ਵਿਸਾਖੀ ਨੂੰ ਸਮਰਪਿਤ ਪੀ.ਸੀ.ਐੱਸ. ਦਾ ਸਾਲਾਨਾ ਸਮਾਗਮ
*‘ਗੱਭਰੂ ਪੰਜਾਬ ਦੇ’ ਟੀਮ ਨੇ ਪਾਇਆ ‘ਯੁਨੀਕ’ ਭੰਗੜਾ
*ਗਿੱਧੇ ਦੀਆਂ ਟੀਮਾਂ ਨੇ ਵੀ ਦਿਖਾਇਆ ਆਪਣਾ ਜਲਵਾ
ਕੁਲਜੀਤ ਦਿਆਲਪੁਰੀ
ਸ਼ਿਕਾਗੋ: ਖੇਤ `ਚ ਖੜ੍ਹੀ ਕਣਕ ਜਦੋਂ ਸੁਨਹਿਰੀ ਭਾਅ ਮਾਰਨ ਲੱਗ ਜਾਂਦੀ ਹੈ ਤਾਂ ਕਿਸਾਨ ਦਾ ਚਿੱਤ ਉਡੂੰ-ਉਡੂੰ ਕਰਨ ਲੱਗ ਜਾਂਦਾ ਹੈ, ਜਾਣੋ ਸੁਨਹਿਰੀ ਰੰਗ ਉਡ ਕੇ ਉਸ ਨੂੰ ਹੀ ਚੜ੍ਹ ਗਿਆ ਹੋਵੇ ਤੇ ਉਹ ਵੱਟਾਂ ਉਤੇ ਤੁਰਿਆ ਜਾਂਦਾ ਕਣਕ ਦੀਆਂ ਬੱਲੀਆਂ ਨੂੰ ਨਿਹਾਰ ਨਿਹਾਰ ਕੇ ਪੂਰਾ ਖੁਸ਼ ਹੋਇਆ ਤੇ ਰੱਬ ਦਾ ਸ਼ੁਕਰ ਕਰਦਾ ਮੌਜ ਵਿੱਚ ਤੁਰਿਆ ਜਾਂਦਾ ਹੈ। ਇਸੇ ਤਰ੍ਹਾਂ ‘ਰੰਗਲਾ ਪੰਜਾਬ’ ਸਮਾਗਮ ਵਿੱਚ ਆਪਣੀ ਪੇਸ਼ਕਾਰੀ ਕਰਨ ਪਹੁੰਚੇ ਬੱਚੇ ਤੇ ਵੱਡੇ ਭੰਗੜੇ-ਗਿੱਧੇ ਦੀਆਂ ਵਰਦੀਆਂ ਵਿੱਚ ਫੱਬੇ ਆਪੋ-ਆਪਣੀ ਲੋਰ ਵਿੱਚ ਸਨ ਤੇ ਚਾਅ ਉਨ੍ਹਾਂ ਦੇ ਮੁਖੜਿਆਂ ਤੋਂ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ। ਕੋਈ ਮਾਵਾ ਲੱਗੀ ਪੱਗ ਨੂੰ ਰਤਾ ਕੁ ਲੋਟ ਕਰਦਾ/ਕਰਵਾਉਂਦਾ ਜਾਂ ਸ਼ੀਸੇ ਅੱਗੇ ਖੜ੍ਹ ਖੁਦ ਨੂੰ ਨਿਹਾਰਦਾ, ਤਾਂ ਜੋ ਟੌਹਰ ਵਾਲੀ ਕੋਈ ਕਸਰ ਬਾਕੀ ਨਾ ਰਹਿ ਜਾਵੇ; ਤੇ ਕੁੜੀਆਂ ਆਪਣੀਆਂ ਚੁੰਨੀਆਂ ਮਾਵਾਂ ਅਤੇ ਕੋਆਰਡੀਨੇਟਰਾਂ ਦੀ ਮਦਦ ਨਾਲ ਸੰਵਾਰਦੀਆਂ ਰੁੱਝੀਆਂ ਹੋਈਆਂ ਸਨ; ਕਿਉਂਕਿ ਅਖੀਰ ਉਹ ਦਿਨ ਜੋ ਆ ਢੁੱਕਿਆ ਸੀ ਕਿ ਪਿਛਲੇ ਕਈ ਹਫਤਿਆਂ ਦੀ ਮਿਹਨਤ ਦਾ ਸਟੇਜ ਉਤੇ ਪ੍ਰਗਟਾਵਾ ਹੋਣਾ ਸੀ।
ਸਮਾਗਮ ਦੌਰਾਨ ਕੁਝ ਟੀਮਾਂ ਦੀ ਪੇਸ਼ਕਾਰੀ ਤਾਂ ਇਉਂ ਸੀ, ਜਿਵੇਂ ਸਟੇਜ `ਤੇ ਟੀਮਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਹੋਵੇ। ਲੱਗ ਰਿਹਾ ਸੀ ਜਿਵੇਂ ਵਧੀਆ ਟੀਮਾਂ ਤਿਆਰ ਕਰਦਿਆਂ ਰਿਹਰਸਲਾਂ ਦੌਰਾਨ ਕੋਆਰਡੀਨੇਟਰਾਂ ਦਾ ਪੂਰਾ ਜ਼ੋਰ ਲੱਗਿਆ ਹੋਵੇ। ਵੱਖ-ਵੱਖ ਰੰਗਾਂ ਦੀਆਂ ਪੋਸ਼ਾਕਾਂ ਪਹਿਨੀ ਬੱਚੇ ਫੁੱਲਾਂ ਦੀ ਬਗੀਚੀ ਵਾਂਗ ਫੱਬ ਰਹੇ ਸਨ। ‘ਗੱਭਰੂ ਪੰਜਾਬ ਦੇ’ ਟੀਮ ਦਾ ਭੰਗੜਾ ਤਾਂ ਬਾਕਮਾਲ ਸੀ; ਜੇ ਇਹ ਕਹਿ ਲਿਆ ਜਾਵੇ ਕਿ ਰਵਾਇਤੀ ਭੰਗੜੇ ਦੀ ਪੇਸ਼ਕਾਰੀ ਵਿੱਚ ਇਸ ਟੀਮ ਦੀ ਪੂਰੀ ਚੜ੍ਹਤ ਸੀ, ਤਾਂ ਕੋਈ ਅਤਿਕਥਨੀ ਨਹੀਂ। ਇਸ ਟੀਮ ਦੇ ਭੰਗੜੇ ਨਾਲ ਪਿੱਠਵਰਤੀ ਢੋਲ ਦੀ ਤਾਲ ਅਤੇ ਨਾਲ ਨਾਲ ਅਲਗੋਜ਼ੇ ਤੇ ਕਿਤੇ ਕਿਤੇ ਗੁਬਚੂ ਦੀਆਂ ਧੁਨਾਂ ਅਲਾਪ ਹੋ ਰਹੀਆਂ ਸਨ। ਜਦੋਂ ਅੱਠ ਮੈਂਬਰੀ ਟੀਮ ਦੇ ਚੋਬਰਾਂ- ਅਕਾਸ਼ਦੀਪ ਸਿੰਘ ਛੀਨਾ, ਗੁਰਮਨ ਸਿੰਘ ਰਾਣਾ, ਹਰਮਨ ਸਿੰਘ ਰਾਣਾ, ਜਸ਼ਨ ਸਿੰਘ ਢਿੱਲੋਂ, ਕਰਨਜੀਤ ਸਿੰਘ ਜੱਜ, ਰਣਸ਼ੇਰ ਸਿੰਘ ਕਲੇਰ, ਸ਼ਹਿਬੇਗ ਸਿੰਘ ਵਿਰਕ ਤੇ ਸੁਖਤਾਜ ਸਿੰਘ ਰੰਧਾਵਾ ਨੇ ਇੱਕ ਤਾਲ ਵਿੱਚ ਛਿੱਕੇ ਖੜਕਾਏ ਤਾਂ ਨਜ਼ਾਰਾ ਹੀ ਬੰਨ੍ਹ ਦਿੱਤਾ, ਉਤੋਂ ਬੋਲੀਆਂ ਵੀ ਪੂਰੀਆਂ ਢੁਕਵੀਆਂ ਸਨ। ਟੀਮ ਨੇ ਅੱਜ-ਕੱਲ੍ਹ ਦੇ ਡਾਂਸ ਭਰਪੂਰ ਸਟੇਪਾਂ ਤੋਂ ਗੁਰੇਜ ਕਰਦਿਆਂ ਅਸਲ ਭੰਗੜੇ ਦੀਆਂ ਚਾਲਾਂ ਨਾਲ ਦ੍ਰਿਸ਼ ਦਿਲਕਸ਼ ਬਣਾ ਦਿੱਤਾ। ਮੋਢਿਆਂ `ਤੇ ਰੱਖ ਤੇ ਫਿਰ ਮੂੰਹ ਨਾਲ ਫੜ੍ਹ ਜਦੋਂ ਖੂੰਡੇ ਲਹਿਰਾਏ ਤਾਂ ਖੂੰਡਿਆਂ ਦੇ ਸਿਰਾਂ ਉਤੇ ਬੰਨ੍ਹੇ ਵੱਖ-ਵੱਖ ਰੰਗਾਂ ਦੇ ਰੁਮਾਲ ਅਤੇ ਫਿਰ ‘ਕੈਂਠੇ ਵਾਲਾ ਨੱਚਦਾ ਤੇ ਡਾਂਗ ਵਾਲਾ ਨੱਚਦਾ, ਯਾਰ ਨੱਚਦੇ ਜੁੰਡੀ ਦੇ ਸਾਰੇ’ ਬੋਲੀ ਉਤੇ ਕਾਟੋਆਂ ਵੀ ਆਪਣੇ ਨਾਲ ਨੱਚਣ ਲਾਈਆਂ। ਲੱਗ ਰਿਹਾ ਸੀ ਜਿਵੇਂ ਕਿਸੇ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿੱਚ ਚੋਬਰ ਭੰਗੜਾ ਪਾ ਰਹੇ ਹੋਣ। ਪੱਟਾਂ ਦੇ ਜ਼ੋਰ ਨੱਚਦੀ ‘ਗੱਭਰੂ ਪੰਜਾਬ ਦੇ’ ਟੀਮ ਗੱਡਾ ਬਣਾ ਕੇ ਸਟੇਜ `ਤੇ ਆਈ, ਭੜਥੂ ਪਾਇਆ ਅਤੇ ਗੱਡੇ ਉਤੇ ਚੜ੍ਹ ਕੇ ਹੀ ਚਲੇ ਗਈ; ਤੇ ਸਟੇਜ ਉਤੇ ਆਪਣੀ ਚੜ੍ਹਤ ਦੀ ਛਾਪ ਛੱਡ ਗਈ। ਦਰਸ਼ਕਾਂ ਨੇ ਤਾੜੀਆਂ ਤੇ ਕੂਕਾਂ ਮਾਰ ਕੇ ਪੂਰੀ ਹੌਸਲਾ ਅਫਜ਼ਾਈ ਕੀਤੀ।
ਇਸ ਟੀਮ ਨੂੰ ਆਪਣੇ ਸਮੇਂ ਦੇ ਵਧੀਆ ਭੰਗੜਚੀ ਰਹੇ ਸੋਨੀ ਜੱਜ ਨੇ ਤਿਆਰ ਕੀਤਾ ਸੀ, ਤੇ ਉਨ੍ਹਾਂ ਦਾ ਕੀਤਾ ਤਰੱਦਦ ਇਸ ਟੀਮ ਦੀ ਪੇਸ਼ਕਾਰੀ ਦੌਰਾਨ ਪ੍ਰਤੱਖ ਦਿਸ ਰਿਹਾ ਸੀ। ਪੇਸ਼ਕਾਰੀ ਉਪਰੰਤ ਉਨ੍ਹਾਂ ਟੀਮ ਨੂੰ ਥਾਪੜਾ ਦਿੱਤਾ ਅਤੇ ਆਪਣੀ ਖੁਸ਼ੀ ਪ੍ਰਗਟਾਈ। ਭੰਗੜਾ ਦੇਖ ਕੇ ਪੀ.ਸੀ.ਐੱਸ. ਦੇ ਸਾਬਕਾ ਚੇਅਰਮੈਨ ਡਾ. ਵਿਕਰਮ ਗਿੱਲ ਨੇ ਤਾਰੀਫ ਵਿੱਚ ਕਿਹਾ ਕਿ ‘ਇਹ ਸੀ ਯੁਨੀਕ ਭੰਗੜਾ।’ ਹਰਵੀਰ ਵਿਰਕ ਦੇ ਸ਼ਬਦ ਸਨ, ਟੀਮ ਤਿਆਰ ਕਰਦਿਆਂ ਸੋਨੀ ਜੱਜ ਦਾ ਇਹੋ ਟੀਚਾ ਸੀ ਕਿ ਪੇਸ਼ਕਾਰੀ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਵੇ।
