ਖਿਡਾਰੀ ਪੰਜ-ਆਬ ਦੇ (40)
ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ‘ਖਿਡਾਰੀ ਪੰਜ-ਆਬ ਦੇ’ ਕਾਲਮ ਰਾਹੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਖੇਡ ਕਰੀਅਰ ਉਤੇ ਝਾਤ ਪਾਈ ਜਾ ਰਹੀ ਹੈ। ਪੰਜਾਬ ਦੀਆਂ ਖੇਡਾਂ ਵਿੱਚ ਜੇ ਕਬੱਡੀ ਦਾ ਜ਼ਿਕਰ ਨਾ ਹੋਵੇ ਤਾਂ ਗੱਲ ਅਧੂਰੀ ਅਧੂਰੀ ਲੱਗਦੀ ਹੈ। ਕਬੱਡੀ ਖੇਡ ਜਗਤ ਵਿੱਚ ਕਈ ਨਾਮੀ ਖਿਡਾਰੀ ਹੋਏ ਹਨ ਅਤੇ ਹੈਨ ਵੀ। ਹਥਲੇ ਲੇਖ ਵਿੱਚ ਕਬੱਡੀ ਦੇ ਧੱਕੜ ਖਿਡਾਰੀ ਰਹੇ ਹਰਜੀਤ ਬਾਜਾਖਾਨਾ ਦੇ ਖੇਡ ਜੀਵਨ ਬਾਰੇ ਸੰਖੇਪ ਵੇਰਵਾ ਹੈ। ਕਬੱਡੀ ਖੇਡ ਵਿੱਚ ਤਕੜਾ ਅਤੇ ਦਰਸ਼ਨੀ ਸਰੀਰ ਬਣਾਉਣ ਦਾ ਰੁਝਾਨ ਉਸ ਤੋਂ ਬਾਅਦ ਵਧਿਆ। ਹਰਜੀਤ ਦੀ ਹਰਮਨਪਿਆਰਤਾ ਦੇਖੋ, ਦੇਹਾਂਤ ਪਿੱਛੋਂ ਉਸ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਇੱਕ ਥਾਂ ਜਾਂ ਪਿੰਡ ਵਿੱਚ ਨਹੀਂ, ਸਗੋਂ ਪਿੰਡ-ਪਿੰਡ ਹੋਈ ਸੀ। ਬਾਜਾਖਾਨਾ ਪਿੰਡ ਤੋਂ ਉਠ ਕੇ ਕੁੱਲ ਦੁਨੀਆਂ ਵਿੱਚ ਆਪਣੀ ਖੇਡ ਦੀ ਧਾਕ ਜਮਾਉਣ ਵਾਲੇ ਹਰਜੀਤ ਦੀ ਯਾਦ ਵਿੱਚ ਅੱਜ ਵੀ ਕਬੱਡੀ ਕੱਪ ਹੁੰਦੇ ਹਨ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੇ ਧੱਕੜ ਧਾਵੀ ਹਰਜੀਤ ਸਿੰਘ ਬਾਜਾਖਾਨਾ ਬਿਨਾ ਕਬੱਡੀ ਖੇਡ ਦਾ ਜ਼ਿਕਰ ਅਧੂਰਾ ਹੈ। ਅੱਜ ਤੋਂ 27 ਵਰ੍ਹੇ ਪਹਿਲਾਂ 27 ਵਰਿ੍ਹਆਂ ਦੀ ਉਮਰੇ ਹਰਜੀਤ ਆਪਣੇ ਸਾਥੀ ਖਿਡਾਰੀਆਂ- ਤਲਵਾਰ ਕਾਉਂਕੇ, ਕੇਵਲ ਲੋਪੋਂ ਤੇ ਕੇਵਲ ਸੇਖਾ ਨਾਲ 