ਪੁਰਾਤਨ ਅਤੇ ਅਜੋਕੀ ਕਥਾ ਪਰੰਪਰਾ ਦਾ ਅੰਤਰਾਤਮਿਕ ਭੇਦ

ਅਧਿਆਤਮਕ ਰੰਗ

ਦਿਲਜੀਤ ਸਿੰਘ ਬੇਦੀ
ਕਥਾ ਸ਼ਬਦ ਦੇ ਸਨਮੁਖ ਹੁੰਦਿਆਂ ਹੀ ਗੁਰਦੁਆਰਾ ਜਾਂ ਹੋਰ ਧਰਮਾਂ ਦੇ ਧਾਰਮਿਕ ਅਸਥਾਨ ਦਾ ਸਰੂਪ ਜਾਂ ਧਾਰਮਿਕ ਸਮਾਗਮ ਦਾ ਚਿਹਰਾ ਮੂਹਰਾ ਪ੍ਰਗਟ ਹੋ ਜਾਂਦਾ ਹੈ। ਪੁਰਾਤਨ ਸਮੇਂ ਤੋਂ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਏ ਮੁਖਵਾਕ ਦੀ “ਕਥਾ” ਗਿਆਨੀਆਂ ਵੱਲੋਂ ਕੀਤੀ ਜਾਂਦੀ ਹੈ। ਵੈਸੇ ਵੀ ਕਹਾਣੀ ਨੂੰ ਕਥਾ ਸੰਗਿਆਂ ’ਚ ਬਿਆਨ ਕਰਨ ਦਾ ਰਿਵਾਜ ਪੁਰਾਤਨ ਹੈ। ਸਿੱਖ ਧਰਮ `ਚ ਧਰਮ ਸਾਲ ਅੰਦਰ ਇਹ ਪਰੰਪਰਾ ਰਹੀ ਹੈ।

ਭਾਈ ਕਾਹਨ ਸਿੰਘ ਨਾਭਾ, ਡਾ. ਰਤਨ ਸਿੰਘ ਜੱਗੀ, ਡਾ. ਜੋਧ ਸਿੰਘ, ਡਾ. ਰਛਪਾਲ ਸਿੰਘ ਗਿੱੱਲ ਤੋਂ ਇਲਾਵਾ ਵੀ ਕੋਸ਼ਕਾਰੀ ਤੇ ਇਤਿਹਾਸ ਸਿਰਜਣ ਵਾਲੇ ਵਿਦਵਾਨਾਂ ਨੇ ਇਸ ਵਿਸ਼ਾ-ਵਸਤੂ ਸਬੰਧੀ ਵੱਖ-ਵੱਖ ਵਿਚਾਰ ਅੰਕਿਤ ਕੀਤੇ ਹਨ, ਪਰ ਮਿਲਦੇ ਹਵਾਲਿਆਂ ਤੋਂ ਜ਼ਾਹਿਰ ਹੈ ਕਿ ਪੰਜਾਬੀ ਕਥਾ ਪਰੰਪਰਾ ਦਾ ਇਤਿਹਾਸ ਆਮ ਤੌਰ `ਤੇ ਭਾਵੇਂ ਰਿਗਵੇਦ ਵਿੱਚ ਮਿਲਦੀਆਂ ਕਥਾਵਾਂ ਨਾਲ ਆਰੰਭ ਹੋਇਆ ਮੰਨਿਆ ਜਾਂਦਾ ਹੈ। ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਆਰੀਆ ਜਾਤੀ ਤੋਂ ਪਹਿਲਾਂ ਵੀ ਇੱਕ ਉੱਨਤ ਤੇ ਗੌਰਵਮਈ ਸੰਸਕ੍ਰਿਤੀ ਪ੍ਰਫੁੱਲਤ ਸੀ, ਜਿਸ ਦੀ ਹੋਂਦ ਹੜੱਪਾ ਦੇ ਖੰਡਰਾਂ ਦੀ ਖੁਦਾਈ ਨਾਲ ਉਜਾਗਰ ਹੋਈ।
ਕਥਾ ਸੰਸਕ੍ਰਿਤ ਭਾਸ਼ਾ ਦੇ ਕਥ ਧਾਤੂ ਤੋਂ ਬਣੇ ਇਸ ਦਾ ਸ਼ਾਬਦਿਕ ਅਰਥ ਹੈ ਵਰਣਨ ਜਾਂ ਵਿਆਖਿਆ ਜਾਂ ਪ੍ਰਸੰਗ। ਧਾਰਮਿਕ ਰਮਜ਼ਾਂ ਜਾਂ ਵਿਸ਼ਿਆਂ ਨੂੰ, ਜੋ ਕਈ ਵਾਰ ਸੰਖਿਪਤ ਜਾਂ ਸੰਕੇਤਿਕ ਰੂਪ ਵਿੱਚ ਹੁੰਦੇ ਹਨ, ਸਪੱਸ਼ਟ ਕਰਨ ਲਈ ਜੋ ਬਿਰਤਾਂਤ ਦਿੱਤਾ ਜਾਂਦਾ ਹੈ, ਉਸ ਨੂੰ ਵੀ ‘ਕਥਾ` ਕਿਹਾ ਜਾਂਦਾ ਹੈ। ਇਸ ਲਈ ‘ਵਾਰਤਾ` ਸ਼ਬਦ ਵੀ ਵਰਤਿਆ ਜਾਂਦਾ ਹੈ। ਮਹਾਭਾਰਤ, ਪੁਰਾਣ ਸਾਹਿਤ ਆਦਿ ਨੂੰ ਕਥਾਵਾਂ ਦੇ ਸੰਗ੍ਰਹਿ ਹੀ ਮੰਨਿਆ ਜਾਂਦਾ ਹੈ।
ਗੁਰੂ ਅਰਜਨ ਦੇਵ ਜੀ ਦੀ ਬਾਣੀ ਤੋਂ ਪ੍ਰਮਾਣ ਮਿਲਦੇ ਹਨ ਕਿ ਗੁਰਬਾਣੀ ਦੀ ਵਿਆਖਿਆ ਨਾਲੋਂ ਨਾਲ ਸਿੱਖ ਧਰਮਸ਼ਾਲਾਵਾਂ ਵਿੱਚ ਸ਼ੁਰੂ ਹੋ ਗਈ ਸੀ। ਮਾਝ ਰਾਗ ਵਿੱਚ ਆਪ ਜੀ ਨੇ ਉਚਾਰਿਆ ਹੈ ਕਿ ਪਰਮਾਤਮਾ ਦੇ ਗੁਣ ਗਾਉਣ ਨਾਲ ਮਨ ਪ੍ਰਸੰਨ ਹੁੰਦਾ ਹੈ ਅਤੇ ਕਥਾ ਸੁਣਨ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ। ਸਦਾ ਸਾਧ-ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ
ਗੁਣ ਗਾਵਤ ਮਨੁ ਹਰਿਆ ਹੋਵੈ॥
ਕਥਾ ਸੁਣਤ ਮਲੁ ਸਗਲੀ ਖੋਵੈ॥
ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ॥
(ਗੁਰੂ ਗ੍ਰੰਥ ਸਾਹਿਬ, ਪੰਨਾ 104)
ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ ਬਾਅਦ ਤਾਂ ਬਾਣੀ ਦੀ ਕਥਾ ਕਰਨ ਦੀ ਇੱਕ ਪਰੰਪਰਾ ਹੀ ਚਲ ਪਈ। ਆਮ ਤੌਰ `ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਸ਼ਬਦ ਲੈ ਕੇ ਕੋਈ ਕਥਾਕਾਰ ਉਸ ਦੀ ਵਿਆਖਿਆ ਕਰਦਾ ਹੈ। ਅਜਿਹਾ ਕਰਨ ਵੇਲੇ ਉਹ ਉਸ ਸ਼ਬਦ ਵਿੱਚ ਆਏ ਮੁੱਖ ਸਰੋਕਾਰਾਂ ਨੂੰ ਸਪੱਸ਼ਟ ਕਰਨ ਲਈ ਅਨੇਕ ਪ੍ਰਕਾਰ ਦੇ ਉਦਾਹਰਣ, ਸਾਖੀਆਂ ਆਦਿ ਦਾ ਬਿਰਤਾਂਤ ਦਿੰਦਾ ਹੈ ਅਤੇ ਗੁਰਬਾਣੀ ਜਾਂ ਭਾਈ ਗੁਰਦਾਸ ਬਾਣੀ ਜਾਂ ਦਸਮ ਗ੍ਰੰਥ ਤੋਂ ਟੂਕਾਂ ਜਾਂ ਹਵਾਲੇ ਦੇ ਕੇ ਸਿਧਾਂਤਾਂ ਨੂੰ ਸਪੱਸ਼ਟ ਅਤੇ ਸੰਪੁਸ਼ਟ ਕਰਦਾ ਹੈ। ਸਿੱਖ-ਇਤਿਹਾਸ ਤੋਂ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਕਥਾ ਆਮ ਕਰਕੇ ਜ਼ਬਾਨੀ ਹੁੰਦੀ ਹੈ ਅਤੇ ਹਵਾਲੇ ਵੀ ਕਥਾਕਾਰ ਜ਼ਬਾਨੀ ਹੀ ਦਿੰਦਾ ਹੈ। ਟੀਕੇ, ਸ਼ਬਦਾਰਥ, ਭਾਸ਼ਾ ਲੋੜ ਦੀਆਂ ਲਿਖਿਤ ਵਿਸਤ੍ਰਿਤੀਆਂ ਹਨ।
ਇਸ ਪ੍ਰਾਚੀਨ ਸੰਸਕ੍ਰਿਤੀ ਦੀ ਹੋਂਦ ਦੇ ਪਹਿਲੇ ਪਰਮਾਣ ਪੱਛਮੀ ਪੰਜਾਬ ਦੇ ਮਿੰਟਗੁਮਰੀ ਜ਼ਿਲ੍ਹੇ (ਪਾਕਿਸਤਾਨ) ਵਿੱਚ ਰਾਵੀ ਦਰਿਆ ਦੇ ਕੰਢੇ, ਅਜੋਕੇ ਹੜੱਪਾ ਦੇ ਖੰਡਰਾਂ ਵਿੱਚੋਂ ਮਿਲੇ ਹੋਣ ਕਰਕੇ ਇਸ ਸੰਸਕ੍ਰਿਤੀ ਨੂੰ ਹੜੱਪਾ ਸੰਸਕ੍ਰਿਤੀ ਕਿਹਾ ਜਾਣ ਲੱਗਾ। ਥੇਹ ਵਿੱਚੋਂ ਮਿਲੇ ਚਿੱਤਰ ਕਿਸੇ ਨਾ ਕਿਸੇ ਮਿਥਿਹਾਸਕ ਪਾਤਰ ਜਾਂ ਕਥਾ-ਖੰਡ ਨੂੰ ਰੂਪਮਾਨ ਕਰਦੇ ਹਨ। ਇਨ੍ਹਾਂ ਚਿੱਤਰਾਂ ਦੀ ਕਲਾ-ਅਨੁਭੂਤੀ ਤੋਂ ਸਪਸ਼ਟ ਹੈ ਕਿ ਹੜੱਪਾ ਵਾਸੀਆਂ ਵਿੱਚ ਇੱਕ ਪ੍ਰੌੜ ਕਿਸਮ ਦੀ ਕਥਾ ਪਰੰਪਰਾ ਪ੍ਰਚਲਿਤ ਸੀ।
ਇਸ ਯੁੱਗ ਦੀ ਕਥਾ ਬਿਰਤਾਂਤਕ ਰੂਪ ਵਿੱਚ ਉਪਲੱਭਧ ਨਾ ਹੋਣ ਕਰਕੇ ਵਸਤਾਂ `ਤੇ ਉਕਰੇ ਚਿੱਤਰਾਂ ਦੀ ਕਥਾ ਬਾਰੇ ਕਿਸੇ ਸਿੱਟੇ `ਤੇ ਪਹੁੰਚਣਾ ਔਖਾ ਹੈ, ਕਈ ਚਿੱਤਰਾਂ ਤੋਂ ਭਾਵੇਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਾਨਵਾਂ ਤੋਂ ਦੇਵ ਵਸਤੂਆਂ ਦੀ ਰੱਖਿਆ ਹੀ ਇਨ੍ਹਾਂ ਦਾ ਮੂਲ ਉਦੇਸ਼ ਸੀ।
