ਮੁਹੰਮਦ ਹਨੀਫ਼
ਸੀਨੀਅਰ ਪੱਤਰਕਾਰ ਅਤੇ ਲੇਖਕ
ਜੰਗ ਦੇ ਨੁਕਸਾਨ ਤਾਂ ਬੜੇ ਨੇ, ਪਰ ਜੰਗ ਦਾ ਇੱਕ ਛੋਟਾ ਜਿਹਾ ਫ਼ਾਇਦਾ ਵੀ ਹੈ। ਨੁਕਸਾਨ ਸਾਨੂੰ ਸਾਰਿਆਂ ਨੂੰ ਪਤਾ ਹੈ! ਫ਼ੌਜੀ ਤਾਂ ਫ਼ੌਜ ਵਿੱਚ ਭਰਤੀ ਹੀ ਜੰਗ ਲੜਨ ਲਈ ਹੁੰਦੇ ਨੇ, ਪਰ ਜਦੋਂ ਜੰਗ ਹੋਵੇ ਉਹਦੇ ਵਿੱਚ ਆਮ ਨਾਗਰਿਕ ਵੀ ਮਾਰੇ ਜਾਂਦੇ ਨੇ। ਆਟੇ-ਦਾਲ ਦਾ ਭਾਅ ਵੱਧ ਜਾਂਦਾ ਹੈ, ਕਈ ਵਿਚਾਰੇ ਘਰੋਂ ਬੇਘਰ ਹੋ ਜਾਂਦੇ ਨੇ, ਪਰ ਜੰਗ ਦੇ ਇਸ ਮਾਹੌਲ ਵਿੱਚ ਜੰਗ ਦੇ ਖ਼ਿਲਾਫ਼ ਖੜ੍ਹਨ ਵਾਲਾ ਬੰਦਾ ਆਪਣੇ ਆਪ ਨੂੰ ਗੱਦਾਰ ਹੀ ਕਹਾਉਂਦਾ ਹੈ। ਇਸ ਲਈ ਅਸੀਂ ਵੀ ਕਹਿ ਦਿੰਦੇ ਹਾਂ, “ਜੰਗ ਹੂਈ ਤੋਂ ਹਮ ਆਪਣੀ ਜ਼ਮੀਨ ਕੇ ਚੱਪੇ-ਚੱਪੇ ਕੀ ਹਿਫ਼ਾਜ਼ਤ ਕਰੇਂਗੇ।”
ਪਾਕਿਸਤਾਨ ਵਿੱਚ ਹਕੂਮਤ ਕੋਈ ਵੀ ਹੋਵੇ, ਵਜ਼ੀਰ-ਏ-ਆਜ਼ਮ ਦਾ ਨਾਮ ਕੋਈ ਵੀ ਹੋਵੇ, ਵਜ਼ੀਰ-ਏ-ਦਿਫ਼ਾ (ਰੱਖਿਆ ਮੰਤਰੀ) ਕੋਈ ਵੀ ਹੋਵੇ, ਪਰ ਅਸਲੀ ਸਰਕਾਰ ਅੱਜ-ਕੱਲ੍ਹ ਵਰਦੀ ਵਾਲਿਆਂ ਦੀ ਹੈ। ਤੇ ਪਾਕਿਸਤਾਨ ਦੀ ਵਰਦੀ ਵਾਲੀ ਸਰਕਾਰ ਨੂੰ ਜਿਹੜੇ ਪਿਆਰ ਦੀ ਆਦਤ ਸੀ, ਉਹ ਥੋੜ੍ਹਾ ਜਿਹਾ ਘੱਟ ਹੋਇਆ ਸੀ; ਉਦੋਂ ਦਾ, ਜਦੋਂ ਦਾ ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਹਕੂਮਤੋਂ ਕੱਢਿਆ ਹੈ ਤੇ ਜੇਲ੍ਹ ਪਾਇਆ ਹੈ। ਖ਼ਾਸ ਤੌਰ ‘ਤੇ ਪੰਜਾਬ ਵਿੱਚ ਜਿੱਥੇ ਫ਼ੌਜ ਨੂੰ ਪਿਆਰ ਹੀ ਪਿਆਰ ਮਿਲ ਰਿਹਾ ਸੀ, ਉਹ ਐਸੀ ਜਗ੍ਹਾ ਹੈ ਜਿੱਥੇ ਲੋਕ ਕਹਿੰਦੇ ਸਨ, “ਮੇਰਿਆ ਢੋਲ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ।”