16 ਅਪਰੈਲ 1998 ਵਿੱਚ ਮੋਰਿੰਡ-ਖਰੜ ਵਿਚਾਲੇ ਘੜੂੰਆ ਪਿੰਡ ਕੋਲ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਿਆ ਸੀ। ਇਸ ਦਿਲ ਕੰਬਾਊ ਤੇ ਦਰਦਨਾਕ ਹਾਦਸੇ ਵਿੱਚ ਕਬੱਡੀ ਦਾ ਚੜ੍ਹਦਾ ਸੂਰਜ ਸਿਖਰ ਦੁਪਹਿਰੇ ਹੀ ਡੁੱਬ ਗਿਆ ਸੀ, ਜਿਸ ਨਾਲ ਸਮੁੱਚਾ ਖੇਡ ਜਗਤ ਸੁੰਨ ਹੋ ਗਿਆ ਸੀ।
ਬਾਜਾਖਾਨਾ ਪਿੰਡ ਤੋਂ ਉਠ ਕੇ ਕੁੱਲ ਦੁਨੀਆਂ ਵਿੱਚ ਆਪਣੀ ਖੇਡ ਦੀ ਧਾਕ ਜਮਾਉਣ ਵਾਲੇ ਹਰਜੀਤ ਦੀ ਯਾਦ ਵਿੱਚ ਅੱਜ ਵੀ ਕਬੱਡੀ ਕੱਪ ਹੁੰਦੇ ਹਨ। ਉਸ ਦੇ ਨਾਮ ਉਤੇ ਉਭਰਦੇ ਖਿਡਾਰੀਆਂ ਨੂੰ ਐਵਾਰਡ ਦਿੱਤੇ ਜਾਂਦੇ ਹਨ। ਬਾਜਾਖਾਨਾ ਵਿਖੇ ਹਰਜੀਤ ਦੇ ਨਾਮ ਉਤੇ ਰੱਖੇ ਸਰਕਾਰੀ ਸਕੂਲ ਦੇ ਨਾਲ ਉਸ ਦੀ ਯਾਦਗਾਰ ਬਣਾਈ ਗਈ ਹੈ, ਜਿੱਥੇ ਹਰਜੀਤ ਦੇ ਦੋ ਬੁੱਤ, ਤਸਵੀਰਾਂ, ਪੇਂਟਿੰਗ, ਜੀਵਨ ਵੇਰਵਾ ਅਤੇ ਉਸ ਵੱਲੋਂ ਜਿੱਤੀਆਂ ਟਰਾਫੀਆਂ ਤੇ ਕੱਪ ਰੱਖੇ ਗਏ ਹਨ। ਹਰਜੀਤ ਕਬੱਡੀ ਖੇਡ ਵਿੱਚ ਸਦਾ ਲਈ ਅਮਰ ਹੋ ਗਿਆ। ਜਦੋਂ ਹਰਜੀਤ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋਇਆ ਸੀ ਤਾਂ ਉਸ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਇੱਕ ਥਾਂ ਜਾਂ ਪਿੰਡ ਵਿੱਚ ਨਹੀਂ, ਸਗੋਂ ਪਿੰਡ-ਪਿੰਡ ਹੋਈ ਸੀ। ਬਹੁਤ ਥਾਂਵਾਂ ਉਤੇ ਹਰਜੀਤ ਬਾਜਾਖਾਨਾ ਨਮਿੱਤ ਅੰਤਿਮ ਅਰਦਾਸ ਹੋਈ।