ਹੜੱਪਾ ਕਥਾ ਪਰੰਪਰਾ ਤੋਂ ਬਾਅਦ ਦੂਜੀ ਪ੍ਰਸਿੱਧ ਪਰੰਪਰਾ ਆਰਿਆ ਦੀ ਹੈ, ਜਿਸ ਨੇ ਹੜੱਪਾ ਸੰਸਕ੍ਰਿਤੀ ਦੀਆਂ ਕਈ ਰੂੜੀਆਂ ਅਤੇ ਤੱਤਾਂ ਨੂੰ ਇਨ-ਬਿਨ ਜਾਂ ਰਤਾ ਕੁ ਬਦਲਵੇਂ ਰੂਪ ਵਿੱਚ ਗ੍ਰਹਿਣ ਕੀਤਾ, ਕਿਉਂਕਿ ਵਿਦਵਾਨਾਂ ਦੇ ਮਤ ਅਨੁਸਾਰ ਪੰਜਾਬ ਹੀ ਆਰੀਆ ਜਾਤੀ ਦੇ ਮੁੱਢਲੇ ਨਿਵਾਸ ਸਥਾਨਾਂ ਵਿੱਚੋਂ ਇੱਕ ਸੀ ਤੇ ਭਾਰਤ ਵਿੱਚ ਆਰੀਆ ਜਾਤੀ ਤੇ ਇਸ ਦੀ ਬੋਲੀ ਦਾ ਪਸਾਰ ਪੰਜਾਬ ਵਿੱਚੋਂ ਹੀ ਹੋਇਆ। ਆਰਿਆ ਦੀ ਕਥਾ-ਪਰੰਪਰਾ ਵਿੱਚ ਮੁਲਤਾਨ ਵਿੱਚ ਹੜੱਪਾ ਦੇ ਨੇੜੇ ਪ੍ਰਗਟ ਹੋਇਆ ਇੱਕ ਪਾਤਰ ਨਰਸਿੰਘ ਹੈ, ਜੋ ਉਸ ਯੁੱਗ ਦੀਆਂ ਮੋਹਰਾਂ `ਤੇ ਅੰਕਿਤ ਮਿਲਦਾ ਹੈ। ਪੁਰਾਣਾਂ ਵਿੱਚੋਂ ਇਹੋ ਪਾਤਰ ਵਿਸ਼ਨੂੰ ਦੇ ਇੱਕ ਅਵਤਾਰ ਦੇ ਰੂਪ ਵਿੱਚ ਪ੍ਰਕਾਸ਼ਮਾਨ ਹੋਇਆ।
ਆਰਿਆਈ ਪਰੰਪਰਾ ਤੋਂ ਬਾਅਦ ਰਿਗਵੇਦ ਦੀਆਂ ਕਥਾਵਾਂ ਆਉਂਦੀਆਂ ਹਨ। ਰਿਗਵੇਦ ਦੀਆਂ ਮੁਢਲੀਆਂ ਰਚਨਾਵਾਂ ਸਿੰਧ ਸਾਗਰ ਦੁਆਬ ਵਿੱਚ, ਜਿਹਲਮ ਅਤੇ ਸੁਆ ਦੇ ਕੰਢਿਆ ਉਪਰ ਹੀ ਰਚੀਆਂ ਗਈਆਂ। ਰਿਗਵੇਦ ਦੁਆਰਾ ਪੰਜਾਬੀ ਕਹਾਣੀ ਨੇ ਆਦਿ ਰੂਪ ਵਿੱਚ ਲਿਖਤੀ ਜਾਮਾ ਪਹਿਨਿਆ। ਰਿਗਵੇਦ ਵਿੱਚ ਸੰਕੇਤ ਰੂਪ ਵਿੱਚ ਉਪਲੱਬਧ ਕਥਾਵਾਂ ਮੂਲ ਰੂਪ ਵਿੱਚ ਪੰਜਾਬ ਦੀ ਹੀ ਆਰਿਆਈ ਪਰੰਪਰਾ ਹੈ। ਰਿਗਵੇਦ ਵਿੱਚ ਰਿਸੀ ਸੋਭਰੀ ਦੀ ਕਥਾ ਸੰਕੇਤ ਰੂਪ ਵਿੱਚ ਮਿਲਦੀ ਹੈ, ਜਿਸ ਨੂੰ ਲਿਖਤੀ ਰੂਪ ਵਿੱਚ ਉਪਲੱਬਧ ਪੰਜਾਬ ਦੀ ਪ੍ਰਾਚੀਨਤਮ ਕਥਾ ਕਿਹਾ ਜਾ ਸਕਦਾ ਹੈ। ਇਸ ਕਥਾ ਵਿੱਚ ਕਈ ਜਿਸਮ ਧਾਰਨ ਕਰਨ ਦੀ ਤੇ ਰੂਪ ਬਦਲਣ ਦੀ ਕਥਾਨਿਕ ਰੂੜੀ ਦ੍ਰਿਸ਼ਟੀਮਾਨ ਹੈ। ਇਸੇ ਤਰ੍ਹਾਂ ਦੀ ਇੱਕ ਕਥਾ ਹੈ ਨਾਸਕੇਤ ਦੀ ਕਥਾ, ਜਿਸ ਦਾ ਬੜਾ ਵੱਡਾ ਮਹਾਤਮ ਦੱਸਿਆ ਗਿਆ ਹੈ। ਲੋਕ ਪ੍ਰਚਲਿਤ ਵਿਸ਼ਵਾਸ ਅਨੁਸਾਰ ਇਹ ਕਥਾ ਸੁਣਨ ਉਪਰੰਤ ਰਾਜੇ ਜਨਮੇਜੇ ਦਾ ਕੋਹੜ ਦਾ ਰੋਗ ਦੂਰ ਹੋ ਗਿਆ ਸੀ।
ਰਿਗਵੇਦ ਪੰਜਾਬੀਆਂ ਦਾ ਸੰਸਕ੍ਰਿਤਕ ਵਿਰਸਾ ਹੋਣ ਕਰਕੇ ਇਸ ਦੀਆਂ ਕਥਾਵਾਂ ਪੰਜਾਬੀਆਂ ਦੇ ਜੀਵਨ ਦਾ ਅਨਿਖੜਵਾਂ ਅੰਗ ਰਹੀਆਂ ਹਨ। ਇਸੇ ਕਰਕੇ ਇਨ੍ਹਾਂ ਕਥਾਵਾਂ ਦੇ ਲਿਖਤੀ ਤੇ ਮੌਖਿਕ- ਦੋਵੇਂ ਰੂਪ ਮੱਧ ਕਾਲੀਨ ਪੰਜਾਬੀ ਕਥਾ ਵਿੱਚ ਵਿਸ਼ੇਸ਼ ਸਥਾਨ ਰਖਦੇ ਹਨ।
ਪੁਰਾਣਾਂ ਦੀ ਰਚਨਾ ਵੇਦਾਂ ਤੋਂ ਬਾਅਦ ਹੋਈ। ਇਨ੍ਹਾਂ ਦੀ ਸਾਰੀ ਸਮੱਗਰੀ ਲੋਕ ਮਨ ਦੀ ਅਭਿਵਿਅਕਤੀ ਹੋਣ ਕਰਕੇ ਇਹ ਇਨ੍ਹਾਂ ਦੀ ਰਚਨਾ ਤੋਂ ਬਾਅਦ ਵੀ ਪਹਿਲਾਂ ਵਾਂਗ ਹੀ ਲੋਕਾਂ ਦੇ ਮਨਾਂ ਵਿੱਚ ਘਰ ਕਰੀ ਬੈਠੀ ਹੈ। ਪੁਰਾਣ ਪੰਜਾਬੀਆਂ ਦਾ ਲੋਕ ਵਿਰਸਾ ਹੋਣ ਕਰਕੇ ਲੋਕਾਂ ਦੇ ਸੰਸਕ੍ਰਿਤਕ ਦੇ ਸਮਾਜਕ ਜੀਵਨ ਵਿੱਚ ਇਨ੍ਹਾਂ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਮੱਧਕਾਲ ਵਿੱਚ ਵਿਸ਼ਨੂੰ ਪੁਰਾਣ, ਮਾਰਕੰਡੇ ਪੁਰਾਣ, ਭਾਗਵਤ ਪੁਰਾਣ ਆਦਿ ਕਈ ਵਾਰ ਪੰਜਾਬੀ ਵਿੱਚ ਅਨੁਵਾਦ ਹੋ ਚੁੱਕੇ ਹਨ। ਇਨ੍ਹਾਂ ਵਿੱਚ ਦਰਜ ਹਰੀਸ਼ ਚੰਦਰ, ਧਰੂ ਭਗਤ, ਗੌਤਮ-ਅਹੱਲਿਆ, ਨਾਰਦ, ਵਿਸਵਾਮਿਤ੍ਰ ਆਦਿ ਦੀਆਂ ਕਥਾ ਕਹਾਣੀਆ ਲੋਕ ਚੇਤਨਾ ਵਿੱਚ ਗਹਿਰੀਆ ਸਮਾਈਆਂ ਹੋਈਆਂ ਹਨ।
ਸੰਸਕ੍ਰਿਤ ਕਥਾ-ਕਹਾਣੀ ਦੇ ਕੁਝ ਹੋਰ ਗ੍ਰੰਥ ਜੋ ਪੰਜਾਬੀਆਂ ਨੂੰ ਸੰਸਕ੍ਰਿਤਕ ਵਿਰਸੇ ਵਿੱਚ ਮਿਲੇ, ਪੰਜਾਬੀ ਕਥਾ ਪਰੰਪਰਾ ਦੇ ਗੌਰਵਮਈ ਭਾਗ ਹਨ। ਇਨ੍ਹਾਂ ਵਿੱਚੋਂ ਪੰਚਤੰਤਰ, ਹਿਤੋਪਦੇਸ਼, ਬ੍ਰਿਹਤ ਕਥਾ, ਕਥਾ ਸਹਿਤ ਸਾਗਰ, ਬੇਤਾਲ ਪਚੀਸੀ, ਸਿੰਘਾਸਨ ਬਤੀਸੀ, ਸੁਕਾਂ ਸਪਤੀ ਵਰਣਨਯੋਗ ਹਨ। ਪੰਜਾਬ ਦੀ ਕਥਾ ਪਰੰਪਰਾ ਤੇ ਬੋਧੀ ਜਾਤਕ, ਅਵਦਾਨ ਪਰੰਪਰਾ ਅਤੇ ਜੈਨ ਕਥਾ ਪਰੰਪਰਾ ਦਾ ਵੀ ਕਾਫ਼ੀ ਪ੍ਰਭਾਵ ਪਿਆ। ਬੋਧ ਜਾਤਕ ਮਹਾਤਮਾ ਬੁੱਧ ਦੇ ਪੂਰਬਲੇ ਜਨਮਾਂ ਨਾਲ ਸਬੰਧਤ ਕਹਾਣੀਆਂ ਹਨ। ਜਾਤਕ 547 ਕਥਾਵਾਂ ਦਾ ਸੰਗ੍ਰਹਿ ਹੈ। ਇਹ ਕਥਾਵਾਂ ਬੜੀਆਂ ਪ੍ਰਾਚੀਨ ਹਨ ਤੇ ਹੜੱਪਾ ਸੰਸਕ੍ਰਿਤੀ ਨਾਲ ਰਲਦੀਆਂ ਮਿਲਦੀਆਂ ਹਨ।
ਕਾਫ਼ੀ ਕਥਾਵਾਂ ਜੈਨ ਸਾਹਿਤ ਵਿੱਚੋਂ ਵੀ ਵੇਖਣ ਨੂੰ ਮਿਲਦੀਆਂ ਹਨ। ਜੈਨੀਆਂ ਲਈ ਕਥਾ ਬਾਣੀ ਦੇ ਦਰਜੇ ਬਰਾਬਰ ਮੰਨੀ ਜਾਂਦੀ ਹੈ। ਇਨ੍ਹਾਂ ਨੇ ਧਾਰਮਿਕ ਤੇ ਨੈਤਿਕ ਭਾਵਨਾਵਾਂ ਨੂੰ ਪ੍ਰਗਟਾਉਣ ਲਈ ਕਥਾ ਦੀ ਹੀ ਵਰਤੋਂ ਕੀਤੀ। ਜੈਨ ਕਥਾ ਕੋਸ, ਜੈਨ ਬਤ ਕਥਾ, ਦਾਨ ਕਥਾਏਂ, ਪ੍ਰਣਯਾਰਵ ਕਥਾ ਕੋਸ ਆਦਿ ਮਹਾਨ ਕਥਾ ਸੰਕਲਨ ਜੈਨ ਸਾਹਿਤ ਵਿੱਚ ਕਥਾ ਪਰੰਪਰਾ ਦੇ ਵਾਧੇ ਲਈ ਵਿਸ਼ੇਸ਼ ਵਰਣਨ ਯੋਗ ਹਨ। ਸਮੇਂ ਸਮੇਂ ਅਨੇਕਾਂ ਜਾਤੀਆਂ ਦੇ ਬਾਹਰੋਂ ਆ ਕੇ ਪੰਜਾਬ ਵਿੱਚ ਵਸਣ ਨਾਲ ਇਥੋਂ ਦੀ ਸੰਸਕ੍ਰਿਤੀ ਵਿਵਿਧ ਰੂਪ ਗ੍ਰਹਿਣ ਕਰ ਗਈ। ਕਥਾ ਪਰੰਪਰਾ ਉਤੇ ਯੂਨਾਨੀ ਤੇ ਸਾਮੀ ਕਥਾਵਾਂ ਦਾ ਪ੍ਰਭਾਵ ਵੀ ਮਹੱਤਵਪੂਰਨ ਹੈ ,ਜਿਵੇਂ ਈਸਪ ਦੀਆਂ ਨੀਤੀ ਕਹਾਣੀਆਂ ਪੰਜਾਬੀ ਕਥਾ ਸਾਹਿਤ ਲਈ ਹਰਮਨ ਪਿਆਰੀਆਂ ਬਣ ਗਈਆਂ।
ਸਾਮੀ ਕਥਾਵਾਂ ਦੇ ਪ੍ਰਭਾਵ ਨਾਲ ਪੰਜਾਬੀ ਕਥਾ-ਕਹਾਣੀ ਦਾ ਇੱਕ ਨਵੀਂ ਦਿਸ਼ਾ ਵੱਲ ਝੁਕਾਅ ਹੋਇਆ। ਮੁਸਲਮਾਨਾਂ ਦੇ ਭਾਰਤ ਆਉਣ ਨਾਲ ਪੁਰਾਣ ਸ਼ਾਸਤਰ, ਸ਼ਾਹਨਾਮਾ ਅਲਫ਼ ਲੈਲਾ ਆਦਿ ਦੀਆਂ ਕਥਾਵਾਂ ਪੰਜਾਬੀ ਕਥਾ ਪ੍ਰਵਾਹ ਵਿੱਚ ਸ਼ਾਮਲ ਹੋਣ ਲੱਗ ਪਈਆਂ। ਇਸ ਸਮੇਂ ਵਿੱਚ ਫ਼ਾਰਸੀ ਦਰਬਾਰੀ ਬੋਲੀ ਬਣ ਜਾਣ ਕਰਕੇ ਅਰਬੀ ਫ਼ਾਰਸੀ ਦਾ ਅਧਿਐਨ ਲੋਕਧਾਰਾ ਲਈ ਜ਼ਰੂਰੀ ਬਣ ਗਿਆ। ਹੌਲੀ ਹੌਲੀ ਅਰਬੀ, ਫ਼ਾਰਸੀ ਦੀਆਂ ਮੂਲ ਕਥਾ-ਕਹਾਣੀਆਂ ਲੋਕਾਂ ਵਿੱਚ ਫੈਲ ਗਈਆਂ। ਪੰਜਾਬੀ ਕਥਾ ਪਰੰਪਰਾ ਦੀ ਨੁਹਾਰ ਬਦਲਣ ਲੱਗ ਪਈ। ਹੁਣ ਇਸ ਵਿੱਚ ਇਸਲਾਮੀਨਾਵਾਂ ਵਾਲੇ ਪਾਤਰ, ਫ਼ਰਿਸ਼ਤੇ, ਪੈਗੰਬਰ, ਨਬੀ ਅਤੇ ਆਦਮ-ਹਵਾ ਆਦਿ ਵਿਚਰਨ ਲੱਗ ਪਏ। ਅਰਬ ਲੋਕ ਲੈਲਾ ਮਜਨੂੰ ਅਤੇ ਯੂਸਫ਼ ਜੁਲੇਖਾਂ ਦੇ ਕਿੱਸੇ ਆਪਣੇ ਨਾਲ ਹੀ ਲਿਆਏ ਸਨ। ਸ਼ੀਰੀ ਫਰਿਹਾਦ, ਸ਼ਾਹ ਬਹਿਰਾਮ, ਸੈਫਲ ਮਲੂਕ ਆਦਿ ਫ਼ਾਰਸੀ ਮੂਲ ਦੇ ਹੀ ਕਿੱਸੇ ਹਨ। ਹੌਲੀ ਹੌਲੀ ਇਹ ਕਥਾਵਾਂ ਲੋਕਾਂ ਵਿੱਚ ਹਰਮਨ ਪਿਆਰੀਆਂ ਬਣ ਗਈਆਂ ਅਤੇ ਇਹ ਇਥੋਂ ਦੇ ਕਥਾ ਪ੍ਰਵਾਹ ਵਿੱਚ ਇਸ ਤਰ੍ਹਾਂ ਰਚ-ਮਿਚ ਗਈਆਂ ਜਿਵੇਂ ਇਹ ਪੰਜਾਬ ਵਿੱਚ ਹੀ ਜੰਮੀਆਂ ਤੇ ਪਲ਼ੀਆਂ ਹੋਣ!
ਸਾਮੀ ਕਥਾਵਾਂ ਦੇ ਪੰਜਾਬੀ ਕਥਾ ਪਰੰਪਰਾ ਵਿੱਚ ਮਿਲ ਜਾਣ ਨਾਲ ਪੰਜਾਬੀ ਕਥਾ-ਕਹਾਣੀ ਦੀ ਪਰੰਪਰਾ ਆਪਣੀ ਮੂਲ ਸੰਸਕ੍ਰਿਤੀ ਤੋਂ ਟੁੱਟਣ ਲੱਗ ਪਈ। ਬਿਕ੍ਰਮ ਬੈਤਾਲ ਦੀ ਥਾਂ ਹੁਣ ਪਰੀਆ ਤੇ ਜਿੰਨ ਆਦਿ ਲੈ ਚੁੱਕੇ ਸਨ। ਸਾਮੀ ਕਥਾਨਿਕ ਰੂੜੀਆਂ ਨੇ ਇਥੋਂ ਦੀਆਂ ਸਾਖੀਆਂ ਆਦਿ ਨੂੰ ਵੀ ਪ੍ਰਭਵਿਤ ਕੀਤਾ। ਇਸ ਉਪਰੰਤ ਗੁਰੂ ਨਾਨਕ ਕਾਲ ਵਿੱਚ ਕਥਾ ਦਾ ਬੜਾ ਵੱਡਾ ਮਹੱਤਵ ਰਿਹਾ ਹੈ, ਜਿਹੜਾ ਹੁਣ ਤੱਕ ਗੁਰਦੁਆਰਿਆਂ ਵਿੱਚ ਕੀਰਤਨ ਸਮੇਂ ਗੁਰਬਾਣੀ ਦੇ ਕਿਸੇ ਸ਼ਬਦ ਦੀ ਵਿਆਖਿਆ ਲਈ ਪ੍ਰਚਲਿਤ ਹੈ। ਗੁਰੂਘਰ ਵਿੱਚ ਲੋਕ-ਕਹਾਣੀਆਂ ਦੀ ਮਹੱਤਤਾ ਇਸੇ ਸਮੇਂ ਤੋਂ ਚਲਦੀ ਆ ਰਹੀ ਹੈ, ਜਿਸ ਦਾ ਪ੍ਰਮਾਣ ਸਾਖੀ ਸਾਹਿਤ ਵਿੱਚ ਮਿਲਦੇ ਅਨੇਕਾਂ ਅਜਿਹੇ ਬਿਰਤਾਂਤ ਹਨ, ਜੋ ਅਸਲ ਵਿੱਚ ਕਥਾ-ਕਹਾਣੀ ਹੀ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਕਿੰਨੀਆਂ ਹੀ ਨੀਤੀ-ਕਥਾਵਾਂ ਦੇ ਸੰਕੇਤ ਮਿਲਦੇ ਹਨ। ਕਥਾ-ਪਰੰਪਰਾ ਦੇ ਵਾਧੇ ਲਈ ਦਸਮ ਗ੍ਰੰਥ ਦੇ ‘ਚਰਿਤ੍ਰੋ ਪਾਖਯਾਨ` ਦਾ ਵੀ ਕਾਫ਼ੀ ਯੋਗਦਾਨ ਹੈ। ਇਸ ਵਿੱਚ ਕੁੱਲ 405 ਕਥਾਵਾਂ ਹਨ, ਜੋ ਦਸਮ ਗ੍ਰੰਥ ਦੇ 1428 ਪੰਨਿਆਂ ਵਿੱਚੋਂ 616 ਪੰਨਿਆਂ ਉੱਤੇ ਫੈਲੀਆਂ ਹੋਈਆਂ ਹਨ। ਇਸ ਦੀਆਂ ਕੁਝ ਕਥਾਵਾਂ ਸਾਮੀ ਤੇ ਯਹੂਦੀ ਮੂਲ ਦੀਆਂ ਵੀ ਹਨ, ਪਰ ਬਹੁਤੇ ਭਾਗ ਦੀਆਂ ਕਥਾਵਾਂ ਭਾਰਤੀ ਸੋਮਿਆਂ ਵਿੱਚੋਂ ਆਈਆਂ ਹਨ।
ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਨਾਲ ਪੰਜਾਬ ਦੇ ਕਥਾ-ਪ੍ਰਵਾਹ ਉਤੇ ਯਹੂਦੀ ਤੇ ਈਸਾਈ ਕਥਾਵਾਂ ਦਾ ਪ੍ਰਭਾਵ ਪੈਣਾ ਵੀ ਸੁਭਾਵਕ ਹੀ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਇਹ ਪ੍ਰਭਾਵ ਪ੍ਰਤੱਖ ਵਿਖਾਈ ਦੇਣ ਲਗ ਪਏ ਸਨ। ਬੁੱਧੀਜੀਵੀਆਂ ਵਿੱਚ ਅੰਗਰੇਜ਼ੀ ਸਾਹਿਤ ਨੇ ਇੱਕ ਨਵੀਂ ਚੇਤਨਾ ਲਿਆਂਦੀ। ਉਹ ਵਰਡਜ਼ਵਰਥ, ਬਾਇਰਨ, ਥਾਮਸ ਮੁਰ, ਸਕਾਟ ਤੇ ਡਿਕਨਜ਼ ਆਦਿ ਦੇ ਸਾਹਿਤ ਨੂੰ ਪੜ੍ਹਨ ਲੱਗ ਪਏ। ਇਨ੍ਹਾਂ ਰਚਨਾਵਾਂ ਕਾਰਨ ਪੰਜਾਬੀਆਂ ਦਾ ਪੱਛਮੀ ਸਾਹਿਤ ਨਾਲ ਸਬੰਧ ਸਥਾਪਿਤ ਹੋਣਾ ਸੁਭਾਵਕ ਹੀ ਸੀ, ਪਰ ਕਥਾ ਸਾਹਿਤ ਨੇ ਅੰਗਰੇਜ਼ੀ ਸਾਹਿਤ ਦਾ ਪ੍ਰਭਾਵ ਪਹਿਲੀਆਂ ਸਾਮੀ ਕਥਾਵਾਂ ਦੇ ਸਾਹਿਤ ਨਾਲੋ ਕਾਫ਼ੀ ਘੱਟ ਕਬੂਲਿਆ।
ਪਿਛੇ ਕੀਤੀ ਗਈ ਸਾਰੀ ਵਿਚਾਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੀ ਕਥਾ ਪਰੰਪਰਾ ਬਹੁਤ ਪ੍ਰਾਚੀਨ ਹੈ, ਜੋ ਸਿੰਧੂ ਘਾਟੀ ਸਭਿਅਤਾ ਦੀਆਂ ਬੁਨਿਆਦਾਂ `ਤੇ ਆਧਾਰਤ ਹੈ। ਇਹ ਪਰੰਪਰਾ ਬੜੀ ਵਿਸਾਲ ਤੇ ਪ੍ਰਭਾਵਸ਼ਾਲੀ ਹੈ। ਇਹ ਯੁੱਗਾਂ ਬੱਧੀ ਸਫ਼ਰ ਕਰਦੀ ਹੋਈ ਦੂਜੀਆਂ ਸੰਸਕ੍ਰਿਤੀਆਂ ਵਿੱਚ ਘੁਲਦੀ-ਮਿਲਦੀ ਰਹੀ। ਇਸ ਨੇ ਬਾਹਰਲੀਆਂ ਸੰਸਕ੍ਰਿਤੀਆਂ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਆਪਣੇ ਵਿੱਚ ਸਮੋਅ ਲਿਆ, ਜਿਸ ਸਦਕਾ ਇਸ ਪਰੰਪਰਾ ਨੇ ਦੂਰ-ਦੂਰ ਤਕ ਆਪਣਾ ਪ੍ਰਭਾਵਸ਼ਾਲੀ ਗੌਰਵ ਬਣਾਈ ਰੱਖਿਆ।
ਹਥਲੇ ਨਿਬੰਧ ਦੇ ਮੂਲ ਸ੍ਰੋਤ ਕੋਸ਼ਕਾਰੀ ਤੇ ਗੁਰਮਤਿ ਵਿਖਿਆਨ ਦੇ ਗ੍ਰੰਥਾਂ ਨਾਲ ਹੈ; ਵਿਸਥਾਰ ਲਈ ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵ ਕੋਸ਼, ਡਾ. ਜੋਧ ਸਿੰਘ ਸਿੱਖ ਧਰਮ ਵਿਸ਼ਵਕੋਸ਼, ਡਾ. ਰਛਪਾਲ ਸਿੰਘ ਗਿੱਲ ਪੰਜਾਬੀ ਕੋਸ਼, ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਅਤੇ ਡਾ. ਦਿਲਗੀਰ ਦਾ ਨਵਾਂ ਮਹਾਨ ਕੋਸ਼ ਆਦਿ ਦੇ ਆਧਾਰਤ ਹਨ। ਕਥਾ ਸੰਸਕ੍ਰਿਤ ਸ਼ਬਦ ‘ਕਥ` ਦਾ ਸੰਗਿਆ ਰੂਪ ਹੈ, ਜਿਸਦਾ ਅਰਥ ਹੈ- ਬੋਲਣਾ, ਵਿਆਖਿਆ, ਵਰਨਨ ਜਾਂ ਬਿਆਨ ਕਰਨਾ। ਧਾਰਮਿਕ ਸ਼ਬਦਾਵਲੀ ਵਿੱਚ ਕਥਾ ਦਾ ਅਰਥ ਹੈ: ਧਰਮ-ਗ੍ਰੰਥ ਵਿੱਚੋਂ ਕਿਸੇ ਸ਼ਬਦ ਉੱਪਰ ਚਰਚਾ, ਵਿਸ਼ਲੇਸ਼ਣ ਅਤੇ ਵਿਆਖਿਆਨ। ਇਸ ਵਿੱਚ ਦਿੱਤੇ ਗਏ ਮੂਲ ਪਾਠ `ਤੇ ਵਿਸਤਾਰ ਪੂਰਵਕ ਪ੍ਰਵਚਨ ਅਤੇ ਇਸ ਦਾ ਸਹੀ ਉਚਾਰਨ ਸ਼ਾਮਲ ਹਨ। ਇਸ ਵਿੱਚ ਬੁਨਿਆਦੀ ਅਧਿਆਤਮਕ ਅਤੇ ਧਰਮ-ਸ਼ਾਸਤਰੀ ਸਿਧਾਂਤਾਂ ਨੂੰ ਵਿਸਥਾਰ ਵਿੱਚ ਸਮਝਾਉਣ ਹਿਤ ਕਥਾ, ਕਹਾਵਤ ਅਤੇ ਹਵਾਲਿਆਂ ਦਾ ਪੂਰਾ ਇਸਤੇਮਾਲ ਕੀਤਾ ਜਾਂਦਾ ਹੈ। ਗੁਰਬਾਣੀ ਰਚਨਾ ਆਮ ਤੌਰ `ਤੇ ਗੂੜ੍ਹ ਅਤੇ ਅਰਥ-ਭਰਪੂਰ ਹੁੰਦੀ ਹੈ। ਇਸ ਕਰਕੇ ਅਜਿਹੀ ਰਚਨਾ ਦੀ ਜਿਗਿਆਸੂਆਂ ਦੇ ਲਾਭ ਹਿਤ ਵਿਆਖਿਆ ਕਰਨ ਦੀ ਲੋੜ ਪੈਂਦੀ ਹੈ। ਇਸ ਦੇ ਨਤੀਜੇ ਵਜੋਂ ਭਾਰਤੀ ਪਰੰਪਰਾ ਵਿੱਚ ਟੀਕਾ, ਸ਼ਬਦਾਰਥ, ਭਾਸ਼ਾ ਆਦਿ ਰੂਪ ਸਾਹਮਣੇ ਆਏ ਹਨ। ਵਿਆਖਿਆ ਜਾਂ ਵਿਚਾਰ ਅਧੀਨ ਵਿਚਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਧਾਰਮਿਕ ਅਤੇ ਸਿੱਖਿਆਦਾਇਕ ਗ੍ਰੰਥਾਂ ਵਿੱਚੋਂ ਪ੍ਰਮਾਣਾਂ ਜਾਂ ਯੋਗ ਪ੍ਰਮਾਣਿਕ ਕਥਨਾਂ ਦਾ ਸਹਾਰਾ ਲਿਆ ਜਾਂਦਾ ਹੈ। ਵਿਆਖਿਆ ਦੀਆਂ ਉਪਰੋਕਤ ਤਿੰਨੇ ਕਿਸਮਾਂ ਸਿੱਖ ਕਥਾ ਵਿੱਚ ਇੱਕ-ਮਿੱਕ ਹੋਈਆਂ ਮਿਲਦੀਆਂ ਹਨ: ਸਿੱਖ ਪਰੰਪਰਾ ਵਿੱਚ ਕਥਾ ਦੀ ਵਿਧੀ ਮੌਖਿਕ ਹੈ। ਉਪਨਿਸ਼ਦਾਂ, ਭਗਵਦ ਗੀਤਾ, ਪੁਰਾਣਾਂ, ਰਮਾਇਣ ਅਤੇ ਮਹਾਂਭਾਰਤ ਵਰਗੇ ਮਹਾਂਕਾਵਾਂ ਦੀ ਕਥਾ ਮੰਚ ਤੋਂ ਕੀਤੀ ਜਾਂਦੀ ਰਹੀ ਹੈ; ਪਰ ਸਿੱਖ ਧਰਮ ਵਿੱਚ ਇਹ ਵੱਡੀਆਂ ਧਾਰਮਿਕ ਸਭਾਵਾਂ ਵਿਖੇ ਸੇਵਾ ਦੇ ਤੌਰ `ਤੇ ਸੰਸਥਾਗਤ ਰੂਪ ਵਿੱਚ ਹੁੰਦੀ ਹੈ।
ਸਿੱਖ ਧਰਮ ਵਿੱਚ ਕਥਾ ਦੀ ਰਵਾਇਤ ਦੀ ਰਸਮੀ ਸ਼ੁਰੂਆਤ ਗੁਰੂ ਅਰਜਨ ਦੇਵ ਜੀ (1563-1606), ਜਿਨ੍ਹਾਂ ਨੇ ਸਿੱਖ ਧਰਮ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ, ਦੇ ਸਮੇਂ ਹੋਈ। ਇਸ ਧਰਮ ਗ੍ਰੰਥ ਨੂੰ ਹੱਥੀਂ ਲਿਖਣ ਵਾਲੇ ਭਾਈ ਗੁਰਦਾਸ ਨੂੰ ਗੁਰੂ ਜੀ ਨੇ ਆਦੇਸ਼ ਦਿੱਤਾ ਕਿ (ਗੁਰੂ) ਗ੍ਰੰਥ ਸਾਹਿਬ ਵਿੱਚੋਂ ਲਏ ਗਏ ਵਾਕ ਦੀ ਰੋਜ਼ਾਨਾ ਸੰਖੇਪ ਅਤੇ ਨਿਰਧਾਰਿਤ ਵਿਆਖਿਆ ਕਰਿਆ ਕਰਨ। ਗੁਰੂ ਸਾਹਿਬਾਨ ਦੁਆਰਾ ਨਿਯੁਕਤ ਮਸੰਦਾਂ ਨੇ ਵੀ ਸਥਾਨਿਕ ਇਕੱਤਰਤਾਵਾਂ ਵਿੱਚ ਇਸੇ ਕਿਸਮ ਦੀ ਕਥਾ ਕਰਨੀ ਅਰੰਭ ਕਰ ਦਿੱਤੀ ਸੀ। ‘ਸਿੱਖ’ ਅਧਿਆਤਮਿਕਤਾ ਅਤੇ ਧਰਮ ਦਾ ਕੇਂਦਰੀ ਬਿੰਦੂ ਸ਼ਬਦ ਹੈ। ਇਸ ਕਰਕੇ ਪਵਿੱਤਰ ਗ੍ਰੰਥ ਦੀ ਸਹੀ ਵਿਆਖਿਆ ਅਤਿ ਮਹੱਤਵਪੂਰਨ ਹੈ।
ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ (1666-1708) ਨੇ ਆਪ ਭਾਈ ਮਨੀ ਸਿੰਘ ਨੂੰ ਪਵਿੱਤਰ ਲਿਖਤਾਂ ਦੀ ਵਿਆਖਿਆ ਕਰਨ ਦੀ ਸਿੱਖਿਆ ਦਿੱਤੀ ਸੀ। ਭਾਈ ਮਨੀ ਸਿੰਘ ਤੋਂ ਉਤਪੰਨ ਹੋਈ ਗੁਰਬਾਣੀ ਵਿਆਖਿਆ ਦੀ ਸੰਪਰਦਾਇ ਨੂੰ ਅੱਜ-ਕੱਲ੍ਹ ਗਿਆਨੀ ਸੰਪਰਦਾਇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਥਾ ਕਰਨ ਦੀ ਰਵਾਇਤ ਸਿੱਖ ਪਰੰਪਰਾ ਵਿੱਚ ਗੁਰੂ-ਕਾਲ ਤੋਂ ਚੱਲਦੀ ਆ ਰਹੀ ਹੈ। ਬਹੁਤ ਸਾਰੀਆਂ ਸੰਸਥਾਵਾਂ, ਟਕਸਾਲੀ ਅਤੇ ਆਧੁਨਿਕ ਵਿਦਵਾਨਾਂ ਨੂੰ ਇਸ ਕਲਾ ਦੀ ਸਿੱਖਿਆ ਦੇ ਰਹੀਆਂ ਹਨ। ਕਥਾ ਆਮ ਤੌਰ `ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੀ ਜਾਂਦੀ ਹੈ। ਕਥਾਕਾਰ ਪਵਿੱਤਰ ਗ੍ਰੰਥ ਵਿੱਚੋਂ ਆਪ ਉਸ ਸ਼ਬਦ ਨੂੰ ਸ਼ਰਧਾਪੂਰਵਕ ਪੜ੍ਹਦਾ ਹੈ, ਜਿਸਦੀ ਕਥਾ ਕਰਨੀ ਹੋਵੇ। ਕਥਾ ਕੀਤੇ ਜਾਣ ਵਾਲੇ ਸ਼ਬਦ ਦੀ ਚੋਣ ਕਥਾਕਾਰ ਦੀ ਮਰਜੀ ਉੱਪਰ ਨਿਰਭਰ ਕਰਦੀ ਹੈ। ਇਹ ਸ਼ਬਦ ਉਸ ਦੁਆਰਾ ਪਹਿਲਾਂ ਸੋਚਿਆ ਹੋਇਆ ਜਾਂ ਉਸ ਸਮੇਂ ਸਾਹਮਣੇ ਆਇਆ ਕੋਈ ਵੀ ਸ਼ਬਦ ਹੋ ਸਕਦਾ ਹੈ। ਕਥਾ ਦੇ ਅਰੰਭ ਵਿੱਚ ਬਾਣੀ ਦੇ ਸੰਬੰਧਿਤ ਸ਼ਬਦ ਦਾ ਲੈਅ ਨਾਲ ਅਤੇ ਸਹੀ ਉਚਾਰਨ ਨਾਲ ਪਾਠ ਪਹਿਲੀ ਗੱਲ ਹੈ। ਉਪਰੋਕਤ ਕਥਾ ਦਾ ਰੂਪ ਕੋਈ ਵੀ ਹੋ ਸਕਦਾ ਹੈ, ਪਰ ਸਭ ਤੋਂ ਪਹਿਲਾਂ ਸੰਬੰਧਿਤ ਸ਼ਬਦ ਦਾ ਕੇਂਦਰੀ ਭਾਵ ਸਪਸ਼ਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਦੱਸ ਕੇ ਦਿੱਤੇ ਗਏ ਸੰਪੂਰਨ ਸ਼ਬਦ ਦੀ ਇੱਕ ਪੰਕਤੀ ਦੀ ਵਿਆਖਿਆ ਕੀਤੀ ਜਾਂਦੀ ਹੈ। ਪ੍ਰਸੰਗ ਦਾ ਧਿਆਨ ਰੱਖਦੇ ਹੋਏ ਹਰ ਇੱਕ ਪੰਕਤੀ ਨੂੰ ਮੁੱਖ ਵਿਸ਼ੇ ਦੀ ਪ੍ਰਸੰਗਿਕਤਾ ਵਿੱਚ ਉਜਾਗਰ ਕੀਤਾ ਜਾਂਦਾ ਹੈ। ਉਪਰੰਤ ਉਸ ਸ਼ਬਦ ਦੇ ਵਿਸ਼ੇ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਜੋ ਉਸ ਸ਼ਬਦ ਦਾ ਅਧਿਆਤਮਕ ਅਤੇ ਸਿਧਾਂਤਿਕ ਮਹੱਤਵ ਉਜਾਗਰ ਕੀਤਾ ਜਾ ਸਕੇ। ਅਜਿਹਾ ਕਰਦੇ ਸਮੇਂ ਇਸਦੇ ਸਾਹਿਤਿਕ ਗੁਣਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਕਥਾਕਾਰ ਆਪਣੀ ਕਥਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੀ ਯਾਦਦਾਸ਼ਤ ਤੋਂ ਵਿਭਿੰਨ ਧਾਰਮਿਕ ਗ੍ਰੰਥਾਂ ਅਤੇ ਗੁਰੂ ਸਾਹਿਬਾਨ ਦੀਆਂ ਜੀਵਨ-ਸਾਖੀਆਂ ਵਿੱਚੋਂ ਹਵਾਲੇ ਦਿੰਦਾ ਹੈ। ਕਥਾ ਖ਼ਤਮ ਹੋਣ ਤੋਂ ਪਹਿਲਾਂ ਸਮੁੱਚੀ ਵਿਚਾਰ-ਚਰਚਾ ਦਾ ਸਾਰੰਸ਼ ਦੱਸਿਆ ਜਾਂਦਾ ਹੈ ਅਤੇ ਅਖੀਰ ਵਿੱਚ ਸੰਬੰਧਿਤ ਸ਼ਬਦ ਦਾ ਮੁੜ ਪਾਠ ਕੀਤਾ ਜਾਂਦਾ ਹੈ। ਕਥਾ ਦੇ ਸਮੇਂ ਗੁਰਦੁਆਰਿਆਂ ਵਿੱਚ ਪ੍ਰਮੁੱਖ ਸਿੱਖ ਇਤਿਹਾਸਿਕ ਲਿਖਤਾਂ ਦੀ ਵਿਆਖਿਆ ਵੀ ਹੁੰਦੀ ਹੈ ਜਿਵੇਂ ਕਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਆਦਿ। ਪਰ ਇਹ ਆਮ ਤੌਰ `ਤੇ ਸਵੇਰ ਅਤੇ ਸ਼ਾਮ ਦੀ ਸੇਵਾ ਤੋਂ ਵੱਖਰਿਆਂ ਬਾਅਦ ਦੁਪਹਿਰ ਹੁੰਦੀ ਹੈ।

Leave a Reply

Your email address will not be published. Required fields are marked *