ਹੁਣ ਲੋਕ ਖੱਲੇ ਵਿਖਾਉਣ ਲੱਗੇ ਪਏ ਸਨ। ਜਿੱਥੇ ਗਾਣਾ ਵਜਦਾ ਸੀ, ‘ਮੇਰਾ ਮਾਹੀ ਸ਼ੈਲ-ਛਬੀਲਾ… ਹਾਏ ਨੀ ਕਰਨੈਲ ਨੀ ਜਰਨੈਲ ਨੀ’, ਉੱਥੇ ਲੋਕ ਇਹ ਕਹਿਣ ਲੱਗ ਪਏ ਸਨ, ਬਈ ਇਹ ਅਸੀਂ ਕਿਹੜੇ ਕਬਜ਼ਾ ਗਰੁੱਪ ਦੇ ਵਸ ਪੈ ਗਏ ਹਾਂ। ਫ਼ੌਜ ਨੂੰ ਦਿਲੋਂ ਪਿਆਰ ਕਰਨ ਵਾਲੇ ਪੰਜਾਬੀ ਇਹ ਕਹਿੰਦੇ ਫ਼ਿਰਦੇ ਸਨ, “ਮੁਝਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨਾ ਮਾਂਗ…।”
ਫ਼ਿਰ ਹੋਇਆ ਪਹਿਲਗਾਮ ਹਮਲਾ। ਮਰੇ ਬੇਚਾਰੇ ਭਾਰਤੀ ਟੂਰਿਸਟ, ਸ਼ਾਮਤ ਆਈ ਕਸ਼ਮੀਰੀਆਂ ਦੀ…। ਟੀਵੀ ਐਂਕਰਾਂ ਨੇ ਆਪੋ-ਆਪਣੇ ਸਟੂਡੀਓਜ਼ ਵਿੱਚ ਮੋਰਚੇ ਬੰਨ੍ਹ ਲਏ। ਕਈ ਪਾਕਿਸਤਾਨੀਆਂ ਨੂੰ ਫ਼ੌਜ ਦਾ ਪਿਆਰ ਦੁਬਾਰਾ ਯਾਦ ਆਇਆ, ਜਿਵੇਂ ਕਦੀ ਕਦੀ ਵਿਛੜੇ ਸੱਜਣ ਦੀ ਯਾਦ ਆਉਂਦੀ ਹੈ। ਇਹਨੂੰ ਧਰਤੀ ਦਾ ਪਿਆਰ ਕਹਿ ਲਓ ਜਾਂ ਮਜਬੂਰੀ, ਕਿਉਂਕਿ ਜੇ ਇੰਡੀਆ ਨੇ ਹਮਲਾ ਕੀਤਾ, ਜੰਗ ਤਾਂ ਫ਼ੌਜੀਆਂ ਨੇ ਹੀ ਲੜਨੀ ਹੈ! ਟੈਂਕ ਵੀ ਉਨ੍ਹਾਂ ਕੋਲ, ਮਿਜ਼ਾਈਲ, ਲੜਾਕੂ ਜਹਾਜ਼, ਵੱਡਾ ਬੰਬ- ਸਭ ਉਨ੍ਹਾਂ ਕੋਲ ਹੈ। ਬਲਕਿ ਜੰਗੀ ਤਰਾਨੇ ਵੀ ਉਹ ਆਪ ਹੀ ਬਣਵਾ ਲੈਂਦੇ ਨੇ। ਪਾਕਿਸਤਾਨੀ ਹੁਣ ਜੇ ਫ਼ੌਜ ਦੇ ਪਿੱਛੇ ਨਾ ਖੜਨ ਤਾਂ ਕਿਹਦੀ ਮਾਂ ਨੂੰ ਮਾਸੀ ਕਹਿਣ!
ਵੱਡੀ ਜੰਗ ਦਾ ਇੱਕ ਇਹ ਵੀ ਫ਼ਾਇਦਾ ਹੁੰਦਾ ਹੈ ਕਿ ਸਾਡੀਆਂ ਛੋਟੀਆਂ-ਛੋਟੀਆਂ ਜੰਗਾਂ ਲੁਕ ਜਾਂਦੀਆਂ ਨੇ। ਸਿੰਧੀ ਭਰਾ ਦੋ ਹਫ਼ਤਿਆਂ ਤੋਂ ਸੜਕਾਂ ਬੰਦ ਕਰਕੇ ਬੈਠੇ ਸਨ, ਬਈ ਪੰਜਾਬ ਸਾਡਾ ਪਾਣੀ ਚੋਰੀ ਕਰਨ ਲੱਗਿਆ ਹੈ। ਹੁਣ ਹਕੂਮਤ ਉਨ੍ਹਾਂ ਨੂੰ ਦਿਖਾਉਂਦੀ ਹੈ ਕਿ ਇੰਡੀਆ ਸਾਡਾ ਸਾਰਿਆਂ ਦਾ ਹੀ ਪਾਣੀ ਚੋਰੀ ਕਰਨ ਲੱਗਿਆ ਹੈ, ਆਓ ਇਹਦੇ ਨਾਲ ਲੜੀਏ।
ਬਲੋਚ ਫ਼ਿਰਦੇ ਸਨ, ‘ਬਈ ਸਾਡੇ ਬੱਚੇ ਗਾਇਬ ਕੀਤੇ ਸਨ, ਉਹ ਵਾਪਸ ਕਰੋ।’ ਉਨ੍ਹਾਂ ਨੂੰ ਵੀ ਇਹ ਹੀ ਜਵਾਬ ਹੈ ਕਿ ਆਓ ਪਹਿਲਾਂ ਅਸੀਂ ਇੰਡੀਆ ਨਾਲ ਨਿਬੜ ਲਈਏ! ਉੱਤੋਂ ਇੱਕ ਇਮਰਾਨ ਖ਼ਾਨ ਸੀ। ਜਿਹੜਾ ਦੋ ਸਾਲਾਂ ਤੋਂ ਜੇਲ੍ਹ ਵਿੱਚ ਹੈ, ਉਸ ਨੂੰ ਭੈਣਾਂ ਨੂੰ ਵੀ ਨਹੀਂ ਮਿਲਣ ਦਿੰਦੇ। ਡੇਢ ਸੌ ਕੇਸ ਉਹਦੇ ਉੱਤੇ ਪਹਿਲਾਂ ਹੀ ਹੈ। ਜਦੋਂ ਦੀਆਂ ਜੰਗ ਦੀਆਂ ਗੱਲਾਂ ਸ਼ੁਰੂ ਹੋਈਆਂ ਹਨ, ਇਹ ਕਹਿੰਦੇ ਪਏ ਨੇ, ‘ਕਿੱਡਾ ਵਤਨ ਦੁਸ਼ਮਣ ਹੈ, ਆਪਣੇ ਜੇਲ੍ਹ ਦੇ ਸੈੱਲ ਵਿੱਚੋਂ ਇੰਡੀਆ ਨੂੰ ਕਿਉਂ ਨਹੀਂ ਲਲਕਾਰਦਾ!’ ਤੇ ਜੇ ਉਹਦੇ ਹਮਾਇਤੀ ਕਹਿੰਦੇ ਸਨ, ਪਹਿਲਾਂ ਇਹਨੂੰ ਜੇਲ੍ਹ ਤੋਂ ਕੱਢੋ ਤਾਂ ਜਵਾਬ ਆਉਂਦਾ ਸੀ, ‘ਬਈ ਦੇਖੋ ਇਹ ਤਾਂ ਹੈ ਹੀ ਗੱਦਾਰ। ਇੱਥੇ ਜੰਗ ਲੱਗਣ ਵਾਲੀ ਹੈ ਤੇ ਇਹਨੂੰ ਆਪਣੀ ਆਜ਼ਾਦੀ ਦੀ ਪਈ ਹੈ।’
ਆਖ਼ਰ ਜੇਲ੍ਹ ਵਿੱਚੋਂ ਇਮਰਾਨ ਖ਼ਾਨ ਬੋਲ ਪਿਆ, ਉਹਦੇ ਆਸ਼ਿਕ ਕਹਿੰਦੇ ਨੇ ਬਈ ਉਹਨੇ ਮੋਦੀ ਨੂੰ ਬਹੁਤ ਲਲਕਾਰਿਆ ਹੈ। ਦੇਖ ਲਓ, ਜੇ ਹੁਣ ਜੇਲ੍ਹ ਵਿੱਚ ਬੈਠਾ ਕੈਦੀ ਤੇ ਉਹਨੂੰ ਕੈਦ ਕਰਨ ਵਾਲੇ, ਇੱਕੋ ਬੋਲੀ ਬੋਲਣ ਲੱਗ ਪੈਣ ਤਾਂ ਇਸ ਜੰਗ ਦੇ ਮਾਹੌਲ ਵਿੱਚ ਅਸੀਂ ਕਿਉਂ ਗੱਦਾਰ ਕਹਾਈਏ?
ਖੈਰ! ਦੋਵੇਂ ਪਾਸੇ ਬੈਠੇ ਹੁਕਮਰਾਨਾਂ ਨੇ ਮਰਨ ਵਾਲਿਆਂ ਦੇ ਖ਼ਾਨਦਾਨ ਨੂੰ ਨਾ ਕਦੇ ਪਹਿਲਾਂ ਇਨਸਾਫ਼ ਦਵਾਇਆ ਹੈ ਤੇ ਨਾ ਹੁਣ ਦਵਾਉਣਾ ਹੈ। ਸੰਨ ਸੰਤਾਲੀ ‘ਚ ਲੜ-ਭਿੜ ਕੇ, ਲੱਖਾਂ ਬੰਦੇ ਕੋਹ ਕੇ, ਕਰੋੜਾਂ ਨੂੰ ਉਜਾੜ ਕੇ ਅਸੀਂ ਇੱਕ-ਦੂਜੇ ਤੋਂ ਜਾਨ ਛੁਡਾਈ ਸੀ। ਅਜੇ ਸਾਲ ਵੀ ਨਹੀਂ ਸੀ ਲੰਘਿਆ ਕਿ ਸੰਨ ਅੜ੍ਹਤਾਲੀ ‘ਚ ਕਸ਼ਮੀਰ ਵਾਲਾ ਯੁੱਧ ਪੈ ਗਿਆ। 1965 ‘ਚ ਫਿਰ ਲੜ੍ਹ ਪਏ। ਦੋਵਾਂ ਦੇ ਹੱਥ ਕੁਝ ਨਹੀਂ ਆਇਆ। 1971 ‘ਚ ਫਿਰ ਭਰਵੀਂ ਜੰਗ ਹੋਈ ਤੇ ਪਾਕਿਸਤਾਨ ਦੇ ਦੋ ਟੋਟੇ ਹੋ ਗਏ। ਖਿਆਲ ਸੀ ਕਿ ਹੁਣ ਠੰਢ ਪੈ ਜਾਵੇਗੀ। ਸ਼ਿਮਲਾ ਮੁਆਇਦਾ ਵੀ ਹੋ ਗਿਆ, ਕੈਦੀ ਘਰਾਂ ਨੂੰ ਵਾਪਸ ਆ ਗਏ ਅਤੇ ਲੱਗਾ ਕਿ ਦੋਵੇਂ ਗੁਆਂਢੀ ਹੁਣ ਬੰਦੇ ਦੇ ਪੁੱਤਾਂ ਦੀ ਤਰ੍ਹਾਂ ਰਹਿਣਾ ਸਿੱਖ ਲੈਣਗੇ।
ਇੰਡੀਆ ਨੇ ਐਟਮ ਬੰਬ ਬਣਾਇਆ ਤੇ ਪਾਕਿਸਤਾਨ ਨੇ ਵੀ ਬਣਾ ਲਿਆ। ਉਦੋਂ ਸੁਣੀਦਾ ਸੀ ਕਿ ਜਿਹੜੇ ਦੋ ਮੁਲਕਾਂ ਕੋਲ ਐਟਮ ਬੰਬ ਹੁੰਦਾ ਹੈ, ਉਹ ਕਦੇ ਵੀ ਇੱਕ-ਦੂਜੇ ਨਾਲ ਜੰਗ ਨਹੀਂ ਕਰਦੇ। ਪਰ, ਸਿਆਚਿਨ ਦੀਆਂ ਬਰਫਾਂ ‘ਚ ਫੌਜੀ ਮਰਵਾਏ, ਕਾਰਗਿਲ ਦੇ ਪਹਾੜ੍ਹਾਂ ਤੋਂ ਲਾਸ਼ਾਂ ਚੁੱਕੀਆਂ ਲੇਕਿਨ ਸਬਰ ਨਹੀਂ ਆਇਆ। ਬਾਰਡਰਾਂ ‘ਤੇ ਬਿਜਲੀ ਵਾਲੀਆਂ ਤਾਰਾਂ ਖਿੱਚ ਛੱਡੀਆਂ। ਕਦੇ ਕੋਈ ਆਲੂ-ਪਿਆਜ਼ ਦਾ ਧੰਦਾ ਹੁੰਦਾ ਸੀ ਤੇ ਉਹ ਵੀ ਬੰਦ। ਜਿਹੜੇ ਬਾਰਡਰ ‘ਤੇ ਕਦੇ-ਕਦੇ ਮੋਮਬੱਤੀਆਂ ਲੈ ਕੇ ਆਉਂਦੇ ਸਨ ਤੇ ਭਾਈਚਾਰੇ ਵਾਲੀ ਹਲਕੀ-ਹਲਕੀ ਢੋਲਕੀ ਵਜਾਉਂਦੇ ਸਨ, ਉਹ ਵੀ ਜਾ ਕੇ ਘਰਾਂ ਨੂੰ ਬੈਠ ਗਏ।
ਨਾਲ ਹੀ ਇੱਕ ਦੂਜੀ ਜੰਗ ਵੀ ਸ਼ੁਰੂ ਹੋ ਗਈ- ਦਹਿਸ਼ਤਗਰਦੀ ਵਾਲੀ ਜੰਗ। ਪਾਕਿਸਤਾਨ ਹੁਣ ਮੰਨਦਾ ਵੀ ਹੈ। ਵਜ਼ੀਰ-ਏ-ਦਫਾ ਨੇ ਕਿਹਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਪਹਿਲਾਂ ਗੰਦੇ ਕੰਮ ਕਰਦੇ ਹੁੰਦੇ ਸਾਂ, ਅਮਰੀਕਾ ਅਤੇ ਯੂਰਪ ਦੇ ਕਹਿਣ ‘ਤੇ; ਪਰ ਹੁਣ ਸਾਨੂੰ ਅਕਲ ਆ ਗਈ ਹੈ। ਅਸੀਂ ਇਹ ਕੰਮ ਛੱਡ ਦਿੱਤੇ ਹਨ। ਉਨ੍ਹਾਂ ਇਹ ਨਹੀਂ ਦੱਸਿਆ ਕਿ ਅਸੀਂ ਪਹਿਲਾਂ ਨਾ ਇਹ ਕੰਮ ਅਵਾਮ ਕੋਲੋਂ ਪੁੱਛ ਕੇ ਸ਼ੁਰੂ ਕੀਤੇ ਸਨ ਅਤੇ ਨਾ ਅਸੀਂ ਅਵਾਮ ਕਲੋਂ ਪੁੱਛ ਕੇ ਬੰਦ ਕੀਤੇ ਹਨ। ਇੰਡੀਆ ਕਹਿੰਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਕਦੇ ਕੀਤਾ ਹੀ ਨਹੀਂ, ਪਰ ਹੁਣ ਕਰਾਂਗੇ ਤੇ ਖੁੱਲ੍ਹ ਕੇ ਕਰਾਂਗੇ। ਉਹੀ ਪੁਰਾਣਾ ਨਾਅਰਾ ਕਿ ‘ਘੁਸ ਕੇ ਮਾਰੇਂਗੇ।’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਅਤੇ ਅੰਗਰੇਜ਼ੀ ‘ਚ ਕਿਹਾ ਹੈ ਤਾਂ ਜੋ ਪੂਰੀ ਦੁਨੀਆਂ ਸੁਣ ਸਕੇ ਕਿ ਇਸ ਵਾਰ ਤੁਹਾਡੀ ਸੋਚ ਤੋਂ ਵੀ ਅੱਗੇ ਮਾਰ ਪਵੇਗੀ।
ਦਹਿਸ਼ਤਗਰਦਾਂ ਨੇ ਮਜ਼ਹਬ ਪੁੱਛ-ਪੁੱਛ ਕੇ ਕਸ਼ਮੀਰ ‘ਚ ਟੂਰਿਸਟਾਂ ਨੂੰ ਮਾਰਿਆ ਹੈ, ਬੇਦਰਦੀ ਨਾਲ ਮਾਰਿਆ ਹੈ। ਹੁਣ ਉਸ ਦੀ ਸਜ਼ਾ ਉਨ੍ਹਾਂ ਨੂੰ ਮਿਲੇਗੀ, ਜਿਨ੍ਹਾਂ ਨੇ ਹਿੰਦੁਸਤਾਨ ਅਤੇ ਕਸ਼ਮੀਰ ਸਿਰਫ ਫਿਲਮਾਂ ‘ਚ ਵੇਖਿਆ ਹੈ। ਹਿੰਦੁਸਤਾਨ ਵਿੱਚ ਸ਼ਾਇਦ ਹੀ ਕੋਈ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਦਾ ਨਾਮ ਜਾਣਦਾ ਹੋਵੇ, ਆਰਮੀ ਚੀਫ਼ ਦਾ ਸ਼ਾਇਦ ਪਤਾ ਹੋਵੇ। ਪਾਕਿਸਤਾਨ ਵਿੱਚ ਇੰਡੀਆ ਦੇ ਆਰਮੀ ਚੀਫ਼ ਦਾ ਨਾਮ ਕੋਈ ਨਹੀਂ ਜਾਣਦਾ, ਵਜ਼ੀਰ-ਏ-ਆਜ਼ਮ ਮੋਦੀ ਦਾ ਸਭ ਨੂੰ ਪਤਾ ਹੈ।
ਦੋਵੇਂ ਪਾਸੇ ਬੈਠੇ ਹੁਕਮਰਾਨਾਂ ਨੇ ਮਰਨ ਵਾਲਿਆਂ ਦੇ ਖਾਨਦਾਨ ਨੂੰ ਨਾ ਕਦੇ ਪਹਿਲਾਂ ਇਨਸਾਫ਼ ਦਵਾਇਆ ਹੈ ਤੇ ਨਾ ਹੁਣ ਦਵਾਉਣਾ ਹੈ। ਜੰਗਾਂ, ਦਹਿਸ਼ਤਗਰਦੀਆਂ, ਘੁਸ ਕੇ ਮਾਰੇਂਗੇ ਵਰਗੇ ਨਾਅਰੇ- ਇਹ ਤਾਂ ਆਪਣੀ ਗੱਦੀ ਮਜ਼ਬੂਤ ਕਰਨ ਲਈ ਹਨ ਅਤੇ ਇਹ ਨਾਅਰੇ ਵੱਜਦੇ ਰਹਿਣਗੇ। ਪਰ ਇਹ ਨਾ ਭੁੱਲੋ ਕਿ ਜ਼ੁਲਮ ਕਸ਼ਮੀਰ ‘ਚ ਹੋਇਆ ਹੈ ਅਤੇ ਕਸ਼ਮੀਰੀਆਂ ਦੇ ਨਾਲ ਵੀ ਹੋਇਆ ਹੈ। ਉੱਥੇ ਜੇਕਰ ਕਿਸੇ ਗਰੀਬ ਦਾ ਟੂਰਿਜ਼ਮ ਨਾਲ ਰੋਟੀ-ਪਾਣੀ ਜੁੜਿਆ ਸੀ, ਉਹ ਉਹਦੇ ਤੋਂ ਵੀ ਗਿਆ।
ਪਾਕਿਸਤਾਨ ਅਤੇ ਹਿੰਦੁਸਤਾਨ ਨੇ ਕਸ਼ਮੀਰ ਨੂੰ ਕੋਈ ਖਾਨਦਾਨੀ ਜਾਇਦਾਦ ਦਾ ਝਗੜਾ ਬਣਾ ਲਿਆ ਹੈ, ਜਿਸ ‘ਚ ਨਸਲਾਂ ਇੱਕ-ਦੂਜੇ ਨੂੰ ਕੱਟਦੀਆਂ-ਵੱਢਦੀਆਂ ਰਹਿੰਦੀਆਂ ਹਨ। ਪਾਕਿਸਤਾਨ ਕਸ਼ਮੀਰ ਨੂੰ ਆਪਣੀ ਸ਼ਾਹਰਗ ਕਹਿੰਦਾ ਹੈ, ਪਰ ਕੀ ਕੋਈ ਆਪਣੀ ਸ਼ਾਹਰਗ ‘ਤੇ ਇੰਨੀ ਵਾਰੀ ਛੁਰੀ/ਚਾਕੂ ਫੇਰਦਾ ਹੈ? ਇੰਡੀਆ ਕਸ਼ਮੀਰ ਨੂੰ ਆਪਣਾ ਅਟੁੱਟ ਅੰਗ ਕਹਿੰਦਾ ਹੈ, ਪਰ ਕੀ ਕੋਈ ਆਪਣੇ ਅੰਗ ਨੂੰ ਇਸ ਤਰ੍ਹਾਂ ਟੌਰਚਰ ਚੈਂਬਰ ‘ਚ ਸੁੱਟ ਸਕਦਾ ਹੈ?
ਜਦੋਂ ਜੰਗ ਦੇ ਢੋਲ ਵੱਜਦੇ ਹਨ ਤਾਂ ਮਾੜਿਆਂ ਦੀ ਗੱਲ ਕੋਈ ਨਹੀਂ ਸੁਣਦਾ। ਜਦੋਂ ਬਦਲੇ ਦੀ ਅੱਗ ਥੋੜ੍ਹੀ ਠੰਡੀ ਹੋ ਜਾਵੇ, ਜਦੋਂ ਰੌਲ਼ਾ ਘਟ ਜਾਵੇ, ਅਗਲੀ ਜੰਗ ਦਾ ਫਿਰ ਇੰਤਜ਼ਾਰ ਸ਼ੁਰੂ ਹੋ ਜਾਵੇ ਤਾਂ ਕਸ਼ਮੀਰੀਆਂ ਨੂੰ ਵੀ ਪੁੱਛਣਾ। ਹਾਲਾਂਕਿ ਅਸੀਂ ਉਨ੍ਹਾਂ ਦੀ ਮੰਨਣੀ ਕੋਈ ਨਹੀਂ, ਪਰ ਪੁੱਛਣਾ ਤਾਂ ਬਣਦਾ ਹੈ ਕਿ ‘ਬਈ ਭਰਾਵੋ ਤੁਸੀਂ ਕੀ ਚਾਹੁੰਦੇ ਹੋ?’