ਹਰਜੀਤ ਦਾ ਜਨਮ 5 ਦਸੰਬਰ 1971 ਨੂੰ ਬਾਜਾਖਾਨਾ ਵਿਖੇ ਪੁਲਿਸ ਇੰਸਪੈਕਟਰ ਬਖਸ਼ੀਸ਼ ਸਿੰਘ ਬਰਾੜ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ। ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋ ਛੋਟਾ ਸੀ। ਇੱਕ ਭਰਾ ਸਰਬਜੀਤ ਸਿੰਘ ਪਹਿਲਾਂ ਹੀ ਇਸ ਜਹਾਨੋਂ ਤੁਰ ਗਿਆ ਸੀ। ਬਾਜਾਖਾਨਾ ਵਿਖੇ ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਹਰਜੀਤ ਨੇ ਮੱਘਰ ਸਿੰਘ ਡੀ.ਪੀ.ਈ. ਤੋਂ ਕਬੱਡੀ ਦੇ ਮੁਢਲੇ ਗੁਰ ਸਿੱਖੇ। ਇਸ ਦੌਰਾਨ ਉਹ ਪਹਿਲੀ ਵਾਰ ਗੁਹਾਟੀ ਵਿਖੇ ਜੂਨੀਅਰ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਗਿਆ। ਪਿੰਡ ਤੋਂ ਮੈਟ੍ਰਿਕ ਕਰਨ ਤੋਂ ਬਾਅਦ ਹਰਜੀਤ ਨੇ ਅਗਲੇਰੀ ਪੜ੍ਹਾਈ ਲਈ ਸਪੋਰਟਸ ਸਕੂਲ ਜਲੰਧਰ ਵਿਖੇ ਦਾਖਲਾ ਲੈ ਲਿਆ, ਜਿੱਥੇ ਪ੍ਰਸਿੱਧ ਕੋਚ ਅਜੀਤ ਸਿੰਘ ਮਾਲੜੀ ਦੀ ਦੇਖ-ਰੇਖ ਹੇਠ ਉਸ ਦੀ ਖੇਡ ਵਿੱਚ ਹੋਰ ਵੀ ਨਿਖਾਰ ਆਇਆ।
ਛੈਲ-ਛਬੀਲਾ ਗੱਭਰੂ ਹਰਜੀਤ ਨਰੋਏ ਜੁੱਸੇ ਦਾ ਮਾਲਕ ਹੋਣ ਕਾਰਨ ਕਬੱਡੀ ਤੋਂ ਪਹਿਲਾਂ ਸ਼ਾਟਪੁੱਟ ਥਰੋਅ ਸੁੱਟਦਾ ਰਿਹਾ ਅਤੇ ਕੁਸ਼ਤੀ ਅਖਾੜੇ ਵਿੱਚ ਘੁਲਦਾ ਰਿਹਾ। ਉਹ ਪੰਜਾਬ ਸਕੂਲ ਖੇਡਾਂ ਵਿੱਚ ਕੁਸ਼ਤੀ ਚੈਂਪੀਅਨ ਵੀ ਰਿਹਾ। ਇਸ ਤੋਂ ਬਾਅਦ ਉਹ ਕੁਲਵਕਤੀ ਕਬੱਡੀ ਖੇਡ ਨੂੰ ਸਮਰਪਿਤ ਹੋ ਗਿਆ। ਰੋਜ਼ਾਨਾ ਸਵੇਰੇ-ਸ਼ਾਮ ਦੋ-ਢਾਈ ਘੰਟੇ ਵਰਜ਼ਿਸ਼ ਕਰਨੀ। ਉਹ ਦੌੜਾਂ ਵੀ ਦੌੜਦਾ, ਭਾਰ ਚੁੱਕਦਾ ਅਤੇ ਡੰਡ-ਬੈਠਕਾਂ ਲਾਉਂਦਾ। ਸਖਤ ਮਿਹਨਤ ਨੇ ਉਸ ਦਾ ਸਰੀਰ ਦਰਸ਼ਨੀ ਬਣਾ ਦਿੱਤਾ। ਸ਼ੁਰੂਆਤੀ ਦੌਰ ਵਿੱਚ ਉਹ ਚੰਗਾ ਜਾਫੀ ਬਣਨਾ ਚਾਹੁੰਦਾ ਸੀ। ਮੁੱਢਲੇ ਸਮੇਂ ਵਿੱਚ ਪਿੰਡ ਗਾਜੀਆਣਾ ਵਿਖੇ ਕਾਲੇ ਦੇ ਕੋਲ ਰਹਿ ਕੇ ਹਰਜੀਤ ਪ੍ਰੈਕਟਿਸ ਵੀ ਕਰਦਾ ਰਿਹਾ। ਹੁੰਦੜਹੇਲ ਹਰਜੀਤ ਦਾ ਕੱਦ ਛੇ ਫੁੱਟ ਅਤੇ ਭਾਰ ਕੁਇੰਟਲ ਤੋਂ ਵੱਧ ਸੀ। ਗੁੰਦਵੇਂ ਸਰੀਰ ਦੇ ਮਾਲਕ ਹਰਜੀਤ ਦੇ ਪੱਟਾਂ ’ਤੇ ਘੁੱਗੀਆਂ ਅਤੇ ਡੌਲੇ ਉਤੇ ਗਠਲੀਆਂ ਪੈਂਦੀਆਂ ਸਨ। ਕਬੱਡੀ ਖੇਡ ਵਿੱਚ ਤਕੜਾ ਅਤੇ ਦਰਸ਼ਨੀ ਸਰੀਰ ਬਣਾਉਣ ਦਾ ਰੁਝਾਨ ਉਸ ਤੋਂ ਬਾਅਦ ਵਧਿਆ। ਹਰਜੀਤ ਸੁਭਾਅ ਦਾ ਚੰਗਾ ਅਤੇ ਹੱਸ ਕੇ ਕਬੱਡੀ ਪਾਉਣ ਲਈ ਜਾਣਿਆ ਜਾਂਦਾ ਸੀ। ਉਸ ਨੇ ਮਾੜੇ ਖਿਡਾਰੀ ਨਾਲ ਕਿਤੇ ਧੱਕਾ ਨਹੀਂ ਕੀਤਾ।
ਹਰਜੀਤ ਦਾ ਰੇਡ ਪਾਉਣ ਦਾ ਦਿਲਕਸ਼ ਤੇ ਖਿੱਚਵਾਂ ਸਟਾਈਲ ਸੀ, ਜੋ ਧਰਤੀ ਨੂੰ ਮੱਥਾ ਟੇਕ ਕੇ ਉਪਰ ਅਸਮਾਨ ਵੱਲ ਸਿਰ ਕਰ ਕੇ ਰੇਡ ਦੀ ਸ਼ੁਰੂਆਤ ਕਰਦਾ ਸੀ। ਉਹ ਭੱਜ ਕੇ ਜਾਣ ਤੋਂ ਬਾਅਦ ਜਾਫੀਆਂ ਕੋਲ ਹੌਲੀ-ਹੌਲੀ ਬੋਚ ਕੇ ਪੱਬ ਧਰਦਾ ਹੋਇਆ ਦੋਵੇਂ ਬਾਹਾਂ ਉਪਰ ਨੂੰ ਖਿਲਾਰ ਕੇ ਇਕਦਮ ਜਾਫੀਆਂ ਉਤੇ ਹੱਥ ਨਾਲ ਝਪਟ ਮਾਰਦਾ। ਕਈ ਵਾਰ ਤਾਂ ਉਹ ਜਾਫੀ ਨੂੰ ਛਾਤੀ ਉਤੇ ਹੀ ਆਪਣੇ ਮਣਾਂ ਮੂੰਹੀ ਜ਼ੋਰ ਨਾਲ ਪਿੱਛੇ ਧੱਕ ਕੇ ਵਾਪਸ ਪੁਆਇੰਟ ਲੈ ਕੇ ਮੁੜ ਆਉਂਦਾ। ਉਹ ਜ਼ਿਆਦਾ ਖੁਸ਼ੀ ਵਿੱਚ ਵਾਰੋ-ਵਾਰੀ ਲੱਤਾਂ ਚੁੱਕਦਾ ਹੋਇਆ ਉਪਰ ਨੂੰ ਹੱਥ ਕਰ ਕੇ ਭੰਗੜਾ ਵੀ ਪਾਉਂਦਾ। ਬਹੁਤ ਹੀ ਘੱਟ ਮੌਕਾ ਹੁੰਦਾ, ਜਦੋਂ ਉਸ ਨੂੰ ਜਾਫੀ ਕੋਲੋਂ ਪੁਆਇੰਟ ਲੈਣ ਲਈ ਸੰਘਰਸ਼ ਕਰਨਾ ਪੈਂਦਾ। ਕਈ ਵਾਰ ਤਾਂ ਉਹ ਪੂਰਾ ਮੈਚ ਆਪਣੇ ਪਿੰਡੇ ਨੂੰ ਬਿਨਾਂ ਮਿੱਟੀ ਲੁਆਏ ਗਰਾਊਂਡ ਤੋਂ ਬਾਹਰ ਆ ਜਾਂਦਾ।