ਅਜਿਹਾ ਹੀ ਨਜ਼ਾਰਾ ਬੱਝ ਰਿਹਾ ਸੀ ਨਵਤੇਜ ਸਿੰਘ ਸੋਹੀ ਦੀ ਟੀਮ ‘ਪੀ.ਸੀ.ਐੱਸ. ਯੂਥ ਭੰਗੜਾ’ ਦਾ। ਇਸ ਟੀਮ ਦੇ ਕਬੀਰ ਸਿੰਘ ਵਿਰਕ, ਐਰਨ ਸੋਹੀ, ਅਦਿੱਤਵੀਰ ਗਰੇਵਾਲ, ਅਨਮੋਲ ਸਿੰਘ, ਗਗਨ ਸਿੰਘ ਨਨੂਆ, ਅਨਮੋਲਦੀਪ ਸਿੰਘ, ਹਰਜੋਬਨ ਸਿੰਘ, ਜਸਦੀਪ ਸਿੰਘ, ਜਸਕਿਰਤ ਸੂਦਨ, ਕੁਨਾਲ ਸਿੰਘ ਗਰੋਵਰ, ਨਵਪ੍ਰੀਤ ਸਿੰਘ ਤੇ ਸਾਹਿਬ ਸਿੰਘ ਨੇ ਐਨਰਜੀ ਭਰਪੂਰ ਪੇਸ਼ਕਾਰੀ ਕੀਤੀ। ਅਖੀਰ ਵਿੱਚ ਕਾਟੋ ਨਚਾਉਂਦੀ ਤੇ ਆਪ ਕਾਟੋ ਵਾਂਗ ਨੱਚਦੀ ਬੱਚੀ ਖੇਮ ਕੌਰ ਨੇ ਵੀ ਕਾਬਿਲ-ਏ-ਤਾਰੀਫ ਪੇਸ਼ਕਾਰੀ ਕੀਤੀ। ‘ਭੰਗੜਾ ਰਾਈਮਜ਼’ ਅਕੈਡਮੀ ਦੇ ਭੰਗੜਾ ਕੋਚ ਅਮਨਦੀਪ ਸਿੰਘ ਕੁਲਾਰ ਦੀ ‘ਕੁਈਨਜ਼ ਆਫ ਭੰਗੜਾ ਰਾਈਮਜ਼’ ਦੀਆਂ ਹਰਨੂਰ ਕੌਰ ਸਿੱਧੂ, ਕੀਰਤ ਕੌਰ ਗਿੱਲ, ਕਿਰਤੀ ਦੇਵ, ਮਹਿਕ ਕੌਰ ਢੀਂਡਸਾ, ਪ੍ਰੀਤ ਕੌਰ ਢੀਂਡਸਾ, ਰਾਇਨਾ ਬੈਕਟਰ, ਰੀਤ ਕੌਰ ਸਿੱਧੂ ਤੇ ਸਹਿਜ ਕੌਰ ਸਿੱਧੂ ਦੀ ਰਿਦਮ ਤੇ ਅਦਾਕਾਰੀ ਭਰਪੂਰ ਪੇਸ਼ਕਾਰੀ ਨੇ ਵੀ ਸਭ ਦਾ ਧਿਆਨ ਖਿੱਚਿਆ।
ਗੀਤਾਂ-ਬੋਲੀਆਂ `ਤੇ ਭੰਗੜਾ ਪੈਂਦਾ ਹੋਵੇ ਤਾਂ ਬੀਬੀਆਂ-ਕੁੜੀਆਂ ਨੇ ਕਿੱਥੋਂ ਘੱਟ ਰਹਿਣਾ ਸੀ! ਕੋਆਰਡੀਨੇਟਰਾਂ- ਰਾਜਪ੍ਰੀਤ ਕੌਰ, ਕੰਵਲਜੀਤ ਕੌਰ ਤੇ ਪਾਇਲ ਵਿਰਦੀ ਦੀ ਤਿਆਰ ਟੀਮ ‘ਸ਼ੌਂਕਣਾਂ ਸ਼ਿਕਾਗੋ ਦੀਆਂ’ ਨੇ ਰਿਕਾਰਡ ਕੀਤੀਆਂ ਬੋਲੀਆਂ `ਤੇ ਗਿੱਧੇ ਦਾ ਧਮੱਚੜ ਪਾਇਆ। ਪਾਇਲ ਵਿਰਦੀ ਦੀ ਟੀਮ ‘ਗਿੱਧਾ ਧੀਆਂ ਦਾ’; ਹਰਮਨ ਕੌਰ ਦੀ ਟੀਮ ‘ਮੁਟਿਆਰਾਂ ਸਾਊਥ ਵੈਸਟ ਦੀਆਂ’ ਅਤੇ ‘ਅਸ਼ਕੇ ਭੰਗੜਾ ਕਲੱਬ – ਲੁੱਡੀ’ ਦੀ ਪੇਸ਼ਕਾਰੀ ਦਾ ਵੀ ਆਪਣਾ ਰੰਗ ਸੀ। ਗਿੱਧੇ ਦੌਰਾਨ ਚੁੰਨੀਆਂ ਸੁਕਾਉਂਦੀਆਂ, ਚਰਖਾ ਕੱਤਦੀਆਂ, ਫੁਲਕਾਰੀ ਕੱਢਦੀਆਂ, ਪੱਖੀਆਂ ਨੂੰ ਝਾਲਰ ਲਾਉਂਦੀਆਂ ਕੁੜੀਆਂ ਦੇ ਝੁਰਮਟ ਅਤੇ ਤ੍ਰਿੰਜਣਾਂ ਦਾ ਦ੍ਰਿਸ਼ ਬਹੁਤ ਖੂਬਸੂਰਤ ਸੀ। ਰੰਗਦਾਰ ਸੂਟਾਂ-ਲਹਿੰਗਿਆਂ, ਚੁੰਨੀਆਂ-ਫੁਲਕਾਰੀਆਂ, ਸੱਗੀਫੁੱਲ-ਗੁੱਤਾਂ `ਚ ਡੋਰੀਏ ਅਤੇ ਹੋਰ ਗਹਿਣੇ-ਗੱਟਿਆਂ ਵਿੱਚ ਸਜੀਆਂ ਮੁਟਿਆਰਾਂ/ਬੀਬੀਆਂ ਨੇ ਬੋਲੀਆਂ ਤੇ ਗਿੱਧਾ ਪਾਉਂਦਿਆਂ ਖੂਬ ਤਰਥੱਲੀ ਮਚਾਈ।
ਕੋਆਰਡੀਨੇਟਰ ਸਹਿਜ ਕੌਰ ਸਿੱਧੂ ਤੇ ਗੁਨਤਾਸ ਕੌਰ ਦੀ ਟੀਮ ‘ਰੂਹ ਪੰਜਾਬ ਦੀ’ ਅਤੇ ਅਸ਼ਕੇ ਭੰਗੜਾ ਗਰੁੱਪ ਦੀਆਂ ਦੋਵੇਂ ਟੀਮਾਂ ਦੀਆਂ ਪੇਸ਼ਕਾਰੀਆਂ ਵੀ ਪ੍ਰਭਾਵਸ਼ਾਲੀ ਸਨ। ਸੰਤਰੀ ਰੰਗ ਦੀ ਵਰਦੀ ਵਿੱਚ ‘ਪੀ.ਸੀ.ਐੱਸ. ਪਾਇਨੀਅਰਜ਼ ਭੰਗੜਾ’ ਟੀਮ ਤਾਂ ਇੰਜ ਲੱਗ ਰਹੀ ਸੀ ਜਿਵੇਂ ਸੰਤਰਿਆਂ ਦਾ ਬਾਗ ਝੂਮ ਰਿਹਾ ਹੋਵੇ। ਨੇਹਾ ਸੋਬਤੀ ਵੱਲੋਂ ਤਿਆਰ ‘ਏ.ਬੀ.ਸੀ. ਆਪਣਾ ਭੰਗੜਾ ਕਰਿਊ’ ਅਤੇ ‘ਵੱਖਰਾ ਸਵੈਗ’ ਟੀਮਾਂ ਦੀ ਖਾਸੀਅਤ ਇਸ ਸੀ ਕਿ ਇਨ੍ਹਾਂ ਵਿੱਚ ਇੱਕ-ਦੋ ਨੂੰ ਛੱਡ ਕੇ ਭਾਗ ਲੈਣ ਵਾਲੀਆਂ ਬਾਕੀ ਦੀਆਂ ਕੁੜੀਆਂ-ਬੀਬੀਆਂ ਹੋਰਨਾਂ ਭਾਈਚਾਰਿਆਂ ਤੋਂ ਸਨ।
ਇਸ ਤੋਂ ਇਲਾਵਾ ਹਰਪਿੰਦਰ ਕੌਰ ਦੀ ਟੀਮ ‘ਵਿਰਸੇ ਦੇ ਵਾਰਿਸ’; ਬਲਜੀਤ ਕੌਰ ਦੀ ਟੀਮ ‘ਵਿਰਾਸਤ-ਏ-ਪੰਜਾਬ’ ਅਤੇ ਕਮਲ ਢੀਂਡਸਾ ਦੀ ਟੀਮ ‘ਪੰਜਾਬੀ ਮੁਟਿਆਰਾਂ’ ਦੀ ਕੋਰਿਓਗ੍ਰਾਫੀ ਦਾ ਵੀ ਦਰਸ਼ਕਾਂ ਨੇ ਅਨੰਦ ਮਾਣਿਆ। ਗੁਰਇਕਬਾਲ ਭੁੱਲਰ ਦੀ ‘ਰਾਖੇ ਵਿਰਸੇ ਦੇ ਅਕੈਡਮੀ’ ਦੇ 25-26 ਭੰਗੜਚੀ ਜਦੋਂ ਸਟੇਜ `ਤੇ ਆ ਕੇ ਨੱਚਣ ਲੱਗੇ ਤਾਂ ਭੜਥੂ ਜਿਹਾ ਪੈ ਗਿਆ। ‘ਭੰਗੜਾ ਵਾਈਬ’, ‘ਸ਼ਾਨ ਪੰਜਾਬ ਦੀ’, ‘ਗੱਭਰੂ ਚੰਨ ਵਰਗੇ’ ਅਤੇ ‘ਸ਼ਿਕਾਗੋ ਰੰਗਲਾ ਸਕੁਐਡ’ ਟੀਮ ਦੇ ਛੋਟੇ ਛੋਟੇ ਬੱਚਿਆਂ ਨੇ ਵੀ ਆਪਣੀ ਸਮਰੱਥਾ ਮੁਤਾਬਕ ਮੰਚ ਨੂੰ ਭਾਗ ਲਾਏ। ਹਾਲਾਂਕਿ ਇਹ ਬੱਚੇ ਆਪਣੀ ਮਸਤੀ ਵਿੱਚ ਨੱਚ ਰਹੇ ਸਨ, ਪਰ ਜਾਹਿਰ ਸੀ ਕਿ ਟੀਮਾਂ ਤਿਆਰ ਕਰਨ ਵਿੱਚ ਕਾਫੀ ਊਰਜਾ ਲੱਗੀ ਹੈ। ਇਨ੍ਹਾਂ ਟੀਮਾਂ ਦੇ ਕੋਆਰਡੀਨੇਟਰ ਸਨ- ਡੀ.ਜੇ. ਸੈਣੀ ਤੇ ਜਸਪਾਲ ਭੱਚੂ; ਗਗਨਦੀਪ ਸਿੰਘ, ਕਮਲਜੀਤ ਗਿੱਲ ਤੇ ਅਮਨਜੋਤ ਮਿਹਰਾ ਅਤੇ ਕੇਵਿਨਦੀਪ ਅਟਵਾਲ ਤੇ ਜਸਪਾਲ ਸਿੰਘ ਸੈਣੀ। ਬਾਲੀਵੁੱਡ ਭੰਗੜਾ ਡਾਂਸ ਸਕੂਲ ਅਤੇ ਸੰਗੀਤਾ ਠੱਕਰ ਦੀਆਂ ਟੀਮਾਂ ਨੇ ਵੀ ਆਪਣੀ ਕਲਾਕਾਰੀ ਦਾ ਰੰਗ ਬਖੇਰਿਆ। ਸਟੇਜ `ਤੇ ਬੱਚਿਆਂ ਦੀ ਪੇਸ਼ਕਾਰੀ ਦੇਖ-ਦੇਖ ਮਾਪਿਆਂ ਦੀ ਖੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਸੀ। ਉਤੋਂ ਰੰਗ-ਬਰੰਗੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਕਾਰਨ ਟੀਮਾਂ ਦੀ ਅਲੱਗ ਹੀ ਖੂਬਸੂਰਤੀ ਬਣੀ ਹੋਈ ਸੀ।
ਪ੍ਰੋਗਰਾਮ ਸ਼ੁਰੂ ਹੋਣ ਸਮੇਂ ਪੀ.ਸੀ.ਐੱਸ. ਦੇ ਮੀਤ ਪ੍ਰਧਾਨ ਬਿਕਰਮ ਸੋਹੀ ਨੇ ਸਰੋਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਸਥਾ ਪਿਛਲੇ 31 ਸਾਲਾਂ ਤੋਂ ਭਾਈਚਾਰੇ ਵਿੱਚ ਸੇਵਾਵਾਂ ਨਿਭਾਅ ਰਹੀ ਹੈ ਅਤੇ ਸਾਡਾ ਇੱਕੋ ਗੋਲ ਹੈ- ਪੰਜਾਬੀ ਸੱਭਿਆਚਾਰ, ਖੇਡਾਂ, ਐਜੂਕੇਸ਼ਨ ਆਦਿ ਨੂੰ ਉਤਸ਼ਾਹਿਤ ਕਰਨਾ। ਉਨ੍ਹਾਂ ਪੀ.ਸੀ.ਐੱਸ. ਟੀਮ, ਸਮਾਗਮ ਦੇ ਸਾਰੇ ਕੋਆਰਡੀਨੇਟਰਾਂ, ਹਿੱਸਾ ਲੈਣ ਵਾਲਿਆਂ ਅਤੇ ਸਪਾਂਸਰਾਂ ਦਾ ਉਚੇਚਾ ਧੰਨਵਾਦ ਕੀਤਾ। ਇਸ ਪਿੱਛੋਂ ਮਿੰਨੀ ਸਿੰਘ ਨੇ ਅਮਰੀਕੀ ਤਰਾਨਾ ਗਾਉਂਦਿਆਂ ਸਮਾਗਮ ਦਾ ਰਸਮੀ ਆਗਾਜ਼ ਕੀਤਾ। ਪਰਮਵੀਰ ਕੌਰ ਵੱਲੋਂ ਤਿਆਰ ਬੱਚਿਆਂ ਦੀ ਟੀਮ ਨੇ ‘ਨਿਸਚੈ ਕਰ ਆਪਨੀ ਜੀਤ ਕਰੋਂ’ ਸ਼ਬਦ ਦਾ ਕੀਰਤਨ ਕੀਤਾ। ਅੰਮ੍ਰਿਤ ਪਾਲ ਕੌਰ ਨੇ ‘ਵਿੱਚ ਸ਼ਿਕਾਗੋ ਦੇ, ਰੰਗਲੇ ਪੰਜਾਬ ਨੇ ਰੌਣਕਾਂ ਲਾਈਆਂ’ ਆਖਦਿਆਂ ਸਟੇਜ ਸੰਭਾਲੀ ਅਤੇ ਵਾਰੋ-ਵਾਰੀ ਕੁਝ ਟੀਮਾਂ ਨੂੰ ਸਟੇਜ `ਤੇ ਆਉਣ ਦਾ ਸੱਦਾ ਦਿੱਤਾ। ਕਿਰਨਦੀਪ ਕੌਰ ਨੇ ਵੀ ਸ਼ੇਅਰੋ-ਸ਼ਾਇਰੀ ਨਾਲ ਮੰਚ ਨੂੰ ਅੱਗੇ ਤੋਰਿਆ, ਉਸ ਦੇ ਬੋਲ ਸਨ- ਫੁੱਲਾਂ ਵਿੱਚ ਫੁੱਲ ਹੈ ਗੁਲਾਬ ਦਾ, ਸ਼ਿਕਾਗੋ ਵਿੱਚ ਮੇਲਾ ‘ਰੰਗਲਾ ਪੰਜਾਬ’ ਦਾ। ਉਹ ਟਿਕਾਅ-ਟਿਕਾਅ ਕੇ ਸ਼ਬਦ ਉਚਾਰ ਰਹੀ ਸੀ। ਜੈਸਮੀਨ ਕੌਰ ਹੁੰਝਣ ਤੇ ਰੀਆ ਹੁੰਝਣ- ਦੋਹਾਂ ਭੈਣਾਂ ਨੇ ਪੰਜਾਬੀ ਭਰਪੂਰ ਲਹਿਜ਼ੇ ਵਿੱਚ ਅਤੇ ਕਬੀਰ ਵਿਰਕ ਤੇ ਐਰਨ ਸੋਹੀ ਨੇ ਅੰਗਰੇਜ਼ੀ/ਅੰਗਜ਼ਾਬੀ ਵਿੱਚ ਮਾਈਕ ਸੰਭਾਲਿਆ। ਉਨ੍ਹਾਂ ਚੁਟਕਲੇ ਵੀ ਸੁਣਾਏ, ਪਰ ਦਿਲਚਸਪ ਇਹ ਸੀ ਕਿ ਚੁਟਕਲਿਆਂ ਨਾਲੋਂ ਉਨ੍ਹਾਂ ਦਾ ਪੰਜਾਬੀ ਬੋਲਣ ਦਾ ਲਹਿਜ਼ਾ ਵਧੇਰੇ ਹਾਸਾ ਖਿੜਾ ਰਿਹਾ ਸੀ। ਉਂਜ ਇਹ ਚੰਗੀ ਗੱਲ ਹੈ ਕਿ ਪੀ.ਸੀ.ਐਸ. ਸਟੇਜ ਤੋਂ ਨਵੀਂ ਪਨੀਰੀ ਨੂੰ ਮੌਕਾ ਦੇਣ ਤੋਂ ਨਹੀਂ ਖੁੰਝਦੀ।
ਇਹ ਗੱਲ ਨੋਟ ਕੀਤੀ ਗਈ ਕਿ ਦੋ ਮੰਚ ਸੰਚਾਲਕਾਂ ਨੇ ਦੋ-ਤਿੰਨ ਵਾਰ ‘ਮਾਝੇ, ਮਾਲਵੇ ਤੇ ਦੁਆਬੇ’ ਦੀ ਹੀ ਗੱਲ ਕੀਤੀ, ਜਦਕਿ ਪੰਜਾਬ ਦੇ ਇੱਕ ਖਿੱਤੇ ‘ਪੁਆਧ’ ਦਾ ਜ਼ਿਕਰ ਨਹੀਂ ਛੋਹਿਆ; ਹਾਲਾਂਕਿ ਇਹ ਪ੍ਰੋਗਰਾਮ ਧਾਰਮਿਕ ਤੇ ਸੱਭਿਆਚਾਰਕ ਤਿਓਹਾਰ ਵਿਸਾਖੀ ਨਾਲ ਸਬੰਧਤ ਸੀ। ਚੇਤੇ ਰਹੇ, ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ‘ਪੁਆਧ ਦੀ ਧਰਤੀ – ਅਨੰਦਪੁਰ ਸਾਹਿਬ’ ਵਿਖੇ ਕੀਤੀ ਸੀ ਅਤੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਨੂੰ ਵੀ ਪੰਜਾਬੀ ਦੀ ਖੇਤਰੀ ਬੋਲੀ ਪੁਆਧੀ ਵਿੱਚ ਉਚਾਰਿਆ ਜਾਂਦਾ ਹੈ।
ਇਸ ਮੌਕੇ ਆਪਣੀ ਤਕਰੀਰ ਦੌਰਾਨ ਸ਼ਿਕਾਗੋ ਵਿੱਚ ਕੌਂਸਲ ਜਨਰਲ ਸੋਮਨਾਥ ਘੋਸ਼ ਨੇ ਪਿਛਲੇ ਦਿਨੀਂ ਹੋਏ ਪਹਿਲਗਾਮ ਘਟਨਾਕ੍ਰਮ ਦੀ ਨਿਖੇਧੀ ਕੀਤੀ। ਉਨ੍ਹਾਂ ਚਿੱਟੀਸਿੰਘਪੁਰਾ, ਉਰੀ, ਮੁੰਬਈ ਹਮਲੇ ਤੇ ਹੋਰ ਅਤਿਵਾਦੀ ਹਮਲਿਆਂ ਦਾ ਵੀ ਜ਼ਿਕਰ ਕੀਤਾ ਅਤੇ ਅਤਿਵਾਦ/ਦਤਿਹਸ਼ਤਗਰਦੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਸਾਰੀਆਂ ਵਿਚਾਰਧਾਰਾਵਾਂ ਸੱਭਿਆਚਾਰ ਦੇ ਪ੍ਰਗਟਾਵੇ ਤੇ ਜੀਵਨ ਦੀ ਭੂਮਿਕਾ ਵਿੱਚ ਮਦਦਗਾਰ ਸਾਬਤ ਨਹੀਂ ਹੁੰਦੀਆਂ!
ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਕੋਈ 325 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਉਦੋਂ ਤੋਂ ਸਿੱਖ ਭਾਈਚਾਰੇ ਵਿੱਚ ਵਿਸਾਖੀ ਦੀ ਧਾਰਮਿਕ ਮਹੱਤਤਾ ਹੈ। ਇਹ ਉਹ ਵਿਚਾਰਧਾਰਾ ਹੈ, ਜਿੱਥੇ ਸਭ ਦੀ ਪ੍ਰਸ਼ੰਸਾ ਹੈ ਤੇ ਇਹ ਹੀ ਸਾਡਾ ਸੱਭਿਆਚਾਰ ਹੈ। ਉਦੋਂ ਵੀ ਅਤੇ ਅੱਜ ਵੀ ਪੰਜਾਬ ਦੀ ਧਰਤੀ ਇਨਸਾਫਪਸੰਦ ਹੋਣ ਦੇ ਨਾਲ ਨਾਲ ਵੱਖ-ਵੱਖ ਰੰਗਾਂ ਨਾਲ ਭਰਪੂਰ ਹੈ ਅਤੇ ਉਥੋਂ ਦਾ ਭਾਈਚਾਰਾ ਜ਼ਿੰਦਗੀ ਦੀਆਂ ਪਹਿਲਕਦਮੀਆਂ ਤੇ ਨਵੀਨਤਾਵਾਂ ਦੀ ਪਹੁੰਚ ਰੱਖਣ ਵਾਲਾ ਹੈ; ਤੇ ਅਸੀਂ ਇਸ ਵਿਸ਼ੇਸ਼ਤਾ ਦਾ ਸਤਿਕਾਰ ਕਰਦੇ ਹਾਂ। ਦੋ ਸੂਬਿਆਂ ਦੀ ਸਾਂਝ ਦਾ ਜ਼ਿਕਰ ਕਰਦਿਆਂ ਸ੍ਰੀ ਘੋਸ਼ ਨੇ ਕਿਹਾ ਕਿ ਪੰਜਾਬ ਤੇ ਬੰਗਾਲ ਨੇ ਬਹੁਤ ਕੁਝ ਸਹਿਆ ਹੈ, ਇਸ ਲਈ ਅਸੀਂ ਜਾਣਦੇ ਹਾਂ ਕਿ ਪੀੜ ਅਤੇ ਤਿਆਗ ਕੀ ਹੈ, ਤੇ ਸਾਡੀ ਭਾਸ਼ਾ ਕੀ ਹੈ! ਵਿਸਾਖੀ ਇਕੱਲੇ ਪੰਜਾਬ ਤੱਕ ਹੀ ਸੀਮਤ ਨਹੀਂ, ਸਗੋਂ ਭਾਰਤ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਇਸ ਦੀ ਮਨੌਤ ਹੈ। ਉਨ੍ਹਾਂ ਪੀ.ਸੀ.ਐਸ. ਵੱਲੋਂ ਵਿਸਾਖੀ ਸਬੰਧੀ ਅਜਿਹੇ ਸਮਾਗਮ ਕਰਵਾਏ ਜਾਣ ਦੀ ਸ਼ਲਾਘਾ ਕੀਤੀ, ਜਿਸ ਨਾਲ ਬੱਚਿਆਂ ਵਿੱਚ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਫੁਲਿਤ ਹੁੰਦੀਆਂ ਹਨ।
ਇਸ ਮੌਕੇ ਪਹਿਲਗਾਮ ਵਿਖੇ ਦਹਿਸ਼ਤਪਸੰਦਾਂ ਵੱਲੋਂ ਫੌਤ ਕੀਤੇ ਗਏ ਬੇਕਸੂਰ ਸੈਲਾਨੀਆਂ ਨਮਿੱਤ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਰਾਜਿੰਦਰ ਸਿੰਘ ਮਾਗੋ ਨੇ ਕਿਹਾ ਕਿ ਮੁਸੀਬਤ ਦੌਰਾਨ ਲੋਕਾਂ ਦੀ ਮਦਦ ਕਰਨੀ ਪੰਜਾਬੀਆਂ ਦੀ ਵਿਰਾਸਤ ਦਾ ਹਿੱਸਾ ਹੈ, ਪਹਿਲਗਾਮ ਦਹਿਸ਼ਤੀ ਹਮਲੇ ਪਿਛੋਂ ਉਥੇ ਸਥਿਤ ਗੁਰਦੁਆਰਿਆਂ ਤੋਂ ਲੋੜਵੰਦਾਂ ਦੀ ਮਦਦ ਕੀਤੀ ਗਈ- ਖਾਣ ਪੀਣ ਲਈ ਤੇ ਰਹਿਣ ਆਦਿ ਲਈ ਵੀ।
ਮੁੱਖ ਮਹਿਮਾਨ ਡਾ. ਦੀਵੇਸ਼ ਰੰਜਨ ਨੇ ਵਿਸਾਖੀ ਅਤੇ ਰੰਗਲਾ ਪੰਜਾਬ ਸਮਾਗਮ ਦੀ ਵਧਾਈ ਦੇਣ ਉਪਰੰਤ ਕਿਹਾ ਕਿ ਇਹ ਬਹੁਤ ਹੀ ਸ਼ਾਨਦਾਰ ਸਮਾਗਮ ਹੈ, ਜਿੱਥੇ ਸੱਭਿਆਚਾਰ, ਵਿਰਾਸਤ ਤੇ ਕਦਰਾਂ-ਕੀਮਤਾਂ ਇੱਕ ਮੰਚ `ਤੇ ਪੇਸ਼ ਹਨ। ਆਪਣੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ, ਮੈਂ ਭਾਗਾਂ ਵਾਲਾ ਮਹਿਸੂਸ ਕਰਦਾ ਹਾਂ ਕਿ ਮੇਰਾ ਜਨਮ ਪਟਨਾ ਦਾ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਮੈਂ ਜਦੋਂ ਪਟਨਾ ਵਿੱਚ ਸਾਂ ਤਾਂ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਤੇ ਧਰਮ ਵਿੱਚ ਸ਼ਰਧਾ ਨੂੰ ਦੇਖਿਆ ਹੈ ਅਤੇ ਇਹ ਹੈਰਾਨੀਜਨਕ ਚੀਜ਼ ਹੈ ਕਿ ਭਾਈਚਾਰਾ ਸਮਾਜ ਨੂੰ ਕੁਝ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਡਾਇਸਪੋਰਾ ਅਮਰੀਕਾ ਵਿੱਚ ਮਜ਼ਬੂਤ ਹੈ। ਉਨ੍ਹਾਂ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਨਿਸ਼ਾਨਾ ਮਿਥ ਕੇ ਪੜ੍ਹਾਈ ਕਰਨ ਅਤੇ ਇਹ ਵਿਚਾਰਨ ਕਿ ਉਹ ਸੰਸਾਰ ਦੀ ਬਿਹਤਰੀ ਲਈ ਕੀ ਕਰ ਸਕਦੇ ਹਨ।
ਪੀ.ਸੀ.ਐੱਸ. ਦੇ ਚੇਅਰਮੈਨ ਡਾ. ਪਰਮ ਪੁਨੀਤ ਸਿੰਘ ਨੇ ਕਿਹਾ ਕਿ ਸੰਸਥਾ ਵੱਖ-ਵੱਖ ਭਾਈਚਾਰਕ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਸੰਸਥਾ ਵੱਲੋਂ ਕਰਵਾਏ ਗਏ ਡਰਾਇੰਗ ਮੁਕਾਬਲੇ ਦਾ ਜ਼ਿਕਰ ਵੀ ਕੀਤਾ, ਜਿਸ ਦਾ ਥੀਮ ਸੀ- ‘ਪਿੰਡ ਦੀ ਸਵੇਰ।’ ਉਨ੍ਹਾਂ ਕਿਹਾ ਕਿ ਇਲੀਨਾਏ ਸਟੇਟ ਵਿੱਚ ਅਪਰੈਲ ਨੂੰ ਜਾਗਰੂਕਤਾ ਤੇ ਪ੍ਰਸ਼ੰਸਾ ਮਹੀਨਾ ਐਲਾਨਣ ਦੇ ਨਾਲ ਨਾਲ ਸਾਲ 2025 ਵਿੱਚ ਫਰਵਰੀ ਮਹੀਨੇ ਨੂੰ ‘ਪੰਜਾਬੀ ਲੈਂਗੂਏਜ ਮੰਥ’ ਐਲਾਨਿਆ ਗਿਆ ਹੈ, ਜੋ ਪੰਜਾਬੀ ਭਾਈਚਾਰੇ ਦੀ ਵੱਡੀ ਪ੍ਰਾਪਤੀ ਹੈ।
ਸੰਸਥਾ ਦੇ ਪ੍ਰਧਾਨ ਨਵਤੇਜ ਸਿੰਘ ਸੋਹੀ ਨੇ ਪੀ.ਸੀ.ਐੱਸ. ਦੀ ਸਮੁੱਚੀ ਟੀਮ ਵੱਲੋਂ ਇੱਕ-ਜੁੱਟ ਹੋ ਕੇ ਕੰਮ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਦੀ ਸ਼ੁਰੂਆਤ ਅਤੇ ਹੁਣ ਤੱਕ ਦੇ ਪੈਂਡੇ `ਤੇ ਤਰਦੀ ਝਾਤ ਪੁਆਈ। ਉਨ੍ਹਾਂ ਸੰਸਥਾ ਦੇ ਚੇਅਰਮੈਨ ਡਾ. ਪਰਮ ਪੁਨੀਤ ਸਿੰਘ ਅਤੇ ਸਮਾਗਮ ਦੇ ਮੁੱਖ ਮਹਿਮਾਨ ਤੇ ਯੂਨੀਵਰਸਿਟੀ ਆਫ ਮੈਡੀਸਨ, ਵਿਸਕਾਨਸਿਨ ਦੇ ਭਵਿੱਖ ਦੇ ਇੰਜੀਨੀਅਰਿੰਗ ਦੇ ਡੀਨ ਡਾ. ਦੀਵੇਸ਼ ਰੰਜਨ ਦਾ ਤੁਆਰਫ ਕਰਵਾਇਆ। ਉਪਰੰਤ ਸੰਸਥਾ ਦੇ ਨੁਮਾਇੰਦਿਆਂ ਦੀ ਜਾਣ-ਪਛਾਣ ਕਰਵਾਉਂਦਿਆਂ ਸਟੇਜ `ਤੇ ਆਉਣ ਦਾ ਸੱਦਾ ਦਿੱਤਾ, ਜਿਨ੍ਹਾਂ ਵਿੱਚ ਬੋਰਡ ਆਫ ਡਾਇਰੈਕਟਰਜ਼- ਗੁਰਲਾਲ ਸਿੰਘ ਭੱਠਲ, ਬਿਕਰਮ ਸਿੰਘ ਸੋਹੀ, ਗੁਰਪ੍ਰੀਤ ਸਿੰਘ ਸਿੱਧੂ, ਜਿਗਰਦੀਪ ਸਿੰਘ ਢਿੱਲੋਂ, ਅਮਿਤ ਪਾਲ ਗਿੱਲ, ਪਰਮਜੋਤ ਸਿੰਘ ਪਰਮਾਰ, ਪਰਮਵੀਰ ਕੌਰ, ਤੇਜਵੀਰ ਸਿੰਘ ਸੂਦਨ, ਸਾਬਕਾ ਪ੍ਰਧਾਨ ਮਨਜੀਤ ਸਿੰਘ ਭੱਲਾ, ਸਾਬਕਾ ਚੇਅਰਮੈਨ ਡਾ. ਵਿਕਰਮ ਗਿੱਲ; ਬੋਰਡ ਆਫ ਗਵਰਨਰਜ਼- ਰਾਜਿੰਦਰ ਸਿੰਘ ਮਾਗੋ, ਮਹਿੰਦਰਜੀਤ ਸਿੰਘ ਸੈਣੀ, ਹਰਵਿੰਦਰ ਸਿੰਘ ਲੈਲ, ਭਿੰਦਰ ਸਿੰਘ ਪੰਮਾ, ਜਸਬੀਰ ਸਿੰਘ ਪਾਲੀਆ, ਬਲਵਿੰਦਰ ਸਿੰਘ ਗਿਰਨ, ਅਮਰਜੀਤ ਕੌਰ ਅਟਵਾਲ, ਵਿੱਕ ਸਿੰਘ ਅਤੇ ਬੋਰਡ ਆਫ ਅਡਵਾਈਜ਼ਰਜ਼- ਭੁਪਿੰਦਰ ਸਿੰਘ ਧਾਲੀਵਾਲ, ਪਰਵਿੰਦਰ ਸਿੰਘ ਨਨੂਆ, ਗੁਰਮੀਤ ਸਿੰਘ ਢਿੱਲੋਂ ਤੇ ਸੁਰਿੰਦਰ ਸਿੰਘ ਪਾਲੀਆ ਸ਼ਾਮਲ ਸਨ।
