾਸ਼ਣ, ਸਕੂਲਾਂ ਵਿੱਚ ਧੱਕੇਸ਼ਾਹੀ ਅਤੇ ਸਾਡੇ ਭਾਈਚਾਰੇ ਤੇ ਧਾਰਮਿਕ ਸਥਾਨਾਂ ਵਿਰੁੱਧ ਨਫ਼ਰਤ ਦੇ ਅਪਰਾਧ ਘਟ ਜਾਂਦੇ ਹਨ, ਜੋ ਕਿ 9/11 ਤੋਂ ਬਾਅਦ ਵਧ ਗਏ ਸਨ। ਸਿੱਖ ਰਿਲੀਜੀਅਸ ਸੁਸਾਇਟੀ (ਗੁਰਦੁਆਰਾ ਪੈਲਾਟਾਈਨ) ਦੇ ਸਾਬਕਾ ਪ੍ਰਧਾਨ ਡਾ. ਪ੍ਰਦੀਪ ਸਿੰਘ ਗਿੱਲ ਅਤੇ ਅਮਰਦੇਵ ਸਿੰਘ ਬੰਦੇਸ਼ਾ ਤੇ ਸਰਵਣ ਸਿੰਘ ਬੋਲੀਨਾ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਅਪਰੈਲ ਮਹੀਨੇ ਦੀ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਹੈ। ਸਿੱਖ ਜਾਗਰੂਕਤਾ ਮਹੀਨੇ ਦੇ ਬਹੁਤ ਮਹੱਤਵਪੂਰਨ ਨਾਮਕਰਨ ਨੂੰ ਕਾਨੂੰਨੀ ਰੂਪ ਦੇਣਾ ਗਵਰਨਰ ਪ੍ਰਿਟਜ਼ਕਰ ਦੀ ਇਹ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਇਲੀਨਾਏ ਸਟੇਟ ਵਿੱਚ ਸਿੱਖ ਸਾਡੇ ਵਧ ਰਹੇ ਸਮਾਜ ਦਾ ਇੱਕ ਅਹਿਮ ਅਤੇ ਕੀਮਤੀ ਹਿੱਸਾ ਹਨ।