ਹਰਜੀਤ ਨੇ ਬਾਜਾਖਾਨਾ ਤੋਂ ਆਪਣਾ ਖੇਡ ਕਰੀਅਰ ਸ਼ੁਰੂ ਕਰਕੇ ਫੇਰ ਮੋਗਾ, ਪੈਪਸੂ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਖੇਡਦਿਆਂ ਭਾਰਤ ਦੀ ਵੀ ਨੁਮਾਇੰਦਗੀ ਕੀਤੀ। ਉਹ ਪੰਜ ਸਾਲ ਪੰਜਾਬ ਪੁਲਿਸ ਵੱਲੋਂ ਖੇਡਦਾ ਰਿਹਾ। ਦੇਸ਼ ਅਤੇ ਵਿਦੇਸ਼ ਦੇ ਨਾਮੀਂ ਟੂਰਨਾਮੈਂਟਾਂ ਵਿੱਚ ਉਹ ਸਰਵੋਤਮ ਧਾਵੀ ਬਣਦਾ ਰਿਹਾ, ਜਿਨ੍ਹਾਂ ਵਿੱਚ ਪੁਰੇਵਾਲ ਖੇਡਾਂ, ਸੁੱਖੀ ਯਾਦਗਾਰੀ ਨਾਭਾ, ਕਿਲਾ ਰਾਏਪੁਰ ਖੇਡਾਂ, ਗੁੱਜਰਵਾਲ, ਕਮਾਲਪੁਰਾ ਦੀਆਂ ਖੇਡਾਂ, ਬਾਬਾ ਫਰੀਦ ਗੋਲਡ ਕੱਪ ਫਰੀਦਕੋਟ ਆਦਿ ਪ੍ਰਮੁੱਖ ਸਨ। ਭਾਰਤ ਤੋਂ ਬਾਹਰ ਉਸ ਨੇ ਇੰਗਲੈਂਡ, ਪਾਕਿਸਤਾਨ, ਕੈਨੇਡਾ ਤੇ ਅਮਰੀਕਾ ਦੀ ਧਰਤੀ ਉਤੇ ਵੀ ਆਪਣੀ ਜਿੱਤ ਦੇ ਝੰਡੇ ਗੱਡੇ।
ਗੱਲ ਨੱਬਵਿਆਂ ਦੇ ਸ਼ੁਰੂ ਦੀ ਹੈ। ਗਾਲਿਬ ਦੇ ਟੂਰਨਾਮੈਂਟ ਦਾ ਫ਼ਾਈਨਲ ਰੱਜੀਵਾਲ ਤੇ ਭਿੰਡਰ ਕਲਾਂ ਵਿਚਾਲੇ ਖੇਡਿਆ ਗਿਆ। ਫ਼ਾਈਨਲ ਬਹੁਤ ਹੀ ਫਸਵਾਂ ਸੀ ਅਤੇ ਆਖਰੀ ਰੇਡ ਤੱਕ ਸਕੋਰ ਬਰਾਬਰ ਚੱਲ ਰਿਹਾ ਸੀ, ਜਿਸ ਕਾਰਨ ਆਖਰੀ ਰੇਡ ਉਤੇ ਮੈਚ ਅਤੇ ਟੂਰਨਾਮੈਂਟ ਦੇ ਕੱਪ ਦਾ ਫੈਸਲਾ ਹੋਣਾ ਸੀ। ਆਖਰੀ ਰੇਡ ਰੱਜੀਵਾਲ ਤਰਫੋਂ ਹਰਜੀਤ ਬਾਜਾਖਾਨਾ ਪਾ ਰਿਹਾ ਸੀ। ਉਸ ਵੇਲੇ ਕਬੱਡੀ ਸਾਹ ਨਾਲ ਪਾਈ ਜਾਂਦੀ ਸੀ, ਜਦੋਂ ਰੇਡਰ ਨੇ ‘ਕਬੱਡੀ, ਕਬੱਡੀ…’ ਬੋਲਣਾ ਹੁੰਦਾ ਸੀ। ਅੱਜ ਦੇ ਸਮੇਂ ਵਾਂਗ 30 ਸਕਿੰਟ ਦੀ ਕਬੱਡੀ ਨਹੀਂ ਹੁੰਦੀ ਸੀ। ਮੈਚ ਦੀ ਰੈਫਰੀ ਕਰ ਰਹੇ ਪ੍ਰਿੰਸੀਪਲ ਸਰਵਣ ਸਿੰਘ ਨੇ ਰੇਡ ਤੋਂ ਪਹਿਲਾਂ ਹਰਜੀਤ ਨੂੰ ਚਿਤਾਵਨੀ ਦਿੰਦਿਆਂ ਆਖਿਆ ਸੀ ਕਿ ਉਚੀ ਕਬੱਡੀ ਕਬੱਡੀ ਬੋਲ ਕੇ ਰੇਡ ਪਾਉਣੀ ਹੈ ਤਾਂ ਜੋ ਦਰਸ਼ਕਾਂ ਨੂੰ ਸਾਹ ਟੁੱਟਣ ਦਾ ਕੋਈ ਵਹਿਮ ਨਾ ਰਹੇ। ਹਰਜੀਤ ਨੇ ਹੰਦਿਆਂ ਤੋਂ ਹੀ ਉਚੀ ਬੋਲ ਕੇ ਰੇਡ ਪਾਈ ਅਤੇ ਉਸ ਨੂੰ ਜੱਫਾ ਬੰਤੇ ਨੇ ਲਗਾਇਆ ਜੋ ਕਿ ਛੋਟੇ ਹੁੰਦਿਆਂ ਤੋਂ ਹਰਜੀਤ ਦਾ ਪ੍ਰੇਰਨਾ ਸ੍ਰੋਤ ਹੁੰਦਾ ਸੀ। ਹਰਜੀਤ ਨੇ ਆਪਣੇ ਦਮ ਨਾਲ ਬੰਤੇ ਨੂੰ ਖਿੱਚ ਕੇ ਲਿਜਾਂਦਿਆਂ ਹੰਦਿਆਂ ਨੂੰ ਹੱਥ ਲਗਾ ਕੇ ਜੇਤੂ ਅੰਕ ਬਟੋਰਿਆ। ਉਸ ਰੇਡ ਤੋਂ ਬਾਅਦ ਹਰਜੀਤ ਦੀ ਗੁੱਡੀ ਚੜ੍ਹ ਗਈ। ਉਸ ਸਮੇਂ ਕਰੀਬ 40-45 ਸਕਿੰਟ ਰੇਡ ਚੱਲੀ ਜਿਸ ਤੋਂ ਬਾਅਦ ਕਬੱਡੀ ਦੀ ਰੇਡ ਦਾ ਸਮਾਂ ਨਿਰਧਾਰਤ ਕਰਨ ਦੀ ਮੰਗ ਉਠੀ।
1995 ਵਿੱਚ ਕੈਨੇਡਾ ਵਿਖੇ ਕਬੱਡੀ ਕੱਪ ਹੋਇਆ। ਪਹਿਲੀ ਵਾਰ ਮੈਟ ਉਤੇ ਕਬੱਡੀ ਦਾ ਮੈਚ ਖੇਡਿਆ ਗਿਆ ਸੀ। ਮੈਚ ਵੀ ਇੰਡੋਰ ਹਾਲ ਵਿੱਚ ਹੋਇਆ। 14000 ਦਰਸ਼ਕਾਂ ਸਾਹਮਣੇ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਇਸ ਮੈਚ ਨੂੰ ਕਬੱਡੀ ਦੇ ਸਰਵੋਤਮ ਮੈਚਾਂ ਵਿੱਚ ਗਿਣਿਆ ਜਾਂਦਾ ਹੈ। ਇਸੇ ਸਾਲ ਅਗਸਤ ਮਹੀਨੇ ਵੈਨਕੂਵਰ ਵਿਖੇ ਪਾਕਿਸਤਾਨ ਖਿਲਾਫ ਖੇਡੇ ਮੈਚ ਵਿੱਚ ਭਾਰਤ ਤਰਫੋਂ ਰੇਡਰਾਂ ਦੀ ਲਾਈਨ ਵਿੱਚ ਹਰਜੀਤ, ਫਿੱਡੂ, ਸੱਬਾ ਤੇ ਗਾਂਧੀ ਸੀ। ਉਸ ਵੇਲੇ ਪਾਕਿਸਤਾਨੀ ਖੇਡ ਪੋ੍ਰਮੋਟਰਾਂ ਨੇ ਐਲਾਨ ਕੀਤਾ ਕਿ ਜਿਹੜਾ ਵੀ ਪਾਕਿਸਤਾਨੀ ਜਾਫੀ ਭਾਰਤੀ ਰੇਡਰਾਂ ਨੂੰ ਡੱਕੇਗਾ, ਉਸ ਨੂੰ ਪਾਕਿਸਤਾਨੀ ਕਰੰਸੀ ਵਿੱਚ ਇਕ ਲੱਖ ਰੁਪਿਆ ਦਿੱਤਾ ਜਾਵੇਗਾ। ਕੋਈ ਵੀ ਜਾਫੀ ਕਿਸੇ ਵੀ ਰੇਡਰ ਨੂੰ ਜੱਫਾ ਨਾ ਲਾ ਸਕਿਆ। ਹਰਜੀਤ ਇਨ੍ਹਾਂ ਰੇਡਰਾਂ ਵਿੱਚੋਂ ਸਭ ਤੋਂ ਮੋਹਰੀ ਸੀ। ਹਰਜੀਤ ਦੀ ਪੂਰੀ ਦੁਨੀਆਂ ਵਿੱਚ ਗੁੱਡੀ ਚੜ੍ਹ ਗਈ।
ਹਰਜੀਤ ਨੇ ਆਪਣਾ ਆਖਰੀ ਮੁਕਾਬਲਾ ਅਪਰੈਲ 1998 ਵਿੱਚ ਪੰਜਾਬ ਵਿਖੇ ਹੋਏ ਭਾਰਤ-ਪਾਕਿਸਤਾਨ ਦੀ ਲੜੀ ਵਿੱਚ ਖੇਡਿਆ ਸੀ। ਫਰੀਦਕੋਟ ਵਿਖੇ ਉਸ ਨੇ ਆਪਣਾ ਆਖਰੀ ਮੈਚ ਖੇਡਿਆ ਸੀ, ਜਿਸ ਮੈਚ ਦੌਰਾਨ ਉਸ ਦਾ ਗੁੱਟ ਉਤਰ ਗਿਆ ਸੀ। ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਹੋਏ ਭਾਰਤ-ਪਾਕਿਸਤਾਨ ਮੈਚ ਦੌਰਾਨ ਗੁੱਟ ਉਤੇ ਪਲੱਸਤਰ ਲੱਗਿਆ ਹੋਣ ਕਰਕੇ ਹਰਜੀਤ ਖੇਡ ਨਹੀਂ ਸਕਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਹਰਜੀਤ ਸੜਕ ਹਾਦਸੇ ਵਿੱਚ ਅਲਵਿਦਾ ਆਖ ਗਿਆ। ਹਰਜੀਤ ਦਾ ਵਿਆਹ ਕੈਨੇਡਾ ਵਸਦੀ ਖੋਜੇਵਾਲਾ ਦੀ ਰਹਿਣ ਵਾਲੀ ਨਰਿੰਦਰਜੀਤ ਕੌਰ ਨਾਲ ਹੋਇਆ ਸੀ। ਜਦੋਂ ਉਸ ਦਾ ਦੇਹਾਂਤ ਹੋਇਆ ਤਾਂ ਉਸ ਦੀ ਬੇਟੀ ਗਗਨ ਕੁਝ ਦਿਨਾਂ ਦੀ ਸੀ। ਹਰਜੀਤ ਦੀ ਯਾਦ ਵਿੱਚ ਹਰ ਸਾਲ ਬਾਜਾਖਾਨਾ ਵਿਖੇ 1 ਤੋਂ 3 ਦਸੰਬਰ ਤੱਕ ਕਬੱਡੀ ਕੱਪ ਹੁੰਦਾ ਹੈ। ਪੰਜਾਬ ਤੋਂ ਦਿੱਲੀ ਤੱਕ ਸ਼ਾਇਦ ਹੀ ਕੋਈ ਅਜਿਹਾ ਢਾਬਾ ਹੋਵੇ, ਜਿੱਥੇ ਹਰਜੀਤ ਦਾ ਪੋਸਟਰ ਨਾ ਲੱਗਿਆ ਹੋਵੇ। ਉਸ ਉਪਰ ਅਨੇਕਾਂ ਗੀਤ ਲਿਖੇ ਗਏ ਅਤੇ ਕਈ ਗਾਇਕਾਂ ਨੇ ਗਾਇਆ। ਹਰਜੀਤ ਦਾ ਨਾਮ ਕਬੱਡੀ ਖੇਡ ਵਿੱਚ ਰਹਿੰਦੀ ਦੁਨੀਆਂ ਤੱਕ ਲਿਆ ਜਾਂਦਾ ਰਹੇਗਾ।