ਪ੍ਰਧਾਨ ਸੋਹੀ ਨੇ ਹਾਜ਼ਰੀਨ ਨੂੰ ਸੁਨੇਹਾ ਦਿੱਤਾ ਕਿ ਆਪਣੇ ਦੇਸ਼ ਭਾਰਤ, ਆਪਣੇ ਪੰਜਾਬ ਨਾਲ ਜੁੜ ਕੇ ਰਹੀਏ, ਕਿਉਂਕਿ ਆਪਣੀਆਂ ਜੜ੍ਹਾਂ ਉੱਥੇ ਹਨ। ਉਨ੍ਹਾਂ ਭੰਗੜਾ ਕੋਚ- ਅਮਨਦੀਪ ਸਿੰਘ ਕੁਲਾਰ, ਨਵਜੋਧ ਬਾਜਵਾ, ਪ੍ਰੇਰਣਾ ਆਰੀਆ, ਨੇਹਾ ਸੋਬਤੀ ਅਤੇ ਸਾਰੇ ਕੋਆਰਡੀਨੇਟਰਾਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਸਾਬਕਾ ਚੇਅਰਮੈਨ ਡਾ. ਵਿਕਰਮ ਗਿੱਲ ਨੇ ਪੰਜਾਬੀਆਂ ਤੇ ਬੰਗਾਲੀਆਂ ਦੀ ਸਾਂਝ ਦਾ ਕਿੱਸਾ ਅੱਗੇ ਤੋਰਦਿਆਂ ਕਿਹਾ ਕਿ ਦੋਹਾਂ ਦੀ ਵੰਡ ਹੋਈ, ਆਜ਼ਾਦੀ ਲਈ ਦੋਹਾਂ ਨੇ ਗੋਲੀਆਂ ਖਾਧੀਆਂ, ਦੋਹਾਂ ਨੇ ਤਿੰਨ-ਤਿੰਨ ਨੋਬਲ ਪ੍ਰਾਈਜ਼ ਜਿੱਤੇ; ਇੱਥੋਂ ਤੱਕ ਕੇ ਹਿੰਦੀ ਫਿਲਮਾਂ ਵਿੱਚ ਸਾਡੇ ਐਕਟਰ ਹਨ ਤੇ ਇਨ੍ਹਾਂ ਦੇ ਡਾਇਰੈਕਟਰ ਹਨ। ਉਨ੍ਹਾਂ ਪੰਜਾਬ ਦੀ ਵਿਸ਼ਾਲਤਾ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਤੱਕ ਅਸੀਂ ਪੰਜਾਬ ਨੂੰ ਨਹੀਂ ਸਮਝਾਂਗੇ, ਹਿੰਦੋਸਤਾਨ ਨੂੰ ਨਹੀਂ ਸਮਝ ਸਕਾਂਗੇ। ਸੱਭਿਆਚਾਰ ਚੱਲਦੀ ਧਾਰਾ ਦੀ ਤਰ੍ਹਾਂ ਹੈ, ਜਿਸ ਵਿੱਚ ਕਈ ਕਈ ਧਾਰਾਵਾਂ ਰਲਮਿਲ ਜਾਂਦੀਆਂ ਹਨ। ਉਨ੍ਹਾਂ ਭੰਗੜੇ ਦੇ ਬਦਲਦੇ ਰੂਪਾਂ ਦੀ ਗੱਲ ਵੀ ਕੀਤੀ। ਅਖੀਰ ਵਿੱਚ ਉਨ੍ਹਾਂ ਆਪਣੀ ਕਵਿਤਾ ਪੜ੍ਹੀ, “ਇਨ੍ਹਾਂ ਪੋਰਸ ਦੇ ਜਾਇਆਂ ਵਿੱਚ, ਇਨ੍ਹਾਂ ਉਜੜੇ ਵਸਾਇਆਂ ਵਿੱਚ, ਕੁਝ ਗੱਲ ਤਾਂ ਹੈ; ਇਹ ਵਾਂਗ ਖੱਬਲ ਖਾਹ ਦੇ ਨੇ, ਇਹ ਆਸ਼ਕ ਨਦੀ ਰਾਹ ਦੇ ਨੇ; ਇਹ ਦੱਬਿਆਂ ਵੀ ਉਗ ਪੈਂਦੇ ਨੇ, ਇਹ ਨਿੱਤ ਮੁਹਿੰਮ `ਤੇ ਰਹਿੰਦੇ ਨੇ।”
ਸਮਾਗਮ ਦੌਰਾਨ ਗੁਰਜੋਤ ਸਿੰਘ ਮੁਲਤਾਨੀ, ਸੁਰਿੰਦਰ ਸੇਠੀ ਅਤੇ ਅਦਿੱਤੀ ਤੇ ਅਨਿਕਾ ਵਿਜ ਨੇ ਗੀਤ ਗਾਏ। ਸਮਾਗਮ ਦੇ ਅੱਧ ਸਮੇਂ ਸਪਾਂਸਰਾਂ ਦਾ ਸਨਮਾਨ ਵੀ ਕੀਤਾ ਗਿਆ। ਸਟੇਜ `ਤੇ ਪਿਛਲੇ ਪਾਸੇ ਚੱਲਦੀ ਸਕਰੀਨ ਉਤੇ ਕਣਕ ਦੇ ਸਿੱਟਿਆਂ ਦੀ ਤਸਵੀਰ ਤੋਂ ਇਲਾਵਾ ਸਪਾਂਸਰਾਂ ਤੇ ਸਹਿਯੋਗੀਆਂ ਅਤੇ ਸੰਸਥਾ ਦੇ ਨੁਮਾਇੰਦਿਆਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਨ। ਅਖੀਰ ਵਿੱਚ ਰੈਫਲ ਵੀ ਕੱਢਿਆ ਗਿਆ, ਜਿਸ ਵਿੱਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਇਨਾਮ ਆਈਫੋਨ-16, ਆਈਪੈਡ ਅਤੇ ਏਅਰਪੌਡ ਸਨ। ‘ਟੇਸਟ ਆਫ ਇੰਡੀਆ’ ਦੇ ਮਨਜੀਤ ਸਿੰਘ ਤੇ ਟੀਮ ਸਵਾਦੀ ਖਾਣਾ ਪਰੋਸਣ ਵਿੱਚ ਮਸ਼ਰੂਫ ਸੀ।
ਹਾਲ ਦੇ ਬਾਹਰ ਵੱਖਰਾ ਮੇਲਾ ਲੱਗਿਆ ਹੋਇਆ ਸੀ। ਹਾਲਾਂਕਿ ਪ੍ਰਬੰਧਕਾਂ ਵੱਲੋਂ ਸਟੇਜ ਤੋਂ ਵਾਰ-ਵਾਰ ਉਨ੍ਹਾਂ ਨੂੰ ਹਾਲ ਅੰਦਰ ਪ੍ਰੋਗਰਾਮ ਦਾ ਅਨੰਦ ਮਾਣਨ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ, ਪਰ ਸਾਰਾ ਸਮਾਂ ਬਹੁਤੇ ਲੋਕਾਂ ਦਾ ਹਾਲ ਦੇ ਅੰਦਰ-ਬਾਹਰ ਆਉਣ-ਜਾਣ ਲੱਗਿਆ ਰਿਹਾ। ਇੱਕ ਕਾਰਨ ਇਹ ਵੀ ਸੀ ਕਿ ਜਿਨ੍ਹਾਂ ਬੱਚਿਆਂ ਦੀ ਪੇਸ਼ਕਾਰੀ ਹੋ ਚੁਕੀ ਹੁੰਦੀ, ਉਨ੍ਹਾਂ ਦੇ ਮਾਪੇ ਕੁਝ ਬਰੇਕ ਲੈਣ ਲਈ ਹਾਲ ਦੇ ਬਾਹਰ ਹੋ ਆਉਂਦੇ; ਤੇ ਹਵਾ-ਪਿਆਜ਼ੀ ਹੋਣ ਦੇ ਸ਼ੌਕੀਨ ਬਾਰ ਵੱਲ ਜਾਂ ਬਾਹਰ ਕਾਰਾਂ ਵੱਲ ਗੇੜਾ ਮਾਰ ਆਉਂਦੇ। ਸੁਰੱਖਿਆ ਦੇ ਮੱਦੇਨਜ਼ਰ ਹਾਲ ਦੇ ਅੰਦਰ ਵੜ੍ਹਨ ਤੋਂ ਪਹਿਲਾਂ ਟਿਕਟਾਂ ਚੈੱਕ ਹੋਣ ਉਪਰੰਤ ਸਿਕਿਉਰਿਟੀ ਵਾਲੇ ਤਲਾਸ਼ੀ ਲੈ ਰਹੇ ਸਨ।